ਗੁਰਮਤਿ ਅਤੇ ਮਨੂੰਵਾਦ (ਬ੍ਰਾਹਮਣਵਾਦ) ਵਿਚਕਾਰ ਨਿਖੇੜਾ

ਸਭੁ ਨਾਨਕ ਬ੍ਰਹਮ ਪਸਾਰੋ
ਗੁਰਬਚਨ ਸਿੰਘ
ਫੋਨ: 91-98156-98451
ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿਚ ਅਕਾਲ ਪੁਰਖ ਦਾ ਧੰਨਵਾਦ ਕਰਨ ਤੋਂ ਪਹਿਲਾਂ ਇਹ ਸਬਦੁ ਦਰਜ ਕੀਤਾ ਹੈ,

ਥਾਲ ਵਿਚਿ ਤਿੰਨਿ ਵਸਤੂ ਪਈਓ
ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ
ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ
ਤਿਸ ਕਾ ਹੋਇ ਉਧਾਰੋ॥
ਏਹ ਵਸਤੁ ਤਜੀ ਨਹ ਜਾਈ
ਨਿਤ ਨਿਤ ਰਖੁ ਉਰਿ ਧਾਰੋ॥
ਤਮ ਸੰਸਾਰੁ ਚਰਨ ਲਗਿ ਤਰੀਐ
ਸਭੁ ਨਾਨਕ ਬ੍ਰਹਮ ਪਸਾਰੋ॥੧॥ (ਪੰਨਾ 1427)
ਭਾਵ ਗੁਰੂ ਗ੍ਰੰਥ ਸਾਹਿਬ (ਥਾਲ) ਵਿਚ ਤਿੰਨ ਵਸਤੂਆਂ ਮੌਜੂਦ ਹਨ। ਮਨੁੱਖੀ ਜਿੰ਼ਦਗੀ ਦੇ ਤਿੰਨ ਮੂਲ ਸਿਧਾਂਤ ਦਰਜ ਹਨ-ਸਤਿ ਭਾਵ ਸਚ (ਯਥਾਰਥ) ਦਾ ਗਿਆਨ, ਜਿਸ ਤੋਂ ਗੁਰੂ ਗ੍ਰੰਥ ਸਾਹਿਬ ਦਾ ਅਰੰਭ ਹੁੰਦਾ ਹੈ; ਸੰਤੋਖ ਭਾਵ ਵੰਡ ਕੇ ਛਕਣ ਦਾ ਜਜ਼ਬਾ ਅਤੇ ਵੀਚਾਰ ਭਾਵ ਸਚ ਜਾਣਨ ਦੀ ਜਗਿਆਸਾ। ਗੁਰੂ ਸਾਹਿਬ ਮੁਤਾਬਿਕ ਇਸ ਥਾਲ ਵਿਚ ਉਸ ਮਾਲਕ ਦਾ ਅੰਮ੍ਰਿਤ ਰੂਪੀ ਸਦੀਵੀ ਗਿਆਨ ਮੌਜੂਦ ਹੈ, ਜਿਹੜਾ ਸਾਰੇ ਪ੍ਰਾਣੀਆਂ ਦੇ ਜੀਵਨ ਦਾ ਮੂਲ ਆਧਾਰ ਹੈ। ਜੇ ਕੋਈ ਮਨੁੱਖ ਇਸ ਗਿਆਨ ਨੂੰ ਖਾ ਕੇ ਉਸ ਨੂੰ ਪਚਾਉਂਦਾ ਹੈ, ਭਾਵ ਉਸ ਨੂੰ ਆਪਣੀ ਚੇਤਨਾ ਅਤੇ ਆਪਣੇ ਮਨ ਵਿਚ ਵਸਾਉਂਦਾ ਹੈ, ਉਸ ਨੂੰ ਆਪਣੇ ਹਿਰਦੇ ਭਾਵ ਆਪਣੇ ਆਤਮ ਵਿਚ ਥਾਂ ਦਿੰਦਾ ਹੈ, ਤਾਂ ਉਸ ਮਨੁੱਖ ਦਾ ਕਲਿਆਣ ਹੁੰਦਾ ਹੈ। ਇਹ ਵਸਤੂਆਂ ਤਜਣ ਭਾਵ ਤਿਆਗਣ ਵਾਲੀਆਂ ਨਹੀਂ ਬਲਕਿ ਹਰ ਵੇਲੇ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਣ ਵਾਲੀਆਂ ਹਨ। (ਗੁਰੂ) ਨਾਨਕ (ਸਾਹਿਬ) ਦੇ ਭਾਵਾਂ ਅਨੁਸਾਰ ਇਸ ਹਨੇਰੇ ਸੰਸਾਰ ਵਿਚ ਚਾਰ-ਚੁਫੇਰੇੇ ਪਸਰੇ ਬ੍ਰਹਮ ਦੀ ਸ਼ਰਨ ਪਿਆਂ ਹੀ ਜੀਵਨ ਦਾ ਇਹ ਭਵਜਲ ਸਾਗਰ ਤਰਿਆ ਜਾ ਸਕਦਾ ਹੈ।
ਸੁਆਲ ਪੈਦਾ ਹੁੰਦਾ ਹੈ ਕਿ ਇਹ ਬ੍ਰਹਮ ਕੌਣ ਹੈ?
