ਸੁਚੇਤ ਰਹਿਣਾ ਵੀ ਜਰੂਰੀ ਏ

ਡਾ. ਗੁਰਬਖਸ਼ ਸਿੰਘ ਭੰਡਾਲ
ਰਾਜੇ ਦੇ ਦਰ `ਤੇ ਬੈਠੇ ਹੋਏ ਲੋਕ, ਧਰਤੀ ਦੇ ਪੁੱਤ। ਮਿੱਟੀ ਵਿਚੋਂ ਸੋਨਾ ਉਗਾਉਣ ਵਾਲੇ। ਸੂਰਜਾਂ ਦੇ ਕਾਫਲੇ। ਹਨੇਰ-ਯੁੱਗ ਵਿਚ ਤਾਰਿਆਂ ਦੀ ਰੁਸ਼ਨਾਈ। ਸੂਹੀਆਂ ਸੋਚਾਂ ਦੇ ਪੈਗਾਮ। ਹੱਕਾਂ ਲਈ ਜੋਰਦਾਰ ਆਵਾਜ਼ਾਂ। ਜ਼ਮੀਨੀ ਵਿਰਾਸਤ ਬਚਾਉਣ ਲਈ ਲਾਈ ਜਾ ਰਹੀ ਜ਼ੁਅਰਤ ਦੀ ਬਾਜ਼ੀ। ਸਿੱਦਕ ਦੀ ਲੋਅ। ਸ਼ਾਂਤੀ ਤੇ ਸਬਰ ਦਾ ਮੁਜੱਸਮਾ। ਗਾਂਧੀ-ਵਾਦੀ ਸਤਿਆਗ੍ਰਹਿ। ਮੌਜੂਦਾ ਦੌਰ ਵਿਚ ਅਹਿੰਸਾ ਦਾ ਪ੍ਰਮਾਣ। ਹਾਕਮ ਦੀ ਸੁੱਤੀ ਹੋਈ ਆਤਮਾ ਨੂੰ ਜਗਾਉਣ ਲਈ ਨਾਨਕ-ਹੋਕਰਾ। ਰੱਬ ਦੇ ਭਾਣੇ ਵਿਚ ਕੱਕਰਾਲੀਆਂ ਰਾਤਾਂ, ਬਾਰਸ਼ ਅਤੇ ਧੁੰਦ ਦੌਰਾਨ ਮੱਥੇ ‘ਤੇ ਸਿ਼ਕਨ ਨਾ ਲਿਆਉਣਾ, ਜਾਗਦੀ ਜ਼ਮੀਰ ਦਾ ਪ੍ਰਮਾਣ। ਉਹ ਜਾਣਦੇ ਕਿ ਵਰਕਿਆਂ `ਤੇ ਸਿਰੜ, ਹਿੰਮਤ ਅਤੇ ਹੌਸਲੇ ਨਾਲ ਲਿਖੀ ਤਵਾਰੀਖ ਦੇ ਅੱਖਰ ਸਦਾ ਜਗਦੇ ਰਹਿਣਗੇ।

ਪਰ ਅਜਿਹੇ ਸਮਿਆਂ ਵਿਚ ਕੁਝ ਕੁ ਉਹ ਲੋਕ ਵੀ ਸ਼ਾਮਲ ਹੋ ਸਕਦੇ, ਜੋ ਸੁਹਿਰਦ ਨਹੀਂ ਹੁੰਦੇ। ਉਨ੍ਹਾਂ ਦੀ ਸੁਹਿਰਦਤਾ ਸਿਰਫ ਨਿੱਜੀ ਮੁਫਾਦ, ਰਾਜਸੀ ਆਕਿਆਂ ਜਾਂ ਧਾਰਮਿਕ ਕੱਟੜਤਾ ਨਾਲ ਹੁੰਦੀ। ਅਜਿਹੇ ਲੋਕਾਂ ਦੀ ਪਛਾਣ ਕਰਨੀ ਅਤੇ ਇਨ੍ਹਾਂ ਤੋਂ ਵਿੱਥ ਬਣਾਉਣਾ, ਬਹੁਤ ਜਰੂਰੀ।
ਇਨ੍ਹਾਂ ਵਿਚ ਕੁਝ ਉਹ ਵੀ ਬੈਠੇ ਹੋ ਸਕਦੇ, ਇਨ੍ਹਾਂ ਦੀ ਜ਼ਮੀਰ ਤੇ ਜ਼ਹਿਨੀਅਤ ਵਿਕਾਊ। ਚੌਰਾਹੇ ਵਿਚ ਆਪਣੀ ਬੋਲੀ ਲਾਉਣ ਨੂੰ ਤਿਆਰ। ਜਿਉਂਦੀਆਂ ਲਾਸ਼ਾਂ। ਮੋਢੇ `ਤੇ ਚੁੱਕੀਆਂ, ਸਿਵਾ ਸੇਕਣ ਲਈ ਲੱਕੜਾਂ। ਆਪਣੀ ਅਰਥੀ ਕਬਰਾਂ ਵੱਲ ਲਈ ਜਾਂਦੇ। ਖੁਦ ਦਾ ਮਰਸੀਆ ਹੋਠਾਂ ‘ਤੇ।
ਇਹ ਵੀ ਜੋ ਕੁਝ ਕੁ ਘਰਾਂ ‘ਚ ਬੈਠੇ ਹੋ ਸਕਦੇ, ਇਹ ਤਾਂ ਉਹ ਨੇ ਜੋ ਵਕਤ ਦੀ ਕੰਧ `ਤੇ ਲਿਖਿਆ ਪੜ੍ਹਨ ਤੋਂ ਇਨਕਾਰੀ। ਪਤਾ ਨਹੀਂ ਕਿਉਂ ਏ ਮੱਤ ਮਾਰੀ ਕਿ ਆਪਣੀ ਤੇ ਆਪਣੀ ਕੁੱਲ ਦੀ ਕਰ ਰਹੇ ਖੱਜਲ-ਖੁਆਰੀ। ਇਨ੍ਹਾਂ ਨੇ ਕਦੇ ਨਹੀਂ ਉਠਣਾ। ਇਨ੍ਹਾਂ ‘ਤੇ ਮਾਤਮੀ ਮਦਹੋਸ਼ੀ ਦਾ ਆਲਮ ਤਾਰੀ। ਇਨ੍ਹਾਂ ਦੀ ਜਾਗ ਨਹੀਂ ਕਦੇ ਖੁੱਲ੍ਹਣੀ। ਨਾ ਹੀ ਇਨ੍ਹਾਂ ਦੇ ਪੈਰਾਂ ਵਿਚ ਕਦੇ ਸਫਰ ਉਗਣਾ। ਨਾ ਹੀ ਉਨ੍ਹਾਂ ਦੇ ਮਸਤਕ ‘ਤੇ ਸੂਹੀ ਸੋਚ ਨੇ ਦਸਤਕ ਦੇਣੀ ਅਤੇ ਨਾ ਹੀ ਉਨ੍ਹਾਂ ਦੀਦਿਆਂ ਵਿਚ ਸੁਪਨਿਆਂ ਨੇ ਅੰਗੜਾਈ ਭਰਨੀ। ਉਹ ਤਾਂ ਸੁਪਨਿਆਂ ਦਾ ਸੋਗ ਮਨਾਉਣ ਅਤੇ ਸਿਆਪਿਆਂ ਭਰੀ ਜਿ਼ੰਦਗੀ ਦੀ ਮੁਕਾਣੇ ਆਏ ਨੇ।
