ਨਜ਼ਰ, ਨਜ਼ਰੀਆ ਤੇ ਨਸੀਬ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸੰਜਮ ਦਾ ਗੁਣਗਾਨ ਕਰਦਿਆਂ ਕਿਹਾ ਸੀ, “ਸੰਜਮੀ ਮਨੁੱਖ ਸਿਰਫ ਆਪਣੇ ਆਪ ਨਾਲ ਹੀ ਸੰਜਮੀ ਨਹੀਂ ਹੁੰਦਾ, ਸਗੋਂ ਉਹ ਸਮਾਜਿਕ, ਵਿਹਾਰਕ ਅਤੇ ਸੰਸਾਰਕ ਵਰਤਾਰੇ ਵਿਚ ਵੀ ਆਪਣੇ ਇਸ ਗੁਣ ਕਰਕੇ ਜਾਣਿਆ ਤੇ ਪਛਾਣਿਆ ਜਾਂਦਾ।…ਸਵੈ ‘ਤੇ ਕਾਬੂ ਪਾਉਣ ਵਾਲੇ ਹੀ ਸੰਜਮੀ ਹੋ ਸਕਦੇ, ਕਿਉਂਕਿ ਸਵੈ ਵਿਚੋਂ ਹੀ ਸਾਧਨਾ, ਸਮਰਪਣ ਅਤੇ ਸਾਦਗੀ ਜਨਮ ਲੈਂਦੀ।

ਕੂੜ ਦੇ ਵਪਾਰੀਆਂ ਲਈ ਸੱਚ ਦੇ ਕੋਈ ਮਾਅਨੇ ਨਹੀਂ ਅਤੇ ਪਾਕੀਜ਼ ਬਿਰਤੀ ਵਾਲਿਆਂ ਲਈ ਫਰੇਬ ਵਾਸਤੇ ਕੋਈ ਥਾਂ ਨਹੀਂ ਹੁੰਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਜਿ਼ੰਦਗੀ ਦਾ ਸੱਚ ਬਿਆਨਿਆ ਹੈ ਕਿ ਨਜ਼ਰ ਨਾਲ ਨਜ਼ਰ ਮਿਲਾ ਕੇ, ਜਿ਼ੰਦਗੀ ਦੇ ਨੈਣਾਂ ਵਿਚ ਝਾਕਣ ਵਾਲੇ ਹੀ ਹਾਂ-ਪੱਖੀ ਵਰਤਾਰਿਆਂ ਦਾ ਵਣਜ ਕਰਦੇ। ਇਸ ਵਿਚੋਂ ਹੀ ਨਿਆਰੀ ਅਤੇ ਨਰੋਈ ਜੀਵਨ-ਜਾਚ ਨੂੰ ਜਿੰ਼ਦਗੀ ਦੇ ਨਾਮ ਕਰਦੇ।…ਲੋੜ ਹੈ ਕਿ ਆਪਣੀ ਨਜ਼ਰ ਨੂੰ ਨਦਰਿ ਦੇ ਰਾਹੀਂ ਤੋਰਨ ਅਤੇ ਸਚਿਆਈ ਨੂੰ ਅਪਨਾਉਣ ਅਤੇ ਇਸ ਨੂੰ ਜੀਵਨ ਦਾ ਅੰਗ ਬਣਾਉਣ ਵੰਨੀਂ ਸੇਧਤ ਹੋਈਏ। ਉਹ ਕਹਿੰਦੇ ਹਨ, “ਨਜ਼ਰ ਵਿਚੋਂ ਨਜ਼ਰੀਆ ਪੜ੍ਹਨ ਅਤੇ ਨਜ਼ਰੀਏ ਵਿਚੋਂ ਨਸੀਬਾਂ ਦੇ ਨਕਸ਼ ਉਘਾੜਨ ਵਾਲੇ ਹੀ ਜਿ਼ੰਦਗੀ ਨੂੰ ਵੱਖਰੇ ਕੋਣ ਤੋਂ ਸਮਝਣ ਅਤੇ ਇਸ ਨੂੰ ਆਪਣੇ ਨਜ਼ਰੀਏ ਅਨੁਸਾਰ ਵਿਉਂਤਣ ਤੇ ਵਿਸਥਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ।…ਨਜ਼ਰ ਵਿਚੋਂ ਅਲਫਾਜ਼ ਪੜ੍ਹਨ ਦੀ ਜਾਚ ਜਦ ਆ ਜਾਂਦੀ ਤਾਂ ਨਜ਼ਰੀਏ ਅਤੇ ਨਸੀਬ ਦੀ ਵੀ ਸਮਝ ਆ ਜਾਂਦੀ, ਪਰ ਅੱਖਾਂ ਵਿਚੋਂ ਅੱਖਰ ਪੜ੍ਹਨ ਦੀ ਤੌਫੀਕ ਵਿਰਲਿਆਂ ਨੂੰ ਹੀ ਹੁੰਦੀ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਨਜ਼ਰ, ਨਜ਼ਰੀਆ ਤੇ ਨਸੀਬ ਦਾ ਗੂੜ੍ਹਾ ਸਬੰਧ। ਇਕ ਦੂਜੇ ਵਿਚੋਂ ਆਪਣੀ ਹੋਂਦ ਅਤੇ ਅਰਥਾਂ ਦੀ ਅਸੀਮਤਾ ਨੂੰ ਕਿਆਸਦੇ ਤੇ ਨਵੀਨਤਾ ਬਖਸ਼ਦੇ।