ਬ੍ਰਹਮ ਦੇ ਸੰਕਲਪ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਅਨੇਕ ਥਾਂ ਸਪਸ਼ਟ ਕੀਤਾ ਗਿਆ ਹੈ,
ਬ੍ਰਹਮੋ ਪਸਾਰਾ ਬ੍ਰਹਮ ਪਸਰਿਆ
ਸਭੁ ਬ੍ਰਹਮੁ ਦ੍ਰਿਸਟੀ ਆਇਆ॥ (ਪੰਨਾ 792)
ਯਥਾ ਸਾਡੇ ਚਾਰ-ਚੁਫੇਰੇ ਫੈਲਿਆ ਇਹ ਸਾਰਾ ਪਸਾਰਾ ਬ੍ਰਹਮ ਹੈ। ਸਭ ਥਾਂ ਬ੍ਰਹਮ ਹੀ ਪਸਰਿਆ ਹੋਇਆ ਹੈ। ਬ੍ਰਹਮ ਹੀ ਸਗਲ ਦ੍ਰਿਸ਼ਟੀ ਵਿਚ ਆਉਂਦਾ ਹੈ। ਗੁਰੂ ਅਰਜਨ ਦੇਵ ਜੀ ‘ਸੁਖਮਨੀ’ ਵਿਚ ਬ੍ਰਹਮ ਗਿਆਨੀ ਦੀ ਵਿਆਖਿਆ ਕਰਦਿਆਂ ਬ੍ਰਹਮ ਦੇ ਸੰਕਲਪ ਨੂੰ ਹੋਰ ਸਪਸ਼ਟ ਕਰਦੇ ਹਨ,
ਮਨਿ ਸਾਚਾ ਮੁਖਿ ਸਾਚਾ ਸੋਇ॥
ਅਵਰੁ ਨ ਪੇਖੇ ਏਕਸੁ ਬਿਨੁ ਕੋਇ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥ (ਪੰਨਾ 272)
ਯਥਾ ਜਿਸ ਮਨੁੱਖ ਦਾ ਮਨ ਸਚਾ ਹੈ, ਭਾਵ ਮਨ ਵਿਚ ਕਿਸੇ ਕਿਸਮ ਦਾ ਕੋਈ ਭਰਮ ਅਤੇ ਫਰੇਬ ਨਹੀਂ; ਜਿਸ ਦਾ ਮੁਖ ਵੀ ਸਚਾ ਹੈ, ਭਾਵ ਜੋ ਕੁਝ ਉਸ ਦੇ ਮਨ ਵਿਚ ਹੈ, ਓਹੀ ਕੁਝ ਉਹ ਆਪਣੇ ਮੂੰਹੋਂ ਉਚਾਰਦਾ ਹੈ ਅਤੇ ਆਪਣੇ ਚਾਰ-ਚੁਫੇਰੇ ਪਸਰੇ ਏਕਸ ਤੋਂ ਬਗੈਰ ਕਿਸੇ ਹੋਰ ਨੂੰ ਨਹੀਂ ਵੇਖਦਾ ਭਾਵ ਆਪਣੇ ਆਤਮ ਵਿਚ ਕਿਸੇ ਹੋਰ ਦੂਜੇ (ਮਨ-ਕਲਪਿਤ ਰੱਬ) ਨੂੰ ਨਹੀਂ ਚਿਤਾਰਦਾ, ਉਹ ਮਨੁੱਖ ਬ੍ਰਹਮ ਗਿਆਨੀ ਭਾਵ ਬ੍ਰਹਮ ਦਾ ਗਿਆਨ ਰੱਖਣ ਵਾਲਾ ਹੈ।
ਫਿਰ ਸੁਆਲ ਪੈਦਾ ਹੁੰਦਾ ਹੈ ਕਿ ਇਸ ਬ੍ਰਹਮ ਗਿਆਨ ਦਾ ਸ੍ਰੋਤ ਕਿਹੜਾ ਹੈ?
ਇਸ ਸੁਆਲ ਦਾ ਜੁਆਬ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ,
ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ
ਪੂਰਨ ਬ੍ਰਹਮ ਗਿਆਨੁ॥੧॥ ਰਹਾਉ॥ (ਪੰਨਾ 1226)
ਯਥਾ ਇਹ ਪੋਥੀ (ਗੁਰੂ ਗ੍ਰੰਥ ਸਾਹਿਬ) ਪਰਮੇਸਰ (ਸਿਰਜਣਹਾਰ ਰੱਬੀ ਹਸਤੀ) ਦੇ ਮਿਲਣ ਦੀ ਥਾਂ ਹੈ। ਸਾਧ ਸੰਗਤ ਦੇ ਰੂਪ ਵਿਚ ਰਲ-ਮਿਲ ਕੇ ਗੋਬਿੰਦ ਦੇ ਗੁਣ ਗਾਉਣਾ ਹੀ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ।
ਇਥੇ ਸੋਚਣ ਦਾ ਇਕ ਅਹਿਮ ਨੁਕਤਾ ਇਹ ਹੈ ਕਿ ਮਨੁੱਖ ਨੂੰ ਬ੍ਰਹਮ ਗਿਆਨ ਦੀ ਲੋੜ ਕਿਉਂ ਹੈ?
ਕਿਉਂਕਿ ਇਸ ਗਿਆਨ ਨਾਲ ਬ੍ਰਾਹਮਣਵਾਦ ਦੇ ਮੂਲ ਆਧਾਰ ਮਨੂੰਵਾਦੀ ਬ੍ਰਹਮਾ ਦੀ ਉਤਪਤੀ ਦੀ ਜਾਣਕਾਰੀ ਮਿਲਦੀ ਹੈ। ਬ੍ਰਾਹਮਣਵਾਦ ਦੇ ਤਤ ਦਾ ਭੇਦ ਪਤਾ ਲਗਦਾ ਹੈ।
ਮਨੂੰ ਸਿਮ੍ਰਿਤੀ ਦੇ ਐਨ ਮੁਢ ਵਿਚ ਬ੍ਰਹਮਾ ਦੇ ਪੈਦਾ ਹੋਣ ਬਾਰੇ ਇਹ ਜਾਣਕਾਰੀ ਦਿੱਤੀ ਗਈ ਹੈ,
“ਆਦਿ ਕਾਲ ਦਾ ਸਮਾਂ ਹੈ। ਇਕ ਸਥਾਨ ਉਤੇ ਮਹਾਂਰਿਸ਼ੀ ਲੋਗ ਇਕਾਗਰ-ਚਿਤ ਅਤੇ ਸੁਖੀ ਆਸਣ ਵਿਚ ਬੈਠੇ ਭਗਵਾਨ ਮਨੂੰ ਦੇ ਕੋਲ ਪੂਰੀ ਸ਼ਰਧਾ ਭਗਤੀ ਨਾਲ ਜਾ ਕੇ ਪ੍ਰਸ਼ਨ ਕਰਤਾ ਦੇ ਰੂਪ ਵਿਚ ਬੋਲੇ ‘ਹੇ ਭਗਵਨ! ਸਾਰੇ ਵਰਣਾਂ ਬ੍ਰਾਹਮਣ, ਖਤਰੀ, ਵੈਸ਼ ਤੇ ਸ਼ੂਦਰ ਅਤੇ ਬ੍ਰਾਹਮਣ ਵਰਣ ਦੇ ਪਿਤਾ ਤੇ ਵੈਸ਼ ਵਰਣ ਦੀ ਮਾਤਾ ਦੇ ਸੰਜੋਗ ਭਾਵ ਉਚ ਵਰਣ ਦੇ ਪਿਤਾ ਅਤੇ ਹੇਠਲੇ ਵਰਣ ਦੀ ਮਾਤਾ ਦੇ ਸੰਜੋਗ ਤੋਂ, ਬ੍ਰਾਹਮਣ ਵਰਣ ਦੇ ਪਿਤਾ ਤੇ ਖਤਰੀ ਵਰਣ ਦੀ ਮਾਤਾ ਦੇ ਸੰਜੋਗ ਤੋਂ ਤਥਾ ਇਸ ਦੇ ਉਲਟ ਹੇਠਲੇ ਵਰਣ ਦੇ ਪੁਰਸ਼ ਅਤੇ ਬ੍ਰਾਹਮਣ ਵਰਣ ਦੀ ਮਾਤਾ ਦੇ ਸੰਜੋਗ ਤੋਂ ਪੈਦਾ ਹੋਈ ਔਲਾਦ ਦੇ ਕ੍ਰਮਵਾਰ ਨਿਭਾਏ ਜਾਣ ਵਾਲੇ ਧਰਮ ਨੂੰ ਕਹਿਣ ਦੇ ਤੁਸੀਂ ਯੋਗ ਹੋ, ਇਸ ਲਈ ਕਿਰਪਾ ਕਰ ਕੇ ਉਹ ਕਹੋ।
ਅੰਡਜ (ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਭਾਵ ਸੱਪ, ਮੱਛੀ, ਪੰਛੀ ਆਦਿ), ਜੇਰਜ (ਜੇਰ ਤੋਂ ਪੈਦਾ ਹੋਣ ਵਾਲੇ ਜੀਵ ਭਾਵ ਮਨੁੱਖ, ਪਸੂ ਆਦਿ), ਸੇਤਜ (ਮੈਲ ਤੋਂ ਪੈਦਾ ਹੋਣ ਵਾਲੇ ਜੀਵ ਭਾਵ ਖਟਮਲ, ਜੂੰਆਂ ਆਦਿ), ਉਤਭੁਜ (ਭਾਵ ਬੀਜ ਤੋਂ ਪੈਦਾ ਹੋਣ ਵਾਲੀ ਬਨਸਪਤੀ) ਸਾਰੇ ਜੀਵ ਸਮੂਹਾਂ ਦੇ ਜਨਮ ਅਤੇ ਮੌਤ, ਉਨ੍ਹਾਂ ਦੇ ਕਰਨ ਵਾਲੇ ਅਤੇ ਨਾ ਕਰਨ ਵਾਲੇ ਕੰਮਾਂ, ਉਨ੍ਹਾਂ ਦੇ ਵਿਸ਼ਵਾਸਾਂ ਅਤੇ ਉਨ੍ਹਾਂ ਦੇ ਆਚਾਰ ਨੂੰ ਯਥਾਯੋਗ ਅਤੇ ਇੱਛਾ ਅਨੁਸਾਰ ਕਹਿਣ ਦੇ ਤੁਸੀਂ ਯੋਗ ਹੋ, ਕਿਉਂਕਿ ਹੇ ਪ੍ਰਭੂ! ਸਿਰਫ ਤੁਸੀਂ ਹੀ ਇਕ ਪੂਰਨ ਅਲੌਕਿਕ ਈਸ਼ਵਰ, ਮਨੁੱਖੀ ਸੋਚ ਤੋਂ ਪਾਰ ਤਥਾ ਵੇਦ ਦੇ ਅਮਿਤ ਸਦੀਵੀ ਗਿਆਨ ਦੇ ਜਾਣਨਹਾਰ, ਯਗ ਕਰਤਾ ਅਤੇ ਬ੍ਰਹਮਾ ਨੂੰ ਜਾਣਨ ਵਾਲੇ ਮੰਨੇ ਗਏ ਹੋ, ਇਸ ਲਈ ਕਿਰਪਾ ਕਰ ਕੇ ਉਨ੍ਹਾਂ ਨੂੰ ਕਹੋ।
ਫਿਰ ਮਹਾਂਰਿਸ਼ੀਆਂ ਵਲੋਂ ਇਸ ਤਰ੍ਹਾਂ ਦੇ ਪੁਛੇ ਗਏ ਸੁਆਲਾਂ ਬਾਰੇ ਅਪਾਰ ਗਿਆਨ ਵਾਲੇ ਮਨੂੰ ਉਨ੍ਹਾਂ ਸਾਰੇ ਮਹਾਂਰਿਸ਼ੀਆਂ ਦਾ ਉਚਿਤ ਸਤਿਕਾਰ ਕਰ ਕੇ ਬੋਲੇ, ‘ਸੁਣੋਂ! ਪਰਲੋ ਕਾਲ ਵਿਚ ਇਹ ਸੰਸਾਰ ਹਨੇਰੇ ਵਿਚ ਲੀਨ, ਅਣਜਾਣ, ਚਿਹਨ ਰਹਿਤ, ਪ੍ਰਮਾਣ ਆਦਿ ਤਰਕ ਤੋਂ ਹੀਣ, ਅਣਜਾਣਿਆ ਤਥਾ ਪੂਰਨ ਰੂਪ ਵਿਚ ਸੁਪਤ ਅਵਸਥਾ ਵਿਚ ਸੀ, ਤਾਂ ਫਿਰ ਆਪਣੀ ਇਛਾ ਨਾਲ ਸਰੀਰ ਧਾਰਨ ਕਰਨ ਵਾਲੇ, ਮਨੁੱਖੀ ਇੰਦ੍ਰੀਆਂ ਦੀ ਪਕੜ ਵਿਚ ਨਾ ਆਉਣ ਵਾਲੇ ਅਦ੍ਰਿਸ਼ਟ, ਅਮਿਤ, ਸਰਬਸ਼ਕਤੀਮਾਨ ਹਨੇਰੇ ਨੂੰ ਦੂਰ ਕਰਨ ਵਾਲੇ ਭਗਵਾਨ ਆਕਾਸ਼ ਆਦਿ ਮੂਲ ਤੱਤਾਂ ਸਮੇਤ ਪ੍ਰਗਟ ਹੋਏ। ਜਿਹੜੇ ਭਗਵਾਨ ਮਨੁੱਖੀ ਗਿਆਨ ਇੰਦ੍ਰੀਆਂ ਦੀ ਪਹੰੁਚ ਅਤੇ ਸਮੂਹ ਪ੍ਰਾਣੀਆਂ ਦੀ ਸੋਚ ਤੋਂ ਪਾਰ, ਸੂਖਮ ਸਰੂਪ, ਅਗਮ, ਸਦਾ ਰਹਿਣ ਵਾਲੇ ਹਨ, ਉਹ ਖੁਦ ਪ੍ਰਗਟ ਹੋਏ। ਫਿਰ ਉਸ ਪਰਮਾਤਮਾ ਨੇ ਅਨੇਕ ਤਰ੍ਹਾਂ ਦੀ ਪਰਜਾ ਦੀ ਸਿਰਜਣਾ ਕਰਨ ਦੀ ਇੱਛਾ ਨਾਲ ਸਭ ਤੋਂ ਪਹਿਲਾਂ ਪਾਣੀ ਦੀ ਸਿਰਜਣਾ ਕੀਤੀ ਅਤੇ ਉਸ ਪਾਣੀ ਵਿਚ ਸ਼ਕਤੀ ਰੂਪੀ ਬੀਜ ਬੀਜਿਆ। ਇਸ ਬੀਜ ਨੇ ਹਜਾਰਾਂ ਸੂਰਜਾਂ ਦੇ ਬਰਾਬਰ ਪ੍ਰਕਾਸ਼ ਵਾਲੇ ਸੋਨੇ ਵਰਗੇ ਸ਼ੁਧ ਆਂਡੇ ਦਾ ਰੂਪ ਧਾਰਨ ਕਰ ਲਿਆ ਅਤੇ ਫਿਰ ਉਸ ਆਂਡੇ ਵਿਚੋਂ ਸਮੂਹ ਲੋਕਾਂ ਦੀ ਸਿਰਜਣਾ ਕਰਨ ਵਾਲੇ ਬ੍ਰਹਮਾ ਜੀ ਪੈਦਾ ਹੋਏ।”
ਮਨੂੰ ਸਿਮ੍ਰਿਤੀ ਦੇ ਐਨ ਮੁਢ ਵਿਚ ਹੀ ਇਹ ਜਾਣਕਾਰੀ ਵੀ ਦਿਤੀ ਗਈ ਹੈ, “ਮਨੂੰ ਸਿਮ੍ਰਿਤੀ ਸੰਸਾਰ ਦਾ ਸਭ ਤੋਂ ਪੁਰਾਣਾ ਕਾਨੂੰਨੀ ਅਤੇ ਸਮਾਜੀ ਪ੍ਰਬੰਧ ਹੈ। ਇਹ ਏਨਾ ਠੋਸ ਹੈ ਕਿ ਭਾਰਤੀ ਸੰਵਿਧਾਨ ਅਤੇ ਭਾਰਤ ਦਾ ਸਮਾਜੀ ਪ੍ਰਬੰਧ ਅੱਜ ਵੀ ਇਸੇ ਮਨੂੰ ਸਿਮ੍ਰਿਤੀ ਉਤੇ ਆਧਾਰਿਤ ਹੈ। ਇਸ ਦੀ ਸਿਰਜਣਾ ਬ੍ਰਹਮਾ ਨੇ ਕੀਤੀ। ਬ੍ਰਹਮਾ ਨੇ ਮਨੂੰ ਨੂੰ ਪੜ੍ਹਾਇਆ ਅਤੇ ਫਿਰ ਮਨੂੰ ਨੇ ਇਸ ਦਾ ਗਿਆਨ ਭ੍ਰਿਗੂ ਨੂੰ ਦਿਤਾ। ਮਹਾਂਰਿਸ਼ੀ ਭ੍ਰਿਗੂ ਨੇ ਇਹ ਗਿਆਨ ਬਾਕੀ ਰਿਸ਼ੀਆਂ ਨੂੰ ਦਸਿਆ। ਇਸ ਤਰ੍ਹਾਂ ਇਹ ਸੰਸਕ੍ਰਿਤ ਸਾਹਿਤ ਦਾ ਹੈਰਾਨੀਜਨਕ ਅਤੇ ਅਣਮੋਲ ਖਜਾਨਾ ਸਾਹਮਣੇ ਆਇਆ।”
ਮਨੂੰ ਸਿਮ੍ਰਿਤੀ ਵਿਚ ਦਰਜ ਹੈ, “ਉਸ ਮਹਾਨ ਤੇਜ ਵਾਲੇ ਬ੍ਰਹਮਾ ਨੇ ਇਸ ਲੋਕ ਦੀ ਰਖਿਆ ਲਈ ਆਪਣੇ ਮੂੰਹ ਬਾਹਾਂ ਜੰਘਾ ਅਤੇ ਪੈਰਾਂ ਵਿਚੋਂ ਕ੍ਰਮਵਾਰ ਚਹੁੰਆਂ ਵਰਣਾਂ ਨੂੰ ਪੈਦਾ ਕੀਤਾ ਅਤੇ ਇਨ੍ਹਾਂ ਦੇ ਕੰਮ ਅਡ-ਅਡ ਨਿਸ਼ਚਿਤ ਕਰ ਦਿਤੇ। ਈਸ਼ਵਰ ਨੇ ਸ਼ੂਦਰਾਂ ਲਈ ਇਹ ਹੀ ਕੰਮ ਕਰਨ ਦਾ ਆਦੇਸ਼ ਦਿਤਾ ਕਿ ਉਹ ਦੂਜੇ ਤਿੰਨਾਂ ਵਰਣਾਂ (ਸੁਵਰਣਾਂ) ਦੀ ਸੇਵਾ ਕਰਨ। ਰਾਜੇ ਨੂੰ ਚਾਹੀਦਾ ਹੈ ਕਿ ਉਹ ਸਖਤੀ ਨਾਲ ਸ਼ੂਦਰਾਂ ਨੂੰ ਉਨ੍ਹਾਂ ਲਈ ਨਿਯਤ ਕੀਤੇ ਹੋਏ ਕੰਮ ਕਰਨ ਲਈ ਲਾਵੇ। ਜੇ ਉਹ ਆਪਣੇ ਨਿਯਤ ਕੀਤੇ ਕੰਮ ਤੋਂ ਮੁਨਕਿਰ ਹੋਣਗੇ ਤਾਂ ਉਹ ਸਾਰੇ ਜਗਤ ਨੂੰ ਹੀ ਪ੍ਰੇਸ਼ਾਨੀ ਵਿਚ ਪਾ ਦੇਣਗੇ।”
ਗੁਰਮਤਿ ਨੇ ਮਨੂੰ ਦੇ ਇਸ ਮਨ-ਕਲਪਿਤ ‘ਰਬ’ ਬ੍ਰਹਮਾ ਦੀ ਕਰਤਾਰੀ ਹੋਂਦ ਨੂੰ ਮੂਲੋ ਹੀ ਨਕਾਰ ਦਿਤਾ ਹੈ।
ਗੁਰਮਤਿ ਇਹ ਜਾਣਕਾਰੀ ਦਿੰਦੀ ਹੈ,
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ (ਪੰਨਾ 1035)
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ (ਪੰਨਾ 559)
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇਦੁੰ ਤਪੈ ਭੇਖਾਰੀ॥
ਮਾਨੈ ਹੁਕਮ ਸੋਹੈ ਦਰ ਸਾਚੈ ਆਕੀ ਮਰਹਿ ਅਫਾਰੀ॥ (ਪੰਨਾ 991)
ਯਥਾ ਬ੍ਰਹਮਾ ਬਿਸਨ ਮਹੇਸ ਦੀ ਕੋਈ ਹੋਂਦ ਨਹੀਂ। ਬ੍ਰਹਮਾ ਦੇ ਨਾਂ ਉਤੇ ਜਿਹੜਾ ਵੇਦਾਂ ਦਾ ਗਿਆਨ ਦਿਤਾ ਜਾ ਰਿਹਾ ਹੈ, ਇਹ ਸਾਰਾ ਮਨ-ਕਲਪਿਤ ਅਤੇ ਝੂਠ ਹੈ। ਬ੍ਰਹਮਾ ਬਿਸਨ ਅਤੇ ਸਾਰੇ ਰਿਖੀ ਮੁਨੀ ਸ਼ੰਕਰ (ਸ਼ਿਵਜੀ) ਇੰਦਰ ਤੇ ਹੋਰ ਵੀ ਸਾਰੇ ਤਪੇ ਭਾਵ ਤਪ ਕਰਨ ਵਾਲੇ ਉਸ ਸਚੇ ਮਾਲਕ ਸਿਰਜਣਹਾਰ ਦੇ ਦਰਬਾਰ ਵਿਚ ਮੰਗਤੇ ਹਨ। ਜਿਹੜੇ ਉਸ ਦੇ ਹੁਕਮ ਵਿਚ ਚਲਦੇ ਹਨ, ਸਿਰਫ ਓਹੀ ਉਸ ਦੇ ਦਰ ਉਤੇ ਸੋਭਦੇ ਹਨ, ਬਾਕੀ ਸਾਰੇ ਆਪਣੇ ਹੰਕਾਰ ਵਿਚ ਆਫਰੇ ਹੀ ਮਰ ਜਾਂਦੇ ਹਨ।
ਗੁਰਮਤਿ ਅਨੁਸਾਰ ਵੈਦਿਕ ਫਿਲਾਸਫੀ ਦੀਆਂ ਦੋ ਧਾਰਾਵਾਂ ਹਨ-ਬ੍ਰਹਮ (ਸਤਿ) ਦੀ ਹੋਂਦ ਨੂੰ ਬੁਲੰਦ ਕਰਦੀ ਬ੍ਰਹਮਵਾਦੀ ਧਾਰਾ ਅਤੇ ਬ੍ਰਹਮਾ ਦੀ ਮਨ ਕਲਪਿਤ ਹੋਂਦ ਨੂੰ ਸਥਾਪਿਤ ਕਰਦੀ ਬ੍ਰਾਹਮਣਵਾਦੀ ਧਾਰਾ। ਗੁਰਮਤਿ ਬ੍ਰਹਮ (ਸਤਿ) ਵਾਦੀ ਧਾਰਾ ਨੂੰ ਪ੍ਰਵਾਨ ਕਰਦੀ ਹੈ ਅਤੇ ਮਨੂੰਵਾਦ ਬ੍ਰਾਹਮਣਵਾਦੀ ਧਾਰਾ ਦਾ ਜਨਕ ਹੈ।
ਮਨੂੰ ਸਿਮ੍ਰਿਤੀ ਵਿਚ ਹੀ ਵਰਣ ਵੰਡ ਦੇ ਰੂਪ ਵਿਚ ਜਾਤ-ਪਾਤ ਦੇ ਬੀਜ ਬੀਜੇ ਗਏ ਹਨ। ਔਰਤਾਂ ਨੂੰ ਸ਼ੂਦਰਾਂ ਦਾ ਦਰਜਾ ਦਿਤਾ ਗਿਆ ਹੈ। ਇਹੀ ਮਨੂੰਵਾਦੀ ਸੋਚ ਅਤੇ ਇਸ ਦੇ ਆਧਾਰ ਉਤੇ ਬਣੀ ਬ੍ਰਾਹਮਣੀ ਮਾਨਸਿਕਤਾ ਨੇ ਹੀ ਅਗਲੇ ਸਮੇਂ ਵਿਚ ਵਰਣ ਵੰਡ ਨੂੰ ਜਾਤ-ਪਾਤ ਦਾ ਰੂਪ ਦੇ ਕੇ ਸਾਰੇ ਸਮਾਜ ਨੂੰ ਦਰਜਾ-ਬਦਰਜੀ ਹਜਾਰਾਂ ਖਾਨਿਆਂ ਵਿਚ ਵੰਡ ਦਿਤਾ। ਇਹੀ ਵੰਡ ਅਜੋਕੀਆਂ ਸਾਰੀਆਂ ਸਮਸਿਆਵਾਂ ਦੀ ਮੂਲ ਜੜ੍ਹ ਹੈ। ਇਸ ਵੰਡ ਦੇ ਆਧਾਰ ਉਤੇ ਬਣੀ ਮਾਨਸਿਕਤਾ ਹੀ ਸਮੂਹ ਲੋਕਾਂ ਦਾ ਇਕ ਭਾਈਚਾਰਾ ਬਣਨ ਵਿਚ ਸਭ ਤੋਂ ਵਡੀ ਰੁਕਾਵਟ ਹੈ। ਗੁਰਮਤਿ ਦਾ ਫੁਰਮਾਨ ਹੈ,
