ਖਟਕੜ ਕਲਾਂ ਪਿੰਡ ਦੀ ਮਿੱਟੀ ਦਾ ਮਹੱਤਵ

ਗੁਲਜ਼ਾਰ ਸਿੰਘ ਸੰਧੂ
ਕਸਬਾ ਬੰਗਾ ਨੇੜੇ ਪੈਂਦਾ ਖਟਕੜ ਕਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੱਦੀ ਪੁਸ਼ਤੀ ਪਿੰਡ ਹੈ। ਉਸ ਦੇ ਮਾਪੇ ਗੋਰੀ ਸਰਕਾਰ ਵਲੋਂ ਉਲੀਕੀਆਂ ਬਾਰਾਂ ਆਬਾਦ ਕਰਨ `ਤੇ ਇਹ ਪਿੰਡ ਛੱਡ ਕੇ ਓਧਰ ਚਲੇ ਗਏ ਸਨ ਤੇ ਉਥੇ ਜਾ ਕੇ ਉਹ ਜਿਹੜੀ ਥਾਂ `ਤੇ ਵਸੇ, ਉਸ ਦਾ ਨਾਂ ਵੀ ਬੰਗਾ ਸੀ। ਸ਼ਾਇਦ ਇਸ ਲਈ ਕਿ ਖਟਕੜ ਕਲਾਂ ਨੂੰ ਲੋਕ ਏਨਾਂ ਨਹੀਂ ਸੀ ਜਾਣਦੇ, ਜਿੰਨਾ ਬੰਗਾ ਨੂੰ।

ਅੱਜ ਖਟਕੜ ਕਲਾਂ ਜਿਲਾ ਨਵਾਂ ਸ਼ਹਿਰ ਦਾ ਜਾਣਿਆ-ਪਛਾਣਿਆ ਪਿੰਡ ਹੈ। ਇਸ ਨੂੰ ਪ੍ਰਸਿੱਧ ਕਰਨ ਵਾਲਾ ਭਗਤ ਸਿੰਘ ਸੀ, ਜਿਸ ਨੇ ਰਾਜਗੁਰੂ ਤੇ ਸੁਖਦੇਵ ਨੂੰ ਨਾਲ ਲੈ ਕੇ ਆਪਣੇ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਨ ਲਈ ਸ਼ਹੀਦੀ ਜਾਮ ਪੀਣਾ ਸੀ। ਉਦੋਂ ਭਗਤ ਸਿੰਘ ਦਾ ਨਾਂ ਏਧਰਲੇ ਖਟਕੜ ਕਲਾਂ ਦੀ ਥਾਂ ਓਧਰਲੇ ਬੰਗਾ ਨਾਲ ਜੁੜਦਾ ਸੀ। ਉਹ ਨਹੀਂ ਸੀ ਜਾਣਦਾ ਕਿ ਦੇਸ਼ ਵੰਡ ਤੋਂ ਪਿਛੋਂ ਉਧਰ ਵਾਲੇ ਬੰਗਾ ਨੇ ਪਾਕਿਸਤਾਨ ਦੇ ਹਿੱਸੇ ਆ ਜਾਣਾ ਸੀ। ਜਾਣਨ ਦੀ ਲੋੜ ਵੀ ਨਹੀਂ। ਸੁਤੰਤਰਤਾ ਦੇ ਉਨ੍ਹਾਂ ਪਰਵਾਨਿਆਂ ਨੂੰ ਗੋਰਿਆਂ ਤੋਂ ਸੁਤੰਤਰ ਹੋਣਾ ਹੀ ਮਹੱਤਵ ਰਖਦਾ ਸੀ।
ਅੱਜ ਦੇ ਦਿਨ ਇੰਡੀਅਨ ਸਟੈਟਿਸਟੀਕਲ ਲਾਇਬਰੇਰੀ ਦੇ 2010 ਵਾਲੇ ਐਡੀਸ਼ਨ ਅਨੁਸਾਰ ਖਟਕੜ ਕਲਾਂ ਦਾ ਰਕਬਾ 333 ਹੈਕਟੇਅਰ ਹੈ, ਆਬਾਦੀ 17091; ਭਗਤ ਸਿੰਘ ਦੇ ਚਾਚਾ ਤੇ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਅਜੀਤ ਸਿੰਘ ਦਾ ਜਨਮ ਇਸ ਪਿੰਡ ਦਾ ਸੀ ਤੇ ਉਸ ਨੇ ਬਰਤਾਨਵੀ ਸਰਕਾਰ ਵਲੋਂ ਪਾਸ ਕੀਤੇ ਜਾਣ ਵਾਲੇ ਕਿਸਾਨ ਮਾਰੂ ਕਾਨੂੰਨਾਂ ਵਿਰੁਧ ਡਟ ਕੇ ਲੜਾਈ ਲੜੀ ਸੀ। ਅਜੋਕੀ ਸਰਕਾਰ ਦੇ ਮਾਰੂ ਕਾਨੂੰਨਾਂ ਨੇ ਅਜੀਤ ਸਿੰਘ ਦੇ ਨਾਂ ਨੂੰ ਮੁੜ ਉਭਾਰਿਆ ਹੈ। ਉਦੋਂ ਵਾਲੇ ਕਾਨੂੰਨਾਂ ਅਨੁਸਾਰ ਜੱਦੀ ਪੁਸ਼ਤੀ ਜ਼ਮੀਨ ਸਿਰਫ ਜੱਟ ਦੇ ਵੱਡੇ ਪੁੱਤਰ ਨੂੰ ਮਿਲਣੀ ਸੀ ਤੇ ਜੇ ਉਹ ਨਾ ਰਹੇ ਤਾਂ ਜ਼ਮੀਨ ਸਰਕਾਰ ਦੀ ਹੋ ਜਾਣੀ ਸੀ। ਦੂਜੇ ਬਿਲ ਅਨੁਸਾਰ ਨਹਿਰੀ ਪਾਣੀਆਂ ਵਾਲੀ ਜ਼ਮੀਨ ਦੇ ਮਾਮਲੇ ਰੇਟਾਂ ਵਿਚ 25% ਦਾ ਵਾਧਾ ਕੀਤਾ ਗਿਆ ਸੀ ਤੇ ਤੀਜਾ ਬਿਲ ਵੀ ਭੁਲੇਖਾ ਪਾ ਕੇ ਕਾਸ਼ਤਕਾਰਾਂ ਦੀ ਜ਼ਮੀਨ ਤੋਂ ਮਾਲਕੀ ਰੱਦ ਕਰਨ ਨਾਲ ਸਬੰਧ ਰਖਦਾ ਸੀ। ਅਜੀਤ ਸਿੰਘ ਨੇ ਇਨ੍ਹਾਂ ਕਾਨੂੰਨਾਂ ਨੂੰ ਰਦ ਕਰਨ ਲਈ ਮੋਰਚਾ ਲਾਇਆ ਤਾਂ ਸਰਕਾਰ ਨੇ ਉਸ ਨੂੰ ਬਾਗੀ ਕਰਾਰ ਦੇ ਕੇ ਅਜਿਹਾ ਜਲਾਵਤਨ ਕੀਤਾ ਕਿ ਉਸ ਨੂੰ ਅੱਧੀ ਤੋਂ ਵੱਧ ਜ਼ਿੰਦਗੀ ਆਪਣੇ ਦੇਸ਼ ਤੋਂ ਬਾਹਰ ਕੱਟਣੀ ਪਈ। ਉਹਦੇ ਵਲੋਂ ਵਿੱਢੇ ਗਏ ਮੋਰਚੇ ਦੇ ਹੱਕ ਵਿਚ ਹੀ ਬਾਂਕੇ ਦਿਆਲ ਨੇ ‘ਪਗੜੀ ਸੰਭਾਲ ਜੱਟਾ’ ਨਾਮੀ ਗੀਤ ਗਾਇਆ ਸੀ, ਜਿਹੜਾ ਸੌ ਸਾਲ ਲੰਘ ਜਾਣ ਤੋਂ ਪਿੱਛੋਂ ਅੱਜ ਵੀ ਦਿੱਲੀ ਦੀਆਂ ਹੱਦਾਂ `ਤੇ ਬੈਠੇ ਅੰਦੋਲਨਕਾਰੀਆਂ ਵਲੋਂ ਯਾਦ ਕੀਤਾ ਜਾ ਰਿਹਾ ਹੈ।
ਚੇਤੇ ਰਹੇ, ਅਜੀਤ ਸਿੰਘ ਨੇ ਜਲਾਵਤਨੀ ਦੌਰਾਨ ਇਟਲੀ ਵਿਚ ਰਹਿੰਦਿਆਂ ਫੌਜੀਆਂ ਦਾ ਇੱਕ ਆਜ਼ਾਦ ਹਿੰਦ ਲਸ਼ਕਰ ਤਿਆਰ ਕੀਤਾ ਸੀ ਤੇ ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਇਟਲੀ ਗਿਆ ਤਾਂ ਉਸ ਦਾ ਭਰਪੂਰ ਸਵਾਗਤ ਕੀਤਾ ਸੀ। ਇਥੇ ਹੀ ਬਸ ਨਹੀਂ, ਉਸ ਨੇ ਸਵਿਟਜ਼ਰਲੈਂਡ ਵਿਚ ਲਾਲਾ ਹਰਦਿਆਲ ਤੇ ਚੰਪਕ ਰਮਨ ਪਿੱਲੇ ਨਾਲ ਵੀ ਰਾਬਤਾ ਕਾਇਮ ਕੀਤਾ ਤੇ ਕਿਸੇ ਵਿੱਧ ਲੈਨਿਨ, ਟਰਾਟਸਕੀ, ਮੁਸੋਲੋਨੀ ਨਾਲ ਵੀ। ਅੰਤ ਉਸ ਦੀ ਵਾਪਸੀ ਦੇਸ਼ ਵੰਡ ਤੋਂ ਚਾਰ ਮਹੀਨੇ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਦਖਲ ਦੁਆਰਾ ਹੋਈ, ਜੋ ਕਿ ਅਟੁੱਟ ਹਿੰਦੁਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਬਣ ਚੁਕਾ ਸੀ। ਵਾਪਸੀ ਸਫਰ ਸਮੇਂ ਉਸ ਦੀ ਸਿਹਤ ਚੰਗੀ ਨਹੀਂ ਸੀ ਤੇ ਜਦੋਂ 9 ਅਪਰੈਲ 1947 ਨੂੰ ਉਹ ਲਾਹੌਰ ਪਹੁੰਚਿਆ ਤਾਂ ਉਥੇ ਹਿੰਦੁਸਤਾਨ ਦੇ ਵਸਨੀਕਾਂ ਨੇ ਉਸ ਦਾ ਹੁੱਬ ਸਵਾਗਤ ਕੀਤਾ ਸੀ। ਡਾਕਟਰਾਂ ਦੀ ਸਲਾਹ ਅਨੁਸਾਰ ਉਸ ਨੂੰ ਡਲਹੌਜ਼ੀ ਭਿਜਵਾਇਆ ਗਿਆ, ਜਿਥੇ ਉਹ ਆਖਰੀ ਸਾਹ ਲੈਣ ਤੱਕ ਰਿਹਾ। ਸੁਤੰਤਰਤਾ ਦੇ ਇਸ ਪਰਵਾਨੇ ਦੀ ਮ੍ਰਿਤੂ ਪੰਡਿਤ ਜਵਾਹਰ ਲਾਲ ਨਹਿਰੂ ਦੇ 15 ਅਗਸਤ ਨੂੰ ਲਾਲ ਕਿਲੇ ਤੋਂ ਦਿੱਤੇ ਉਸ ਭਾਸ਼ਨ ਨੂੰ ਸੁਣ ਕੇ ਹੋਈ, ਜਿਸ ਦਾ ਨਾਂ ‘ਮੰਜ਼ਿਲ-ਏ-ਮਕਸੂਦ ਮਿਲਣੀ’ (ਠਰੇਸਟ ੱਟਿਹ ਦੲਸਟਨਿੇ) ਸੀ। ਇਸ ਭਾਸ਼ਨ ਨਾਲ ਸੁਤੰਤਰਤਾ ਪ੍ਰਾਪਤੀ ਦੀ ਖੁਸ਼ੀ ਉਸ ਦੇ ਮਨ ਉੱਤੇ ਏਨੀ ਹਾਵੀ ਹੋ ਗਈ ਕਿ ਉਸ ਨੇ ਸੁਤੰਤਰਤਾ ਪ੍ਰਾਪਤੀ ਲਈ ਸਾਢੇ ਤਿੰਨ ਵਜੇ ਜੈ ਹਿੰਦ ਬੋਲ ਕੇ ਪ੍ਰਾਣ ਤਿਆਗ ਦਿੱਤੇ। ਪੰਜਪੁਲਾ ਡਲਹੌਜ਼ੀ ਵਿਚ ਉਸ ਦੀ ਯਾਦ ਹੈ, ਜਿਸ ਨੂੰ ਆਉਣ ਵਾਲੇ ਸਮਿਆਂ ਵਿਚ ਰੱਜ ਕੇ ਯਾਦ ਕੀਤਾ ਜਾਵੇਗਾ। ਹੁਣ ਜਦੋਂ ਅੰਦੋਲਨਕਾਰੀਆਂ ਨੇ ਦਿੱਲੀ ਬਾਰਡਰ ਉੱਤੇ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ ਤਾਂ ਉਥੇ ਖਟਕੜ ਕਲਾਂ ਤੋਂ ਮਿੱਟੀ ਲੈ ਕੇ ਗਏ ਸਨ।
ਖਟਕੜ ਕਲਾਂ ਦਾ ਮਹੱਤਵ ਅਜੀਤ ਦੇ ਜਨਮ ਸਥਾਨ ਤੇ ਭਗਤ ਸਿੰਘ, ਜਿਸ ਨੂੰ ਓਧਰਲੇ ਪੰਜਾਬੀ ਦੁੱਲਾ ਭੱਟੀ ਕਹਿ ਕੇ ਚੇਤੇ ਕਰਦੇ ਹਨ, ਦੇ ਜਦੀ ਪੁਸ਼ਤੀ ਪਿੰਡ ਤੱਕ ਹੀ ਸੀਮਤ ਨਹੀਂ।
ਅਜੋਕੇ ਕਿਸਾਨ ਅੰਦੋਲਨ ਨੇ ਪਗੜੀ ਸੰਭਾਲ ਜੱਟਾਂ ਵਰਗੇ ਅਨੇਕਾਂ ਗੀਤਾਂ ਨੂੰ ਮੁੜ ਜਨਮ ਦਿੱਤਾ ਤੇ ਪੰਜਾਬੀ ਦੇ ਪ੍ਰਕਾਸ਼ਕ ਭਗਤ ਸਿੰਘ ਤੇ ਅਜੀਤ ਸਿੰਘ ਦੀਆਂ ਜੀਵਨੀਆਂ ਦੇ ਅਣਜਾਣੇ ਪੱਖ ਲੱਭ ਕੇ ਕਿਤਾਬਾਂ ਛਾਪ ਰਹੇ ਹਨ। ਲੋਕਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਨੇ ਭਗਤ ਸਿੰਘ ਦੇ ਛੋਟੇ ਭਰਾ ਰਣਬੀਰ ਸਿੰਘ ਵਲੋਂ ਕਲਮਬੰਦ ਕੀਤੀ ‘ਸਰਦਾਰ ਭਗਤ ਸਿੰਘ ਦੀ ਜੀਵਨੀ’ ਲੱਭ ਲਭਾ ਕੇ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿਚ ਛੋਟੇ ਭਰਾ ਵਲੋਂ ਭਗਤ ਸਿੰਘ ਨੂੰ ਸ਼ਹੀਦ ਦੀ ਥਾਂ ਸਰਦਾਰ ਲਿਖਣਾ ਧਿਆਨ ਮੰਗਦਾ ਹੈ, ਇਸ ਲਈ ਕਿ ਅੱਜ ਦੇ ਕਿਸਾਨ ਅੰਦੋਲਨ ਦਾ ਸਿਹਰਾ ਵੀ ਸਰਦਾਰਾਂ ਦੇ ਸਿਰ ਬੱਝਦਾ ਹੈ। ਹੁਣ ਮੀਡੀਆ ਅਨੁਸਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਤਾਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਭਗਤ ਸਿੰਘ ਦੇ ਸ਼ਹੀਦੀ ਦਿਨ ਤੋਂ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਹੈ। ਖਟਕੜ ਕਲਾਂ ਜ਼ਿੰਦਾਬਾਦ!
ਅੰਤਿਕਾ: ਅਜਾਇਬ ਚਿੱਤਰਕਾਰ
ਨਹੀਂ ਤੂੰ ਬਖਸ਼ਿਆ ਜਾਣਾ,
ਹੈ ਲੱਗੀ ਬਦਦੁਆ ਇਸ ਦੀ,
ਭੁਲੇਖੇ ਨਾਲ ਕਰ ਬੈਠੀ ਨਾ
ਤੂੰ ਅਪਮਾਨ ਮਿੱਟੀ ਦਾ।