ਨਜ਼ਰ ਦੇ ਦਿਸਹੱਦੇ ਬਹੁਤ ਦੂਰ ਤੀਕ ਫੈਲਦੇ। ਕਈ ਵਾਰ ਅਦਿੱਖ ਵਿਚੋਂ ਕੁਝ ਅਜਿਹਾ ਦੇਖਣ ਦੇ ਸਮਰੱਥ, ਜਿਨ੍ਹਾਂ ਨੂੰ ਅਸੀਂ ਨਹੀਂ ਦੇਖ ਸਕਦੇ। ਨਜ਼ਰ ਸਿਰਫ ਅੱਖਾਂ ਰਾਹੀਂ ਦੇਖਣ ਤੀਕ ਸੀਮਤ ਨਹੀਂ। ਅਸੀਂ ਕਿਸੇ ਨੂੰ ਉਸ ਦੇ ਲਹਿਜ਼ੇ, ਬੋਲਬਾਣੀ, ਤੋਰ, ਅੰਦਾਜ਼ ਸਰੋਕਾਰਾਂ ਅਤੇ ਸੁਪਨਿਆਂ ਵਿਚੋਂ ਵੀ ਦੇਖਦੇ ਹਾਂ।
ਕਈ ਵਾਰ ਜਿੰ਼ਦਗੀ ਸਾਡੀ ਝੋਲੀ ਵਿਚ ਅਜਿਹਾ ਕੁਝ ਪਾਉਂਦੀ, ਜੋ ਸਾਨੂੰ ਦਿੱਸਦਾ ਅਤੇ ਪਾਉਣਾ ਲੋਚਦੇ, ਪਰ ਕਈ ਵਾਰ ਨਸੀਬ ਸਾਨੂੰ ਉਹ ਕੁਝ ਦੇ ਦਿੰਦੇ, ਜਿਨ੍ਹਾਂ ਦਾ ਚਿੱਤ-ਚੇਤਾ ਵੀ ਨਹੀਂ ਹੁੰਦਾ। ਨਜ਼ਰ ਤੇ ਨਸੀਬ ਵਿਚੋਂ ਕਿਸ ਨੇ, ਕੀ ਅਰਪਿੱਤ ਕਰਨਾ, ਇਹ ਮਨੁੱਖੀ ਸੰਵੇਦਨਾ ਅਤੇ ਸੰਜ਼ੀਦਗੀ `ਤੇ ਨਿਰਭਰ।
ਨਜ਼ਰ ਹੀ ਸਿਰਜਦੀ ਸਾਡੇ ਨਸੀਬਾਂ ਨੂੰ, ਕਰਮ-ਰੇਖਾਵਾਂ ਨੂੰ ਅਤੇ ਦੁਨਿਆਵੀ ਦਾਤਾਂ ਨੂੰ। ਨਜ਼ਰ ਕਾਰਨ ਹੀ ਸਾਡੀ ਬਿਰਤੀ ਵਿਚ ਕਿਸੇ ਵੀ ਅਵੱਸਥਾ, ਸਥਿੱਤੀ, ਧਰਾਤਲ ਜਾਂ ਵਕਤ ਦੀ ਨਬਜ਼ ਪਛਾਣਨ ਦੀ ਯੁੱਗਤੀ ਹੁੰਦੀ। ਵਕਤ ਅਨੁਸਾਰ ਸੋਚਾਂ, ਸੀਮਾਵਾਂ ਅਤੇ ਸਮਰੱਥਾਵਾਂ ਨੂੰ ਜ਼ਰਬ ਦੇਣ ਦੇ ਕਾਬਲ ਹੋ ਜਾਈਏ ਤਾਂ ਜੀਵਨ ਨੂੰ ਨਵੀਆਂ ਉਚਾਈਆਂ ਦਾ ਮਾਣ ਮਿਲਦਾ।
ਨਜ਼ਰ ਹੀ ਨਵੀਆਂ ਮਾਨਤਾਵਾਂ, ਮੰਨਤਾਂ ਅਤੇ ਮਨਾਓਤੀਆਂ ਵਿਚੋਂ ਆਪਣੇ ਹਿੱਸੇ ਦਾ ਅਸਮਾਨ ਦੇਖਣ ਦੇ ਯੋਗ ਹੁੰਦੀ। ਇਸ ਵਿਚੋਂ ਚਾਨਣ ਦੀ ਚੁਲੀ ਪੀ, ਇਸ ਦੀਆਂ ਰਹਿਮਤਾਂ ਨੂੰ ਜੀਵਨ ਦੀ ਸੰਜੀਵਨੀ ਬੂਟੀ ਬਣਾਉਂਦੇ ਅਤੇ ਥਿੜਕਦੀਆਂ ਰੀਝਾਂ ਤੇ ਸਾਹ-ਵਰੋਲਦੇ ਹਾਸਿਆਂ ਦੀ ਤਲੀ ‘ਤੇ ਉਮੰਗਾਂ ਦੇ ਰੰਗ ਭਰਦੇ।
ਨਜ਼ਰ ਤੋਂ ਨਜ਼ਰੀਏ ਤੇ ਫਿਰ ਨਸੀਬ ਤੀਕ ਦਾ ਫਾਸਲਾ ਬਹੁਤ ਹੀ ਲੰਮਾ ਅਤੇ ਕਠਿਨਾਈਆਂ ਭਰਪੂਰ, ਪਰ ਜਦ ਆਪਣਿਆਂ ਦੀ ਸਵੱਲੀ ਨਦਰਿ ਹੋਵੇ, ਯੋਗ ਰਹਿਬਰੀ ਮਿਲੇ ਅਤੇ ਬਜੁਰਗੀ ਅਸੀਰਵਾਦਾਂ ਤੇ ਨਸੀਹਤਾਂ ਨੂੰ ਅਪਨਾਉਣ ਦੀ ਗੁਣਤਾ ਬੰਦੇ ਵਿਚ ਵਾਸ ਕਰੇ ਤਾਂ ਨਸੀਬਾਂ ਨੂੰ ਭਾਗ ਲੱਗਦੇ। ਯਾਦ ਰਹੇ, ਨਸੀਬ ਧੁਰੋਂ ਨਹੀਂ ਲਿਖੇ ਹੁੰਦੇ। ਇਹ ਬੰਦੇ ਦੇ ਗੁਣਾਂ ਦਾ ਹਾਸਲ, ਸਿਰੜ-ਸਾਧਨਾ ਨੂੰ ਸਲਾਮ ਅਤੇ ਮਿਹਨਤ ਦੇ ਮੋਤੀਆਂ ਵਿਚੋਂ ਲਿਸ਼ਕੋਰਦੇ ਰੰਗਾਂ ਦੀ ਸਤਰੰਗੀ ਹੁੰਦੇ। ਅਜਿਹੇ ਮੀਰੀ ਗੁਣਾਂ ਵਾਲਿਆਂ ਲਈ ਜਿ਼ੰਦਗੀ ਦੇ ਅਰਥ ਸਿਰਫ ਸੁੱਖ-ਸਹੂਲਤਾਂ ਜਾਂ ਸੁਵਿਧਾਵਾਂ ਦੀ ਬਹੁਲਤਾ ਨਹੀਂ ਹੁੰਦੀ, ਸਗੋਂ ਉਹ ਸੁਖਨ, ਮਾਨਸਿਕ ਸ਼ਾਂਤੀ ਅਤੇ ਸਕੂਨ ਨੂੰ ਤਰਜ਼ੀਹ ਦਿੰਦੇ। ਇਸ ਵਿਚੋਂ ਹੀ ਉਹ ਆਪਣੀ ਜੀਵਨ-ਮੁਹਾਰ ਨੂੰ ਮਾਨਵਵਾਦੀ ਪੇਸ਼ਬੰਦੀਆਂ ਵੰਨੀਂ ਮੋੜਨ ਦੇ ਸਮਰੱਥ ਹੁੰਦੇ।