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ (ਪੰਨਾ 1128)
ਭਾਵ ਜਾਤ-ਪਾਤ ਨੂੰ ਮੰਨਣ ਵਾਲਾ ਜਾਂ ਜਾਤ ਦਾ ਹੰਕਾਰ ਕਰਨ ਵਾਲਾ ਮਨੁੱਖ ਮੂਰਖ ਅਤੇ ਗਵਾਰ ਹੈ, ਭਾਵ ਉਹ ਪਸੂ ਦੇ ਸਮਾਨ ਹੈ, ਕਿਉਂਕਿ ਜਾਤ ਦਾ ਹੰਕਾਰ ਕਰਨ ਵਾਲੇ ਮਨੁੱਖ ਦੇ ਮਨ ਵਿਚ ਬਹੁਤ ਵਿਕਾਰ ਪੈਦਾ ਹੋ ਜਾਂਦੇ ਹਨ। ਭਾਵ ਜਾਤੀ ਹੰਕਾਰ ਕਿਸੇ ਦੂਜੇ ਮਨੁੱਖ ਨੂੰ ਨੁਕਸਾਨ ਬਾਅਦ ਵਿਚ ਪਹੁੰਚਾਉਂਦਾ ਹੈ, ਪਹਿਲਾਂ ਇਹ ਹੰਕਾਰ ਮਨੁੱਖ ਦੇ ਆਪਣੇ ਮਨ ਵਿਚ ਵਿਕਾਰ ਭਾਵ ਵਿਗਾੜ ਪੈਦਾ ਕਰਦਾ ਹੈ। ਜਾਤੀ ਹੰਕਾਰ ਮਨੁੱਖ ਦੀ ਆਪਣੀ ਚੇਤਨਾ ਵਿਚਲੀ ਆਪਣੀ ਸਮਾਜੀ ਹੋਂਦ ਨੂੰ ਛੋਟਾ ਕਰਦਾ ਹੈ ਅਤੇ ਉਹ ਖੁਦ ਹੀ ਆਪਣੇ ਮਨ ਵਿਚ ਆਪਣਾ ਸਮਾਜੀ ਦਾਇਰਾ ਸੀਮਤ ਕਰ ਲੈਂਦਾ ਹੈ। ਇਹ ਸੀਮਤਾਈ ਉਸ ਦੀ ਸਮਾਜੀ ਸੂਝ ਨੂੰ ਜਿ਼ੰਦਗੀ ਭਰ ਪੂਰਨ ਰੂਪ ਵਿਚ ਖਿੜਨ ਨਹੀਂ ਦਿੰਦੀ ਅਤੇ ਫਿਰ ਇਹੀ ਜਾਤੀ ਹੰਕਾਰ ਸਮਾਜ ਵਿਚ ਵੰਡੀਆਂ ਪਾਉਣ ਦਾ ਕਾਰਨ ਬਣਦਾ ਹੈ। ਸਮਾਜੀ ਜਿੰ਼ਦਗੀ ਵਿਚ ਲੜਾਈ ਝਗੜਿਆਂ ਦਾ ਆਧਾਰ ਬਣਦਾ ਹੈ।
ਗੁਰਮਤਿ ਨੇ ਇਹ ਗਿਆਨ ਵੀ ਦਿਤਾ ਹੈ,
ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ॥
ਮਾਇਆ ਮੋਹੁ ਪਸਰਿਆ ਪਸਾਰਾ॥
ਮੂਰਖ ਪੜਹਿ ਸਬਦੁ ਨ ਬੂਝਹਿ
ਗੁਰਮੁਖਿ ਵਿਰਲੈੈ ਜਾਤਾ ਹੇ॥ (ਪੰਨਾ 1053)
ਯਥਾ ਸਿਮ੍ਰਤੀਆਂ ਅਤੇ ਸਾਸਤਰਾਂ ਵਿਚ ਜਿੰਨਾ ਵਿਸਥਾਰ ਹੈ, ਇਹ ਸਾਰਾ ਕਲਪਿਤ ਝੂਠ ਅਤੇ ਝੂਠੇ ਪਿਆਰ ਦਾ ਪਸਾਰਾ ਹੈ। ਮੂਰਖ ਮਨੁੱਖ ਇਨ੍ਹਾਂ ਨੂੰ ਪੜ੍ਹਦਾ ਹੈ, ਪਰ ਸਬਦ ਵਿਚਲੇ ਆਤਮਿਕ ਗਿਆਨ ਦਾ ਭੇਦ ਨਹੀਂ ਪਾ ਸਕਦਾ। ਗੁਰੂ ਦੇ ਗਿਆਨ ਵਲ ਮੰੂਹ ਕਰਨ ਵਾਲਾ ਕੋਈ ਵਿਰਲਾ ਮਨੁੱਖ ਹੀ ਇਸ ਦਾ ਭੇਦ ਪਾ ਸਕਦਾ ਹੈ।
ਬੇਦ ਕੀ ਪੁਤ੍ਰੀ ਸਿੰਮ੍ਰਿਤ ਭਾਈ॥
ਸਾਂਕਲ ਜੇਵਰੀ ਲੈ ਹੈ ਆਈ॥
ਆਪਨ ਨਗਰੁ ਆਪ ਤੇ ਬਾਧਿਆ॥
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ ਰਹਾਉ॥
ਕਟੀ ਨ ਕਟੈ ਤੂਟਿ ਨਹ ਜਾਈ॥
ਸਾ ਸਾਪਨਿ ਹੋਇ ਜਗੁ ਕਉ ਖਾਈ॥ (ਪੰਨਾ 329)
