ਬੈਚ ਫੁੱਲ ਸੈਂਟਾਉਰੀ-ਸੇਵਕ ਸੁਰਤੀ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਕੁਦਰਤ ਦੀ ਖੇਡ ਵੀ ਅਜੀਬ ਹੈ। ਇਸ ਵਿਚ ਇਕ ਪਾਸੇ ਦੂਜਿਆਂ ਨੂੰ ਨਫਰਤ ਕਰਨ ਵਾਲੇ ਨਿਰਦਈ ਵਿਅਕਤੀ ਪਾਏ ਜਾਂਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੀ ਹੁਕਮ ਬਰਦਾਰੀ ਕਰਨ ਨੂੰ ਸੇਵਕ ਸੁਰਤੀ ਵਾਲੇ। ਇੱਕਨਾਂ ਦਾ ਸੁਭਾਅ ਨਘੋਚੀ ਤੇ ਹੈਂਕੜ ਭਰਿਆ ਹੈ ਅਤੇ ਦੂਜਿਆਂ ਦਾ ਨਰਮ ਤੇ ਸੇਵਾ ਭਾਵ ਵਾਲਾ। ਬੀਚ (ਭੲੲਚਹ) ਤੇ ਸੈਂਟਾਉਰੀ (ਛੲਨਟਅੁਰੇ) ਦੋਵੇਂ ਕਿਸਮ ਦੇ ਲੋਕ ਹਰ ਥਾਂ ਮਿਲਦੇ ਹਨ, ਪਰ ਵਿਅਕਤੀਤਵ ਦੋਹਾਂ ਵਿਚੋਂ ਕਿਸੇ ਦਾ ਵੀ ਸਾਵਾਂ ਨਹੀਂ ਹੁੰਦਾ। ਜੇ ਬੀਚ ਦੀਆਂ ਕੁਝ ਗੋਲੀਆਂ ਨੁਕਤਾਚੀਨਾਂ ਨੂੰ ਸ਼ਹਿਨਸ਼ੀਲ ਬਣਾ ਦਿੰਦੀਆਂ ਹਨ ਤਾਂ ਸੈਂਟਾਉਰੀ ਦੇ ਕੁਝ ਤੁਪਕੇ ਦਬਿਆਂ ਕੁਚਲਿਆਂ ਦੇ ਮੂੰਹ ਵਿਚ ਜ਼ੁਬਾਨ ਲਿਆ ਸਕਦੇ ਹਨ। ਇਹ ਦੋਵੇਂ ਬੈਚ ਫੁੱਲ ਹੀ ਸੰਸਾਰ ਨੂੰ ਇਕ ਵਧੀਆ ਰਹਿਣਯੋਗ ਸਥਾਨ ਬਣਾਉਣ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ।

ਇੱਥੇ ਇਹ ਜਾਣਨਾ ਜਰੂਰੀ ਹੈ ਕਿ ਬੈਚ ਦਵਾਈਆਂ ਤੁਪਕਿਆਂ ਵਿਚ ਦਿੱਤੀਆਂ ਜਾਂਦੀਆਂ ਹਨ ਕਿ ਗੋਲੀਆਂ ਵਿਚ। ਬੈਚ ਦਵਾਈਆਂ ਪਾਣੀ ਅਤੇ ਅਲਕੋਹਲ ਵਿਚ ਬਣਦੀਆਂ ਹਨ ਤੇ ਦ੍ਰਵ ਰੂਪ ਵਿਚ ਹੀ ਵਿਕਦੀਆਂ ਹਨ; ਪਰ ਮਰੀਜ਼ ਨੂੰ ਇਹ ਦੋ ਤਰੀਕਿਆਂ ਨਾਲ ਦਿੱਤੀਆਂ ਜਾ ਸਕਦੀਆਂ ਹਨ। ਪਹਿਲਾ, ਪਾਣੀ ਵਿਚ ਪਾ ਕੇ। ਇਕ ਬਾਲਗ ਲਈ ਦਵਾਈ ਦੇ ਚਾਰ ਤੁਪਕੇ ਪੰਜਾਹ ਕੁ ਗਰਾਮ ਸਾਫ ਪਾਣੀ ਵਿਚ ਪਾ ਕੇ ਇਕ ਖੁਰਾਕ ਤਿਆਰ ਕੀਤੀ ਜਾਂਦੀ ਹੈ। ਇਹ ਉਸ ਨੂੰ ਹੋਲੀ ਹੌਲੀ ਪੀਣ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਉਸ ਦੇ ਮੂੰਹ ਦੇ ਵੱਧ ਤੋਂ ਵੱਧ ਹਿੱਸੇ ਨਾਲ ਸੰਪਰਕ ਕਰ ਸਕੇ। ਦਵਾਈ ਇਕੋ ਵਾਰ ਪਾਣੀ ਦੀ ਭਰੀ ਬੋਤਲ ਵਿਚ ਵੀ ਪਾਈ ਜਾ ਸਕਦੀ ਹੈ ਤਾਂ ਜੋ ਲੋੜ ਅਨੁਸਾਰ ਕਈ ਵਾਰ ਘੁੱਟ ਭਰ ਸਕੇ। ਜੋ ਲੋਕ ਪੀਣ ਦੇ ਪਾਣੀ ਦੀ ਬੋਤਲ ਹਮੇਸ਼ਾ ਨਾਲ ਰੱਖਦੇ ਹਨ, ਉਨ੍ਹਾਂ ਲਈ ਇਹ ਢੰਗ ਵਧੇਰੇ ਢੁਕਵਾਂ ਹੈ।
ਦਵਾਈ ਲੈਣ ਦਾ ਇਹ ਤਰੀਕਾ ਉਂਜ ਗਲਤ ਨਹੀਂ, ਪਰ ਖਿਲਾਰੇ ਭਰਿਆ ਹੈ। ਇਸ ਨੂੰ ਅਪਨਾਉਣ ਲਈ ਹਰ ਰੋਜ਼ ਸਵੇਰੇ ਨਵੀਂ ਬੋਤਲ ਤਿਆਰ ਕਰਨ ਤੋਂ ਬਚਣ ਲਈ ਦੂਜਾ ਤਰੀਕਾ ਗੋਲੀਆਂ ਰਾਹੀਂ ਦਵਾਈ ਲੈਣ ਦਾ ਹੈ। ਦਵਾਈ-ਰਹਿਤ ਗੋਲੀਆਂ ਨੂੰ ਇਕ ਖਾਲੀ ਸ਼ੀਸ਼ੀ ਵਿਚ ਪਾ ਕੇ ਇਨ੍ਹਾਂ ਨੂੰ ਦਵਾਈ ਦੀਆਂ ਕੁਝ ਬੂੰਦਾਂ ਨਾਲ ਇਕ ਵਾਰੀ ਗਿੱਲਾ (ੰਅਟੁਰਅਟੲ) ਕਰ ਲਿਆ ਜਾਂਦਾ ਹੈ। ਫਿਰ ਇਨ੍ਹਾਂ ਵਿਚੋਂ ਤਿੰਨ ਚਾਰ ਗੋਲੀਆਂ ਇਕ ਖੁਰਾਕ ਵਜੋਂ ਮਰੀਜ਼ ਨੂੰ ਲੋੜ ਅਨੁਸਾਰ ਦਿੱਤੀਆਂ ਜਾਂਦੀਆਂ ਹਨ। ਦੋਵੇਂ ਢੰਗ ਬਰਾਬਰ ਦੇ ਅਸਰਦਾਰ ਹਨ, ਪਰ ਇਹ ਅਖੀਰਲਾ ਵਧੇਰੇ ਆਸਾਨ ਹੈ।