ਕਈ ਵਾਰ ਸਾਨੂੰ ਨਜ਼ਰ ਵਿਚ ਕੁਝ ਵੀ ਨਹੀਂ ਥਿਆਉਂਦਾ। ਇਹ ਸਾਡੀ ਨਜ਼ਰ ਦਾ ਕਸੂਰ, ਅਵਚੇਤਨ ਵਿਚ ਬੈਠੀ ਦੁਬਿਧਾ ਜਾਂ ਸੋਚ ਵਿਚ ਬੈਠੀ ਹਉਮੈ ਤੇ ਨਿਜੀ ਮੁਫਾਦ ਦਾ ਜਾਲਾ ਹੋ ਸਕਦਾ। ਕਈ ਵਾਰ ਅਸੀਂ ਉਸ ਵੰਨੀਂ ਬੇਧਿਆਨੀ ਅਪਨਾਉਂਦੇ ਹਾਂ, ਜੋ ਸਾਡੀ ਮਰਜੀ ਮੁਤਾਬਕ ਨਹੀਂ ਹੁੰਦਾ। ਉਸ ਵੰਨੀਂ ਝਾਕਦੇ, ਜੋ ਸਾਡੀ ਨਜ਼ਰ ਤੋਂ ਦੂਰ ਹੁੰਦਾ। ਲੋੜ ਹੈ ਕਿ ਆਪਣੀ ਨਜ਼ਰ ਨੂੰ ਨਦਰਿ ਦੇ ਰਾਹੀਂ ਤੋਰਨ ਅਤੇ ਸਚਿਆਈ ਨੂੰ ਅਪਨਾਉਣ ਅਤੇ ਇਸ ਨੂੰ ਜੀਵਨ ਦਾ ਅੰਗ ਬਣਾਉਣ ਵੰਨੀਂ ਸੇਧਤ ਹੋਈਏ। ਫਿਰ ਇਸ ਸੱਚ ਨੂੰ ਹਾਣ ਦਾ ਸੱਚ ਬਣਾਉਣ ਲਈ ਤਨਦੇਹੀ ਅਤੇ ਤਾਕਤ ਨੂੰ ਪਰਖੀਏ।
ਨਜ਼ਰ ਪਲ ਪਲ ਬਾਅਦ ਬਦਲਦੀ, ਪਰ ਜੇ ਇਸ ਦੀ ਦ੍ਰਿਸ਼ਟੀ ਵਿਚ ਟੀਚੇ ਦੀ ਹਾਸਲਤਾ ਪ੍ਰਤੀ ਸਮਰਪਿਤ ਹੋਵੇ ਤਾਂ ਪਲ ਪਲ ਬਦਲਦੀ ਹਾਲਤ ਵਿਚੋਂ ਵੀ ਸੁਖਾਵੇਂ ਸਿੱਟਿਆਂ ਨੂੰ ਹਾਸਲ ਕੀਤਾ ਜਾ ਸਕਦਾ। ਮੰਜਿ਼ਲ ਵੰਨੀਂ ਤੁਰਦਿਆਂ ਦੋਹਾਂ ਪੈਰਾਂ ਦੀ ਸਥਿਤੀ ਪਲ ਪਲ ਬਦਲਦੀ ਹੈ। ਇਕ ਪਲ ਅੱਗੇ ਤੇ ਅਗਲੇ ਪਲ ਹੀ ਪਿਛੇ ਹੋ ਜਾਂਦਾ, ਪਰ ਉਨ੍ਹਾਂ ਵਿਚ ਦੁਚਿੱਤੀ, ਈਰਖਾ ਜਾਂ ਹੀਣ ਭਾਵਨਾ ਨਹੀਂ ਹੁੰਦੀ। ਸਗੋਂ ਉਨ੍ਹਾਂ ਦੀ ਮੰਜਿ਼ਲ ਇਕ ਹੁੰਦੀ ਅਤੇ ਇਸ ਦੀ ਪ੍ਰਾਪਤੀ, ਦੋਹਾਂ ਪੈਰਾਂ ਦਾ ਹਾਸਲ। ਪੈਂਡਿਆਂ ਨੂੰ ਸਰ ਕਰਨ ਦਾ ਸਿਹਰਾ ਕਦੇ ਇਕ ਪੈਰ ਨੂੰ ਨਹੀਂ ਮਿਲਦਾ, ਸਗੋਂ ਦੋਵੇਂ ਬਰਬਾਰ ਦੇ ਹਿੱਸੇਦਾਰ। ਜਿੰ਼ਦਗੀ ਨੂੰ ਇਸ ਮਿਆਰ ਅਤੇ ਮਾਪ ਨਾਲ ਮਿਣਨ ਤੇ ਦੇਖਣ ਦੀ ਜਾਚ ਆ ਜਾਵੇ ਤਾਂ ਜਿ਼ੰਦਗੀ-ਹਾਸਲਤਾ ਨੂੰ ਹਾਣੀ ਬਣਾਇਆ ਜਾ ਸਕਦਾ।
ਨਜ਼ਰ ਵਿਚੋਂ ਹੀ ਨਸੀਬ ਦੇ ਝਲਕਾਰੇ। ਅੱਖਾਂ ਵਿਚੋਂ ਲਿਸਕਦੇ ਸੁਪਨੇ ਅਤੇ ਨਵੇਂ ਨਰੋਏ ਵਿਚਾਰਾਂ ਦੀ ਪਰਵਾਜ਼ ਜਦ ਦੀਦਿਆਂ ਦੇ ਹਿੱਸੇ ਆਉਂਦੀ, ਕੁਝ ਚੰਗੇਰਾ ਅਤੇ ਵਿਲੱਖਣ ਕਰਨ ਦੀ ਬਿਰਤੀ ਮਨ-ਜੂਹ `ਤੇ ਦਸਤਕ ਦਿੰਦੀ। ਪੈਰਾਂ ਵਿਚ ਨਵੇਂ ਸਫਰ ਸਰ ਕਰਨ ਦੀ ਤਮੰਨਾ ਅਗਵਾਈ ਕਰਦੀ ਤਾਂ ਫੈਲ ਜਾਂਦੇ ਨਜ਼ਰ ਦੇ ਦਾਇਰੇ। ਇਸ ਦੀ ਅਸੀਮਤਾ ਤੇ ਅਮੀਰਤਾ ਦੀ ਵਸੀਹਤਾ ਵਿਚੋਂ ਹੀ ਬੰਦੇ ਨੂੰ ਆਪਣੀ ਸਮਰੱਥਾ ਤੇ ਪ੍ਰਾਪਤੀਆਂ ਦਾ ਅਹਿਸਾਸ ਹੁੰਦਾ।
ਨਜ਼ਰ ਨੂੰ ਕਦੇ ਨੀਵੀਂ ਨਾ ਕਰੋ ਅਤੇ ਨਾ ਹੀ ਸੰਗੋੜੋ, ਸਗੋਂ ਇਸ ਨੂੰ ਫੈਲਾਓ। ਦੂਰ ਦੂਰ ਤੀਕ ਅੰਬਰ ਨੂੰ ਨਿਹਾਰੋ, ਸਮੁੰਦਰ ਦੀ ਵਿਸ਼ਾਲਤਾ ਨੂੰ ਸੋਚ ਵਿਚ ਧਰੋ ਅਤੇ ਜੀਵਨ-ਜਾਚ ਨੂੰ ਅੰਬਰ ਵਰਗੀ ਵਿਸ਼ਾਲ, ਸਮੁੰਦਰ ਵਰਗੀ ਗਹਿਰੀ, ਪਰਬਤ ਜਿਹੀ ਉਚੇਰੀ ਅਤੇ ਬਿਰਖਾਂ ਵਰਗੀ ਫਕੀਰਨਾ ਬਣਾਉਗੇ ਤਾਂ ਨਦਰਿ ਵਿਚੋਂ ਹੀ ਨਸੀਬਾਂ ਨੂੰ ਆਪਣੇ ‘ਤੇ ਨਾਜ਼ ਹੋਵੇਗਾ।
ਯਾਦ ਰਹੇ, ਨਜ਼ਰ ਤੁਹਾਡੀ ਹੈ। ਇਸ ਨੂੰ ਸੀਮਤ ਕਰਨਾ ਜਾਂ ਫੈਲਾਉਣਾ, ਚਮਕਾਉਣਾ ਜਾਂ ਧੰੁਧਲਾਉਣਾ, ਬਾਰੀਕਬੀਨੀ ਜਾਂ ਅਵਾਰਗੀ ਦੇ ਨਾਮ ਕਰਨਾ, ਇਹ ਤਾਂ ਮਨੁੱਖ ਦੇ ਵੱਸ। ਇਸ ਨਾਲ ਹੀ ਬਹੁਤ ਸਾਰੀਆਂ ਖਿਆਨਤਾਂ ਨੂੰ ਅਮਾਨਤਾਂ ਬਣਨ, ਅੰਧਰਾਤੇ ਨੂੰ ਚਾਨਣਵੰਤਾ ਕਰਨ ਜਾਂ ਭੁੱਲ-ਭੁਲਾਈਆਂ ਨੂੰ ਸੇਧਤ ਕੀਤਾ ਜਾ ਸਕਦਾ।
ਨਜ਼ਰ, ਨਜ਼ਰੀਆ, ਨਦਰਿ ਤੇ ਨਸੀਬ ਦਾ ਸੁਜੋੜ, ਜਿ਼ੰਦਗੀ ਦਾ ਸਭ ਤੋਂ ਅਹਿਮ ਤੇ ਵੱਡਮੁੱਲਾ ਹਾਸਲ। ਇਸ ਨੂੰ ਜੀਵਨ ਦਾ ਅੰਗ ਬਣਾਉਣ ਵਾਲੇ, ਇਨ੍ਹਾਂ ਦੇ ਸੰਗਮ ਵਿਚੋਂ ਖੁਦ ਨੂੰ ਦਾਤਾਂ ਨਾਲ ਨਿਵਾਜਦੇ। ਬਰਕਤਾਂ ਨੂੰ ਝੋਲੀ ਪਾਉਂਦੇ। ਜੀਵਨ ਦੀ ਸਾਰਥਕਤਾ ਅਤੇ ਸਦੀਵਤਾ ਨੂੰ ਸਦਉਪਯੋਗੀ ਬਣਾ, ਇਸ ਦੀ ਸੁੰਦਰਤਾ ਤੇ ਸੁਘੜਤਾ ਨੂੰ ਨਵੇਂ ਅਰਥ ਦਿੰਦੇ। ਇਹ ਹੀ ਮਨੁੱਖੀ ਸ਼ਖਸੀਅਤ ਨੂੰ ਵਿਸ਼ਾਲਣ ਅਤੇ ਨਿਖਾਰਨ ਵਿਚ ਸਹਾਈ ਹੁੰਦੇ।
ਨਜ਼ਰ, ਤੰਗ-ਨਜ਼ਰੀਆ, ਹੀਣ-ਭਾਵਨਾ ਜਾਂ ਖੁਦ ਦੀ ਗੁੰਮਸੁਮਤਾ ਨਹੀਂ, ਸਗੋਂ ਨਜ਼ਰ ਨਾਲ ਤਾਂ ਨਜ਼ਰੀਏ ਦੀਆਂ ਬਾਰੀਕੀਆਂ ਅਤੇ ਇਸ ਵਿਚ ਮਿਸ਼ਰਤ ਉਨ੍ਹਾਂ ਸੁਗਾਤਾਂ ਨੂੰ ਆਪਣੇ ਨਾਮ ਕੀਤਾ ਜਾ ਸਕਦਾ, ਜਿਨ੍ਹਾਂ ਦਾ ਬੰਦੇ ਨੂੰ ਕਿਆਸ ਵੀ ਨਹੀਂ ਹੁੰਦਾ।
ਨਜ਼ਰ ਨਾਲ ਨਜ਼ਰ ਮਿਲਦੀ ਤਾਂ ਕਈ ਵਾਰ ਸਾਹਾਂ ਦੇ ਸੌਦੇ ਹੋ ਜਾਂਦੇ। ਨਜ਼ਰਾਂ ਨਾਲ ਹੀ ਉਮਰਾਂ ਦੀ ਸਾਂਝ ਪੈਦਾ ਹੁੰਦੀ। ਪਾਕ ਨਜ਼ਰਾਂ ਦਾ ਕੋਮਲ ਬੰਦਨ, ਬੰਦੇ ਨੂੰ ਅਪਣੱਤ ਭਰਪੂਰ ਪਲਾਂ ਨੂੰ ਜਿਉਣ ਅਤੇ ਜਿ਼ੰਦਗੀ ਦਾ ਮੁਹਾਂਦਰਾ ਸਿਰਜਣ ਵਿਚ ਬਹੁਤ ਅਹਿਮ।
ਜਿ਼ੰਦਗੀ ਵਿਚ ਕਦੇ ਵੀ ਕੁਝ ਅਜਿਹਾ ਨਾ ਕਰੋ ਕਿ ਨਜ਼ਰ ਨੀਵੀਂ ਕਰਕੇ ਜਿ਼ੰਦਗੀ ਦਾ ਭਾਰ ਢੋਣ ਲਈ ਮਜਬੂਰ ਹੋਣਾ ਪਵੇ। ਸਿਰ ਉਚਾ ਰੱਖ ਕੇ ਜਿਉਣ ਵਾਲੇ ਹੀ ਜਿ਼ੰਦਗੀ ਦੇ ਸ਼ਾਹ-ਅਸਵਾਰ ਹੁੰਦੇ ਅਤੇ ਉਹ ਜਿੰ਼ਦਗੀ ਨੂੰ ਨਸੀਬਾਂ ਦੀ ਪਟਰਾਣੀ ਬਣਾਉਂਦੇ। ਨਜ਼ਰ ਨਾਲ ਨਜ਼ਰ ਮਿਲਾ ਕੇ, ਜਿ਼ੰਦਗੀ ਦੇ ਨੈਣਾਂ ਵਿਚ ਝਾਕਣ ਵਾਲੇ ਹੀ ਹਾਂ-ਪੱਖੀ ਵਰਤਾਰਿਆਂ ਦਾ ਵਣਜ ਕਰਦੇ। ਇਸ ਵਿਚੋਂ ਹੀ ਨਿਆਰੀ ਅਤੇ ਨਰੋਈ ਜੀਵਨ-ਜਾਚ ਨੂੰ ਜਿੰ਼ਦਗੀ ਦੇ ਨਾਮ ਕਰਦੇ।
ਜਿ਼ੰਦਗੀ ਦੀ ਸੁਰਮੀਅਤ ਤੇ ਸੰਜੀਵਨੀ ਲਈ ਜਰੂਰੀ ਹੈ, ਆਪਣਿਆਂ ਦੀ ਮੋਹ-ਭਰੀ ਨਦਰਿ ਨਾਲ ਨਿਹਾਲ ਹੋਣਾ, ਜਿਸ ਵਿਚੋਂ ਸਿਆਣਪਾਂ ਦੀ ਬਾਰਸ਼ ਹੋਵੇ, ਰਾਹਾਂ ਤੇ ਕਿਰਨਾਂ ਤਰੌਂਕੀਆਂ ਜਾਣ, ਮਸਤਕ ਦੇ ਨਾਮ ਸੂਰਜਾਂ ਦੀ ਰੁੱਤ ਅਤੇ ਬਗਲੀ ਪਾ ਕੇ ਤਾਰਿਆਂ ਦਾ ਵਣਜ ਕਰਨ ਦੀ ਜਾਚ ਆਵੇ। ਅੰਬਰੀ ਫਿਜ਼ਾ ਵਿਚ ਸੁਪਨੇ ਬੀਜਣ ਵਾਲਿਆਂ ਦੇ ਭਾਗਾਂ ਵਿਚ ਸੁੰਦਰ ਅਤੇ ਸਦਾਕਤੀ ਨਸੀਬਾਂ ਦੀ ਫਸਲ ਉਗਦੀ। ਤਿਖੇਰੀਆਂ ਧੁੱਪਾਂ, ਝੱਖੜਾਂ ਅਤੇ ਔੜਾਂ ਤੋਂ ਬਚ ਕੇ ਮੌਲਣ ਦੀ ਮੱਤ ਆਉਂਦੀ। ਉਹ ਸਾਹ-ਬਗੀਚੇ ਵਿਚ ਫੁੱਲਾਂ ਅਤੇ ਫਲਾਂ ਦੀਆਂ ਸੌਗਾਤਾਂ ਸਮਿਆਂ ਦੇ ਨਾਮ ਕਰਦੇ। ਕਦੇ ਬਿਰਖ ਵਰਗੀ ਜਿ਼ੰਦਗੀ ਨੂੰ ਆਪਣੀ ਜਿ਼ੰਦਗੀ ਸੰਗ ਤੋਲਨਾ, ਪਤਾ ਲੱਗੇਗਾ ਕਿ ਬਿਰਖਾਂ ਵਰਗਾ ਫਕੀਰ ਬਣ, ਸੁਗਮ-ਸੋਚ ਨੂੰ ਹਰ ਨਜ਼ਰ ਦੇ ਨਾਮ ਕਰਕੇ, ਦਰਿਆਈ ਅਨਾਇਤ ਵਰਗਾ ਪਰਉਪਕਾਰੀ ਕਰਮ ਸਿਰਫ ਆਪਣੇ ਹੀ ਆਪਣਿਆਂ ਲਈ ਕਰਦੇ।
ਨਜ਼ਰ ਵਿਚੋਂ ਨਜ਼ਰੀਆ ਪੜ੍ਹਨ ਅਤੇ ਨਜ਼ਰੀਏ ਵਿਚੋਂ ਨਸੀਬਾਂ ਦੇ ਨਕਸ਼ ਉਘਾੜਨ ਵਾਲੇ ਹੀ ਜਿ਼ੰਦਗੀ ਨੂੰ ਵੱਖਰੇ ਕੋਣ ਤੋਂ ਸਮਝਣ ਅਤੇ ਇਸ ਨੂੰ ਆਪਣੇ ਨਜ਼ਰੀਏ ਅਨੁਸਾਰ ਵਿਉਂਤਣ ਤੇ ਵਿਸਥਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ।
ਨਜ਼ਰਾਂ ਵਿਚ ਨਖਰਾ, ਨਮੋਸ਼ੀ, ਨਾਦਾਰਦੀ ਜਾਂ ਨਕਾਰਾਤਮਿਕਤਾ ਨਹੀਂ ਹੋਣੀ ਚਾਹੀਦੀ। ਨਾ ਹੀ ਇਸ ਵਿਚ ਨਾਲਾਇਕੀ, ਨਿਘੋਚਾਪਣ ਜਾਂ ਨਾਅਹਿਲੀਅਤ ਹੋਣੀ ਚਾਹੀਦੀ, ਸਗੋਂ ਇਸ ਦੇ ਦਿਸਹੱਦਿਆਂ ਵਿਚਲੀ ਨਰਮਾਈ, ਨਾਚੀਜ਼ਤਾ ਅਤੇ ਨਿਰਮਾਣਤਾ ਨਾਲ ਹੀ ਨਜ਼ਰ ਵਸੀਹ ਹੁੰਦੀ। ਬਹੁਤ ਲੋਕ ਹੁੰਦੇ, ਜੋ ਨਜ਼ਰਾਂ ਨਾਲ ਹੀ ਹਰੇਕ ਨੂੰ ਤੋਲਦੇ ਤੇ ਕਿਆਸਦੇ, ਪਰ ਆਪਣੇ ਅਸਾਂਵੇਂਪਣ ਨੂੰ ਖੁਦ ਹੀ ਦੇਖਣ ਤੋਂ ਅਸਮਰਥ ਹੁੰਦੇ। ਲੋੜ ਹੈ, ਕਦੇ ਕਦਾਈਂ ਦੂਸਰਿਆਂ ਦੀ ਨਜ਼ਰ ਨਾਲ ਖੁਦ ਨੂੰ ਦੇਖੋ ਤਾਂ ਪਤਾ ਲੱਗੇਗਾ ਕਿ ਤੁਸੀਂ ਕੀ ਹੋ? ਤੁਹਾਡੀ ਕੀ ਅਹਿਮੀਅਤ ਹੈ? ਖੁਦ ਨੂੰ ਹੀ ਖੁਦਾ ਸਮਝਣ ਅਤੇ ਖੁਦ ਹੀ ਆਪਣੀ ਸੌੜੀਆਂ ਸੋਚਾਂ ਨੂੰ ਖੁਦਦਾਰੀ ਦੇ ਪੱਠੇ ਪਾਉਣ ਨਾਲ ਕੋਈ ਵੱਡਾ ਨਹੀਂ ਹੁੰਦਾ, ਸਗੋਂ ਉਹ ਹੋਰ ਹੀਣਾ ਹੋਈ ਜਾਂਦਾ। ਦੂਸਰਿਆਂ ਦੇ ਨੈਣਾਂ ਵਿਚ ਖੁਦ ਦੀਆਂ ਕਮੀਆਂ ਤੇ ਕੁਤਾਹੀਆਂ ਨੂੰ ਦੂਰ ਕਰਕੇ ਹੀ ਅਸੀਂ ਆਪਣੀ ਨਜ਼ਰ ਨੂੰ ਖੁਦ ਹੋਰ ਉਤਾਂਹ ਚੁੱਕ ਸਕਦੇ ਹਾਂ। ਮਹਾਨ ਵਿਅਕਤੀ ਹਮੇਸ਼ਾ ਦੂਸਰਿਆਂ ਦੇ ਦੀਦਿਆਂ ਵਿਚ ਉਤਰੇ ਬਿੰਬ ਵਿਚੋਂ ਹੀ ਆਪਣੇ ਸ਼ਖਸੀ ਬਿੰਬ ਨੂੰ ਹੋਰ ਨਿਖਾਰਨ ਲਈ ਯਤਨਸ਼ੀਲ ਰਹਿੰਦੇ।
ਕੁਝ ਲੋਕ ਨੈਣ-ਵਿਹੂਣੇ ਹੁੰਦੇ ਹੋਏ ਵੀ ਨਜ਼ਰ ਦੀ ਦਾਤ ਹਰੇਕ ਦੀ ਝੋਲੀ ਵਿਚ ਪਾਉਂਦੇ। ਉਨ੍ਹਾਂ ਦਾ ਅੰਦਰਲਾ, ਚਾਨਣ-ਚਾਨਣ ਹੁੰਦਾ। ਇਸ ਅੰਦਰਲੇ ਚਾਨਣ ਨੂੰ ਵੰਡਣ ਦੀ ਜਾਚ ਕਾਰਨ ਹੀ ਉਹ ਮਾਨਵਵਾਦੀ ਅਤੇ ਬੰਦਿਆਈ ਭਰਪੂਰ ਕਾਰਜਾਂ ਨੂੰ ਪਹਿਲੀ ਪਸੰਦ ਬਣਾਉਂਦੇ। ਆਪਣੀਆਂ ਲੋੜ੍ਹਾਂ, ਥੋੜ੍ਹਾਂ ਅਤੇ ਘਾਟਾਂ ਨੂੰ ਨਾ ਆਪਣੀ ਕਮਜੋਰੀ ਤੇ ਨਾ ਹੀ ਨਮੋਸ਼ੀ ਬਣਾਉਂਦੇ। ਸਗੋਂ ਇਸ ਨੂੰ ਇਕ ਤਾਕਤ ਬਣਾ, ਸਮਾਜ ਲਈ ਮਿਸਾਲ ਬਣਦੇ। ਦੁਨੀਆਂ ਅਲੋਕਾਰਾ ਮੁਕਾਮ ਸਿਰਜਣ ਲਈ, ਤਮਾਮ ਕੋਸਿ਼ਸ਼ਾਂ ਨੂੰ ਇਕ ਬਿੰਦੂ ‘ਤੇ ਕੇਂਦਰਤ ਕਰਦੇ। ਉਨ੍ਹਾਂ ਲਈ ਸਮੂਹਿਕ ਸੋਚ ਅਤੇ ਬੰਦਿਆਈ ਹੀ ਪ੍ਰਮੁੱਖਤਾ ਹੁੰਦੀ।
ਨਜ਼ਰ ਨੂੰ ਕਦੇ ਨਿਕੰਮੀ, ਨਿਗੂਣੀ ਜਾਂ ‘ਨੇਰ-ਪੱਖੀ ਨਾ ਬਣਾਓ। ਨਜ਼ਰ ਵਿਚੋਂ ਹੀ ਨਦਰਿ ਪਨਪਦੀ ਤੇ ਨਸੀਬਾਂ ਨੂੰ ਪਰਵਾਜ਼ ਮਿਲਦੀ। ਨਸੀਬ, ਮਸਤਕ ‘ਤੇ ਖੁਣੀਆਂ ਲਕੀਰਾਂ ਨਹੀਂ। ਇਹ ਤਾਂ ਚੇਤਨਾ ਵਿਚ ਬੈਠੀ ਸੂਖਮ ਸੰਵੇਦਨਾ ਨੂੰ ਮੁਖਾਤਬ ਹੋਣਾ ਹੁੰਦਾ, ਜਿਸ ਨਾਲ ਮਨੁੱਖ ਵਿਚੋਂ ਮਨੁੱਖਤਾ, ਬੰਦੇ ਵਿਚੋਂ ਬੰਦਿਆਈ ਅਤੇ ਵਿਅਕਤੀ ਵਿਚੋਂ ਵਿਅਕਤੀਤਵ ਦਾ ਸੁੱਚਮ ਨਿਹਾਰਨ ਦੀ ਆਦਤ ਪੈਂਦੀ। ਨਜ਼ਰ ਵਿਚੋਂ ਨਜ਼ਰੀਏ ਨੂੰ ਪੜ੍ਹਨ, ਪ੍ਰਵਾਨ ਕਰਨ ਅਤੇ ਇਸ ਨੂੰ ਨਸੀਬਾ ਬਣਾਉਣ ਲਈ ਰੁਚਿਤ ਹੋਣਾ ਹੀ ਮਨੁੱਖ ਦਾ ਸੁੱਚਾ ਕਰਮ।
ਨਜ਼ਰਾਂ ਤੋਂ ਪਾਰ ਕੋਈ ਵਿਰਲਾ ਹੀ ਦੇਖਦਾ, ਭਰਦਾ ਏ ਨਦਰਿ ਦਾ ਪਾਣੀ। ਉਸ ਦੇ ਰਾਹਾਂ ਵਿਚ ਜਿ਼ੰਦਗੀ ਦੀ ਰੇਜ਼ਤਾ ਤੇ ਅੰਤਰੀਵ ‘ਚ ਵੱਸਦੀ ਰੂਹਾਨੀ। ਸਮਿਆਂ ਦੀ ਬੀਹੀ ਵਿਚ ਸੁੱਚੀ ਸੱਚੀ ਹਾਕ ਮਾਰੇ ਤੇ ਸਾਹਾਂ ਵਿਚ ਮਹਿਕਦੀ ਏ ਲੋਰ। ਵਕਤਾਂ ਦੀ ਰੰਗਤ ਵਿਚ ਰੰਗੀ ਜਾਂਦੀ, ਠਿੱਬੇ ਜਿਹੇ ਪੱਬਾਂ ਦੀ ਵੀ ਤੋਰ। ਨਜ਼ਰ ਤੋਂ ਨਸੀਬ ਅਤੇ ਨਦਰਿ ਨਿਹਾਰਨਾ, ਸੁੱਚੇ ਜਿਹੇ ਬੰਦਿਆਂ ਦਾ ਕਾਜ਼। ਤਾਹੀਉਂ ਉਹ ਜਿ਼ੰਦਗੀ ਵਿਚ ਰੁੱਝੇ ਹੋਏ, ਜਾਣਦੇ ਨੇ ਜਿ਼ੰਦਗੀ ਦਾ ਰਾਜ਼।
ਜਿ਼ੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਤੇ ਔਕੜਾਂ ਹੁੰਦੀਆਂ। ਅਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ, ਇਸ ‘ਚੋਂ ਕੀ ਅਰਥ ਕੱਢਦੇ, ਇਸ ਨੂੰ ਆਪਣੀ ਸੋਚ-ਸਮਝ ਅਨੁਸਾਰ ਕਿਵੇਂ ਵਿਉਂਤਦੇ ਅਤੇ ਇਸ ਵਿਚੋਂ ਸੁਚਾਰੂ ਸਿੱਟੇ ਕੱਢਣ ਵਿਚ ਕਿੰਨੇ ਕਾਮਯਾਬ ਹੁੰਦੇ, ਇਹ ਮਨੁੱਖ ਦੇ ਨਜ਼ਰੀਏ ‘ਤੇ ਨਿਰਭਰ। ਕਿਸੇ ਲਈ ਪਾਣੀ ਦਾ ਅੱਧਾ ਗਲਾਸ ਖਾਲੀ ਹੁੰਦਾ, ਜਦ ਕਿ ਕਿਸੇ ਲਈ ਅੱਧਾ ਭਰਿਆ ਹੁੰਦਾ।
ਅਕਸਰ ਨਜ਼ਰ ਨੂੰ ਉਹ ਚੀਜ਼ ਚੰਗੀ ਲੱਗਦੀ, ਜੋ ਨਸੀਬ ਵਿਚ ਨਹੀਂ ਹੁੰਦੀ, ਜਦੋਂ ਕਿ ਕਈ ਵਾਰ ਨਸੀਬ ਵਿਚ ਉਹ ਚੀਜ਼ ਹਾਸਲ ਹੋ ਜਾਂਦੀ, ਜਿਹੜੀ ਸਾਡੀ ਨਜ਼ਰ ਨੂੰ ਨਜ਼ਰ ਹੀ ਨਹੀਂ ਆਉਂਦੀ। ਜਿ਼ੰਦਗੀ ਵਿਚ ਨਸੀਬ ਪਲ ਪਲ ਬਦਲਦੇ ਨੇ। ਇਸ ਨੂੰ ਤਾਂ ਹੀ ਜਿ਼ੰਦਗੀ ਕਹਿੰਦੇ। ਕਦੇ ਕੁਝ ਗਵਾਉਣ ਦਾ ਕੋਈ ਗਮ ਨਾ ਕਰੋ, ਕਿਉਂਕਿ ਜਿਹੜਾ ਤੁਹਾਨੂੰ ਹਾਸਲ ਹੈ, ਉਹ ਕਿਹੜਾ ਘੱਟ ਆ। ਦਰਅਸਲ ਬੰਦੇ ਨੂੰ ਸਮਝਣਾ ਚਾਹੀਦਾ ਕਿ ਜੋ ਕੋਲ ਨਹੀਂ ਹੈ, ਉਹ ਤਾਂ ਸਿਰਫ ਇਕ ਖਾਬ ਹੈ; ਪਰ ਜੋ ਕੋਲ ਹੈ, ਉਹ ਤਾਂ ਬਾਕਮਾਲ ਹੈ। ਇਸ ਲਾਜਵਾਬੀ ਨੂੰ ਜੀਵਨੀ ਲਬਰੇਜ਼ਤਾ ਬਣਾ ਲਵੋਗੇ ਤਾਂ ਜਿ਼ੰਦਗੀ ਬਹੁਤ ਸੁੰਦਰ ਨਜ਼ਰ ਆਵੇਗੀ।
ਨਜ਼ਰ ਨੂੰ ਨਦਰਿ ਦੇ ਰੂਪ ਵਿਚ ਨਿਹਾਰੋ। ੀੲਸ ਦੀ ਪਾਕੀਜ਼ਗੀ ਨੂੰ ਜੀਵਨ ਦੀ ਰੂਹ-ਰੇਜ਼ਤਾ ਰਾਹੀਂ ਵਿਸਥਾਰੋ। ਇਸ ਦੇ ਚਾਨਣ ਰੱਤੜੇ ਰੂਪ ਨੂੰ ਅੰਤਰੀਵ ਵਿਚ ਉਤਾਰੋ। ਤੁਹਾਡੇ ਮੁੱਖ ‘ਤੇ ਨਸੀਬਾਂ ਦਾ ਫੈਲਿਆ ਨੂਰ, ਆਲੇ-ਦੁਆਲੇ ਨੂੰ ਰੌਸ਼ਨ-ਰੌਸ਼ਨ ਕਰੇਗਾ। ਰੌਸ਼ਨੀ ਦੇ ਭਰੇ ਭੰਡਾਰ ਵਿਚ, ਜੀਵਨ ਦੇ ਹਰ ਰੰਗ ਨੂੰ ਉਸੇ ਰੂਪ ਵਿਚ ਮਾਣਨ ਤੇ ਅੰਤਰੀਵਤਾ ਵਿਚ ਸਮਾਉਣ ਦੀ ਸੋਝੀ ਮਿਲੇਗੀ।
ਨਜ਼ਰ ਵਿਚ ਉਪਰ ਉਠਣਾ ਜਾਂ ਨਜ਼ਰਾਂ ਵਿਚੋਂ ਗਿਰ ਜਾਣਾ, ਦੋ ਵੱਖ-ਵੱਖ ਵਰਤਾਰੇ ਅਤੇ ਵੱਖਰੇ ਸਰੋਕਾਰਾਂ ਦਾ ਸੰਦੇਸ਼। ਕੁਝ ਅੱਖਾਂ ‘ਤੇ ਬਿਠਾਉਂਦੇ ਤੇ ਕੁਝ ਦੀ ਸੋਚ ਹੈ, ‘ਹਮ ਦੁਸ਼ਮਣ ਕੋ ਭੀ ਬੜੀ ਸ਼ਾਨਦਾਰ ਸਜ਼ਾ ਦੇਤੇ ਹੈਂ। ਹਾਥ ਨਹੀਂ ਉਠਾਤੇ ਬਸ ਨਜ਼ਰ ਸੇ ਗਿਰਾ ਦੇਤੇ ਹੇਂ।’