ਯਥਾ ਵੇਦ ਹੀ ਸਿਮ੍ਰਤੀਆਂ ਦੇ ਜਨਕ ਹਨ। ਇਨ੍ਹਾਂ ਵਿਚਲਾ ਗਿਆਨ ਮਨੁੱਖੀ ਮਨ ਨੂੰ ਪਏ ਸੰਗਲ ਅਤੇ ਜੰਜੀਰਾਂ ਵਾਂਗ ਹਨ। ਇਹ ਇੰਜ ਹੈ, ਜਿਵੇਂ ਕੋਈ ਮਨੁੱਖ ਆਪਣੇ ਆਤਮ ਵਿਚ ਆਪ ਹੀ ਕੋਈ ਭਰਮ ਜਾਲ ਬੁਣ ਲਏ ਅਤੇ ਫਿਰ ਉਸ ਦੇ ਮੋਹ ਵਿਚ ਆਪ ਹੀ ਫਸ ਕੇ ਮਰ ਜਾਏ। ਸਾਰੇ ਯਤਨਾਂ ਦੇ ਬਾਵਜੂਦ ਜਿਹੜਾ ਭਰਮਜਾਲ ਕਟਿਆ ਨਹੀਂ ਜਾ ਸਕਦਾ ਤੇ ਜਿਹੜਾ ਸੱਪਣੀ ਦਾ ਰੂਪ ਧਾਰ ਕੇ ਜਗਤ ਨੂੰ ਖਾ ਰਿਹਾ ਹੈ।
ਸਿਮ੍ਰਿਤ ਸਾਸਤ੍ਰ ਪੁੰਨ ਪਾਪ ਬੀਚਾਰਦੇ
ਤਤੈ ਸਾਰ ਨ ਜਾਣੀ॥
ਤਤੈ ਸਾਰ ਨ ਜਾਣੀ ਗੁਰੂ ਬਾਝਹੁ
ਤਤੈ ਸਾਰ ਨ ਜਾਣੀ॥
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ
ਸੁਤਿਆ ਰੈਣ ਵਿਹਾਣੀ॥ (ਪੰਨਾ 920)
ਯਥਾ ਸਿਮ੍ਰਿਤੀਆਂ ਅਤੇ ਸਾਸਤਰ ਪੁੰਨ ਪਾਪ ਦੀ ਚਰਚਾ ਕਰਦੇ ਹਨ, ਪਰ ਇਸ ਚਰਚਾ ਦਾ ਤਤ-ਸਾਰ ਨਹੀਂ ਜਾਣਦੇ। ਅਗਿਆਨ ਦੇ ਹਨੇਰੇ ਨੂੰ ਦੂਰ ਕਰ ਕੇ ਸਚ ਦੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਗੁਰੂ ਤੋਂ ਬਗੈਰ ਇਸ ਤਤ ਦਾ ਭੇਦ ਨਹੀਂ ਪਾਇਆ ਜਾ ਸਕਦਾ। ਸਾਰਾ ਸੰਸਾਰ ਤਿੰਨਾਂ ਭਾਵ ਰਜੋ-ਤਮੋ-ਸਤੋ ਗੁਣਾਂ ਦੇ ਭਰਮਜਾਲ ਵਿਚ ਫਸਿਆ ਹੋਇਆ ਹੈ ਅਤੇ ਇਸ ਭਰਮਜਾਲ ਵਿਚ ਫਸਿਆ ਹੀ ਮਰ ਜਾਂਦਾ ਹੈ।
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ
ਇਨ੍ ਪੜਿਆ ਮੁਕਤਿ ਨ ਹੋਈ॥ (ਪੰਨਾ 747)
ਬੇਦ ਪੜੇ ਪੜਿ ਬ੍ਰਹਮੇ ਹਾਰੇ
ਇਕੁ ਤਿਲੁ ਨਹੀਂ ਕੀਮਤਿ ਪਾਈ॥ (ਪੰਨਾ 747)
ਯਥਾ ਵੇਦ ਕਤੇਬ ਸਿਮ੍ਰਿਤੀਆਂ ਅਤੇ ਸਾਰੇ ਸ਼ਾਸਤਰ ਪੜ੍ਹ ਕੇ ਵੀ (ਮਨ ਦੀ) ਮੁਕਤੀ ਨਹੀਂ ਮਿਲਦੀ। ਵੇਦ ਪੜ੍ਹ ਪੜ੍ਹ ਕੇ ਬ੍ਰਹਮੇ ਵਰਗੇ ਅਨੇਕ ਹਾਰ ਹੰਭ ਗਏ ਹਨ, ਪਰ ਉਨ੍ਹਾਂ ਨੇ ਉਸ ਇਕੁ (ਬ੍ਰਹਮ) ਦੀ ਰਤੀ ਭਰ ਵੀ ਕੀਮਤ ਨਹੀਂ ਜਾਣੀ। ਭਾਵ ਏਕੋ ਬ੍ਰਹਮ ਦਾ ਭੇਦ ਨਹੀਂ ਪਾਇਆ। ਗੁਰਮਤਿ ਵਿਚ ਦਰਜ ਆਤਮਿਕ ਗਿਆਨ ਬਾਰੇ ਵਿਚਾਰ ਕਰਨ ਨਾਲ ਇਹ ਸਾਰੇ ਭਰਮ ਖਤਮ ਹੋ ਜਾਂਦੇ ਹਨ।
ਜਾਤਿ ਬਰਨ ਕੁਲ ਸਹਿਸਾ ਚੂਕਾ
ਗੁਰਮਤਿ ਸਬਦਿ ਵਿਚਾਰੀ॥ (ਪੰਨਾ 1198)
ਜਿਨਾ ਚਿਰ ਸਿੱਖ ਆਪ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਦੇ, ਉਸ ਵਿਚ ਦਰਜ ਆਤਮਿਕ ਗਿਆਨ ਬਾਰੇ ਲਗਾਤਾਰ ਵਿਚਾਰ ਕਰ ਕੇ ਉਸ ਨੂੰ ਆਪਣੀ ਚੇਤਨਾ ਵਿਚ ਆਤਮਸਾਤ ਨਹੀਂ ਕਰਦੇ, ਭਾਵ ਆਪਣੀ ਚੇਤਨਾ ਵਿਚ ਨਹੀਂ ਵਸਾਉਂਦੇ ਅਤੇ ਉਸ ਚੇਤਨਾ ਅਨੁਸਾਰ ਆਪਣੇ ਜੀਵਨ ਨੂੰ ਨਹੀਂ ਘੜਦੇ, ਗੁਰਮਤਿ ਅਨੁਸਾਰ ਮਨੁੱਖੀ ਸਮਾਜ ਦੀ ਨਵੀਂ ਘਾੜਤ ਘੜਨ ਲਈ ਯਤਨਸ਼ੀਲ ਨਹੀਂ ਹੁੰਦੇ, ਓਨਾ ਚਿਰ ਉਹ ਐਵੇਂ ਹਨੇਰੇ ਵਿਚ ਟੱਕਰਾ ਮਾਰਦੇ ਰਹਿਣਗੇ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਜੇ 15-20 ਸੰਕਲਪ ਸਪਸ਼ਟ ਹੋ ਜਾਣ ਤਾਂ ਗੁਰੂ ਗ੍ਰੰਥ ਸਾਹਿਬ ਦੇ ਆਤਮਿਕ ਗਿਆਨ ਦੀ ਸੋਝੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਸ਼ਰਤੇ ਕਿ ਅਸੀਂ ਇਹ ਗਿਆਨ ਅਪਨਾਉਣ ਲਈ ਆਪਣੇ ਤਨੋਂ-ਮਨੋਂ ਤਿਆਰ ਹੋਈਏ। ਮਿਸਾਲ ਦੇ ਤੌਰ ਉਤੇ ਗੁਰੂ ਗ੍ਰੰਥ ਸਾਹਿਬ ਵਿਚ 8344 ਵਾਰ ਹਰਿ ਸ਼ਬਦ ਆਇਆ ਹੈ ਅਤੇ 2533 ਵਾਰ ਰਾਮ ਸ਼ਬਦ ਆਇਆ ਹੈ। ਹਰਿ ਦੇ ਭਾਵਅਰਥ ਗੁਰੂ ਅਮਰ ਦਾਸ ਜੀ ਨੇ ਆਪਣੀ ਬਾਣੀ ਅਨੰਦ ਸਾਹਿਬ ਵਿਚ ਸਪਸ਼ਟ ਕੀਤੇ ਹਨ। ਰਾਮ ਸ਼ਬਦ ਦੇ ਭਾਵਅਰਥ ਗੁਰੂ ਗ੍ਰੰਥ ਸਾਹਿਬ ਵਿਚ ਅਨੇਕ ਥਾਂ ਦਰਜ ਹਨ।
ਏਹੁ ਵਿਸੁ ਸੰਸਾਰੁ ਤੁਮ ਦੇਖਦੇ
ਏਹੁ ਹਰਿ ਕਾ ਰੂਪੁ ਹੈ
ਹਰਿ ਰੂਪੁ ਨਦਰੀ ਆਇਆ॥ (ਪੰਨਾ 922)
ਯਥਾ ਆਪਣੇ ਚਾਰ-ਚੁਫੇਰੇ (ਬ੍ਰਹਮ ਦੇ ਰੂਪ ਵਿਚ) ਫੈਲਿਆ, ਜਿਹੜਾ ਇਹ ਸੰਸਾਰ ਤੂੰ ਵੇਖ ਰਿਹਾ ਹੈ, ਇਹ ਹਰਿ ਜੀਉ ਦਾ ਪ੍ਰਗਟ ਰੂਪ ਹੈ। ਇਸ ਵਿਚੋਂ ਹੀ ਹਰਿ ਜੀ ਨਜ਼ਰ ਆਉਂਦੇ ਹਨ।
ਰਮਤ ਰਾਮ ਘਟ ਘਟ ਆਧਾਰ॥ (ਪੰਨਾ 896)
ਯਥਾ ਹਰੇਕ ਥਾਂ ਰਮਿਆ ਹੋਇਆ ਰਾਮ ਸਾਰਿਆਂ ਜਨਾਂ ਦੀ ਜਿ਼ੰਦਗੀ ਦਾ ਆਧਾਰ ਹੈ।
ਬ੍ਰਹਮ ਅਤੇ (ਮਨੂੰਵਾਦੀ) ਬ੍ਰਹਮਾ ਵਿਚਕਾਰ ਨਿਖੇੜਾ ਕਰ ਕੇ ਹੀ ਸਾਨੂੰ ਗੁਰਮਤਿ ਦੇ ਆਤਮਿਕ ਗਿਆਨ ਦੀ ਸੋਝੀ ਹੁੰਦੀ ਹੈ। ਗੁਰਮਤਿ ਦਾ ਆਤਮਿਕ ਗਿਆਨ ਹੀ ਸਾਨੂੰ ਧਰਮ ਅਤੇ ਕਰਮਕਾਂਡ ਵਿਚਕਾਰ ਨਿਖੇੜਾ ਕਰਨ ਦੀ ਜੁਗਤ ਦਸਦਾ ਹੈ। ਭੇਖ ਅਤੇ ਤਤ ਦੇ ਰਿਸ਼ਤੇ ਦੀ ਜਾਣਕਾਰੀ ਦਿੰਦਾ ਹੈ। ਇਹ ਜਾਣਕਾਰੀ ਹੀ ਸਾਡਾ ਆਤਮਿਕ ਅਤੇ ਮਾਨਸਿਕ ਵਿਕਾਸ ਕਰਦੀ ਹੈ। ਫਿਰ ਪਤਾ ਲਗਦਾ ਹੈ ਕਿ ਮਨੁੱਖ ਜਾਤੀ ਦੀ ਵਿਕਸਿਤ ਹੋਈ ਸਮਾਜੀ ਚੇਤਨਾ ਅਤੇ ਇਸ ਚੇਤਨਾ ਨਾਲ ਵਿਕਸਿਤ ਹੋਇਆ ਮਨੁੱਖੀ ਸਦਾਚਾਰ ਹੀ ਧਰਮ ਹੈ। ਸਦਾਚਾਰ ਇਕ ਮਨੁੱਖ ਦਾ ਆਪਣੇ ਉਤੇ ਲਾਗੂ ਕੀਤਾ ਗਿਆ ਸਵੈ-ਜ਼ਾਬਤਾ ਹੈ। ਭਾਵ ਆਪਣੀ ਜੀਵਨ ਕਿਰਿਆ ਦਾ ਆਪਣੇ ਮਨ ਦੀ ਮਰਜ਼ੀ ਨਾਲ ਮਿਥਿਆ ਘੇਰਾ, ਜਿਸ ਘੇਰੇ ਦੀ ਹੱਦ ਕੁਦਰਤੀ ਨੇਮ (ਹੁਕਮੁ) ਅਤੇ ਸਦੀਆਂ ਵਿਚ ਪਰਖੇ ਹੋਏ ਸਮਾਜੀ ਨੇਮ ਨਿਸ਼ਚਿਤ ਕਰਦੇ ਹਨ। ਇਹੀ ਧਰਮ ਦਾ ਤੱਤ ਹੈ।