‘ਇਬਾਰਤ ਚੁੱਪ ਕਿਉਂ ਹੈ?’ ਦਾ ਪੁਨਰ ਅਧਿਐਨ

ਡਾ. ਗੁਰੂਮੇਲ ਸਿੱਧੂ
ਸੰਸਾਰ ਦੇ ਅਨੇਕ ਉਨੱਤ ਸ਼ਹਿਰਾਂ ਬਾਰੇ ਕਵੀਆਂ ਨੇ ਕਵਿਤਾਵਾਂ ਲਿਖੀਆਂ ਹਨ। ਵਿਲੀਅਮ ਬਲੇਕ ਦੀ ‘ਲੰਡਨ’, ਹੋਪ ਮਰਲੀਜ਼ ਦੀ ਪੈਰਿਸ ਅਤੇ ਐਲੀਅਟ ਦੀ ‘ਦੀ ਵੇਸਟ ਲੈਂਡ’ ਵੀ ਲੰਡਨ ਬਾਰੇ ਹੈ। ਨਿਊ ਯਾਰਕ ਸ਼ਹਿਰ ਵੀ ਕਈ ਅੰਗਰੇਜ਼ੀ ਕਵੀਆਂ ਦਾ ਪ੍ਰੇਰਨਾ ਸਰੋਤ ਬਣਿਆ ਹੈ, ਜਿਨ੍ਹਾਂ ਵਿਚੋਂ ਤਿੰਨ ਬਹੁਤ ਮਸ਼ਹੂਰ ਕਵੀਆਂ ਦਾ ਜ਼ਿਕਰ ਕਰਨਾ ਚਾਹਵਾਂਗਾ। ਖੁਲ੍ਹੀ ਕਵਿਤਾ ਦੇ ਜਨਮਦਾਤਾ ਵਾਲਟ ਵਿਟਮੈਬ ਦੀ ‘ਮੈਨਹੈਟਾ’ (ੰਅਨਨਅਹਅਟਟਅ), ਵੀਟਨਿਕ ਕਵੀ ਐਲਨ ਗਿਨਜ਼ਬਰਗ ਦੀ ‘ਹਉਲ’ (੍ਹੋੱਲ) ਅਤੇ ਆਧੁਨਿਕਵਾਦ ਦੇ ਮੁਦੱਈ ਡਬਲਿਯੂ. ਐਚ. ਓਡਨ ਦੀ ‘ਰੈਫਿਊਜੀ ਬਲੂਜ਼’ (੍ਰੲਾੁਗੲੲ ਭਲੁੲਸ)। ਇਹ ਕਵੀ ਨਿਊ ਯਾਰਕ ਨੂੰ ਵੱਖ ਵੱਖ ਕੋਨਾਂ ਅਤੇ ਦ੍ਰਿਸ਼ਟੀਕੋਨਾਂ ਤੋਂ ਦੇਖ/ਵਿਚਾਰ ਕੇ ਇਸ ਦੀ ਪੇਚੀਦਾ ਸਭਿਅਤਾ, ਰਹਿਤਕ ਦੀ ਭਿੰਨਤਾ ਅਤੇ ਕਾਹਲ ਤੇ ਭੀੜ- ਭੜੱਕੇ ਵਾਲੀ ਹਲਚਲ ਦਾ ਜਾਇਜ਼ਾ ਲੈਂਦੇ ਹਨ। ਸੁਰਿੰਦਰ ਸੋਹਲ ਨੇ ਤਾਂ ਸਾਰੀ ਪੁਸਤਕ ਹੀ ਨਿਊ ਯਾਰਕ ਬਾਰੇ ਲਿਖ ਦਿੱਤੀ ਹੈ, ਜਿਸ ਦਾ ਨਾਂ ਹੈ, “ਇਬਾਰਤ ਚੁੱਪ ਕਿਉਂ ਹੈ?”

