ਬੂਟਾ ਸਿੰਘ
ਫੋਨ: 91-94634-74342
ਭਾਜਪਾ ਆਗੂ ਨਰੇਂਦਰ ਮੋਦੀ ਕੁਲ ਰੁਕਾਵਟਾਂ ਸਰ ਕਰ ਕੇ 2014 ਦੀਆਂ ਲੋਕ ਸਭਾ ਚੋਣਾਂ ਦੀ ਮੁਹਿੰਮ ਦੀ ਕਮਾਨ ਹੱਥ ਲੈਣ ‘ਚ ਕਾਮਯਾਬ ਹੋ ਗਏ, ਪਰ ਉਨ੍ਹਾਂ ਦਾ ਰਾਹ ਇੰਨਾ ਸੁਖਾਲਾ ਵੀ ਨਹੀਂ। ਉਂਜ, ਉਹ ਮੋਦੀ ਜਿਸ ਦੇ ਹੱਥ 2002 ‘ਚ ਮੁਸਲਮਾਨਾਂ ਦੀ ਵਸੀਹ ਪੈਮਾਨੇ ‘ਤੇ ਕਤਲੋਗ਼ਾਰਤ ਅਤੇ ਫਰਜ਼ੀ ਪੁਲਿਸ ਮੁਕਾਬਲਿਆਂ ‘ਚ ਵਹਾਏ ਮੁਸਲਮਾਨ ਨੌਜਵਾਨਾਂ ਦੇ ਖ਼ੂਨ ਨਾਲ ਲਿੱਬੜੇ ਹੋਏ ਹਨ, ਆਪਣੇ ਸਭ ਤੋਂ ਵੱਡੇ ਸਰਪ੍ਰਸਤ ਰਹਿ ਚੁੱਕੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਠਿੱਬੀ ਲਾ ਕੇ ਅੱਗੇ ਨਿਕਲ ਗਿਆ ਹੈ। ਭਗਵਾਂ ਪਾਰਟੀ ਦੇ ਇਸ ‘ਲੋਹ-ਪੁਰਸ਼’ ਅਤੇ ਜਸਵੰਤ ਸਿੰਘ, ਯਸ਼ਵੰਤ ਸਿਨਹਾ ਤੇ ਉਮਾ ਭਾਰਤੀ ਨੇ ਮੋਦੀ ਦੇ ਹੱਕ ‘ਚ ਬਣੇ ਮਾਹੌਲ ਨੂੰ ਦੇਖਦਿਆਂ ਮੀਟਿੰਗ ਵਿਚੋਂ ਬਹਾਨੇ ਨਾਲ ਗ਼ੈਰਹਾਜ਼ਰ ਰਹਿਣ ‘ਚ ਹੀ ਭਲਾਈ ਸਮਝੀ। ਨਾ ਬਾਕੀਆਂ ਦੀ ਨਾਰਾਜ਼ਗੀ ਗੁੱਝੀ ਰਹੀ ਅਤੇ ਨਾ ਅਡਵਾਨੀ ਦੀ। ਮੋਦੀ ਨੂੰ ਚੋਣਾਂ ਦੀ ਕਮਾਨ ਸੌਂਪੇ ਜਾਣ ਦੇ ਫ਼ੈਸਲੇ ਉੱਪਰ ਮੋਹਰ ਲਗਦੇ ਸਾਰ ਅਸਤੀਫ਼ਾ ਦੇ ਕੇ ਅਡਵਾਨੀ ਨੇ ਫ਼ੈਸਲੇ ਨਾਲ ਸ਼ਰੇਆਮ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ। ਇਹ ਵੱਖਰੀ ਗੱਲ ਹੈ ਕਿ ਆਰæਐੱਸ਼ਐੱਸ ਦੇ ਮੁਖੀ ਮੋਹਨ ਭਾਗਵਤ ਵਲੋਂ ਫ਼ੋਨ ‘ਤੇ ਉਸ ਦੀ ਝਾੜ-ਝੰਬ ਕਰਨ ਅਤੇ ਰਾਜਨਾਥ ਸਿੰਘ ਤੇ ਸੁਸ਼ਮਾ ਸਵਰਾਜ ਵਰਗਿਆਂ ਵੱਲੋਂ ਪਹੁੰਚ ਕਰਨ ‘ਤੇ ਉਸ ਨੇ ਮੌਕੇ ਦੀ ਨਜ਼ਾਕਤ ਦੇਖ ਕੇ ਸਮਝੌਤੇ ਦਾ ‘ਮੋਮ ਵਰਗਾ ਨਰਮ’ ਰਾਹ ਵੀ ਅਪਣਾ ਲਿਆ। ਆਖ਼ਿਰ ਸੰਘ ਦੀ ਲੀਡਰਸ਼ਿਪ ਨੂੰ ਵੀ ਆਪਣੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਉਣ ਲਈ ਮੋਦੀ ਵਰਗੇ ਵਧੇਰੇ ਹਿੰਸਕ ਚਿਹਰੇ ਦੀ ਵੱਧ ਲੋੜ ਸੀ। ‘ਲੋਹਪੁਰਸ਼’ ਦੀ ਲੀਡਰਸ਼ਿਪ ਹੇਠ ਤਾਂ ਭਾਜਪਾ ਨੂੰ ਦੋ ਲੋਕ ਸਭਾ ਚੋਣਾਂ ਵਿਚ ਹਾਰ ਦੀ ਨਮੋਸ਼ੀ ਝੱਲਣੀ ਪਈ ਹੈ!
ਤਾਜਪੋਸ਼ੀ ਹੁੰਦੇ ਸਾਰ ਹੀ ਭਾਰਤੀ ਫਾਸ਼ੀਵਾਦ ਦੇ ਮੁਜੱਸਮੇ ਮੋਦੀ ਨੇ ਪੰਜਾਬ ਵਿਚ ਪਠਾਨਕੋਟ ਤੋਂ ਪਾਰਟੀ ਦੀ ਚੋਣ ਮੁਹਿੰਮ ਦਾ ਬਿਗਲ ਵਜਾ ਦਿੱਤਾ। ਜਦੋਂ ਦਹਾਕਿਆਂ ਤੋਂ ਸੱਤਾ ਦੀ ਭਾਈਵਾਲ ਭਾਜਪਾ ਦੀ ਐਨੀ ਅਹਿਮ ਮੁਹਿੰਮ ਉਨ੍ਹਾਂ ਦੇ ਆਪਣੇ ਸੂਬੇ ਵਿਚੋਂ ਵਿੱਢੀ ਜਾ ਰਹੀ ਹੋਵੇ, ਫਿਰ ਭਲਾ ਬਾਦਲ ਅਕਾਲੀ ਦਲ ਅਜਿਹੇ ਅਹਿਮ ਮੌਕੇ ‘ਤੇ ਗ਼ੈਰਹਾਜ਼ਰ ਕਿਵੇਂ ਰਹਿ ਸਕਦਾ ਸੀ। ਉੱਤਰਾਖੰਡ ‘ਚ ਮਚੀ ਤਬਾਹੀ ਦੇ ਪੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਦੇਸ਼ ਦੌਰੇ ਤੋਂ ਤੁਰੰਤ ਵਾਪਸ ਆ ਗਏ ਅਤੇ ਚੰਡੀਗੜ੍ਹ ‘ਚ ਤਬਾਹੀ ਪੀੜਤਾਂ ਦੀ ਹਰ ਮਦਦ ਕੀਤੇ ਜਾਣ ਦਾ ਰਸਮੀਂ ਭਰੋਸਾ ਦਿਵਾ ਕੇ ਸਿੱਧਾ ਮੋਦੀ ਰੈਲੀ ‘ਚ ਜਾ ਬਿਰਾਜੇ ਜੋ ਉਨ੍ਹਾਂ ਦੀ ਵਾਪਸੀ ਦਾ ਅਸਲ ਮਕਸਦ ਸੀ। ਮੋਦੀ ਨਾਲ ਜਿੱਤ ਦੇ ਨਿਸ਼ਾਨ ਬਣਾਉਂਦੇ ਬਾਦਲ ਦੀ ਤਸਵੀਰ ਸਪਸ਼ਟ ਰਾਜਸੀ ਸੰਦੇਸ਼ ਹੈ ਕਿ ਮੋਦੀ ਤਾਂ ਕੀ, ਉਨ੍ਹਾਂ ਨੂੰ ਭਗਵਾਂ ਪਾਰਟੀ ਦੀ ਨੀਤੀ ਵਿਚ ਕੋਈ ਵੀ ਬਦਲਾਅ ਕਬੂਲ ਵੀ ਹੈ ਅਤੇ ਹਜ਼ਮ ਵੀ ਹੈ। ਜਦੋਂ ਤਕ ਭਾਜਪਾ ਅੰਦਰਲੀ ਰੱਦੋਬਦਲ ਪੰਜਾਬ ਵਿਚ ਉਨ੍ਹਾਂ ਦੇ ਰਾਜਸੀ ਗ਼ਲਬੇ ਲਈ ਕੋਈ ਖ਼ਤਰਾ ਨਹੀਂ ਬਣਦੀ, ਉਹ ਭਲਾ ਉਜਰ ਕਰਨਗੇ ਵੀ ਕਿਉਂ? ਉਨ੍ਹਾਂ ਨੂੰ ਭਾਜਪਾ ਦੀ ਮੂਲ ਰਾਜਸੀ ਤਾਸੀਰ ‘ਸੱਭਿਆਚਾਰਕ ਰਾਸ਼ਟਰਵਾਦ’ ਉੱਪਰ ਹੀ ਕੋਈ ਕਿੰਤੂ-ਪ੍ਰੰਤੂ ਨਹੀਂ ਹੈ!
