ਸਿਆਸਤ ਵਿਚ ਘਿਰਿਆ ਕਿਸਾਨੀ ਅੰਦੋਲਨ, ਸਿੱਖ ਬੁੱਧੀਜੀਵੀ ਅਤੇ ਮਾਲਵਿੰਦਰ ਸਿੰਘ ਮਾਲੀ

ਅੱਜਕੱਲ੍ਹ ਭਾਰਤ ਅੰਦਰ ਲੜਿਆ ਜਾ ਰਿਹਾ ਕਿਸਾਨ ਅੰਦੋਲਨ ਇਸ ਕਰ ਕੇ ਵੀ ਮਿਸਾਲੀ ਅਤੇ ਇਤਿਹਾਸਕ ਹੈ ਕਿ ਇਸ ਅੰਦਰ ਵੱਖ-ਵੱਖ ਧਿਰਾਂ ਦੀ ਸ਼ਮੂਲੀਅਤ ਹੈ। ਇਨ੍ਹਾਂ ਵਿਚੋਂ ਇਕ ਮੁੱਖ ਧਿਰ ਤਾਂ ਉਹ ਹੈ, ਜੋ ਇਸ ਅੰਦੋਲਨ ਦੀ ਅਗਵਾਈ ਕਰ ਰਹੀ ਹੈ। ਬਾਕੀ ਸਭ ਉਹ ਧਿਰਾਂ ਹਨ, ਜੋ ਵੱਖ-ਵੱਖ ਰੂਪ ਵਿਚ ਇਸ ਅੰਦੋਲਨ ਵਿਚ ਸਰਗਰਮ ਹਨ ਅਤੇ ਆਪੋ-ਆਪਣਾ ਪ੍ਰਵਚਨ ਅੱਗੇ ਲਿਜਾਣ ਦਾ ਸਿਰਤੋੜ ਯਤਨ ਕਰ ਰਹੀਆਂ ਹਨ। ਸਿੱਖ ਵਿਦਵਾਨ ਬਲਕਾਰ ਸਿੰਘ ਨੇ ਇਸ ਸਮੁੱਚੇ ਹਾਲਾਤ ਬਾਰੇ ਪੁਣਛਾਣ ਆਪਣੇ ਇਸ ਲੇਖ ਵਿਚ ਕੀਤੀ ਹੈ।

ਉਨ੍ਹਾਂ ਨੇ ਇਸ ਲੇਖ ਵਿਚ ਉਨ੍ਹਾਂ ਬੰਦਿਆਂ ਦੀ ਸ਼ਨਾਖਤ ਵੀ ਕੀਤੀ ਹੈ ਜੋ ਜਾਣਬੱਝ ਕੇ ਅੰਦੋਲਨ ਨੂੰ ਇਕ ਖਾਸ ਮੋੜਾ ਦੇਣਾ ਚਾਹ ਰਹੇ ਹਨ। ਸੰਪਾਦਕ

ਬਲਕਾਰ ਸਿੰਘ

ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਜਿੰਨਾ ਕੁਝ ਆ ਰਿਹਾ ਹੈ, ਉਸ ਤੋਂ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਕਿ ਕਿਸਾਨੀ ਅੰਦੋਲਨ ਨੂੰ ਜਿਸ ਤਰ੍ਹਾਂ ਸਿਆਸੀ ਰੰਗਾਂ ਵਿਚ ਸਮਝਣ ਦੇ ਯਤਨ ਹੋ ਰਹੇ ਹਨ, ਉਸ ਤਰ੍ਹਾਂ ਇਸ ਦੀ ਲੋੜੀਂਦੀ ਪ੍ਰਸੰਗਕ ਉਸਾਰੀ ਨਹੀਂ ਹੋ ਰਹੀ। ਇਸੇ ਕਰ ਕੇ ਅੰਦੋਲਨ ਦੇ ਹਮਾਇਤੀ ਅਤੇ ਵਿਰੋਧੀ ਆਪੋ-ਆਪਣੇ ਰਾਹ ‘ਤੇ ਸਰਪਟ ਭੱਜੇ ਜਾ ਰਹੇ ਹਨ। ਅੰਦੋਲਨ ਦੀ ਸ਼ਾਨ ਇਹ ਹੈ ਕਿ ਇਸ ਘੜਮੱਸ ਵਿਚ ਵੀ ਇਹ ਆਪਣੀ ਚਾਲੇ ਚੱਲ ਰਿਹਾ ਹੈ। ਮੇਰੇ ਸਾਹਮਣੇ ਕਰਮਜੀਤ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਹਜ਼ਾਰਾ ਸਿੰਘ ਦੇ 20 ਅਤੇ 27 ਫਰਵਰੀ ਨੂੰ ਪੰਜਾਬ ਟਾਈਮਜ਼ ਵਿਚ ਛਪੇ ਲੇਖ ਹਨ ਅਤੇ ਇਨ੍ਹਾਂ ਵਿਚ ਅਜਮੇਰ ਸਿੰਘ ਅਤੇ ਮਾਲਵਿੰਦਰ ਸਿੰਘ ਮਾਲੀ ਹਵਾਲੇ ਵਜੋਂ ਸ਼ਾਮਲ ਹਨ।