ਇਸ ਕਿਤਾਬ ਦੀਆਂ ਸਾਰੀਆਂ ਕਵਿਤਾਵਾਂ ਛੰਦ-ਮੁਕਤ ਹਨ, ਅਰਥਾਤ, ਖੁੱਲ੍ਹੀ ਕਵਿਤਾ ਵਿਚ ਲਿਖੀਆਂ ਹੋਈਆਂ ਹਨ। ਖੁੱਲ੍ਹੀ ਕਵਿਤਾ ਦੇ ਆਪਣੇ ਕਾਇਦੇ-ਕਾਨੂੰਨ ਹਨ, ਜਿਨ੍ਹਾਂ ਦੀ ਵਿਆਖਿਆ ਮੇਰੀ ਪੁਸਤਕ “ਖੁੱਲ੍ਹੀ ਕਵਿਤਾ ਦੇ ਮਾਪਦੰਡ” ਵਿਚ ਕੀਤੀ ਗਈ ਹੈ। ਖੁੱਲ੍ਹੀ ਕਵਿਤਾ ਲਿਖਣਾ, ਛੰਦਬੱਧ ਕਵਿਤਾ ਲਿਖਣ ਨਾਲੋਂ ਕਿਤੇ ਔਖਾ ਹੈ। ਛੰਦਬੱਧ ਕਵਿਤਾ ਲਈ ‘ਛੰਦ’ ਗਾਡੀਰਾਹ ਹੈ, ਜਿਸ ਵਿਚ ਮਾਤਰਾਂ ਜਾਂ ਵਰਣਾਂ ਦੀ ਗਿਣਤੀ-ਮਿਣਤੀ ਰਾਹੀਂ ਕਵਿਤਾ ਨੂੰ ਗੁਣੀਏ ਵਿਚ ਰੱਖਿਆ ਜਾਂਦਾ ਹੈ। ਖੁੱਲ੍ਹੀ ਕਵਿਤਾ ਨੂੰ ਕਾਵਿਕ ਬਣਾਉਣ ਲਈ ਤੋਲ ਅਤੇ ਲੈਅ (੍ਰਹੇਟਹਮ ਅਨਦ ਛਅਦੲਨਚੲ) ਦਾ ਸਹਾਰਾ ਲਿਆ ਜਾਂਦਾ ਹੈ। ਇਹ ਦੋਵੇਂ ਗੁਣ ਸ਼ਬਦਾਂ ਦੀ ਚੋਣ ਅਤੇ ਚਿਣਤ ਰਾਹੀਂ ਪੈਦਾ ਕੀਤੀ ਧੁਨੀ ਦੀ ਰੇੜ੍ਹ ਦੇ ਲਖਾਇਕ ਹਨ। ਕਵਿਤਾ ਦੀ ਸਤਰ ਦਾ ਵਿਆਕਰਣ ਦੇ ਅਸੂਲਾਂ ਵਿਚ ਰਹਿਣਾ ਜ਼ਰੂਰੀ ਨਹੀਂ, ਇਸ ਦਾ ਕਾਵਿਕ (ਫੋੲਟਚਿ) ਹੋਣਾ ਲਾਜ਼ਮੀ ਹੈ, ਭਾਵ ਕਾਲਪਨਿਕ ਅਤੇ ਸੰਵੇਦਨਸ਼ੀਲ ਹੋਵੇ। ਜੇ ਸਤਰਾਂ ਵਿਚ ਕਿਤੇ ਕਿਤੇ ਧੁਨੀ-ਤੁਕਾਨ ਵੀ ਮਿਲਦਾ ਹੋਵੇ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਹੋ ਜਾਂਦਾ ਹੈ। ਸੋਹਲ ਦੀ ਪੁਸਤਕ ਵਿਚ ਅਜਿਹੇ ਗੁਣ ਵਿਦਮਾਨ ਹਨ।