ਸੈਂਟਾਉਰੀ ਦੇ ਮਰੀਜ਼ ਦਾ ਮੁੱਖ ਸੁਭਾਅ ਅਤਿ ਤੋਂ ਵੱਧ ਹਲੀਮੀ ਵਾਲਾ ਕਿਹਾ ਜਾਂਦਾ ਹੈ, ਪਰ ਹਲੀਮੀ ਇਸ ਲਈ ਕੋਈ ਬਹੁਤਾ ਢੁਕਵਾਂ ਸ਼ਬਦ ਨਹੀਂ। ਹਲੀਮੀ ਵਾਲਾ ਵਿਅਕਤੀ ਤਾਂ ਸੁਤੰਤਰ ਸੋਚ ਵਾਲਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ‘ਸੇਵਾ ਭਾਵ’ ਵੀ ਇਸ ਫੁੱਲ ਦੇ ਪ੍ਰਭਾਵ ਦੀ ਪੂਰੀ ਤਰਜ਼ਮਾਨੀ ਨਹੀਂ ਕਰਦਾ, ਕਿਉਂਕਿ ਵੱਡੇ ਵੱਡੇ ਸਫਲ ਸ਼ਾਸਕ ਤੇ ਸੁਤੰਤਰ ਕਾਰੋਬਾਰੀ ਵੀ ਸੇਵਾ-ਭਾਵੀ ਹੋ ਸਕਦੇ ਹਨ। ਮਹਾਰਾਜਾ ਰਣਜੀਤ ਸਿੰਘ, ਜੋ ਕਹਿੰਦੇ ਹਨ ਬੁੱਢੇ ਤੇ ਲਾਚਾਰ ਲੋਕਾਂ ਦੇ ਘਰ ਆਨਾਜ ਪਹੁੰਚਾ ਕੇ ਆਉਂਦਾ ਸੀ, ਵੀ ਇਸੇ ਤਰ੍ਹਾਂ ਦਾ ਸੇਵਾ-ਭਾਵੀ ਸੀ; ਪਰ ਉਸ ਦਾ ਇਹ ਗੁਣ ਰਿਣਾਤਮਿਕ ਨਹੀਂ ਸੀ।
ਡਾ. ਦਰਸ਼ਨ ਸਿੰਘ ਵੋਹਰਾ ਨੇ ਸੈਂਟਾਉਰੀ ਦੇ ਕੂੰਜੀਵਤ ਸ਼ਬਦਾਂ ਦੀ ਇਕ ਸੂਚੀ ਦਿੱਤੀ ਹੈ, ਜਿਸ ਵਿਚ ‘ਲਾਈਲਗ’ ਹੋਣਾ, ‘ਝੱਟ ਦੂਜਿਆਂ ਦੇ ਆਖੇ ਲਗ ਜਾਣਾ’, ‘ਆਪਣੀ ਇੱਛਾ-ਸ਼ਕਤੀ ਦੀ ਘਾਟ’ ਹੋਣਾ, ਦੂਜਿਆਂ ਦੀ ‘ਈਨ ਮੰਨ’ ਲੈਣਾ ਆਦਿ ਸ਼ਾਮਲ ਹਨ। ਇਹ ਸਭ ਸ਼ਬਦ ਮਿਲ ਕੇ ਵੀ ਇਸ ਫੁੱਲ ਦੇ ਮਰੀਜ਼ ਦਾ ਵਿਅਕਤੀਤਵ ਨਹੀਂ ਸਿਰਜ ਸਕਦੇ। ਅਸਲ ਵਿਚ ਸੈਂਟਾਉਰੀ ਸੁਭਾਅ ਦਾ ਮਰੀਜ਼ ਸੇਵਕ ਸੁਰਤੀ ਵਾਲਾ ਹੁੰਦਾ ਹੈ। ਗੁਲਾਮ ਮਾਨਸਿਕਤਾ ਕਾਰਨ ਉਹ ਦੂਜਿਆਂ ਦੇ ਨੀਚੇ ਲੱਗਾ ਰਹਿੰਦਾ ਹੈ। ਹੇਠ ਲੱਗਿਆ ਵਿਅਕਤੀ ਦੂਜਿਆਂ ਨੂੰ ਨਾਂਹ ਨਹੀਂ ਕਹਿ ਸਕਦਾ। ਉਹ ਉਨ੍ਹਾਂ ਦੇ ਕਹੇ ਨੂੰ ਭੂੰਜੇ ਨਹੀਂ ਡਿਗਣ ਦਿੰਦਾ। ਉਸ ਵਿਚ ਸੇਵਾ-ਭਾਵ ਹੋਵੇ ਜਾਂ ਨਾ, ਪਰ ਉਹ ਇਹ ਨਹੀਂ ਸਹਾਰ ਸਕਦਾ ਕਿ ਕੋਈ ਕਹੇ ਕਿ ਉਸ ਨੇ ਉਸ ਦਾ ਕੰਮ ਨਹੀਂ ਕੀਤਾ। ਸੈਂਟਾਉਰੀ ਦਾ ਮਰੀਜ਼ ਸਭ ਦਾ ਅਹਿਸਾਨਮੰਦ ਤੇ ਸਭ ਨੂੰ ਪਸੀਜਣ ਵਾਲਾ (ਫਲੲਅਸੲ-ਅਲਲ) ਹੁੰਦਾ ਹੈ।
ਸੈਂਟਾਉਰੀ ਦੇ ਮਰੀਜ਼ਾਂ ਨੂੰ ਕਿਸੇ ਨੂੰ ਜਵਾਬ ਦੇਣਾ ਨਹੀਂ ਆਉਂਦਾ। ਇਨਕਾਰ ਕਰਨ ਦੇ ਉਹ ਆਦੀ ਨਹੀਂ ਹੁੰਦੇ। ਉਹ ਸਮਝਦੇ ਹਨ ਕਿ ਜੇ ਉਨ੍ਹਾਂ ਨੇ ਨਾਂਹ ਕਹਿ ਦਿੱਤੀ ਤਾਂ ਉਨ੍ਹਾਂ ਦੀ ਸੋਚ ਉੱਖੜ-ਪੁੱਖੜ ਹੋ ਜਾਵੇਗੀ। ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਹੈ ਕਿ ਨਾਂਹ ਕਹਿਣ ਦੇ ਸਿੱਟਿਆਂ ਨਾਲ ਉਹ ਕਿਵੇਂ ਸਿੱਝਣਗੇ। ਉਨ੍ਹਾਂ ਦਾ ਇਹ ਸੁਭਾਅ ਹਿਪਨੋਟਿਜ਼ਮ ਵਾਂਗ ਛਿਣ-ਭੰਗਰਾ ਨਹੀਂ ਹੁੰਦਾ, ਸਗੋਂ ਇਕ ਪੱਕੀ ਆਦਤ ਵਾਂਗ ਚਿਰ-ਸਥਾਈ (ੰਟਅਬਲੲ) ਹੁੰਦਾ ਹੈ। ਉਹ ਨਾ ਕਿਸੇ ਦਾ ਆਖਾ ਟਾਲਣ ਦੀ ਹਿੰਮਤ ਕਰਦੇ ਹਨ ਤੇ ਨਾ ਆਪਣੇ ਨਫੇ ਨੁਕਸਾਨ ਬਾਰੇ ਸੋਚਦੇ ਹਨ। ਉਨ੍ਹਾਂ ਦੀ ਫਿਤਰਤ ਹੁੰਦੀ ਹੈ ਕਿ ਉਹ ਬਿਨਾ ਸਵਾਲ-ਜਵਾਬ ਕੀਤਿਆਂ ਦੂਜਿਆਂ ਦੀ ਹੁਕਮ-ਅਦੂਲੀ ਕਰਦੇ ਰਹਿਣ।
