ਕਿਸਾਨੀ ਬਿਰਤਾਂਤ ਨੂੰ ਗੁਮਰਾਹ ਨਾ ਕਰ ਸਕਣ ਦਾ ਰੁਦਨ

ਖੇਤ ਵਿਗਾੜਿਆ ਖੜਤੂਆਂ, ਸਭਾ ਵਿਗਾੜੀ ਕੂੜ
‘ਪੰਜਾਬ ਟਾਈਮਜ਼’ ਦੇ 20 ਫਰਵਰੀ ਵਾਲੇ ਅੰਕ (8) ਵਿਚ ਕਰਮਜੀਤ ਸਿੰਘ (ਚੰਡੀਗੜ੍ਹ) ਦਾ ਲੇਖ ‘ਦਰਦ ਫਿਰ ਜਾਗਾ, ਜ਼ਖਮ ਫਿਰ ਤਾਜ਼ਾ ਹੂਆ’ ਛਪਿਆ ਸੀ ਜਿਸ ਵਿਚ ਮੌਜੂਦਾ ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ ਦੀਪ ਸਿੱਧੂ ਦੀ ਗੱਲ ਕੀਤੀ ਗਈ ਸੀ। ਇਸ ਲਿਖਤ ਬਾਰੇ ਸਾਨੂੰ ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ) ਦੀ ਇਹ ਟਿੱਪਣੀ ਪ੍ਰਾਪਤ ਹੋਈ ਹੈ ਜਿਸ ਵਿਚ ਉਨ੍ਹਾਂ ਨੇ ਕਰਮਜੀਤ ਸਿੰਘ ਦੀਆਂ ਟਿੱਪਣੀਆਂ ਬਾਰੇ ਬੜੀ ਤਿੱਖੀ ਪੁਣਛਾਣ ਕੀਤੀ ਹੈ ਅਤੇ ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ

ਚੱਲ ਰਹੀ ਸਿਆਸਤ ਬਾਬਤ ਕੁਝ ਨਿੱਗਰ ਨੁਕਤੇ ਸਾਂਝੇ ਕੀਤੇ ਹਨ। -ਸੰਪਾਦਕ

ਹਜ਼ਾਰਾ ਸਿੰਘ
ਮਿਸੀਸਾਗਾ , ਕੈਨੇਡਾ।
(905)795-3428
ਪੰਜਾਬ ਟਾਈਮਜ਼ ਦੇ ਪਿਛਲੇ ਅੰਕ ਵਿਚ ਸਰਦਾਰ ਕਰਮਜੀਤ ਸਿੰਘ ਹੁਰਾਂ ਦਾ ਲੇਖ, ‘ਦਰਦ ਫਿਰ ਜਾਗਾ, ਜ਼ਖਮ ਫਿਰ ਤਾਜ਼ਾ ਹੂਆ’ ਪੜ੍ਹਿਆ। ਲੇਖਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦੀਪ ਸਿੱਧੂ ਨੇ ਕਿਸਾਨਾਂ ਦੇ ਬਿਰਤਾਂਤ ਵਿਚ ਹੋਂਦ ਦੇ ਸੰਕਲਪ ਦੀ ਜੋ ਚਾਸ਼ਨੀ ਰਲਾਈ, ਉਸਦੀ ਬਹੁਤਿਆਂ ਨੂੰ ਸਮਝ ਨਹੀਂ ਆਈ। ਇਸ ਲਈ ਸਟੇਟ ਦੇ ਭੈਅ ਤੋਂ ਮੁਕਤ ਵਿਦਵਾਨ ਮੈਦਾਨ ਵਿਚ ਨਿੱਤਰ ਕੇ ਇਸ ਦੇ ਸੱਚ ਨੂੰ ਸਾਕਾਰ ਕਰਨ। ਦੀਪ ਸਿੱਧੂ ਦਾ ਬਿਰਤਾਂਤ ਕਦ ਨਿਖਰ ਕੇ ਸਾਹਮਣੇ ਆਉਂਦਾ ਹੈ, ਇਸਦਾ ਤਾਂ ਪਤਾ ਨਹੀਂ ਪਰ ਇੱਕ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਦੀਪ ਸਿੱਧੂ ਨੇ ਕਿਸਾਨ ਸੰਘਰਸ਼ ਦੇ ਬਿਰਤਾਂਤ ਵਿਚ ਘਚੌਲਾ ਪਾਉਣ ਦੀ ਕੋਈ ਕਸਰ ਬਾਕੀ ਨਹੀ ਛੱਡੀ।
