ਨੋਬਲ ਪੁਰਸਕਾਰ ਵਿਜੇਤਾ ਤੇ ਨੇਕ ਦਿਲ ਇਨਸਾਨ-ਡਾ. ਸੀ. ਵੀ. ਰਮਨ

ਰਣਜੀਤ ਸਿੰਘ ਲੁਧਿਆਣਾ
ਫੋਨ: 91-99155-15436
“ਜਿ਼ੰਦਗੀ ਦਾ ਹਰ ਚੰਗਾ ਕੰਮ ਧਰਮ ਵਾਂਗ ਪਵਿੱਤਰ ਜਾਣ ਕੇ ਕਰਨਾ ਚਾਹੀਦਾ ਹੈ।” ਇਹ ਵਿਚਾਰ ਨੋਬਲ ਪੁਰਸਕਾਰ ਵਿਜੇਤਾ ਡਾ. ਸੀ. ਵੀ. ਰਮਨ ਦੇ ਹਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਇਕ ਨਿਸ਼ਕਾਮ ਸੇਵਕ ਦੀ ਤਰ੍ਹਾਂ ਲਗਾਤਾਰ ਵਿਗਿਆਨਕ ਖੋਜਾਂ ਵਿਚ ਲਾ ਕੇ ਜੀਵਨ ਦੀਆਂ ਬੁਲੰਦੀਆਂ ਨੂੰ ਛੋਹਿਆ। ਖਾਹਿਸ਼, ਸਾਹਸ ਅਤੇ ਘਾਲ ਨੂੰ ਉਹ ਆਪਣਾ ਆਦਰਸ਼ ਮੰਨਦੇ ਸਨ। ਉਹ ਨੌਜਵਾਨਾਂ ਨੂੰ ਹਮੇਸ਼ਾ ਹੀ ਇਹ ਕਹਿੰਦੇ ਸਨ ਕਿ ਖੋਜ ਨੂੰ ਕਦੇ ਵੀ ਸਵੈ-ਪ੍ਰਚਾਰ ਤੇ ਸਵੈ-ਉਪਮਾ ਲਈ ਨਾ ਵਰਤੋ। ਉਨ੍ਹਾਂ ਦੇ ਵਿਚਾਰਾਂ ਅਨੁਸਾਰ ਵਿਗਿਆਨ ਸੱਚ ਦੀ ਤਲਾਸ਼ ਦਾ ਨਾਂ ਹੈ।

ਇਹ ਸੱਚ ਸਿਰਫ ਭੌਤਿਕ ਵਸਤੂਆਂ ਦੀ ਦੁਨੀਆਂ ਦਾ ਸੱਚ ਹੀ ਨਹੀਂ, ਸਗੋਂ ਤਰਕ ਦੀ ਦੁਨੀਆਂ, ਮਨੋ ਵਿਗਿਆਨ ਦੀ ਦੁਨੀਆਂ ਅਤੇ ਰੋਜ਼ਾਨਾ ਜਿ਼ੰਦਗੀ ਜਿਊਣ ਦਾ ਸੱਚ ਵੀ ਹੈ। ਸੱਚਾ ਵਿਗਿਆਨੀ ਹਮੇਸ਼ਾ ਗਲਤ ਅਤੇ ਝੂਠ ਨੂੰ ਤਿਆਗਦਾ ਹੈ। ਵਿਸ਼ਵ ਵਿਦਿਆਲਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਹ ਕਹਿੰਦੇ ਸਨ ਕਿ ਉਹ ਵਿਸ਼ਵ ਵਿਦਿਆਲਾ ਹੀ ਨਹੀਂ, ਜੋ ਸੱਚ ਦੀ ਭਾਲ ਕਰਨਾ ਨਾ ਸਿਖਾਵੇ। ਸੱਚ ਦੀ ਭਾਲ ਨੂੰ ਹੀ ਖੋਜ ਕਿਹਾ ਜਾਂਦਾ ਹੈ। ਖੋਜ ਦੇ ਰਾਹੀਂ ਹੀ ਗਿਆਨ ਦੇ ਨਵੇਂ ਤੇ ਵਿਕਾਸਮਈ ਭੰਡਾਰ ਪ੍ਰਾਪਤ ਹੁੰਦੇ ਹਨ। ਵਿਦਿਆਰਥੀ ਨੂੰ ਇੱਕ ਜਗਿਆਸੂ ਦੀ ਤਰ੍ਹਾਂ ਹੋਣਾ ਚਾਹੀਦਾ ਹੈ, ਨਹੀਂ ਤਾਂ ਉਹ ਗਿਆਨ ਪ੍ਰਾਪਤੀ ਵਿਚ ਪੱਛੜ ਜਾਵੇਗਾ।