ਇਹ ਠੀਕ ਹੈ ਕਿ ਕਿਸਾਨੀ ਅੰਦੋਲਨ ਨੂੰ ਸਮਝਣ ਦੇ ਯਤਨਾਂ ਵਿਚ ਸਿਆਸੀ ਸ਼ਿਕੰਜਿਆਂ ਵਿਚ ਕੱਸ ਕੇ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਵੀ ਸ਼ਾਮਲ ਹੋ ਰਹੀਆਂ ਹਨ। ਇਸ ਅੰਦੋਲਨ ਦੀ ਸ਼ੁਰੂਆਤ ਇਸ ਕਰ ਕੇ ਸ਼ਿਕੰਜਾ ਮੁਕਤ ਕਹੀ ਜਾ ਸਕਦੀ ਹੈ, ਕਿਉਂਕਿ ਇਸ ਦੀ ਪ੍ਰਧਾਨ ਸੁਰ ਵਿਚ ਕਾਮਰੇਡੀ ਰੰਗ ਵਾਲੀ ਪ੍ਰਬੰਧਕੀ ਕੁਸ਼ਲਤਾ ਅਤੇ ਸਿੱਖ ਜਜ਼ਬਾ ਕਰਿੰਘੜੀ ਪਾ ਕੇ ਤੁਰ ਰਹੇ ਸਨ/ਹਨ ਅਤੇ ਸ਼ੰਭੂ ਬਾਰਡਰ ਵਰਗੀਆਂ ਸੁਰਾਂ ਵੀ ਇਸ ਦਾ ਰਾਹ ਨਹੀਂ ਰੋਕ ਸਕੀਆਂ ਸਨ। ਹਰਿਆਣਵੀਂ ਹੁੰਗਾਰੇ ਨਾਲ ਇਹ ਅੰਦੋਲਨ ਪੰਜਾਬੀ ਅਤੇ ਸਿੱਖ ਘੇਰੇ (ਸਪੈਸਿਫਿਕ) ਵਿਚੋਂ ਨਿਕਲ ਕੇ ਕੌਮੀ ਅੰਦੋਲਨ ਵਾਲੇ ਰਾਹ ਪੈ ਗਿਆ ਸੀ ਅਤੇ ਰਾਕੇਸ਼ ਟਿਕੈਤ ਦੀ ਸ਼ਮੂਲੀਅਤ ਨਾਲ ਇਹੀ ਲੋਕ ਅੰਦੋਲਨ ਹੁੰਦਾ ਚਲਾ ਗਿਆ ਹੈ। ਜਿਵੇਂ-ਜਿਵੇਂ ਇਹ ਅੰਦੋਲਨ ਸਿਆਸੀ ਸ਼ਿਕੰਜਿਆਂ ਤੋਂ ਮੁਕਤ ਹੋ ਕੇ ਪਹਿਲਾਂ ਰਾਸ਼ਟਰੀ ਅਤੇ ਫਿਰ ਅੰਤਰਰਾਸ਼ਟਰੀ ਹੁੰਦਾ ਗਿਆ ਹੈ, ਤਿਵੇਂ-ਤਿਵੇਂ ਧਰਮ ਅਤੇ ਕੱਟੜ ਸਿਧਾਂਤਕੀ ਦੇ ਨਾਮ ‘ਤੇ ਕੀਤੀ ਜਾਣ ਵਾਲੀ ਸਿਆਸਤ ਹਾਸ਼ੀਏ ‘ਤੇ ਖਿਸਕਣੀ ਸ਼ੁਰੂ ਹੋ ਗਈ ਸੀ।
ਇਸ ਦੇ ਫਿਕਰ ਦਾ ਸ਼ਿਕਾਰ ਭਾਜਪਾਈ ਅਤੇ ਖਾੜਕੂ ਸਿਆਸਤ ਸਾਰਿਆਂ ਨਾਲੋਂ ਵੱਧ ਹੁੰਦੀ ਨਜ਼ਰ ਆਉਣ ਲੱਗ ਪਈ ਸੀ। ਦੋਹਾਂ ਦੇ ਨਿਸ਼ਾਨੇ ‘ਤੇ ਕਾਮਰੇਡੀ ਸਿਆਸਤ ਆਉਣ ਲੱਗ ਪਈ ਸੀ। ਭਾਜਪਾਈਆਂ ਵਾਸਤੇ ਇਹ ਕਿਸਾਨੀ ਅੰਦੋਲਨ ਦੇ ਸਿਆਸੀ ਅਪਹਰਨ ਵਾਂਗ ਸੀ ਅਤੇ ਖੱਬੀਆਂ-ਸੱਜੀਆਂ ਖਾੜਕੂ ਧਿਰਾਂ ਅਤੇ ਉਨ੍ਹਾਂ ਦੇ ਰੰਗ-ਬਰੰਗੇ ਬੁਲਾਰਿਆਂ ਵਾਸਤੇ ਕਿਸਾਨੀ ਲੀਡਰਸ਼ਿਪ ਦਾ ਨੈਤਿਕ ਸਾਹਸ ਤੋਂ ਮਹਿਰੂਮ ਹੋਣਾ ਅਤੇ ਕੂਟਨੀਤਕ ਸੁਜੱਗਤਾ ਤੋਂ ਕੋਰੀ ਹੋਣਾ ਸੀ। ਦੋਹਾਂ ਨੂੰ ਆਪੋ-ਆਪਣੇ ਰੰਗ ਵਿਚ ਸਿਆਸਤ ਕਰਨ ਦਾ ਮੌਕਾ 26 ਜਨਵਰੀ ਨੂੰ ਟਰੈਕਟਰ ਰੈਲੀ ਵਾਲੇ ਦਿਨ ਮਿਲ ਗਿਆ ਸੀ। ਇਸ ਨਾਲ ਕਿਸਾਨੀ ਅੰਦੋਲਨ ਨੂੰ ਸਮਝਣ ਅਤੇ ਮਹਿਸੂਸ ਕਰਨ ਵਲੋਂ ਧਿਆਨ ਭਟਕਣ ਲੱਗ ਪਿਆ ਸੀ। ਸਮਝਦੇ ਅਤੇ ਮਹਿਸੂਸ ਕਰਦੇ ਤਾਂ ਪਤਾ ਲੱਗਣਾ ਸੀ ਕਿ ਅੰਦੋਲਨ ਦੀ ਪ੍ਰਬੰਧਕੀ ਕੁਸ਼ਲਤਾ ਅਤੇ ਕਿਸਾਨੀ ਦਾ ਵਿਰਾਸਤੀ ਜਲੌਅ ਇਕਸੁਰ ਹੋ ਕੇ ਕਿਸਾਨੀ ਬਿਰਤਾਂਤ ਵਿਚ ਢਲ ਚੁਕਾ ਸੀ। ਇਸ ਦਾ ਆਗਾਜ਼ ਪੰਜਾਬ ਵਿਚ ਹੋਣ ਕਰ ਕੇ ਨਿਰਸੰਦੇਹ ਗੁਰੂ ਦੇ ਨਾਮ ‘ਤੇ ਜਾਣੀ ਜਾਣ ਵਾਲੀ ਪੂਰਨ ਸਿੰਘੀ ਪੰਜਾਬੀਅਤ ਹੋ ਗਿਆ ਸੀ। ਦਿੱਲੀ ਦੇ ਬਾਰਡਰਾਂ ਤੱਕ ਪਹੁੰਚ ਕੇ ਇਸ ਦੇ ਉਹੀ ਰੰਗ ਪਰਵਾਨ ਹੋਏ ਸਨ ਜਿਹੜੇ ਪ੍ਰਾਪਤ ਸਿਆਸੀ ਸ਼ਿਕੰਜਿਆਂ ਤੋਂ ਮੁਕਤ ਹੋ ਕੇ ਖਿੜਦੇ ਰਹੇ ਸਨ। ਇਸ ਵਿਚੋਂ ਸਰਬੱਤ ਦੇ ਭਲੇ ਵਾਲਾ ਮੁਹੱਬਤੀ ਰਾਜਨੀਤੀ ਦਾ ਉਹ ਰੰਗ ਪੈਦਾ ਹੋ ਰਿਹਾ ਸੀ ਜਿਸ ਤੋਂ ਵਰਤਮਾਨ ਭਾਰਤੀ ਸਿਆਸਤ ਦੇ ਸਾਰੇ ਰੰਗ ਦੂਰ ਹੋ ਚੁਕੇ ਸਨ/ਹਨ। ਇਸ ਅੰਦੋਲਨ ਰਾਹੀਂ ਸੰਗਤੀ ਰੰਗ ਵਿਚ ਜਿਸ ਤਰ੍ਹਾਂ ਦਾ ਮਾਨਵੀ ਵਹਾਅ ਕਿਸਾਨ ਅੰਦੋਲਨ ਰਾਹੀਂ ਵਹਿਣ ਲੱਗ ਪਿਆ ਹੈ, ਉਸ ਨਾਲ ਹਰ ਕਿਸਮ ਦਾ ਸਿਆਸਤਦਾਨ ਬੁਰੀ ਤਰ੍ਹਾਂ ਭਮੰਤਰਿਆ ਗਿਆ ਹੈ। ਅੰਦੋਲਨ ਨੂੰ ਸਿਆਸੀ ਗਿਣਤੀਆਂ-ਮਿਣਤੀਆਂ ਨਾਲ ਨਜਿਠਨ ਦੇ ਚਾਹਵਾਨ ਬੁਖਲਾਏ ਹੋਏ ਦੇਖੇ ਜਾ ਸਕਦੇ ਹਨ।
ਜੋ ਕੋਸ਼ਿਸ਼ਾਂ 26 ਜਨਵਰੀ ਨੂੰ ਲੈ ਕੇ ਗਿਣ-ਮਿਥ ਕੇ ਸ਼ੁਰੂ ਹੋਈਆਂ ਸਨ, ਉਹ ਇਕ ਵਾਰ ਬੇਲੋੜੀਆਂ, ਬੇਥਵੀਆਂ ਅਤੇ ਖੋਖਲੀਆਂ ਲੱਗਣ ਲੱਗ ਪਈਆਂ ਹਨ। 25 ਜਨਵਰੀ ਦੀ ਰਾਤ ਅਤੇ 26 ਦੀ ਸਵੇਰ ਨੂੰ ਲੈ ਕੇ ਜੋ ਕੁਝ ਕਿਹਾ ਜਾ ਰਿਹਾ ਹੈ, ਉਸ ਦੇ ਵਿਸਥਾਰ ਵਿਚ ਜਾਏ ਬਿਨਾ ਅਗੇ ਤੁਰਾਂਗੇ ਤਾਂ ਸਮਝ ਸਕਾਂਗੇ ਕਿ ਕਿਸੇ ਵੀ ਰੰਗ ਦੀ ਇੱਛਤ ਰਾਜਨੀਤੀ ਨਾਲ ਅੰਦੋਲਨ ਨੂੰ ਅੰਦਰੋਂ ਕਮਜ਼ੋਰ ਕਰ ਕੇ ਕੁੱਟਣ ਦੀ ਰਾਜਨੀਤੀ ਪੰਜਾਬ ਦੇ ਕਿਸਾਨ ਆਗੂਆਂ ਦੇ ਸਿਰ ਗੁਰੂ ਦੀ ਮਿਹਰ ਸਦਕਾ ਫੇਲ੍ਹ ਹੋ ਚੁਕੀ ਹੈ। ਗੋਦੀ ਮੀਡੀਆ ਦੀ ਕਾਵਾਂਰੌਲੀ ਨੂੰ ਸਮਝਣ ਲਈ ਜੱਟ ਅਤੇ ਕੁੱਤੀ ਦੀ ਕਹਾਣੀ ਸੁਣੋ। ਜੱਟ ਦੀ ਕੁੱਤੀ ਬੀਨ ਵਾਲੇ ਨੂੰ ਦੇਖ ਕੇ ਬਹੁਤ ਭੌਂਕਦੀ ਸੀ। ਜੱਟ ਬੀਨ ਵਾਲੇ ਨੂੰ ਸਵੇਰੇ ਹੀ ਮੂੰਹ ਮੰਗੇ ਦਾਨਿਆਂ ਤੋਂ ਦੁੱਗਣੇ ਦੇ ਕੇ ਦਰਵਾਜ਼ੇ ਅੱਗੇ ਬੀਨ ਵਜਾਉਣ ਲਈ ਬਿਠਾ ਕੇ ਖੇਤ ਚਲਿਆ ਗਿਆ। ਜਦੋਂ ਉਹ ਸ਼ਾਮ ਨੂੰ ਮੁੜਿਆ ਤਾਂ ਬੁਰੀ ਤਰ੍ਹਾਂ ਘਰਕੀ ਹੋਈ ਕੁੱਤੀ ਸਾਹ ਲੈ-ਲੈ ਕੇ ਮਸਾਂ ਬਹੂੰ-ਬਹੂੰ ਕਰਦੀ ਸੀ। ਸਾਫ ਨਜ਼ਰ ਆਉਂਦਾ ਹੈ ਕਿ ਗੋਦੀ ਮੀਡੀਏ ਦਾ ਕਿਸਾਨੀ ਅੰਦੋਲਨ ਇਹੀ ਹਾਲ ਕਰ ਰਿਹਾ ਹੈ।
ਜਿਹੜੀਆਂ ਪ੍ਰਾਪਤੀਆਂ ਇਹ ਅੰਦੋਲਨ ਕਰ ਚੁਕਿਆ ਹੈ, ਉਸ ਨਾਲ ਪੰਜਾਬੀ ਰਾਜਨੀਤੀ ਦੇ ਸਿਰੋਂ ਲੱਥੀ ਪੱਗ ਨੂੰ ਜਿਵੇਂ ਕਿਸਾਨ ਅੰਦੋਲਨ ਨੇ ਪੰਜਾਬੀਆਂ ਦੇ ਸਿਰ ‘ਤੇ ਟਿਕਾਇਆ ਹੈ, ਉਸ ਦੀਆਂ ਅੰਤਰ-ਧੁਨੀਆਂ ਪੰਜਾਬੀ ਚੇਤਨਾ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਈਆਂ ਹਨ। ਇਸ ਨਾਲ ਇਹ ਸਮਝ ਆਉਣ ਲੱਗ ਪਿਆ ਹੈ ਕਿ ਗੁਰੂ ਚਿੰਤਨ ਨਾਲ ਪੰਜਾਬ ਦੀ ਭੋਇੰ ਵਿਚ ਜੋ ਬੀਜਿਆ ਗਿਆ ਸੀ, ਉਹ ਲੋੜੀਂਦੇ ਰੰਗ ਵਿਚ ਕਿਸਾਨ ਅੰਦੋਲਨ ਰਾਹੀਂ ਪੁੰਗਰਦਾ ਨਜ਼ਰ ਆਉਣ ਲੱਗ ਪਿਆ ਹੈ। ਭਾਜਪਾਈਆਂ ਦੀ ਰਾਸ਼ਟਰਵਾਦੀ ਸਿਆਸਤ ਦੀਆਂ ਵਧੀਕੀਆਂ ਅਤੇ ਇਲਜ਼ਾਮਾਂ ਦਾ ਜਵਾਬ ਹੀ ਕਿਸਾਨ ਅੰਦੋਲਨ ਹੋ ਗਿਆ ਹੈ। ਸਿਧਾਂਤਕੀਆਂ ਦੇ ਘੜਮੱਸ ਨਾਲ ਪੈਦਾ ਹੋਈ ਤਪਸ਼ ਵਿਚ ਖਿੜ ਰਹੇ ਮੁਹੱਬਤੀ ਨੈਤਿਕਤਾ ਦੇ ਫੁੱਲ ਨੂੰ ਸੁਤੇ ਪ੍ਰਾਪਤੀ ਦੇ ਤੋਹਫੇ ਵਾਂਗ ਸੰਭਾਲੇ ਜਾਣ ਦੀ ਲੋੜ ਦੇ ਰਾਹ ਵਿਚ ਸਿਆਸਤ ਨੂੰ ਨਹੀਂ ਆਉਣ ਦੇਣਾ ਚਾਹੀਦਾ। ਕਿਸਾਨੀ ਅੰਦੋਲਨ ਦੇ ਕੋਮਲ ਉਸਾਰ ਦੀਆਂ ਪਹਿਲ-ਤਾਜ਼ਗੀਆਂ ਨੂੰ ਵਾੜ ਵਿਹੂਣੀ ਖੇਤੀ ਵਾਂਗ ਸੰਭਾਲਣ ਵਾਸਤੇ ਰਾਜਨੀਤੀ ਕਿਸੇ ਕੰਮ ਨਹੀਂ ਆਉਣੀ। ਪੰਜਾਬੀ ਮਾਨਸਿਕਤਾ, ਉਲਾਰ ਸਰੋਕਾਰਾਂ ਨਾਲ ਭਿੜ ਕੇ ਸਾਂਝੀ ਸਮਝ ਵਾਲੇ ਪੈਂਤੜੇ ਨਿਖਾਰਦੀ ਅਤੇ ਸਥਾਪਤ ਕਰਦੀ ਰਹੀ ਹੈ ਅਤੇ ਕਿਸਾਨ ਅੰਦੋਲਨ ਕਿਸੇ ਨਾ ਕਿਸੇ ਰੂਪ ਵਿਚ ਇਸੇ ਦਾ ਸ਼ਾਹਦ ਹੋ ਗਿਆ ਹੈ।