ਕੁਝ ਅਜਿਹੇ ਵੀ ਹੋ ਸਕਦੇ, ਜਿਨ੍ਹਾਂ ਨੂੰ ਕਦੇ ਹੋਸ਼ ਨਹੀਂ ਆਉਣੀ ਕਿ ਗਵਾਚੀਆਂ ਪੈੜਾਂ ਮੁੜ ਨਹੀਂ ਥਿਆਉਂਦੀਆਂ। ਬੀਤੇ ਵਕਤ ਨੂੰ ਪੁੱਠਾ ਗੇੜਾ ਨਹੀਂ ਦਿਤਾ ਜਾ ਸਕਦਾ। ਨਾ ਹੀ ਅਗਾਂਹ ਨੂੰ ਵਧੇ ਪੈਰ ਪਿਛਾਂਹ ਨੂੰ ਪਰਤਦੇ। ਇਹ ਆਪਣੇ ਬੱਚਿਆਂ ਦੇ ਸੁਪਨਿਆਂ ਦਾ ਸੰਤਾਪ ਹੰਢਾਉਣ ਤੇ ਜੀਵਨ ਨੂੰ ਸਰਾਪਿਆ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ।
ਇਨ੍ਹਾਂ ਬੈਠਿਆਂ ‘ਚ ਕੁਝ ਕੁ ਚੰਦੂ ਦੀ ਔਲਾਦ ਵੀ ਹੋ ਸਕਦੇ, ਜਿਨ੍ਹਾਂ ਪਰਿਵਾਰਕ ਕਿੱੜਾਂ ਕੱਢਣ ਲਈ, ਜਹਾਂਗੀਰ ਰਾਹੀਂ ਗੁਰੂ ਅਰਜਨ ਦੇਵ ਵਰਗੇ ਧਰਮੀ ਲੋਕਾਂ ਨੂੰ ਤੱਤੀ ਤਵੀ `ਤੇ ਬਿਠਾਉਣ, ਤਸੀਹੇ ਦੇਣ ਅਤੇ ਸ਼ਹੀਦ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ; ਪਰ ਸ਼ਾਂਤੀ ਦੇ ਪੁੰਜ ਕਦ ਡੋਲਦੇ ਨੇ? ਸਗੋਂ ਰੱਬ ਦੀ ਰਜ਼ਾ ਵਿਚ ਰਹਿ ਕੇ ਇਤਿਹਾਸ ਦਾ ਸੂਰਜੀ ਪੰਨਾ ਬਣਦੇ। ਚੰਦੂ ਵਰਗੇ ਲੋਕ ਹਰ ਸਮੇਂ ਹੀ ਹੁੰਦੇ। ਸਿਰਫ ਲਿਬਾਸ ਬਦਲਦੇ, ਕੁਕਰਮ ਸ਼ੈਲੀ ਉਹੀ ਅਤੇ ਨਵੇਂ ਮਖੌਟੇ ਪਹਿਨ ਕੇ, ਆਪਣੀਆਂ ਘੁਣਤਰਾਂ, ਘਤਿੱਤਾਂ, ਘ੍ਰਿਣਾ ਅਤੇ ਘੁੰਡੀਆਂ ਰਾਹੀਂ ਸਿਖਰ ਦੁਪਹਿਰਾਂ ਵਰਗੀਆਂ ਸੋਚਾਂ ‘ਤੇ ਤਿੱਤਰਖੰਭੀ ਫੈਲਾਉਣ ਦੀ ਨਾਕਾਮ ਕੋਸਿ਼ਸ਼ ਕਰਦੇ।
ਇਨ੍ਹਾਂ ਬੈਠਿਆਂ ਵਿਚ ਕੁਝ ਕੁ ਤਾਂ ਗੰਗੂ ਬ੍ਰਾਹਮਣ ਦੇ ਵਾਰਸ ਵੀ ਹੋ ਸਕਦੇ, ਜੋ ਨਵਾਬ ਤੋਂ ਇਨਾਮ ਲੈਣ ਲਈ ਕਾਹਲੇ। ਕੁਝ ਨਨਕਾਣੇ ਦੇ ਮਹੰਤ ਜਿਹੇ ਵੀ, ਜੋ ਹੱਕਦਾਰਾਂ ਦੀ ਸੱਚੀ-ਸੋਚ ਨੂੰ ਸੂਲੀ `ਤੇ ਟੰਗਣ ਲਈ ਬੇਸਬਰੇ। ਇਨ੍ਹਾਂ ਵਿਚ ਕੁਝ ਪ੍ਰਿਥੀ ਚੰਦ ਵੀ ਹੋ ਸਕਦੇ, ਜੋ ਤਖਤ ਨੂੰ ਹਾਸਲ ਕਰਨ ਲਈ ਕੁਝ ਵੀ ਕਰ ਸਕਦੇ।
ਇਨ੍ਹਾਂ ਬੈਠਿਆਂ ਵਿਚ ਕੁਝ ਸੁੱਚਾ ਨੰਦ ਦੇ ਵਾਰਸ ਵੀ ਹੋ ਸਕਦੇ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਰੋਹ ਭਰੀ ਆਵਾਜ਼ ਨੂੰ ਦਬਾਉਣ ਲਈ ਹਰ ਚੁਆਤੀ ਲਾਈ। ਜੋ ਉਗਦੀ ਸਰਘੀ ਨੂੰ ਧੁੰਦਲੀ ਸ਼ਾਮ ਬਣਾਉਣ ਲਈ ਉਤਾਵਲੇ। ਤਿਤਲੀਆਂ ਅਤੇ ਭੌਰਿਆਂ ਦੇ ਖੰਭਾਂ ਨੂੰ ਸੂਲਾਂ ਵਿਚ ਪਰੋਂਦੇ। ਇਹ ਫੁੱਲਾਂ ਦੀਆਂ ਕਬਰਾਂ `ਤੇ ਆਪਣੀਆਂ ਸੂਬੇਦਾਰੀਆਂ ਦੀ ਤਾਮੀਰਦਾਰੀ ਕਰਦੇ; ਪਰ ਸਮਾਂ ਅਜਿਹੇ ਸੁੱਚਾ ਨੰਦਾਂ ਨੂੰ ਅਜਿਹੀ ਸਜ਼ਾ ਦਿੰਦਾ ਕਿ ਆਉਣ ਵਾਲੀਆਂ ਨਸਲਾਂ ਸੁੱਚਾ ਨੰਦ ਜਿਹਾ ਨਾਮ ਰੱਖਣ ਤੋਂ ਤ੍ਰਭਕਣ ਲੱਗ ਪੈਂਦੀਆਂ।
ਇਨ੍ਹਾਂ ਬੈਠਿਆਂ ਵਿਚ ਕੁਝ ਕੁ ਡੋਗਰਿਆਂ ਦੀ ਸੰਭਾਵਨਾ ਵੀ ਹੋ ਸਕਦੀ, ਜਿਨ੍ਹਾਂ ਨੇ ਲੜ ਰਹੀਆਂ ਫੌਜਾਂ ਨਾਲ ਦਗਾ ਕਮਾਉਣ ਲਈ ਸਾਜਿਸ਼ਾਂ ਰਚਣੀਆਂ। ਸੰਘਰਸ਼ ਦੇ ਮੈਦਾਨ ਵਿਚ ਨਿੱਤਰੇ ਯੋਧਿਆਂ ਦੇ ਉਦਮ ਨੂੰ ਠੇਡਾ ਲਾਉਣ ਅਤੇ ਉਨ੍ਹਾਂ ਦੀ ਪਿੱਠ `ਤੇ ਛੁਰਾ ਮਾਰਨ ਲਈ ਹਰ ਰਹਬਾ ਵਰਤਣਗੇ। ਇਨ੍ਹਾਂ ਡੋਗਰਿਆਂ ਨੇ ਰਾਜਸੀ ਸੱਤਾ ਤੋਂ ਨਿੱਜੀ ਫਾਇਦੇ ਪ੍ਰਾਪਤ ਲਈ ਬਹੁਤ ਕੁਝ ਨੂੰ ਨਾਸ਼ ਕਰਨ ਦਾ ਤਹੱਈਆ ਕੀਤਾ ਹੋਇਆ ਏ।
ਇਨ੍ਹਾਂ ਬੈਠਿਆਂ ਵਿਚ ਕੁਝ ਕੁ ਉਹ ਵੀ ਹੋ ਸਕਦੇ ਆ, ਜੋ ਅੰਗਰੇਜ਼ ਪਿੱਠੂਆਂ ਦੀ ਔਲਾਦ। ਸਫੈਦਪੋਸ਼, ਸਰਦਾਰ-ਬਹਾਦਰ, ਸਰ, ਜ਼ੈਲਦਾਰ, ਚੌਧਰੀ ਆਦਿ ਖਿਤਾਬਾਂ ਵਾਲੇ ਵੀ ਕੁਝ ਕੁ ਨੇ, ਜਿਹੜੇ ਕਰਤਾਰ ਸਿੰਘ ਸਰਾਭਾ ਲਈ ਫਾਂਸੀ, ਕੂਕਿਆਂ ਦੀ ਹਿੱਕ ਵਿਚੋਂ ਲੰਘਦੀਆਂ ਗੋਲੀਆਂ ਤੇ ਗਦਰੀ ਬਾਬਿਆਂ ਦੀ ਕਾਲੇ ਪਾਣੀ ਦੀ ਸਜ਼ਾ ਬਣੇ। ਆਜ਼ਾਦੀ ਦੇ ਪ੍ਰਵਾਨਿਆਂ ਨੂੰ ਫੜਾਉਣ ਅਤੇ ਉਨ੍ਹਾਂ ਦੀਆਂ ਚਾਲਾਂ ਨੂੰ ਫੇਲ੍ਹ ਕਰਨ ਵਿਚ ਮੋਹਰੀ ਸਨ।
ਇਹ ਜੋ ਘੁਰਨਿਆਂ ਵਿਚ ਛੁਪੇ ਤੇ ਸਾਜਿਸ਼ੀ ਚੁੱਪ ਵਿਚ ਗਲਤਾਨ ਕੁਝ ਲੋਕ ਨੇ, ਹੋ ਸਕਦੈ ਇਹ ਟੁੱਕ ਦੀ ਆਸ ਵਿਚ ਛਹਿ ਲਾ ਕੇ ਬੈਠੇ ਹੋਣ। ਇਨ੍ਹਾਂ ਦੇ ਮੂੰਹ ਨੂੰ ਲਹੂ ਲੱਗ ਚੁੱਕਾ। ਉਹ ਰੋਟੀ ਮੰਗਦੇ ਹਰ ਪੇਟ ਨੂੰ ਲੱਤ ਮਾਰਨ ਅਤੇ ਰਿਜ਼ਕ `ਤੇ ਕਾਬਜ ਹੋਣ ਲਈ ਉਤਾਵਲੇ। ਉਨ੍ਹਾਂ ਵਿਚ ਹਮੇਸ਼ਾ ਕਮੀਨਗੀ ਪਨਪਦੀ। ਉਹ ਪਾਪ ਦੀ ਖੇਤੀ ਵਿਚੋਂ ਵਿਨਾਸ਼, ਵਿਕਾਰ ਅਤੇ ਵਿਡੰਬਨਾਵਾਂ ਨੂੰ ਹੀ ਪ੍ਰਾਪਤੀ ਸਮਝਦੇ।
ਰੰਗ-ਬਿਰੰਗੇ ਤੇ ਰਾਜਸੀ ਸਤਾ ਨੂੰ ਭੋਗ ਰਹੇ ਕੁਝ ਉਹ ਲੋਕ ਵੀ ਹੋ ਸਕਦੇ, ਜੋ ਬਦਲਦੇ ਮੌਸਮਾਂ ਵਿਚ ਆਪਣੀ ਤਾਸੀਰ, ਤਹਿਰੀਕ, ਤਸਵੀਰ ਤੇ ਤਬੀਅਤ ਬਦਲਦੇ। ਪਹਿਲਾਂ ਅਤੇ ਪਹੰੁਚਾਂ ਨੂੰ ਨਿੱਜ ਵੰਨੀਂ ਸੇਧਤ ਕਰਦੇ। ਉਨ੍ਹਾਂ ਦੇ ਮੁਫਾਦ ਵਿਚੋਂ ਕੁਰਸੀਆਂ ਦੀ ਝਾਕ, ਆਰਥਿਕ ਲਾਭ ਜਾਂ ਰੁਤਬੇ ਨੂੰ ਹਥਿਆਉਣਾ ਹੁੰਦਾ। ਅਜਿਹੇ ਲੋਕ ਰਾਜਸੀ ਗਲਿਆਰਿਆਂ ਦੇ ਮੋਹਰੇ। ਇਸ਼ਾਰਿਆਂ `ਤੇ ਨੱਚਦੀਆਂ ਕਠਪੁਤਲੀਆਂ। ਮਰੀ ਆਤਮਾ ਨੂੰ ਕੋਂਹਦੇ। ਰੂਹ ਨੂੰ ਸੂਲੀ `ਤੇ ਟੰਗਦੇ। ਦਿਲ ਦੀਆਂ ਬਰੂਹਾਂ ਵਿਚ ਹੌਕੇ ਕੇਰਦੇ। ਕਿਸੇ ਦੇ ਹਾਸਿਆਂ ਵਿਚੋਂ ਹਾਵਿਆਂ ਦੀ ਆਵਾਜ਼ ਸੁਣ ਕੇ ਖੁਦ ਨੂੰ ਮਾਣਮੱਤਾ ਮਹਿਸੂਸਦੇ, ਪਰ ਇਹ ਲੋਕ ਭੁੱਲ ਜਾਂਦੇ ਕਿ ਵਕਤੀ ਫਾਇਦਿਆਂ ਦੀ ਝਾਕ ਵਿਚ, ਖੁਦ ਦਾ ਸਿਵਾ ਸੇਕਣ ਵਾਲਿਆਂ ਦੇ ਪੱਲੇ ਵਿਚ ਜੱਗ ਦੀ ਸਵਾਹ, ਗਰੀਬਾਂ ਦੀ ਆਹ ਅਤੇ ਨਿਤਾਣਿਆਂ ਦਾ ਬਦਦੁਆ ਲੱਗਦੀ। ਕੋਈ ਨਹੀਂ ਉਨ੍ਹਾਂ ਨੂੰ ਭਾਵੀ ਤ੍ਰਾਸਦੀ ਤੋਂ ਬਚਾ ਸਕਦਾ?
ਕੁਝ ਕੁ ਤਾਂ ਤਖਤ ‘ਤੇ ਬਿਰਾਜਮਾਨ ਉਹ ਵੀ ਹੋ ਸਕਦੇ, ਜਿਨ੍ਹਾਂ ਲਈ ਲੋਕ, ਸਿਰਫ ਕੁਰਸੀ ਦੇ ਪਾਵੇ। ਪਰਜਾ, ਸਿਰਫ ਵੋਟਾਂ। ਬੰਦੇ, ਨੋਟਾਂ ਦੀ ਗਿਣਤੀ। ਲਾਸ਼ਾਂ ਦੀ ਗਿਣਤੀ ਵਿਚੋਂ ਕਰਦੇ ਵੋਟਾਂ ਦੀ ਗਿਣਤੀ। ਕਿਸੇ ਦੀਆਂ ਭਾਵਨਾਵਾਂ ਨੂੰ ਵਰਗਲਾ, ਸਿਰ ਦਾ ਤਾਜ ਸਜਾਉਣ ਲਈ ਕਾਹਲੇ। ਜਦ ਕੁਰਸੀ ਵਿਕਣ ਲੱਗ ਪਏ, ਵੋਟਾਂ ਦੀ ਬੋਲੀ ਲੱਗਦੀ ਹੋਵੇ, ਧਰਮ ਦੇ ਨਾਮ `ਤੇ ਲੋਕਾਂ ਵਿਚ ਵੰਡੀਆਂ ਪਾਉਣ ਦੀ ਬਿਰਤੀ ਭਾਰੂ ਹੋ ਜਾਵੇ ਤਾਂ ਇਨ੍ਹਾਂ ਕੁਝ ਕੁ ਬੈਠਿਆਂ ਵਿਚੋਂ ਕਿਵੇਂ ਆਸ ਰੱਖੀ ਜਾ ਸਕਦੀ ਕਿ ਇਨ੍ਹਾਂ ਕਦੇ ਉਠਣਾ? ਇਨ੍ਹਾਂ ਨੇ ਕੋਈ ਨਿੱਗਰ ਕਦਮ ਉਠਾਉਣ ਜਾਂ ਹੱਲਾਸ਼ੇਰੀ ਬਣਨ ਲਈ ਹਾਮੀ ਨਹੀਂ ਭਰਨੀ।
ਘਰੀਂ ਬੈਠਿਆਂ ਵਿਚ ਕੁਝ ਉਹ ਵੀ ਹੋ ਸਕਦੇ, ਜਿਨ੍ਹਾਂ ਦੇ ਜੋੜਾਂ ਵਿਚ ਬਹਿ ਗਈ ਏ ਬਦਨੀਤੀ, ਬੇਅਦਬੀ, ਬੇਈਮਾਨੀ, ਬਦਕਾਰੀ, ਬਦਇੰਤਜਾਮੀ, ਬੇਗਾਨਗੀ, ਬਦਹੋਸ਼ੀ ਅਤੇ ਬਲਹੀਣਤਾ। ਇਹ ਤਾਂ ਜਾਗਦੇ ਵੀ ਸੁੱਤੇ ਹੋਏ। ਇਹ ਖੁੱਲ੍ਹੀਆਂ ਅੱਖਾਂ ਵਾਲੇ, ਜਿਨ੍ਹਾਂ ਨੂੰ ਕੁਝ ਨਹੀਂ ਦਿੱਸਦਾ। ਉਹ ਤੁਰਨ ਦੀ ਆਹਟ ਪੈਦਾ ਕਰਨ ਦੇ ਕਾਬਲ ਨਹੀਂ। ਇਨ੍ਹਾਂ ਦੇ ਪੈਰਾਂ ਵਿਚ ਉਗ ਆਈਆਂ ਨੇ ਫਿਰਕੂ ਨਫਰਤ ਦੀਆਂ ਸੂਲਾਂ। ਇਨ੍ਹਾਂ ਦੇ ਦਿਸਹੱਦਿਆਂ ‘ਤੇ ਲਟਕਦੇ ਨੇ ਜੰਗਾਲੇ ਜੰਦਰੇ, ਜਿਨ੍ਹਾਂ ਦੀ ਗਵਾਚੀ ਚਾਬੀ ਨੂੰ ਲੱਭਣ ਲਈ ਉਹ ਕੋਈ ਵੀ ਯਤਨ ਨਹੀਂ ਕਰਨਗੇ।
ਇਨ੍ਹਾਂ ਵਿਚ ਕੁਝ ਕੁ ਸਰਕਾਰੀ ਤੰਤਰ ਦੇ ਉਹ ਘੁਸਪੈਠੀਏ ਵੀ ਸੰਭਵ ਨੇ, ਜਿਨ੍ਹਾਂ ਦੀ ਜ਼ਹਿਨੀਅਤ ਸਿਰਫ ਰੁਕਾਵਟਾਂ ਖੜ੍ਹੀਆਂ ਕਰਨਾ, ਵਲਗਣਾਂ ਦਾ ਘੇਰਾ ਵਧਾਉਣ, ਬੈਰੀਕੇਡ ਖੜ੍ਹੇ ਕਰਨ, ਕੰਡਿਆਲੀਆਂ ਤਾਰਾਂ ਲਾਉਣ ਤੇ ਕਿੱਲ ਬੀਜਣ ਤੀਕ ਸੀਮਤ। ਇਨ੍ਹਾਂ ਦਾ ਕਿਸਬ ਹੈ ਭੋਲੇ-ਭਾਲੇ ਲੋਕਾਂ ਨੂੰ ਗਲਤ ਜਾਣਕਾਰੀ ਦੇਣਾ, ਨਫਰਤ ਅਤੇ ਈਰਖਾ ਦੇ ਤਕਾਜਿ਼ਆਂ ਰਾਹੀਂ ਲੋਕ-ਲਹਿਰ ਨੂੰ ਬਦਰੰਗ ਕਰਨਾ। ਆਪਣੇ ਆਕਿਆਂ ਨੂੰ ਖੁਸ਼ ਕਰਨ ਲਈ ਆਪਣੀਆਂ ਰੂਹਾਂ ਨੂੰ ਛਾਲੋ-ਛਾਲੀ ਕਰ ਲੈਣਾ। ਪਤਾ ਨਹੀਂ ਚੀਸਾਂ ਵੰਡਣ ਵਾਲੇ ਅਜਿਹੇ ਲੋਕਾਂ ਨੂੰ, ਕੁਦਰਤ ਸਾਹ ਲੈਣ ਦੀ ਆਗਿਆ ਕਿਉਂ ਦਿੰਦੀ ਆ? ਇਨ੍ਹਾਂ ਨੇ ਕਦੋਂ ਕਿੱਲ ਗੱਡਣ ਦੀ ਥਾਂਵੇਂ ਫੁੱਲ ਬੀਜਣ ਦੀ ਹਿੰਮਤ ਕਰਨੀ?
ਚਾਰ-ਦੀਵਾਰੀ ਦੀ ਮਹਿਫੂਜ਼ੀ ਵਿਚ ਬੈਠਿਆਂ ਵਿਚ, ਖੁਦ ਨੂੰ ਜਿ਼ਆਦਾ ਅਕਲਮੰਦ ਸਮਝਣ ਵਾਲੇ ਕੁਝ ਕੁ ਉਹ ਵੀ ਸ਼ਾਮਲ ਹੋ ਸਕਦੇ, ਜਿਨ੍ਹਾਂ ਦੀ ਸੋਚ ਤੇ ਸਮਝ ਸਿਰਫ ਤਖਤ ਦੀ ਸਲਾਮਤੀ। ਉਹ ਤਖਤ ਦੇ ਹਰ ਫੈਸਲੇ ਨੂੰ ਜਾਇਜ਼ ਠਹਿਰਾਉਂਦੇ, ਹਾਕਮ ਦੀਆਂ ਸਿਫਤਾਂ ਕਰਦੇ। ਹੱਕਾਂ ਲਈ ਜੂਝਦਿਆਂ ਨੂੰ ਵੱਖੋ-ਵੱਖ ਤਖੱਲਸਾਂ ਨਾਲ ਸੰਬੋਧਿਤ ਕਰਦੇ। ਉਨ੍ਹਾਂ ਲਈ ਤਖਤ ਦੀ ਹਰ ਚਾਲ ਜਾਇਜ਼ ਅਤੇ ਚਾਲ ਨੂੰ ਲੋਕਾਂ ਵਲੋਂ ਨਕਾਰਨਾ, ਲੋਕਾਈ ਦੀ ਮੂਰਖਤਾ ਅਤੇ ਨਾ-ਸਮਝੀ। ਇਨ੍ਹਾਂ ਦੀ ਸਾਜਿਸ਼ੀ ਸਮਝ ਤੇ ਸਿਆਣਪ ਨੇ ਤਖਤ ਨੂੰ ਤੁਗਲਕੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਹਿੰਮਤ ਤੇ ਹੱਲਾਸ਼ੇਰੀ ਦਿਤੀ ਏ।
ਕੈਮਰਿਆਂ, ਮਾਇਕਾਂ, ਟੀਵੀ ਦੇ ਸਕਰੀਨਾਂ ਜਾਂ ਰੇਡੀਓ ਤੇ ਸੁਣਾਈ ਦਿੰਦੇ ਕੁਝ ਕੁ ਉਹ ਵੀ ਹੋ ਸਕਦੇ ਜਿਨ੍ਹਾਂ ਦਾ ਧਰਮ ਤਾਂ ਸੀ ਸੱਚ-ਝੂਠ ਨੂੰ ਨਿਤਾਰਨਾ, ਮਨੁੱਖੀ ਹੱਕਾਂ ਦੀ ਪੈਰਵਾਈ ਕਰਨਾ, ਲੋਕਾਈ ਦੇ ਦੁੱਖਾਂ ਲਈ ਆਹ ਭਰਨਾ, ਪਰਜਾ ਦੀਆਂ ਲੋੜਾਂ-ਥੋੜ੍ਹਾਂ, ਸਹੂਲਤਾਂ ਤੇ ਨਿੱਤਾਪ੍ਰਤੀ ਦੀਆਂ ਸਮੱਸਿਆਵਾਂ ਦੱਸਣਾ ਅਤੇ ਸਰਕਾਰੀ ਤੰਤਰ ਵਿਚਲੀ ਅਰਾਜਕਤਾ ਨੂੰ ਤਖਤ ਦੇ ਸਨਮੁੱਖ ਕਰਨਾ। ਤਖਤ ਨੂੰ ਸਹੀ ਫੈਸਲੇ ਲੈਣ ਅਤੇ ਪਰਜਾ ਪ੍ਰਤੀ ਪ੍ਰਤੀਬੱਧਤਾ ਲਈ ਮਜਬੂਰ ਕਰਨਾ ਹੁੰਦਾ, ਪਰ ਇਹ ਵਿੱਕੇ ਹੋਏ, ਸੱਚ ਨੂੰ ਛੁਪਾਉਣ ਵਾਲੇ ਅਤੇ ਝੂਠ ਦਾ ਪ੍ਰਚਾਰ ਤੇ ਪਸਾਰ ਦਾ ਹੋਕਰਾ ਲਾਉਣ ਵਾਲੇ, ਜਿਨ੍ਹਾਂ ਦਾ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ। ਸੁੱਟੀ ਹੋਈ ਬੁਰਕੀ ‘ਤੇ ਪਲਣ ਵਾਲੇ ਇਨ੍ਹਾਂ ਲੋਕਾਂ ਤੋਂ ਲੋਕਾਈ ਦੀ ਆਵਾਜ਼ ਬਣਨ ਦੀ ਆਸ ਕਿਵੇਂ ਰੱਖੋਗੇ? ਨਾ ਹੀ ਇਨ੍ਹਾਂ ਨੇ ਹੁਣ ਉਠਣਾ? ਇਹ ਤਾਂ ਸਿਰਫ ਅੱਖਾਂ ਮੀਟ ਕੇ ਹਰ ਚੁਣੌਤੀ ਨੂੰ ਦਰ-ਕਿਨਾਰ ਕਰਨ ਦੇ ਆਦੀ।
ਇਨਸਾਫ ਦੇ ਮੰਦਿਰ ਵਿਚ ਬੈਠਿਆਂ ਵਿਚੋਂ ਕੁਝ ਕੁ ਉਹ ਵੀ ਹੋ ਸਕਦੇ, ਜਿਨ੍ਹਾਂ ਦੀ ਚੁੱਪ ਸਭ ਤੋਂ ਜਿ਼ਆਦਾ ਅੱਖਰਦੀ। ਨਿਆਂ ਦੇ ਤਰਾਜੂ ‘ਚ ਪਾਸਕੂੰ ਪਾਉਣ ਲਈ ਹਰ ਦਮ ਉਤਾਵਲੇ। ਜਦ ਰਾਜੇ ਦੀ ਕਚਹਿਰੀ ਵਿਚ ਨਿਆਂ ਦੀ ਗੁਹਾਰ ਹੀ ਖਾਮੋਸ਼ ਕਰ ਦਿਤੀ ਜਾਵੇ, ਪੀੜਤ ਨੂੰ ਦਬਕਾਇਆ ਜਾਵੇ, ਅਪੀਲ, ਦਲੀਲ ਤੇ ਵਕੀਲ ਦਰਕਿਨਾਰ ਹੋ ਜਾਵੇ, ਇਨਸਾਫ ਦੀ ਤਵੱਕੋਂ ਵਿਚ ਹੀ ਕੁੱਕਰੇ ਪੈ ਜਾਣ ਤਾਂ ਬੇਇਨਸਾਫੀ ਦਾ ਯੁੱਗ ਸ਼ੁਰੂ ਹੁੰਦਾ। ਕਿਰਦਾਰ ਦੀ ਖੁਦਕੁਸ਼ੀ ਸਿਰ `ਤੇ ਸਜਾਈ ਅਤੇ ਲੰਗੜੇ ਵਿਅਕਤੀਤਵ ਦੀ ਵਹਿੰਗੀ ਢੋਣ ਲਈ ਮਜਬੂਰ, ਇਨ੍ਹਾਂ ਤੋਂ ਕਿਸੇ ਨਿਆਂ ਦੀ ਆਸ ਕਿਵੇਂ ਰੱਖੋਗੇ? ਇਨ੍ਹਾਂ ਬੈਠਿਆਂ ਨੇ ਤਾਂ ਸਿਰਫ ਰਾਜਸੀ ਸਲਾਮਤੀ ਵਿਚੋਂ ਆਪਣੀ ਕੁਰਸੀ ਦੀ ਬਿਹਤਰੀ ਨੂੰ ਅਕੀਦਾ ਬਣਾ ਲਿਆ ਏ। ਇਨ੍ਹਾਂ ਦੀ ਦਿਆਨਤਦਾਰੀ ਹੀ ਜਦ ਦਾਗੀ ਹੋ ਜਾਵੇ ਤਾਂ ਇਨ੍ਹਾਂ ਬੈਠਿਆਂ ਵਿਚੋਂ ਕੁਝ ਚੰਗੇ ਦੀ ਆਸ ਰੱਖਣਾ, ਖੁਦ ਨੂੰ ਧੋਖਾ ਦੇਣਾ ਹੁੰਦਾ।