ਤਾਂ ਫਿਰ ਕੀ ਸੈਂਟਾਉਰੀ ਮਰੀਜ਼ ਸੱਚ-ਮੁੱਚ ਗੁਲਾਮ ਹੁੰਦਾ ਹੈ? ਜੀ ਨਹੀਂ। ਅਰਸਤੂ ਨੇ ਗੁਲਾਮ ਦੀ ਪਰਿਭਾਸ਼ਾ ਦਿੰਦਿਆਂ ਦੋ ਗੱਲਾਂ ਦੱਸੀਆਂ ਹਨ। ਪਹਿਲੀ, ਜੋ ਵਿਅਕਤੀ ਆਪ ਦੂਜਿਆਂ ਨੂੰ ਨਿਰਦੇਸ਼ ਨਾ ਦੇ ਸਕੇ, ਪਰ ਦੂਜਿਆਂ ਦੇ ਨਿਰਦੇਸ਼ ਨੂੰ ਸਮਝ ਕੇ ਉਸ ਅਨੁਸਾਰ ਕ੍ਰਿਆ ਕਰਨ ਦੇ ਯੋਗ ਹੋਵੇ ਉਹ ਗੁਲਾਮ ਹੈ। ਭਾਵ ਜਿਸ ਵਿਅਕਤੀ ਕੋਲ ਇੰਨਾ ਤਰਕ ਜਾਂ ਸਮਝਦਾਰੀ ਨਾ ਹੋਵੇ ਕਿ ਉਹ ਅਗਾਹਾਂ ਦੀ ਭਾਂਪ ਕੇ ਦੂਜਿਆਂ ਨੂੰ ਹੁਕਮ ਦੇ ਸਕੇ, ਪਰ ਉਹ ਕਿਸੇ ਦੇ ਤਾਜੇ ਦਿੱਤੇ ਹੁਕਮ ਨੂੰ ਸਮਝਣ ਤੇ ਲਾਗੂ ਕਰਨ ਦੀ ਕਾਬਲੀਅਤ ਰੱਖਦਾ ਹੋਵੇ, ਉਹ ਤਕਨੀਕੀ ਤੌਰ `ਤੇ ਦੂਜਿਆਂ ਦਾ ਦਾਸ ਹੈ। ਦੂਜੀ, ਉਹ ਵਿਅਕਤੀ, ਜੋ ਖੁਦ ਕਿਸੇ ਚੀਜ਼ ਦਾ ਮਾਲਕ ਨਾ ਹੋਵੇ, ਪਰ ਆਪ ਕਿਸੇ ਦੀ ਮਲਕੀਅਤ ਹੋਵੇ, ਉਹ ਦਾਸ ਕਹਾਉਂਦਾ ਹੈ। ਇਸ ਤਰ੍ਹਾਂ ਅਰਸਤੂ ਦੀ ਪਰਿਭਾਸ਼ਾ ਪੂਰੀ ਤਰ੍ਹਾਂ ਇਕ ਯਵਨੀ (੍ਹੲਲਲੲਨਚਿ) ਧਾਰਨਾ ਹੈ, ਜੋ ਸੈਂਟਾਉਰੀ ਚਰਿੱਤਰ `ਤੇ ਲਾਗੂ ਨਹੀਂ ਹੁੰਦੀ। ਸੈਂਟਾਉਰੀ ਮਰੀਜ਼ ਹੋਂਦ ਵਜੋਂ ਕਿਸੇ ਦਾ ਗੁਲਾਮ ਨਹੀਂ ਹੁੰਦਾ। ਉਸ ਦੀ ਆਪਣੀ ਆਜ਼ਾਦ ਹਸਤੀ ਹੁੰਦੀ ਹੈ, ਉਸ ਦਾ ਸੁਤੰਤਰ ਨਾਂ ਹੁੰਦਾ ਹੈ ਤੇ ਉਹ ਪਰਿਵਾਰ ਤੇ ਸੰਪਤੀ ਦਾ ਮਾਲਕ ਵੀ ਹੋ ਸਕਦਾ ਹੈ, ਪਰ ਉਹ ਸੁਭਾਅ ਪੱਖੋਂ ਸੇਵਕ ਸੁਰਤੀ ਵਾਲਾ ਹੁੰਦਾ ਹੈ।
ਕੀ ਸੈਂਟਾਉਰੀ ਫੁੱਲ ਦੇ ਚਿੰਨ ਕਿਸੇ ਅਲਪ-ਵਿਕਸਿਤ ਬੱਚੇ ਵਰਗੇ ਹੁੰਦੇ ਹਨ? ਇਸ ਗੱਲ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਨਹੀਂ ਹੋਇਆ ਜਾ ਸਕਦਾ। ਜੋ ਵਿਕਸਿਤ ਹੋਇਆ ਹੀ ਨਹੀਂ ਭਾਵ ਜਿਸ ਵਿਚ ਸਮਝਦਾਰੀ ਪਨਪੀ ਹੀ ਨਹੀਂ, ਉਹ ਸੈਂਟਾਉਰੀ ਵਾਂਗ ਨਹੀਂ ਹੋ ਸਕਦਾ। ਸੈਂਨਟੋਰੀ ਸਮਝਦਾਰ ਹੁੰਦਾ ਹੈ, ਪਰ ਉਹ ਆਪਣੀ ਸਮਝ ਨੂੰ ਵਰਤਦਾ ਨਹੀਂ ਜਾਂ ਵਰਤਣ ਵੇਲੇ ਇਸ ਨੂੰ ਛੁਪਾ ਲੈਂਦਾ ਹੈ। ਜੇ ਦੂਜਾ ਕੋਈ ਨੇੜੇ ਨਾ ਹੋਵੇ, ਜਾਂ ਜੇ ਉਸ ਨੂੰ ਦੂਜਿਆਂ ਤੋਂ ਪਰ੍ਹੇ ਰਹਿ ਕੇ ਆਪਣੇ ਫੈਸਲੇ ਆਪ ਲੈਣ ਦਾ ਮੌਕਾ ਮਿਲੇ, ਤਾਂ ਉਹ ਵਧੀਆ ਫੈਸਲਾ ਲੈ ਸਕੇਗਾ; ਪਰ ਜੇ ਕੋਈ ਉਸ ਦੇ ਕੋਲ ਆ ਕੇ ਕਹੇ ਕਿ ਉਹ ਆਪਣਾ ਨਿਰਣਾ ਛੱਡ ਕੇ ਕਿਸੇ ਹੋਰ ਨਿਰਣੇ ਨੂੰ ਅਪਨਾਵੇ ਤਾਂ ਉਹ ਉਸ ਨੂੰ ਨਿਰਾਸ਼ ਨਹੀਂ ਕਰੇਗਾ। ਉਸ ਦੀ ਸੱਮਸਿਆ ਆਪਣਾ ਫੈਸਲਾ ਲੈਣ ਜਾਂ ਨਾ ਲੈਣ ਦੀ ਨਹੀਂ ਹੈ, ਸਗੋਂ ਦੂਜਿਆਂ ਦੇ ਨਿਰਦੇਸ਼ਨ ਅਨੁਸਾਰ ਆਪਣੇ ਫੈਸਲੇ ਤੋਂ ਥਿੜਕਣ ਦੀ ਹੈ। ਉਹ ਆਪਣੇ ਫੈਸਲੇ ਨੂੰ ਗਲਤ ਜਾਂ ਠੀਕ ਨਹੀਂ ਕਹਿੰਦਾ, ਸਗੋਂ ਉਹ ਇਸ ਦਾ ਪੂਰੀ ਤਰ੍ਹਾਂ ਤਿਆਗ ਕਰ ਕੇ ਦੂਜਿਆਂ ਦੇ ਵਹਿਣ ਵਿਚ ਵਹਿ ਜਾਂਦਾ ਹੈ। ਜੇ ਉਹ ਆਤਮ-ਵਿਸ਼ਵਾਸ ਦੀ ਘਾਟ ਕਾਰਨ ਆਪਣਾ ਫੈਸਲਾ ਲੈ ਹੀ ਨਾ ਸਕੇ ਤੇ ਹਰ ਕੰਮ ਦੂਜਿਆਂ ਨੂੰ ਪੁੱਛ-ਪੁੱਛ ਕੇ ਕਰੇ ਤਾਂ ਉਸ ਨੂੰ ਸੈਂਟਾਉਰੀ ਫੁੱਲ-ਦਵਾਈ ਨਾਲ ਆਰਾਮ ਨਹੀਂ ਆਵੇਗਾ। ਉਸ ਦੀ ਹਾਲਤ ਪੱਧਰੀ ਕਰਨ ਲਈ ਚਿਕੋਰੀ ਨਾਂ ਦੀ ਹੋਰ ਫੁੱਲ-ਦਵਾਈ ਹੈ। ਇਸੇ ਤਰ੍ਹਾਂ ਜੇ ਉਹ ਭੁੱਲਣ ਕਾਰਨ ਫੈਸਲਾ ਨਾ ਲੈ ਸਕੇ ਜਾਂ ਫੈਸਲਾ ਲੈ ਕੇ ਭੁੱਲ ਜਾਵੇ ਤਾਂ ਉਸ ਨੂੰ ਵਾਅਦਾ-ਖਿਲਾਫੀ ਕਰਨ ਤੋਂ ਚੈਸਟਨਟ ਬੱਡ ਨਾਮੀ ਇਕ ਹੋਰ ਫੁੱਲ-ਦਵਾਈ ਰੋਕੇਗੀ।
ਪਰ ਇਸ ਦਾ ਇਹ ਭਾਵ ਨਹੀਂ ਕਿ ਸੈਂਟਾਉਰੀ ਫੁੱਲ-ਦਵਾਈ ਘੱਟ-ਵਿਕਸਿਤ ਬੱਚਿਆਂ ਦੀ ਕੋਈ ਮਦਦ ਕਰ ਹੀ ਨਹੀਂ ਸਕਦੀ। ਜੇ ਉਹ ਇੰਨੇ ਭੋਲੇ ਹੋਣ ਕਿ ਕੋਈ ਉਨ੍ਹਾਂ ਨੂੰ ਆਪਣੇ ਪਿੱਛੇ ਲਾ ਕੇ ਲੈ ਜਾਵੇ, ਜਾਂ ਉਨ੍ਹਾਂ ਨੂੰ ਗੁਲਾਮ ਬਣਾ ਕੇ ਆਪਣੇ ਲਾਭ ਲਈ ਵਰਤੇ, ਤਾਂ ਸੈਂਨਟੋਰੀ ਹੀ ਉਨ੍ਹਾਂ ਦੇ ਕੰਮ ਆਵੇਗੀ। ਜਿਨ੍ਹਾਂ ਬੱਚਿਆਂ ਵਿਚ ‘ਧਿਆਨ ਦੀ ਘਾਟ’ ਜਿਹੀ ਆਮ ਸਮੱਸਿਆ (ੳਟਟੲਨਟੋਿਨ ਧੲਾਚਿਟਿ ਧਸਿੋਰਦੲਰ) ਹੋਵੇ, ਉਨ੍ਹਾਂ ਦਾ ਕਲਿਆਣ ਵੀ ਇਹੀ ਬੈਚ ਫੁੱਲ ਦਵਾਈ ਕਰੇਗੀ; ਪਰ ਜੇ ਉਨ੍ਹਾਂ ਬੱਚਿਆਂ ਦਾ ਧਿਆਨ ਪੂਰੀ ਕੋਸ਼ਿਸ਼ ਤੋਂ ਬਾਅਦ ਵੀ ਫਿਸਲ ਜਾਂ ਭਟਕ ਜਾਂਦਾ ਹੋਵੇ ਤਾਂ ਉਨ੍ਹਾਂ `ਤੇ ਇਹ ਦਵਾਈ ਕੰਮ ਨਹੀਂ ਕਰੇਗੀ। ਉਨ੍ਹਾਂ ਦਾ ਕਲਿਆਣ ਵੀ ਚੈਸਟਨਟ ਬੱਡ ਕਰੇਗੀ। ਹੋਮਿਓਪੈਥਿਕ ਪ੍ਰਣਾਲੀ ਵਿਚ ਤਾਂ ਅਲਾਮਤ ਦਰ ਅਲਾਮਤ ਇਸ ਦੀਆਂ ਕਈ ਰੈਮਡੀਜ਼ ਹਨ।
ਸੈਂਟਾਉਰੀ ਦਾ ਕਾਰਜ ਖੇਤਰ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਕੋਈ ਵਿਅਕਤੀ ਸਨਮਾਨ ਜਾਂ ਅਤੀਤ ਦੇ ਡਰ ਕਾਰਨ ਕਿਸੇ ਦੂਜੇ ਅੱਗੇ ਜਬਾਨ ਨਾ ਖੋਲ੍ਹ ਸਕੇ। ਉਹ ਉਸ ਸਾਹਮਣੇ ਮੂਕ ਦਰਸ਼ਕ ਹੋ ਜਾਵੇ ਤੇ ਸੱਚੀ ਗੱਲ ਕਹਿਣ ਲਈ ਵੀ ਉਸ ਦੇ ਮੂੰਹ `ਤੇ ਤਾਲਾ ਲੱਗ ਜਾਵੇ। ਅਜੋਕੇ ਪ੍ਰਧਾਨ ਮੰਤਰੀ ਅੱਗੇ ਦੂਜੇ ਮੰਤਰੀਆਂ ਵਾਂਗ ਆਗਿਆਕਾਰੀ ਬਣ ਕੇ ਉਹ ਉਸ ਦੀ ਇੱਛਾ ਦਾ ਪਾਲਣ ਹੀ ਕਰਦਾ ਜਾਵੇ। ਜੇ ਉਹ ਬੋਲਣਾ ਵੀ ਚਾਹੇ ਤਾਂ ਉਸ ਦੀ ਜੁਬਾਨ ਹੀ ਲੜਖੜਾ ਜਾਂਦੀ ਹੋਵੇ। ਉਹ ਸਿਰਫ ਹਾਂ ਜਾਂ ਨਾਂਹ ਵਿਚ ਹੀ ਗੱਲ ਕਰਦਾ ਹੋਵੇ। ਜੋ ਇਕ ਅੱਧਾ ਸ਼ਬਦ ਉਹ ਕਹਿ ਵੀ ਪਾਉਂਦਾ ਹੋਵੇ, ਉਸ ਨੂੰ ਬੋਲਣ ਵੇਲੇ ਵੀ ਉਹ ਦੂਜੇ ਪਾਸੇ ਮੂੰਹ ਕਰ ਲੈਂਦਾ ਹੋਵੇ। ਖੁਦ ਬੋਲਣ ਨਾਲੋਂ ਉਸ ਨੂੰ ਹੁਕਮ ਪੁਗਾਉਣਾ ਆਸਾਨ ਲਗਦੇ ਹੋਵੇ। ਅਜਿਹਾ ਵਿਅਕਤੀ ਆਪਣੀ ਆਤਮਾ-ਪੀੜਾ ਕਾਰਨ ਬੀਮਾਰ ਤਾਂ ਹੋ ਜਾਵੇਗਾ, ਪਰ ਪਰਾਈ ਚਮਚਾਗਿਰੀ ਨਹੀਂ ਛੱਡੇਗਾ। ਸੈਂਟਾਉਰੀ ਅਜਿਹੇ ਵਿਅਕਤੀਆਂ ਦੀ ਜ਼ਮੀਰ ਝੰਜੋੜ ਕੇ ਉਨ੍ਹਾਂ ਵਿਚ ਬੋਲਣ ਦਾ ਬਲ ਭਰਦੀ ਹੈ।
