ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ

ਡਾ. ਨਿਰਮਲ ਸਿੰਘ ਲਾਂਬੜਾ
ਸੈਂਕੜੇ ਨਹੀਂ, ਹਜਾਰਾਂ ਵਰ੍ਹਿਆਂ ਤੋਂ ਪੰਜਾਬ ਦੀ ਧਰਤੀ ਦੀ ਖਾਸੀਅਤ ਰਹੀ ਹੈ ਕਿ ਇਹਨੇ ਸਮੁੱਚੀ ਇਨਸਾਨੀਅਤ ਨੂੰ ਸੇਧ ਦੇਣ ਅਤੇ ਅਗਵਾਈ ਕਰਨ ਵਾਲੇ ਗੁਰੂ-ਪੀਰਾਂ, ਸੂਫੀ ਸੰਤਾਂ, ਸੂਰਬੀਰਾਂ, ਯੋਧਿਆਂ ਨੂੰ ਜਨਮ ਦਿੱਤਾ ਹੈ। ਇਸ ਮਿੱਟੀ ਦੀ ਤਾਸੀਰ ਹੀ ਇਹੋ ਜਿਹੀ ਹੈ ਕਿ ਇਹਦੇ ਜਾਇਆਂ ਨੇ ਸਦਾ ਹੀ ਜ਼ੋਰ-ਜ਼ਬਰ ਤੇ ਜ਼ੁਲਮ ਦੇ ਵਿਰੁੱਧ ਜੂਝਦਿਆਂ ਕੁਰਬਾਨੀਆਂ ਦੇਣ ਤੋਂ ਕਦੇ ਵੀ ਪਾਸਾ ਨਹੀਂ ਵੱਟਿਆ। ਕਾਦਰ ਦੀ ਕੁਦਰਤ ਵੱਲੋਂ ਬਖਸ਼ੀਆਂ ਅਣਗਿਣਤ ਰਹਿਮਤਾਂ, ਬਖਸ਼ਿਸ਼ਾਂ ਕਾਰਨ ਇਸ ਜੂਹ ਨੇ ਖਾਧ-ਖੁਰਾਕ ਤੇ ਪਹਿਨਣ-ਪਰਚਣ ਦੀਆਂ ਵਸਤਾਂ ਦੇ ਹੀ ਅੰਬਾਰ ਨਹੀਂ ਲਾਏ, ਕੁੱਲ ਆਲਮ ਦੇ ਭਲੇ ਲਈ ਸਰਬ ਸਾਂਝੇ ਦਰਸ਼ਨ ਤੇ ਫਲਸਫੇ ਵੀ ਸਿਰਜੇ ਨੇ। ਇਹ ਫਲਸਫੇ ਸਾਰੀ ਕਾਇਨਾਤ, ਅਨੰਤ ਬ੍ਰਹਿਮੰਡ ਨੂੰ ਹੀ ਏਕੇ ਵਿਚ ਪ੍ਰੋਅ ਕੇ ਬੰਨ੍ਹਦੇ ਹਨ। ਪੰਜਾਬ ਦੇ ਜੰਮਿਆਂ ਲਈ ਨਾ ਤੇ ਕੋਈ ਓਪਰਾ ਹੈ ਤੇ ਨਾ ਹੀ ਬੇਗਾਨਾ, ਕਿਉਂਕਿ ਉਹ ਸਾਰੇ ਹੀ ਓਸ ਏਕੇ ਦੇ ਹੀ ਹਿੱਸੇ ਹਨ।

ਮਿਥਿਹਾਸਕ ਕਥਾ ਕਹਾਣੀਆਂ ਹੋਣ, ਭਾਵੇਂ ਇਤਿਹਾਸਕ ਘਟਨਾਵਾਂ-ਇਸ ਧਰਤੀ ਦੇ ਪੁੱਤਰਾਂ ਨੇ ਹਮੇਸ਼ਾ ਮਾਅਰਕੇ ਹੀ ਮਾਰੇ ਨੇ। ਆਪਣੀ ਸੂਰਮਗਤੀ ਦੇ ਜੌਹਰ ਵਿਖਾਏ ਹਨ। ਉਂਜ ਤਾਂ ਸਮੁੱਚਾ ਮਾਨਵੀ ਇਤਿਹਾਸ ਅਨੇਕਾਂ ਹੀ ਖੱਟੀਆਂ-ਮਿੱਠੀਆਂ, ਕੌੜੀਆਂ ਕੁਸੈਲੀਆਂ ਯਾਦਾਂ ਦੀ ਪਟਾਰੀ ਹੈ, ਫਿਰ ਵੀ ਬਾਬੇ ਵਾਰਸ਼ ਸ਼ਾਹ ਦੇ ਆਖਣ ਮੂਜਬ ‘ਗੁੱਝੀ ਰਹੇ ਨਾ ਹੀਰ ਹਜਾਰ ਵਿਚੋਂ।’ ਪੰਜਾਬ ਦਾ ਨਾਂ ਆਪਣੀਆਂ ਸ਼ਾਨਾਂਮੱਤੀਆਂ ਦਾਸਤਾਨਾਂ ਕਾਰਨ ਕਦੀ ਵੀ ਲੁਕਿਆਂ ਨਹੀਂ ਰਿਹਾ। ਰਮਾਇਣ ਕਾਲ ਦੇ ਬਲਵਾਨ ਯੋਧਿਆਂ ‘ਲਵ ਅਤੇ ਕੁਸ਼’ ਨਾਂ ਦੇ ਮਝੈਲਾਂ ਨੇ ਮਾਹਾਰਾਜੇ ਰਾਮ ਚੰਦਰ ਦੇ ਸੂਰਬੀਰ ਭਰਾ ਲੱਛਮਣ ਨੂੰ ਵੀ ਮੂਰਛਿਤ ਕਰ ਦਿੱਤਾ ਸੀ। ਕਹਿੰਦੇ ਨੇ, ਕੁੱਲ ਦੁਨੀਆਂ ਨੂੰ ਫਤਹਿ ਕਰਨ ਵਾਸਤੇ, ਵੱਡਾ ਲਾਮ ਲਸ਼ਕਰ ਲੈ ਕੇ ਤੁਰੇ ਸਿੰਕਦਰ ਨੂੰ ਵੀ ਪੰਜਾਬੀ ਬਹਾਦਰਾਂ ਨੇ ਭਿੱਜੀ ਬਿੱਲੀ ਵਾਂਗ ਪੂਛ ਦਬਾ ਕੇ ਪਿਛਾਂਹ ਮੁੜਨ ਵਾਸਤੇ ਮਜਬੂਰ ਕਰ ਦਿੱਤਾ ਸੀ। ਉਹਦੇ ਕੋਲੋਂ ਗਹਿਗੱਚ ਜੰਗ ਵਿਚ ਹਾਰ ਕੇ ਵੀ, ਰੁਹਾਨੀ ਤੌਰ `ਤੇ ਜਿੱਤਣ ਵਾਲਾ ਰਾਜਾ ਪੋਰਸ ਵੀ ਪੰਜਾਬ ਦਾ ਹੀ ਪੁੱਤ ਸੀ। ਦੁੱਲੇ ਭੱਟੀ ਨੇ ਬਾਰ ਦੀ ਜੂਹ ਵਿਚ ਹਾਲ਼ੀਆਂ-ਪਾਲ਼ੀਆਂ ਦੇ ਹੱਕਾਂ ਵਾਸਤੇ ਉਸ ਵੇਲੇ ਦੇ ਸਭ ਤੋਂ ਸਿਰਮੌਰ ਮੁਗਲ ਬਾਦਸ਼ਾਹ, ਅਕਬਰ ਨਾਲ ਜੂਝਦਿਆਂ ਸ਼ਹੀਦੀ ਪਾਈ। ਨਾਬਰੀ ਦੇ ਤੁਖਮ ਇਸ ਜ਼ਰਖੇਜ ਮਿੱਟੀ ਦੀਆਂ ਸ਼ਾਨਾਂ ਨੂੰ ਜੱਗ ਜਾਹਰ ਕਰਨ ਲਈ ਹਰ ਸਮੇਂ ਤਤਪਰ ਰਹਿੰਦੇ ਹਨ। ਸਾਡੇ ਵੱਡਿਆਂ ਤੋਂ ਚਲੀ ਆ ਰਹੀ ਰੀਤ ‘ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ’, ਪੰਜਾਬੀਆਂ ਦੇ ਸੁਭਾਅ ਦਾ ਅਟੁੱਟ ਹਿੱਸਾ ਹੈ। ਇਸ ਵਿਰਾਸਤ `ਤੇ ਪਹਿਰਾ ਦੇਣ ਵਾਸਤੇ ਸਾਨੂੰ ਹਰ ਵੇਲੇ ਆਪਣਾ ਡੇਰਾ ਡਾਂਗ ‘ਤੇ ਹੀ ਰੱਖਣਾ ਪੈਂਦਾ ਹੈ। ਤਵਾਰੀਖ ਬੋਲਦੀ ਹੈ ਕਿ ਇਸ ਧਰਤੀ ਦਾ ਅੰਨ ਪਾਣੀ ਛਕਣ ਵਾਲੇ ਕਦੇ ਵੀ ਹੱਕ ਸੱਚ ਲਈ ਜੂਝਣ ਅਤੇ ਜਾਨਾਂ ਵਾਰਨ ਤੋਂ ਪਿੱਛੇ ਨਹੀਂ ਹਟੇ। ਗਰੀਬਾਂ, ਮਜ਼ਲੂਮਾਂ, ਨਿਮਾਣਿਆਂ, ਨਿਤਾਣਿਆਂ ਦੀ ਧਿਰ ਬਣ ਕੇ ਮੈਦਾਨ ਵਿਚ ਨਿੱਤਰਨਾ ਪੰਜਾਬੀਆਂ ਦੀ ਫਿਤਰਤ ਹੈ।
