ਸਖਤੀ ਦੇ ਬਾਵਜੂਦ ਵਧ-ਫੁੱਲ ਰਹੇ ਨੇ ਬਾਗੀ
ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਭਾਰਤ ਸਰਕਾਰ ਵੱਲੋਂ ਮਾਓਵਾਦੀਆਂ ਵਜੋਂ ਮਸ਼ਹੂਰ ਕਮਿਊਨਿਸਟ ਬਾਗੀਆਂ ਖ਼ਿਲਾਫ਼ ਅੰਤਾਂ ਦੀ ਸਖ਼ਤੀ ਦੇ ਬਾਵਜੂਦ ਇਹ ਬਾਗੀ ਆਪਣੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਹੇ ਹਨ। ਮੰਗਲਵਾਰ 2 ਜੁਲਾਈ ਦੀ ਦੁਪਹਿਰ ਨੂੰ ਮਾਓਵਾਦੀਆਂ ਨੇ ਝਾਰਖੰਡ ਦੇ ਦਾਮਿਨੀ ਜੰਗਲਾਂ ਵਿਚ ਪੁਲਿਸ ਪਾਰਟੀ ਉਤੇ ਹਮਲਾ ਕਰ ਕੇ ਐਸ਼ਪੀæ ਸਮੇਤ 6 ਸੁਰੱਖਿਆ ਮੁਲਾਜ਼ਮਾਂ ਨੂੰ ਮਾਰ ਮੁਕਾਇਆ। ਇਸ ਤੋਂ ਪਹਿਲਾਂ 25 ਮਈ 2013 ਨੂੰ ਛੱਤੀਸਗੜ੍ਹ ਦੇ ਬਸਤਰ ਇਲਾਕੇ ਵਿਚ ਕਾਂਗਰਸ ਦੇ ਕਾਫ਼ਲੇ ਉਤੇ ਕੀਤੇ ਹਮਲੇ ਵਿਚ 28 ਜਣੇ ਮਾਰੇ ਗਏ ਸਨ। ਇਨ੍ਹਾਂ ਵਿਚ ਕਾਂਗਰਸ ਦਾ ਬਦਨਾਮ ਵਿਧਾਇਕ ਮਹਿੰਦਰ ਕਰਮਾ ਵੀ ਸ਼ਾਮਲ ਸੀ ਜਿਸ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੀ ਮਦਦ ਨਾਲ ਜਥੇਬੰਦ ਕੀਤੀ ‘ਸਲਵਾ ਜੂਡਮ’ ਨੇ ਮਾਓਵਾਦੀਆਂ ਦੇ ਸਮਰਥਕਾਂ ਅਤੇ ਆਦਿਵਾਸੀਆਂ ਉਤੇ ਅਤਿਅੰਤ ਕਹਿਰ ਢਾਹਿਆ ਸੀ। ‘ਸਲਵਾ ਜੂਡਮ’ ਨੇ ਇੰਨੀਆਂ ਘਿਣਾਉਣੀਆਂ ਵਾਰਦਾਤਾਂ ਕੀਤੀਆਂ ਸਨ ਕਿ ਸੁਪਰੀਮ ਕੋਰਟ ਨੇ ਵੀ ਇਸ ਨੂੰ ਗੈਰ-ਸੰਵਿਧਾਨਕ ਕਰਾਰ ਦੇ ਦਿੱਤਾ ਸੀ। ਇਸ ਵੱਡੇ ਹਮਲੇ ਵਿਚ ਛੱਤੀਸਗੜ੍ਹ ਕਾਂਗਰਸ ਦੀ ਸਮੁੱਚੀ ਲੀਡਰਸ਼ੀਪ ਦਾ ਹੀ ਸਫਾਇਆ ਹੋ ਗਿਆ ਸੀ।
ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਛੱਤੀਸਗੜ੍ਹ, ਝਾੜਖੰਡ, ਉੜੀਸਾ ਤੇ ਕੁਝ ਹੋਰ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ 3 ਸਾਲ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਖ਼ਿਲਾਫ਼ ਅਪਰੇਸ਼ਨ ਗ੍ਰੀਨਹੰਟ ਚਲਾਇਆ ਗਿਆ ਸੀ। ਇਸ ਅਪਰੇਸ਼ਨ ਵਿਚ ਇਸ ਵੇਲੇ ਇਕ ਲੱਖ 15 ਹਜ਼ਾਰ ਸੁਰੱਖਿਆ ਮੁਲਾਜ਼ਮ ਸ਼ਾਮਿਲ ਹਨ। ਇਹ ਨਫ਼ਰੀ ਖਾਨਾਜੰਗੀ ਦਾ ਸ਼ਿਕਾਰ ਅਫਗਾਨਿਸਤਾਨ ਵਿਚ ਵਿਦੇਸ਼ੀ ਫੌਜਾਂ ਦੀ ਗਿਣਤੀ ਦੇ ਐਨ ਬਰਾਬਰ ਹੈ। ਉਧਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਮੰਨਿਆ ਹੈ ਕਿ ਇੰਨੇ ਵੱਡੇ ਪੱਧਰ ਉਤੇ ਕਾਰਵਾਈ ਕਰਨ ਦੇ ਬਾਵਜੂਦ ਮਾਓਵਾਦੀਆਂ ਦੀ ਕੇਂਦਰੀ ਸ਼ਕਤੀ ਨੂੰ ਨਸ਼ਟ ਨਹੀਂ ਕੀਤਾ ਜਾ ਸਕਿਆ। ਇਹੀ ਨਹੀਂ, ਮਾਓਵਾਦੀਆਂ ਨੇ ਆਪਣੇ ਬਹੁਤੇ ਅਸਰ ਵਾਲੇ 9 ਸੂਬਿਆਂ ਤੋਂ ਇਲਾਵਾ ਆਸਾਮ, ਤਾਮਿਲਨਾਡੂ ਅਤੇ ਕੁਝ ਹੋਰ ਨਵੇਂ ਇਲਾਕਿਆਂ ਵਿਚ ਵੀ ਆਪਣਾ ਕਾਰਜ ਖੇਤਰ ਵਧਾਇਆ ਹੈ। ਇਨ੍ਹਾਂ ਸੂਬਿਆਂ ਵਿਚ ਸੀæਪੀæਆਈæ (ਮਾਓਵਾਦੀ) ਦੀਆਂ ਫਰੰਟਲ ਜਥੇਬੰਦੀਆਂ ਕੰਮ ਕਰ ਰਹੀਆਂ ਹਨ।
ਝਾਰਖੰਡ ਵਿਚ ਕੀਤੇ ਗਏ ਤਾਜ਼ਾ ਹਮਲੇ ਵਿਚ ਤਕਰੀਬਨ 60 ਹਥਿਆਰਬੰਦ ਮਾਓਵਾਦੀਆਂ ਨੇ ਹਿੱਸਾ ਲਿਆ। ਇਨ੍ਹਾਂ ਨੇ ਪਹਿਲਾਂ ਬੰਬ ਧਮਾਕਾ ਕੀਤਾ ਅਤੇ ਫਿਰ ਗੋਲੀ ਚਲਾਈ। ਐਸ਼ਪੀæ ਅਮਰਜੀਤ ਬਲਿਹਾਰ ਆਪਣੇ ਗਾਰਡਾਂ ਸਮੇਤ ਦੁਮਕਾ ਵਿਚ ਮੀਟਿੰਗ ਤੋਂ ਵਾਪਸ ਪਾਕੂਰ ਹੈਡ-ਕੁਆਰਟਰ ਪਰਤ ਰਿਹਾ ਸੀ। ਅਮਰਜੀਤ ਬਲਿਹਾਰ ਦੂਜਾ ਐਸ਼ਪੀæ ਹੈ ਜੋ ਮਾਓਵਾਦੀਆਂ ਦੇ ਹਮਲੇ ਵਿਚ ਮਾਰਿਆ ਗਿਆ ਹੈ। 4 ਅਕਤੂਬਰ 2004 ਨੂੰ ਮਾਓਵਾਦੀਆਂ ਨੇ ਲੁਹਾਰਡਾਗਾ ਦੇ ਐਸ਼ਪੀæ ਅਜੈ ਕੁਮਾਰ ਸਿੰਘ ਨੂੰ ਮਾਰ ਮੁਕਾਇਆ ਸੀ। ਉਦੋਂ ਲੁਹਾਰਡਾਗਾ ਬਿਹਾਰ ਵਿਚ ਪੈਂਦਾ ਸੀ ਅਤੇ ਝਾਰਖੰਡ ਦੀ ਕਾਇਮੀ ਪਿੱਛੋਂ ਝਾਰਖੰਡ ਦਾ ਹਿੱਸਾ ਬਣ ਗਿਆ ਸੀ।
ਮਾਓਵਾਦੀਆਂ ਨੇ ਪੁਲਿਸ ਵਾਲਿਆਂ ਨੂੰ ਜਵਾਬੀ ਕਾਰਵਾਈ ਕਰਨ ਦਾ ਮੌਕਾ ਨਹੀਂ ਦਿੱਤਾ। ਉਹ ਪੁਲਿਸ ਵਾਲਿਆਂ ਦੇ ਹਥਿਆਰ ਵੀ ਲੁੱਟ ਕੇ ਲੈ ਗਏ।
Leave a Reply