ਇੰਡੀਆ ਵਿਚ ਮੇਰੇ ਕੋਲ ਇਕ ਤੀਹ ਕੁ ਸਾਲ ਦੀ ਔਰਤ ਨੂੰ ਸਿਰ ਦੇ ਚੱਕਰਾਂ ਤੇ ਹੱਥਾਂ ਦੀਆਂ ਬਿਆਈਆਂ ਦਾ ਇਲਾਜ ਕਰਨ ਲਈ ਲਿਆਂਦਾ ਗਿਆ। ਉਸ ਦੀਆਂ ਗੱਲਾਂ ਬਾਤਾਂ ਤੋਂ ਉਹ ਬਹੁਤ ਅਬਲਾ ਤੇ ਲਾਚਾਰ ਨਜ਼ਰ ਆਈ। ਮੈਂ ਉਸ ਨਾਲ ਆਈ ਔਰਤ ਨੂੰ ਦੂਰ ਬਿਠਾ ਕੇ ਉਸ ਦੀ ਸਹੀ ਸਥਿਤੀ ਜਾਣਨ ਲਈ ਕਈ ਪ੍ਰਸ਼ਨ ਪੁੱਛੇ। ਪਹਿਲਾਂ ਤਾਂ ਉਹ ਸਾਊ ਬਣੀ ਬੈਠੀ ਰਹੀ ਤੇ ਬਹੁਤੀ ਆਈ-ਗਈ ਨਾ ਦਿੱਤੀ, ਪਰ ਜਦੋਂ ਮੈਂ ਦੱਸਿਆ ਕਿ ਜੋ ਮੈਂ ਪੁੱਛ ਰਿਹਾ ਹਾਂ ਉਸ ਦੇ ਇਲਾਜ ਲਈ ਪੁੱਛ ਰਿਹਾ ਹਾਂ, ਤਾਂ ਉਹ ਫੁੱਟ ਪਈ।
ਉਸ ਨੇ ਵਿਚ ਵਿਚ ਰੋ ਕੇ ਦੱਸਿਆ ਕਿ ਉਹ ਘਰ ਦਾ ਕੰਮ ਕਰਦੀ ਹੈ। ਘਰ ਵਿਚ ਉਸ ਦੇ ਪਤੀ ਤੋਂ ਇਲਾਵਾ ਉਸ ਦੀ ਸੱਸ ਤੇ ਵੱਡੀ ਨਣਦ ਹਨ। ਸੱਸ ਬਜੁਰਗ ਹੈ ਤੇ ਨਣਦ ਛੱਡੀ ਹੋਈ ਹੈ, ਜੋ ਹੁਣ ਉਨ੍ਹਾਂ ਦੇ ਘਰ ਵਿਚ ਹੀ ਰਹਿੰਦੀ ਹੈ। ਨਣਦ ਬੜੀ ਤੇਜ਼, ਜਾਲਮ ਤੇ ਸਨਕੀ ਹੈ। ਘਰ ਵਿਚ ਉਸੇ ਦੀ ਚਲਦੀ ਹੈ। ਉਸ ਨੇ ਸ਼ੁਰੂ ਤੋਂ ਹੀ ਉਸ `ਤੇ ਗਲਬਾ ਪਾਇਆ ਹੋਇਆ ਹੈ। ਉਹ ਆਪ ਸਾਰਾ ਦਿਨ ਸਰਦਾਰੀ ਘੋਟਦੀ ਹੈ ਤੇ ਘਰ ਦਾ ਸਾਰਾ ਕੰਮ ਉਸ ਤੋਂ ਕਰਵਾਉਂਦੀ ਹੈ। ਉਸ ਨੂੰ ਆਪਣੀ ਸੱਸ ਦੀ ਸੇਵਾ ਦੇ ਨਾਲ ਨਾਲ ਨਣਦ ਦੀ ਸੇਵਾ ਵੀ ਕਰਨੀ ਪੈਂਦੀ ਹੈ। ਉਹ ਦੋਹਾਂ ਨੂੰ ਉਨ੍ਹਾਂ ਦਾ ਰੋਟੀ, ਪਾਣੀ, ਚਾਹ, ਤੌਲੀਆ, ਜੁਤੀਆਂ ਆਦਿ ਮੰਜੇ `ਤੇ ਬੈਠੀਆਂ ਨੂੰ ਹੀ ਦਿੰਦੀ ਹੈ। ਜੋ ਕੁਝ ਆਖਣ, ਉਹੀ ਬਣਾ ਕੇ ਦੇਣਾ ਪੈਂਦਾ ਹੈ। ਬਿਮਾਰ ਹੋਣ `ਤੇ ਵੀ ਬੈਠਣ ਨੂੰ ਨਹੀਂ ਕਹਿੰਦੀਆਂ। ਸਾਰਾ ਦਿਨ ਪਾਣੀ ਵਿਚ ਹੱਥ ਰਹਿਣ ਨਾਲ ਉਸ ਦੇ ਹੱਥ ਫਟ ਗਏ ਹਨ। ਹਰ ਵਕਤ ਕਿਚਨ ਵਿਚ ਖੜ੍ਹੀ ਰਹਿਣ ਨਾਲ ਉਸ ਨੂੰ ਚੱਕਰ ਆਉਣ ਲੱਗ ਪਏ ਹਨ। ਉਹ ਆਪਣੇ ਮਾਂ-ਪਿਓ ਦੀ ਸ਼ਰਮ ਦੀ ਮਾਰੀ ਉਨ੍ਹਾਂ ਅੱਗੇ ਦਮ ਨਹੀਂ ਭਰਦੀ।
ਮੈਂ ਉਸ ਨੂੰ ਪੁੱਛਿਆ ਕਿ ਉਹ ਆਪਣੀ ਨਣਦ ਨੂੰ ਕਿਉਂ ਨਹੀਂ ਕਹਿੰਦੀ ਕਿ ਉਹ ਉਸ ਨਾਲ ਕੰਮ ਕਰਾਵੇ? ਉਸ ਨੇ ਮੋੜਵਾਂ ਜਵਾਬ ਦਿੱਤਾ, “ਉਹਨੂੰ ਐਨੀ ਗੱਲ ਕਹਿਣ ਦੀ ਕਿਹਦੀ ਮਜ਼ਾਲ ਹੈ ਜੀ?” ਨਾਲ ਹੀ ਉਸ ਨੇ ਕਿਹਾ, “ਹੁਣ ਐਨੀ ਨਿਕਲ ਗਈ ਹੈ, ਬਾਕੀ ਲਈ ਕੀ ਬੋਲੀਏ।” ਮੈਨੂੰ ਅੰਦਾਜ਼ਾ ਹੀ ਨਹੀਂ ਪੱਕਾ ਵਿਸ਼ਵਾਸ ਹੋ ਗਿਆ ਕਿ ਇਸ ਔਰਤ ਨੂੰ ਸੈਂਟਾਉਰੀ ਦੀ ਲੋੜ ਹੈ। ਉਸ ਦੀਆਂ ਸੱਮਸਿਆਵਾਂ ਦਾ ਮੁੱਢ ਉਸ ਦਾ ਜੀ ਹਜੂਰੀਆ ਸੁਭਾਅ ਸੀ। ਮੈਂ ਉਸ ਨੂੰ ਇਕ ਹਫਤੇ ਲਈ ਪੂਰੇ ਬੈੱਡ-ਰੈਸਟ ਕਰਨ ਦੀ ਤਾਕੀਦ ਕਰ ਕੇ ਇਕ ਮਹੀਨੇ ਦੀ ਦਵਾਈ ਦਿੱਤੀ, ਜਿਸ ਵਿਚੋਂ ਇਕ ਖੁਰਾਕ ਉਸ ਨੇ ਉਸੇ ਵੇਲੇ ਲੈ ਲਈ।