ਪੰਜਾਂ ਪਾਣੀਆਂ ਦੀ ਸਰ-ਜ਼ਮੀਨ ਦੇ ਅਤੀਤ ਦਾ ਕੋਈ ਵਰਕਾ ਫਰੋਲ ਲਵੋ, ਉਹਦਾ ਰੱਤ ‘ਚ ਭਿੱਜਿਆਂ ਰੰਗ ਲਾਲ ਸੂਹਾ ਹੀ ਹੋਵੇਗਾ। ਇਹ ਮਹਿਜ ਇਤਫਾਕ ਨਹੀਂ, ਇਸ ਦੇ ਪਿਛੋਕੜ ਵਿਚ ਇਸ ਭਾਗਾਂ ਭਰੀ ਜੂਹ ਦਾ ਜੁਗਰਾਫੀਆ ਅਤੇ ਇਥੇ ਵੱਸਣ ਵਾਲਿਆਂ ਦੀਆਂ ਜਦੋ-ਜਹਿਦਾਂ ਦੀ ਅਮੁੱਕ ਤੇ ਅਟੁੱਟ ਲੜੀ ਹੈ। ਨੇਕੀ ਤੇ ਬਦੀ, ਇਨਸਾਨ ਤੇ ਸ਼ੈਤਾਨ, ਗੁਰਮੁੱਖ ਤੇ ਮਨਮੁੱਖ ਦਰਮਿਆਨ ਤਣਾ-ਤਣੀ ਮੁੱਢ ਕਦੀਮ ਤੋਂ ਹੀ ਤੁਰੀ ਆ ਰਹੀ ਹੈ। ਸਦੀਆਂ ਲੰਘ ਗਈਆਂ, ਜੁਗੜੇ ਬੀਤ ਗਏ, ਪੰਜਾਬੀ ਭਾਵੇਂ ਲਹਿੰਦੇ ਵੰਨੀ ਦੇ ਹੋਣ ਜਾਂ ਚੜ੍ਹਦੇ ਵਾਲੇ ਸੁਭਾਅ ਅਤੇ ਤਾਸੀਰ ਪੱਖੋਂ ਇਕੋ ਜਿਹੇ ਜੌੜੇ ਭਰਾ ਹਨ।
ਪੋਰਸ ਤੋਂ ਸਦੀਆਂ ਬਾਅਦ ਇਸ ਕਰਮਾਂ ਮਾਰੀ ਧਰਤੀ ਨੂੰ ਇਕੋ ਇਕ ਆਪਣਾ ਰਾਜਾ ‘ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ’ ਦੇ ਰੂਪ ਵਿਚ ਨਸੀਬ ਹੋਇਆ। ਪੰਜਾਬ ਦੇ ਇਸ ਸੱਚ ਮੁੱਚ ਦੇ ਸ਼ੇਰ ਨੇ ਸੈਂਕੜੇ ਵਰ੍ਹਿਆਂ ਤੋਂ ਇਸ ਧਰਤੀ ਨੂੰ ਲੁੱਟਣ, ਕੁੱਟਣ, ਮਿੱਧਣ-ਮਧੋਲਣ ਵਾਲੇ ਅਫਗਾਨੀਆਂ, ਦੁਰਾਨੀਆਂ, ਤੁਰਕਾਂ, ਮੁਗਲਾਂ ਦਾ ਖਹਿਬਰ ਵਾਲਾ ਦਰਵਾਜਾ ਸਦਾ-ਸਦਾ ਲਈ ਬੰਦ ਕਰ ਦਿੱਤਾ। ਪੰਜਾਬ ਦੇ ਸ਼ੇਰ ਪੁੱਤਰ ਰਾਜੇ ਦੀਆਂ ਅੱਖਾਂ ਮੀਟਣ ਉਪਰੰਤ, ਫਿਰੰਗੀਆਂ ਨਾਲ ਰਣ ਤੱਤੇ ਵਿਚ ਦੋ ਹੱਥ ਕਰਨ ਵਾਲੇ ਧੌਲ ਦਾੜ੍ਹੀਏ ‘ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ’ ਨੂੰ ਭਲਾ ਕਿੰਜ ਭੁਲਾਇਆ ਜਾ ਸਕਦਾ ਹੈ? ਇਹ ਅਸਲ ਵਿਚ ਕਲਗੀਆਂ ਵਾਲੇ ਦਸ਼ਮੇਸ਼ ਗੁਰੂ, ਮਾਈ ਭਾਗੋ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜੁਝਾਰੂ ਜਾਨਸ਼ੀਨ ਸੀ।
19ਵੀਂ 20ਵੀਂ ਸਦੀ ਵਿਚ ਤਾਂ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਝੜੀ ਹੀ ਲੱਗ ਗਈ। ਕਾਮਾਗਾਟਾ ਮਾਰੂ ਜਾਹਾਜ ਦਾ ਸਾਕਾ ਹੋਵੇ ਜਾਂ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ, ਅਸੀਂ ਮਰ ਮਰ ਕੇ ਵੀ ਜਿਉਂਦਿਆਂ ਜਾਗਦਿਆਂ ਜ਼ਬਰ ਜ਼ੁਲਮਾਂ ਦੇ ਵਿਰੁਧ ਨਿਰੰਤਰ ਆਢਾ ਲਾਈ ਰੱਖਿਆ। ਭਾਈ ਮਹਾਰਾਜ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਵਰਗੇ ਸ਼ਹੀਦੀ ਜਾਮੇ ਪਾ ਕੇ ਸਦਾ ਸਦਾ ਲਈ ਮੌਤ ਨੂੰ ਮਖੌਲਾਂ ਕਰਦੇ ਸਾਥੋਂ ਰੁਖਸਤ ਹੋ ਗਏ।
ਸੰਨ ਸੰਤਾਲੀ ਵਾਲੀ ਸਾੜ੍ਹਸਤੀ ਨੇ ਤਾਂ ਹੱਦਾਂ ਹੀ ਮੁਕਾ ਦਿੱਤੀਆਂ। ਜਦੋਂ ਖੁਦ ਪੰਜਾਬੀਆਂ ਨੂੰ ਅਜਿਹਾ ਝੱਲ ਚੜ੍ਹਿਆ ਕਿ ਅਸਾਂ ਗੈਰਾਂ ਦੇ ਨਹੀਂ, ਆਪਣਿਆ ਦੇ ਹੀ ਗਾਟੇ ਵੱਢ ਸੁੱਟੇ। ਆਪਣੇ ਹੀ ਮਾਂ ਜਾਇਆਂ ਨੂੰ ਕੋਹ-ਕੋਹ ਕੇ ਮਾਰਿਆ। ਮਾਂਵਾਂ ਭੈਣਾਂ ਤੇ ਧੀਆਂ ਦੀ ਬੇਪਤੀ ਕਰਨ ਦੇ ਕੁਕਰਮ ਕਮਾਏ। ਮਾਂ ਧਰਤੀ ਲੀਰੋ-ਲੀਰ ਹੋ ਗਈ, ਪੰਜਾਬ ਦੋਫਾੜ ਹੋ ਗਿਆ। ਜਨੂੰਨੀਆਂ, ਮੌਕਾਪ੍ਰਸਤ ਸਿਆਸਤਦਾਨਾਂ ਦੇ ਢਹੇ ਚੜ੍ਹ ਕੀਤੀਆਂ ਕਰਤੂਤਾਂ ਦੇ ਜ਼ਖਮ ਅਜੇ ਵੀ ਚਸਕਦੇ ਨੇ। ਅਸੀਂ ਕੰਡਿਆਲੀ ਵਾੜ ਲੱਗਣ ਤੋਂ ਪਿੱਛੋਂ ਵੀ ਮੌਕਾ ਮਿਲਦਿਆਂ ਹੀ ਜੱਫੀਆਂ ਗਲਵੱਕੜੀਆਂ ਆਪ ਮੁਹਾਰੇ ਹੀ ਪਾ ਲੈਂਦੇ ਹਾਂ। ਲੱਖਾਂ ਜੀਆਂ ਦੀ ਸ਼ਹਾਦਤ ਤੇ ਕਰੋੜਾਂ-ਅਰਬਾਂ ਦੀ ਜਾਇਦਾਦ ਗਵਾਉਣ ਤੋਂ ਛੇਤੀ ਹੀ ਬਾਅਦ ਅਸੀਂ ਫੇਰ ਉੱਠ ਖਲੋਏ। ਕਦੀ ਸਾਡੀ ਬੋਲੀ ਦੀ ਦੁਰਗਤੀ, ਕਦੀ ਸਾਡੀ ਕਿਰਤ ਕਮਾਈ ਦੀ ਅਣਦੇਖੀ। ਆਪਣੀ ਜੁਬਾਨ ਨੂੰ ਆਪ ਹੀ ਫਿਰਕੂ ਰੰਗ ਚਾੜ੍ਹ ਵਰ੍ਹਿਆਂ ਬੱਧੀ ਬਾਤ ਦਾ ਬਤੰਗੜ ਬਣਾ ਛੱਡਿਆ। ਆਖਰ ਨੂੰ, ਦੁੱਧ ਦਿੱਤਾ ਉਹ ਵੀ ਮਿੰਗਣਾ ਪਾ ਕੇ। ਪੰਜਾਬ ਫਿਰ ਛਾਂਗਿਆ ਤਰਾਸ਼ਿਆ ਗਿਆ। ਭਰਾਵਾਂ ਨਾਲ ਹੀ ਵੈਰ ਪਵਾ ਕੇ ਧਰਤੀ ‘ਚ ਸੇਹ ਦੇ ਤਕਲੇ ਗੱਡ ਕੇ 1966 ਵਿਚ ਚੜ੍ਹਦਾ ਪੰਜਾਬ ਫਿਰ ਤਿੰਨ ਟੋਟਿਆਂ ਵਿਚ ਵੰਡਿਆ ਗਿਆ। ਇਸ ਅਣਹੋਣੀ ਦੇ ਬਾਵਜੂਦ ਪੰਜਾਬੀਆਂ ਨੇ, ਜੰਗ ਭਾਵੇਂ 1962 ਦੀ ਹੋਵੇ ਜਾਂ 65 ਤੇ 71 ਦੀ, ਦੇਸ਼ ਦੀ ਆਬਰੂ ਨੂੰ ਆਂਚ ਨਹੀਂ ਆਉਣ ਦਿੱਤੀ।
ਬਹੁਤ ਗੰਭੀਰ ਮਸਲਾ ਖੜ੍ਹਾ ਹੋ ਗਿਆ! ਮੁਲਕ ਦਾ ਢਿੱਡ ਭਰਨ ਦਾ। ਸਾਡੇ ਭਰਾਵਾਂ ਨੇ ਕਣਕ, ਚੌਲ, ਆਲੂ, ਕਪਾਹ, ਸੂਰਜ-ਮੁਖੀ, ਗੰਨਾ, ਦੁੱਧ-ਅੰਡਿਆਂ, ਕਿਨੂੰਆਂ, ਅੰਗੂਰਾਂ ਤੇ ਹੋਰ ਫਲਾਂ ਦੇ ਅੰਬਾਰ ਲਾ ਦਿੱਤੇ। ਅਖੌਤੀ ਹਰੇ ਇਨਕਲਾਬ ਦਾ ਲਾਹਾ ਤਾਂ ਸਾਰਾ ਹੀ ਦੇਸ ਲੈ ਗਿਆ, ਪੰਜਾਬੀਆਂ ਲਈ ਬਚ ਗਈ ਜ਼ਹਿਰੀ ਹਵਾ, ਧੁਆਂਖੀ ਧੁੱਪ, ਗੰਧਲਿਆ-ਪਲੀਤ ਪਾਣੀ, ਨਸ਼ੇੜੀ ਜਮੀਨ ਅਤੇ ਕੈਂਸਰ ਵਰਗੇ ਅਨੇਕਾਂ ਘਾਤਕ ਰੋਗ। ਆਖਣ ਨੂੰ ਖਾੜਕੂ ਦੌਰ ਦੀਆਂ ਜੜ੍ਹਾ ਅਸਲ ਵਿਚ ਹਰੇ ਇਨਕਲਾਬ ਦੇ ਬੁਲ੍ਹਬੁਲੇ ਦੇ ਫਟਣ ਨਾਲ ਜੁੜਦੀਆਂ ਨੇ। ਸੰਨ 