ਕਰਮਜੀਤ ਸਿੰਘ ਜੀਓ, ਪਿਛਲੇ 30 ਸਾਲਾਂ ਦੇ ਲੰਮੇ ਸਮੇ ਦੌਰਾਨ ਪੰਥਕ ਧਿਰਾਂ ਨਾ ਤਾਂ ਆਪਣਾ ਬਿਰਤਾਂਤ ਸਪੱਸ਼ਟ ਕਰ ਸਕੀਆਂ ਅਤੇ ਨਾ ਹੀ ਵਿਰੋਧੀ ਬਿਰਤਾਂਤ ਦਾ ਤੋੜ ਲੱਭ ਸਕੀਆਂ। ਕਿਸਾਨ ਧਿਰਾਂ ਇਹ ਜਾਣਦੀਆਂ ਸਨ (ਹਨ) ਕਿ ਵਿਰੋਧੀ ਦੇ ਭੱਥੇ ਵਿਚ ਵੱਖਵਾਦੀ, ਖਾਲਿਸਤਾਨੀ, ਪਾਕਿਸਤਾਨੀ ਸ਼ਹਿ ਪ੍ਰਾਪਤ ਅਨਸਰ ਆਦਿ ਕਿਹੜੇ ਕਿਹੜੇ ਤੀਰ ਹਨ ਜਿਨ੍ਹਾਂ ਦੀ ਵਰਤੋਂ ਸੰਘਰਸ਼ ਦਾ ਬਿਰਤਾਂਤ ਤੋੜਨ ਲਈ ਕੀਤੀ ਜਾ ਸਕਦੀ ਹੈ। ਹੁਣ ਤੱਕ ਇਹ ਸਾਬਿਤ ਵੀ ਹੋ ਚੁੱਕਾ ਹੈ ਕਿ ਕਿਸਾਨ ਸੰਘਰਸ਼ ਨੂੰ ਖਦੇੜਨ ਲਈ ਇਨ੍ਹਾਂ ਦੀ ਬਦਰੇਗ ਵਰਤੋਂ ਹੋਈ ਹੈ ਅਤੇ ਅਜੇ ਵੀ ਜਾਰੀ ਹੈ। ਸੰਘਰਸ਼ ਦੇ ਸ਼ੁਰੂ ਤੋਂ ਹੀ ਸਰਕਾਰ ਐਸਾ ਬਹਾਨਾ ਲੱਭ ਰਹੀ ਸੀ। ਜਦ ਦੀਪ ਸਿੱਧੂ ਨੇ ਕਿਸਾਨਾਂ ਦੇ ਬਿਰਤਾਂਤ ਨੂੰ ਆਪਣੇ ਬਿਰਤਾਂਤ ਦੀ ਚਾਸ਼ਨੀ ਚਾੜ੍ਹਨੀ ਚਾਹੀ ਤਾਂ ਕਿਸਾਨ ਭਾਂਪ ਗਏ ਅਤੇ ਉਨ੍ਹਾਂ ਐਸਾ ਹੋ ਲੈਣ ਤੋਂ ਬਚਾਅ ਕਰ ਲਿਆ। ਸਿੱਖ ਚਿੰਤਕ ਅਜਮੇਰ ਦੀ ਭਾਸ਼ਾ ਵਿਚ ਕਹਿਣਾ ਹੋਵੇ ਤਾਂ ਉਹ ਤਾਂ ਗੁਰੂ ਦੀ ਮਿਹਰ ਦਾ ਕ੍ਰਿਸ਼ਮਾ ਵਿਚਾਰੇ ਓਬੜ ਕਿਸਾਨਾਂ ਦੇ ਹੱਕ ਵਿਚ ਵਾਪਰ ਗਿਆ ਵਰਨਾ ਜਿਸ ਕਿਸਮ ਦੀ ਕਲਾਕਾਰੀ ਨਾਲ ਤੁਹਾਡੇ ਲਾਡਲੇ ਦੀਪ ਨੇ ਉਨ੍ਹਾਂ ਦੀ ਛੇ ਮਹੀਨਿਆਂ ਦੀ ਕੀਤੀ-ਕਰਾਈ ਇਕੋ ਪਲ ਵਿਚ ਖੂਹ ਵਿਚ ਪਾ ਦਿਤੀ ਸੀ, ਉਸ ਨੂੰ ਰਾਕੇਸ਼ ਟਿਕੈਤ ਤਾਂ ਕੀ, ਕੋਈ ਵੀ ਮਾਈ ਦਾ ਲਾਲ ਬਚਾ ਨਹੀਂ ਸਕਦਾ ਸੀ।
ਕਿਸਾਨ ਦੀਪ ਅਤੇ ਉਸ ਦੇ ਬਿਰਤਾਂਤ ਦੇ ਜਾਲ ਵਿਚ ਫਸ ਕੇ ਆਪਣਾ ਬਿਰਤਾਂਤ ਗੰਧਲਾ ਕਰਵਾਉਣ ਤੋਂ ਇਨਕਾਰੀ ਹੋ ਗਏ। ਉਹ ਦੀਪ ਨੂੰ ਵਿਰੋਧੀ ਧਿਰ ਦਾ ਬੰਦਾ ਅਤੇ ਰੂੜੀ ਦਾ ਉਡਦਾ ਫਿਰਦਾ ਲਿਫਾਫਾ ਆਖ ਰਹੇ ਸਨ ਪਰ ਦੀਪ ਸਿੱਧੂ ਧੱਕੇ ਨਾਲ ਸਲਾਹਕਾਰ ਬਣਨਾ ਚਾਹੁੰਦਾ ਸੀ। ਧੱਕੇ ਨਾਲੇ ਸੰਘਰਸ਼ ਦੇ ਢੰਗ ਤਰੀਕੇ ਦੱਸਣਾ ਚਾਹੁੰਦਾ ਸੀ।