“ਸੋਹਲ ਲਈ ਨਿਊ ਯਾਰਕ ਨਿਰਾ ਸ਼ਹਿਰ ਹੀ ਨਹੀਂ, ਪੂਰੀ-ਸੁਰੀ ਸੱਭਿਅਤਾ ਹੈ। ਉਸ ਨੇ ਇਕ ਟੈਕਸੀ ਵਾਹਕ ਹੋਣ ਦੇ ਨਾਤੇ ਨਿਊ ਯਾਰਕ ਦੀਆਂ ਚੌੜੀਆਂ ਸੜਕਾਂ ਤੇ ਭੀੜੀਆਂ ਗਲੀਆਂ, ਇਸ ਦੇ ਇਤਿਹਾਸਕ ਸਮਾਰਕਾਂ/ਚਿੰਨਾਂ, ਵੱਖ ਵੱਖ ਜਾਤੀਆਂ ਦੇ ਤਿਉਹਾਰਾਂ ਅਤੇ ਰੋਜ਼ਾਨਾ ਜੀਵਨ ਦੇ ਝਗੜੇ-ਝੇੜਿਆਂ ਤੇ ਵਹੇੜਿਆਂ ਨੂੰ ਕਵਿਤਾ ਦਾ ਵਿਸ਼ਾ ਬਣਾਇਆ ਹੈ। ਕਵੀ ਨੇ ਹਰ ਵਿਸ਼ੇ ਨੂੰ ਕਿੰਨੀ ਗਹਿਰਾਈ, ਵਾਸਤਵਿਕਤਾ ਅਤੇ ਵਿਸਥਾਰ ਸਹਿਤ ਚਿਤਰਿਆ ਹੈ, ਇਹ ਉਸ ਦੇ ਅਨੁਭਵ ਦੀ ਗਹਿਰਾਈ ‘ਤੇ ਨਿਰਭਰ ਕਰਦਾ ਹੈ। ਅਹਿਮ ਸਵਾਲ ਇਹ ਹੈ ਕਿ ਵਿਸ਼ਿਆਂ ਤੇ ਚਿਤਰਨ ਵਿਚ ਕਾਵਿਕਤਾ (ਫੋੲਟਚਿਅਲਟਿੇ) ਦਾ ਮਿਆਰ ਕੀ ਹੈ? ਇਸ ਪੁਸਤਕ ਦੀਆਂ ਕਰੀਬ ਸਾਰੀਆਂ ਕਵਿਤਾਵਾਂ ਵਿਚੋਂ, ਕਵਿਤਾ ਦੀ ਮਹਿਕ ਆਉਂਦੀ ਹੈ।
ਸੋਹਲ ਨੇ ਵਿਸ਼ਿਆਂ ਨੂੰ ਸਥੂਲ ਤੇ ਸੂਖਮ ਬਿੰਬਾ ਅਤੇ ਸਰਵਣੀ ਤੇ ਨੇਤਰੀ (ਉਦੋਿ-ੜਸਿੁਅਲ) ਅਲੰਕਾਰਾਂ ਤੇ ਸਿਮਲੀਆਂ ਨਾਲ ਸ਼ਿੰਗਾਰਿਆ ਹੈ। ਸਥੂਲ ਬਿੰਬਾਂ ਦੀ ਰੂਪਰੇਖਾ “ਕਾਂਸੇ ਦਾ ਧੌਲ਼” ਨਾਮੀ ਕਵਿਤਾ ਦੇ ਵੱਖ ਵੱਖ ਸਕੈਚਾਂ ‘ਚੋਂ ਗਿਆਤ ਹੁੰਦੀ ਹੈ। ਕਾਂਸੇ ਦੇ ਧੌਲ਼ ਨੂੰ ਸਰਮਾਏਦਾਰੀ ਦੇ ਚਿੰਨ੍ਹ ਵਜੋਂ ਵਰਤਿਆ ਹੈ:
ਕਾਂਸੇ ਦਾ ਧੌਲ਼
ਜਦ ਫੁੰਕਾਰਾ ਮਾਰਦਾ ਹੈ
ਇਸ ਦੇ ਸਿੰਙਾਂ ‘ਤੇ ਟਿਕੀ
‘ਵਾਲ ਸਰਟਰੀਟੀ ਮੇਦਨੀ’
ਡੋਲਦੀ ਹੈ
ਭੁਚਾਲ ਆਉਂਦਾ ਹੈ
ਤੇ ਬਾਜ਼ਾਰ…!
ਹੋ ਜਾਂਦਾ ਹੈ ਸਿਰ ਭਾਰ। (ਸਫਾ 13)