ਅਜਿਹੇ ਮਹਾਨ ਵਿਗਿਆਨੀ ਦਾ ਜਨਮ 7 ਨਵੰਬਰ 1888 ਨੂੰ ਦੱਖਣੀ ਭਾਰਤ ਦੇ ਸ਼ਹਿਰ ਤ੍ਰਿਚਨਾਪਲੀ ਨੇੜੇ ਥੀਰੂਵਾਨੈਕਵਨ ਪਿੰਡ ਵਿਚ ਪਿਤਾ ਚੰਦਰ ਸ਼ੇਖਰ ਆਇਰ ਅਤੇ ਮਾਤਾ ਪਾਰਵਤੀ ਆਮੇਲ ਦੇ ਘਰ ਹੋਇਆ। ਰਮਨ ਦੇ ਪਿਤਾ ਵਿਸ਼ਾਖਾਪਟਨਮ ਦੇ ਗਿਰਜਾ ਘਰ ਕਾਲਜ ਵਿਚ ਗਣਿਤ ਅਤੇ ਭੌਤਿਕ ਵਿਗਿਆਨ ਦੇ ਅਧਿਆਪਕ ਸਨ, ਉਨ੍ਹਾਂ ਦੀ ਦਿਲਚਸਪੀ ਤਾਰਾ ਵਿਗਿਆਨ ਅਤੇ ਸੰਗੀਤ ਵਿਚ ਵੀ ਸੀ। ਵੀਨਾ ਅਤੇ ਮ੍ਰਿੰਦਗ ਵਜਾਉਣ ਵਿਚ ਉਹ ਮਾਹਿਰ ਸਨ, ਜਿਸ ਦਾ ਪ੍ਰਭਾਵ ਸੀ. ਵੀ. ਰਮਨ `ਤੇ ਵੀ ਪਿਆ। ਉਸ ਦੀ ਮਾਤਾ ਸੰਸਕ੍ਰਿਤ ਵਿਚ ਚੰਗੀ ਮੁਹਾਰਤ ਰੱਖਦੀ ਸੀ ਅਤੇ ਦ੍ਰਿੜ ਇਰਾਦੇ ਵਾਲੀ ਔਰਤ ਸੀ।
ਰਮਨ ਨੇ 11 ਸਾਲ ਦੀ ਉਮਰ ਵਿਚ ਦਸਵੀਂ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਮੈਰਿਟ ਲਿਸਟ ਵਿਚ ਪਹਿਲਾ ਅਸਥਾਨ ਪ੍ਰਾਪਤ ਕੀਤਾ। 12 ਸਾਲ ਦੀ ਉਮਰ ਵਿਚ ਉਸ ਨੇ ਮੈਡਮ ਐਨੀ ਬੀਸੈਟ ਦਾ ਇਕ ਭਾਸ਼ਨ ਸੁਣਿਆ, ਜਿਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਉਸ ਦੀਆਂ ਹੋਰ ਪੁਸਤਕਾਂ ਲੈ ਕੇ ਪੜ੍ਹੀਆਂ ਅਤੇ ਕਈ ਧਾਰਮਿਕ ਗ੍ਰੰਥਾਂ ਦਾ ਅਧਿਐਨ ਵੀ ਕੀਤਾ। ਬਚਪਨ ਤੋਂ ਹੀ ਰਮਨ ਦੀ ਰੁਚੀ ਭੌਤਿਕ ਵਿਗਿਆਨ ਵਿਚ ਹੀ ਸੀ ਅਤੇ ਉਸ ਨੇ ਸਕੂਲ ਪੜ੍ਹਦਿਆਂ ਹੀ ਇਕ ਡਾਇਨਮੋ ਬਣਾ ਲਈ ਸੀ। ਸਕੂਲ ਪੜ੍ਹਦਿਆਂ ਹੀ ਉਸ ਨੂੰ ਜੋਹਨ ਟਿੰਡਲ ਦੀ ਪੁਸਤਕ ਨਿਊ ਫਰੈਗਮੈਂਟਸ ਪੜ੍ਹਨ ਲਈ ਮਿਲ ਗਈ। ਇਸ ਪੁਸਤਕ ਵਿਚ ਇਕ ਲੇਖ ਪਾਣੀ ਬਾਰੇ ਸੀ, ਜਿਸ ਨੂੰ ਉਸ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਇਹੀ ਲੇਖ ਉਸ ਦੀ ਖੋਜ ਦਾ ਸਾਧਨ ਬਣਿਆ। ਸਮੁੰਦਰ ਦੇ ਪਾਣੀ ਦੇ ਨੀਲੇ ਰੰਗ ਨੇ ਵੀ ਉਸ ਨੂੰ ਖੋਜ ਲਈ ਪ੍ਰੇਰਿਤ ਕੀਤਾ।
ਬੀ. ਏ. ਦੀ ਪੜ੍ਹਾਈ ਲਈ ਰਮਨ ਨੇੇ ਪ੍ਰੈਜ਼ੀਡੈਂਸੀ ਕਾਲਜ ਮਦਰਾਸ ਵਿਚ ਦਾਖਲਾ ਲਿਆ। ਰਮਨ ਆਪਣੀ ਕਲਾਸ ਵਿਚ ਸਭ ਤੋਂ ਛੋਟੀ ਉਮਰ ਦਾ ਵਿਦਿਆਰਥੀ ਸੀ। ਪ੍ਰੋ. ਈ. ਐਚ. ਈਲੀਅਟ ਰਮਨ ਦੀ ਛੋਟੀ ਉਮਰ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਜਿਸ ਸਵੈ-ਵਿਸ਼ਵਾਸ ਨਾਲ ਰਮਨ ਨੇ ਪ੍ਰੋਫੈਸਰ ਦੀਆਂ ਗੱਲਾਂ ਦਾ ਜੁਆਬ ਦਿੱਤਾ, ਉਹ ਬਹੁਤ ਪ੍ਰਭਾਵਿਤ ਹੋਏ। ਸੰਨ 1904 ਵਿਚ ਰਮਨ ਨੇ ਬੀ. ਏ. ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਉਚ ਵਿਦਿਆ ਪ੍ਰਾਪਤੀ ਲਈ ਇੰਗਲੈਂਡ ਜਾਣਾ ਚਾਹੁੰਦਾ ਸੀ, ਪਰ ਸਿਹਤ ਪੱਖੋਂ ਕਮਜੋਰ ਹੋਣ ਕਾਰਨ ਜਾ ਨਹੀਂ ਸਕਿਆ ਅਤੇ ਉਸ ਨੇ ਐਮ. ਏ. ਕਲਾਸ ਵਿਚ ਪ੍ਰੈਜ਼ੀਡੈਂਸੀ ਕਾਲਜ ਵਿਚ ਦਾਖਲਾ ਲੈ ਲਿਆ ਤੇ ਭੌਤਿਕ ਵਿਗਿਆਨ ਵਿਸ਼ੇ ਦੀ ਚੋਣ ਕੀਤੀ। ਉਸ ਦੀ ਖੋਜ ਕਾਰਜਾਂ ਵਿਚ ਬਹੁਤ ਦਿਲਚਸਪੀ ਸੀ। ਐਮ. ਏ. ਕਰਨ ਤੋਂ ਬਾਦ ਰਮਨ ਦਾ ਵਿਆਹ ਲੌਕਾ ਸੁੰਦਰੀ ਨਾਲ ਹੋ ਗਿਆ, ਜੋ ਸੰਗੀਤ ਵਿਚ ਖਾਸ ਰੁਚੀ ਰੱਖਦੀ ਸੀ। ਇਹ ਵਿਆਹ ਅੰਤਰਜਾਤੀ ਸੀ, ਜਿਸ ਨੂੰ ਰਚਾ ਕੇ ਰਮਨ ਨੇ ਆਪਣੇ ਸਮੇਂ ਵਿਚ ਵਿਲੱਖਣ ਗੱਲ ਕੀਤੀ।
1907 ਵਿਚ ਰਮਨ ਦੀ ਨਿਯੁਕਤੀ ਭਾਰਤ ਸਰਕਾਰ ਦੇ ਅਰਥ ਵਿਭਾਗ ਵਿਚ ਬਤੌਰ ਸਹਾਇਕ ਅਕਾਊਂਟੈਂਟ ਕਲਕੱਤੇ ਹੋ ਗਈ। ਉਸ ਨੇ ਇਹ ਅਹੁਦਾ ਬਹੁਤ ਇਮਾਨਦਾਰੀ ਤੇ ਸੱਚੀ ਲਗਨ ਨਾਲ ਨਿਭਾਇਆ। ਸਰਕਾਰੀ ਨੌਕਰੀ ਦੀਆਂ ਉਲਝਣਾ ਦੇ ਬਾਵਜੂਦ ਉਸ ਨੇ ਭੌਤਿਕ ਵਿਗਿਆਨ ਵਿਚ ਖੋਜ ਕਾਰਜ ਜਾਰੀ ਰੱਖੇ। ਇੱਕ ਦਿਨ ਰਮਨ ਦਫਤਰੋਂ ਛੁੱਟੀ ਤੋਂ ਬਾਅਦ ਟ੍ਰਾਮ ਰਾਹੀਂ ਘਰ ਵਾਪਸ ਆ ਰਿਹਾ ਸੀ ਕਿ ਉਸ ਦੀ ਨਜ਼ਰ ਇਕ ਬੋਰਡ `ਤੇ ਪਈ, ਜਿਸ `ਤੇ ਲਿਖਿਆ ਸੀ, “ਇੰਡੀਅਨ ਐਸੋਸੀਏਸ਼ਨ ਫਾਰ ਦਾ ਕਲਟੀਵੇਸ਼ਨ ਆਫ ਸਾਇੰਸ।” ਟ੍ਰਾਮ ਰੁਕਦਿਆਂ ਉਹ ਉਥੇ ਹੀ ਉਤਰ ਗਿਆ ਤੇ ਉਸ ਦਫਤਰ ਦੇ ਅੰਦਰ ਚਲਾ ਗਿਆ। ਇਸ ਦਫਤਰ ਦੇ ਬਾਨੀ ਸ਼੍ਰੀ ਅੰਮ੍ਰਿਤ ਲਾਲ ਸਿਰਕਾਰ ਨੂੰ ਮਿਲ ਕੇ ਭੌਤਿਕ ਵਿਗਿਆਨ ਵਿਸ਼ੇ ਵਿਚ ਖੋਜ ਕਰਨ ਦੀ ਇਜਾਜ਼ਤ ਮੰਗੀ, ਜੋ ਉਸ ਨੂੰ ਉਸੇ ਵੇਲੇ ਮਿਲ ਗਈ। ਇਸ ਤਰ੍ਹਾਂ ਉਹ ਦਫਤਰੋਂ ਛੁੱਟੀ ਤੋਂ ਬਾਅਦ ਖੋਜ ਕਾਰਜਾਂ ਵਿਚ ਰੁੱਝ ਗਿਆ। ਖੋਜ ਕਾਰਜਾਂ ਕਾਰਨ ਉਸ ਦੀ ਪ੍ਰਸਿਧੀ ਦੂਰ-ਦੂਰ ਤੱਕ ਫੈਲ ਗਈ ਅਤੇ ਦੁਨੀਆਂ ਭਰ ਤੋਂ ਪ੍ਰੋਫੈਸਰ ਅਤੇ ਨੌਜਵਾਨ ਵਿਦਿਆਰਥੀ ਉਸ ਦੇ ਸੰਪਰਕ ਵਿਚ ਆਉਣ ਲੱਗੇ। ਕੁਝ ਸਮੇਂ ਬਾਅਦ ਰਮਨ ਦੀ ਬਦਲੀ ਨਾਗਪੁਰ ਵਿਖੇ ਹੋ ਗਈ। ਜਦੋਂ ਉਹ ਉਥੇ ਪਹੁੰਚੇ ਤਾਂ ਕੁਝ ਦਿਨਾਂ ਬਾਅਦ ਹੀ ਪਲੇਗ ਦੀ ਮਹਾਂਮਾਰੀ ਫੈਲ ਗਈ। ਇਥੇ ਰਮਨ ਨੇ ਆਪ ਅਤੇ ਆਪਣੇ ਸਰਕਾਰੀ ਕਰਮਚਾਰੀਆਂ ਦੀ ਮਦਦ ਲਈ ਬਿਮਾਰਾਂ ਦੀ ਸੇਵਾ ਵਿਚ ਦਿਨ-ਰਾਤ ਇੱਕ ਕਰ ਦਿੱਤਾ। ਉਸ ਨੇ ਤਨ, ਮਨ, ਧਨ ਨਾਲ ਬਿਮਾਰ ਲੋਕਾਂ ਦੀ ਮਦਦ ਕੀਤੀ ਤੇ ਬਹੁਤ ਸਾਰੇ ਲੋਕਾਂ ਨੂੰ ਮਰਨ ਤੋਂ ਬਚਾ ਲਿਆ। ਪੂਰੇ ਨਾਗਪੁਰ ਵਿਚ ਇਸ ਨਵੇਂ ਆਏ ਅਫਸਰ ਦੀ ਚਰਚਾ ਘਰ ਘਰ ਹੋਣ ਲੱਗੀ।
1911 ਵਿਚ ਪ੍ਰੋ. ਰਮਨ ਦੀ ਬਦਲੀ ਡਾਕ ਤਾਰ ਵਿਭਾਗ ਵਿਚ ਕਲਕੱਤੇ ਬਤੌਰ ਅਕਾਊਂਟਂੈਟ ਜਨਰਲ (ਏ. ਜੀ.) ਹੋ ਗਈ ਅਤੇ ਫਿਰ ਉਹ ਕਲਕੱਤੇ ਵਿਖੇ ਹੀ ਸੰਸਥਾ ਵਿਚ ਖੋਜ ਕਾਰਜਾਂ ਵਿਚ ਜੁਟ ਗਏ। 1914 ਵਿਚ ਕਲਕੱਤੇ ਵਿਖੇ ਹੀ ਸਾਇੰਸ ਕਾਲਜ ਦੀ ਸਥਾਪਨਾ ਸ਼ੁਰੂ ਹੋਈ। ਭੌਤਿਕ ਵਿਗਿਆਨ ਦੀ ਪੜ੍ਹਾਈ ਲਈ ਇੱਕ ਪ੍ਰੋਫੈਸਰ ਦੀ ਲੋੜ ਸੀ। ਕਾਫੀ ਖੋਜ ਤੋਂ ਬਆਦ ਵਾਈਸ ਚਾਂਸਲਰ ਸਰ ਆਸ਼ੂਤੋਸ਼ ਮੁਖਰਜੀ ਨਾਲ ਗੱਲ ਕੀਤੀ। ਰਮਨ ਸੋਚਾਂ ਵਿਚ ਪੈ ਗਿਆ। ਇੱਕ ਪਾਸੇ ਸਰਕਾਰੀ ਗਜ਼ਟਡ ਨੌਕਰੀ ਤੇ ਦੂਜੇ ਪਾਸੇ ਪ੍ਰਾਈਵੇਟ ਕਾਲਜ। ਖੋਜ ਕਾਰਜਾਂ ਕਾਰਨ ਰਮਨ ਦੀ ਪ੍ਰਸਿਧੀ ਦੂਰ ਦੂਰ ਤੱਕ ਫੈਲ ਚੁਕੀ ਸੀ। ਅਖੀਰ ਰਮਨ ਨੇ ਹਾਂ ਕਰ ਦਿੱਤੀ, ਹਾਲਾਂਕਿ ਉਸ ਦੀ ਤਨਖਾਹ ਵੀ ਪਹਿਲਾਂ ਨਾਲੋਂ ਅੱਧੀ ਰਹਿ ਜਾਣੀ ਸੀ। ਜੁਲਾਈ 1917 ਵਿਚ ਕਾਲਜ ਬਣ ਕੇ ਤਿਆਰ ਹੋ ਗਿਆ ਤੇ ਰਮਨ ਸਰਕਾਰੀ ਨੌਕਰੀ ਛੱਡ ਕੇ ਪ੍ਰੋਫੈਸਰ ਦੀ ਨੌਕਰੀ `ਤੇ ਹਾਜਰ ਹੋ ਗਿਆ। ਇਹ ਨੌਕਰੀ ਉਸ ਦੇ ਮਨ ਪਸੰਦ ਦੀ ਸੀ ਅਤੇ ਉਸ ਨੂੰ ਭੌਤਿਕ ਵਿਗਿਆਨ ਵਿਚ ਖੋਜ ਕਰਨ ਦਾ ਮੌਕਾ ਵੀ ਮਿਲਦਾ ਰਹਿਣਾ ਸੀ।
ਪ੍ਰੋ. ਰਮਨ ਇੱਕ ਸਫਲ ਤੇ ਸੁਘੜ ਅਧਿਆਪਕ ਸਨ ਅਤੇ ਯੋਗ ਮਾਰਗ ਦਰਸ਼ਕ ਸਨ। ਉਨ੍ਹਾਂ ਨੇ ਭਾਰਤੀ ਵਿਗਿਆਨ ਵਿਕਾਸ ਸੰਸਥਾ ਨੂੰ ਉਚਾ ਚੁੱਕਣ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀ ਕੋਸ਼ਿਸ਼ ਸਦਕਾ ‘ਭਾਰਤੀ ਵਿਗਿਆਨ ਕਾਂਗਰਸ’ ਹੋਂਦ ਵਿਚ ਆਈ ਅਤੇ ਆਪ ਨੇ ਇਸ ਸੰਸਥਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ। ਇਨ੍ਹਾਂ ਦਿਨਾਂ ਵਿਚ ਹੀ ਬੰਗਲੌਰ ਵਿਖੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੀ ਸਥਾਪਨਾ ਹੋਈ ਤੇ ਪ੍ਰੋ. ਰਮਨ ਇਸ ਦੇ ਸੰਚਾਲਕ ਬਣੇ।
1921 ਵਿਚ ਪ੍ਰੋ. ਰਮਨ ਇੰਗਲੈਂਡ ਦੀ ਐਸਫੋਰਡ ਯੂਨੀਵਰਸਿਟੀ ਵਿਚ ਭਾਸ਼ਨ ਦੇਣ ਸਮੁੰਦਰੀ ਰਸਤੇ ਪਹੁੰਚੇ। ਇਸ ਯਾਤਰਾ ਦੌਰਾਨ ਭੂਮੱਧ ਸਾਗਰ ਤੇ ਗਹਿਰੇ ਨੀਲੇ ਪਾਣੀ ਨੇ ਉਸ ਦਾ ਧਿਆਨ ਆਪਣੇ ਵੱਲ ਖਿੱਚਿਆ। ਉਹ ਨੀਲੇ ਰੰਗ ਦੇ ਭੇਦ ਨੂੰ ਜਾਣਨ ਲਈ ਵਾਪਸ ਆ ਕੇ ਰੁੱਝ ਗਏ। 1922 ਵਿਚ ਉਨ੍ਹਾਂ ਨੇ ਇਸ ਸਬੰਧੀ ਖੋਜ ਭਰਪੂਰ ਲੇਖ ਲਿਖੇ, ਜੋ ਬਹੁਤ ਪਸੰਦ ਕੀਤੇ ਗਏ। 1922 ਵਿਚ ਹੀ ਕਲਕੱਤਾ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡੀ. ਐਸ. ਸੀ. ਦੀ ਡਿਗਰੀ ਨਾਲ ਸਨਮਾਨਿਤ ਕੀਤਾ। 1924 ਵਿਚ ਉਨ੍ਹਾਂ ਦੀਆਂ ਖੋਜਾਂ ਤੋਂ ਪ੍ਰਭਾਵਿਤ ਹੋ ਕੇ ਰਾਇਲ ਸੁਸਾਇਟੀ ਨੇ ਆਪਣਾ ਫੈਲੋ ਬਣਾ ਲਿਆ।
1924 ਵਿਚ ਬ੍ਰਿਟਿਸ਼ ਐਸੋਸੀਏਸ਼ਨ ਨੇ ਟੋਰਾਂਟੋ ਮੀਟਿੰਗ ਦੌਰਾਨ ਪ੍ਰਕਾਸ਼ ਵਿਗਿਆਨ ਨਾਲ ਸਬੰਧਤ ਇੱਕ ਕਾਨਫਰੰਸ ਦੇ ਉਦਘਾਟਨ ਲਈ ਪ੍ਰੋ. ਰਮਨ ਨੂੰ ਸੱਦਾ ਦਿੱਤਾ। ਇਸ ਤਰ੍ਹਾਂ ਲਗਭਗ ਦਸ ਮਹੀਨੇ ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਨਾਰਵੇ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿਚ ਰਮਨ ਨੇ ਖੋਜ ਪੱਤਰ ਪੜ੍ਹੇ।
ਅਗਲੇ ਤਿੰਨ ਸਾਲ ਲਗਾਤਾਰ ਆਪਣੇ ਸਹਿਯੋਗੀਆਂ ਨਾਲ ਪ੍ਰੋ. ਰਮਨ ਨੇ ਹਵਾ, ਬਰਫ ਤੇ ਹੋਰ ਦ੍ਰਵਾਂ ਅਤੇ ਠੋਸ ਪਦਾਰਥਾਂ ਤੇ ਰੋਸ਼ਨੀ ਦੇ ਖਿੰਡਰਾਓ ਕਾਰਨ ਪੈਦਾ ਹੋਈਆਂ ਕਿਰਨਾਂ ਦਾ ਅਧਿਅਨ ਕੀਤਾ। 28 ਫਰਵਰੀ 1928 ਨੂੰ ਇੱਕ ਵਿਲੱਖਣ ਪ੍ਰਭਾਵ ਦੀ ਖੋਜ ਕੀਤੀ, ਜਿਸ ਦਾ ਨਾਂ ਉਸ ਨੇ ‘ਰਮਨ ਪ੍ਰਭਾਵ’ ਰੱਖਿਆ, ਜੋ ਵਿਸ਼ਵ ਭਰ ਵਿਚ ਪ੍ਰਸਿੱਧ ਹੋਇਆ। ਇਸ ਖੋਜ ਸਦਕਾ 1928 ਵਿਚ ਇਟਲੀ ਦੀ ਵਿਗਿਆਨ ਪ੍ਰੀਸ਼ਦ ਨੇ ‘ਮੈਂਟਉਸ਼ੀ ਮੈਡਲ’ ਨਾਲ ਸਨਮਾਨਿਤ ਕੀਤਾ। 