ਅਸਲ ਵਿਚ ਦੀਪ ਦੀ ਧਿਰ ਦਾ ਯਤਨ ਕਿਸਾਨ ਸੰਘਰਸ਼ ਵਿਚ ਦਾਦਾਗਿਰੀ ਵਾਲਾ ਦਾਬਾ ਕਾਇਮ ਕਰਨਾ ਸੀ। ਕਿਸਾਨ ਧਿਰਾਂ ਨੂੰ ਕਮਜ਼ੋਰ ਅਤੇ ਵਿਕਣ ਲਈ ਤਿਆਰ ਦੱਸ ਕੇ ਕਿਸਾਨ ਲੀਡਰਸਿ਼ਪ ਨੂੰ ਨੀਵਾਂ ਦਿਖਾਉਣਾ ਸੀ। ਜਦ ਬਿਰਤਾਂਤ ਵਿਚ ‘ਚਾਸ਼ਨੀ’ ਨਾਂ ਰਲਾਈ ਜਾ ਸਕੀ ਤਾਂ 26 ਜਨਵਰੀ ਵਾਲਾ ਕਾਰਾ ਕਰਕੇ ਸਰਕਾਰ ਨੂੰ ਉਹ ਬਹਾਨਾ ਦਿੱਤਾ ਜੋ ਉਹ ਕਈ ਚਿਰ ਤੋਂ ਲਭਦੇ ਆ ਰਹੇ ਸਨ। ਜਿਸ ਨਾਲ ਕਿਸਾਨ ਸੰਘਰਸ਼ ਦਾ ਨੁਕਸਾਨ ਹੋਇਆ। ਕਿਸਾਨ ਸੰਘਰਸ਼ ਦੇ ਮਾਧਿਅਮ ਨਾਲ ਸਿੱਖੀ ਦੀ ਫੈਲ ਰਹੀ ਮਹਿਮਾ ਨੂੰ ਵੀ ਸੱਟ ਲੱਗੀ।
ਕਿਸਾਨ ਸੰਘਰਸ਼ ਸਿੱਖੀ ਵਿਚਾਰਧਾਰਾ ਦਾ ਨਾ ਤਾਂ ਨੁਕਸਾਨ ਕਰ ਰਿਹਾ ਸੀ ਅਤੇ ਨਾ ਹੀ ਵਿਰੋਧ। ਕਿਸਾਨ ਸੰਘਰਸ਼ ਦੇ ਮਾਧਿਅਮ ਨਾਲ ਤਾਂ ਸਗੋਂ ਸਿੱਖੀ ਦੀ ਮਹਿਮਾ ਫੈਲ ਰਹੀ ਸੀ। ਇਸ ਨਾਲ ਸਿੱਖ ਵਿਚਾਰਧਾਰਾ ਦੇ ਮਾਨਵਵਾਦੀ ਹੋਣ ਦਾ ਪ੍ਰਚਾਰ ਅਤੇ ਪਾਸਾਰ ਹੋ ਰਿਹਾ ਸੀ। ਜਿਸ ਕਾਰਨ ਇਸ ਮੌਕੇ ਦਾ ਲਾਭ ਲੈਣ ਲਈ ਢੁੱਚਰਾਂ ਡਾਹੁਣ ਦੀ ਥਾਂ ਸਹਿਯੋਗ ਦੇਣਾ ਬਣਦਾ ਸੀ। ਪਰ ਸ਼ੰਭੂ ਮੋਰਚੇ ਤੋਂ ਅੱਜ ਤੱਕ ਦੀਪ ਐਂਡ ਕੰਪਨੀ ਦੇ ਹਾਲਾਤ, ਖੇਤ ਵਿਗਾੜਿਆ ਖੜਤੂਆਂ, ਸਭਾ ਵਿਗਾੜੀ ਕੂੜ, ਵਰਗੇ ਰਹੇ, ਜਿਨ੍ਹਾਂ ਦਾ ਸਿਖਰ 26 ਜਨਵਰੀ ਦੀਆਂ ਘਟਨਾਵਾਂ ਸਨ। ਉਸ ਤੋਂ ਬਾਅਦ ਕਿਸਾਨ ਆਗੂਆਂ ਖਿਲਾਫ ਕੂੜ ਦੀ ਹਨੇਰੀ ਝੁੱਲ ਰਹੀ ਹੈ। ਹੈਰਾਨੀ ਦੀ ਗੱਲ ਕਿ ਹਨੇਰੀ ਝੁਲਾਉਣ ਵਾਲੇ ਬੀ ਜੇ ਪੀ ਦੇ ਝੰਡੇ ਉਹਲੇ ਵੀ ਹਨ ਅਤੇ ਕੇਸਰੀ ਨਿਸ਼ਾਨ ਸਾਹਿਬ ਦੇ ਉਹਲੇ ਵੀ। ਇਸ ਸਾਂਝ ਦੀ ਵਿਆਖਿਆ ਕਿਹੜਾ ਵਿਦਵਾਨ ਕਰੇਗਾ? ਜਿਹੜੀ ਵਿਆਖਿਆ ਸ. ਅਜਮੇਰ ਸਿੰਘ ਨੇ ਯੂ ਟਿਊਬ ‘ਤੇ 3 ਫਰਵਰੀ ਵਾਲੇ ਆਪਣੇ ਵਖਿਆਨ ਵਿਚ ਕੀਤੀ ਹੈ, ਉਹ ਕਿੰਨੀ ਕੁ ਜਚਣਹਾਰ ਹੈ, ਉਸਦੇ ਫੂਸ ਤਾਂ ਉਸਦਾ ਪੁਰਾਣਾ ਚੇਲਾ ਤੇ ਘਰ ਦਾ ਭੇਤੀ ਮਾਲਵਿੰਦਰ ਸਿੰਘ ਮਾਲੀ ਹੀ ਉਡਾਈ ਜਾ ਰਿਹਾ ਹੈ। ਤੁਹਾਡੇ ਵਾਂਗੂੰ ਹੀ ਅਜਮੇਰ ਸਿੰਘ ਵੀ ਕਿਸਾਨ ਨੇਤਾਵਾਂ ਨੂੰ ਕਾਮਰੇਡਾਂ ਨਾਲ ਜੋੜ ਕੇ ਪਾਣੀ ਪੀ ਪੀ ਕੇ ਭੰਡਦਾ ਹੈ, ਜਦੋਂਕਿ ਤੁਹਾਡੇ ਲਾਡਲੇ ਦੀਪ ਸਿੱਧੂ ਨੂੰ ਸਿਰੇ ਦਾ ਇਮਾਨਦਾਰ, ਨਿਰਛਲ ਅਤੇ ਹੋਰ ਪਤਾ ਨਹੀਂ ਕੀ ਕੀ ਦੱਸੀ ਜਾਂਦਾ ਹੈ। ਉਹ ਦੀਪ ਨੂੰ ਡੀਮੋਨਾਈਜ਼ ਕਰਨ ਦਾ ਰੋਣਾ ਰੋਂਦਾ ਹੈ ਅਤੇ ਯਾਦ ਕਰਾਉਂਦਾ ਹੈ ਕਿ ਇਨ੍ਹਾਂ ਨੇ ਸੰਤ ਭਿੰਡਰਾਂਵਾਲੇ ਨੂੰ ਵੀ ਡੀਮੋਨਾਈਜ਼ ਕਰਨ ਲਈ ਪੂਰੀ ਵਾਹ ਲਾਈ ਸੀ ਪਰ ਉਨ੍ਹਾਂ ਤੇ ਗੂਰੂ ਦੀ ਬਖਸਿ਼ਸ਼ ਹੋਣ ਕਰਕੇ ਇਨ੍ਹਾਂ ਦੀ ਕੂੜ ਮੁਹਿੰਮ ਕਾਮਯਾਬ ਨਾ ਹੋਈ, ਪਰ ਧੁਨੰਤਰ ਸਿੱਖ ਵਿਦਵਾਨ ਆਪਣੇ ਜਚਣਹਾਰ ਤਰੀਕੇ ਨਾਲ ਇਹ ਨਹੀਂ ਦਸ ਸਕਿਆ ਕਿ 26 ਜਨਵਰੀ ਨੂੰ ਗੁਰਾਂ ਦੀ ਬਖਸਿ਼ਸ਼ ਦਾ ਮੀਂਹ ਦੀਪ ਸਿੱਧੂ ਦੀ ਥਾਂ ਕਾਮਰੇਡਾਂ ਦੇ ਸਿਰ ‘ਤੇ ਕਿਉਂ ਪੈ ਗਿਆ।
ਕਰਮਜੀਤ ਸਿੰਘ ਜੀਓ, ਜੇ ਦੀਪ ਸਿੱਧੂ ਆਪਣਾ ਬਿਰਤਾਂਤ ਸਪੱਸ਼ਟ ਨਹੀ ਕਰ ਸਕਦਾ ਸੀ ਤਾਂ ਉਸਨੂੰ ਕਿਸਾਨ ਸੰਘਰਸ਼ ਦੇ ਬਿਰਤਾਂਤ ਵਿਚ ਆਪਣੇ ਬਿਰਤਾਂਤ ਦੀ ਚਾਸ਼ਨੀ ਘੋਲਣ ਦਾ ਕੀ ਹੱਕ ਸੀ? ਸੰਤ ਜਰਨੈਲ ਸਿੰਘ ਜਾਂ ਬੁੱਧ ਸਿੰਘ ਵਾਲਾ ਦੀ ਯਾਦ ਤਾਜ਼ਾ ਕਰਵਾਉਣ ਵਾਲਾ ਚੰਗਾ ਲੱਗ ਸਕਦਾ ਹੈ। ਪਰ ਉਨ੍ਹਾਂ ਦੇ ਬਿਰਤਾਂਤ ਦਾ ਕੀ ਬਣਿਆ? ਉਨ੍ਹਾਂ ਦੇ ਬਿਰਤਾਂਤ ਨੂੰ ਬਚਾਉਣ ਵਾਲਾ ਕੋਈ ਅੱਗੇ ਕਿਉਂ ਨਹੀ ਆਇਆ? ਪਿਛਲੇ 30 ਸਾਲਾਂ ਤੋਂ ਇਹ ਬਿਰਤਾਂਤ ਲੋਕਾਂ ਉੱਪਰ ਪਰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਕਿਸਾਨ ਸੰਘਰਸ਼ ਦੇ ਦੂਰ ਦੁਰੇਡੇ ਦੇ ਹਮਦਰਦਾਂ ਨੂੰ ਵੀ ਜਰਨੈਲ ਸਿੰਘ (ਖਾਲਿਸਤਾਨ) ਦੇ ਬਿਰਤਾਂਤ ਨਾਲ ਜੋੜ ਕੇ ਭੰਡਿਆ ਜਾ ਰਿਹਾ ਹੈ। ਜੇ ਕਿਸਾਨਾਂ ਨੇ ਇਸ ਕੁਚਾਲ ਵਿਚ ਫਸ ਕੇ ਸੰਘਰਸ਼ ਦਾ ਘਾਣ ਕਰਵਾਉਣ ਤੋਂ ਨਾਂਹ ਕਰ ਦਿੱਤੀ ਤਾਂ ਉਹ ਕਮਜ਼ੋਰ ਕਿਵੇਂ ਹੋ ਗਏ? ਦੀਪ ਦੇ ਜਿਸ ਕਾਰੇ ਕਾਰਨ ਸਾਰਾ ਸੰਘਰਸ਼ ਹੀ ਵਿਰੋਧੀ ਮਾਰ ਹੇਠ ਆ ਜਾਣ ਕਾਰਨ ਡਾਵਾਂ ਡੋਲ ਹੋ ਗਿਆ ਸੀ, ਉਸਦੀ ਜਿੰਮੇਵਾਰੀ ਕਿਸਾਨ ਧਿਰਾਂ ਕਿਉਂ ਲੈਂਦੀਆਂ? ਸੰਘਰਸ਼ ਦੀਆਂ ਜੜ੍ਹਾਂ ਹਿਲਾ ਦੇਣ ਵਾਲੀਆਂ ਆਪਹੁਦਰੀਆਂ ਨੂੰ ਕਿਸਾਨ ਧਿਰਾਂ ਕਿਉਂ ਅਪਣਾਉਂਦੀਆਂ? ਤੁਹਾਡੇ ਅਤੇ ਸੰਤ ਅਜਮੇਰ ਸਿੰਘ ਦੇ ਪ੍ਰਵਚਨਾਂ ਸਦਕਾ ਅਗਲੇ ਦੋ ਕੁ ਦਿਨਾਂ ਚ ਮੰਨ ਲਓ ਕਿ ਲੱਖਾ ਸਿਧਾਣਾ ਪਿੰਡ ਮਹਿਰਾਜ ਵਿਖੇ ਰੈਲੀ ਕਰਕੇ ਆਪਣੀ ਜੈ ਜੈ ਕਾਰ ਕਰਵਾ ਵੀ ਜਾਵੇਗਾ ਤਾਂ ਵੀ ਉਸ ਵਿਚੋਂ ਨਿਕਲੇਗਾ ਕੀ। ਅਜ ਪੰਜਾਬ ਅਤੇ ਪੰਜਾਬ ਤੋਂ ਬਾਹਰ ਬੈਠੇ ਹਰ ਪੰਜਾਬੀ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਇਸ ਕਿਸਮ ਦੀਆਂ ਮਾਅਰ੍ਹਕੇਬਾਜੀਆਂ ਨਾਲ ਸਾਰੀ ਕਥਾ ਦਾ ਮੁਹਾਨ ਕਿਤੇ ਨਵੇਂ ਸਿਰਿਓਂ ਸਾਕਾ ਨੀਲਾ ਤਾਰਾ ਵਰਗੇ ਵਡੇ ਦੁਖਾਂਤ ਦਾ ਰੁਖ ਨਾ ਲੈ ਜਾਵੇ।
ਇਹ ਜਿਨ੍ਹਾਂ ਕਿਸਾਨਾਂ ਨੂੰ ਆਪ ਅਣਜਾਣ ਅਤੇ ਅਯੋਗ ਕਹਿ ਕੇ ਭੰਡ ਰਹੇ ਹੋ, ਦੇਸ਼ ਦੇ ਲੋਕ ਅਜ ਉਨ੍ਹਾਂ ਨੂੰ ਲੋਕਤੰਤਰ ਅਤੇ ਦੇਸ਼ ਬਚਾਉਣ ਵਾਲੇ ਸੂਰਬੀਰ ਆਖ ਕੇ ਸਲਾਮਾਂ ਕਰ ਰਹੇ ਹਨ। ਲੋਕ ਕਿਸਾਨਾਂ ਦੇ ਬਲਹਿਾਰੇ ਜਾ ਰਹੇ ਹਨ, ਜਿਨਾਂ ਇਤਿਹਾਸਕ ਅੰਦੋਲਨ ਸਿਰਜ ਕੇ ਦੇਸ਼ ਵਾਸੀਆਂ ਨੂੰ ਕੁੱਝ ਕਰਨ ਜੋਗੇ ਹੋਣ ਦਾ ਅਹਿਸਾਸ ਕਰਵਾਇਆ। ਦੇਸ਼ ਦੇ ਲੋਕ ਇਸ ਅੰਦੋਲਨ ਦਾ ਸਿਹਰਾ ਪੰਜਾਬ ਦੇ ਸਿੱਖ ਕਿਸਾਨਾਂ ਸਿਰ ਬੰਨ੍ਹਦੇ ਹੋਏ ਉਨ੍ਹਾਂ ਨੂੰ ਗੁਰੂ ਦੇ ਜਾਂਬਾਜ਼ ਯੋਧੇ ਜਾਣ ਕੇ ਨਮਸਕਾਰ ਕਰਦੇ ਹਨ। ਯਾਦ ਰਹੇ, ਬਾਕੀ ਦਾ ਦੇਸ਼ ਪੰਜਾਬ ਨੂੰ ਸਿੱਖ ਪੰਜਾਬ ਵਜੋਂ ਹੀ ਦੇਖਦਾ ਹੈ। ਜਿਸ ਕਾਰਨ ਕਿਸਾਨ ਸੰਘਰਸ਼ ਸਿੱਖੀ ਦੀ ਖੁਸ਼ਬੂ ਫੈਲਾਉਣ ਦਾ ਜ਼ਰੀਆ ਬਣ ਗਿਆ। ਸਿੱਖੀ ਦੀਆਂ ਸਿਫਤਾਂ ਦੀ ਗੂੰਜ ਸਾਰੇ ਦੇਸ਼ ਵਿਚ ਗਈ। ਪਿਛਲੇ ਸਮੇ ਦੌਰਾਨ ਸਿੱਖੀ ਅਤੇ ਸਿੱਖਾਂ ਪ੍ਰਤੀ ਪੈਦਾ ਹੋਈਆਂ ਗਲਤਫਹਿਮੀਆਂ ਕਫੂਰ ਵਾਂਗ ਉਡਣੀਆਂ ਸ਼ੁਰੂ ਹੋ ਗਈਆਂ। ਪਿਛਲੇ ਚਾਰ ਦਹਾਕਿਆਂ ਦੌਰਾਨ ਬਦਨਾਮ ਕੀਤੇ ਗਏ ਸਿੱਖ ਮੁੜ ਮੋਹਰੀ ਰੋਲ ਵਿਚ ਆ ਗਏ। ਇਹ ਸਭ ਕੁੱਝ ਕਿਸਾਨ ਆਗੂੁਆਂ ਦੀ ਮਿਹਨਤ ਸਦਕਾ ਹੀ ਹੋਇਆ। ਇਹ ‘ਪੰਜਾਬ ਸਪੈਸਫਿਕ ਜਾਂ ਖਾਲਸਾ ਸਪੈਸਫਿਕ’ ਦੇ ਸੰਕਲਪ ਨੂੰ ਉਜਾਗਰ ਕਰਨ ਵਾਲਾ ਕਾਰਜ ਸੀ। ਪਰ ਪੰਥਕ ਮਖੌਟੇ ਵਾਲੀਆਂ ਕਈ ਧਿਰਾਂ ਇਸ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਉਹ ਕਿਸਾਨ ਧਿਰਾਂ ਨੂੰ ਨਕਾਰਨ ਲਈ ਬੁਰੇ ਦੇ ਘਰ ਤੱਕ ਜਾਣ ਲਈ ਤਿਆਰ ਹਨ। ਦੁੱਖਦਾਈ ਗੱਲ ਇਹ ਹੈ ਕਿ ਕਿਸਾਨਾਂ ਦੀ ਲੀਡਰਸਿ਼ਪ ਨੂੰ ਠਿੱਬੀ ਲਾਉਣ ਲਈ ਕੇਸਰੀ ਨਿਸ਼ਾਨ ਨੂੰ ਢਾਲ ਬਣਾ ਕੇ ਵਰਤਿਆ ਜਾ ਰਿਹਾ ਹੈ। ਹੁਣ ਆਪ ਦੱਸੋ ਕਿ ਆਪਦੇ ‘ਖਾਲਸਾ ਸਪੈਸਫਿਕ’ ਸੰਕਲਪ ਵਾਲੀਆਂ ਜਥੇਬੰਦੀਆਂ ਨੇ ਪਿਛਲੇ 30 ਸਾਲਾਂ ਵਿਚ ਸਿੱਖਾਂ ਪ੍ਰਤੀ ਸਤਿਕਾਰ ਵਧਾਉਣ ਵਾਲਾ ਕਿਹੜਾ ਕੰਮ ਕੀਤਾ?
ਚਲੋ ਕਿਸਾਨ ਜਥੇਬੰਦੀਆਂ ਤਾਂ ਖਾਲਸਾ ਸਪੈਸਫਿਕ ਬਿਰਤਾਂਤ ਦੀ ਸਮਝ ਨਹੀਂ ਸੀ ਰੱਖਦੀਆਂ ਪਰ 25 ਜਨਵਰੀ ਦੀ ਰਾਤ ਨੂੰ ਬਣਾਈ ਗਈ ਪੰਥਕ ਕਮੇਟੀ ਨੇ ਇਸ ਬਿਰਤਾਂਤ ਨੂੰ ਕਿਉਂ ਨਾ ਅਪਣਾਇਆ? ਬਿਰਤਾਂਤ ਇਨ੍ਹਾਂ ਕੋਲ ਸੀ, ਨੌਜੁਆਨ ਇਨ੍ਹਾਂ ਕੋਲ ਸੀ, ਆਪਣੀ ਮਰਜ਼ੀ ਨਾਲ ਰੋਕਾਂ ਤੋੜ ਕੇ ਲਾਲ ਕਿਲੇ ਜਾ ਕੇ ਆਪਣਾ ਝੰਡਾ ਝੁਲਾ ਦੇਣ ਦੀ ਸਮਰੱਥਾ ਵੀ ਸੀ। ਸਭ ਕੁੱਝ ਦੇ ਹੁੰਦਿਆਂ ਇਹ ਮੈਦਾਨ ਵਿਚ ਕਿਉਂ ਨਾ ਡਟੇ? ਪੰਥਕ ਕਮੇਟੀ ਅਤੇ ਦੀਪ ਸਿੱਧੂ ਆਪਣੇ ਸਮਰਥਕਾਂ ਨੂੰ ਛੱਡ ਕੇ ਲੁਕ ਕਿਉਂ ਗਏ? ਸਰਕਾਰੀ ਤੰਤਰ ਨੇ ਇਨ੍ਹਾਂ ਕਾਰਵਾਈਆਂ ਦਾ ਬਹਾਨਾ ਬਣਾ ਕੇ ਕਿਸਾਨ ਸੰਘਰਸ਼ ਖਿਲਾਫ ਭੰਡੀ ਅਤੇ ਤਸ਼ੱਦਦ ਦਾ ਝੱਖੜ ਝੁਲਾ ਦਿੱਤਾ, ਸਾਰੇ ਸੰਘਰਸ਼ ਨੂੰ ਖਾਲਿਸਤਾਨੀ ਚਾਦਰ ਵਿਚ ਲਪੇਟ ਕੇ ਸਮਾਪਤ ਕਰਨ ਦੀ ਯੋਜਨਾ ਬਣਾ ਲਈ ਅਤੇ ਸੰਘਰਸ਼ ਉਖੇੜਨਾ ਸ਼ੁਰੂ ਕਰ ਦਿੱਤਾ। ਐਸੇ ਹਾਲਾਤਾਂ ਵਿਚ ਕਿਸਾਨ ਜਥੇਬੰਦੀਆਂ ਸਾਹਮਣੇ ਤਾਂ ਆਪਣੇ ਸੰਘਰਸ਼ ਦੀ ਹੋਂਦ ਬਚਾਉਣ ਦਾ ਸਵਾਲ ਖੜ੍ਹਾ ਹੋ ਗਿਆ ਸੀ। ਜਦ ਆਪਣਾ ਬਿਰਤਾਂਤ ਹੀ ਕਿਸੇ ਹੋਰ ਵੱਲੋਂ ਡੋਲ੍ਹੀ ਚਾਸ਼ਣੀ ਕਾਰਨ ਮਾਰ ਹੇਠ ਆ ਗਿਆ ਹੋਏ ਤਾਂ ਐਸੇ ਮੌਕੇ ਕਿਸੇ ਨਵੇਂ ਬਿਰਤਾਂਤ ਨੂੰ ਅਪਣਾਉਣਾ ਅਤੇ ਉਸਦਾ ਬਚਾ ਕਰਨ ਯੋਗ ਹੋਣਾ ਕਿਸਾਨਾਂ ਵਾਸਤੇ ਸੰਭਵ ਨਹੀ ਸੀ। ਪਰ ਸਭ ਕੁੱਝ ਜਾਨਣ ਵਾਲੇ ਪੰਥਕ ਕਮੇਟੀ ਮੈਂਬਰ ਲਾਲ ਕਿਲੇ ਤੇ ਵਾਪਰੇ ‘ਇਤਿਹਾਸਕ ਵਰਤਾਰੇ’ ਦਾ ਬਿਰਤਾਂਤ ਸਾਂਭਣ ਲਈ ਅੱਗੇ ਕਿਉਂ ਨਾ ਆਏ? ਸਰਦਾਰ ਕਰਮਜੀਤ ਸਿੰਘ ਆਪਣੀ ਇਕ ਹੋਰ ਫੇਸਬੁਕ ਪੋਸਟ ਉਤੇ ਲਿਖਦੇ ਹਨ, “ਸਾਡੇ ਸਾਹਮਣੇ ਇਕ ਵਡਾ ਸਵਾਲ ਖੜਾ ਹੋ ਗਿਆ ਹੈ, ਜਿਸਦੇ ਜਵਾਬ ਲਭਣ ਦੀ ਹੁਣ ਕੋਸਿ਼ਸ਼ ਕੀਤੀ ਜਾਣੀ ਚਾਹੀਦੀ ਹੈ। ਕੀ ਕਿਸਾਨ ਮੋਰਚੇ ਦਾ ਪੱਲਾ ਹੁਣ ਟਿਕੈਤ ਕੋਲ ਹੈ ਜਾਂ ਦੂਜੇ ਲਫਜ਼ਾਂ ਵਿਚ ਫੈਸਲਾ ਕਰਨ ਦਾ ਸੁਭਾਵਿਕ ਤੇ ਅੰਤਿਮ ਹੱਕ ਇਸ ਸਮੇਂ ਟਿਕੈਤ ਕੋਲ ਹੈ। ਉਸ ਦੇ ਉਲਟ ਪੰਜਾਬ ਦੇ ਕਿਸਾਨ ਆਗੂਆਂ ਦੀ ਇਖਲਾਕੀ ਤਾਕਤ ਅਤੇ ਹੱਕ ਕੀ ਕਮਜੋਰ ਨਹੀਂ ਹੋ ਗਿਆ? ਕਿਸਾਨ ਜਥੇਬੰਦੀਆਂ ਮੰਨਣ ਤੇ ਭਾਵੇਂ ਨਾ ਮੰਨਣ, ਪਰ ਕੌੜਾ ਸੱਚ ਇਹੋ ਹੀ ਹੈ।”
ਭਾਈ ਸਾਹਿਬ ਇਹੋ ਖਾਹਿਸ਼ ਪੂਰੀ ਕਰਨ ਲਈ ਤਾਂ ਤੁਸੀਂ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਸੀ। ਕਰਮਜੀਤ ਸਿੰਘ ਹੁਰੀ ਹੋਰ ਕਹਿੰਦੇ ਹਨ: “ਹੁਣ ਪੰਜਾਬ ਦੇ ਕਿਸਾਨ ਆਗੂ ਇਕ ਤਰ੍ਹਾਂ ਨਾਲ ਕੱਖੋਂ ਹੌਲੇ ਹੋ ਚੁਕੇ ਹਨ। ਉਨ੍ਹਾਂ ਦੇ ਚਿਹਰਿਆਂ ਉਤੇ ਰੌਣਕ ਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਪ੍ਰੈਸ ਕਾਨਫਰੰਸ ਵਿਚ ਗਰਜਵੀਂ ਆਵਾਜ਼ ਸੁਣਾਈ ਦੇਂਦੀ ਹੈ। ਹੁਣ ਆਓ ਇਹ ਵੇਖੀਏ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਕਰ ਕੀ ਰਹੇ ਸਨ? ਇਨ੍ਹਾਂ ਦੋਹਾਂ ਨੂੰ ਹੀ ਤੇ ਖਾਸ ਕਰਕੇ ਦੀਪ ਸਿੱਧੂ ਨੂੰ ਹੱਦੋਂ ਵੱਧ ਪਤਾ ਸੀ ਕਿ ਕਿਸਾਨ ਆਗੂਆਂ ਦਾ ਕੱਦ ਮੋਰਚੇ ਦੇ ਕੱਦ ਨਾਲੋਂ ਕਿਤੇ ਨੀਵਾਂ ਹੈ। ਉਨ੍ਹਾਂ ਆਪਣੇ ਸੰਘਰਸ਼ ਨੂੰ ਕੁਝ ਰਿਆਇਤਾਂ ਲੈਣ ਤਕ ਹੀ ਸੀਮਿਤ ਰਖਿਆ ਸੀ। ਲੰਮੀ ਦੌੜ ਦੇ ਤਾਂ ਉਹ ਘੋੜੇ ਹੀ ਨਹੀਂ ਸਨ, ਜੋ ਇਹ ਸੋਚ ਸਕਣ ਕਿ ਕਿਸਾਨ ਦੀ ਤਕਦੀਰ ਬਦਲਣ ਲਈ ਹੇਠਲੀ ਉਤੇ ਲਿਆਉਣ ਵਾਸਤੇ ਕਿਹੜੀ ਰਣਨੀਤੀ ਅਖਤਿਆਰ ਕੀਤੀ ਜਾਵੇ?”