ਲੋਕ ਰੁਕਦੇ ਨੇ
ਉਸ ਦੇ ਸਿੰਙ ਫੜ-ਫੜ
ਅੰਡਕੋਸ਼ ਛੂਹ-ਛੂਹ
ਫੋਟੋ ਖਿਚਵਾਉਂਦੇ ਨੇ। (ਸਫਾ 14)

ਸ਼ੋਚਦੇ ਹੀ ਨਹੀਂ
ਕਾਂਸੇ ਦਾ ਧੌਲ਼
ਆਜ਼ਾਦੀ ਦੀ ਦੇਵੀ ਵੱਲ
ਪਾਸਾ ਕਰੀ
ਕਿਉਂ ਖੜ੍ਹਾ ਹੈ…?

ਕਈ ਕਵਿਤਾਵਾਂ ਵਿਚੋਂ ਸੂਖਮ ਬਿੰਬਾਂ ਦੀਆਂ ਮਿਸਾਲਾਂ ਮਿਲਦੀਆਂ ਹਨ:
ਰੂਹ ਦੀ ਦੀਵਾਰ ਤੋਂ
ਨਕਲ ਕਰ ਕੇ ਨਕਸ਼
ਉਤਾਰ ਰਿਹਾ ਹੈ
ਨਿਜ਼ਾਮ ਦੇ ਮੱਥੇ ‘ਤੇ…। (ਸਫਾ 17)

ਜਗ ਰਹੀਆਂ ਨੇ ਪੌੜੀਆਂ
ਜਿਵੇਂ ਕਲਾ
ਚਾਂਦੀ ਦੇ ਪੱਬ ਧਰਦੀ ਲੰਘੀ ਹੈ।

ਅੰਦਰੋਂ ਨਿਕਲਿਆ ਹੈ
ਲੋਕਾਂ ਦਾ ਸੈਲਾਬ
ਜਿਵੇਂ ਦਰਿਆ ਦਾ ਬੰਨ੍ਹ
ਟੁੱਟ ਗਿਆ ਹੈ। (ਸਫਾ 18)

ਤੇਰੇ ਲੰਬੇ-ਲੰਬੇ ਨਹੁੰ
ਕੀ-ਬੋਰਡ ‘ਤੇ ਵੱਜ ਕੇ
‘ਟਿਕ-ਟਕ, ਟਿਕ-ਟਿਕ ਸਿੰਫਨੀ ਛੇੜਦੇ ਨੇ
ਜਿਵੇਂ ਤੋਤਾ ਅੰਬੀਆਂ ਟੁਕ ਰਿਹਾ ਹੁੰਦੈ। (ਸਫਾ 24)

ਕਈ ਕਵਿਤਾਵਾਂ ਵਿਚੋਂ ਸਰਵਣੀ ਤੇ ਦਰਸ਼ਣੀ ਬਿੰਬ ਦਰਕਾਰ ਹੋਏ ਹਨ:
ਡਿਪੌਜ਼ਿਟ ਸਲਿਪ
ਤੇ ਪੈਸੇ ਫੜਦੀ
ਬੈਂਕ ਟੈਲਰ ਦੱਸਦੀ ਹੈ:
“ਪਤਾ ਹੈ?
ਪੈਸੇ ਏ. ਟੀ. ਐਮ. ‘ਚ
ਸਿੱਧੇ ਜਮ੍ਹਾ ਕਰਵਾ ਸਕਦੇ ਓ…।”
ਆਖਦਾ ਹਾਂ:
“ਪਤਾ ਹੈ,
ਪਰ ਮਸ਼ੀਨ
ਨਾ ਮੁਸਕਰਾ ਕੇ ‘ਹੈਲੋ’ ਕਹਿੰਦੀ ਹੈ ਤੇਰੇ ਵਾਂਙ
ਨਾ ਮੌਸਮ ਬਾਰੇ ਗੱਲ ਕਰਦੀ ਹੈ
ਨਾ ‘ਦਿਨ ਕਿਵੇਂ ਰਿਹਾ?’
ਪੁਛਦੀ ਹੈ। (ਸਫਾ 23)

