ਭੁੱਖ ਦਾ ਵਪਾਰ ਨਹੀਂ ਹੋਣਾ ਚਾਹੀਦਾ

ਸੁਖਵੀਰ ਸਿੰਘ ਕੰਗ
ਕੋਟਲਾ ਸ਼ਮਸ਼ਪੁਰ, ਲੁਧਿਆਣਾ
ਫੋਨ: 91-85678-72291
ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਅੰਨ ਦੀ ਪੂਰਤੀ ਸਮੇਂ ਦੀ ਸਰਕਾਰ ਅੱਗੇ ਸਭ ਤੋਂ ਵੱਡੀ ਚੁਣੌਤੀ ਸੀ। ਕਿਸਾਨ ਭਾਰਤ ਦੇਸ਼ ਦੇ ਲੋਕਾਂ ਦਾ ਉਹ ਵਰਗ ਹੈ, ਜਿਸ ਨੇ ਭਾਰਤ ਦੇ ਅੰਨ ਦੇ ਭਾਂਡੇ ਦੇ ਮੋਰੀਆਂ ਵਾਲੇ ਥੱਲੇ ਦੇ ਛੇਕਾਂ ਨੂੰ ਹੀ ਬੰਦ ਨਹੀਂ ਕੀਤਾ, ਸਗੋਂ ਇਸ ਖਾਲੀ ਭਾਂਡੇ ਨੂੰ ਨੱਕੋ ਨੱਕ ਭਰ ਕੇ ਵੰਡ ਦੇਣ ਦੇ ਯੋਗ ਬਣਾਇਆ। ਇੱਥੇ ਇਹ ਗੱਲ ਸਪੱਸ਼ਟ ਕਰਨੀ ਪਵੇਗੀ ਕਿ ਜਦੋਂ ਆਜ਼ਾਦ ਹੋਣ ਤੋਂ ਬਾਅਦ ਭਾਰਤ ਕਿਸੇ ਦੇਸ਼ ਤੋਂ ਅੰਨ ਮੰਗਦਾ ਸੀ ਤਾਂ ਉਹ ਦੇਸ਼ ਮਖੌਲ ਕਰਦੇ ਸਨ ਕਿ ਕਿੰਨਾ ਅੰਨ ਮੰਗੋਗੇ, ਤੁਹਾਡੇ ਅੰਨ ਪਾਉਣ ਵਾਲੇ ਭਾਂਡੇ ਦਾ ਥੱਲਾ ਤਾਂ ਹੈ ਨਹੀਂ,

ਕਿਉਂਕਿ ਦੇਸ਼ ਦੀ ਆਬਾਦੀ ਸਾਡੀ ਅਨਾਜ ਉਪਜ ਤੋਂ ਕਾਫੀ ਵੱਧ ਸੀ; ਪਰ ਦੇਸ਼ ਦੇ ਕਿਸਾਨਾਂ ਅਤੇ ਕਿਰਤੀਆਂ ਨੇ ਇਸ ਨੂੰ ਵੰਗਾਰ ਮੰਨ ਕੇ ਇੰਨੀ ਮਿਹਨਤ ਕੀਤੀ ਕਿ ਛੇਤੀ ਹੀ ਦੇਸ਼ ਨੂੰ ਅੰਨ ਦੇ ਮਾਮਲੇ ਵਿਚ ਆਤਮ ਨਿਰਭਰ ਬਣਾ ਦਿੱਤਾ ਤੇ ਕੁਝ ਦਹਾਕਿਆਂ ਵਿਚ ਹੀ ਦੇਸ਼ ਨੂੰ ਅੰਨ ਵੰਡਣ ਦੇ ਯੋਗ ਬਣਾ ਦਿੱਤਾ। ਇਸੇ ਕਰਕੇ ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਮੰਨਿਆ ਜਾਣ ਲੱਗਾ।
ਅੱਜ ਦੇ ਭਾਰਤ ਦੇਸ਼ ਨੂੰ ਪੈਰਾਂ `ਤੇ ਖੜ੍ਹਾ ਕਰਨ ਵਿਚ ਕਿਸਾਨਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਕਰਕੇ ਮਨੁੱਖ ਤੇ ਦੇਸ਼ ਦੀ ਮੁੱਢਲੀ ਲੋੜ ਦੀ ਪੂਰਤੀ ਅਤੇ ਦਰਪੇਸ਼ ਸਭ ਤੋਂ ਵੱਡੀ ਚੁਣੌਤੀ ਦੇ ਹੱਲ ਵਿਚ ਦੇਸ਼ ਦੇ ਕਿਰਤੀ-ਕਿਸਾਨ ਦੀ ਮਿਹਨਤ, ਕੁਰਬਾਨੀ ਤੇ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੂੰਜੀਪਤੀਆਂ ਹੱਥ ਚੜ੍ਹ ਕੇ ਮੌਜੂਦਾ ਸਰਕਾਰ ਕਿਸਾਨ ਦੇ ਇਸ ਬਲੀਦਾਨ ਨੂੰ ਭੁਲਾ ਕੇ ਕਿਸਾਨ ਦੀ ਉਪਜ ਅਤੇ ਜ਼ਮੀਨ ਨੂੰ ਇਸ ਤੋਂ ਖੋਹਣ `ਤੇ ਉਤਾਰੂ ਹੋ ਗਈ ਹੈ। ਕਿਸੇ ਦੇਸ਼ ਦੀ ਹਕੂਮਤ ਨੂੰ ਆਰਥਿਕ ਜਾਂ ਸਿਆਸੀ ਲਾਭਾਂ ਖਾਤਰ ਏਨਾ ਅਕ੍ਰਿਤਘਣ ਨਹੀਂ ਹੋਣਾ ਚਾਹੀਦਾ। ਸਾਡੇ ਦੇਸ਼ ਵਿਚ ਰੁੱਖ, ਕੁੱਖ, ਦੁੱਖ, ਮਨੁੱਖ ਦਾ ਤਾਂ ਪਹਿਲਾਂ ਹੀ ਬਹੁਤ ਜਿ਼ਆਦਾ ਤੇ ਬੇਰਹਿਮੀ ਦੀ ਹੱਦ ਤੱਕ ਵਪਾਰੀਕਰਨ ਹੋ ਚੁਕਾ ਹੈ ਅਤੇ ਕਾਰਪੋਰੇਟ ਹੱਥ ਵਿਕ ਚੁੱਕੀ ਸਰਕਾਰ ਹੁਣ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਲਿਆ ਕੇ ਭੁੱਖ ਨੂੰ ਵੀ ਵਪਾਰ ਦੇ ਘੇਰੇ ਅੰਦਰ ਲਿਆਉਣ `ਤੇ ਤੁਲੀ ਹੋਈ ਹੈ। ਆਵਾਜਾਈ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੇ ਨਤੀਜੇ ਅਸੀਂ ਦੇਖ ਚੁਕੇ ਹਾਂ ਕਿ ਕਿਵੇਂ ਇਹ ਆਮ ਬੰਦੇ ਦਾ ਬੇਦਰਦੀ ਨਾਲ ਕਚੂੰਮਰ ਕੱਢ ਰਹੇ ਹਨ।
ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਤਹਿਤ ਜੇ ਕਾਰਪੋਰੇਟ ਹੱਥੋਂ ਖੇਤੀ ਦਾ ਵਪਾਰੀਕਰਨ ਹੋ ਜਾਂਦਾ ਹੈ ਤਾਂ ਆਮ ਲੋਕਾਂ ਵਲੋਂ ਦੜਿਆਂ, ਕੁਇੰਟਲਾਂ ਅਤੇ ਦਹਾਈਆਂ ਵਿਚ ਤੋਲ-ਮਾਪ ਕੇ ਖਰੀਦਿਆ ਜਾਣ ਵਾਲਾ ਅਨਾਜ, ਸਬਜੀ ਅਤੇ ਦੁੱਧ ਪਹਿਲਾਂ ਕਿੱਲੋਆਂ, ਲਿਟਰਾਂ ਅਤੇ ਗਰਾਮਾਂ ਵਿਚ ਅਤੇ ਫਿਰ ਸਮਾਂ ਪਾ ਕੇ ਦਾਣਿਆਂ, ਨਗਾਂ ਅਤੇ ਚਮਚਿਆਂ ਦੀ ਮਿਣਤੀ ਵਿਚ ਮਿਲਣ ਲੱਗੇਗਾ। ਇਟਰਨੈੱਟ ਅਤੇ ਹੋਰ ਪੈਕਿੰਗ ਵਾਲੀਆਂ ਵਸਤਾਂ ਦੀ ਤਰ੍ਹਾਂ ਰੇਟ ਚਾਹੇ ਉਹੀ ਰਹੇ, ਪਰ ਮਾਤਰਾ ਘਟਦੀ ਜਾਵੇਗੀ।