ਧਾਰਮਿਕ ਡੇਰੇਦਾਰਾਂ ਦੇ ਅਡੰਬਰੀ ਲੋਕਾਂ ਵਿਚ ਕੁਝ ਕੁ ਅਜਿਹੇ ਵੀ ਸੰਭਵ ਨੇ, ਜਿਨ੍ਹਾਂ ਲਈ ਅਜ਼ਾਨ, ਅਰਦਾਸ ਅਤੇ ਆਰਤੀ ਦੀ ਆਪਸੀ ਖਹਿਬਾਜੀ ਹੀ ਵਰਦਾਨ। ਖੁਦ ਨੂੰ ਵਡੇਰਾ ਸਾਬਤ ਕਰਨ ਅਤੇ ਮਾਨਵਤਾ ਨੂੰ ਫਿਰਕੂ ਰੰਗਤ ਦੇਣ ਵਿਚ ਕੋਈ ਕਸਰ ਨਹੀਂ ਛੱਡਦੇ। ਚਿੱਟੇ, ਨੀਲੇ ਜਾਂ ਭਗਵੇਂ ਬਾਣਿਆਂ ਵਾਲੇ ਅਜਿਹੇ ਕੁਝ ਲੋਕ ਨੇ, ਜਿਨ੍ਹਾਂ ਦੇ ਚੱਟੇ ਹੋਏ ਕਦੇ ਹਰੇ ਨਹੀਂ ਹੁੰਦੇ। ਇਹ ਬਹੁਤ ਹੀ ਸ਼ਾਤਰ ਰੂਪ ਵਿਚ ਖੌਫਨਾਕ ਖਾਮੋਸ਼ੀ ਧਾਰੀ ਬੈਠੇ ਨੇ। ਇਨ੍ਹਾਂ ਨੂੰ ਸਮਝਣਾ ਬਹੁਤ ਔਖਾ, ਜਿਸ ਵਿਚੋਂ ਕੁਰੱਖਤ, ਕਾਲਖੀ ਅਤੇ ਕੁਰਹਿਤਾਂ ਭਰੇ ਸਮੇਂ ਨੂੰ ਹੀ ਕਿਆਸਿਆ ਜਾ ਸਕਦਾ। ਇਹ ਲੋਕ ਆਪਣੀ ਡੇਰੇਦਾਰੀ ਤੇ ਗੱਦੀਨਸ਼ੀਨੀ ਰਾਹੀਂ ਰਾਜਸੀ ਤੱਪਤੇਜ ਨੂੰ ਹੋਰ ਪ੍ਰਚੰਡ ਕਰਨ ਅਤੇ ਫਿਰ ਇਸ ਨੂੰ ਹਉਮੈ ਦੀ ਪੂਰਤੀ ਲਈ ਵਰਤਣ ਤੋਂ ਕਦੇ ਗੁਰੇਜ਼ ਨਹੀਂ ਕਰਦੇ। ਜਦ ਧਾਰਮਿਕ ਲੋਕ ਰਾਜਸੱਤਾ ਦੇ ਭਾਈਵਾਲ ਬਣਦੇ ਤਾਂ ਧਰਮ, ਰਾਜਨੀਤੀ ਦਾ ਗੁਲਾਮ ਹੋ ਜਾਂਦਾ। ਕਦਰਾਂ-ਕੀਮਤਾਂ ਹੌਕੇ ਭਰਦੀਆਂ ਅਤੇ ਜੀਵਨ-ਮੁੱਲਾਂ ਨੂੰ ਖੋਰਾ ਲੱਗਦਾ। ਧਾਰਮਿਕ ਰੰਗਤ ਵਾਲੇ ਇਨ੍ਹਾਂ ਰਾਜਸੀ ਲੋਕਾਂ ਨੇ ਆਪਣੀਆਂ ਰੋਟੀਆਂ ਸੇਕਣ ਲਈ ਲੋਕਾਂ ਨੂੰ ਵਰਗਲਾਉਣ ਅਤੇ ਕੋਈ ਵੀ ਕੋਝੀ ਚਾਲ ਚੱਲਣ ਤੋਂ ਗੁਰੇਜ਼ ਨਹੀਂ ਕਰਨਾ। ਇਹ ਲੋਕ-ਮਾਨਸਿਕਤਾ ਨੂੰ ਆਪਣੇ ਨਿੱਜੀ ਮੁਫਾਦ ਲਈ ਵਰਤਣ ਦੇ ਮਾਹਰ। ਪਲ ਪਲ ਰੰਗ ਬਦਲਣ ਵਾਲਿਆਂ ਦੀਆਂ ਲੂੰਬੜ ਚਾਲਾਂ, ਸਮੇਂ ਦੀ ਤ੍ਰਾਸਦੀ ਸਿਰਜਣ ਲਈ ਕਾਹਲੀਆਂ।
ਪਰ ਸਭ ਤੋਂ ਭਿਆਨਕ ਹੋ ਸਕਦੀ ਹੈ ਦੁੱਬਕ ਕੇ ਬੈਠੀ ਹੋਈਆਂ ਕੁਝ ਕੁ ਕਲਮਾਂ ਦੀਆਂ ਭੁਰੀਆਂ ਹੋਈਆਂ ਨੋਕਾਂ ਤੇ ਇਨ੍ਹਾਂ ਦੀ ਖਾਮੋਸ਼ੀ। ਹਰਫਾਂ ਨੂੰ ਸੂਲੀ `ਤੇ ਟੰਗ ਦਿਤਾ ਏ। ਵਰਕਿਆਂ `ਤੇ ਵੈਣ ਲਿਖਣ ਲਈ ਕਾਹਲੇ। ਇਨ੍ਹਾਂ ਦੀ ਇਬਾਰਤ ਤੇ ਅਦਾਇਗੀ ਵਿਚ ਹਾਕਮਾਂ ਦੀਆਂ ਸਿਫਤਾਂ ਦੇ ਪੁਲ। ਇਨ੍ਹਾਂ ਦੀ ਕਲਾ ਵਿਚ ਕਾਲਖਾਂ ਦੀ ਖੇਤੀ ਅਤੇ ਕਿਰਤਾਂ ਵਿਚ ਕੁਲਹਿਣੇ ਪਲਾਂ ਨੂੰ ਨਿਉਂਦਾ। ਇਹ ਕਲਮਾਂ ਗੁਲਾਮ ਜ਼ਹਿਨੀਅਤ ਦਾ ਪ੍ਰਗਟਾਵਾ ਕਰਨ ਵਿਚ ਕਾਹਲੀਆਂ। ਝੋਲੀ ਚੁੱਕ ਬਣੀਆਂ ਇਹ ਕਲਮਾਂ, ਬਿਮਾਰ-ਮਾਨਸਿਕਤਾ ਦਾ ਪੈਮਾਨਾ। ਹਰ ਦਰ, ਘਰ ਤੇ ਵਿਹੜੇ ਵਿਚ ਹੌਕਿਆਂ ਦੀ ਫਸਲ ਬੀਜਣ ਲਈ ਬੇਕਰਾਰ। ਅਜਿਹੀਆਂ ਕਲਮਾਂ, ਜੋ ਕਰਦੀਆਂ ਕੂੜ ਦਾ ਵਪਾਰ, ਡਿੱਗ ਚੁੱਕਾ ਮਿਆਰ, ਗਰਕ ਚੁੱਕਾ ਕਿਰਦਾਰ ਅਤੇ ਇਨ੍ਹਾਂ ਦੀ ਗੁਫਤਾਰ ਵਿਚ ਏ ਜ਼ਹਿਰ ਦਾ ਵਪਾਰ। ਵਿਹਾਰ ਵਿਚੋਂ ਗੁੰਮ ਏ ਜੀਵਨੀ ਅਚਾਰ। ਇਹ ਤਾਂ ਕਬਰਾਂ, ਕੁਕਰਮਾਂ, ਕਰਤੂਤਾਂ, ਕਮੀਨਗੀਆਂ ਤੇ ਕੀਰਨਿਆਂ ਵਿਚੋਂ ਹੀ ਆਪਣੀ ਕਰਮਹੀਣਤਾ ਨੂੰ ਵਰਕਿਆਂ ਦੇ ਨਾਮ ਕਰਨ ਲਈ ਰੁਚਿਤ। ਜਦ ਕਲਮ ਮਰਦੀ ਤਾਂ ਵਰਕਿਆਂ ਦੇ ਨਾਮ ਮਨੁੱਖਤਾ ਦਾ ਸੰਤਾਪ ਕਰਦੀ। ਬੰਦਿਆਈ ਤੇ ਭਲਿਆਈ ਨੂੰ ਕੰਗਾਲ ਕਰਦੀ ਅਤੇ ਜਿ਼ੰਦਗੀ ਦੇ ਸੁਹਾਵਣੇ ਪਲਾਂ ਨੂੰ ਸੋਗ, ਸੁੰਨਤਾ ਤੇ ਸਰਾਪ ਨਾਲ ਵਰਦੀ।
ਆਪਣੇ ਆਪ ਵਿਚ ਮਸ਼ਰੂਫ ਕੁਝ ਕੁ ਉਹ ਵੀ ਹੋ ਸਕਦੇ ਨੇ, ਜਿਨ੍ਹਾਂ ਦੀ ਫਿਤਰਤ ਵਿਚ ‘ਮੈਨੂੰ ਕੀ’ ਦਾ ਬਿਰਤਾਂਤ। ਉਹ ਖੁਦ ਤੀਕ ਸੀਮਤ। ਉਨ੍ਹਾਂ ਨੂੰ ਸਮਾਜ ਦੀ ਕੋਈ ਨਹੀਂ ਚਿੰਤਾ। ਸ਼ਾਇਦ ਉਹ ਭੁੱਲ ਬੈਠੇ ਕਿ ਪੱਥਰਾਂ ਦੇ ਗਵਾਂਢ ਵਿਚ ਹੁੰਦਿਆਂ, ਕੱਚ ਦੇ ਘਰਾਂ ਵਿਚ ਰਹਿਣ ਵਾਲੇ ਕਦੇ ਵੀ ਸੁਰੱਖਿਅਤ ਨਹੀਂ ਹੁੰਦੇ। ਧੂੰਏਂ ਨੂੰ ਬਸੰਤਰ ਸਮਝਣ ਵਾਲੇ। ਕੰਧ `ਤੇ ਬਹਿ ਕੇ ਤਮਾਸ਼ਾ ਦੇਖਣ ਵਾਲੇ। ਇਨ੍ਹਾਂ ਨੂੰ ਯਾਦ ਹੀ ਨਹੀਂ ਕਿ ਕਣਕ ਦੇ ਨਾਲ ਸੁੱਸਰੀ ਵੀ ਪੀਸੀ ਜਾਂਦੀ ਏ।
ਅਜਿਹੇ ਸਿਰਫ ਕੁਝ ਕੁ ਹੀ ਲੋਕ ਹੋ ਸਕਦੇ। ਜਰੂਰਤ ਹੈ ਕਿ ਇਨ੍ਹਾਂ ਦੇ ਕਿਰਦਾਰ, ਗੁਫਤਾਰ, ਵਿਹਾਰ ਤੇ ਅਚਾਰ ਨੂੰ ਘੋਖਵੀਂ ਨਜ਼ਰ ਨਾਲ ਦੇਖਿਆ ਜਾਵੇ। ਇਨ੍ਹਾਂ ਦੀਆਂ ਸਾਜਿਸ਼ੀ ਚਾਲਾਂ, ਭਰਾ-ਮਾਰੂ ਵਰਤਾਰਿਆਂ ਅਤੇ ਹੋਛੀਆਂ ਹਰਕਤਾਂ ਦੀਆਂ ਪਰਤਾਂ ਨੂੰ ਬਾਰੀਕ-ਬੀਨੀ ਨਾਲ ਸਮਝਿਆ ਜਾਵੇ। ਇਨ੍ਹਾਂ ਤੋਂ ਸੁਚੇਤ ਰਿਹਾ ਜਾਵੇ। ਇਹ ਕੁਝ ਕੁ ਜੋ ਕੁਰਸੀਆਂ ਖਾਤਰ ਆਪਣਿਆਂ ਦਾ ਖੂਨ ਕਰ ਸਕਦੇ, ਜਾਇਦਾਦ ਦੇ ਲਾਲਚ ਵਿਚ ਭਰਾਵਾਂ ਨੂੰ ਖੇਤਾਂ ਵਿਚ ਦਫਨਾ ਸਕਦੇ ਅਤੇ ਚੌਧਰ ਲਈ ਆਪਣਿਆਂ ਦਾ ਹੀ ਕੱਫਣ ਸਿਉਂਦੇ। ਇਨ੍ਹਾਂ ਤੋਂ ਸਾਵਧਾਨ ਰਹਿਣਾ, ਸਮੇਂ ਦੀ ਸਭ ਤੋਂ ਵੱਡੀ ਲੋੜ। ਇਸ ਨੂੰ ਤਰਜ਼ੀਹ ਬਣਾਉਣਾ, ਹਰ ਸੂਝਵਾਨ ਸੰਗਰਾਮੀ ਦਾ ਪਲੇਠਾ ਫਰਜ਼ ਤਾਂ ਕਿ ਤਦਬੀਰ ਨੂੰ ਸਮਿਆਂ ਦੀ ਤਕਦੀਰ ਤੇ ਤਵਾਰੀਖ ਬਣਾਇਆ ਜਾ ਸਕੇ।
ਸੱਚ ਤਾਂ ਇਹ ਵੀ ਹੈ ਕਿ ਤਿੱਤਰਖੰਭੀਆਂ ਕਦੇ ਵੀ ਸੂਰਜ ਦੇ ਪ੍ਰਤਾਪ ਨੂੰ ਰੋਕ ਨਹੀਂ ਸਕਦੀਆਂ।