84 ਦਾ ਜੂਨ ਮਹੀਨਾ ਹੋਵੇ ਜਾਂ ਨਵੰਬਰ ਪਿੱਛੋਂ ਪੰਜਾਬ ਦੇ ਸੀਨੇ ‘ਚੋਂ ਰੱਤ ਦੀਆਂ ਘਰਾਲਾਂ ਬੇਤਹਾਸ਼ਾ ਵਰ੍ਹਿਆਂ ਬੱਧੀ ਵਗਦੀਆਂ ਰਹੀਆਂ। ਅਸੀਂ ਆਪਣੇ ਹੀ ਸਿਵਿਆਂ ਦੀ ਰਾਖ ‘ਚੋਂ ਫੇਰ ਕੁਕਨੂਸ ਵਾਂਗ ਜਿਉਂਦੇ ਜਾਗਦੇ ਹੋਰ ਵੀ ਵਧੇਰੇ ਜੋਸ਼ ਨਾਲ ੳੱੁਠ ਖਲੋਤੇ। ਮਾਂ ਮਿੱਟੀ ਦਾ ਸੀਨਾ ਫਰੋਲ-ਫਰੋਲ ਕੇ ਕਣਕਾਂ ਦੇ ਬੋਹਲ, ਝੋਨੇ ਦੀਆਂ ਢੇਰੀਆਂ ਇੰਨੀਆਂ ਉਚੀਆਂ ਕਰ ਦਿੱਤੀਆਂ ਕਿ ‘ਰੱਬਾ ਰਿਜ਼ਕ ਨਾ ਦੇਵੀਂ, ਪੀਹਣਾ ਪਕਾਉਣਾ ਪਊ।’ ਸਾਡੀ ਮਿਹਨਤ ਮੁਸ਼ਕਤ ਨਾਲ ਅੰਨ ਦਾਣੇ ਵਾਲੇ ਗੁਦਾਮ ਨੱਕੋ-ਨੱਕ ਭਰ ਉਛਲਣ ਲੱਗੇ, ਪਰ ਪੰਜਾਬੀਆਂ ਦੀ ਤਕਦੀਰ ਨਾ ਬਦਲੀ। ਆਪਣੇ ਕੋਲੋਂ ਹੀ ਢੇਰਾਂ ਦੇ ਢੇਰ ਮਾਇਆ ਖਰਚ ਕਰ ਕੇ ਜਲਾਵਤਨੀ ਦਾ ਰਾਹ ਫੜ੍ਹ ਮਾਂ ਧਰਤੀ ਨੂੰ ਹੀ ਅਲਵਿਦਾ ਕਹਿਣਾ ਸ਼ੁਰੂ ਕਰ ਦਿੱਤਾ। ਪਿੱਛੇ ਰਹਿ ਗਿਆਂ ਨੂੰ ਕਰਜਿਆਂ ਨੇ ਸਾਹਸਤ ਹੀਣ ਕਰ ਖੁਦਕੁਸ਼ੀਆਂ ਦਾ ਮਾਰੂ ਦਰਵਾਜਾ ਖੋਲ੍ਹ ਦਿੱਤਾ। ਹੁਕਮਰਾਨਾਂ, ਸਰਕਾਰਾਂ ਨੇ ਬਲਦੀ `ਤੇ ਤੇਲ ਪਾ ਕੇ ਸਿਵਿਆਂ ਦੀ ਅੱਗ ਸੇਕਣ ਤੋਂ ਅੱਗੇ ਕੁਝ ਵੀ ਨਹੀਂ ਕੀਤਾ। ਆਖਰ ਮਰਦਿਆਂ ਨੂੰ ਅੱਕ ਚਬਣਾ ਪਿਆ।
ਸੰਨ 2020-21 ਪੰਜਾਬ ਦੇ ਚੇਤਿਆਂ ‘ਚ ਡੂੰਘਾ ਉਕਰਿਆ ਜਾਣਾ ਹੈ। ਇਕ ਪਾਸੇ ਕਰੋਨਾ ਮਹਾਂਮਾਰੀ ਦਾ ਕਹਿਰ ਤੇ ਦੂਜੇ ਬੰਨੇ ਆਖਣ ਨੂੰ ਤਰੱਕੀ ਵਾਲੇ, ਪਰ ਹਕੀਕਤ ਵਿਚ ਕਿਸਾਨੀ ਦੀ ਤਬਾਹੀ ਦੇ ਵਾਰੰਟ ਤਿੰਨ ਕਾਲੇ ਕਾਨੂੰਨ ਅਖੌਤੀ ਲੋਕ ਰਾਜੀ ਸਰਕਾਰ ਨੇ ਸਾਡੇ ਸਿਰ ਮੜ੍ਹ ਦਿੱਤੇ। ਪੰਜਾਬ ਨੂੰ ਇਕ ਵਾਰੀ ਫਿਰ ਯਾਦ ਆਈਆਂ ਆਪਣੀਆਂ ਵਿਰਾਸਤੀ ਆਲੀਸ਼ਾਨ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਕੀਤੀਆਂ ਜੱਦੋ-ਜਹਿਦਾਂ। ਇਨ੍ਹਾਂ ਦਾ ਨਤੀਜਾ ਹੈ ਮੌਜੂਦਾ ਕਿਸਾਨ ਅੰਦੋਲਨ। ਇਹੋ ਜਿਹਾ ਅੰਦੋਲਨ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ, ਸੰਸਾਰ ਭਰ ਦੇ ਸਮਾਜੀ ਇਤਿਹਾਸ ਵਿਚ ਵੀ ਕਦੀ ਨਹੀਂ ਹੋਇਆ। ਪੰਜਾਬ ਦੀ ਅਗਵਾਈ ਵਿਚ ਤੁਰਿਆ ਕਿਰਤੀਆਂ, ਕਿਸਾਨਾਂ, ਛੋਟੇ ਦੁਕਾਨਦਾਰਾਂ, ਪੱਲੇਦਾਰਾਂ, ਆੜ੍ਹਤੀਆਂ ਤੇ ਟਰੱਕਾਂ-ਟੈਕਸੀਆਂ ਵਾਲਿਆਂ ਅਤੇ ਹੋਰ ਕਾਮਿਆਂ ਦਾ ਇਹ ਅੰਦੋਲਨ ਅੱਗੇ ਤੋਂ ਅੱਗੇ ਹੀ ਫੈਲਦਾ ਤੇ ਪਸਰਦਾ ਜਾ ਰਿਹਾ ਹੈ। ਮੱਘਰ-ਪੋਹ ਦੇ ਪਾਲੇ ਵਿਚ ਪਾਣੀ ਦੀਆਂ ਬੁਛਾੜਾਂ ਨਾਲ ਠਰੂੰ ਠਰੂੰ ਕਰਦੇ ਆਮ ਲੋਕ, ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਦੇ, ਪੁਲਿਸ ਵੱਲੋਂ ਲਾਈਆਂ ਰੋਕਾਂ ਨੂੰ ਪਾਰ ਕਰਕੇ ਆਖਰਕਾਰ ਦਿੱਲੀ ਦੀਆਂ ਬਰੂਹਾਂ ‘ਤੇ ਪੁੱਜਣ ਵਿਚ ਸਫਲ ਹੋ ਹੀ ਗਏ।
ਗੁਰੂਆਂ ਦੀ ਮਿਹਰ, ਭਗਤਾਂ ਦੀ ਥਾਪਨਾ, ਸੂਫੀ ਫਕੀਰਾਂ ਦੀਆਂ ਦੁਆਵਾਂ ਨਾਲ ਮੰਜਿ਼ਲਾਂ ਸਰ ਕਰਦੇ ਅਸੀਂ ਅੱਗੇ ਤੋਂ ਅੱਗੇ ਇਕਜੁੱਟ ਹੋ ਕੇ ਵਧਦੇ ਹੀ ਚਲੇ ਗਏ। ਪੰਜਾਬ, ਹਰਿਆਣਾ ਤੇ ਯੂ. ਪੀ. ਦੀਆਂ ਸਤਿਕਾਰਯੋਗ ਮਾਂਵਾਂ ਤੇ ਧੀਆਂ ਦੀਆਂ ਸਾਂਝੀਆਂ ਲਲਕਾਰਾਂ ਅਤੇ ਗੱਭਰੂਆਂ ਦੀਆਂ ਵੰਗਾਰਾਂ ਅਜਿਹੇ ਰੂਪ ਵਿਚ ਪਹਿਲੋਂ ਕਦੇ ਕਿਸੇ ਨੇ ਨਹੀਂ ਸਨ ਵੇਖੀਆਂ। ਵੱਡੇ ਬਜੁਰਗ ਜਦੋਂ ਮੰਤਰੀਆਂ-ਸੰਤਰੀਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਣ ਲੱਗੇ ਤਾਂ ਸਰਕਾਰਾਂ ਦੀਆਂ ਚੂਲਾਂ ਹਿੱਲ ਗਈਆਂ। ਕੁਝ ਦਿਨਾਂ ਬਾਅਦ ਦਿੱਲੀ ਦੀ ਪਰਿਕਰਮਾ ‘ਬਾਹਰਲੀ ਰਿੰਗ ਰੋਡ’ ਰਾਹੀਂ ਹਜ਼ਾਰਾਂ ਦੀ ਤਾਦਾਦ ਵਿਚ ਟਰੈਕਟਰਾਂ ‘ਤੇ ਝੂਲਦੇ ਕਿਰਸਾਣੀ ਝੰਡਿਆਂ ਅਤੇ ਤਿਰੰਗਿਆਂ ਦੇ ਲਹਿਰਾਉਣ ਦੀਆਂ ਚਹੁੰ-ਕੂੰਟਾਂ ਵਿਚ ਧੁੰਮਾਂ ਪੈ ਗਈਆਂ। ਪੰਜਾਬ, ਹਰਿਆਣਾ, ਯੂ. ਪੀ., ਉਤਰਾਖੰਡ ਦੀ ਤਰਾਈ, ਰਾਜਸਥਾਨ, ਮੱਧ ਪ੍ਰਦੇਸ਼ ਵਾਲਿਆਂ ਨੇ ਦਿੱਲੀ ਦੇ ਸਾਰੇ ਵੱਡੇ ਲਾਂਘਿਆਂ `ਤੇ ਡੇਰੇ ਜਮਾ ਲਏ। ਇਥੇ ‘ਟਰੈਕਟਰਾਂ ਦੇ ਪਿੰਡ’ ਵਸਾ ਕੇ ਮੋਰਚੇ ਮੱਲ ਲਏ। ਹਰ ਜਾਤ ਬਰਾਦਰੀ, ਧਰਮ ਮਜ੍ਹਬ, ਰੰਗ, ਨਸਲ, ਊਚ-ਨੀਚ ਦੀ ਸ਼ਾਨਦਾਰ ਏਕਤਾ ਵਿਖਾ ਕੇ ਇਹੋ ਜਿਹੇ ਦ੍ਰਿਸ਼ ਸਿਰਜੇ, ਜਿਹੜੇ ਪਹਿਲੋਂ ਕਦੇ ਵੀ ਕਿਸੇ ਨੇ ਨਹੀਂ ਸਨ ਡਿੱਠੇ। ਔਰਤਾਂ, ਮਰਦ, ਨਿਆਣਿਆਂ ਸਿਆਣਿਆਂ ਅਤੇ ਵੱਡੇ ਬਜੁਰਗਾਂ ਦੀ ਆਪਸੀ ਇਕ ਜੁੱਟਤਾ ਨਾਲ ਇਕੋ ਇਕ ਮਸਲਾ ਲੈ ਕੇ, ਦਿੱਲੀ ਵਾਲੀ ਵੱਡੀ ਸਰਕਾਰ ਵਿਰੁੱਧ ਆਢਾ ਲਾ ਕੇ ਪੱਕੇ ਪੈਰੀਂ ਡੱਟ ਗਏ। ਕਮਾਲ ਦੀ ਪ੍ਰਾਪਤੀ ਹੈ ਕਿ ਸਿਰਜਣਹਾਰ ਵੱਲੋਂ ਸਿਰਜੀ ਸਮੂਹ ਜਾਨਦਾਰ ਅਤੇ ਬੇਜਾਨ ਸਿਰਜਣਾ ਦੇ ਪਾਲਣਹਾਰ, ਰਖਵਾਲੇ ਸੱਚ ਦਾ ਪੱਲਾ ਫੜ ਕੇ, ਸਹੀ ਵਿਗਿਆਨਕ ਸੋਚ `ਤੇ ਪਹਿਰਾ ਦੇ ਰਹੇ ਹਨ। ਅਸੀਂ ਸੁਭਾਗੇ ਹਾਂ ਕਿ ਸਾਡੀਆਂ ਅੱਖਾਂ ਸਾਹਮਣੇ ਇਤਿਹਾਸ ਦਾ ਸੁਨਹਿਰੀ ਪੰਨਾ ਕਾਮਿਆਂ, ਕਿਸਾਨਾਂ, ਕਾਰੀਗਰਾਂ, ਕਲਾਕਾਰਾਂ, ਸਾਹਿਤਕਾਰਾਂ ਅਤੇ ਸੱਚੀਂ ਮੁੱਚੀ ਦੇ ਰੱਬ ਦੇ ਬੰਦਿਆਂ ਵੱਲੋਂ ਲਿਖਿਆ ਜਾ ਰਿਹਾ ਹੈ।
ਰੱਬ ਖੈਰ ਕਰੇ!