ਬਚਪਨ ਵਿਚ ਕਿਸੇ ਬਜੁਰਗ ਦੀ ਮਜ਼ਾਕ ਵਿਚ ਕਹੀ ਗੱਲ ਯਾਦ ਆ ਰਹੀ ਹੈ ਕਿ ਕਦੇ ਕਮਜ਼ੋਰੀ ਦੇ ਮਾਰੇ ਲੋਕਾਂ ਨੂੰ ਦੁੱਧ ਦੇ ਟੀਕੇ ਲਗਵਾਉਣੇ ਪਿਆ ਕਰਨਗੇ, ਜੇ ਸਰਕਾਰ ਖੇਤੀ ਨੂੰ ਪੂੰਜੀਵਾਦੀਆਂ ਦੇ ਹੱਥਾਂ ਵਿਚ ਦੇ ਦਿੰਦੀ ਹੈ ਤਾਂ ਇਹ ਦਿਨ ਵੀ ਦੂਰ ਨਹੀਂ ਰਹਿਣਗੇ, ਜਦੋਂ ਦੇਸ਼ ਦੀ ਗਰੀਬ ਜਨਤਾ ਭੁੱਖਮਰੀ ਦੀ ਸਿ਼ਕਾਰ ਹੋ ਜਾਵੇਗੀ। ਜਨਤਾ ਦੇ ਪੇਟੋਂ ਭੁੱਖੀ ਹੁੰਦਿਆਂ ਕੋਈ ਵੀ ਦੇਸ਼ ਤਰੱਕੀ ਤਾਂ ਕੀ, ਆਤਮ ਨਿਰਭਰ ਵੀ ਨਹੀਂ ਰਹਿ ਸਕਦਾ। ਭਾਰਤ ਵਰਗੇ ਕਿਸੇ ਵੀ ਖੇਤੀ ਪ੍ਰਧਾਨ ਦੇਸ਼ ਦੀ ਉਸਾਰੀ ਅਤੇ ਤਰੱਕੀ ਵਿਚ ਕਿਰਤੀਆਂ ਅਤੇ ਕਿਸਾਨਾਂ ਦਾ ਬਹੁਤ ਵਡਮੁੱਲਾ ਯੋਗਦਾਨ ਹੁੰਦਾ ਹੈ, ਇਸ ਆਧਾਰ ਨੂੰ ਠੇਸ ਪਹੁੰਚਾ ਕੇ ਅਜਿਹੇ ਦੇਸ਼ ਬਹੁਤੀ ਦੇਰ ਸਥਿਰ ਨਹੀਂ ਰਹਿ ਸਕਦੇ। ਖੇਤ, ਖੇਤੀ ਅਤੇ ਖੇਤੀ ਕਰਨ ਵਾਲਿਆਂ ਦਾ ਜਿੱਥੇ ਆਪਸ ਵਿਚ ਵੀ ਗੂੜ੍ਹਾ ਰਿਸ਼ਤਾ ਹੈ, ਉੱਥੇ ਇਹ ਕਾਦਰ, ਕੁਦਰਤ ਅਤੇ ਵਾਤਾਵਰਨ ਦੇ ਵੀ ਬਹੁਤ ਨੇੜੇ ਹੋ ਕੇ ਵਿਚਰਦੇ ਹਨ। ਪੈਸੇ, ਲਾਲਚ ਅਤੇ ਲਾਲਸਾ ਖਾਤਰ ਇਸ ਨੇੜਤਾ ਤੇ ਰਿਸ਼ਤੇ ਨੂੰ ਤੋੜਨਾ ਕਦੇ ਵੀ ਦੇਸ਼ ਅਤੇ ਮਨੁੱਖਤਾ ਦੇ ਹਿਤ ਵਿਚ ਨਹੀਂ ਹੋਵੇਗਾ।
ਦੇਸ਼ ਦੇ ਹੇਠਲੇ ਵਰਗ ਲਈ ਤਾਂ ਅੱਜ ਵੀ ਰੋਟੀ ਦਾ ਪ੍ਰਬੰਧ ਕਰਨਾ ਮੁਹਾਲ ਹੈ। ਜੇ ਖੇਤੀ ਅਤੇ ਉਪਜ ਪੂੰਜੀਵਾਦ ਦੇ ਸਿੱਧੀ ਹੱਥਾਂ ਵਿਚ ਚਲੀ ਗਈ ਤਾਂ ਮੱਧ ਅਤੇ ਉੱਪਰਲੇ ਵਰਗ ਲਈ ਵੀ ਰੋਟੀ ਚੁਣੌਤੀ ਬਣ ਜਾਵੇਗੀ। ਲੋਕਾਂ ਦੀ ਭੁੱਖ ਨੂੰ ਸਸਤੇ ਵਿਚ ਤ੍ਰਿਪਤ ਕਰਨ ਵਾਲੀ ਖੇਤੀ ਦਾ ਪੂੰਜੀਵਾਦੀਆਂ ਹੱਥ ਵਪਾਰੀਕਰਨ ਹੋ ਜਾਣ `ਤੇ ਕਾਰਪੋਰੇਟ ਤਾਂ ਮਜ਼ਬੂਤ ਹੋ ਜਾਵੇਗਾ, ਪਰ ਦੇਸ਼ ਮਜ਼ਬੂਤ ਹਰਗਿਜ਼ ਨਹੀਂ ਹੋਵੇਗਾ; ਉਲਟਾ ਜਨਤਾ ਕਮਜ਼ੋਰ ਹੋ ਜਾਵੇਗੀ ਅਤੇ ਕਮਜੋ਼ਰ ਜਨਤਾ ਕਦੇ ਵੀ ਮਜ਼ਬੂਤ ਦੇਸ਼ ਜਾਂ ਹਕੂਮਤ ਨਹੀਂ ਸਿਰਜ ਸਕੇਗੀ। ਇਸ ਕਰਕੇ ਦੇਸ਼ ਦੀ ਖੇਤੀ ਨੂੰ ਕਿਸਾਨਾਂ ਅਤੇ ਕਿਰਤੀਆਂ ਦੇ ਹੱਥਾਂ ਵਿਚ ਰਹਿਣ ਦੇਣਾ ਹੀ ਦੇਸ਼, ਜਨਤਾ ਅਤੇ ਮਨੁੱਖਤਾ ਦੇ ਹਿਤ ਵਿਚ ਹੈ।