ਪੰਜਾਬ ਵਿਚ ਮਹਾਰੈਲੀਆਂ ਨੇ ਕਿਸਾਨੀ ਸੰਘਰਸ਼ ਨੂੰ ਹੋਰ ਭਖਾਇਆ

ਚੰਡੀਗੜ੍ਹ: ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਕੀਤੀਆਂ ਗਈਆਂ ਮਹਾਰੈਲੀਆਂ ਨੇ ਕਿਸਾਨੀ ਅੰਦੋਲਨ ਨੂੰ ਹੋਰ ਭਖਾ ਦਿੱਤਾ ਹੈ। ਸੂਬੇ ਵਿਚ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਚੱਲ ਰਹੇ ਧਰਨਿਆਂ ‘ਚ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਪਹਿਲਾਂ ਵਾਂਗ ਹੀ ਬਰਕਰਾਰ ਹੈ। ਇਨ੍ਹਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਪੰਜਾਬ ਤੋਂ ਉਠੇ ਕਿਸਾਨੀ ਅੰਦੋਲਨ ਨੂੰ ਮਿਲੀ ਕੌਮਾਂਤਰੀ ਹਮਾਇਤ ਤੋਂ ਮੋਦੀ ਸਰਕਾਰ ਘਬਰਾਹਟ ਵਿਚ ਹੈ। ਜਿਸ ਕਾਰਨ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੀਆਂ ਕੌਮੀ ਅਤੇ ਕੌਮਾਂਤਰੀ ਸ਼ਖਸੀਅਤਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਖੇਤੀ ਸਬੰਧੀ ਲਿਆਂਦੇ ਕਾਲੇ ਕਾਨੂੰਨ ਵਾਪਸ ਲੈ ਕੇ ਆਪਣਾ ਅਕਸ ਸੁਧਾਰਨਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਪੈਂਤੜੇ ਜਮਹੂਰੀਅਤ ਨੂੰ ਦਾਗਦਾਰ ਕਰ ਰਹੇ ਹਨ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ਉਪਰ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ‘ਤੇ ਧਰਨੇ ਚੱਲ ਰਹੇ ਹਨ।
ਸੂਬੇ ਵਿਚ 125 ਥਾਵਾਂ ‘ਤੇ ਸਾਢੇ ਚਾਰ ਮਹੀਨਿਆਂ ਤੋਂ ਚੱਲ ਰਹੇ ਧਰਨਿਆਂ ਵਿਚ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਹੁਣ ਦੁੱਗਣੇ ਜੋਸ਼ ‘ਚ ਦਿਖਾਈ ਦੇਣ ਲੱਗਾ ਹੈ। ਇਸ ਦੇ ਨਾਲ ਹੀ ਧਰਨਿਆਂ ਵਿਚ ਔਰਤਾਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਪਹਿਲਾਂ ਨਾਲੋਂ ਵਧਣ ਲੱਗੀ ਹੈ। ਇਨ੍ਹਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਕਿਸਾਨ ਸੰਘਰਸ਼ ਅੱਜ ਜਨ ਅੰਦੋਲਨ ਬਣ ਚੁੱਕਿਆ ਹੈ, ਜਿਸ ਵਿਚ ਲੋਕ ਦੇਸ਼-ਵਿਦੇਸ਼ ਤੋਂ ਹਿੱਸਾ ਲੈ ਰਹੇ ਹਨ। ਕਿਸਾਨਾਂ ਦੇ ਵੱਡੇ ਇਕੱਠਾਂ ਤੋਂ ਘਬਰਾਈ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਨਵੇਂ-ਨਵੇਂ ਪੈਂਤੜੇ ਅਪਣਾ ਰਹੀ ਹੈ ਪਰ ਲੋਕ ਕੇਂਦਰ ਸਰਕਾਰ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਕੇਂਦਰ ਦੀਆਂ ਇਨ੍ਹਾਂ ਚਾਲਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ‘ਤੇ ਲਿਆਂਦੇ ਤਿੰਨੇ ਕਾਨੂੰਨ ਖੇਤੀਬਾੜੀ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਐਮ.ਐਸ.ਪੀ. ‘ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਕਾਨੂੰਨ ਗਾਰੰਟੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ, ਪੱਤਰਕਾਰਾਂ, ਤੇ ਬੁੱਧੀਜੀਵੀਆਂ ਖਿਲਾਫ ਦਰਜ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਝੂਠ ਬੋਲ ਰਹੀ ਹੈ ਕਿ ਕਿਸਾਨ ਦੋ ਮਹੀਨੇ ਬਾਅਦ ਫਸਲਾਂ ਦੀ ਵਾਢੀ ‘ਤੇ ਚਲੇ ਜਾਣਗੇ ਪਰ ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਪਿੱਛੇ ਨਹੀਂ ਹਟਣਗੇ।
_______________________________________
ਕਿਸਾਨਾਂ ਦਾ ਪ੍ਰਦਰਸ਼ਨ ‘ਧਰਮ ਯੁੱਧ` ਕਰਾਰ
ਚੰਡੀਗੜ੍ਹ: ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਮੁਖੀ ਗੁਰਨਾਮ ਚੜੂਨੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇਸ਼ ‘ਚ ਨਵੇਂ ਖੇਤੀ ਲਾਗੂ ਕਰਦੀ ਹੈ ਤਾਂ ਤੇਲ ਕੀਮਤਾਂ ਵਾਂਗ ਖਾਧ ਪਦਾਰਥਾਂ ਦੇ ਭਾਅ ਵੀ ਵਧ ਜਾਣਗੇ। ਉਹ ਇਥੇ ਸੈਕਟਰ-25 ਵਿਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਮਹਾਪੰਚਾਇਤ ਦੌਰਾਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਨੂੰ ‘ਧਰਮ ਯੁੱਧ‘ ਕਰਾਰ ਦਿੰਦਿਆਂ ਉਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਲਹਿਰ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸ੍ਰੀ ਚੜੂਨੀ ਨੇ ਖੇਤੀ ਕਾਨੂੰਨਾਂ ਦੇ ਬੁਰੇ ਪ੍ਰਭਾਵਾਂ ਦੇ ਜ਼ਿਕਰ ਕਰਦਿਆਂ ਕਿਹਾ, ‘ਜੇਕਰ ਐਗਰੀ-ਬਿਜਨੈੱਸ ਕਾਨੂੰਨ ਦੇਸ਼ ਵਿਚ ਲਾਗੂ ਹੁੰਦੇ ਤਾਂ ਅਨਾਜ ਸਿਰਫ ਕੁਝ ਕੁ ਲੋਕਾਂ ਦੇ ਗੁਦਾਮਾਂ ‘ਚ ਜਮ੍ਹਾਂ ਹੋ ਜਾਵੇਗਾ। ਇਸ ਨਾਲ ਖਾਧ ਪਦਾਰਥ ਵੀ ਉਸੇ ਤਰ੍ਹਾਂ ਮਹਿੰਗੇ ਹੋ ਜਾਣਗੇ ਜਿਵੇਂ ਹੁਣ ਪੈਟਰੋਲ ਤੇ ਡੀਜ਼ਲ ਦਿਨੋ-ਦਿਨ ਮਹਿੰਗੇ ਹੋ ਰਹੇ ਹਨ।‘