ਖੇਤੀ ਕਾਨੂੰਨਾਂ ਖਿਲਾਫ ਜੰਗ ਸਾਂਝੀਵਾਲਤਾ, ਸਬਰ ਤੇ ਸਿਦਕ ਨਾਲ ਜਿੱਤਣ ਦਾ ਅਹਿਦ

ਬਰਨਾਲਾ: ਇਥੇ ਸਥਾਨਕ ਅਨਾਜ ਮੰਡੀ ਵਿਚ ਕੀਤੀ ਕਿਸਾਨ ਮਜ਼ਦੂਰ ਏਕਤਾ ਮਹਾਰੈਲੀ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਖਿਲਾਫ ਵਿੱਢੀ ਇਸ ਲੜਾਈ ਨੂੰ ਸਾਂਝੀਵਾਲਤਾ, ਸਬਰ ਤੇ ਸਿਦਕ ਨਾਲ ਜਾਰੀ ਰੱਖਦਿਆਂ ਹਰ ਹਾਲ ਜਿੱਤਣਗੇ।

ਆਗੂਆਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵੱਲੋਂ ਕੇਸਾਂ ਦੇ ਰੂਪ ਵਿਚ ਦਿੱਤੇ ਡਰਾਵਿਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਸੱਦਾ ਦਿੱਤਾ ਕਿ ਕਿਸਾਨੀ ਅੰਦੋਲਨ ਨੂੰ ਹਰ ਵਰਗ ਆਪਣੀ ਹਮਾਇਤ ਦੇਵੇ ਤੇ ਇਕਜੁੱਟਤਾ ਨਾਲ ਇਸ ਲੜਾਈ ਨੂੰ ਅੱਗੇ ਲਿਜਾਂਦਿਆਂ ਸਫਲ ਬਣਾਇਆ ਜਾਵੇ। ਆਗੂਆਂ ਨੇ ਕਿਹਾ ਕਿ ਦਿੱਲੀ ਹਿੰਸਾ ਲਈ ਗ੍ਰਿਫਤਾਰ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਤੇ ਫਰਜ਼ੀ ਕੇਸ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ‘ਫਾਸ਼ੀਵਾਦੀ ਤੇ ਫਿਰਕੂ ਸਰਕਾਰ` ਨੂੰ ਚੁਣੌਤੀ ਦੇਣ ਲਈ ਦੇਸ਼ ਵਿਚ ਵੱਡੇ ਪੱਧਰ `ਤੇ ਸੰਘਰਸ਼ ਵਿੱਢਿਆ ਗਿਆ ਹੈ। ਬੀ.ਕੇ.ਯੂ. ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵਿਉਂਤੀ ‘ਕਿਸਾਨ ਮਜ਼ਦੂਰ ਏਕਤਾ ਮਹਾਰੈਲੀ` ਨੂੰ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ ਤੇ ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ। ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਚੁੱਲ੍ਹਾ-ਚੌਂਕਾ ਤੇ ਘਰੇਲੂ ਆਹਰ ਛੱਡ ਕੇ ਹੱਥਾਂ ਵਿਚ ਕਿਸਾਨੀ ਦਾ ਪਰਚਮ ਲਹਿਰਾਉਂਦਿਆਂ ਰੈਲੀ `ਚ ਹਾਜਰੀ ਭਰੀ। ਇਸ ਦੌਰਾਨ ਸਥਾਨਕ ਪੁਲਿਸ ਨੇ ਰੈਲੀ ਵਿਚ ਸਵਾ ਤੋਂ ਡੇਢ ਲੱਖ ਲੋਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ।
ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਮਜ਼ਬੂਤੀ ਦੇਣ ਲਈ ਜਿਥੇ ਖੇਤ ਮਜ਼ਦੂਰਾਂ ਸਮੇਤ ਹੋਰਨਾਂ ਤਬਕਿਆਂ ਦੀ ਸ਼ਮੂਲੀਅਤ ਜਰੂਰੀ ਹੈ, ਉਥੇ ਸੰਘਰਸ਼ ਦੇ ਧਰਮ ਨਿਰਲੇਪ ਕਿਰਦਾਰ ਨੂੰ ਹੋਰ ਮਜ਼ਬੂਤ ਕਰਨ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਇਸ ਦੀ ਰਾਖੀ ਕਰਨੀ ਵੀ ਜਰੂਰੀ ਹੈ। 26 ਜਨਵਰੀ ਦੀਆਂ ਘਟਨਾਵਾਂ ਬਾਰੇ ਟਿੱਪਣੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਸੰਘਰਸ਼ ਵਿਚ ਸ਼ਾਮਲ ਬਾਹਰੀ ਸ਼ਕਤੀਆਂ ਰਾਹੀਂ ਮੋਦੀ ਹਕੂਮਤ ਨੇ ਇਸ ‘ਤੇ ਵਿਸ਼ੇਸ਼ ਫਿਰਕੇ ਦਾ ਲੇਬਲ ਲਾਉਣ ਦਾ ਯਤਨ ਕੀਤਾ ਸੀ। ਇਹੀ ਨਹੀਂ ਕਿਸਾਨ ਅੰਦੋਲਨ ਨੂੰ ਫਿਰਕੂ ਰਾਸ਼ਟਰਵਾਦ ਦੇ ਹਮਲੇ ਹੇਠ ਲਿਆਉਣ ਦਾ ਵੀ ਯਤਨ ਕੀਤਾ, ਜਿਸ ਨੂੰ ਕਿਸਾਨਾਂ ਨੇ ਆਪਣੇ ਏਕੇ ਨਾਲ ਪਛਾੜ ਦਿੱਤਾ ਹੈ। ਉਗਰਾਹਾਂ ਨੇ ਮੰਗ ਕੀਤੀ ਕਿ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਸਾਰੇ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਤੇ ਝੂਠੇ ਕੇਸ ਰੱਦ ਕੀਤੇ ਜਾਣ। ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਸ਼ਹੀਦ ਹੋਏ (ਉੱਤਰਾਖੰਡ ਦੇ) ਨੌਜਵਾਨ ਨਵਰੀਤ ਸਿੰਘ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ।
ਬੀ.ਕੇ.ਯੂ. ਏਕਤਾ (ਉਗਰਾਹਾਂ) ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਔਰਤਾਂ ਨੇ ਹੁਣ ਤੱਕ ਇਸ ਸੰਘਰਸ਼ ‘ਚ ਅਹਿਮ ਭੂਮਿਕਾ ਨਿਭਾਈ ਹੈ। ਸੰਘਰਸ਼ ਨੂੰ ਉਹਦੀ ਮੰਜ਼ਲ ਤੱਕ ਪਹੁੰਚਾਉਣ ਲਈ ਖੇਤ ਮਜ਼ਦੂਰ ਔਰਤਾਂ ਨੂੰ ਵੀ ਅਜਿਹੀ ਧਿਰ ਵਜੋਂ ਅੱਗੇ ਆਉਣਾ ਚਾਹੀਦਾ ਹੈ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਬਾਦਲ ਸਰਕਾਰ ਵੱਲੋਂ ਬਣਾਏ ਠੇਕਾ ਖੇਤੀ ਕਾਨੂੰਨ ਨੂੰ ਰੱਦ ਕਰਨ ਦੇ ਐਲਾਨ ਨੂੰ ਫੌਰੀ ਲਾਗੂ ਕਰੇ ਤੇ ਆਪਣੇ ਵੱਲੋਂ ਅਜਿਹਾ ਨਵਾਂ ਕਾਨੂੰਨ ਲਿਆਉਣ ਦੀਆਂ ਵਿਉਂਤਾਂ ਫੌਰੀ ਰੱਦ ਕਰੇ।
ਉਨ੍ਹਾਂ ਕਿਹਾ ਕਿ ਏ.ਪੀ.ਐਮ.ਸੀ. ਐਕਟ 2017 ‘ਚ ਕੀਤੀਆਂ ਕਿਸਾਨ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ, ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਹੋਣ ਤੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਲਾਗੂ ਕੀਤੇ ਜਾਣ। ਰੈਲੀ ਦੌਰਾਨ ਬੁਲਾਰਿਆਂ ਨੇ 27 ਫਰਵਰੀ ਨੂੰ ਦਿੱਲੀ ਮੋਰਚੇ ‘ਚ ਵੱਡੀ ਗਿਣਤੀ ‘ਚ ਹਾਜਰੀ ਲਵਾਉਣ ਤੇ 8 ਮਾਰਚ ਨੂੰ ‘ਮਹਿਲਾ ਦਿਵਸ‘ ਮੌਕੇ ਦਿੱਲੀ ਮੋਰਚੇ ‘ਚ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਪੁੱਜਣ ਦਾ ਸੱਦਾ ਦਿੱਤਾ।
_______________________
ਹਮਾਇਤੀਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੇ ਕੇਂਦਰ: ਢੀਂਡਸਾ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਘੋਲ ਦੇ ਹਮਾਇਤੀਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੇ। ਆਪਣੀ ਪਟਿਆਲਾ ਫੇਰੀ ਦੌਰਾਨ ਉਨ੍ਹਾਂ ਕਿਸਾਨਾਂ ਦੇ ਸਬਰ ਅਤੇ ਜ਼ਾਬਤੇ ਦੀ ਸ਼ਲਾਘਾ ਕੀਤੀ। ਢੀਂਡਸਾ ਨੇ ਕਿਹਾ ਕਿ ਪੁਰਅਮਨ ਢੰਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਨਾਲ ਭਾਈਚਾਰਕ ਸਾਂਝ ਵਧੀ ਹੈ ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਸੰਘਰਸ਼ ਦੀ ਹਮਾਇਤ ਕਰ ਰਹੇ ਵੱਖ ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਕਿਸਾਨਾਂ ਸਮੇਤ ਹੋਰਨਾਂ ਵਰਗ ਦੇ ਲੋਕਾਂ ਨੂੰ ਤੁਰਤ ਰਿਹਾਅ ਕੀਤਾ ਜਾਵੇ।