ਮੰਜ਼ਿਲ ਦੇ ਮੱਥੇ ਉੱਤੇ ਤਖਤੀ ਲੱਗਣੀ ਉਨ੍ਹਾਂ ਦੀ…

26 ਜਨਵਰੀ ਵਾਲੀਆਂ ਘਟਨਾਵਾਂ ਦੀ ਚਰਚਾ ਮੁੜ-ਮੁੜ ਹੋ ਰਹੀ ਹੈ ਅਤੇ ਵੱਖ-ਵੱਖ ਨੁਕਤਿਆਂ ਤੋਂ ਹੋ ਰਹੀ ਹੈ ਪਰ ਸਵਾਲ ਇਕ ਹੀ ਨੁਕਤੇ ਉਤੇ ਕੇਂਦਰਤ ਹੈ ਕਿ ਉਸ ਦਿਨ ਵਾਲੀਆਂ ਘਟਨਾਵਾਂ ਨਾਲ ਕਿਸਾਨ ਅੰਦੋਲਨ ਅੱਗੇ ਵਧਿਆ ਜਾਂ ਇਸ ਨੂੰ ਪਛਾੜ ਪਈ ਹੈ। ਸਰਬਜੀਤ ਧਾਲੀਵਾਲ ਨੇ ਆਪਣੇ ਇਸ ਲੇਖ ਵਿਚ ਇਨ੍ਹਾਂ ਘਟਨਾਵਾਂ ਤੋਂ ਬਾਅਦ ਦੇ ਹਾਲਾਤ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ।

-ਸੰਪਾਦਕ

ਸਰਬਜੀਤ ਧਾਲੀਵਾਲ

ਕਦੇ-ਕਦੇ ਪਤਾ ਨਹੀਂ ਉਹਨੂੰ ਕੀ ਦੌਰਾ ਪੈਂਦਾ, ਉਹ ਕੋਠੇ `ਤੇ ਚੜ੍ਹ ਕੇ ਅਸਮਾਨ ਪਾੜਵੀਆਂ ਕੂਕਾਂ ਮਾਰਦਾ, ਚੀਕਾਂ ਛੱਡਦਾ, ਵਿਰਲਾਪ ਕਰਦਾ, ਲਲਕਾਰੇ ਮਾਰਦਾ। ਵਾਰ-ਵਾਰ ਇੱਕੋ ਸਾਹ ਕਹਿੰਦਾ, “ਧੋਖੇਬਾਜ਼ ਮਿੱਤਰਾਂ ਨੇ, ਗੁੱਡੀ ਚੜ੍ਹੀ ਅਸਮਾਨੀਂ ਕੱਟ`ਤੀ।… ਚੜ੍ਹੀ ਅਸਮਾਨੀਂ ਗੁੱਡੀ ਕੱਟ`ਤੀ, ਚੜ੍ਹੀ ਅਸਮਾਨੀੰ ਕੱਟ`ਤੀ।” ਕਿਸੇ ਸਮੇਂ ਉਹ ਇਲਾਕੇ ਦਾ ਮੋਹਤਬਰ ਬੰਦਾ ਸੀ। ਉਸ ਨੇ ਆਪਣੀ ਮਿਹਨਤ ਤੇ ਨੇਕ ਕਮਾਈ ਨਾਲ ਬੜਾ ਨਾਮਣਾ ਖੱਟਿਆ ਸੀ। ਲੋਕ ਪੁੱਛ ਕੇ ਗੱਲ ਕਰਦੇ ਸਨ। ਰੋਹਬ-ਦਾਬ ਸੀ। ਦੂਰ-ਦੂਰ ਤੱਕ ਉਹਦੀ ਪੈਂਠ ਸੀ। ਉਸ ਦੀ ਚੜ੍ਹਤ ਸਮੇਂ ਉਹਦੀ ਪਿੱਠ ਪਿੱਛੇ ਕੁਝ ਉਹਦੇ ਆਪਣੇ ਹੀ ਉਹਦੀਆਂ ਜੜ੍ਹਾਂ ‘ਚ ਤੇਲ ਦਿੰਦੇ ਰਹੇ। ਪੁੱਛ-ਦੱਸ ਘਟਣੀ ਸ਼ੁਰੂ ਹੋ ਗਈ। ਉਹਦੀ ਚੜ੍ਹਤ ਦਾ ਤਾਰਾ ਡੁਬ ਗਿਆ। ਜਦੋਂ ਉਸ ਨੂੰ ਗੁੱਡੀ ਚੜ੍ਹੀ ਵਾਲੇ ਦਿਨ ਯਾਦ ਆਉਂਦੇ ਤਾਂ ਕੋਠੇ ਚੜ੍ਹ ਕੇ ਕੂਕਾਂ ਮਾਰਦਾ, ‘ਗੁੱਡੀ ਚੜ੍ਹੀ ਅਸਮਾਨੀਂ ਕੱਟ`ਤੀ’ ਕਹਿ ਕਹਿ ਭੜਾਸ ਕੱਢਦਾ ਤੇ ਥੱਕ-ਟੁੱਟ ਕੇ ਡਿੱਗ ਪੈਂਦਾ।
ਪਤਾ ਨਹੀਂ, ਮੈਨੂੰ ਪੰਜਾਬ ਦੀ ਹੋਣੀ ਉਸ ਆਦਮੀ ਨਾਲ ਮੇਲ ਖਾਂਦੀ ਕਿਉਂ ਲੱਗਦੀ ਹੈ। ਇਹਦੇ ਬਾਸਿ਼ੰਦਿਆਂ ਨੇ ਮਿਹਨਤ ਕਰ ਕੇ ਇਹਦਾ ਨਾਂ ਸਿਖਰੀਂ ਪਹੁੰਚਾਇਆ। ਇਥੇ ਪੈਦਾ ਹੋਏ ਯੋਧਿਆਂ ਨੇ ਨਵਾਂ ਇਤਿਹਾਸ ਰਚਿਆ। ਸੂਫੀਆਂ ਨੇ ਇਹਦੇ ਰੋਮ-ਰੋਮ ਨੂੰ ਰੂਹਾਨੀਅਤ ਨਾਲ ਰੰਗਿਆ। ਵੱਡੇ ਬਾਬੇ ਗੁਰੂ ਨਾਨਕ ਨੇ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦੇ ਫਲਸਫੇ ਰਾਹੀਂ ਇਸ ਦੇ ਸਮਾਜਿਕ ਪ੍ਰਬੰਧ ‘ਚ ਨਵੀਂ ਰੂਹ ਫੂਕੀ। ਜਾਤ-ਪਾਤ, ਊਚ-ਨੀਚ ਤੋਂ ਮੁਕਤ, ਨਿਆਂ ਆਧਾਰਿਤ ਸਰਬ ਸਾਂਝੀਵਾਲਤਾ ਵਾਲੇ ਕਰਤਾਰਪੁਰੀ ਮਾਡਲ ਦੀ ਬੁਨਿਆਦ ਰੱਖੀ। ਬਾਬੇ ਨਾਨਕ ਨੇ ਲੋਕਾਈ ਨੂੰ ਰਾਜ ਭੈਅ ਤੋਂ ਮੁਕਤੀ ਦਿਵਾਉਣ ਲਈ ਸਮੇਂ ਦੇ ਰਾਜ ਪ੍ਰਬੰਧ ਨਾਲ ਟੱਕਰ ਲਈ ਅਤੇ ਬੇਈਮਾਨ, ਹੰਕਾਰੀ, ਵਹਿਸ਼ੀ ਰਾਜੇ ਵਿਰੁੱਧ ਆਵਾਜ਼ ਬੁਲੰਦ ਕਰ ਕੇ ਲੋਕਾਂ ਦਾ ਮਾਰਗ ਦਰਸ਼ਨ ਕੀਤਾ।