ਹਿੰਦੂ ਫਿਰਕਾਪ੍ਰਸਤੀ ਦਾ ਵਿਰੋਧ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਹੱਕਾਂ ਦੀ ਦਾਅਵੇਦਾਰੀ ਅਕਾਲੀ ਦਲ ਦਾ ਵੱਡਾ ਮੁੱਦਾ ਰਿਹਾ ਹੈ। ਅਕਾਲੀ ਦਲ ਸੂਬਿਆਂ ਨੂੰ ਵੱਧ ਅਧਿਕਾਰਾਂ ਅਤੇ ਕੇਂਦਰ ਦੀ ਸੂਬਿਆਂ ਵਿਚ ਨਾਜਾਇਜ਼ ਦਖ਼ਲਅੰਦਾਜ਼ੀ ‘ਤੇ ਰੋਕ ਲਾਉਣ ਵਾਲਾ ਸੰਘੀ ਸੰਵਿਧਾਨਕ ਚੌਖਟਾ ਲਿਆਉਣ ਦਾ ਹਾਮੀ ਰਿਹਾ ਹੈ। ਇਸ ਦੇ ਉਲਟ ਭਾਜਪਾ ਸਮੇਤ ਸੰਘੀਆਂ ਦਾ ਪੂਰਾ ਲਾਣਾ ਧਾਰਮਿਕ, ਭਾਸ਼ਾਈ ਘੱਟ ਗਿਣਤੀਆਂ ਅਤੇ ਕੌਮੀਅਤਾਂ ਦਾ ਘੋਰ ਦੁਸ਼ਮਣ ਹੈ ਅਤੇ ਹੋਰ ਵੀ ਵਧੇਰੇ ਕੇਂਦਰਮੁਖੀ ਰਾਜ ਢਾਂਚੇ ਦਾ ਮੁੱਦਈ ਹੈ। ਭਾਜਪਾ ਵਰਗੀ ਪਾਰਟੀ ਨਾਲ ਅਕਾਲੀ ਲੀਡਰਸ਼ਿਪ ਦੇ ਪੱਕੇ ਰਾਜਸੀ ਗੱਠਜੋੜ ਦਾ ਮਤਲਬ ਇਹੀ ਹੈ ਕਿ ਜ਼ਬਾਨੀ-ਕਲਾਮੀਂ ਅਕਾਲੀ ਦਲ ਦੇ ਦਾਅਵੇ ਕੁਝ ਵੀ ਹੋਣ, ਵਿਹਾਰਕ ਅਰਥਾਂ ‘ਚ ਅਕਾਲੀ ਲੀਡਰਸ਼ਿਪ ਆਪਣੀ ਇਸ ਮੂਲ ਸਿਆਸੀ ਸੇਧ ਨੂੰ ਚਿਰੋਕਣੀ ਤਿਲਾਂਜਲੀ ਦੇ ਕੇ ਸੱਤਾ ਲਈ ਘੋਰ ਮੌਕਾਪ੍ਰਸਤ ਗੱਠਜੋੜਾਂ ਦੀ ਸਿਆਸਤ ਦੇ ਲੜ ਲੱਗ ਚੁੱਕੀ ਹੈ। ਸੱਤਾ ‘ਚ ਬਣੇ ਰਹਿਣ ਲਈ ਉਸ ਨੂੰ ਮੋਦੀ ਵਰਗੇ ਸੁਪਰ ਫਾਸ਼ੀਵਾਦੀ ਨਾਲ ਜੋਟੀ ਪਾਉਣ ਵਿਚ ਕੋਈ ਸੰਕੋਚ ਨਹੀਂ ਹੈ।
ਅਡਵਾਨੀ ਦੀ ਸਰਪ੍ਰਸਤੀ ਦੇ ਬਾਵਜੂਦ ਭਾਜਪਾ ਦੇ ਅੰਦਰ ਮੋਦੀ ਦਾ ਤਿੱਖਾ ਵਿਰੋਧ ਕਰਨ ਵਾਲੇ ਸਿਆਸੀ ਸ਼ਰੀਕਾਂ ਦੀ ਕਮੀ ਨਹੀਂ ਰਹੀ। ਭਾਜਪਾ ਦੇ ਅੰਦਰ ਸੁਸ਼ਮਾ ਸਵਰਾਜ, ਉਮਾ ਭਾਰਤੀ, ਯਸ਼ਵੰਤ ਸਿਨਹਾ ਵਰਗੇ ਅਤੇ ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੇ ਸਾਂਝੇ ਗੱਠਜੋੜ ਦੇ ਹਿੱਸੇਦਾਰ ਊਧਵ ਠਾਕਰੇ, ਨਿਤੀਸ਼ ਕੁਮਾਰ, ਸ਼ਰਦ ਯਾਦਵ ਵੀ ਮੋਦੀ ਨੂੰ ਅੱਗੇ ਲਿਆਉਣ ਦਾ ਜ਼ੋਰਦਾਰ ਵਿਰੋਧ ਕਰਦੇ ਰਹੇ ਹਨ। ਕਾਰਪੋਰੇਟ ਮੀਡੀਆ ਵਲੋਂ ਮੋਦੀ ਦੇ ਖ਼ੂੰਖ਼ਾਰ ਚਿਹਰੇ ਨੂੰ ਦਰਕਿਨਾਰ ਕਰ ਕੇ ਉਸ ਨੂੰ ਭਰੋਸੇਯੋਗ ਤੇ ਪਾਏਦਾਰ ਰਾਜਸੀ ਹਸਤੀ ਵਜੋਂ ਉਭਾਰਨ ਦੀ ਮੁਹਿੰਮ ਅੱਗੇ ਅਤੇ ਮੋਦੀ ਦੀ ਚਾਣਕਿਆ ਨੀਤੀ ਅੱਗੇ ਇਨ੍ਹਾਂ ਸਾਰਿਆਂ ਦੀ ਕੋਈ ਪੇਸ਼ ਨਹੀਂ ਗਈ। ਗੁਜਰਾਤ ਵਿਚ ਆਪਣੇ ਪਾਰਟੀ ਅੰਦਰਲੇ ਵਿਰੋਧੀਆਂ ਦੇ ਜਾਨੀ ਸਫ਼ਾਏ ਤੋਂ ਸ਼ੁਰੂ ਕਰ ਕੇ ਮੁਲਕ ਪੱਧਰ ‘ਤੇ ਆਪਣੇ ਹੱਕ ‘ਚ ਮਾਹੌਲ ਸਿਰਜਣ ਦੀ ਜੋੜ-ਤੋੜ ਮੁਹਿੰਮ ਨੇ ਮੋਦੀ ਦੇ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਅਤੇ ਇਕ ਇਕ ਕਰ ਕੇ ਉਹ ਉਸ ਦੀ ਰਾਜਸੀ ਚੜ੍ਹਤ ਨਾਲ ਸਮਝੌਤਾ ਕਰਨ ਲਈ ਮਜਬੂਰ ਹੋ ਗਏ। ਕੀ ਸੰਘੀ ਲੀਡਰਸ਼ਿਪ ਦੀ ਥਾਪੀ ਤੋਂ ਇਲਾਵਾ ਮੋਦੀ ਦੀ ਚੜ੍ਹਤ ਦਾ ਕੋਈ ਹੋਰ ਰਾਜ਼ ਵੀ ਹੈ? ਕਾਂਗਰਸ ਦੀ ਬਦਨਾਮ ਦਿੱਖ? ਜਾਂ ਕੁਝ ਹੋਰ? ਇਹ ਸੱਚ ਹੈ ਕਿ ਮੁਲਕ ਦੇ ਵਸੀਲਿਆਂ ਦੀ ਧਾੜਵੀਆਂ ਵਾਂਗ ਲੁੱਟਮਾਰ ਦੇ ਬੇਮਿਸਾਲ ਘੁਟਾਲਿਆਂ ਕਾਰਨ ਕਾਂਗਰਸ ਦੀ ਸਿਆਸੀ ਸਾਖ਼ ਬੁਰੀ ਤਰ੍ਹਾਂ ਦਾਗ਼ੀ ਹੈ, ਪਰ ਇਸ ਪੱਖੋਂ ਦੇਖਿਆਂ, ਕਾਂਗਰਸ ਦੇ ਘੁਟਾਲਿਆਂ ਨੂੰ ਛੱਜ ‘ਚ ਪਾ ਕੇ ਛੱਟਣ ਵਾਲੀ ਭਾਜਪਾ ਦਾ ਆਪਣਾ ਮੂੰਹ ਵੀ ਬਥੇਰਾ ਕਾਲਾ ਹੈ। ਜੇ ਫਿਰ ਵੀ, ਮੋਦੀ ਦੀ ਰਾਜਸੀ ਪ੍ਰੋਮੋਸ਼ਨ ‘ਚ ਵਿਦੇਸ਼ੀ ਤੇ ਦੇਸੀ ਕਾਰਪੋਰੇਟ ਘਰਾਣਿਆਂ ਦੀ ਪਿਛਲੇ ਸਮੇਂ ਤੋਂ ਡੂੰਘੀ ਰੁਚੀ ਸਾਹਮਣੇ ਆਈ ਹੈ ਤਾਂ ਇਸ ਨੂੰ ਸਮਝਣ ਦੀ ਲੋੜ ਹੈ। ਦਰਅਸਲ, ਉਪਰੋਥਲੀ ਸੱਤਾ ‘ਚ ਦੋ ਪਾਰੀਆਂ ਦੇ ਬਾਵਜੂਦ ਵਿਦੇਸ਼ੀ ਤੇ ਦੇਸੀ ਕਾਰਪੋਰੇਟ ਜਗਤ ਕਾਂਗਰਸ ਦੀ ਲੀਡਰਸ਼ਿਪ ਨੂੰ ਪਾਟੋਧਾੜ ਦੀ ਸ਼ਿਕਾਰ, ਕਮਜ਼ੋਰ ਤੇ ਡਾਵਾਂਡੋਲ ਸਿਆਸੀ ਲੀਡਰਸ਼ਿਪ ਵਜੋਂ ਦੇਖਦਾ ਹੈ। ਕਾਰਪੋਰੇਟ ਜਗਤ ਸਮਝਦਾ ਹੈ ਕਿ ਕਾਂਗਰਸ ਜ਼ਰੀਏ ਉਨ੍ਹਾਂ ਦਾ ਏਜੰਡਾ ਜਿੱਥੋਂ ਤਕ ਲਾਗੂ ਕਰਵਾਇਆ ਜਾ ਸਕਦਾ ਸੀ, ਉਹ ਹੋ ਚੁੱਕਾ ਹੈ। ਇਸ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਦਲੇਰੀ ਨਾਲ ਵੱਡੇ ਫ਼ੈਸਲੇ ਲੈਣ ਵਾਲੀ ਲੀਡਰਸ਼ਿਪ ਚਾਹੀਦੀ ਹੈ। ਇਸ ਪੜਾਅ ‘ਤੇ ਉਨ੍ਹਾਂ ਨੂੰ ਅਜਿਹੀ ਆਗੂ ‘ਪ੍ਰਤਿਭਾ’ ਮੋਦੀ ਦੀ ਸ਼ਖਸੀਅਤ ਵਿਚ ਦਿਖਾਈ ਦੇ ਰਹੀ ਹੈ। ਮੋਦੀ ਨੇ ਗੁਜਰਾਤ ਅੰਦਰ ਕਾਰਪੋਰੇਟ ਵਿਕਾਸ ਮਾਡਲ ਨੂੰ ਜਿਵੇਂ ਰਸਮੀ ਪ੍ਰਸ਼ਾਸਨਿਕ ਅਮਲਾਂ ਦੀਆਂ ਧੱਜੀਆਂ ਉਡਾ ਕੇ ਧੱਕੜ ਢੰਗ ਨਾਲ ਲਾਗੂ ਕੀਤਾ ਅਤੇ ਵਿਰੋਧੀ ਤਾਕਤਾਂ ਨੂੰ ਜਿਵੇਂ ਕੁਚਲਿਆ, ਉਸ ਨੇ ਕਾਰਪੋਰੇਟ ਜਗਤ ਦੇ ਮਨ ਮੋਹ ਲਏ ਹਨ। ਪਿਛਲੇ ਸਮੇਂ ਤੋਂ ਮੀਡੀਆ ਵਿਚ ਮੋਦੀ ਨੂੰ ਟਿਕਾਊ ਵਿਕਾਸ ਦੇ ਚਿੰਨ੍ਹ ਵਜੋਂ ਉਭਾਰਨ ਵਾਲੇ ਲੇਖਾਂ, ਟਿੱਪਣੀਆਂ, ਸਰਵੇਖਣਾਂ ਦੀ ਭਰਮਾਰ ਤੋਂ ਇਸ ਰਮਜ਼ ਨੂੰ ਸਮਝਿਆ ਜਾ ਸਕਦਾ ਹੈ ਜਿਨ੍ਹਾਂ ਵਿਚ ਇਕੋ ਨੁਕਤਾ ਵਾਰ ਵਾਰ ਦੁਹਰਾਇਆ ਜਾਂਦਾ ਰਿਹਾ : “ਮੋਦੀ ਕੌਮੀ ਪੱਧਰ ਦੀ ਲੀਡਰਸ਼ਿਪ ਦੇਣ ਦੇ ਸਮਰੱਥ ਹੈ “। ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਅਤੇ ਮੋਦੀ ਦੀ ਅਗਵਾਈ ਹੇਠ ਭਾਜਪਾ ਦਾ ਮੁਕਾਬਲਾ ਕਰ ਕੇ ਇਹ ਜਨਤਕ ਰਾਇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਆਰਥਿਕ ਵਾਧਾ ਤੇ ਮੁਲਕ ਦਾ ਵਿਕਾਸ, ਵਧੀਆ ਨਿਜ਼ਾਮ, ਫੁਰਤੀਲੀ ਸਰਕਾਰ ਅਤੇ ਅੰਦਰੂਨੀ ਤੇ ਬਾਹਰੀ ਖ਼ਤਰਿਆਂ ਤੋਂ ਸੁਰੱਖਿਆ ਦੇ ਪੱਖਾਂ ਤੋਂ ਦੇਖਿਆ ਇਨ੍ਹਾਂ ਵਿਚੋਂ ਕਿਸ ਦੇ ਹੱਥ ‘ਚ ਮੁਲਕ ਦਾ ਭਵਿਖ ਵਧੇਰੇ ਮਹਿਫੂਜ਼ ਅਤੇ ਬਿਹਤਰ ਹੋਵੇਗਾ। ਚੇਤੇ ਰਹੇ ਕਿ ਮੋਦੀ ਨੂੰ ਵਿਕਾਸ ਤੇ ਤਰੱਕੀ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤੇ ਜਾਣ ਦੀ ਕਵਾਇਦ ਮੀਡੀਆ ਦੇ ਇਕ ਵੱਡੇ ਹਿੱਸੇ ਵਲੋਂ ਉਦੋਂ ਕੀਤੀ ਜਾ ਰਹੀ ਹੈ ਜਦੋਂ ਉੱਚ ਅਦਾਲਤ ਵਿਚ ਚਲ ਰਹੇ ਚਰਚਿਤ ਮੁਕੱਦਮੇ ਦੌਰਾਨ ਸੀæਬੀæਆਈæ ਦੀ ਜਾਂਚ ਮੋਦੀ ਦੇ ਇਸ਼ਾਰੇ ਨਿਰਦੋਸ਼ਾਂ ਦੇ ਕਤਲਾਂ ਦੀਆਂ ਪਰਤਾਂ ਸਾਹਮਣੇ ਲਿਆ ਰਹੀ ਹੈ। ਮਾਮਲਾ ਜੋ ਗੁਜਰਾਤ ਦੇ ਫਰਜ਼ੀ ਇਸ਼ਰਤ ਜਹਾਂ ਪੁਲਿਸ ਮੁਕਾਬਲੇ ਵਜੋਂ ਅਖ਼ਬਾਰੀ ਸੁਰਖ਼ੀਆਂ ‘ਚ ਹੈ ਜਿਸ ਦੀ ਚਾਰਜਸ਼ੀਟ ਇਸ 4 ਜੁਲਾਈ ਨੂੰ ਅਦਾਲਤ ‘ਚ ਪੇਸ਼ ਕੀਤੀ ਜਾਣੀ ਹੈ।
ਚਾਹੇ ਅਖੌਤੀ ਇਸਲਾਮਿਕ ਅਤਿਵਾਦ ਅਤੇ ਮਾਓਵਾਦ ਦੇ ਅੰਦਰੂਨੀ ਖ਼ਤਰੇ ਦਾ ਸਵਾਲ ਹੋਵੇ ਜਾਂ ਲੋੜ ਅਨੁਸਾਰ ਕਦੇ ਚੀਨ ਤੇ ਕਦੇ ਪਾਕਿਸਤਾਨ ਤੋਂ ਬਾਹਰੀ ਖ਼ਤਰੇ ਨਾਲ ਕਰੜੇ ਹੱਥੀਂ ਨਜਿੱਠਣ ਦਾ ਹੋ-ਹੱਲਾ ਹੋਵੇ, ਮੁੱਖਧਾਰਾ ਮੀਡੀਆ ਮੁਲਕ ਦੇ ਅਵਾਮ ਦੀ ਸੁਤਾਅ ਉਨ੍ਹਾਂ ਦੇ ਅਸਲ ਮਸਲਿਆਂ ਅਤੇ ਅਸਲ ਖ਼ਤਰਿਆਂ ਤੋਂ ਹਟਾ ਕੇ ਉਨ੍ਹਾਂ ਨੂੰ ਕੌਮੀ ਜਨੂੰਨ ਦੇ ਰੋੜ੍ਹ ‘ਚ ਵਹਾਉਣ ਲਈ ਪੂਰਾ ਟਿੱਲ ਲਾਉਂਦਾ ਰਿਹਾ ਹੈ। ਇਸ ਅਖੌਤੀ ਖ਼ਤਰੇ ਦੇ ਸਾਏ ਹੇਠ ਕਰੜੇ ਹੱਥੀਂ ਨਜਿੱਠਣ ਅਤੇ ਦੋਚਿੱਤੀ ਛੱਡ ਕੇ ਧੜੱਲੇ ਨਾਲ ਵੱਡੇ ਵੱਡੇ ਫ਼ੈਸਲੇ ਲੈਣ ਵਾਲੀ ਲੀਡਰਸ਼ਿਪ ਦੀ ਜ਼ੋਰਦਾਰ ਲੋੜ ਉਭਾਰੀ ਜਾਂਦੀ ਰਹੀ ਹੈ। ਇਸ ਮਾਹੌਲ ਦੇ ਹਵਾਲੇ ਨਾਲ ਭਾਜਪਾ ਆਗੂਆਂ ਦੀ ਜੰਗਬਾਜ਼ ਕਾਂਵਾਂਰੌਲੀ ਅਤੇ ਕੇਂਦਰ ‘ਚ ਕਾਂਗਰਸੀ ਹੁਕਮਰਾਨਾਂ ਦੇ ਇਸ ਪੱਖੋਂ ਉਨ੍ਹਾਂ ਤੋਂ ਪਿੱਛੇ ਨਾ ਰਹਿਣ ਦੀ ਮੁਕਾਬਲੇਬਾਜ਼ੀ ਸੁਖ਼ਾਲਿਆਂ ਹੀ ਸਮਝ ਆ ਜਾਂਦੀ ਹੈ, ਜਿਸ ਦਾ ਇਕ ਇਜ਼ਹਾਰ ਕਸਾਬ, ਅਫ਼ਜ਼ਲ ਗੁਰੂ ਵਰਗਿਆਂ ਨੂੰ ਫਟਾਫਟ ਫਾਹੇ ਲਾਉਣ ਅਤੇ ਮਾਓਵਾਦੀ ਆਗੂਆਂ ਨੂੰ ਗੱਲਬਾਤ ਦੇ ਬਹਾਨੇ ਕਾਬੂ ਕਰ ਕੇ ਮੁਕਾਬਲਿਆਂ ‘ਚ ਕਤਲ ਕਰਨ ਤੇ ਗੱਲਬਾਤ ਰਾਹੀਂ ਮਸਲਿਆਂ ਦਾ ਸਿਆਸੀ ਹੱਲ ਕੱਢਣ ਦੀ ਥਾਂ ਆਪਣੇ ਹੀ ਲੋਕਾਂ ਵਿਰੁੱਧ ਰਾਜ ਮਸ਼ੀਨਰੀ ਦੇ ਹਮਲੇ ਨੂੰ ਜ਼ਰਬਾਂ ਦੇਣ ਵਾਲੇ ਰਾਜਸੀ ਫ਼ੈਸਲਿਆਂ ਦੇ ਰੂਪ ‘ਚ ਸਾਹਮਣੇ ਆਉਂਦਾ ਰਿਹਾ ਹੈ। ਇਹ ਕਾਰਪੋਰੇਟ ਵਿਕਾਸ ਮਾਡਲ ਦਾ ਸ਼ਾਂਤਮਈ ਵਿਰੋਧ ਕਰਨ ਜਾਂ ਇਸ ਨਾਲ ਹਥਿਆਰਬੰਦ ਟੱਕਰ ਲੈਣ ਵਾਲਿਆਂ ਨੂੰ ਸੁਣਾਉਣੀ ਸੀ।
