ਰੱਜ ਕੇ ਚੱਲੇ ਪੈਸਾ, ਨਸ਼ੇ ਤੇ ਬਾਹੂਬਲ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਇਸ ਵਾਰ ਪੰਚਾਇਤੀ ਚੋਣਾਂ ਵੀ ਵੱਡੀ ‘ਸਿਆਸੀ ਲਾਮ’ ਵਾਂਗ ਲੜੀਆਂ ਗਈਆਂ ਜਿਸ ਵਿਚ ਪੈਸੇ, ਸ਼ਰਾਬ ਅਤੇ ਬਾਹੂਬਲ ਦੀ ਖੁੱਲ੍ਹ ਕੇ ਵਰਤੋਂ ਹੋਈ। ਵੋਟਾਂ ਦੀ ਬੋਲੀ ਇਕ ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਲੱਗੀ। ਇਸ ਤੋਂ ਇਲਾਵਾ ਅਫੀਮ, ਭੁੱਕੀ ਤੇ ਸਮੈਕ ਵਰਗੇ ਨਸ਼ੇ ਵੀ ਧੜਾ-ਧੜ ਵੰਡੇ ਗਏ। ਚੋਣਾਂ ਵਿਚ ਸੱਤਾਧਾਰੀ ਧਿਰ ਨੇ ਸਰਕਾਰੀ ਮਸ਼ੀਨਰੀ ਨੂੰ ਖੁੱਲ੍ਹ ਕੇ ਆਪਣੇ ਹੱਕ ਵਿਚ ਭੁਗਤਾਇਆ ਅਤੇ ਵਿਰੋਧੀਆਂ ਦੇ ਕਾਗਜ਼ ਰੱਦ ਕਰਵਾਉਣ ਤੋਂ ਲੈ ਕੇ ਉਨ੍ਹਾਂ ਨੂੰ ਡਰਾਇਆ ਧਮਕਾਇਆ।
ਪੰਚਾਇਤੀ ਚੋਣਾਂ ਨੂੰ ਸਭ ਤੋਂ ਵੱਡਾ ਜਮਹੂਰੀ ਅਮਲ ਮੰਨਿਆ ਜਾਂਦਾ ਹੈ, ਪਰ ਇਸ ਵਾਰ ਪੰਜਾਬ ਵਿਚ ਇਸ ਦੇ ਅਰਥ ਹੀ ਬਦਲ ਦਿੱਤੇ ਗਏ। ਇਨ੍ਹਾਂ ਚੋਣਾਂ ਵਿਚ ਆਪਣੇ ਹਮਾਇਤੀਆਂ ਨੂੰ ਜਿਤਾਉਣ ਲਈ ਮੰਤਰੀਆਂ ਅਤੇ ਸੀਨੀਅਰ ਆਗੂਆਂ ਨੇ ਖੁਦ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ। ਵਿਦੇਸ਼ਾਂ ਵਿਚ ਬੈਠੇ ਪਰਵਾਸੀ ਪੰਜਾਬੀਆਂ ਨੇ ਵੀ ਪੰਚਾਇਤੀ ਚੋਣਾਂ ਵਿਚ ਪੂਰੀ ਦਿਲਚਸਪੀ ਦਿਖਾਈ ਤੇ ਕਈ ਆਪਣਾ ਕੰਮਕਾਰ ਛੱਡ ਕੇ ਪੰਜਾਬ ਪੁੱਜੇ। ਪਰਵਾਸੀ ਭਾਰਤੀਆਂ ਵੱਲੋਂ ਚੋਣਾਂ ਵਿਚ ਜਿੱਤ ਲਈ ਆਪਣੇ ਉਮੀਦਵਾਰਾਂ ਨੂੰ ਮਾਇਆ ਦੇ ਵੀ ਖੂਬ ਗੱਫੇ ਦਿੱਤੇ ਗਏ।
ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਨੇ ਗਰਾਮ ਪੰਚਾਇਤ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਕਿਸੇ ਵੀ ਪਾਰਟੀ ਨੇ ਆਪਣੇ ਚੋਣ ਨਿਸ਼ਾਨ ‘ਤੇ ਉਮੀਦਵਾਰ ਖੜ੍ਹੇ ਨਾ ਕੀਤੇ। ਕਾਂਗਰਸ ਨੇ ਸੱਤਾਧਾਰੀ ਧਿਰ ‘ਤੇ ਧੱਕੇਸ਼ਾਹੀ ਦੇ ਦੋਸ਼ ਲਾਏ, ਉਂਜ ਇਸ ਖ਼ਿਲਾਫ਼ ਖੁੱਲ੍ਹ ਕੇ ਕੋਈ ਵਿਰੋਧ ਨਹੀਂ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 40 ਸਾਲਾਂ ਦੇ ਸਿਆਸੀ ਜੀਵਨ ਵਿਚ ਲੋਕਤੰਤਰ ਦੀਆਂ ਇੰਨੀ ਵੱਡੀ ਪੱਧਰ ‘ਤੇ ਧੱਜੀਆਂ ਉਡਾਉਣ ਦੀ ਤਸਵੀਰ ਪਹਿਲਾਂ ਕਦੇ ਨਹੀਂ ਦੇਖੀ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਨੇ ਚੋਣਾਂ ਜਿੱਤਣ ਲਈ ਸਰਕਾਰੀ ਮਸ਼ੀਨਰੀ ਅਤੇ ਆਪਣੇ ਲੱਠਮਾਰਾਂ ਦੀ ਰੱਜ ਕੇ ਵਰਤੋਂ ਕੀਤੀ।
ਪੰਜਾਬ ਵਿਚ ਕੁੱਲ 13080 ਗਰਾਮ ਪੰਚਾਇਤਾਂ ਹਨ ਇਨ੍ਹਾਂ ਵਿਚੋਂ 1841 ਸਰਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਤਰ੍ਹਾਂ 11,139 ਪਿੰਡਾਂ ਵਿਚ ਸਰਪੰਚਾਂ ਦੀ ਚੋਣ ਲਈ ਸਿਰ ਧੜ ਦੀ ਬਾਜ਼ੀ ਲਾਈ ਗਈ। ਇਸ ਵਾਰ ਸਰਪੰਚੀ ਦੇ ਉਮੀਦਵਾਰਾਂ ਦੀ ਕੁੱਲ ਗਿਣਤੀ 30,748 ਸੀ ਜਿਸ ਵਿਚੋਂ 1841 ਦੀ ਚੋਣ ਸਰਬਸੰਮਤੀ ਨਾਲ ਹੋਣ ਤੋਂ ਬਾਅਦ 28,907 ਸਰਪੰਚੀ ਦੇ ਉਮੀਦਵਾਰ ਮੈਦਾਨ ਵਿਚ ਡਟੇ ਸਨ।
ਪੰਚਾਇਤਾਂ ਲਈ ਪੰਚ ਦੀ ਚੋਣ ਖਾਤਰ ਪਹਿਲੀ ਵਾਰ ਪਿੰਡਾਂ ਵਿਚ ਵਾਰਡਬੰਦੀ ਕੀਤੀ ਗਈ। ਪਿੰਡਾਂ ਵਿਚ ਕੁੱਲ 81,412 ਵਾਰਡ ਬਣਾਏ। ਇਨ੍ਹਾਂ ਵਿਚੋਂ 23,655 ਵਾਰਡਾਂ ਦੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਤੇ 94,274 ਉਮੀਦਵਾਰ ਮੈਦਾਨ ਵਿਚ ਡਟੇ। ਪੰਜਾਬ ਦੇ ਦਿਹਾਤੀ ਖੇਤਰ ਨਾਲ ਸਬੰਧਤ ਸਵਾ ਕਰੋੜ ਦੇ ਕਰੀਬ ਵੋਟਰਾਂ ਨੇ ਇਸ ਚੋਣ ਪ੍ਰਕਿਰਿਆ ਵਿਚ ਹਿੱਸਾ ਲਿਆ। ਵਾਰਡ ਦੇ ਵੋਟਰਾਂ ਨੇ ਆਪੋ-ਆਪਣਾ ਪੰਚ ਚੁਣਿਆ ਜਦੋਂਕਿ ਸਰਪੰਚ ਦੀ ਚੋਣ ਸਿੱਧੀ ਹੋਈ।
ਸਥਾਨਕ ਪੱਧਰ ਦੀਆਂ ਇਨ੍ਹਾਂ ਚੋਣਾਂ ਵਿਚ ਪੂਰੀ ਪੰਜਾਬ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ। ਵੱਖ-ਵੱਖ ਬੂਥਾਂ ‘ਤੇ 50309 ਜਵਾਨ ਤਾਇਨਾਤ ਕੀਤੇ ਗਏ। ਚੋਣ ਲਈ 13172 ਪੋਲਿੰਗ ਸਟੇਸ਼ਨ ਤੇ 18254 ਪੋਲਿੰਗ ਬੂਥ ਬਣਾਏ ਗਏ ਸਨ ਤੇ ਇਨ੍ਹਾਂ ਵਿਚੋਂ 1634 ਅਤਿ ਸੰਵੇਦਨਸ਼ੀਲ ਤੇ 4174 ਸੰਵੇਦਨਸ਼ੀਲ ਐਲਾਨੇ ਗਏ ਹਨ। ਅਤਿ ਸੰਵੇਦਨਸ਼ੀਲ ਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਲਈ ਵਾਧੂ ਜਵਾਨ ਤਾਇਨਾਤ ਕੀਤੇ ਗਏ। ਗਸ਼ਤ ਕਰਨ ਲਈ ਵੱਖਰੀਆਂ 658 ਗਸ਼ਤ ਪਾਰਟੀਆਂ ਵੀ ਤਾਇਨਾਤ ਕੀਤੀਆਂ ਗਈਆਂ।
______________________
ਅਕਾਲੀਆਂ ਦੇ ਆਪਸ ਵਿਚ ਸਿੰਗ ਫਸੇ
ਬਹੁਤੇ ਥਾਂਈਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਉਮੀਦਵਾਰਾਂ ਦੇ ਆਪਸ ਵਿਚ ਹੀ ਸਿੰਗ ਫਸੇ ਰਹੇ ਜਿਸ ਕਰ ਕੇ ਕਾਂਗਰਸ ਨੇ ਲਾਂਭੇ ਹੋ ਕੇ ਤਮਾਸ਼ਾ ਵੇਖਣਾ ਹੀ ਬਿਹਤਰ ਸਮਝਿਆ। ਹੋਰ ਤਾਂ ਹੋਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਪਿੰਡ ਬਾਦਲ ਵਿਚ ਵੀ ਅਕਾਲੀ ਇਕੱਠੇ ਨਾ ਰਹਿ ਸਕੇ ਅਤੇ ਇਕ ਧੜੇ ਨੇ ਆਖਰਕਾਰ ਕਾਂਗਰਸ ਦੀ ਹਮਾਇਤ ਕਰ ਦਿੱਤੀ। ਉਂਜ, ਅਕਾਲੀ ਦਲ ਪਿੰਡਾਂ ਵਿਚ ਉੱਭਰੀ ਇਸ ਧੜੇਬੰਦੀ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੈ ਜੋ ਉਸ ਲਈ ਅਗਲੀਆਂ ਲੋਕ ਸਭਾ ਚੋਣਾਂ ਵਿਚ ਮੁਸੀਬਤ ਬਣ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਇਹ ਕੰਡੇ ਖੁਦ ਹੀ ਬੀਜੇ ਹਨ ਜਿਸ ਦਾ ਖਮਿਆਜ਼ਾ ਹੁਣ ਉਸ ਨੂੰ ਭੁਗਤਣਾ ਪੈ ਰਿਹਾ ਹੈ।
Leave a Reply