ਇਸ ਪੁਸਤਕ ਵਿਚ ਕੁਝ ਖੂਬਸੂਰਤ ਅਲੰਕਾਰ ਵੀ ਹਨ:
ਜ਼ਿਬਾਹ ਕੀਤੇ ਬਿਰਛ ਦੇ
ਕਾਗਜ਼ ਦੀ ਬੇਜ਼ਬਾਨ ਰਸੀਦ ਲੁੜਕਦੀ ਹੈ
ਆਖਰੀ ਸਿਸਕੀ ਭਰ ਕੇ। (ਸਫਾ 24)
ਨਿਊ ਯਾਰਕ ਸ਼ਹਿਰ ਦੀ ਭੀੜ-ਭੜੱਕੇ ਵਾਲੀ ਅਲਸਾਈ ਹੋਈ, ਕਾਹਲੀ ਤੇ ਤੇਜ ਤਰਾਰ ਜ਼ਿੰਦਗੀ ਨੂੰ ਕਵਿਤਾ “ਟੈਕਸੀ ‘ਚ ਮਿਲੇ ਲੋਕ” ਦੇ ਸਕੈਚਾਂ ਵਿਚ ਚਿਤਰਿਆ ਗਿਆ ਹੈ। ਕਵੀ ਸਵਾਰੀਆਂ ਨਾਲ ਗੱਲਾਂ ਕਰਦਾ ਹੈ ਤੇ ਉਨ੍ਹਾਂ ਦੇ ਪ੍ਰਤੀਕਰਮਾਂ ਨੂੰ ਕਵਿਤਾ ਵਿਚ ਢਾਲਦਾ ਹੈ। ਇਕ ਪਾਸੇ ਨਿਊ ਯਾਰਕ ਵਿਚ ਜੰਮੀ-ਪਲੀ ਬਜੁਰਗ ਔਰਤ ਸ਼ਹਿਰ ਦੀ ‘ਟੈਰੀਬਲ ਟ੍ਰੈਫਿਕ’ ਬਾਰੇ ਕਹਿੰਦੀ ਹੈ,
ਇਟ’ਜ਼ ਬਿਊਟੀ ਆਫ ਸਿਟੀ…
ਇੰਜੋਏ (ਇੰਜੁਆਏ) ਇਟ ਜੈਂਟਲਮੈਨ…।
ਦੂਜੇ ਪਾਸੇ ਇਕ ਪੇਂਡੂ ਜੋੜਾ ਟਾਈਮਜ਼ ਸਕੁਏਅਰ ਦੀ ਭੀੜ ਦੇਖਣੀ ਚਾਹੁੰਦਾ ਹੈ। ਇਨ੍ਹਾਂ ਕਾਵਿ-ਸਕੈਚਾਂ ਰਾਹੀਂ ਸ਼ਹਿਰੀ ਅਤੇ ਪੇਂਡੂ ਬੰਦੇ ਦੀ ਸੋਚ ਦਾ ਟਾਕਰਾ ਕੀਤਾ ਗਿਆ ਹੈ।
ਰੂਜ਼ਵੈਲਟ ਟਰਾਮ ਤੋਂ ਕੁਈਨਜ਼ਬੋਰੋ ਬਰਿੱਜ ਦੇ ਨਜ਼ਾਰੇ ਨੂੰ ਖੂਬਸੂਰਤ ਸਿਮਲੀਆਂ ਰਾਹੀਂ ਚਿਤਰਿਆ ਗਿਆ ਹੈ:
ਅੱਧ ਅਸਮਾਨੇ ਬੰਨ੍ਹੀ ਤਾਰ ‘ਤੇ