3 ਜੂਨ 1929 ਨੂੰ ਭਾਰਤ ਸਰਕਾਰ ਨੇ ਸਰ ਦੀ ਉਪਾਧੀ ਦਿੱਤੀ। 1930 ਵਿਚ ਲੰਡਨ ਦੀ ਰਾਇਲ ਸੁਸਾਇਟੀ ਨੇ ਸਭ ਤੋਂ ਵੱਡੇ ਇਨਾਮ ‘ਹਿਊਜਜ਼ ਮੈਡਲ’ ਨਾਲ ਸਨਮਾਨਿਤ ਕੀਤਾ। ਇਸੇ ਖੋਜ ਕਾਰਨ ਪ੍ਰੋ. ਰਮਨ ਨੂੰ 10 ਦਸੰਬਰ 1930 ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਖੇ ‘ਨੋਬਲ ਇਨਾਮ’ ਨਾਲ ਸਨਮਾਨਿਤ ਕੀਤਾ ਗਿਆ। ਇਥੋਂ ਹੀ ਉਨ੍ਹਾਂ ਨੂੰ ਸਵੀਡਨ, ਨਾਰਵੇ, ਡੈਨਮਾਰਕ, ਜਰਮਨੀ ਵਿਖੇ ਭਾਸ਼ਨ ਦੇਣ ਲਈ ਸੱਦੇ ਮਿਲੇ ਤੇ ਸਨਮਾਨ ਦੇਣ ਵਾਲਿਆਂ ਦੀ ਇੱਕ ਤਰ੍ਹਾਂ ਨਾਲ ਝੜੀ ਲੱਗ ਗਈ। ਅਗਲੇ ਸਾਲ 1931 ਵਿਚ ਬੰਬਈ, ਕਾਂਸ਼ੀ, ਮਦਰਾਸ ਤੇ ਢਾਕਾ ਦੀਆਂ ਯੂਨੀਵਰਸਿਟੀਆਂ ਨੇ ਸਨਮਾਨਿਤ ਕੀਤਾ।
1933 ਵਿਚ ਆਪ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਏ। 1934 ਵਿਚ ਆਪ ਨੂੰ ਭਾਰਤੀ ਵਿਗਿਆਨ ਅਕੈਡਮੀ ਦਾ ਪ੍ਰਧਾਨ ਚੁਣ ਲਿਆ ਗਿਆ। 1943 ਤੱਕ ਆਪ ਇੰਡੀਅਨ ਇੰਸਟੀਚਿਊਟ ਆਫ ਬੰਗਲੌਰ ਦੇ ਡਾਇਰੈਕਟਰ ਰਹੇ। ਅਜ਼ਾਦ ਭਾਰਤ ਵਿਚ ਉਹ ਭਾਰਤ ਦੇ ਪਹਿਲੇ ਰਾਸ਼ਟਰੀ ਪ੍ਰੋਫੈਸਰ ਘੋਸ਼ਿਤ ਕੀਤੇ ਗਏ। 15 ਅਗਸਤ 1954 ਨੂੰ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਆ ਗਿਆ। 1957 ਵਿਚ ਰੂਸ ਦੁਆਰਾ ਕੌਮਾਂਤਰੀ ਲੈਨਿਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕੁੱਲ 360 ਖੋਜ ਪੱਤਰ ਅਤੇ ਚਾਰ ਪੁਸਤਕਾਂ ਲਿਖੀਆਂ। 21 ਨਵੰਬਰ 1970 ਨੂੰ 82 ਸਾਲ ਦੀ ਉਮਰ ਵਿਚ ਡਾ. ਰਮਨ ਅਕਾਲ ਚਲਾਣਾ ਕਰ ਗਏ।