ਵਰਤਮਾਨ ਸਿਆਸੀ ਭੇੜ ਵਿਚੋਂ ਇਸ ਨੂੰ ਬਚਾ ਕੇ ਰੱਖਣ ਵਾਸਤੇ ਪੰਜਾਬੀ ਚੇਤਨਾ ਵਿਚ ਪਰਵੇਸ਼ ਕਰ ਗਈ ਰਾਜਨੀਤੀ ਨੂੰ ਪੈਰ ਰੋਕ ਕੇ ਸੋਚਣਾ ਚਾਹੀਦਾ ਹੈ ਕਿ ਜਿੰਨੀ ਕੀਮਤ ਰਾਜਨੀਤੀ ਵਾਸਤੇ ਦੇ ਚੁਕੇ ਹਾਂ, ਉਸ ਨਾਲ ਪ੍ਰਾਪਤ ਕੀ ਹੋਇਆ? ਸੋਚਾਂਗੇ ਤਾਂ ਸਮਝ ਸਕਾਂਗੇ ਕਿ ਅਜ਼ਮਾਈ ਹੋਈ ਸਿਆਸਤ ਤੋਂ ਪਾਰ ਜਾ ਕੇ ਅਤੇ ਵਿਰਾਸਤੀ ਸੁਰ ਵਿਚ ਚੁਫੇਰੇ ਖਿਲਰੀਆਂ ਅੰਤਰ-ਦ੍ਰਿਸ਼ਟੀਆਂ ਨੂੰ ਨਾਲ ਲੈ ਕੇ ਹੀ ਵਰਤਮਾਨ ਅੰਦੋਲਨ ਦੀ ਸਫਲਤਾ ਵਿਚ ਹਿੱਸਾ ਪਾਇਆ ਜਾ ਸਕਦਾ ਹੈੈ। ਕਿਸਾਨੀ ਅੰਦੋਲਨ ਵਿਚ ਇਹੋ ਜਿਹੀਆਂ ਸੁਰਾਂ ਕਲਾਕਾਰਾਂ ਰਾਹੀਂ ‘ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਡਰ ‘ਤੇ’ ਵਾਂਗ ਗੂੰਜਦੀਆਂ ਰਹੀਆਂ ਹਨ। ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਿਆਸੀ ਹਿੰਢ ਅਤੇ ਪੰਜਾਬੀ ਸਬਰ ਵਿਚਕਾਰ ਛਿੜੇ ਹੋਏ ਇਸ ਯੁੱਧ ਵਿਚੋਂ ‘ਨਿਤਰੂ ਵੜੇਵੇਂ ਖਾਣੀਂ’।
ਇਸ ਦ੍ਰਿਸ਼ਟੀ ਤੋਂ ਪੰਥਕ ਸਿਆਸਤ ਦੇ ਨਾਮ ਹੇਠ ਜਿਸ ਤਰ੍ਹਾਂ ਕਰਮਜੀਤ ਸਿੰਘ ‘ਦਰਦ ਫਿਰ ਜਾਗਾ ਜ਼ਖਮ ਤਾਜ਼ਾ ਹੂਆ’ ਰਾਹੀਂ ਖਾਲਿਸਤਾਨੀ ਉਦਰੇਵੇਂ ਨੂੰ ਜ਼ਬਾਨ ਦੇ ਰਿਹਾ ਹੈ, ਉਹ ਕਿਸਾਨੀ ਅੰਦੋਲਨ ਦੇ ਹੱਕ ਵਿਚ ਨਹੀਂ ਭੁਗਤਦਾ ਕਿਉਂਕਿ ਉਸੇ ਦੀ ਜ਼ਬਾਨ ਵਿਚ ‘ਦੁਸ਼ਮਣਾਂ ਦੇ ਬਿਰਤਾਂਤ ਨਾਲ ਹੀ ਕਿਤੇ ਅਚੇਤ ਤੇ ਕਿਤੇ ਸੁਚੇਤ ਰੂਪ ਵਿਚ ਮਿਲ ਗਿਆ (ਰਿਹਾ) ਹੈ’। ਕੌਣ ਪੁੱਛੇ ਕਿ ਇਸ ਬੇਲੋੜੇ ਵਿਰਲਾਪ ਦਾ ਕਿਸਾਨੀ ਅੰਦੋਲਨ ਨਾਲ ਕੀ ਸਬੰਧ ਹੈ? ਜਸਪਾਲ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਬੁਲੰਦ ਸੁਰ ਵਿਚ ਵਾਸਤਾ ਪਾਉਂਦਿਆਂ ‘ਕੋਈ ਅਕਲ ਦਾ ਕਰੋ ਇਲਾਜ ਯਾਰੋ’ ਰਾਹੀਂ ਕਿਸਾਨੀ ਅੰਦੋਲਨ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਸ਼ਲਾਘਾਯੋਗ ਹੈ। ਉਸ ਨੇ ‘ਸਿੱਖੀ ਕਾਰਡ ਵਰਤ ਕੇ ਸਿਆਸੀ ਮਲਾਈ ਖਾਣ’ ਵਾਲੀ ਸਿਆਸਤ ਦੇ ਮੁਦੱਈਆਂ ਵਾਸਤੇ ਸਵਾਲ ਖੜ੍ਹਾ ਕੀਤਾ ਹੈ। ਸ. ਹਜ਼ਾਰਾ ਸਿੰਘ ਮਿਸੀਸਾਗਾ ਨੂੰ ਪੰਥਕ ਸਿਆਸਤ ‘ਕਿਸਾਨੀ ਬਿਰਤਾਂਤ ਨੂੰ ਗੁਮਰਾਹ ਕਰਨ ਦਾ ਰੁਦਨ’ ਨਾਲ ਇਹ ਤਾਂ ਸਮਝ ਆ ਜਾਣਾ ਚਾਹੀਦਾ ਹੈ ਕਿ ਸਿੱਖ ਸਿਆਸਤ ਦੇ ਪੈਰੋਂ ਜਿਸ ਤਰ੍ਹਾਂ ਦਾ ਨੁਕਸਾਨ ਸਿੱਖੀ ਅਤੇ ਸਿੱਖ ਸੰਸਥਾਵਾਂ ਦਾ ਹੋ ਰਿਹਾ ਹੈ, ਉਸ ਤੋਂ ਕਿਸਾਨੀ ਅੰਦੋਲਨ ਨੂੰ ਕੋਈ ਆਸ ਨਹੀਂ ਰਖਣੀ ਚਾਹੀਦੀ ਅਤੇ ਬਚ ਕੇ ਚਲਣਾ ਚਾਹੀਦਾ ਹੈ। ਅਜਮੇਰ ਸਿੰਘ ਦੇ ਨਿਰੰਤਰ ਪ੍ਰਵਚਨਾਂ ਨਾਲ ਜਿਹੋ ਜਿਹੀ ਸਿਆਸਤ ਬੀਜਣ ਦੀ ਕੋਸ਼ਿਸ਼ ਹੋ ਰਹੀ ਹੈ, ਉਸ ਨੂੰ ਮਾਲਵਿੰਦਰ ਸਿੰਘ ਮਾਲੀ ਅੰਦਰਲੇ ਭੇਤੀ ਵਾਂਗ ਨੰਗਾ ਕਰਨ ਦੀ ਸਿਰਤੋੜ ਕੋਸ਼ਿਸ਼ ਕਰ ਰਿਹਾ ਹੈ। ਇਸ ਪ੍ਰਥਾਏ ਮੈਨੂੰ ਤਾਂ ਇਹ ਕਹਿਣ ਵਿਚ ਵੀ ਕੋਈ ਸੰਕੋਚ ਨਹੀਂ ਹੈ ਕਿ ਜਿਥੇ ਅਜਮੇਰ ਸਿੰਘ ਨੇ ਆਪਣੇ ਪ੍ਰਵਚਨਾਂ ਰਾਹੀਂ ਮੋਰਚੇ ਦੀ ਲੀਡਰਸਿ਼ਪ ਦੀ ਸਾਖ ‘ਤੇ ਪੂਰੀ ਤਰ੍ਹਾਂ ਜੱਚ ਕੇ ਦਾਤੀ ਫੇਰੀ ਹੈ, ਉਥੇ ਮਾਲਵਿੰਦਰ ਨੇ ਮੋਰਚੇ ਦੇ ਪ੍ਰਵਚਨ ਦੀ ਸੁਚੀ ਸੁਰ ਦੀ ਤਕੜਾ ਹੋ ਕੇ ਰਾਖੀ ਕੀਤੀ ਹੈ। ਕਿਹਾ ਜਾ ਸਕਦਾ ਹੈ ਕਿ ਅਜਿਹਾ ਕਰਦਿਆਂ ਮਾਲੀ ਪੰਜਾਬ ਦੀ ਕਿਰਸਾਣੀ ਦੇ ਉਜਾੜੇ ਦੇ ਨਹਿਸ ਪ੍ਰਛਾਵੇਂ ਹੇਠ ਆਏ ਖੇਤ ਦੀ ਮੋਹਖੋਰ ਮਾਲੀ ਵਾਂਗ ਪੈਰ-ਪੈਰ ‘ਤੇ ਹਰ ਤਰ੍ਹਾਂ ਦੇ ਦੋਖੀਆਂ ਤੋਂ ਰਾਖੀ ਕਰਦਾ ਨਜ਼ਰ ਆਇਆ ਹੈ ਪਰ ਅਜਮੇਰ ਦੀ ਮਸੀਹੀ ਸੁਰ ਨੇ ਅਜ ਤਕ ਨਾ ਕਿਸੇ ਦੀ ਪਰਵਾਹ ਕੀਤੀ ਹੈ ਅਤੇ ਨਾ ਹੀ ਕਰਨੀ ਹੈ ਕਿਉਂਕਿ ਉਸ ਦੀ ਆਪਣੀ ਕਲਪਿਤ ਰਾਜਨੀਤੀ ਮੁਤਾਬਿਕ ਉਹ ਸੰਘੀਆਂ ਦੇ ਮੋਦੀ ਵਾਂਗ ਗਰਮਦਲੀ ਸਿੱਖਾਂ ਦਾ ਮੋਦੀ ਬਣ ਚੁੱਕਾ ਹੈ। ਇਸ ਦੇ ਵਿਸਥਾਰ ਵਿਚ ਜਾਏ ਬਿਨਾ (ਲੋੜ ਪੈਣ ‘ਤੇ ਵਿਸਥਾਰ ਵਿਚ ਜਾਇਆ ਵੀ ਜਾ ਸਕਦਾ ਹੈ) ਕਹਿਣਾ ਇਹ ਚਾਹ ਰਿਹਾ ਹਾਂ ਕਿ ਕਿਸਾਨੀ ਅੰਦੋਲਨ ਨਾਲ ਸਿਆਸੀ ਸੁਰ ਵਿਚ ਨਜਿਠਣ ਦੀ ਲੋੜ ਅਤੇ ਨੀਤੀ ਭਾਜਪਾਈਆਂ ਦੀ ਸੀ/ਹੈ।
ਗੋਦੀ ਮੀਡੀਆ ਸਿਆਸੀ ਪ੍ਰਤੀਨਿਧਾਂ ਨੂੰ ਜਿਸ ਤਰ੍ਹਾਂ ਛਿਤਰੋ-ਛਿਤਰੀ ਕਰਾ ਰਿਹਾ ਹੈ, ਉਸ ਵਿਚ ਉਲਝਣ ਤੋਂ ਸਿੱਖ ਸਿਆਸਤਦਾਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਹਵਾਲੇ ਵਿਚਲੇ ਟਿਪਣੀਕਾਰਾਂ ਨੂੰ ਵੀ ਇਹੀ ਮਸ਼ਵਰਾ ਹੈ ਕਿ ਜੋ ਕਿਸਾਨੀ ਅੰਦੋਲਨ ਦੇ ਹੱਕ ਵਿਚ ਨਹੀਂ ਭੁਗਤਦਾ, ਉਹ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਕਿਸਾਨੀ ਅੰਦੋਲਨ ਦੇ ਹੱਕ ਵਿਚ ਨਹੀਂ ਭੁਗਤਦਾ, ਉਹ ਕਿਸੇ ਨਾ ਕਿਸੇ ਰੂਪ ਵਿਚ ਭਾਜਪਾਈਆਂ ਦੇ ਹੱਕ ਵਿਚ ਭੁਗਤਾਇਆ ਜਾ ਸਕਦਾ ਹੈ? ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਕੁਝ ਕਰਨ ਲਈ ਆਪਣੀ ਪੂਰੀ ਵਾਹ ਲਾਉਣੀ ਵੀ ਹੈ। ਕਿਸਾਨੀ ਲੀਡਰਸ਼ਿਪ ਜਿਥੋਂ ਤੱਕ ਅੰਦੋਲਨ ਨੂੰ ਲੈ ਆਈ ਹੈ, ਇਸ ਨੂੰ ਇਸੇ ਸੁਰ ਵਿਚ ਪ੍ਰਚੰਡ ਰੱਖਣ ਦੀ ਲੋੜ ਹੈ। ਇਸ ਵਾਸਤੇ ਸਿਆਣਪਾਂ ਅਤੇ ਕੂਟਨੀਤੀਆਂ ਪਹਿਲਾਂ ਵੀ ਕਿਸੇ ਕੰਮ ਨਹੀਂ ਆਈਆਂ ਅਤੇ ਅੱਗੋਂ ਵੀ ਕਿਸੇ ਕੰਮ ਆਉਂਦੀਆਂ ਨਹੀਂ ਲੱਗਦੀਆਂ।
ਭਾਜਪਾਈ ਏਜੰਡੇ ਵਿਚ ਮੁਸਲਮਾਨਾਂ ਤੋਂ ਬਾਅਦ ਕਾਮਰੇਡ ਅਤੇ ਸਿੱਖ ਆ ਚੁੱਕੇ ਹਨ। ਕਾਮਰੇਡਾਂ ਅਤੇ ਸਿੱਖਾਂ ਵਿਚਕਾਰ ਸੇਹ ਦਾ ਤੱਕਲਾ ਗੱਡਣ ਦੀ ਕੋਸ਼ਿਸ਼ ਵੀ ਅਜਮੇਰ ਸਿੰਘ ਕਾਫੀ ਦੇਰ ਤੋਂ ਕਰ ਰਿਹਾ ਹੈ ਕਿਉਂਕਿ ਉਸ ਨੂੰ ਅਕਾਦਮਿਕਤਾ ਵਿਚ ਸਥਾਪਤ ਸਿੱਖ ਵੀ ਉਸੇ ਤਰ੍ਹਾਂ ਕਾਮਰੇਡੀ ਦਾ ਸ਼ਿਕਾਰ ਲੱਗਦੇ ਹਨ, ਜਿਵੇਂ ਭਾਜਪਾਈਆਂ ਨੂੰ ਅੰਦੋਲਨ ਵਿਚ ਸ਼ਾਮਲ ਕਿਸਾਨ ਕਾਮਰੇਡੀ ਦਾ ਸ਼ਿਕਾਰ ਲੱਗਦੇ ਹਨ। ਇਕ ਵਾਰ ਕਿਸਾਨ ਅੰਦੋਲਨ ਨੇ ਇਹੋ ਜਿਹੀ ਸਿਆਸੀ ਸਿਧਾਂਤਕੀ ਦਾ ਰਾਹ ਰੋਕ ਕੇ ਸਾਬਤ ਕਰ ਦਿੱਤਾ ਹੈ ਕਿ ਭਾਜਪਾਈਆਂ ਦੀ ਰਾਸ਼ਟਰਵਾਦੀ ਸਿਆਸਤ ਦਾ ਜਵਾਬ ਸੁਹਿਰਦ ਸਿੱਖ ਅਤੇ ਕਾਮਰੇਡ ਰਲ ਕੇ ਦੇ ਸਕਦੇ ਹਨ। ਇਸ ਦੇ ਜੇ ਹੱਕ ਵਿਚ ਨਹੀਂ ਭੁਗਤ ਸਕਦੇ ਤਾਂ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨੂੰ ਕਿਸਾਨੀ ਅੰਦੋਲਨ ਦੇ ਦੁਸ਼ਮਣ ਆਪਣੀ ਕੁਹਾੜੀ ਦੇ ਦਸਤੇ ਵਾਂਗ ਵਰਤ ਸਕਦੇ ਹੋਣ। ਜਿਨ੍ਹਾਂ ਨੂੰ ਲੱਗਦਾ ਹੈ ਕਿ ਕਿਸਾਨ ਲੀਡਰਸ਼ਿਪ ਅੰਦੋਲਨ ਦੇ ਹਾਣ ਦੀ ਨਹੀਂ ਹੈ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਉਸ ਤੋਤਾ ਰਟਣੀ ‘ਤਿੰਨੇ ਕਾਨੂੰਨ ਕਿਸਾਨੀ ਦੇ ਹਿਤ ਵਿਚ ਹਨ’ ਨਾਲ ਤੁਲਨਾਇਆ ਜਾ ਸਕਦਾ ਹੈ।
ਆਪਣੀ ਗੱਲ ਇਹ ਕਹਿ ਕੇ ਮੁਕਾਉਣਾ ਚਾਹੁੰਦਾ ਹਾਂ ਕਿ ਕਿਸਾਨ ਅੰਦੋਲਨ ਅਜਿਹੀ ਲੋਕ ਲਹਿਰ ਬਣ ਚੁੱਕਾ ਹੈ ਜਿਸ ਨੂੰ ਸਿਆਸਤ ਵਾਂਗ ਬੰਦਿਆਂ ਦੀ ਮੁਥਾਜੀ ਨਹੀਂ ਰਹੀ। ਇਸ ਹਾਲਤ ਵਿਚ ਦੀਪ ਸਿੱਧੂ ਆਦਿ ਦੇ ਹਵਾਲੇ ਨਾਲ ਸਿਆਸਤ ਕਰਨ ਦੀ ਕੋਈ ਤੁਕ ਨਹੀਂ ਹੈ। ਸੱਤਾ ਨੂੰ ਤਾਂ ਸਿਆਸਤ ਮੁਤਾਬਿਕ ਹੀ ਚੱਲਣਾ ਪੈਂਦਾ ਹੈ ਅਤੇ ਸਿਆਸਤ ਦਾ ਹਰ ਪੈਂਤੜਾ ਕਿਸਾਨ ਅੰਦੋਲਨ ਨੇ ਫੇਲ੍ਹ ਕਰ ਦਿੱਤਾ ਹੈ। ਅਜੇ ਤੱਕ ਇਸ ਅੰਦੋਲਨ ਦੀਆਂ ਨੈਤਿਕ ਪ੍ਰਾਪਤੀਆਂ ਨੂੰ ਸੱਤਾ ਦੀ ਸਿਉਂਕ ਜੇ ਨੁਕਸਾਨ ਨਹੀਂ ਪਹੁੰਚਾ ਸਕੀ ਤਾਂ ਸਾਨੂੰ ਨਫਰਤੀ ਰਾਜਨੀਤੀ ਰਾਹੀਂ ਸੱਤਾ ਦੇ ਹੱਕ ਵਿਚ ਨਹੀਂ ਭੁਗਤਣਾ ਚਾਹੀਦਾ। ਲੋੜ ਸਿਆਸੀ ਪੈਂਤੜਿਆਂ ਵੱਲ ਜਾਂਦੇ ਪੈਰਾਂ ਨੂੰ ਰੋਕ ਕੇ ਇਹ ਸੋਚਣ ਦੀ ਹੈ ਕਿ ਇਸ ਨੂੰ ਸਰਕਾਰ ਦੇ ਅੰਧ ਵਰਤਾਰਿਆਂ ਤੋਂ ਕਿਵੇਂ ਬਚਾ ਕੇ ਰੱਖਿਆ ਜਾ ਸਕਦਾ ਹੈ? ਇਸ ਦੀ ਸ਼ੁਰੂਆਤ ਇਸ ਸਮਝ ਨਾਲ ਕੀਤੀ ਜਾ ਸਕਦੀ ਹੈ ਕਿ ਜਿਵੇਂ ਅੰਦੋਲਨ ਨੂੰ ਅੰਦਰੋਂ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ, ਉਸ ਤਰ੍ਹਾਂ ਬਾਹਰੋਂ ਨਹੀਂ ਪਹੁੰਚਾਇਆ ਜਾ ਸਕਦਾ। ਬਾਹਰ ਰਹਿ ਕੇ ਅੰਦਰਲੇ ਹੋਣ ਦੀ ਸਿਆਸਤ ਅੰਦੋਲਨ ਦੇ ਹੱਕ ਵਿਚ ਨਹੀਂ ਜਾ ਸਕਦੀ। ਪੰਜਾਬੀਆਂ ਵੱਲੋਂ ਗੱਡੀ ਇਸ ਮੋਹੜੀ ਦਾ ਨੁਕਸਾਨ ਪੰਜਾਬੀਆਂ ਦੇ ਪੈਰੋਂ ਨਹੀਂ ਹੋਣਾ ਚਾਹੀਦਾ। ਨਹੀਂ ਸਮਝਾਂਗੇ ਤਾਂ ਇਸ ਸਵਾਲ ਦਾ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਵਲੋਂ ਲਾਜ਼ਮੀ ਤੌਰ ‘ਤੇ ਪੁੱਛੇ ਜਾਣੇ ਹਨ।