ਰੂਜ਼ਵੈਲਟ ਟਰਾਮ
ਹਵਾ ਦੇ ਸਮੁੰਦਰ ‘ਚ
ਕਿਸ਼ਤੀ ਵਾਂਙ ਤੈਰ ਰਹੀ ਹੈ
ਖੱਬੇ ਪਾਸੇ ਉਸ ਦੇ ਕਦ ਬਰਾਬਰ
ਪੁੱਠੀ ਟੋਪੀ ਵਾਂਗ ਪਿਆ ਹੈ
ਕੁਈਨਜ਼ ਬੋਰੋ ਬਰਿੱਜ
ਬਰਿੱਜ ‘ਤੇ ਭੱਜ ਰਹੀਆਂ ਕਾਰਾਂ
ਖਿਡੌਣੀਆਂ ਵਰਗੀਆਂ।
ਬਰਿੱਜ ਪਾਰੋਂ ਕੂੰਜਾਂ ਵਾਂਙ
ਡਾਰਾਂ ਬੰਨ੍ਹੀ ਆ ਰਹੇ
ਲਗਵਾਰਡੀਆ ਏਅਰਪੋਰਟ ‘ਤੇ
ਲੈਂਡ ਹੋਣ ਲਈ ਜਹਾਜ…। (ਸਫਾ 39)
ਕਈ ਕਵਿਤਾਵਾਂ ਵਿਚ ਅਲੰਕਾਰਾਂ ਦੀ ਵਰਤੋਂ ਵੀ ਬੜੀ ਦਿਲਕਸ਼ ਹੈ:
ਸੂਰਜ ਡੁਬ ਗਿਆ ਹੈ
ਸ਼ਹਿਰ ਦੀ ਜਗਮਗ ਰੌਸ਼ਨੀ ‘ਚ
ਹਨੇਰਾ ਕਾਕਾ ਨਹੀਂ
ਘਸਮੈਲੀ ਲੋਈ ਵਰਗਾ ਹੈ। (ਸਫਾ 41)
ਅਮਰੀਕਾ ਵਿਚ ਪੈਸੇ ਕਮਾਉਣ ਦੀ ਮਜ਼ਬੂਰੀ ਤੇ ਲਾਲਸਾ, ਬੰਦੇ ਦੇ ਧਰਮ, ਦੀਨ-ਅਮਾਨ ਤੇ ਸ਼ਰਧਾ ਨੂੰ ਮੂਧਾ ਮਾਰ ਦਿੰਦੀ ਹੈ। ਇਕ ਅੰਮ੍ਰਿਤਧਾਰੀ ਸਿੱਖ ਸਿਗਰਟਾਂ ਵੇਚ ਸਕਦਾ ਹੈ ਤੇ ਮੁਸਲਮਾਨ ਕੂਠਾ ਮਾਸ ਫਰੋਖਤ ਕਰ ਸਕਦਾ ਹੈ। ਕਵਿਤਾ, ‘ਪਹਿਲੀ ਜਨਵਰੀ’ ਵਿਚ ਕੁਝ ਅਜਿਹੇ ਹੀ ਵਾਕਿਆਤ ਦਾ ਜ਼ਿਕਰ ਹੈ।
ਸਰਦਾਰ ਨੇ ਨੱਕ ਮਲਦੇ ਹੋਏ
ਸ਼ਰਾਬਣ ਸਵਾਰੀ ਨੂੰ
ਸਮੋਕ ਫਰੀ ਕੈਬ ‘ਚ
ਸਿਗਰਟ ਪੀਣ ਦੀ ਇਜਾਜ਼ਤ ਦੇ ਦਿੱਤੀ।