ਅਗਲੇ ਨੌਂ ਗੁਰੂ ਸਾਹਿਬਾਨ ਨੇ ਜਿਥੇ ਗੁਰੂ ਨਾਨਕ ਸਾਹਿਬ ਦੀ ਧਾਰਾ ਨੂੰ ਅੱਗੇ ਵਧਾਇਆ, ਉਸ ਦੇ ਨਾਲ-ਨਾਲ ਜ਼ੁਲਮ ਖਿਲਾਫ ਲੜਾਈ ਲੜਦਿਆਂ ਆਪਣਾ ਸਭ ਕੁਝ ਲੋਕਾਂ ਲਈ ਵਾਰ ਦੇਣ ਦਾ ਸੰਦੇਸ਼ ਵਿਹਾਰਕ ਰੂਪ ਵਿਚ ਦਿੱਤਾ। ਆਪਣੇ ਵਲੋਂ ਸਿਰਜੇ ਸਮਾਜਿਕ ਪ੍ਰਬੰਧ ਦੀ ਧਾਰਾ ਨੂੰ ਵਹਿੰਦੀ ਰੱਖਣ ਲਈ ਪਰਮ ਮਨੁੱਖ ਦੀ ਸਿਰਜਣਾ ਕੀਤੀ। ਉਹ ਪਰਮ ਮਨੁੱਖ ਜਿਸ ਨੇ ਪੰਜਾਬ ਨੂੰ ਗੁਰੂ ਦੇ ਨਾਮ `ਤੇ ਜਿਊਂਦਾ ਰੱਖਿਆ ਹੋਇਆ; ਜਿਸ ਕਰ ਕੇ ਹੀ ਪੰਜਾਬ ਦਾ ਰੋਹਬ-ਦਾਬ ਬਣਿਆ। ਇਹਦਾ ਨਾਮ ਵੀ ਦੁਨੀਆ ਭਰ `ਚ ਚਮਕਿਆ। ਲੋਕਾਂ ਦੀ ਬਹਾਦਰੀ, ਮਿਹਨਤ ਤੇ ਕੁਰਬਾਨੀ ਦੇ ਜਜ਼ਬੇ ਦੇ ਅਲੌਕਿਕ ਕਰਤੱਬਾਂ ਜ਼ਰੀਏ ਹੀ ਪੰਜਾਬ ਨੇ ਆਪਣੀ ਵਿਲੱਖਣ ਤੇ ਨਿਵੇਕਲੀ ਪਛਾਣ ਬਣਾਈ। ਸਾਮਰਾਜੀ ਤੇ ਪੂੰਜੀਵਾਦੀ ਨਿਜ਼ਾਮ ਚੜ੍ਹਤ ਸਮੇਂ ਵੀ ਪੰਜਾਬ ਗੁਰੂਆਂ ਦੇ ਮਾਰਗ ਦਾ ਪਾਂਧੀ ਬਣਿਆ ਰਿਹਾ। ਇਹ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਲੜਨ ‘ਚ ਮੋਹਰੀ ਰਿਹਾ। ਇਸ ਦੀ ਰੂਹ ਵਿਚ ਸਮਾਇਆ ਸਰਬਤ ਦਾ ਭਲਾ ਇਸ ਨੂੰ ਬਲ ਬਖਸ਼ਦਾ ਰਿਹਾ। ਆਪਣੇ ਲੋਕਾਂ ਦਾ ਆਤਮਿਕ ਬਲ ਪੰਜਾਬ ਨੂੰ ਕਈ ਵਾਰ ਸਿਖਰਾਂ `ਤੇ ਲੈ ਕੇ ਗਿਆ ਹੈ ਪਰ ਇਹ ਵੀ ਜੱਗ ਜ਼ਾਹਰ ਹੈ ਕਿ ਪੰਜਾਬ ਦੀ ਸਿਖਰ ਤੇ ਅਸਮਾਨੀਂ ਚੜ੍ਹੀ ਗੁੱਡੀ ਕਈ ਵਾਰ ਇਹਦੇ ਆਪਣਿਆਂ ਨੇ ਹੀ ਕੱਟੀ ਹੈ। ਸਦੀਆਂ ਤੋਂ ਇਸ ਨਾਲ ਇਸ ਤਰ੍ਹਾਂ ਹੀ ਹੁੰਦਾ ਆ ਰਿਹਾ ਹੈ। ਇਸ ਦੇ ਬਹੁਤ ਪ੍ਰਮਾਣ ਮਿਲਦੇ ਨੇ।
ਕਿਸਾਨ ਅੰਦੋਲਨ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਵਿਚ ਵੀ ਇਸ ਦੀ ਝਲਕ ਮਿਲਦੀ ਹੈ। ਪੰਜਾਬ ਤੋਂ ਕਿਸਾਨਾਂ ਦੇ ਕਾਫਲੇ ਚੱਲੇ। ਉਹ ਹਰ ਕਿਸਮ ਦੀਆਂ ਰੋਕਾਂ ਉਪਰ ਫਤਿਹ ਪਾਉਂਦੇ ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ `ਤੇ ਜਾ ਟਿਕੇ। ਇਸ ਨਾਲ ਹੀ ਪੰਜਾਬ ਦੀ ਜੈ-ਜੈ ਕਾਰ ਦੇ ਢੋਲ ਵੱਜਣੇ ਸ਼ੁਰੂ ਹੋ ਗਏ। ਪੰਜਾਬ ਦੀ ਮਹਿਮਾ ਤੇ ਇਥੋਂ ਦੇ ਕਿਸਾਨਾਂ ਦੇ ਦਲੇਰੀ ਦੇ ਚਰਚੇ ਦੇਸ਼ ਵਿਚ ਗਲੀ-ਗਲੀ ਹੋਣ ਲੱਗੇ। ਗੁਰੂ ਦੇ ਲੰਗਰਾਂ ਦੀ ਸੋਭਾ ਘਰ-ਘਰ ਫੈਲ ਗਈ। ਲੋਕ ਦੂਰੋਂ-ਦੂਰੋਂ ਕਿਸਾਨ ਮੋਰਚੇ ਦੀ ਅਲੌਕਿਕਤਾ ਨੂੰ ਦੇਖਣ ਤੇ ਮਾਣਨ ਲਈ ਪਹੁੰਚਣੇ ਸ਼ੁਰੂ ਹੋ ਗਏ। ਇਹ ਮੋਰਚਾ ਰੱਬੀ ਭਰਮ ਜਾਲ ਨਹੀਂ ਹੈ। ਇਹ ਆਦਮਜਾਤ ਵੱਲੋਂ ਅਮਲੀ ਪੱਧਰ `ਤੇ ਲੜੀ ਜਾ ਰਹੀ ਆਪਣੇ ਆਰਥਿਕ ਹੱਕਾਂ ਦੀ ਲੜਾਈ ਹੈ, ਜਿੱਥੇ ਕਿਸਾਨ ਤੇ ਮਜ਼ਦੂਰ ਪੇਂਡੂ ਅਰਥਚਾਰੇ ਦੀ ਤਬਾਹੀ ਕਰਨ ਵਾਲੇ ਤਿੰਨ ਖੇਤੀ ਸਬੰਧੀ ਕਾਨੂੰਨਾਂ ਖਿਲਾਫ ਲੜਾਈ ਲੜ ਰਹੇ ਹਨ; ਨਾਲ-ਨਾਲ ਉਹ ਨਿਜ਼ਾਮੀ ਦਹਿਸ਼ਤ ਤੇ ਵਹਿਸ਼ਤ ਦੇ ਖਿਲਾਫ ਵੀ ਯੁੱਧ ਕਰ ਰਹੇ ਹਨ।
ਅੰਦੋਲਨ ਦੀ ਚੜ੍ਹਤ ਦੇ ਨਾਲ-ਨਾਲ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੇ ਭਾਈਚਾਰੇ ਦੀ ਗੂੰਜ ਪੈਣੀ ਸ਼ੁਰੂ ਹੋ ਗਈ। ਹਰਿਆਣੇ ਦੇ ਲੋਕਾਂ ਨੇ ਪੰਜਾਬ ਨੂੰ ਮਾਣ ਦਿੰਦਿਆਂ ਪੰਜਾਬੀਆਂ ਨੂੰ ਆਪਣੇ ਵੱਡੇ ਭਾਈ ਤਸਲੀਮ ਕਰ ਲਿਆ। ਚਿਰਾਂ ਤੋਂ ਸੇਹ ਦਾ ਤੱਕਲਾ ਬਣੀ ਸਤਲੁਜ-ਯਮੁਨਾ ਲਿੰਕ (ਐਸ. ਵਾਈ. ਐਲ.) ਨਹਿਰ ਨੂੰ ਦਰਕਿਨਾਰ ਕਰਦਿਆਂ ਹਰਿਆਣਵੀਂ ਕਹਿਣ ਲੱਗੇ, ਇਹ ਮਸਲੇ ਅਸੀਂ ਆਪੇ ਮਿਲ-ਬੈਠ ਕੇ ਸੁਲਝਾ ਲਾਵਾਂਗੇ। ਫਿਰ ਉੱਤਰ ਪ੍ਰਦੇਸ਼, ਉੱਤਰਾਖੰਡ ਨਾਲ ਆ ਜੁੜਿਆ। ਇਸ ਅੰਦੋਲਨ ਰਾਹੀਂ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਭਰ ਦੀ ਕਿਸਾਨੀ ਤੇ ਕਿਰਤੀਆਂ ਵਿਚ ਨਵੇਂ ਰਿਸ਼ਤੇ ਦੀ ਉਸਾਰੀ ਸ਼ੁਰੂ ਹੋਈ। ਕਰਤਾਰਪੁਰੀ ਮਾਡਲ ਦੀ ਗੱਲ ਦੇਸ਼-ਵਿਦੇਸ਼ ਹੋਣ ਲੱਗੀ। ਮਨੁੱਖੀ ਸੁਰਿਤ ਵਿਚ ਕਿਰਤ ਨਾਲ ਜੁੜੇ ਲੋਕਾਂ ਦੇ ਸਬਰ, ਸੰਤੋਖ, ਸਹਿਜ, ਦ੍ਰਿੜਤਾ ਤੇ ਸਰਲਤਾ ਦਾ ਪਸਾਰਾ ਤੇ ਮਹਿਮਾ ਹੋਣ ਲੱਗੀ।
