ਰੇਲ ਰੋਕੋ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਮੋਦੀ ਸਰਕਾਰ ਦੀਆਂ ਅੱਖਾਂ ਖੋਲ੍ਹੀਆਂ

ਨਵੀਂ ਦਿੱਲੀ: ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਦੇਸ਼ ਦੀਆਂ ਤਕਰੀਬਨ 500 ਕਿਸਾਨ ਜਥੇਬੰਦੀਆਂ ਤੇ ਯੂਨੀਅਨਾਂ ਦੇ ‘ਸੰਯੁਕਤ ਕਿਸਾਨ ਮੋਰਚੇ` ਵੱਲੋਂ ਦਿੱਤੇ ਰੇਲ ਰੋਕੋ ਪ੍ਰੋਗਰਾਮ ਨੂੰ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ `ਚ ਭਰਵਾਂ ਹੁੰਗਾਰਾ ਮਿਲਿਆ। ਦੇਸ਼ ਦੇ ਕਿਸਾਨਾਂ ਨੇ ਕੌਮੀ ਪੱਧਰ `ਤੇ ਰੇਲ ਰੋਕੋ ਨੂੰ ਸਫਲ ਬਣਾਇਆ ਤੇ ਵੱਡੇ-ਛੋਟੇ ਰੇਲਵੇ ਸਟੇਸ਼ਨਾਂ ਦੀਆਂ ਰੇਲ ਪਟੜੀਆਂ ਰੋਕੀਆਂ। ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਲਗਾਤਾਰ ਝੂਠ ਬੋਲ ਰਹੀ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕੁਝ ਰਾਜਾਂ ਤੱਕ ਹੀ ਸੀਮਤ ਹੈ ਪਰ ਰੇਲ ਰੋਕੋ ਅੰਦੋਲਨ ਦੌਰਾਨ ਹੋਰ ਰਾਜਾਂ ਦੇ ਕਿਸਾਨਾਂ ਨੇ ਰੇਲਾਂ ਰੋਕ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਰੇਲਵੇ ਦੇ ਕੌਮੀ ਨੈੱਟਵਰਕ ਵਾਂਗ ਹੀ ਕਿਸਾਨਾਂ ਨੇ ਕੌਮੀ ਪੱਧਰ ਦੀ ਲਾਮਬੰਦੀ ਕੀਤੀ ਤੇ ਅਮਨ, ਸ਼ਾਂਤੀ ਨਾਲ ਇਸ ਅੰਦੋਲਨ ਨੂੰ ਨੇਪਰੇ ਚਾੜ੍ਹਿਆ।

ਪ੍ਰਾਪਤ ਰਿਪੋਰਟਾਂ ਮੁਤਾਬਕ ਰੇਲ ਰੋਕੋ ਨੂੰ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਉੱਤਰਾਂਚਲ, ਰਾਜਸਥਾਨ, ਮਹਾਂਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਉੜੀਸਾ, ਮੁੰਬਈ ਤੇ ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਤੋਂ ਵੀ ਹੁੰਗਾਰਾ ਮਿਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਕੇਂਦਰ ਨੂੰ ਦੱਸ ਦਿੱਤਾ ਹੈ ਕਿ ਅੰਦੋਲਨ ਹੁਣ ਕੌਮੀ ਪੱਧਰ ਦੀ ਪਛਾਣ ਬਣਾ ਚੁੱਕਾ ਹੈ। ਕਿਸਾਨ ਆਗੂਆਂ ਮੁਤਾਬਕ ਕਿਸਾਨਾਂ ਦੇ ਪਰਿਵਾਰਾਂ ਨੇ ਬੱਚਿਆਂ ਸਮੇਤ ਕਿਸਾਨ ਅੰਦੋਲਨ ਦੇ ਇਸ ਪੜਾਅ ਦੌਰਾਨ ਪਟੜੀਆਂ ਮੱਲ ਕੇ ਕਿਸਾਨਾਂ ਦਾ ਸਾਥ ਦਿੱਤਾ। ਕਿਸੇ ਪਾਸਿਉਂ ਕੋਈ ਅਣਹੋਣੀ ਜਾਂ ਪੁਲਿਸ ਨਾਲ ਟਾਕਰੇ ਦੀ ਕੋਈ ਸੂਚਨਾ ਨਹੀਂ ਮਿਲੀ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਅੰਦੋਲਨ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਕੇਂਦਰ ਤਿੰਨਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦਾ। ਕਿਸਾਨ ਆਗੂਆਂ ਨੇ ਦੱਸਿਆ ਕਿ ਕੁਰੂਕਸ਼ੇਤਰ ਰੇਲਵੇ ਟਰੈਕ, ਰੇਵਾੜੀ ਰੇਲਵੇ ਟਰੈਕ ‘ਤੇ ਕਿਸਾਨਾਂ ਨੇ ਧਰਨਾ ਦਿੱਤਾ। ਇਸੇ ਤਰ੍ਹਾਂ ਹਰਿਦੁਆਰ ਸਪੈਸ਼ਲ ਮੇਰਠ ਵਿਚ, ਮੁੰਬਈ ਤੋਂ ਅੰਮ੍ਰਿਤਸਰ ਜਾ ਰਹੀ ਪੱਛਮ ਐਕਸਪ੍ਰੈਸ ਪਾਣੀਪਤ ‘ਚ ਰੋਕੀ ਗਈ। ਕਿਸਾਨਾਂ ਨੇ ਯਮੁਨਾਨਗਰ, ਹਰਿਆਣਾ, ਉੜੀਸਾ ਦੇ ਬ੍ਰਹਮਾਪੁਰ, ਬਿਹਾਰ ਦੇ ਸੇਖਪੁਰਾ, ਮਹਾਰਾਸ਼ਟਰ ਵਿਚ ਔਰੰਗਾਬਾਦ, ਪੁਣੇ, ਜੰਮੂ ਅਤੇ ਕਰਨਾਲ ‘ਚ ਵੀ ਰੇਲ ਟਰੈਕ ਜਾਮ ਕੀਤੇ।