ਕੁਰਾਨ ਦੇ ਹਾਫਿਜ਼ ਰਸੂਲ ਨੇ
ਚਿੱਥੀ ਹੋਈ ਮੁਸਕਾਨ ਨਾਲ
ਚੁੰਮਣ ਲੈਂਦਾ
ਸਮਲਿੰਗੀ ਜੋੜਾ
ਕੈਬ ‘ਚ ਬਿਠਾ ਲਿਆ ਹੈ।

ਕਾਲੇ ਡਰਾਈਵਰ ਨੇ
ਰੈਗੂਲਰ ਕੈਬ ‘ਚ
ਹੈਂਡੀਕੈਪ ਨੂੰ ਬਿਠਾ ਕੇ
ਉਸ ਦੀ ਵ੍ਹੀਲਚੇਅਰ ਇਕੱਠੀ ਕਰ ਕੇ-
ਕੈਬ ਦੇ ਟਰੰਕ ‘ਚ ਨਹੀਂ ਰੱਖੀ,
ਜਿਵੇਂ ਆਪਣੇ ਸਿਰ ‘ਚ ਮਾਰੀ ਹੈ।

ਜਾਨਵਰਾਂ ਤੋਂ ਅਲੱਰਜਕ ਬੰਗਾਲੀ ਨੇ
ਮੱਥਾ ਖੁਰਕਦੇ-ਖੁਰਕਦੇ
ਸ਼ੇਰ ਜਿੱਡਾ ਜੱਤਲ ਕੁੱਤਾ ਫੜੀ
ਬੁਢੀ ਸਵਾਰੀ ਕੋਲ ਕੈਬ ਰੋਕ ਲਈ ਹੈ। (ਸਫਾ 45-46)
ਵੈਸੇ ਤਾਂ ਨਿਊ ਯਾਰਕ ਸ਼ਹਿਰ ਆਪਣੇ ਆਪ ਵਿਚ ਇਕ ਇਤਿਹਾਸ ਹੈ, ਪਰ ਇਸ ਵਿਚ ਕੁਝ ਸਮਾਰਕ/ਥਾਂਵਾਂ ਜਿਵੇਂ, ਟਾਈਮਜ਼ ਸਕੁਏਅਰ, ਸੈਂਟਰਲ ਪਾਰਕ, ਐਲਿਸ ਆਈਲੈਂਡ, ਸਟੈਚੂ ਆਫ ਲਿਬਰਟੀ, ਯੂ. ਐਨ. ਓ., ਫਰੀਡਮ ਟਾਵਰ ਅਤੇ ਕੁਝ ਘਟੀਆਂ ਘਟਨਾਵਾਂ ਜਿਵੇਂ, ਟਵਿੰਨ ਟਾਵਰ ਦਾ ਹਮਲਾ ਅਤੇ ਗਰਾਉਂਡ ਜ਼ੀਰੋ ਬਾਰੇ ਕਵਿਤਾ ਲਿਖਣਾ ਜ਼ਰੂਰੀ ਸੀ। ਸੋਹਲ ਨੇ ਵੀ ਅੰਗਰੇਜ਼ੀ ਕਵੀਆਂ ਵਾਂਗ ਇਨ੍ਹਾਂ ਨਾਂਵਾਂ-ਥਾਂਵਾਂ ਬਾਰੇ ਕਵਿਤਾਵਾਂ ਲਿਖੀਆਂ ਹਨ। ਸੋਹਲ ਦੀਆਂ ਕੁਝ ਕਵਿਤਾਵਾਂ ਦੇ ਵਿਸ਼ੇ, ਤਲਖ ਕੁੜੱਤਣ, ਤੁਰਸ਼ ਕਟਾਕਸ਼ ਅਤੇ ਸ਼ੀਰੀਂ ਚੋਭਾਂ ਵਾਲੇ ਹੋਣ ਦੇ ਨਾਤੇ, ਮੌਲਕ ਅਤੇ ਅਨੋਖੇ ਹਨ।
ਵਿਸ਼ਾਲ ਕਮਰਾ ਹੈ
ਗਰਭ ਵਰਗਾ
ਹਲਕਾ-ਹਲਕਾ ਹਨੇਰਾ
ਖਾਲੀ ਕੁਰਸੀਆਂ ਹਨ
ਸੁਪਨਹੀਣ ਅੱਖਾਂ ਵਾਂਗ
ਟੂਰਿਸਟਾਂ ਵਲ ਝਾਕਦੀਆਂ
ਡਾਇਸ ਉਜਾੜ ਵਿਚ ਖੜ੍ਹੇ ਰੁੱਖ ਵਰਗਾ।

ਇਸ ‘ਚੋਂ ਜਨਮਦੇ ਨੇ
ਦੁਨੀਆਂ ਨੂੰ
ਕਾਬੂ ਕਰਨ ਦੇ ਮਸ਼ਵਰੇ

ਇਨ੍ਹਾਂ ਮਸ਼ਵਰਿਆਂ ਦਾ
ਖਿਆਲਾਂ ਦਾ
ਮਨਸੂਬਿਆਂ ਦਾ
ਗਰਭਪਾਤ ਕਿਉਂ ਨਹੀਂ ਹੁੰਦਾ…!
(ਯੂ. ਐਨ. ਓ. ਦੀ ਯਾਤਰਾ-93)

ਵਰਲਡ ਟਰੇਡ ਦੇ ਜੌੜੇ ਟਾਵਰ
ਲਟ-ਲਟ ਬਲਦੇ
ਸੱਕੇ ਰੁੱਖਾਂ ਵਾਂਗ

ਅੰਬਰ ਛੂੰਹਦੇ ਟਾਵਰਾਂ ਤੋਂ
ਲੋਕ ਛਾਲਾਂ ਮਾਰਦੇ ਨੇ
ਅੱਗ ਲੱਗੇ ਰੁੱਖ ਦੇ ਆਲ੍ਹਣਿਆਂ ‘ਚੋਂ
ਡਿਗਦੇ ਬੋਟਾਂ ਵਾਂਙ