ਸਰਦਾਰ ਕਰਮਜੀਤ ਸਿੰਘ ਅਤੇ ਅਜਮੇਰ ਸਿੰਘ ਜੀ ਦੀਪ ਸਿੱਧੂ ਦੇ ਜਿਸ ਕਾਰਨਾਮੇ ਨੂੰ ਤੁਸੀ ਵਡਿਆ ਰਹੇ ਹੋ ਅਤੇ ਕਿਸਾਨਾਂ ਨੂੰ ਇਸਦੀ ਅਹਿਮੀਅਤ ਨਾ ਪਤਾ ਹੋਣ ਦਾ ਦੋਸ਼ ਲਗਾ ਰਹੇ ਹੋ ਉਹ ਅਸਲ ਵਿਚ, ‘ਹੋਇ ਅੰਆਣਾ ਕਰੇ ਕੰਮਿ, ਆਣਿ ਨ ਸਕੇ ਰਾਸਿ’ ਵਾਲੀ ਗੱਲ ਸੀ। ਜਿਸ ਕੰਮ ਲਈ ਕੋਈ ਜਥੇਬੰਦੀ ਤਿਆਰ ਨਾ ਹੋਵੇ, ਉਸਦੀ ਜਿੰਮੇਵਾਰੀ ਉਸ ਸਿਰ ਪਾਉਣ ਦੀ ਕੋਸਿ਼ਸ਼ ਵੀ ਜਾਇਜ਼ ਕਰਮ ਨਹੀ। ਇਹ ਤਾਂ ਕਿਸਾਨਾਂ ਦੇ ਚੱਲ ਸੰਘਰਸ਼ ਨੂੰ ਲੀਹੋਂ ਨਾ ਲਾਹ ਸਕਣ ਦਾ ਪਛਤਾਵਾ ਜਾਪਦਾ ਹੈ, ਕਿਸਾਨਾਂ ਦੇ ਬਿਰਤਾਂਤ ਨੂੰ ਗੁਮਰਾਹ ਨਾ ਕੀਤੇ ਜਾ ਸਕਣ ਦਾ ਰੁਦਨ ਜਾਪਦਾ ਹੈ।
ਕੀ ਤੁਹਾਨੂੰ ਤੁਹਾਡੇ ਕਿਸੇ ਪੈਰੋਕਾਰ ਨੇ ਇਹ ਗੱਲ ਨਹੀਂ ਦੱਸੀ ਕਿ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਸਿੱਖ ਭਾਈਚਾਰੇ ਦੇ ਲੋਕ 26 ਜਨਵਰੀ ਵਾਲੀ ਦੀਪ ਦੀ ਕਰਤੂਤ ਨੂੰ ਵੇਖ ਕੇ ਝੂਰ ਕਿਵੇਂ ਰਹੇ ਸਨ। ਅਖੀਰ ਵਿਚ ਮੇਰੀ ਹੀ ਤੁਹਾਡੇ ਅਗੇ ਬੜੀ ਹੀ ਨਿਮਰਤਾ ਨਾਲ ਬੇਨਤੀ ਹੈ ਕਿ ਸੰਤ ਭਿੰਡਰਾਂਵਾਲੇ ਜਾਂ ਦੀਪ ਸਿੱਧੂ ਨੂੰ ਵਡਿਆਉਣ ਦੀ ਮਾਲੀ ਜਿੱਤਣ ਦੀ ਦੌੜ ਛਡ ਕੇ ਆਪਣੇ ਪੁਰਾਣੇ ਸਾਥੀ ਮਾਲਵਿੰਦਰ ਸਿੰਘ ਮਾਲੀ ਦੀ ਫੇਸਬੁਕ ‘ਤੇ ਜਾ ਕੇ ਅਮੋਲਕ ਸਿੰਘ ਫਰਿਜ਼ਨੋ ਨਾਂ ਦੇ ਨੌਜਵਾਨ ਦਾ ‘ਰੁਦਨ’ ਵੀ ਜਰੂਰ ਸੁਣ ਛਡਿਓ। ਸ਼ਾਇਦ ਤੁਹਾਡੇ ਮਨਾਂ ਵਿਚ ਵੀ ਮਿਹਰ ਪੈ ਜਾਵੇ।