ਦੇਸ਼ ਦੇ ਬੜੇ ਹਿੱਸੇ ਦੇ ਲੋਕਾਂ ਨੂੰ ਆਸ ਬੱਝਣੀ ਸ਼ੁਰੂ ਹੋ ਗਈ ਕਿ ਉਨ੍ਹਾਂ ਦੇ ਹੱਕਾਂ ਲਈ ਲੜਾਈ ਲੜਨ ਹੁਣ ਪੰਜਾਬ ਉੱਠ ਖੜ੍ਹਿਆ ਹੈ। ਮਰਦ ਅਗੰਮੜੇ ਦੇ ਵਾਰਿਸ ਦਿੱਲੀ ਦੇ ਬਾਰਡਰ `ਤੇ ਪਹੁੰਚ ਗਏ ਹਨ। ਸਾਰੇ ਦੇਸ਼ ਦੇ ਕਿਸਾਨ, ਮਜ਼ਦੂਰ, ਗਰੀਬ ਦਿੱਲੀ ਦੇ ਬਾਰਡਰ `ਤੇ ਬੈਠੇ ‘ਮੁਕਤੀ ਦਾਤਿਆਂ’ ਵੱਲ ਦੇਖਣ ਲੱਗੇ। ਦੇਸ਼ ਦੀ ਨਵੀਂ ਪੀੜ੍ਹੀ ਪੰਜਾਬ ਦੇ ਲੋਕਾਂ, ਖਾਸ ਕਰ ਕੇ ਇਸ ਦੇ ਕਿਸਾਨਾਂ ਦੇ ਕਰਤਾਰੀ ਜਲੌਅ ਦੇ, ਪਹਿਲੀ ਵਾਰ ਦੀਦਾਰੇ ਕਰ ਰਹੇ ਸਨ। ਦੇਸ਼ ਦੇ ਨੌਜਵਾਨਾਂ ਨੂੰ ਪੰਜਾਬ ਦੀ ਦੇਸ਼ ਅੰਦਰ ਭੂਮਿਕਾ ਤੇ ਮਹੱਤਵ ਸਮਝ ਆਉਣ ਲੱਗਿਆ। ਦੇਸ਼ ਦਾ ਜਨ ਸਾਧਾਰਨ ਪੰਜਾਬ ਦੇ ਸੋਹਲੇ ਗਾਉਣ ਲੱਗ ਪਿਆ। ਕਿਸਾਨ ਅੰਦੋਲਨ ਦੀ ਚਰਚਾ ਦੇਸ਼-ਵਿਦੇਸ਼ ਦੇ ਮੀਡੀਏ ਵਿਚ ਹੋਣ ਲੱਗੀ। ਪੰਜਾਬ ਦੇ ਕਿਸਾਨਾਂ ਤੇ ਕਿਰਤੀਆਂ ਵੱਲੋਂ ਲਾਏ ਜਾਗ ਨੇ ਦੇਸ਼ ਦੇ ਦੂਸਰੇ ਲੋਕਾਂ ਵਿਚ ਵੀ ਜੋਸ਼ ਭਰ ਦਿੱਤਾ। ਆਪਣੇ ਵਿੱਤ ਮੂਜਬ ਦੱਖਣੀ ਭਾਰਤ ਦੇ ਕਿਸਾਨ, ਜੋ ਦਿੱਲੀ ਨਹੀਂ ਪਹੁੰਚ ਸਕੇ, ਮੁਜ਼ਾਹਰੇ ਕਰਨ ਲੱਗੇ। ਪੰਜਾਬ ਦੇਸ਼ ਦੇ ਲੋਕਾਂ ਲਈ ਚੌਮੁਖੀਆ ਦੀਵਾ ਬਣ ਕੇ ਜਗ ਪਿਆ। ਸੁੱਚੇ ਅਰਥਾਂ ਵਿਚ ਧਰਮ ਯੁਧ ਦਾ ਅਨੋਖਾ ਚਾਅ, ਸਿੰਘੂ ਅਤੇ ਟੀਕਰੀ ਬਾਰਡਰਾਂ ‘ਤੇ ਬੈਠੇ ਨੇਤਾਵਾਂ ਦੇ ਚਿਹਰਿਆਂ ‘ਤੇ ਆਤਮ ਵਿਸ਼ਵਾਸ ਅਤੇ ਕੁਰਬਾਨੀਆਂ ਦਾ ਜਜ਼ਬਾ ਹਰ ਦੇਖਣ ਵਾਲੇ ਨੂੰ ਸਾਫ ਨਜ਼ਰ ਆ ਰਿਹਾ ਸੀ। ਸਮਝੋ, ਨਾਨਕ ਬਾਣੀ ਦਾ ਸੰਦੇਸ਼ ਚਹੁੰ ਕੂਟਾਂ ਅੰਦਰ ਗੂੰਜਿਆ ਹੋਇਆ ਸੀ। ਮੋਰਚੇ ਅੰਦਰ ਮੈਨੂੰ ਮਿਲਿਆ ਮੇਰਾ ਨੌਜਵਾਨ ਰਿਸ਼ਤੇਦਾਰ ਡਾ. ਸਵੈਮਾਨ ਸਿੰਘ ਅਮਰੀਕਾ ਤੋਂ ਆ ਕੇ ਜਿਸ ਨਿਰਮਲ ਅਤੇ ਨਿਰਛਲ ਭਾਵਨਾ ਨਾਲ ਆਪਣੇ ਕਿਸਾਨਾਂ ਦੀ ਸੇਵਾ ਵਿਚ ਰੁਝਿਆ ਹੋਇਆ ਸੀ, ਉਹ ਕੋਈ ਵੱਖਰਾ ਹੀ ਅਨੁਭਵ ਸੀ।
ਇਹ ਵਡੀ ਤਸੱਲੀ ਵਾਲੀ ਗੱਲ ਸੀ ਕਿ ਜਿੱਥੇ ਕਿਸਾਨ ਨੇਤਾਵਾਂ ਨੇ ਆਪਣੀ ਸੁਲਝੀ ਰਣਨੀਤੀ ਦੇ ਸਿਰ `ਤੇ ਸਮੇਂ ਦੀ ਸਰਕਾਰ ਨੂੰ ਗੱਲਬਾਤ ਦੇ ਮੇਜ਼ `ਤੇ ਲਗਾਤਾਰ ਮਾਤ ਦਿੱਤੀ, ਉੱਥੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਨੌਜਵਾਨ ਪੀੜ੍ਹੀ ਨੇ ਆਪਣੇ ਉੱਚੇ ਤੇ ਸੁੱਚੇ ਵਰਤਾਓ, ਚਰਿੱਤਰ ਸਦਕਾ ਸਭ ਦਾ ਦਿਲ ਜਿੱਤ ਲਿਆ। ਨੌਜਵਾਨਾਂ ਵਲੋਂ ਇਸ ਅੰਦੋਲਨ ‘ਚ ਨਿਭਾਇਆ ਗਿਆ ਰੋਲ ਵੀ ਆਪਣੇ ਆਪ `ਚ ਮਿਸਾਲ ਬਣ ਗਿਆ ਹੈ। ਔਰਤਾਂ, ਲੜਕੀਆਂ ਦੀ ਇਸ ਅੰਦੋਲਨ ਨੂੰ ਖੜ੍ਹਾ ਰੱਖਣ ਲਈ ਬੜੀ ਵੱਡੀ ਭੂਮਿਕਾ ਰਹੀ। ਇਸ ਅੰਦੋਲਨ ਦੀ ਖੂਬਸੂਰਤੀ ਇਹ ਹੈ ਕਿ ਜ਼ਮੀਨ ਨਾਲ ਜੁੜਿਆ ਹਰ ਸ਼ਖਸ ਇਸ ਵਿਚ ਡੂੰਘਾ ਖੁੱਭਿਆ ਹੋਇਆ। ਦਿੱਲੀ ਦੇ ਲੋਕਾਂ ਨੇ ਜਿਸ ਤਰ੍ਹਾਂ ਕਿਸਾਨਾਂ ਦੀ ਮਦਦ ਕੀਤੀ ਹੈ, ਉਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਲੋਕ ਲਹਿਰ ਬਾਰੇ ਪੜ੍ਹਿਆ ਤਾਂ ਲਗਭਗ ਸਭ ਨੇ ਹੋਣੈ ਪਰ ਉਹ ਵਿਹਾਰਕ ਰੂਪ ਵਿਚ ਕਿਸ ਤਰ੍ਹਾਂ ਵਿਚਰਦੀ ਹੁੰਦੀ ਹੈ, ਇਸ ਦੀ ਮਿਸਾਲ ਮੌਜੂਦਾ ਕਿਸਾਨ ਅੰਦੋਲਨ ਦੇ ਰੂਪ ਵਿਚ ਸਾਡੇ ਸਾਹਮਣੇ ਹੈ।
ਕਿਸਾਨਾਂ ਵਲੋਂ ਟਰੈਕਟਰ ਪਰੇਡ ਦਾ ਐਲਾਨ ਹੋ ਗਿਆ। ਹਜ਼ਾਰਾਂ ਟਰੈਕਟਰ ਪੰਜਾਬ, ਹਰਿਆਣੇ, ਉੱਤਰ ਪ੍ਰਦੇਸ਼, ਉਤਰਾਖੰਡ ਤੋਂ ਦਿੱਲੀ ਪਹੁੰਚ ਗਏ। 26 ਜਨਵਰੀ ਦੀ ਉਡੀਕ ਵਿਚ ਲੋਕਾਂ ਦੇ ਦਿਲ ਕਾਹਲੇ ਪੈਣੇ ਸ਼ੁਰੂ ਹੋ ਗਏ ਸਨ। ਇਕ-ਇਕ ਦਿਨ ਸਾਲ ਵਾਂਗ ਲੱਗਣ ਲੱਗਿਆ। ਲੋਕ ਇਕ ਨਵੇਂ ਇਤਿਹਾਸ ਦੀ ਰਚਨਾ ਹੁੰਦੀ ਦੇਖਣ ਲਈ ਕਾਹਲੇ ਪਏ ਹੋਏ ਸਨ।
ਪਰ 26 ਜਨਵਰੀ ਵਾਲੇ ਦਿਨ ਭਾਣਾ ਕੋਈ ਹੋਰ ਹੀ ਵਾਪਰ ਗਿਆ। ਖੇਡ ਖੇਡਣ ਵਾਲੇ ਆਪਣੀ ਖੇਡ-ਖੇਡ ਗਏ। ਮਨਚਲੇ ਮਾਅਰਕੇਬਾਜ਼ਾਂ ਦੀਆਂ ਇਕ ਵਾਰੀ ਮੁੜ ਪੌਂ-ਬਾਰਾਂ ਹੋ ਗਈਆਂ। ਦਿੱਲੀ ਦੇ ਅੰਦਰ ਘਮਸਾਣ ਮੱਚ ਗਿਆ। ਟਰੈਕਟਰ ਪਰੇਡ ਦੀ ਥਾਂ ਲੋਕ ਅੱਥਰੂ ਗੈਸ ਦੇ ਗੋਲੇ ਵਰ੍ਹਦੇ ਦੇਖ ਰਹੇ ਸਨ। ਕਿਤੇ ਲਾਠੀਚਾਰਜ ਹੋ ਰਿਹਾ ਸੀ। ਕਿਤੇ ਬੈਰੀਕੇਡ ਪੁੱਟੇ ਜਾ ਰਹੇ ਸਨ। ਜੰਗ ਚੱਲ ਰਹੀ ਸੀ। ਲਾਲ ਕਿਲ੍ਹੇ `ਤੇ ਨਾਅਰੇ ਵੱਜ ਰਹੇ ਸਨ। ਕੇਸਰੀ ਨਿਸ਼ਾਨ ਝੁਲਾਇਆ ਜਾ ਰਿਹਾ ਸੀ। ਇਹ ਘਟਨਾਵਾਂ ਮੀਡੀਆ ਦਾ ਕੇਂਦਰ ਬਿੰਦੂ ਬਣੀਆਂ ਹੋਈਆਂ ਸਨ। ਟਰੈਕਟਰ ਪਰੇਡ ਕੋਈ ਨਹੀਂ ਦਿਖਾ ਰਿਹਾ ਸੀ। ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸ਼ਾਂਤਮਈ ਚੱਲ ਰਹੇ ਅੰਦੋਲਨ `ਤੇ ਪਾਣੀ ਫਿਰ ਗਿਆ ਸੀ। ਸਭ ਕੁਝ ਦੇਖ ਕੇ ਲੋਕਾਂ ਦੀਆਂ ਜੀਭਾਂ ਤਾਲੂਏ ਜਾ ਲੱਗੀਆਂ ਸਨ। ਪੰਜਾਬ ਤੋਂ ਬਾਹਰ ਬੈਠੇ ਸਿੱਖ ਭਾਈਚਾਰੇ ਦੇ ਮਨਾਂ `ਤੇ ਕਾਲੇ ਸਾਏ ਭਾਰੂ ਪੈਣ ਲੱਗ ਪਏ ਸਨ। ਉਨ੍ਹਾਂ ਨੂੰ ਲੱਗਿਆ ਕੇ ਉਨ੍ਹਾਂ ਦੇ ਆਪਣੇ ਹੀ ਉਨ੍ਹਾਂ ਨਾਲ ਦਗਾ ਕਮਾ ਰਹੇ ਹਨ। ਉਹ ਉਨ੍ਹਾਂ ਲਈ ਨਹੀਂ, ਆਪਣੇ ਵਾਸਤੇ ਜਿਉਂ ਰਹੇ ਹਨ। ਉਹ ਆਪਣੇ ਏਜੰਡੇ ਦੀ ਪੂਰਤੀ ਲਈ ਉਨ੍ਹਾਂ ਦਾ ਘਾਣ ਕਰਵਾਉਣ ਦਾ ਬੀੜਾ ਚੁੱਕੀ ਫਿਰਦੇ ਹਨ।
26 ਜਨਵਰੀ ਤੱਕ ਪੰਜਾਬ ਦੇ ਕਿਸਾਨ ਇਸ ਅੰਦੋਲਨ ਵਿਚ ਨਾਇਕ ਦੀ ਭੂਮਿਕਾ ਨਿਭਾ ਰਹੇ ਸਨ ਪਰ ਉਸ ਦਿਨ ਦੀ ਸ਼ਾਮ ਹੁੰਦੇ ਤਕ ਇਹ ਭੂਮਿਕਾ ਉਨ੍ਹਾਂ ਤੋਂ ਖੁੱਸ ਗਈ ਸੀ। ਖੁਆਈ ਕਿਸ ਨੇ, ਇਹ ਸਭ ਨੂੰ ਪਤੈ! ਕਿਸਾਨਾਂ ਨੇ ਇਹ ਅੰਦੋਲਨ ਆਪਣੀ ਫਸਲ ਵਾਂਗ ਪਾਲਿਆ ਸੀ ਪਰ ਜਦੋਂ ਵੱਢਣ ਦਾ ਵੇਲਾ ਆਇਆ ਤਾਂ ਅਜਿਹੀ ਪਰਲੋ ਆਈ ਕਿ ਸਭ ਕੁਝ ਤਹਿਸ-ਨਹਿਸ ਹੋ ਗਿਆ।
ਸਮੁੱਚੇ ਪੰਜਾਬ ਵਿਚ ਚੁੱਪ ਵਰਤ ਗਈ। ਚਾਰ ਚੁਫੇਰੇ ਉਦਾਸੀ ਛਾ ਗਈ ਸੀ। ਅਜੀਬ ਸਦਮਾ ਲੱਗਾ। ਲੋਕ ਰੋ ਰਹੇ ਸਨ। ਬਹੁਤ ਸਾਰੇ ਘਰਾਂ ‘ਚ ਉਸ ਦਿਨ ਰੋਟੀ ਨਹੀਂ ਸੀ ਪੱਕੀ। ਪਿਛਲੇ ਦੋ ਮਹੀਨਿਆਂ ਤੋਂ ਜੋ ਦਿਨ-ਰਾਤ ਮੋਰਚੇ ਦੀ ਕਾਮਯਾਬੀ ਲਈ ਅਰਦਾਸਾਂ ਕਰ ਰਹੇ ਸਨ, ਮਿਹਨਤ ਕਰ ਰਹੇ ਸਨ, ਉਨ੍ਹਾਂ ਦੇ ਹੌਸਲੇ ਢਹਿ-ਢੇਰੀ ਹੋ ਗਏ। ਏਨੀ ਨਿਰਾਸ਼ਾ ਕਦੇ ਪਹਿਲਾਂ ਪੰਜਾਬ ‘ਚ ਦੇਖਣ ਨੂੰ ਨਹੀਂ ਮਿਲੀ। ਹਾਂ, ਗੁੱਸਾ ਜ਼ਰੂਰ ਪਹਿਲਾਂ ਕਈਂ ਵਾਰ ਦੇਖਣ ਨੂੰ ਮਿਲਿਆ ਸੀ। ਲੋਕਾਂ ਦੀਆਂ ਆਸਾਂ `ਤੇ ਪਾਣੀ ਫਿਰ ਗਿਆ ਸੀ। ਹਰ ਕੋਈ ਮੋਰਚੇ ਬਾਰੇ ਦੂਜੇ ਤੋਂ ਧਰਵਾਸ ਦੇਣ ਵਾਲੀ ਗੱਲ ਸੁਣਨੀ ਚਾਹੁੰਦਾ ਸੀ ਪਰ ਧਰਵਾਸ ਬੱਝ ਨਹੀਂ ਸੀ ਰਿਹਾ।