ਨਜ਼ਰ ਵਿਚੋਂ ਅਲਫਾਜ਼ ਪੜ੍ਹਨ ਦੀ ਜਾਚ ਜਦ ਆ ਜਾਂਦੀ ਤਾਂ ਨਜ਼ਰੀਏ ਅਤੇ ਨਸੀਬ ਦੀ ਵੀ ਸਮਝ ਆ ਜਾਂਦੀ, ਪਰ ਅੱਖਾਂ ਵਿਚੋਂ ਅੱਖਰ ਪੜ੍ਹਨ ਦੀ ਤੌਫੀਕ ਵਿਰਲਿਆਂ ਨੂੰ ਹੀ ਹੁੰਦੀ।
ਨਜ਼ਰ ਤੇ ਨਜ਼ਰੀਏ ਵਿਚ ਅੰਤਰ, ਪਰ ਨਜ਼ਰ ਵਿਚੋਂ ਹੀ ਨਜ਼ਰੀਏ ਦਾ ਆਗਾਜ਼ ਅਤੇ ਨਜ਼ਰੀਆ ਹੀ ਨਸੀਬਾਂ ਨੂੰ ਉਕਰਨ ਵਿਚ ਸਹਾਈ।
ਨਜ਼ਰ, ਜਦ ਨਜ਼ਰ-ਅੰਦਾਜ਼ ਕਰਨ ਦੇ ਰਾਹ ਤੁਰਦੀ ਤਾਂ ਨਜ਼ਰੀਆ ਵੀ ਰੁੱਸ ਜਾਂਦਾ। ਫਿਰ ਨਸੀਬ ਵੀ ਬੇਦਾਵਾ ਦੇਣ ਲੱਗਿਆਂ ਦੇਰ ਨਹੀਂ ਲਾਉਂਦੇ।
ਨਜ਼ਰ ਦਾ ਧੁੰਦਲਕਾ ਤਾਂ ਓਪਰੇਸ਼ਨ ਕਰਕੇ ਜਾਂ ਐਨਕਾਂ ਲਾ ਕੇ ਦੂਰ ਕੀਤਾ ਜਾ ਸਕਦਾ, ਪਰ ਨਜ਼ਰੀਏ ਦੇ ਬਦਲਣ ਲਈ ਸਿਆਣਪ ਅਤੇ ਸਮਝ ਦਾ ਹੋਣੀ ਅਤਿ ਜਰੂਰੀ।
ਨਜ਼ਰ-ਏ-ਅੰਦਾਜ਼, ਮਨੁੱਖ ਦਾ ਸਭ ਤੋਂ ਉਤਮ ਰਾਜ਼। ਦਰਪਣ ਕਦੇ ਵੀ ਝੂਠ ਨਹੀਂ ਬੋਲਦਾ। ਨਜ਼ਰ-ਏ-ਅੰਦਾਜ਼ ਹੀ ਦੱਸ ਦਿੰਦਾ ਹੈ ਬਿਗਾਨਿਆਂ ਵਿਚ ਰਮੀ ਹੋਈ ਅਪਣੱਤ ਅਤੇ ਆਪਣਿਆਂ ਵਿਚ ਘਰ ਕਰ ਬੈਠੀ ਬੇਗਾਨਗੀ। ਨਜ਼ਰ-ਏ-ਅੰਦਾਜ਼, ਅਦਬੀ, ਸੁੱਚਾ ਤੇ ਸੱਚਾ ਹੋਵੇ ਤਾਂ ਸਾਦਗੀ ਵਿਚੋਂ ਵੀ ਸੁੰਦਰਤਾ ਦਾ ਮੁਜੱਸਮਾ ਫੁੱਟਦਾ।
ਹਰੇਕ ਦੀ ਨਜ਼ਰ ਵਿਚ ਕੋਈ ਵੀ ਪੂਰਨ ਬੇਗੁਨਾਹ ਨਹੀਂ ਰਹਿ ਸਕਦਾ, ਪਰ ਕਦੇ ਵੀ ਆਪਣੀ ਨਜ਼ਰ ਵਿਚੋਂ ਨਾ ਡਿੱਗੋ, ਕਿਉਂਕਿ ਡਿੱਗ ਕੇ ਉਠਣਾ ਬਹੁਤ ਮੁਹਾਲ ਹੁੰਦਾ। ਦਾਗ ਤਾਂ ਫਿਰ ਵੀ ਰਹਿ ਹੀ ਜਾਂਦੇ।
ਸਭ ਤੋਂ ਸੰਪੂਰਨ, ਸੱਚੇ, ਸੰਵੇਦਨਸ਼ੀਲ ਅਤੇ ਸਾਧਕ ਉਹ ਲੋਕ ਹੁੰਦੇ, ਜਿਨ੍ਹਾਂ ਦੀ ਨਜ਼ਰ ਵਿਚ ਜਿ਼ੰਦਗੀ ਬਹੁਤ ਹੁਸੀਨ ਹੁੰਦੀ। ਉਹ ਇਸ ਦੀ ਹੁਸੀਨਤਾ ਨੂੰ ਚਾਰ ਚੰਨ ਲਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ। ਜਿ਼ੰਦਗੀ ਨੂੰ ਹੋਰ ਅਰਥਮਈ, ਅਰੋਗ ਅਤੇ ਅਰਘ-ਰੰਗੀ ਬਣਾਉਣਾ ਹੀ ਜੀਵਨ ਦਾ ਮੂਲ-ਮੰਤਰ ਹੋਣਾ ਚਾਹੀਦਾ।
ਨਜ਼ਰ ਨਾਲ ਨਸੀਬ ਲਿਖਣ ਦੀ ਜਾਚ ਆ ਜਾਵੇ ਤਾਂ ਜਿ਼ੰਦਗੀ ਨੂੰ ਆਪਣੀ ਹੋਂਦ ਤੇ ਮਾਣ। ਤਦ ਨਜ਼ਰ, ਨਦਰਿ ਦਾ ਰੁਤਬਾ ਹਾਸਲ ਕਰਦੀ। ਅਜਿਹਾ ਮਾਣ ਬਣਨ ਵਿਚ ਪਹਿਲ ਤਾਂ ਕਰਨੀ ਹੀ ਪੈਣੀ। ਤਾਂ ਫਿਰ ਦੇਰ ਕਾਹਦੀ?