ਸਿੱਖ ਧਰਮ ਵਿਚ ਔਰਤ ਦਾ ਸਥਾਨ

ਡਾ. ਦੇਵਿੰਦਰਪਾਲ ਸਿੰਘ, ਕੈਨੇਡਾ
ਸਾਡੀ ਧਰਤੀ ਉੱਤੇ ਔਰਤਾਂ ਦੀ ਸੰਖਿਆ ਕੁੱਲ ਮਨੁੱਖੀ ਅਬਾਦੀ ਦਾ 50 ਪ੍ਰਤੀਸ਼ਤ ਹੈ। ਫਿਰ ਵੀ ਉਨ੍ਹਾਂ ਨੂੰ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਪੱਛਮੀ ਸਮਾਜ ਵਿਚ ਨਾਰੀਵਾਦੀ ਲਹਿਰ ਦੇ ਪੈਦਾ ਹੋਣ ਕਾਰਨ ਔਰਤ-ਮਰਦ ਵਿਤਕਰਾ ਕਾਫੀ ਹੱਦ ਤਕ ਘੱਟਿਆ ਹੈ, ਪਰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਔਰਤਾਂ ਨੂੰ ਅਜੇ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮੁਸ਼ਕਿਲਾਂ ਵਿਚ ਔਰਤਾਂ ਪ੍ਰਤੀ ਹਿੰਸਾਤਮਕ ਵਰਤਾਰਾ, ਅਨਪੜ੍ਹਤਾ, ਆਰਥਿਕ ਤੰਗੀ ਅਤੇ ਸਮਾਜਿਕ ਵਿਤਕਰੇਬਾਜ਼ੀ ਸ਼ਾਮਿਲ ਹੈ।

ਅਜਿਹਾ ਯਕੀਨ ਹੈ ਕਿ ਔਰਤਾਂ ਲਈ ਬਿਹਤਰ ਸਿੱਖਿਆ ਪ੍ਰਾਪਤੀ ਦੀਆਂ ਸੁਵਿਧਾਵਾਂ ਅਤੇ ਉਨ੍ਹਾਂ ਦਾ ਆਰਥਿਕ ਸਸ਼ਕਤੀਕਰਨ, ਦੁਨੀਆਂ ਭਰ ਦੇ ਪਿਛੜੇ ਖੇਤਰਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਵਿਚ ਅਤੇ ਜਨਮ ਦਰ ਨੂੰ ਘਟਾਉਣ ਵਿਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਅਜਿਹੇ ਕਾਰਜ ਮੌਸਮੀ ਤਬਦੀਲੀਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੀ ਅਹਿਮ ਰੋਲ ਅਦਾ ਕਰਨ ਦੀ ਸਮਰਥਾ ਰੱਖਦੇ ਹਨ।
ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੌਰਾਨ ਪ੍ਰਚਲਿਤ ਅਨੇਕ ਰਸਮੋਂ-ਰਿਵਾਜਾਂ ਅਤੇ ਰਹੁ-ਰੀਤਾਂ ਨੂੰ ਦੇਖਦਿਆਂ ਇਹ ਨੋਟ ਕੀਤਾ ਕਿ ਮਰਦ ਅਕਸਰ ਔਰਤਾਂ ਦਾ ਸ਼ੋਸ਼ਣ ਕਰਦੇ ਸਨ। ਉਨ੍ਹਾਂ ਨੂੰ ਜਾਇਦਾਦ ਦੀ ਤਰ੍ਹਾਂ ਸਮਝਿਆ ਜਾਂਦਾ ਸੀ। ਔਰਤਾਂ ਨੂੰ ਕਮਜ਼ੋਰ, ਅਯੋਗ ਅਤੇ ਨੀਵੇਂ ਦਰਜੇ ਦਾ ਸਮਝਿਆ ਜਾਂਦਾ ਸੀ। ਗੁਰੂ ਜੀ ਨੇ ਅਜਿਹੇ ਸਮਾਜੀ ਚਲਨ ਦਾ ਵਿਰੋਧ ਕੀਤਾ। ਸਪਸ਼ਟ ਹੈ ਕਿ ਨਾਰੀਵਾਦੀ ਲਹਿਰ ਦੇ ਪੈਦਾ ਹੋਣ ਤੋਂ ਕਈ ਸਦੀਆਂ ਪਹਿਲਾਂ, ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਮਰਦ-ਪ੍ਰਧਾਨ ਸਮਾਜ ਵਿਚ ਔਰਤਾਂ ਨਾਲ ਹੋ ਰਹੀ ਵਿਤਕਰੇਬਾਜ਼ੀ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਨੇ ਸਥਾਪਿਤ ਕੱਟੜਪੰਥੀ ਸੋਚ ਦਾ ਦ੍ਰਿੜਤਾ ਨਾਲ ਵਿਰੋਧ ਕਰਦਿਆਂ ਆਖਿਆ ਕਿ ਸਮਾਜ ਲਈ ਔਰਤ ਦੀ ਦੇਣ ਬਹੁਤ ਮਹੱਤਵਪੂਰਣ ਹੈ ਤੇ ਔਰਤਾਂ ਦੀ ਅਹਿਮੀਅਤ ਮਰਦਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਉਨ੍ਹਾਂ ਫੁਰਮਾਇਆ ਕਿ ਪਰਮਾਤਮਾ ਦਾ ਸਰੂਪ, ਆਦਮੀ ਅਤੇ ਔਰਤ-ਦੋਵੇਂ ਰੂਪ ਹੀ ਸਮੋਈ ਬੈਠਾ ਹੈ। ਪਰਮਾਤਮਾ ਦਾ ਰਚਨਾਤਮਕ ਪਹਿਲੂ ਇੱਕ ਮਾਂ ਦੇ ਰੂਪ ਵਿਚ ਹੀ ਪ੍ਰਗਟ ਹੁੰਦਾ ਹੈ।
ਆਪੇ ਪੁਰਖੁ ਆਪੇ ਹੀ ਨਾਰੀ॥ (ਪੰਨਾ 1020)
ਭਾਵ: ਪਰਮਾਤਮਾ, ਆਦਮੀ ਅਤੇ ਔਰਤ-ਦੋਵੇਂ ਸਰੂਪਾਂ ਦਾ ਮਾਲਕ ਹੈ।
ਗੁਰੂ ਜੀ ਅਨੁਸਾਰ ਇਕੋ ਦੈਵੀ ਤੱਤ ਪੁਰਸ਼ਾਂ ਅਤੇ ਔਰਤਾਂ-ਦੋਹਾਂ ਵਿਚ ਹੀ ਵਿਆਪਕ ਹੈ। ਔਰਤਾਂ ਨਾਲ ਬਦਸਲੂਕੀ ਜਾਂ ਵਿਤਕਰਾ ਕਰਨ ਦੀ ਥਾਂ ਉਨ੍ਹਾਂ ਦਾ ਮਾਣ-ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਔਰਤ ਦੇ ਸਮਾਜ ਵਿਚ ਭਿੰਨ ਭਿੰਨ ਰੋਲਾਂ ਦਾ ਵਰਣਨ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਆਸਾ ਰਾਗ ਵਿਚ ਲਿਖੀ ਆਪਣੀ ਰਚਨਾ ਵਿਚ ਇੰਜ ਵਰਣਨ ਕੀਤਾ ਹੈ,
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ
ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ
ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ (ਪੰਨਾ 473)
ਭਾਵ: ਅਸੀਂ ਸਾਰੇ ਔਰਤ ਤੋਂ ਜਨਮ ਲੈਂਦੇ ਹਾਂ। ਅਸੀਂ ਔਰਤ ਦੀ ਕੁੱਖ ਵਿਚ ਪਲਦੇ ਹਾਂ। ਔਰਤ ਨਾਲ ਹੀ ਸਾਡੀ ਮੰਗਣੀ ਹੁੰਦੀ ਹੈ ਅਤੇ ਔਰਤ ਨਾਲ ਹੀ ਵਿਆਹ ਹੁੰਦਾ ਹੈ। ਔਰਤ ਨਾਲ ਹੀ ਮਿੱਤਰਤਾ ਕੀਤੀ ਜਾਂਦੀ ਹੈ ਅਤੇ ਔਰਤ ਦੁਆਰਾ ਹੀ ਨਵੀਆਂ ਮਨੁੱਖੀ ਪੀੜ੍ਹੀਆਂ ਜਨਮ ਲੈਂਦੀਆਂ ਹਨ। ਜਦੋਂ ਕਿਸੇ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਵਿਅਕਤੀ ਦੁਬਾਰਾ ਵਿਆਹ ਲਈ ਹੋਰ ਔਰਤ ਦੀ ਭਾਲ ਕਰਦਾ ਹੈ। ਅਸੀਂ ਔਰਤ ਰਾਹੀਂ ਹੀ ਸੰਸਾਰਕ ਸਬੰਧਾਂ ਵਿਚ ਜੁੜੇ ਹੋਏ ਹਾਂ, ਤਾਂ ਫਿਰ ਅਸੀਂ ਉਸ ਬਾਰੇ ਬੁਰਾ ਕਿਉਂ ਬੋਲਦੇ ਹਾਂ? ਉਸ ਤੋਂ ਰਾਜਿਆਂ ਦਾ ਜਨਮ ਹੁੰਦਾ ਹੈ। ਇੱਕ ਔਰਤ ਤੋਂ ਹੀ ਹੋਰ ਔਰਤ ਦਾ ਜਨਮ ਹੁੰਦਾ ਹੈ। ਔਰਤ ਤੋਂ ਬਿਨਾ ਇੱਥੇ ਕਿਸੇ ਦੀ ਵੀ ਹੋਂਦ ਨਹੀਂ ਸੀ ਹੋਣੀ। (ਗੁਰੂ) ਨਾਨਕ ਦਾ ਕਹਿਣਾ ਹੈ ਕਿ ਸਿਰਫ ਪਰਮਾਤਮਾ ਹੀ ਔਰਤ ਦੀ ਸਬੰਧਤਾ ਤੋਂ ਮੁਕਤ ਹੈ।
ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਸਿੱਖ ਗੁਰੂਆਂ ਨੇ ਔਰਤਾਂ ਦੀ ਸ਼ਮੂਲੀਅਤ ਜੀਵਨ ਦੇ ਹਰ ਖੇਤਰ ਵਿਚ ਜਿਵੇਂ ਕਿ ਪੂਜਾ ਦੇ ਕਾਰਜਾਂ, ਸਮਾਜਿਕ ਕੰਮਾਂ-ਕਾਰਾਂ ਅਤੇ ਇਥੋਂ ਤਕ ਕਿ ਯੁੱਧ ਦੇ ਮੈਦਾਨ ਵਿਚ ਵੀ ਬਰਾਬਰੀ ਦੇ ਆਧਾਰ ਉੱਤੇ ਉਤਸ਼ਾਹਿਤ ਕੀਤੀ। ਉਨ੍ਹਾਂ ਨੇ ਔਰਤਾਂ ਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਸਮਰਥਨ ਕੀਤਾ। ਔਰਤਾਂ ਨੂੰ ਸਾਰੇ ਧਾਰਮਿਕ ਕੰਮਾਂ ਵਿਚ ਹਿੱਸਾ ਲੈਣ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਸਤੀ (ਪਤੀ ਦੀ ਚਿਤਾ ਵਿਚ ਵਿਧਵਾ ਔਰਤ ਨੂੰ ਜਿ਼ੰਦਾ ਜਲਾ ਦੇਣ ਦੀ ਰੀਤ) ਅਤੇ ਕੰਨਿਆ ਭਰੂਣ-ਹੱਤਿਆ ਦੀਆਂ ਰਵਾਇਤਾਂ ਦਾ ਸਖਤੀ ਨਾਲ ਵਿਰੋਧ ਕੀਤਾ। ਵਿਧਵਾ ਔਰਤਾ ਦੇ ਦੁਬਾਰਾ ਵਿਆਹ ਨੂੰ ਉਤਸ਼ਾਹਿਤ ਕੀਤਾ। ਵਰਣਨਯੋਗ ਹੈ ਕਿ ਸਿੱਖ ਗੁਰੂਆਂ ਨੇ ਔਰਤ ਦੀ ਦਸ਼ਾ ਵਿਚ ਸੁਧਾਰ ਦੇ ਇਹ ਕਾਰਜ, ਪੱਛਮ ਵਿਚ ਨਾਰੀਵਾਦੀ ਲਹਿਰ ਦੇ ਜਨਮ ਲੈਣ ਤੋਂ ਸੈਂਕੜੇ ਸਾਲ ਪਹਿਲਾਂ, ਮਰਦ-ਪ੍ਰਧਾਨ ਭਾਰਤੀ ਸਮਾਜ ਵਿਚ ਚਲਾਏ।
ਦੁੱਖ ਦੀ ਗੱਲ ਇਹ ਹੈ ਕਿ ਅਜੋਕਾ ਸਿੱਖ ਸਮਾਜ ਪੁਰਾਣੀਆਂ ਗਲਤ ਸਭਿਆਚਾਰਕ ਪਰੰਪਰਾਵਾਂ ਨੂੰ ਪੂਰੀ ਤਰ੍ਹਾਂ ਬਦਲਣ ਅਤੇ ਗੁਰੂ ਸਾਹਿਬਾਨ ਦੁਆਰਾ ਸਿਖਾਈ ਗਈ ਮਰਦ-ਔਰਤ ਸਮਾਨਤਾ ਦੇ ਆਦਰਸ਼ਾਂ ਉੱਤੇ ਸਹੀ ਰੂਪ ਵਿਚ ਚੱਲਣ ਤੋਂ ਅਸਮਰਥ ਰਿਹਾ ਹੈ। ਪੁੱਤਰ ਪ੍ਰਾਪਤੀ ਦੀ ਇੱਛਾ ਕਾਰਨ ਕੀਤੇ ਜਾ ਰਹੇ ਲਿੰਗ-ਨਿਰਧਾਰਣ ਟੈਸਟਾਂ ਦੇ ਫਲਸਰੂਪ ਬੱਚੀਆਂ ਦੀ ਭਰੂਣ-ਹੱਤਿਆ ਪੰਜਾਬ ਵਿਚ ਸਰਾਪ ਬਣ ਕੇ ਉੱਭਰੀ ਹੈ, ਜੋ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਲਈ ਵੱਡੇ ਕਲੰਕ ਦਾ ਕਾਰਨ ਹੈ।
ਇਹ ਜਾਣਨਾ ਥੋੜ੍ਹਾ ਉਤਸ਼ਾਹਜਨਕ ਹੈ ਕਿ ਅਕਾਲ ਤਖਤ ਸਮੇਤ ਸਿੱਖਾਂ ਦੀਆਂ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਇਸ ਪ੍ਰਥਾ ਦੇ ਵਿਰੁੱਧ ਆਵਾਜ਼ ਉਠਾ ਰਹੀਆਂ ਹਨ। ਅੱਜ ਦੇ ਇਸ ਖਾਸ ਦਿਨ, ਆਓ ਰਲ ਮਿਲ ਅਹਿਦ ਕਰੀਏ ਕਿ ਅਸੀਂ ਸਾਰੇ ਇਸ ਸੰਸਾਰ ਨੂੰ ਪੱਖਪਾਤ ਰਹਿਤ, ਤਰਕਹੀਣ ਪਰੰਪਰਾਵਾਂ ਅਤੇ ਲਿੰਗ-ਭੇਦਭਾਵ ਤੋਂ ਮੁਕਤ ਬਣਾਉਣ ਲਈ ਹਰ ਸੰਭਵ ਯਤਨ ਕਰਾਂਗੇ। ਆਓ, ਆਪਾਂ ਮਿਲ ਕੇ ਇੱਕ ਅਜਿਹੀ ਦੁਨੀਆਂ ਦੀ ਸਿਰਜਣਾ ਲਈ ਯਤਨ ਕਰੀਏ, ਜਿੱਥੇ ਹਰ ਔਰਤ ਕੋਲ ਆਪਣੀ ਜ਼ਿੰਦਗੀ ਦੀ ਬੁਲੰਦੀ ਛੂਹਣ ਲਈ ਲੋੜੀਂਦੇ ਮੌਕੇ ਸਹਿਜੇ ਹੀ ਉਪਲਬਧ ਹੋ ਸਕਣ।