ਪੰਜਾਬ ਦੀ ਅਸਮਾਨੀਂ ਚੜ੍ਹੀ ਗੁੱਡੀ ਅਗਲਿਆਂ ਨੇ ਇਕ ਵਾਰ ਸਿਰੇ ਤੋਂ ਕੱਟ ਦਿਤੀ ਸੀ। ਇਹ ਖੇਡ ਕਿਸ ਨੇ ਖੇਡੀ? ਇਸ ਦੀ ਨਿਸ਼ਾਨਦੇਹੀ ਕਰਨੀ ਮੁਸ਼ਕਿਲ ਨਹੀਂ ਹੈ। ਇਹ ਖਿਡਾਰੀ ਆਪਣੇ ਪੰਜਾਬ ਦੇ ਹੀ ਸਨ/ਹਨ ਅਤੇ 25 ਜਨਵਰੀ ਦੀ ਰਾਤ ਨੂੰ ਸੰਯੁਕਤ ਮੋਰਚੇ ਦੀ ਸਟੇਜ ‘ਤੇ ਕਬਜ਼ਾ ਕਰ ਕੇ ਉਨ੍ਹਾਂ ਜੋ ਕੁਝ ਕੀਤਾ, ਉਹ ਸੋਸ਼ਲ ਮੀਡੀਆ ਦੀ ਬਦੌਲਤ ਕੁਲ ਦੁਨੀਆਂ ਵਿਚ ਬੈਠੇ ਪੰਜਾਬੀਆਂ ਨੇ ਤਕਿਆ ਹੈ ਅਤੇ ਅਮੋਲਕ ਸਿੰਘ ਫਰਿਜ਼ਨੋ ਵਰਗੇ ਅਨੇਕਾਂ ਸੱਜਣਾਂ ਨੇ ਖੂਨ ਦੇ ਹੰਝੂ ਵੀ ਕੇਰੇ ਹਨ। ਸ. ਹਜ਼ਾਰਾ ਸਿੰਘ ਮਿਸੀਸਾਗਾ ਨੇ ਪੰਜਾਬ ਟਾਈਮਜ਼ ਦੇ ਪਿਛਲੇ ਅੰਕ ਵਿਚ ਉਸ ਡਰਾਮੇ ਦੇ ਸੂਤਰਧਾਰਾਂ ਦੀ ਠੀਕ ਨਿਸਾ਼ਨਦੇਹੀ ਕੀਤੀ ਹੈ ਅਤੇ ਅਜਿਹੀਆਂ ਕੋਸਿ਼ਸ਼ਾਂ ਅਗੋਂ ਵੀ ਜਾਰੀ ਰਹਿਣੀਆਂ ਚਾਹੀਦੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ, ਜੁੱਗਾਂ-ਜੁਗਾਂਤਰਾਂ ਤੋਂ ਸਰਕਾਰੀ ਤੰਤਰ ਦਾ ਖਾਸਾ ਸਾਜਿ਼ਸ਼ੀ ਰਿਹਾ ਹੀ ਹੈ। ਭਾਵੇਂ ਰਾਜਾਸ਼ਾਹੀ ਹੋਵੇ, ਡਿਕਟੇਟਰਸਿ਼ਪ ਹੋਵੇ ਜਾਂ ਲੋਕਤੰਤਰ, ਆਪਣੇ `ਤੇ ਸੰਕਟ ਸਮੇਂ ਉਸ ਦੀ ਕਹਿਣੀ ਤੇ ਕਥਨੀ ‘ਚ ਦਿਨ ਰਾਤ ਦਾ ਫਰਕ ਹੁੰਦੈ। ਇਹ ਤੰਤਰ ਵੱਡਿਆਂ ਵੱਡਿਆਂ ਨੂੰ ਆਪਣੇ ਲਪੇਟੇ ‘ਚ ਲੈ ਲੈਂਦਾ। ਸਵੈ-ਹੋਂਦ ਨੂੰ ਬਣਾਈ ਰੱਖਣ ਲਈ ਰਾਜ ਸ਼ਕਤੀ ਲਈ ਕੁਝ ਵੀ ਗੈਰ-ਪ੍ਰਸੰਗਿਕ ਤੇ ਅਨੈਤਿਕ ਨਹੀਂ ਹੁੰਦਾ। ਅਫਸੋਸ ਤੰਤਰ ਦੀਆਂ ਚਾਲਾਂ ਦਾ ਨਹੀਂ, ਅਫਸੋਸ ਤਾਂ ਆਪਣੇ ਤੱਤ-ਭੜੱਤੇ ਚਿੰਤਕਾਂ ‘ਤੇ ਹੈ, ਜਿਨ੍ਹਾਂ ਨੇ ਆਪਣਾ ਏਜੰਡਾ ਠੋਸਣ ਦੀ ਧੁਸ ਵਿਚ ਤੰਤਰ ਨੂੰ ਸਾਜਿ਼ਸ਼ ਰਚਣ ਦਾ ਮੌਕਾ ਦਿਤਾ।
ਫਿਰ ਸਦਕੇ ਜਾਈਏ ਰਾਕੇਸ਼ ਟਿਕੈਤ ਦੇ, ਉਸ ਦੇ ਜੁਝਾਰੂਪਨ ਦੇ, ਉਸ ਦੀਆਂ ਅੱਖਾਂ ‘ਚੋਂ ਵਗੇ ਨੀਰ ਦੇ, ਜੋ ਮੋਰਚੇ ਲਈ ਸੰਜੀਵਨੀ ਬੂਟੀ ਸਾਬਿਤ ਹੋਏ ਹਨ। ਉਸ ਦੇ ਹੌਸਲੇ ਅਤੇ ਹੰਝੂਆਂ ਦੀ ਕਰਾਮਾਤ ਨੇ ਮਿੰਟਾਂ-ਸਕਿੰਟਾਂ ‘ਚ ਮੋਰਚੇ ਦੀ ਦਸ਼ਾ ਤੇ ਦਿਸ਼ਾ ਦਾ ਰੁਖ ਬਦਲ ਦਿੱਤਾ। ਉਸ ਦੇ ਅਥਰੂਆਂ ਨੇ ਉੱਤਰੀ ਭਾਰਤ ‘ਚ ਇਕ ਤਰ੍ਹਾਂ ਨਾਲ ਭੂਚਾਲ ਲਿਆ ਦਿੱਤਾ। ਜਿਹੜਾ ਮੋਰਚਾ ਕੁਝ ਪਲਾਂ ਘੜੀਆਂ ‘ਚ ਖਿੱਲਰ-ਪੁਲਰ ਗਿਆ ਸੀ, ਉਹ ਮੁੜ ਪੈਰਾਂ ਸਿਰ ਹੋ ਗਿਆ। ਰਾਤੋ-ਰਾਤ ਹਰਿਆਣਾ, ਉੱਤਰ ਪ੍ਰਦੇਸ਼ ਤੇ ਪੰਜਾਬ ਤੋਂ ਲੋਕ ਦਿੱਲੀ ਨੂੰ ਚਲ ਪਏ ਅਤੇ ਅਗਲੇ 72 ਘੰਟਿਆਂ ‘ਚ ਮੋਰਚਾ ਪਹਿਲਾਂ ਨਾਲੋਂ ਵੀ ਸ਼ਕਤੀਸ਼ਾਲੀ ਬਣ ਕੇ ਉਭਰ ਆਇਆ।
ਮੋਰਚਾ ਹੁਣ ਫਿਰ ਸੁਰ ਵਿਚ ਆ ਗਿਆ ਹੈ। ਜੋ ਰਾਕੇਸ਼ ਟਿਕੈਤ ਨੇ ਪੰਜਾਬੀਆਂ ਲਈ ਕਰ ਦਿਖਾਇਆ ਹੈ, ਉਹ ਬਹੁਤ ਹੀ ਸਨਮਾਨ ਤੇ ਸਿਫਤ ਦੇ ਕਾਬਿਲ ਹੈ। ਉਹ ਵਾਰ-ਵਾਰ ਕਹਿ ਰਿਹਾ ਹੈ, ‘ਪੰਜਾਬ ਹਮੇਂ ਪਹਿਲੀ ਵਾਰ ਮਿਲਾ ਹੈ, ਹਮ ਇਸੇ ਜਾਨੇ ਨਹੀਂ ਦੇਂਗੇ।’ ਟਿਕੈਤ ਨੂੰ ਪੰਜਾਬ ਬਾਰੇ ਪੂਰੀ ਸੋਝੀ ਹੈ। ਇਸ ਦੀ ਭੂਮਿਕਾ ਦੇ ਮਹਤੱਵ ਨੂੰ ਸਮਝਦਾ ਹੈ। ਇਸ ਲਈ ਅਜੇ ਵੀ ਉਹ ਕਿਸਾਨ ਘੋਲ ‘ਚ ਪੰਜਾਬ ਦੀ ਸ਼ਮੂਲੀਅਤ ਨੂੰ ਪ੍ਰਮੁੱਖ ਸਮਝਦਾ ਹੈ। ਉਹ ਕਿਸਾਨ ਮੋਰਚੇ ਨੂੰ ਪੰਜਾਬ ਨੂੰ ਮਨਫੀ ਕਰ ਕੇ ਨਹੀਂ ਦੇਖਦਾ। ਜਦੋਂ ਲੋੜ ਸੀ, ਉਹ ਪੰਜਾਬ ਨਾਲ ਪੈਰ ਗੱਡ ਕੇ ਖੜ੍ਹ ਗਿਆ ਤੇ ਉਸ ਨੇ ਉਨ੍ਹਾਂ ਬਿਰਤਾਂਤਾਂ ਨੂੰ ਬੜੀ ਸਿਆਣਪ ਨਾਲ ਨਕਾਰਿਆ, ਜਿਨ੍ਹਾਂ ਨੂੰ ਉਸਾਰ ਕੇ ਗੋਦੀ ਮੀਡੀਆ ਕਿਸਾਨ ਅੰਦੋਲਨ ਦੇ ਪੈਰ ਉਖੇੜਨ ਲਈ ਸਿਰਤੋੜ ਯਤਨ ਕਰ ਰਿਹਾ ਸੀ ਤੇ ਅੰਦੋਲਨ ਦੇਸ਼ ਵਿਰੋਧੀ ਸਾਜਿ਼ਸ਼ ਗਰਦਾਨਣ ਲੱਗਿਆ ਹੋਇਆ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਣ ਕਿਸਾਨ ਮੋਰਚਾ ਲੋਕ ਅੰਦੋਲਨ ਬਣ ਗਿਆ ਹੈ। ਦੁਨੀਆ ਭਰ ਦੇ ਸਮਾਜਿਕ ਤੇ ਰਾਜਨੀਤਕ ਸਰੋਕਾਰ ਰੱਖਣ ਵਾਲੇ ਲੋਕਾਂ ਦੀਆਂ ਨਜ਼ਰਾਂ ਇਸ `ਤੇ ਟਿਕੀਆਂ ਹੋਈਆਂ ਹਨ। ਵੱਡੇ ਲੋਕਤੰਤਰੀ ਦੇਸ਼ਾਂ ਦੇ ਸੱਤਾਧਾਰੀ ਲੋਕਾਂ ਨੇ ਇਸ ਦੀ ਹਮਾਇਤ ‘ਚ ਟਿੱਪਣੀਆਂ ਕੀਤੀਆਂ ਹਨ ਤੇ ਇਸ ਦੇ ਸ਼ਾਂਤਮਈ ਖਾਸੇ ਦੀ ਪ੍ਰਸ਼ੰਸਾ ਕੀਤੀ ਹੈ। ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਦੁਨੀਆ ਦੀਆਂ ਸੰਸਥਾਵਾਂ ਨੇ ਇਸ ਬਾਰੇ ਆਪਣੇ ਬਿਆਨ ਜਾਰੀ ਕੀਤੇ ਹਨ।
ਸਮਝਣ ਵਾਲੀ ਗੱਲ ਹੈ ਕਿ ਹਰ ਅੰਦੋਲਨ ਦਾ ਆਪਣਾ ਦਾਇਰਾ ਹੁੰਦਾ ਹੈ। ਉਸ ਦਾਇਰੇ ਅੰਦਰ ਉਸ ਅੰਦੋਲਨ ਦਾ ਫੈਲਾਅ ਹੁੰਦਾ ਹੈ। ਜਦੋਂ ਕੋਈ ਅੰਦੋਲਨ ਆਪਣੇ ਚੌਖਟੇ ‘ਚੋਂ ਬਾਹਰ ਜਾਂਦਾ ਹੈ ਤਾਂ ਉਸ ਦੀ ਸਫਲਤਾ ਦੀ ਉਮੀਦ ਮੱਧਮ ਪੈ ਜਾਂਦੀ ਹੈ। ਕਿਸਾਨ ਅੰਦੋਲਨ ਦਾ ਦਾਇਰਾ ਰਾਸ਼ਟਰ ਵਿਆਪੀ ਬੜੀ ਸੂਝ-ਬੂਝ ਨਾਲ ਤਿਆਰ ਕੀਤਾ ਗਿਆ ਸੀ ਪਰ ਇਸ ਦੇ ਨਾਲ ਹੀ ਇਸ ਦੀ ਹੱਦ ਵੀ ਤੈਅ ਕੀਤੀ ਗਈ ਸੀ ਤਾਂ ਜੋ ਸੁਭਾਵਿਕ ਖਿਲਾਰੇ ਤੋਂ ਬਚਿਆ ਜਾ ਸਕੇ। ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਦਾ ਘਟਨਾਕ੍ਰਮ ਇਸ ਗੱਲ ਨੂੰ ਸਪਸ਼ਟ ਕਰਦਾ ਹੈ। ਪੰਜਾਬ ਦੀਆਂ 30 ਤੋਂ ਵੱਧ ਕਿਸਾਨ ਜਥੇਬੰਦੀਆਂ ਦਾ ਇਕ ਮੰਚ `ਤੇ ਬੜੇ ਤਿੱਖੇ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਇਕੱਠਾ ਹੋਣਾ, ਮੰਗਾਂ ਦੀ ਸਪਸ਼ਟ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਮੰਨਵਾਉਣ ਲਈ ਘੱਟੋ-ਘੱਟ ਪ੍ਰੋਗਰਾਮ ਤੈਅ ਕਰਨਾ, ਅੰਦੋਲਨ ਦੀ ਪੜਾਅ ਵਾਰ ਵਿਉਂਤਬੰਦੀ ਕਰਨਾ, ਕਿਸਾਨਾਂ ਨੂੰ ਜਾਗਰੂਕ ਕਰ ਕੇ ਅੰਦੋਲਨ ਲਈ ਪ੍ਰੇਰਨਾ, ਪੰਜਾਬ ਸਰਕਾਰ ਤੇ ਦੂਸਰੀਆਂ ਰਾਜਨੀਤਕ ਧਿਰਾਂ `ਤੇ ਲਗਾਤਾਰ ਦਬਾਅ ਬਣਾਉਣਾ, ਸਰਬ ਪਾਰਟੀ ਮੀਟਿੰਗ ਦਾ ਹੋਣਾ; ਪੰਜਾਬ ਸਰਕਾਰ ਤੇ ਰਾਜਸੀ ਪਾਰਟੀਆਂ `ਤੇ ਵਿਧਾਨ ਸਭਾ ਤੋਂ ਕੇਂਦਰੀ ਕਾਨੂੰਨਾਂ ਦੇ ਮੁਕਬਾਲੇ ਕਾਨੂੰਨ ਬਣਾਉਣ ਲਈ ਦਬਾਅ ਪਾ ਕੇ ਸਹਿਮਤ ਕਰਨਾ; ਦੇਸ਼ ਵਿਚ ਕਾਨੂੰਨਾਂ ਵਿਰੁਧ ਆਮ ਲੋਕ ਰਾਏ ਤਿਆਰ ਕਰਨਾ, ਹਰਿਆਣਾ ਤੇ ਦੂਸਰੇ ਰਾਜਾਂ ਨੂੰ ਸਮਝਾ ਕੇ ਇਸ ਅੰਦੋਲਨ ‘ਚ ਬਰਾਬਰ ਦੇ ਭਾਗੀਦਾਰ ਬਣਾਉਣਾ ਤੇ ਕਿਸਾਨਾਂ ਵੱਲੋਂ ਦਿੱਲੀ ਜਾਣ ਦਾ ਫੈਸਲਾ ਉਨ੍ਹਾਂ ਦੀ ਰਾਜਸੀ ਸੂਝ ਤੇ ਅੰਦੋਲਨ ਲੜਨ ਦੇ ਅਨੁਭਵ ਦੀ ਪੈਦਾਵਾਰ ਸੀ। ਇਹ ਅਚਾਨਕ ਵਾਪਰਿਆ ਘਟਨਾਕ੍ਰਮ ਨਹੀਂ ਸੀ। ਇਸ ਪਿੱਛੇ ਕਿਸਾਨ ਨੇਤਾਵਾਂ ਦੀ ਪਕਰੋੜ ਪਹੁੰਚ ਤੇ ਮਜ਼ਬੂਤ ਇਰਾਦੇ ਸਨ। ਇਹ ਮੰਨਣਾ ਪੈਣਾ ਹੈ ਕਿ ਇਸ ਰਾਸ਼ਟਰ ਵਿਆਪੀ ਅੰਦੋਲਨ ਨੇ ਅੰਤਰਾਸ਼ਟਰੀ ਪੱਧਰ `ਤੇ ਪ੍ਰਭਾਵ ਛੱਡਿਆ ਹੈ। ਸਰਕਾਰੀ ਤੰਤਰ ਦੇ ਹਰ ਹੀਲੇ ਦੇ ਬਾਵਜੂਦ ਕਿਸਾਨ ਨੇਤਾਵਾਂ ਦੀ ਰਣਨੀਤੀ ਸਰਕਾਰ ਨੂੰ ਹਰ ਕਦਮ `ਤੇ ਪਛਾੜਨ ਲਈ ਹੁਣ ਤੱਕ ਸਫਲ ਰਹੀ ਹੈ।
ਪੰਜਾਬ ਦੀ ਕਿਸਾਨੀ ਆਪਣੀ ਹੋਂਦ ਤੇ ਵਜੂਦ ਨੂੰ ਬਚਾਉਣ ਲਈ ਲੜ ਰਹੀ ਹੈ। ਉਸ ਨੂੰ ਇਹ ਸਮਝ ਸੀ ਕਿ ਇਸ ਲੜਾਈ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਦੇਸ਼ ਭਰ ਦੀ ਕਿਸਾਨੀ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ। ਉਸ ਨੂੰ ਦੇਸ਼ ਦੇ ਪੇਂਡੂ ਵਰਗ ‘ਚ ਫੈਲੀ ਬੇਚੈਨੀ ਦੀ ਪੂਰਨ ਸੋਝੀ ਸੀ। ਇਸ ਸਮਝ ਕਾਰਨ ਹੀ ਇਸ ਅੰਦੋਲਨ ਦੀ ਸੀਮਾ ਬੜੀ ਅਕਲਮੰਦੀ ਨਾਲ ਤੈਅ ਕਰ ਲਈ ਗਈ ਸੀ। ਕਿਸਾਨ ਅੰਦੋਲਨ ਦੇ ਹੱਕ ਵਿਚ ਸਾਰੇ ਦੇਸ਼ ਵਿਚ ਮੁਜ਼ਾਹਰੇ ਤੇ ਟਰੈਕਟਰ ਮਾਰਚ ਹੋਏ ਹਨ, ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਦੇਸ਼ ਦਾ ਹਰ ਕਿਸਾਨ ਆਪਣੀ ਹੋਂਦ ਤੇ ਵਜੂਦ ਨੂੰ ਖਤਰਾ ਸਮਝਦਾ ਹੈ। ਉਸ ਨੂੰ ਇਹ ਸਮਝ ਪੈਂਦੀ ਜਾ ਰਹੀ ਹੈ ਕਿ ਜਲਦ ਹੀ ਸਾਮਰਾਜੀ ਸਰਮਾਏਦਾਰੀ ਵਿਕਾਸ ਮਾਡਲ ਉਸ ਨੂੰ ਵੀ ਛਕ ਜਾਵੇਗਾ। ਹਰ ਕਿਸਮ ਦੀਆਂ ਮਨੁੱਖੀ ਤੇ ਸਮਾਜੀ ਕਦਰਾਂ ਕੀਮਤਾਂ ਤੋਂ ਰਹਿਤ ਸਿਰਫ ਤੇ ਸਿਰਫ ਮੁਨਾਫਾਖੋਰੀ ਤੇ ਏਕਾ ਅਧਿਕਾਰ (ਮਨੋਪਲੀ) ਦੇ ਪੂਜਕ ਨਵ ਉਧਾਰਵਾਦੀ ਆਰਥਿਕ ਮਾਡਲ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਵੱਲੋਂ ਸਮੂਹਿਕ ਤਾਕਤ ਨੂੰ ਝੋਕਣਾ ਸਮੇਂ ਦੀ ਲੋੜ ਸੀ। ਇਹ ਇਸ ਅੰਦੋਲਨ ਨੂੰ ਰਾਜਨੀਤੀ ਤੋਂ ਮੁਕਤ ਰੱਖ ਕੇ ਹੀ ਸੰਭਵ ਹੋ ਸਕਦਾ ਸੀ। ਕਿਸਾਨ ਆਗੂਆਂ ਨੇ ਇਸ ਅੰਦੋਲਨ ਨੂੰ ਰਾਜਨੀਤਕ ਲੋਕਾਂ ਤੋਂ ਦੂਰੀ ਬਣਾ ਕੇ ਹੀ ਚਲਾਇਆ। ਕਿਸਾਨਾਂ ਵੱਲੋਂ ਤਪਾਏ ਤੰਦੂਰ `ਤੇ ਕੁਝ ਧਿਰਾਂ ਆਪਣੀਆਂ ਰਾਜਨੀਤਕ ਰੋਟੀਆਂ ਲਾਹੁਣ ਲਈ ਵੀ ਕਿਸਾਨ ਮੋਰਚੇ ‘ਚ ਸ਼ਾਮਿਲ ਹੋਈਆਂ ਸਨ। ਉਨ੍ਹਾਂ ਕੋਸਿ਼ਸ਼ ਵੀ ਕੀਤੀ ਪਰ ਕਿਸੇ ਹੋਰ ਦੇ ਸਹਾਰੇ ਕਿੰਨਾ ਚਿਰ ਗੱਡੀ ਚਲਦੀ ਹੈ? ਕਿਸੇ ਵੀ ਜਦੋ-ਜਹਿਦ ਦੀ ਆਪਣੀ ਮੌਲਿਕਤਾ ਹੁੰਦੀ ਹੈ।
ਅਜੇ ਕਿਸਾਨਾਂ ਨੇ ਭਾਵੇਂ ਆਪਣਾ ਅਸਲੀ ਨਿਸ਼ਾਨਾ ਹਾਸਿਲ ਕਰਨਾ ਹੈ ਪਰ ਕਿਸਾਨ ਸੰਘਰਸ਼ ਦੀਆਂ ਹੁਣ ਤੱਕ ਦੀਆਂ ਕਈ ਪ੍ਰਾਪਤੀਆਂ ਵੀ ਹਨ। ਕਿਸਾਨ ਮਾਰਚ ਦੇਸ਼ ਦੇ ਲੋਕਾਂ ਲਈ ਆਪਣੇ ਹੱਕਾਂ ਲਈ ਲੜਨ ਵਾਸਤੇ ਮਿਸਾਲ ਤੇ ਮਾਰਗ ਦਰਸ਼ਕ ਬਣ ਗਿਆ ਹੈ। ਇਸ ਨੇ ਘੋਰ ਪੂੰਜੀਵਾਦ ਦੀ ਉਸਾਰੀ ਲਈ ਸਰਕਾਰੀ ਨੀਤੀਆਂ ਦੇ ਖਿਲਾਫ ਮਾਹੌਲ ਤਿਆਰ ਕੀਤਾ ਹੈ। ਸਰਕਾਰ ਦੀਆਂ ਤਾਨਾਸ਼ਾਹੀ ਪ੍ਰਵਿਰਤੀਆਂ ਨੂੰ ਰੋਕਣ ਲਈ ਲੋਕ ਘੋਲ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ। ਘੋਲ ਦੀ ਉਸਾਰੀ ਵਿਚ ਜਮਾਤੀ ਇੱਕਮੁੱਠਤਾ ਦੇ ਮਹੱਤਵ ਨੂੰ ਲੋਕਾਂ ਸਾਹਮਣੇ ਦਰਸਾਇਆ ਹੈ।
ਇਕ ਵੱਡੀ ਉਮੀਦ ਤੇ ਧਰਵਾਸ ਬੱਝਿਆ ਹੈ ਕਿ ਮੁਕਤੀ ਦੇ ਦੁਆਰ ਖੁੱਲ੍ਹ ਗਏ ਹਨ। ਦੇਸ਼ ਵਿਚ ਵੱਖ-ਵੱਖ ਤੌਰ `ਤੇ ਆਪਣੇ ਹੱਕਾਂ ਲਈ ਲੜਾਈਆਂ ਲੜ ਰਹੇ ਲੋਕਾਂ ਨੂੰ ਹੌਸਲਾ ਮਿਲਿਆ। ਨਫਰਤ ਦੀ ਰਾਜਨੀਤੀ ਦੇ ਖਿਲਾਫ ਲੋਕ ਰੋਹ ਦਾ ਪਿੜ ਬੱਝਣਾ ਸ਼ੁਰੂ ਹੋ ਗਿਆ ਹੈ। ਲੋਕਾਂ ‘ਚ ਮਿਲਾਪ ਵਧਣ ਲੱਗਿਆ ਹੈ। ਪਾੜੋ ਤੇ ਰਾਜ ਕਰੋ ਦੀ ਖੇਡ ਲੋਕਾਂ ਨੂੰ ਸਮਝ ਆਉਣ ਲੱਗੀ ਹੈ। ਲੋਕਾਂ ਨੇ ਨਕਸਲੀ, ਖਾਲਿਸਤਾਨੀ, ਦੇਸ਼-ਧ੍ਰੋਹੀ, ਪਾਕਿਸਤਾਨੀ ਜਿਹੇ ਸਰਕਾਰੀ ਬਿਰਤਾਂਤਾਂ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਹੈ। ਸੰਘੀ ਢਾਂਚੇ ਦੀ ਮੁੜ ਸੁਰਜੀਤੀ ਲਈ ਆਵਾਜ਼ ਬੁਲੰਦ ਹੋਣੀ ਸ਼ੁਰੂ ਹੋਈ ਹੈ। ਬਲਹੀਣ ਤੇ ਬੇਵੱਸ ਮਹਿਸੂਸ ਕਰ ਰਹੇ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਸੋਝੀ ਆਉਣ ਲੱਗੀ ਹੈ। ਨਿਮਾਣਿਆਂ, ਨਿਤਾਣਿਆਂ ਦਾ ਭਰੋਸਾ ਬਣਿਆ ਹੈ ਕਿ ਉਨ੍ਹਾਂ ਦੇ ਹੱਕ ਲਈ ਲੜਨ ਵਾਲੇ ਅਜੇ ਜਿਊਂਦੇ ਹਨ। ਦੇਸ਼ ਵਿਚ ਇਕ ਨਵੀਂ ਰਾਜਨੀਤਕ ਬਹਿਸ ਸ਼ੁਰੂ ਹੋਈ ਹੈ। ਰਾਜਨੀਤੀ ਨੂੰ ਨਿਰਮਲ ਕਰਨ ਦੀਆਂ ਵਿਉਂਤਾਂ ਬਣਨੀਆ ਸ਼ੁਰੂ ਹੋਈਆਂ ਹਨ। ਕਿਸਾਨ ਮੋਰਚੇ ਦੀਆਂ ਇੰਨੀਆਂ ਬਰਕਤਾਂ ਹਨ ਕਿ ਉਨ੍ਹਾਂ ਦੀ ਗਿਣਤੀ ਕਰਨੀ ਮੁਸ਼ਕਿਲ ਹੈ।
ਇਤਿਹਾਸਕਾਰ ਇਸ ਵਰਤਾਰੇ ਨੂੰ ਇਤਿਹਾਸਕ ਪ੍ਰਸੰਗ ਵਿਚ ਦੇਖਣ ਲੱਗੇ ਹਨ। ਅਖਬਾਰਾਂ ਦੇ ਸੰਪਾਦਕਾਂ ਨੇ ਪੁਰਾਣੇ ਕਿਸਾਨੀ ਸੰਘਰਸ਼ਾਂ ਦੇ ਹਵਾਲੇ ਦੇ ਕੇ ਅਜੋਕੇ ਕਿਸਾਨੀ ਸੰਘਰਸ਼ ਦੀ ਵਡਿਆਈ ‘ਚ ਕਾਲਮ ਲਿਖਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਗੋਦੀ ਮੀਡੀਏ ਨੇ ਇਸ ਸੰਘਰਸ਼ ਉਪਰ ਕਾਲਖ ਮਲਣ ਲਈ ਕੋਈ ਕਸਰ ਨਹੀਂ ਛੱਡੀ ਪਰ ਗੋਦੀ ਮੀਡੀਆ ਵੀ ਕਿਸਾਨ ਸੰਘਰਸ਼ ਦੀ ਚਾਲ, ਢਾਲ, ਰਹਿਤ ਤੇ ਮਰਿਆਦਾ ਸਾਹਮਣੇ ਬੇਵੱਸ ਹੁੰਦਾ ਨਜ਼ਰ ਆਇਆ ਹੈ। ਗੋਦੀ ਮੀਡੀਏ ਨੂੰ ਪਹਿਲੀ ਵਾਰ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਆਪਣੀ ਔਕਾਤ ਦਾ ਅਹਿਸਾਸ ਹੋਣ ਲੱਗਾ ਹੈ।
ਅਨੇਕਤਾ ‘ਚ ਏਕਤਾ ਦਾ ਪਰਚਮ ਝੁੱਲਣ ਲੱਗਿਆ ਹੈ। ਪਹਿਲਾਂ ਸੰਸਾਰ ‘ਚ ਕਦੇ ਵੀ ਸਵੈ-ਨਿਰਭਰ ਅਜਿਹਾ ਮੋਰਚਾ ਨਹੀਂ ਲੱਗਿਆ। ਇਹ ਸਾਬਿਤ ਹੋ ਗਿਆ ਹੈ ਕਿ ਇਸ ਦੀ ਧੁੰਮ ਦੇਸ਼-ਵਿਦੇਸ਼ ‘ਚ ਪੈ ਗਈ ਹੈ। ਸਰਕਾਰਾਂ ਇਹਦੇ ਜਲੌਅ ਸਾਹਮਣੇ ਫਿਕੀਆਂ ਪੈਂਦੀਆਂ ਨਜ਼ਰ ਆਈਆਂ ਹਨ। ਸਿਸਟਮ ਨੂੰ ਕੰਬਣੀਆਂ ਛਿੜ ਗਈਆਂ। ਰਾਜਨੀਤਕ ਲੋਕਾਂ ਨੂੰ ਆਪਣੇ ਪਰਛਾਵੇਂ ਧੁੰਦਲੇ ਨਜ਼ਰ ਆਉਣ ਲੱਗ ਪਏ ਹਨ।
ਬਾਬਾ ਨਜਮੀ ਦਾ ਕਹਿਣਾ ਹੈ:
ਬੇਹਿੰਮਤੇ ਨੇ ਜਿਹੜੇ ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਨਾਲ,
ਉਗਣ ਵਾਲੇ ਉੱਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ।

ਮੰਜ਼ਿਲ ਦੇ ਮੱਥੇ ਉੱਤੇ
ਤਖਤੀ ਲੱਗਣੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਤੁਰਦੇ
ਨਕਸ਼ਾ ਆਪਣੇ ਸਫਰਾਂ ਦਾ।