ਡਾ. ਰਮਨ ਇੱਕ ਸੱਚੇ ਵਿਗਿਆਨੀ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਨੂੰ ਅਰਪਣ ਕੀਤਾ ਸੀ। ਕੁਦਰਤੀ ਘਟਨਾਵਾਂ ਨੂੰ ਸਮਝਣ ਲਈ ਉਨ੍ਹਾਂ ਵਿਚ ਬਹੁਤ ਉਤਸੁਕਤਾ ਸੀ। ਉਹ ਦਰਖਤਾਂ ਤੇ ਫੁੱਲਾਂ ਨੂੰ ਬਹੁਤ ਪਸੰਦ ਕਰਦੇ ਸਨ। ਬੰਗਲੌਰ ਖੋਜ ਸੰਸਥਾ, ਜੋ ਉਨ੍ਹਾਂ ਨੇ ਮੈਸੂਰ ਦੇ ਮਹਾਰਾਜਾ ਵੱਲੋਂ ਦਿੱਤੀ 11 ਏਕੜ ਜਮੀਨ ਵਿਚ ਬਣਾਈ ਸੀ ਤੇ ਜਿਸ ਦੇ ਉਹ ਅਖੀਰ ਤੱਕ ਡਾਇਰੈਕਟਰ ਵੀ ਰਹੇ, ਉਸ ਵਿਚ ਵਧੀਆ ਕਿਸਮ ਦੇ ਨਰਸਰੀ ਤੇ ਸਭ ਤੋਂ ਵਧੀਆ ਕਿਸਮ ਦੇ ਗੁਲਾਬ ਦੇ ਬੂਟੇ ਲਿਆ ਕੇ ਆਪਣੀ ਦੇਖ-ਰੇਖ ਵਿਚ ਪਾਲਦੇ ਸਨ। ਜੀਵਨ ਦੇ ਅੰਤਲੇ ਸਮੇਂ ਵਿਚ ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਰਮਨ ਖੋਜ ਸੰਸਥਾ ਨੂੰ ਦੇ ਦਿੱਤੀ।
ਪ੍ਰੋ. ਰਮਨ ਨੇ ਆਪਣੇ ਇੱਕ ਵਿਦਿਆਰਥੀ ਡਾ. ਪੀ. ਆਰ. ਪਿਸ਼ਾਰੋਟੀ ਨੂੰ ਸਵੇਰੇ ਸੱਤ ਵਜੇ ਬੜੀ ਉਦਾਸੀ ਵਿਚ ਬੈਠਾ ਵੇਖ ਕੇ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਜੋ ਖੋਜ ਮੈਂ ਕਰ ਰਿਹਾ ਹਾਂ, ਇਹੀ ਖੋਜ ਇੱਕ ਇੰਗਲੈਂਡ ਦਾ ਵਿਗਿਆਨੀ ਵੀ ਕਰ ਰਿਹਾ ਹੈ। ਉਸ ਕੋਲ 5 ਕਿਲੋਵਾਟ ਦੀ ਸ਼ਕਤੀ ਵਾਲੀ ਐਕਸ ਕਿਰਨ ਟਿਊਬ ਹੈ ਤੇ ਮੇਰੇ ਕੋਲ ਸਿਰਫ ਇੱਕ ਕਿਲੋਵਾਟ ਦੀ ਹੈ। ਇਹ ਸੁਣ ਕੇ ਪ੍ਰੋ. ਰਮਨ ਬੋਲੇ, ਬੱਸ ਏਨੀ ਹੀ ਗੱਲ ਹੈ। ਤੁਸੀਂ ਆਪਣੀ ਇੱਕ ਕਿਲੋਵਾਟ ਦੀ ਟਿਊਬ ਉਤੇ ਦਸ ਕਿਲੋਵਾਟ ਦਾ ਦਿਮਾਗ ਲਾ ਦਿਓ।
ਜੁਆਬ ਦੇਣ ਵਿਚ ਡਾ. ਰਮਨ ਨੂੰ ਚੰਗੀ ਮੁਹਾਰਤ ਸੀ। ਕਿਸੇ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਤਸੀਂ ਹਰ ਵੇਲੇ ਪਗੜੀ ਕਿਉਂ ਬੰਨਦੇ ਹੋ ਤਾਂ ਤੁਰੰਤ ਉਨ੍ਹਾਂ ਨੇ ਜਵਾਬ ਦਿੱਤਾ, ਕਿਤੇ ਮੇਰਾ ਸਿਰ ਫੁਲ ਨਾ ਜਾਵੇ। ਇਮਾਨਦਾਰਾਂ ਦੀ ਉਹ ਕਿੰਨੀ ਕਦਰ ਕਰਦੇ ਸਨ, ਇਸ ਦਾ ਪਤਾ ਇਸ ਇਕ ਘਟਨਾ ਤੋਂ ਹੀ ਲੱਗਦਾ ਹੈ। ਆਪਣੀ ਖੋਜ ਸੰਸਥਾ ਵਾਸਤੇ ਉਨ੍ਹਾਂ ਨੂੰ ਇਕ ਖੋਜ ਸਹਾਇਕ ਦੀ ਲੋੜ ਸੀ। ਕਈ ਮੁੰਡੇ ਇੰਟਰਵਿਊ ਦੇਣ ਆਏ। ਇੱਕ ਮੁੰਡੇ ਨੂੰ ਤਾਂ ਉਨ੍ਹਾਂ ਨੇ ਕਹਿ ਹੀ ਦਿੱਤਾ ਕਿ ਤੇਰੇ ਲਈ ਇਥੇ ਕੋਈ ਨੌਕਰੀ ਨਹੀਂ। ਉਹ ਮਾਯੂਸ ਹੋ ਕੇ ਬਾਹਰ ਚਲਾ ਗਿਆ। ਇੰਟਰਵਿਊ ਖਤਮ ਹੋਣ ਤੋਂ ਬਾਅਦ ਡਾ. ਰਮਨ ਬਾਹਰ ਨਿੱਕਲੇ ਤਾਂ ਉਹੀ ਮੁੰਡਾ ਬਰਾਂਡੇ ਵਿਚ ਖੜ੍ਹਾ ਸੀ। ਡਾ. ਰਮਨ ਨੇ ਉਸ ਨੂੰ ਕੋਲ ਬੁਲਾ ਕੇ ਕਿਹਾ ਕਿ ਇਸ ਤਰ੍ਹਾਂ ਇੱਥੇ ਖੜ੍ਹੇ ਰਹਿਣ ਨਾਲ ਤੈਨੂੰ ਨੌਕਰੀ ਨਹੀਂ ਮਿਲ ਜਾਣੀ। ਉਹ ਮੁੰਡਾ ਕਹਿਣ ਲੱਗਾ ਕਿ ਸਰ ਮੈਂ ਨੌਕਰੀ ਲਈ ਨਹੀਂ ਖੜ੍ਹਾ। ਮੈਂ ਤਾਂ ਕਲਰਕ ਨੂੰ ਉਡੀਕ ਰਿਹਾ ਹਾਂ, ਜਿਸ ਨੇ ਮੈਨੂੰ ਟੀ. ਏ. ਦੇਣ ਲੱਗਿਆਂ ਪੰਜ ਰੁਪਏ ਵੱਧ ਦੇ ਦਿੱਤੇ ਹਨ ਅਤੇ ਉਹ ਵਾਪਸ ਕਰਨ ਲਈ ਮੈਂ ਖੜ੍ਹਾ ਹਾਂ। ਇਹ ਸੁਣ ਕੇ ਡਾ. ਰਮਨ ਕਹਿਣ ਲੱਗੇ, ਤੂੰ ਹੁਣ ਚਲਾ ਜਾਹ, ਕੱਲ੍ਹ ਆ ਜਾਈਂ। ਕਲਰਕ ਨੂੰ ਪੰਜ ਰੁਪਏ ਵਾਪਸ ਕਰ ਦੇਈਂ ਤੇ ਨਾਲ ਹੀ ਆਪਣਾ ਨਿਯੁਕਤੀ ਪੱਤਰ ਲੈ ਜਾਵੀਂ। ਮੁੰਡਾ ਇਹ ਸੁਣ ਕੇ ਚੌਂਕ ਜਿਹਾ ਗਿਆ। ਡਾ. ਰਮਨ ਫਿਰ ਬੋਲੇ ਕਿ ਫਿਜਿਕਸ ਤਾਂ ਮੈਂ ਪੜ੍ਹਾ ਲਵਾਂਗਾ, ਪਰ ਇਮਾਨਦਾਰੀ ਦਾ ਪਾਠ ਸਭ ਨੂੰ ਤੂੰ ਸਿਖਾਵੇਂਗਾ।
ਨਾਗਪੁਰ ਵਿਖੇ ਅਕਾਊਂਟਂੈਟ ਜਨਰਲ ਦੀ ਨੌਕਰੀ ਸਮੇਂ ਇਕ ਗਰੀਬ ਪੇਂਡੂ ਆਦਮੀ ਦੇ ਕਰੰਸੀ ਨੋਟਾਂ ਨੂੰ ਅੱਗ ਲੱਗ ਗਈ। ਉਹ ਰੋਂਦਾ ਰੋਂਦਾ ਦਫਤਰ ਪਹੁੰਚਿਆ, ਪਰ ਉਸ ਦੀ ਕਿਸੇ ਨਾ ਸੁਣੀ। ਰਮਨ ਨੇ ਉਸ ਆਦਮੀ ਨੂੰ ਖੁਦ ਬੁਲਾਇਆ। ਲੈਨਜ਼ ਨਾਲ ਨੋਟ ਚੈਕ ਕੀਤੇ ਅਤੇ ਨੰਬਰ ਪੜ੍ਹਨਯੋਗ ਸਨ। ਰਮਨ ਨੇ ਦਫਤਰ ਨੂੰ ਹਦਾਇਤ ਕੀਤੀ ਕਿ ਗਰੀਬ ਆਦਮੀ ਕੋਲੋਂ ਜਲੇ ਹੋਏ ਨੋਟ ਲੈ ਕੇ ਨਵੇਂ ਨੋਟ ਦਿੱਤੇ ਜਾਣ।
ਪ੍ਰੋ. ਰਮਨ ਇੱਕ ਮਹਾਨ ਵਿਗਿਆਨੀ ਜਾਂ ਖੋਜਕਾਰ ਹੀ ਨਹੀਂ ਸਨ, ਸਗੋਂ ਸਭ ਤੋਂ ਉਪਰ ਨੇਕ ਦਿਲ, ਗਰੀਬਾਂ ਦੇ ਹਮਦਰਦ ਤੇ ਉਚ ਕੋਟੀ ਦੇ ਮਹਾਨ ਇਨਸਾਨ ਵੀ ਸਨ। ਡਾ. ਰਮਨ ਦੀ ਖੋਜ ਜਿਸ ਦਿਨ ਪੂਰੀ ਹੋਈ ਸੀ, ਉਸ ਦਿਨ ਨੂੰ ਸਮੁੱਚੇ ਭਾਰਤ ਵਿਚ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ। ਇਸ ਤਰ੍ਹਾਂ 28 ਫਰਵਰੀ ਦਾ ਦਿਨ ਉਨ੍ਹਾਂ ਦੀ ਖੋਜ ਨੂੰ ਸਮਰਪਿਤ ਹੈ, ਜਿਸ ਨੂੰ ਰਾਸ਼ਟਰੀ ਵਿਗਿਆਨ ਦਿਵਸ ਨਾਲ ਯਾਦ ਕੀਤਾ ਜਾਂਦਾ ਹੈ।