ਅੱਗ-ਬੁਰਛ ਨਾਲ
ਖੌਫ ਦੇ ਰੰਗ ‘ਚ
ਜ਼ਿਹਨ ਦੇ ਕੈਨਵਸ ‘ਤੇ ਬਣਿਆ
ਦੇਖਣੋ ਬਾਹਰਾ ਚਿੱਤਰ
ਕਿਹੜੀ ‘ਆਰਟ-ਗੈਲਰੀ ‘ਚ ਲਾਵਾਂ। (9/11 ਦਾ ਦ੍ਰਿਸ਼-83)
ਸੁਰਿੰਦਰ ਸੋਹਲ ਇਕ ਪ੍ਰਗਤੀਵਾਦੀ/ਮਾਰਕਸਵਾਦੀ ਸੋਚ ਦਾ ਕਵੀ ਹੈ। ਉਸ ਦਾ ਇਹ ਪੱਖ ਕਈ ਕਵਿਤਾਵਾਂ ਵਿਚੋਂ ਸਹਿਬਨ ਹੀ ਉਜਾਗਰ ਹੁੰਦਾ ਹੈ, ਪਰ ਕਈਆਂ ਵਿਚ ਖਿੱਚ-ਧੂਹ ਕੇ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਸਮਾਜ ਵਿਚ ਤੁਸੀਂ ਰਸਦੇ-ਵਸਦੇ ਹੋ, ਉਸ ਦੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੋਂ ਨਹੀਂ ਰਿਹਾ ਜਾ ਸਕਦਾ। ਜੇ ਪਦਾਰਥਵਾਦੀ ਸਮਾਜ ਦੇ ਵਰਤਾਰੇ ਨੂੰ, ਮਿਥ ਕੇ ਸਮਾਜਵਾਦੀ ਰੰਗਣ ਦੇਣ ਦੀ ਕੋਸ਼ਿਸ਼ ਕਰੋਗੇ ਤਾਂ ਅਨੁਭਵ ਸਾਥ ਨਹੀਂ ਦੇਵੇਗਾ, ਫਲਸਰੂਪ ਕਵਿਤਾ ਪੇਤਲੀ ਭਾਸੇਗੀ। ਸੋਹਲ ਇਕ ਸੁਲਝਿਆ ਹੋਇਆ ਤੇ ਹੰਢਿਆ-ਵਰਤਿਆ ਕਵੀ ਹੋਣ ਦੇ ਨਾਤੇ, ਪੇਤਲੇ ਅਨੁਭਵ ਨੂੰ ਵੀ ਕਾਵਿਕਤਾ ਦਾ ਗਲਾਫ ਪਹਿਨਾ ਕੇ ਚੰਗੀ-ਭਲੀ ਪੜ੍ਹਨ ਯੋਗ ਕਵਿਤਾ ਲਿਖ ਲੈਂਦਾ ਹੈ। ਮਿਥੇ ਹੋਏ ਜਾਂ ਕਿਸੇ ‘ਵਾਦ’ (ੀਸਮ) ਨਾਲ ਬੱਝੇ ਵਿਸ਼ੇ ਨੂੰ ਕਵਿਤਾ ਵਿਚ ਢਾਲਣਾ ਸੌਖਾ ਵੀ ਹੈ ਅਤੇ ਔਖਾ ਵੀ। ਸੌਖਾ ਇਸ ਲਈ ਕਿ ਪ੍ਰੀਕਲਪਤ ਵਿਸ਼ੇ ਦਾ ਸੱਚਾ ਬਣਿਆ-ਬਣਾਇਆ ਹੁੰਦਾ ਹੈ, ਔਖਾ ਇਸ ਲਈ ਕਿ ਅਜਿਹੇ ਵਿਸ਼ੇ ਨੂੰ ਸੁਭਾਵਕ ਕਿਵੇਂ ਬਣਾਉਣਾ ਹੈ ਤਾਂਕਿ ਕਵਿਤਾ ਪੜ੍ਹਦਿਆਂ ਪਾਠਕ ਨੂੰ ਓਪਰੀ ਜਾਂ ਮਸਨੂਈ ਨਾ ਲੱਗੇ। ਸੋਹਲ ਦੀ ਕਵਿਤਾ ਓਪਰੀ ਜਾਂ ਬਣਾਈ ਹੋਈ ਨਹੀਂ ਲਗਦੀ।