ਉਧਰ, ਭਾਰਤੀ ਰੇਲਵੇ ਨੇ ਦੱਸਿਆ ਕਿ 4 ਘੰਟੇ ਦਾ ਰੇਲ ਰੋੋਕੋ ਅੰਦੋਲਨ ਸ਼ਾਂਤੀਪੂਰਵਕ ਪੂਰਾ ਹੋ ਗਿਆ ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹਾਲਾਂਕਿ ਰੇਲਵੇ ਨੇ ਬਿਆਨ ਵਿਚ ਕਿਹਾ ਕਿ 20 ਵਾਧੂ ਕੰਪਨੀਆਂ ਰੇਲਵੇ ਸੁਰੱਖਿਆ ਲਈ ਲਾਈਆਂ ਗਈਆਂ ਸਨ ਤੇ ਦੇਸ਼ ਭਰ ਵਿਚ ਰੇਲ ਰੋੋਕੋ ਦਾ ਅਸਰ ਬਹੁਤ ਘੱਟ ਪਿਆ। ਕੁਝ ਇਲਾਕਿਆਂ ਵਿਚ ਕੁਝ ਰੇਲ ਗੱਡੀਆਂ ਰੋਕੀਆਂ ਗਈਆਂ ਸਨ ਪਰ ਬਾਅਦ ਵਿਚ ਰੇਲ ਆਵਾਜਾਈ ਆਮ ਵਰਗੀ ਹੋ ਗਈ। ਸ਼ਾਮ ਨੂੰ ਰੇਲਵੇ ਦੇ ਸਾਰੇ ਜ਼ੋਨਾਂ ਵਿਚ ਰੇਲ ਆਵਾਜਾਈ ਪੂਰਨ ਰੂਪ ਵਿਚ ਚੱਲ ਪਈ ਸੀ। ਰੇਲ ਰੋਕੋ ਪ੍ਰੋਗਰਾਮ ਦੇ ਮੱਦੇਨਜਰ ਰੇਲਵੇ ਪੁਲਿਸ ਬਲ (ਆਰ.ਪੀ.ਐਫ.) ਵੱਲੋਂ ਵੱਖ-ਵੱਖ ਰਾਜਾਂ ਦੀ ਪੁਲਿਸ ਨਾਲ ਤਾਲਮੇਲ ਕਰਕੇ ਸੁਰੱਖਿਆ ਬੰਦੋਬਸਤ ਮਜ਼ਬੂਤ ਕੀਤੇ ਗਏ।
_______________________________________
ਝੂਠਾ ਪ੍ਰਚਾਰ ਬੰਦ ਕਰਨ ਲਈ ਰਾਸ਼ਟਰਪਤੀ ਨੂੰ ਖੁੱਲ੍ਹੀ ਚਿੱਠੀ
ਚੰਡੀਗੜ੍ਹ: ਸੇਵਾ ਮੁਕਤ ਸਿਵਲ, ਪੁਲਿਸ, ਫੌਜ ਅਤੇ ਹੋਰ ਵੱਡੇ ਅਫਸਰਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਹੱਕ ‘ਚ ਭਾਰਤ ਦੇ ਰਾਸ਼ਟਰਪਤੀ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ਚਿੱਠੀ ਵਿਚ ਦੱਸਿਆ ਗਿਆ ਹੈ ਕਿ ਉਹ ਕੇਂਦਰੀ ਅਤੇ ਰਾਜ ਪੱਧਰ ਦੇ ਕਈ ਮਹਿਕਮਿਆਂ ਵਿਚ ਕਈ ਸਾਲ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਸੇਵਾ ਮੁਕਤ ਹੋਏ ਹਨ ਅਤੇ ਉਨ੍ਹਾਂ ਦਾ ਕਦੇ ਵੀ ਕਿਸੇ ਰਾਜਨੀਤਕ ਪਾਰਟੀ ਨਾਲ ਸਬੰਧ ਨਹੀਂ ਰਿਹਾ ਅਤੇ ਸੰਵਿਧਾਨ ਪ੍ਰਤੀ ਹੀ ਸੱਚੀ ਸ਼ਰਧਾ ਰਹੀ ਹੈ। ਰਾਸ਼ਟਰਪਤੀ ਨੂੰ ਕਿਹਾ ਗਿਆ ਹੈ ਕਿ ਬਾਕੀ ਸਾਰੇ ਚੈਨਲ (ਜਰੀਏ) ਇਕ ਪਾਸੜ ਪ੍ਰਤੀਤ ਹੋ ਰਹੇ ਹਨ, ਜਿਨ੍ਹਾਂ ਤੋਂ ਨਿਰਪੱਖਤਾ ਅਤੇ ਤਰਕਸ਼ੀਲਤਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ। 26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਵਾਪਰੀ ਘਟਨਾ ਨੂੰ ਨਿੰਦਣਯੋਗ ਦੱਸਿਆ ਗਿਆ ਹੈ, ਪਰ ਮੰਗ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਦਰਜ ਝੂਠੇ ਕੇਸਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਸਿਰਫ ਅਸਲ ਦੋਸ਼ੀਆਂ ਖਿਲਾਫ ਹੀ ਕੇਸ ਚੱਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤਿੰਨੇ ਖੇਤੀ ਕਾਨੂੰਨਾਂ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।