ਉਸ ਔਰਤ ਨੇ ਮਹੀਨੇ ਬਾਅਦ ਆ ਕੇ ਦੱਸਿਆ, “ਜੀ ਚੱਕਰ ਤਾਂ ਹਟ ਗਏ ਤੇ ਹੱਥ ਵੀ ਕਾਫੀ ਠੀਕ ਹੋ ਗਏ ਨੇ, ਪਰ ਬੈਡ ਰੈਸਟ ਬੜੀ ਮੁਸ਼ਕਿਲ ਨਾਲ ਮਿਲਿਆ। ਮੇਰੇ ਕੰਮ ਛੱਡਣ `ਤੇ ਸੱਸ ਤੇ ਬੀਬੀ ਬੜੀਆਂ ਲੋਹੀਆਂ ਲਾਖੀਆਂ ਹੋ ਗਈਆਂ। ਕਹਿੰਦੀਆਂ, ਜੇ ਤੂੰ ਪੈ ਗਈ, ਘਰ ਦਾ ਸਾਰਾ ਕੰਮ ਕੌਣ ਕਰੂ? ਪਰ ਸਿਹਤ ਦਾ ਮਸਲਾ ਸੀ, ਇਸ ਲਈ ਮੈਂ ਵੀ ਅੜ ਗਈ। ਮੈਂ ਕਿਹਾ, “ਬੀਬੀ ਜੇ ਮੈਨੂੰ ਬਿਮਾਰੀ ਠਿਮਾਰੀ ‘ਚ ਵੀ ‘ਰਾਮ ਨੀ, ਮੈਂ ਕਿਹੜਾ ਕੋਈ ਫੋੜੇ `ਤੇ ਲਾਉਣੈ।” ਮੈਂ ਆਪਣੀ ਦੇਖ ਭਾਲ ਲਈ ਦੋ ਹਫਤੇ ਆਪਣੀ ਮਾਂ ਨੂੰ ਸੱਦ ਲਿਆ। ਮੇਰੀ ਬਜੁਰਗ ਮਾਂ ਦੇ ਸਾਹਮਣੇ ਉਨ੍ਹਾਂ ਦੋਹਾਂ ਮਾਂਵਾਂ-ਧੀਆਂ ਨੂੰ ਵੀ ਹੱਡ ਹਿਲਾਉਣੇ ਪਏ। ਮਾਂ ਦੇ ਜਾਣ ਤੋਂ ਬਾਅਦ ਹੁਣ ਮੈਂ ਉਨ੍ਹਾਂ ਨੂੰ ਪੂਚ-ਪੂਚ ਨੀ ਕਰਦੀ।” ਸਪਸ਼ਟ ਤੌਰ `ਤੇ ਸੈਂਟਾਉਰੀ ਨੇ ਆਪਣਾ ਕੰਮ ਕਰ ਦਿੱਤਾ ਸੀ। ਹੁਣ ਉਹ ਦੂਜਿਆਂ ਦੇ ਰੋਹਬ ਵਿਚ ਨਹੀਂ ਸੀ। ਇਸ ਵਾਰ ਮੈਂ ਉਸ ਨੂੰ ਸੈਂਟਾਉਰੀ ਦੇ ਨਾਲ ਨਾਲ ਬੈਚ-ਦਵਾਈ ਓਕ (ੌਅਕ) ਵੀ ਦਿੱਤੀ, ਜਿਸ ਨੇ ਉਸ ਦੇ ਹੱਥਾਂ ਦੀ ਰਹਿੰਦੀ ਖੂੰਹਦੀ ਤਕਲੀਫ ਠੀਕ ਕਰ ਦਿੱਤੀ।
ਇਸ ਤਰ੍ਹਾਂ ਸੈਂਟਾਉਰੀ ਦੇ ਮਰੀਜ਼ ਕਿਸੇ ਡਰ, ਲਿਹਾਜ਼, ਝੇਂਪ, ਅਹਿਸਾਨ, ਰੋਹਬ, ਲਾਲਚ, ਬਲੈਕ-ਮੇਲ ਕਾਰਨ ਜਾਂ ਆਦਤ ਤੋਂ ਮਜ਼ਬੂਰ ਹੋਏ, ਕਿਸੇ ਦੇ ਨੀਚੇ ਲੱਗੇ ਰਹਿੰਦੇ ਹਨ। ਉਹ ਉਨ੍ਹਾਂ ਦਾ ਅਤਿਆਚਾਰ ਸਹਿੰਦੇ ਰਹਿੰਦੇ ਹਨ, ਪਰ ਉਨ੍ਹਾਂ ਨੂੰ ਵੰਗਾਰ ਨਹੀਂ ਸਕਦੇ। ਕਈ ਕਿਸੇ ਬਚਪਨ ਦੇ ਦੋਸਤ ਨੂੰ, ਕਈ ਮਾਂ ਪਿਓ ਨੂੰ, ਕਈ ਕਿਸੇ ਪ੍ਰੋਹਿਤ ਜੋਤਿਸ਼ੀ ਜਾਂ ਸਾਧ ਸੰਤ ਨੂੰ ਇੰਨੇ ਪ੍ਰਣਾਏ ਹੁੰਦੇ ਹਨ ਕਿ ਉਹ ਉਨ੍ਹਾਂ ਦੀ ਗਲਤ ਤੋਂ ਗਲਤ ਗੱਲ ਵੀ ਸਵੀਕਾਰ ਕਰਦੇ ਹਨ। ਉਹ ਆਪਣੇ ਘਰ ਨੂੰ ਖਰਾਬ ਕਰ ਕੇ ਵੀ ਇਨ੍ਹਾਂ ਮਾਨਯਵਰਾਂ ਦੀ ਗੱਲ ਖਿੜੇ ਮੱਥੇ ਮੰਨਦੇ ਹਨ। ਉਹ ਆਪਣੇ ਨਾਲ ਹੋ ਰਹੀ ਬੇਇਨਸਾਫੀ ਨੂੰ ਤਰ੍ਹਾਂ ਤਰ੍ਹਾਂ ਦੇ ਤਰਕਾਂ ਨਾਲ ਜਾਇਜ ਠਹਿਰਾਉਂਦੇ ਰਹਿੰਦੇ ਹਨ, ਪਰ ਜਬਾਨ ਤੋਂ ‘ਮੇਰੇ ਹੱਕ ਇੱਥੇ ਰੱਖ’ ਜਿਹੀ ਗੱਲ ਕਦੇ ਨਹੀਂ ਕਹਿਣਗੇ।
ਮੇਰੇ ਇਕ ਮਰੀਜ਼ ਦੀ ਲੜਕੀ ਮੇਰੇ ਕੋਲ ਡਿਪਰੈਸ਼ਨ ਦੀ ਦਵਾਈ ਲੈਣ ਆਈ। ਕਿਸੇ ਅੰਦਰੂਨੀ ਦੁੱਖ ਕਾਰਨ ਉਹ ਕਿਸੇ ਨਾਲ ਬੋਲਦੀ-ਚਾਲਦੀ ਨਹੀਂ ਸੀ। ਗਿਆਰਾਂ ਸਾਲ ਵਿਆਹ ਨੂੰ ਹੋ ਗਏ ਸਨ ਤੇ ਦੋ ਬੱਚੇ ਵੀ ਸਨ, ਪਰ ਉਸ ਦੇ ਚਿਹਰੇ `ਤੇ ਕੋਈ ਖੁਸ਼ੀ ਨਹੀਂ ਸੀ। ਬਚਪਨ ਵਿਚ ਹਸਮੁੱਖ ਤੇ ਹੋਣਹਾਰ ਸੀ, ਪਰ ਵਿਆਹ ਤੋਂ ਬਾਅਦ ਅਜਿਹਾ ਰੋਗ ਲੱਗਿਆ ਕਿ ਉਸ ਦਾ ਦਿਲ ਬੁਝ ਗਿਆ। ਉਸ ਨੂੰ ਆਪਣੇ ਬੱਚਿਆਂ ਸਮੇਤ ਘਰ ਦਾ ਕੋਈ ਜੀਅ ਵੀ ਚੰਗਾ ਨਾ ਲਗਦਾ। ਕਈ ਡਾਕਟਰਾਂ ਕੋਲ ਜਾ ਆਈ ਸੀ ਤੇ ਕਈ ਦੇਸੀ ਇਲਾਜ ਕਰਵਾ ਬੈਠੀ ਸੀ, ਪਰ ਉਸ ਦੀ ਹਾਲਤ ਜਿਉਂ ਦੀ ਤਿਉਂ ਸੀ। ਪਹਿਲਾਂ ਮੈਂ ਉਸ ਨੂੰ ਐਸਪਨ ਤੇ ਫਿਰ ਬੀਚ ਦੇਣ ਬਾਰੇ ਸੋਚਿਆ, ਪਰ ਕੁਝ ਹੋਰ ਤੱਥ ਜਾਣਨ ਲਈ ਰੁਕ ਗਿਆ। ਮੈਨੂੰ ਸ਼ੱਕ ਸੀ ਕਿ ਉਸ ਦੀ ਬਿਮਾਰੀ ਦਾ ਕਾਰਨ ਉਸ ਦੇ ਪਰਿਵਾਰਕ ਜੀਵਨ ਵਿਚ ਛੁਪਿਆ ਹੋਇਆ ਹੈ। ਇਸ ਲਈ ਮੈਂ ਉਸ ਦੇ ਸਹੁਰੇ ਘਰ ਵਿਚ ਉਸ ਦੀ ਬਸਰ ਬਾਰੇ ਕੁਝ ਪ੍ਰਸ਼ਨ ਪੁੱਛੇ। ਇਨ੍ਹਾਂ ਪ੍ਰਤੀ ਉਸ ਦਾ ਇਹ ਜਵਾਬ ਸੀ:
“ਅਸੀਂ ਸਾਂਝੇ ਪਰਿਵਾਰ ਵਿਚ ਰਹਿੰਦੇ ਹਾਂ। ਮੇਰਾ ਪਤੀ ਤੇ ਜੇਠ ਦੋ ਹੀ ਭਰਾ ਹਨ। ਦੋਹਾਂ ਵਿਚ ਬਹੁਤ ਪਿਆਰ ਹੈ। ਮੇਰਾ ਪਤੀ ਛੋਟਾ ਹੈ ਤੇ ਆਪਣੇ ਭਰਾ ਦੇ ਇਸ਼ਾਰੇ `ਤੇ ਚਲਦਾ ਹੈ। ਬਚਪਨ ਤੋਂ ਹੀ ਉਸ ਦੀ ਮਾਂ ਨੇ ਉਸ ਦੇ ਮਨ ਵਿਚ ਕੁਝ ਅਜਿਹਾ ਬਿਠਾ ਦਿਤਾ ਹੈ ਕਿ ਉਹ ਉਸ ਨੂੰ ਆਪਣਾ ਬਾਪ ਸਮਝਦਾ ਹੈ। ਉਹ ਪੈਲੀ ਦਾ ਸਾਰਾ ਕੰਮ ਆਪ ਕਰਦਾ ਹੈ ਤੇ ਵੇਚਣ ਵੱਟਣ ਦਾ ਕੰਮ ਉਸ ਦਾ ਵੱਡਾ ਭਰਾ ਕਰਦਾ ਹੈ। ਉਹ ਨਾ ਆਪਣੇ ਛੋਟੇ ਭਰਾ ਨੂੰ ਕੋਈ ਹਿਸਾਬ ਦਿੰਦਾ ਹੈ ਤੇ ਨਾ ਇਹ ਉਸ ਤੋਂ ਮੰਗਦਾ ਹੈ। ਪਿੱਛੇ ਕਿੱਲਾ ਜਮੀਨ ਦਾ ਲਿਆ, ਉਸ ਨੇ ਇੱਕਲੇ ਨੇ ਆਪਣੇ ਨਾਂ ਕਰਵਾ ਲਿਆ। ਹੁਣ ਫਿਰ ਇਕ ਕਿੱਲਾ ਲੈਣ ਨੂੰ ਫਿਰਦਾ ਹੈ। ਮੈਂ ਇਸ ਨੂੰ ਕਿਹਾ ਕਿ ਇਸ ਵਾਰ ਕਹਿ ਕੇ ਆਪਣੇ ਨਾਂ ਕਰਵਾਵੇ, ਪਰ ਇਹ ਇਕ ਨਹੀਂ ਸੁਣਦਾ। ਕਹਿੰਦਾ ਹੈ, ਆਪਣੀ ਕਿਹੜਾ ਜਮੀਨ ਵੰਡੀ ਹੋਈ ਹੈ। ਇਹ ਆਪਣੇ ਭਰਾ ਨੂੰ ਬੜਾ ਇਮਾਨਦਾਰ ਕਹਿੰਦਾ ਹੈ, ਪਰ ਉਹ ਇੱਦਾਂ ਹੈ ਨਹੀਂ। ਮੈਂ ਲੋਕ ਹਸਾਈ ਦੇ ਡਰ ਤੋਂ ਜਿ਼ਆਦਾ ਜ਼ੋਰ ਦੇ ਕੇ ਕੁਝ ਕਹਿ ਨਹੀਂ ਸਕਦੀ। ਕੁਝ ਕਹਾਂਗੀ ਤਾਂ ਮੇਰੀ ਕਿਹੜਾ ਕਿਸੇ ਨੇ ਸੁਣਨੀ ਐ। ਸਾਰੇ ਮੈਨੂੰ ਹੀ ਦੋਸ਼ ਦੇਣਗੇ ਕਿ ਦੋਹਾਂ ਭਰਾਵਾਂ ਵਿਚ ਫਰਕ ਪੈਦਾ ਕਰਦੀ ਹੈ। ਇਹ ਸੋਚ ਅੰਦਰੇ ਅੰਦਰ ਘੁਟਦੀ ਰਹਿੰਦੀ ਹਾਂ।”
ਮੈਨੂੰ ਲੱਗਿਆ ਕਿ ਜਿਹੋ ਜਿਹਾ ਕਸੂਰ ਇਸ ਦੇ ਬੇ-ਜੁਬਾਨ ਪਤੀ ਦਾ ਹੈ, ਉਸੇ ਤਰ੍ਹਾਂ ਦਾ ਇਸ ਦਾ ਹੈ; ਪਰ ਮਰੀਜ਼ ਬਣ ਕੇ ਤਾਂ ਇਹ ਆਈ ਹੈ, ਇਸ ਲਈ ਇਲਾਜ ਇਸੇ ਦਾ ਕਰਨਾ ਹੋਵੇਗਾ। ਮੈਂ ਉਸ ਨੂੰ ਮਹੀਨਾ ਭਰ ਦੋ ਵੇਲੇ ਸੈਂਟਾਉਰੀ ਖਾਣ ਨੂੰ ਦਿੱਤੀ। ਮਹੀਨੇ ਬਾਅਦ ਉਹ ਆਈ ਤਾਂ ਬੜੀ ਖੁਸ਼ ਜਾਪੀ। ਮੈਂ ਇਸ ਦਾ ਕਾਰਨ ਪੁੱਛਿਆ ਤਾਂ ਕਹਿਣ ਲੱਗੀ, ਦਵਾਈ ਨੇ ਤਾਂ ਕੋਈ ਫਾਇਦਾ ਨਹੀਂ ਕੀਤਾ, ਇਸ ਲਈ ਮੈਂ ਅੱਧੀ-ਪੱਚਧੀ ਖਾ ਕੇ ਛੱਡ ਦਿੱਤੀ। ਬਦਲ ਕੇ ਕੋਈ ਹੋਰ ਦਿਓ। ਫਿਰ ਬੋਲੀ, ਘਰ ਦਾ ਝਗੜਾ ਨਿੱਬੜ ਗਿਆ ਹੈ। ਮੈਂ ਆਪਣੇ ਭਰਾ ਨੂੰ ਸੱਦ ਕੇ ਕਿੱਲੇ ਦੀ ਗੱਲ ਚਲਾਈ ਸੀ ਤਾਂ ਦੋ ਦਿਨਾਂ ਦੀ ਗਰਮਾ ਗਰਮੀ ਤੋਂ ਬਾਅਦ ਗੱਲ ਵੰਡ ਵੰਡਾਈ `ਤੇ ਪਹੁੰਚ ਗਈ। ਅਸੀਂ ਕਿਹਾ, ਤੁਹਾਡੀ ਭਲਮਾਣਸੀ ਠੀਕ ਹੈ, ਪਰ ਨਿਆਣੇ ਤਾਂ ਆਪਸ ਵਿਚ ਸਕੇ ਨਹੀਂ। ਉਹ ਮਾਲਕ ਤੀਵੀਂ ਤੇ ਤੀਜਾ ਇਹ, ਸਾਡੀਆਂ ਗੱਲਾਂ ਦੇ ਜਵਾਬ ਨਹੀਂ ਦੇ ਸਕੇ। ਹੁਣ ਤਾਂ ਜੀ ਗੱਲਾਂ ਖੁਲ੍ਹ ਗਈਆਂ, ਮੈਂ ਕੱਲੀਓ ਸੰਭਾਲ ਲਉਂ। ਅਸੀਂ ਹਾੜ੍ਹੀ ਤੋਂ ਬਾਅਦ ਅੱਡ ਹੋ ਜਾਵਾਂਗੇ।
ਮੈਂ ਦਿਲ ਵਿਚ ਹੱਸਿਆ ਕਿ ਇਹ ਕਹਿੰਦੀ ਹੈ ਦਵਾਈ ਨੇ ਕੰਮ ਨਹੀਂ ਕੀਤਾ। ਦਵਾਈ ਕਿਹੜਾ ਸਿਰ ਚੜ੍ਹ ਬੋਲਦੀ ਹੁੰਦੀ ਹੈ। ਇਹ ਦਵਾਈ ਦਾ ਹੀ ਅਸਰ ਤਾਂ ਸੀ ਕਿ ਉਹ ਲੋਕ-ਲਾਜ ਦੇ ਪਰਦੇ ਵਿਚੋਂ ਬਾਹਰ ਆ ਕੇ ਆਪਣੇ ਹੱਕਾਂ ਲਈ ਡਟ ਗਈ। ਇਹ ਸੋਚ ਕੇ ਕਿ ਕਿਤੇ ਹਾੜ੍ਹੀ ਆਉਂਦਿਆਂ ਤੀਕ ਸੁਸਤ ਹੀ ਨਾ ਪੈ ਜਾਵੇ, ਮੈਂ ਉਸ ਨੂੰ ਇਕ ਮਹੀਨੇ ਲਈ ਚੈਸਟਨਟ-ਬੱਡ ਖਾਣ ਨੂੰ ਦਿੱਤੀ। ਅੱਜ ਕੱਲ ਉਹ ਅੱਧਾ ਘਰ ਜ਼ਮੀਨ ਵੰਡਵਾ ਕੇ ਸੁਖ ਨਾਲ ਰਹਿ ਰਹੀ ਹੈ।
ਸੈਂਟਾਉਰੀ ਇੰਨੀ ਅਹਿਮ ਫੁੱਲ-ਦਵਾਈ ਹੈ, ਜਿਸ ਦਾ ਬਿਆਨ ਔਖਾ ਹੈ। ਹੋਰਾਂ ਦਾ ਤਾਂ ਪਤਾ ਨਹੀਂ, ਪਰ ਇੱਕਲੇ ਭਾਰਤ ਵਿਚ ਪ੍ਰਧਾਨ ਮੰਤਰੀ ਨੂੰ ਛੱਡ ਕੇ ਸਭ ਮੰਤਰੀਆਂ, ਰਾਜ ਮੰਤਰੀਆਂ, ਪਾਰਟੀ ਲੀਡਰਾਂ, ਅਫਸਰਾਂ ਤੇ ਅੰਧ-ਭਗਤਾਂ ਨੂੰ ਇਸ ਦੀ ਲੋੜ ਹੈ। ਜਿੰਨੇ ਝੋਲੀ-ਚੁੱਕ, ਅੰਧ-ਵਿਸ਼ਵਾਸੀ, ਮੜ੍ਹੀ-ਪੂਜ ਤੇ ਸਾਧ-ਸੰਤ ਦੇ ਗੋਡੇ ਘੁੱਟਣ ਵਾਲੇ ਹਨ, ਉਨ੍ਹਾਂ ਦਾ ਸਵੈ-ਮਾਣ ਇਹੀ ਦਵਾਈ ਜਗਾ ਸਕਦੀ ਹੈ। ਜੋਤਸ਼ੀਆ, ਤਾਂਤਰਿਕਾਂ ਆਦਿ ਦੇ ਪਿੱਛ-ਲੱਗੂਆਂ ਅਤੇ ਮਨਘੜਤ ਮਿਥਿਹਾਸਕ ਕਿਰਦਾਰਾਂ ਦੇ ਪ੍ਰਸ਼ੰਸਕਾਂ ਦਾ ਕਲਿਆਣ ਵੀ ਇਸ ਤੋਂ ਬਿਨਾ ਨਹੀਂ ਹੋ ਸਕਦਾ। ਜੱਜਾਂ, ਖੋਜੀਆਂ, ਵਿਗਿਆਨੀਆਂ, ਪੜਚੋਲੀਆਂ, ਡਾਕਟਰਾਂ ਤੇ ਅਧਿਆਪਕਾਂ ਨੂੰ ਆਪਣੀ ਬੁੱਧੀ ਨਿਰਪੱਖ ਤੇ ਜਾਗਦੀ ਰੱਖਣ ਲਈ ਇਸ ਦੀ ਸਖਤ ਲੋੜ ਹੈ। ਸਭ ਛੋਟੇ ਤੇ ਵੱਡੇ ਬੱਚਿਆਂ, ਨੌਜਵਾਨ ਲੜਕੀਆਂ ਤੇ ਤ੍ਰੀਮਤਾਂ ਨੂੰ ਤਾਂ ਇਹ ਲਾਜ਼ਮੀ ਤੌਰ `ਤੇ ਦੇਣੀ ਬਣਦੀ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਵਰਗਲਾ ਕੇ ਗਲਤ ਪਾਸੇ ਨਾ ਲਾ ਸਕੇ। ਫੇਸਬੁੱਕੀਆਂ ਵਾਸਤੇ ਪ੍ਰਾਈਵੇਸੀ ਸੰਭਾਲ ਲਈ ਇਹ ਵਰਦਾਨ ਸਾਬਤ ਹੋ ਸਕਦੀ ਹੈ। ਧਰਨਾਕਾਰੀਆਂ ਤੇ ਧਰਨਾ-ਵਿਰੋਧੀਆਂ ਦੋਹਾਂ ਲਈ ਇਹ ਲਾਭਦਾਇਕ ਹੈ; ਪਹਿਲਿਆਂ ਦੀ ਜਾਗਦੀ ਜ਼ਮੀਰ ਨੂੰ ਸੁਚੇਤ ਰੱਖਣ ਲਈ ਤੇ ਦੂਜਿਆਂ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ। ਨਿਮਨ ਦਰਜਾ ਰਾਜ-ਨੇਤਾਵਾਂ ਤੇ ਵਿਕਾਊ ਪੱਤਰਕਾਰਾਂ ਦੀ ਰਿਣਾਤਮਿਕਤਾ ਦੇ ਇਲਾਜ ਲਈ ਤਾਂ ਸੈਂਟਾਉਰੀ ਸਮੇਤ ਇੰਨੀਆਂ ਹੋਰ ਫੁੱਲ ਦਵਾਈਆਂ ਦੀ ਲੋੜ ਹੈ, ਜਿੰਨੀਆਂ ਡਾ. ਬੈਚ ਨੇ ਲੱਭੀਆਂ ਵੀ ਨਹੀਂ!