ਲਿਹਾਜ਼ਾ, ਮੋਦੀ ਦੇ ਹੱਥ ਕਮਾਨ ਮੁਲਕ ਅੰਦਰ ਫਾਸ਼ੀਵਾਦ ਦੇ ਵਧ ਰਹੇ ਜੌੜੇ ਖ਼ਤਰੇ ਦਾ ਸੰਕੇਤ ਹੈ। ਮੋਦੀ ਨੇ ਐਲਾਨ ਕੀਤਾ ਕਿ ਅਕਤੂਬਰ ਵਿਚ ਉਹ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੇ ਜਨਮ ਦਿਨ ‘ਤੇ ਮੁਲਕ ਦੇ ਪੰਜ ਲੱਖ ਪਿੰਡਾਂ ਵਿਚੋਂ ਕਿਸਾਨਾਂ ਤੋਂ ਲੋਹੇ ਦੇ ਟੁਕੜੇ ਇਕੱਠੇ ਕਰਨ ਦੀ ਮੁਹਿੰਮ ਚਲਾਏਗਾ ਅਤੇ ਇਨ੍ਹਾਂ ਤੋਂ ਪਟੇਲ ਦਾ 392 ਫੁੱਟ ਉੱਚਾ (ਦੁਨੀਆ ਦਾ ਸਭ ਤੋਂ ਉੱਚਾ) ‘ਏਕਤਾ ਦਾ ਬੁੱਤ’ ਬਣਾ ਕੇ ਲਗਾਏਗਾ। ਉਹ 11 ਜੂਨ ਨੂੰ ਡੇਅਰੀ ਅਤੇ ਪਸ਼ੂਪਾਲਣ ਬਾਰੇ ਕੌਮੀ ਸੰਮੇਲਨ ਦੇ ਉਦਘਾਟਨ ਮੌਕੇ ਇਹ ਭਾਸ਼ਣ ਉਸ ਗੁਜਰਾਤ ਦੀ ਧਰਤੀ ‘ਤੇ ਦੇ ਰਿਹਾ ਸੀ ਜਿਥੋਂ ਦੀਆਂ ਚਰਗਾਹਾਂ, ਘਾਹ ਦੇ ਮੈਦਾਨਾਂ ਅਤੇ ਕਿਸਾਨਾਂ ਦੇ ਖੇਤਾਂ ਉੱਪਰ ਉਸ ਦੀ ‘ਫ਼ੌਲਾਦੀ’ ਅਗਵਾਈ ਹੇਠ ਕਾਰਪੋਰੇਟਾਂ ਨੇ ਕਬਜ਼ੇ ਕਰ ਕੇ ਆਪਣੇ ਸੁਪਰ ਮੁਨਾਫ਼ਿਆਂ ਵਾਲੇ ਕਾਰੋਬਾਰ ਉਸਾਰ ਲਏ ਹਨ। ਟਾਟਾ ਅਤੇ ਅਦਾਨੀ ਘਰਾਣੇ ਇਸ ਦੀ ਮਿਸਾਲ ਹਨ। ਉਸ ਨੇ ਕੌਮੀਅਤਾਂ, ਧਾਰਮਿਕ ਘੱਟ ਗਿਣਤੀਆਂ ਅਤੇ ਹੋਰ ਸੰਘਰਸ਼ਸ਼ੀਲ ਅਵਾਮ ਨੂੰ ਸਪਸ਼ਟ ਇਸ਼ਾਰਾ ਕਰ ਦਿੱਤਾ ਹੈ ਕਿ ਉਹ ਪਟੇਲ ਵਾਂਗ ਹਰ ਜਮਹੂਰੀ ਵਿਰੋਧ ਨੂੰ ਫ਼ੌਜੀ ਬੂਟਾਂ ਹੇਠ ਬੇਰਹਿਮੀ ਨਾਲ ਕੁਚਲੇਗਾ। ਅਕਾਲੀ ਲੀਡਰਸ਼ਿਪ ਖ਼ੁਦ ਇਸ ਕਾਰਪੋਰੇਟ ਏਜੰਡੇ ਦੀ ਪੈਰੋਕਾਰ ਹੋਣ ਕਾਰਨ ਇਸ ਖ਼ਤਰੇ ਨੂੰ ਬੁੱਝਣ ਤੋਂ ਇਨਕਾਰੀ ਹੀ ਨਹੀਂ ਸਗੋਂ ਇਸ ‘ਤੇ ਪਰਦਾਪੋਸ਼ੀ ਕਰ ਕਰੀ ਹੈ, ਪਰ ਮੁਲਕ ਦੀਆਂ ਜਮਹੂਰੀ ਤਾਕਤਾਂ ਨੂੰ ਜੌੜੇ ਫਾਸ਼ੀਵਾਦ ਦੇ ਇਸ ਵਧ ਰਹੇ ਖ਼ਤਰੇ ਬਾਰੇ ਖ਼ਬਰਦਾਰ ਹੋ ਕੇ ਇਸ ਦਾ ਹੱਲ ਜ਼ਰੂਰ ਸੋਚਣਾ ਚਾਹੀਦਾ ਹੈ।
Leave a Reply