ਪ੍ਰਿੰ. ਸਰਵਣ ਸਿੰਘ
ਪੈਂਤੀ ਸਾਲਾਂ ਦੀ ਪ੍ਰੋਫੈਸਰੀ ਤੇ ਪ੍ਰਿੰਸੀਪਲੀ ਕਰਨ ਪਿਛੋਂ ਮੈਂ ਰਿਟਾਇਰ ਹੋ ਚੁੱਕਾ ਸਾਂ। ਅਗਾਂਹ ਕਿਸੇ ਨਵੇਂ ਬੰਧਨ ਵਿਚ ਨਹੀਂ ਸਾਂ ਬੱਝਣਾ ਚਾਹੁੰਦਾ। ਖੇਡ ਲੇਖਕ ਤੇ ਖੇਡ ਬੁਲਾਰਾ ਹੋਣਾ ਮੇਰਾ ਚੜ੍ਹਦੀ ਜੁਆਨੀ ਤੋਂ ਸ਼ੌਕ ਸੀ। ਕਲਮ ਚਲਦੀ ਸੀ, ਅਖਬਾਰਾਂ ‘ਚ ਛਪਦਾ ਸਾਂ ਤੇ ਕਬੱਡੀ ਟੂਰਨਾਮੈਂਟਾਂ ‘ਤੇ ਬੋਲਦਾ ਸਾਂ। ਇਉਂ ਬਿਲਕੁਲ ਵਿਹਲਾ ਨਹੀਂ ਸਾਂ ਮੈਂ, ਪਰ ਮੇਰੇ ਮਿੱਤਰ ਮੈਨੂੰ ਵਾਰ ਵਾਰ ਆਰਾਂ ਲਾਉਂਦੇ ਕਿ ਪੰਜਾਬੀ ‘ਚ ਨਿਰੋਲ ਖੇਡਾਂ ਦਾ ਰਸਾਲਾ ਕੱਢੋ। ਕਿਤਾਬ ਦੀ ਆਪਣੀ ਥਾਂ ਹੁੰਦੀ ਹੈ, ਮੈਗਜ਼ੀਨ ਦੀ ਆਪਣੀ। ਮੈਗਜ਼ੀਨ ਵਧੇਰੇ ਖੇਡ ਜਾਗ੍ਰਤੀ ਪੈਦਾ ਕਰ ਸਕਦੈ।
ਕੌਮਾਂਤਰੀ ਖੇਡ ਮੇਲਿਆਂ ਦਾ ਫੋਟੋਗ੍ਰਾਫਰ ਸੰਤੋਖ ਸਿੰਘ ਮੰਡੇਰ ਤੇ ਪਹਿਲਵਾਨ ਕਰਤਾਰ ਸਿੰਘ ਦਾ ਭਰਾ ਗੁਰਚਰਨ ਸਿੰਘ ਢਿੱਲੋਂ ਮੇਰੇ ਮਗਰ ਹੀ ਪੈ ਗਏ। ਉਹ ਮੁੜ ਮੁੜ ਕਹਿੰਦੇ, “ਕੱਢੋ ਮੈਗਜ਼ੀਨ ਜੀ ਕੱਢੋ, ਅਸੀਂ ਤੁਹਾਡੇ ਨਾਲ ਹਾਂ। ਸਾਡੀ ਜੋ ਮਰਜ਼ੀ ਡਿਊਟੀ ਲਾਓ।”
ਮੈਂ ਸੋਚੀਂ ਪੈ ਗਿਆ। ਪੰਜਾਬੀ ਕਰੋੜਾਂ ਲੋਕਾਂ ਦੀ ਬੋਲੀ ਹੈ। ਸੌ ਤੋਂ ਵੱਧ ਮੁਲਕਾਂ ਵਿਚ ਪੰਜਾਬੀ ਵਸਦੇ ਹਨ। ਇਸ ਹਾਲਤ ਵਿਚ ਪੰਜਾਬੀ ਦਾ ਮਿਆਰੀ ਰਸਾਲਾ ਕੌਮਾਂਤਰੀ ਪੱਧਰ ‘ਤੇ ਵਿਚਰ ਕੇ ਪੰਜਾਬੀ ਮੂਲ ਦੇ ਲੋਕਾਂ ਦੀ ਆਪਸੀ ਸਾਂਝ ਬਰਕਰਾਰ ਰੱਖ ਸਕਦਾ ਹੈ। ਪੰਜਾਬ ਦੀ ਦੇਸੀ ਖੇਡ ਕਬੱਡੀ ਦੇ ਟੂਰਨਾਮੈਂਟ ਕਈ ਸਾਲਾਂ ਤੋਂ ਦੇਸ-ਵਿਦੇਸ਼ ਦੇ ਪੰਜਾਬੀਆਂ ਵਿਚਾਲੇ ਮੇਲ-ਜੋਲ ਦੇ ਚੰਗੇ ਸਾਧਨ ਬਣੇ ਹੋਏ ਸਨ। ਸੰਭਵ ਹੈ, ਕਦੇ ਪੰਜਾਬੀ ਓਲੰਪਿਕਸ ਦੀ ਵਿਧ ਵੀ ਬਣ ਜਾਵੇ। ਖਿਲਰਦੀਆਂ ਕੌਮਾਂ ਤੇ ਭਾਈਚਾਰਿਆਂ ਨੂੰ ਖੇਡਾਂ ਦੀ ਤੰਦ ਆਪਸ ਵਿਚ ਪ੍ਰੋਈ ਰੱਖਣ ‘ਚ ਸਹਾਈ ਹੋ ਸਕਦੀ ਹੈ। ਖੇਡ ਸਭਿਆਚਾਰ ਦੇ ਪਸਾਰੇ ਵਿਚ ਖੇਡ ਰਸਾਲਾ ਯਥਾਯੋਗ ਰੋਲ ਨਿਭਾ ਸਕਦਾ ਹੈ।
ਉਦੋਂ ਹੋਰਨਾਂ ਭਾਸ਼ਾਵਾਂ ‘ਚ ਤਾਂ ਖੇਡਾਂ ਦੇ ਪਰਚੇ ਨਿਕਲਦੇ ਸਨ, ਪਰ ਪੰਜਾਬੀ ਵਿਚ ਇਸ ਦੀ ਅਣਹੋਂਦ ਸੀ। ਸੱਚਮੁੱਚ ਲੋੜ ਸੀ ਕਿ ਪੰਜਾਬੀ ਖੇਡ ਜਗਤ ਲਈ ਕੌਮਾਂਤਰੀ ਪੱਧਰ ਦਾ ਕੋਈ ਚੰਗਾ ਖੇਡ ਰਸਾਲਾ ਕੱਢਿਆ ਜਾਵੇ। ਉਸ ਰਸਾਲੇ ਰਾਹੀਂ ਖੇਡਾਂ ਤੇ ਖਿਡਾਰੀਆਂ ਦੀ ਗੱਲ ਤੋਰੀ ਜਾਵੇ ਤੇ ਉਦੇਸ਼ ਹੋਵੇ ਕਿ ਪੰਜਾਬੀਆਂ ਦੇ ਜੁੱਸੇ ਤਕੜੇ ਕਰਨੇ ਹਨ। ਦਾਨਿਸ਼ਵਰਾਂ ਦਾ ਮੱਤ ਹੈ ਕਿ ਬਲਵਾਨ ਜੁੱਸੇ ਵਿਚ ਹੀ ਬਲਵਾਨ ਬੁੱਧੀ ਪ੍ਰਫੁਲਤ ਹੋ ਸਕਦੀ ਹੈ। ਖੇਡਾਂ ਖੇਡਣ ਦੇ ਉਦੇਸ਼ ਬਹੁਪੱਖੀ ਹਨ। ਇਹ ਚੜ੍ਹਦੀ ਉਮਰ ‘ਚ ਪੈਦਾ ਹੋ ਰਹੀ ਵਾਧੂ ਊਰਜਾ ਦੇ ਸਹਿਜ ਨਿਕਾਸ ਦਾ ਵਧੀਆ ਵਸੀਲਾ ਹਨ। ਤਦੇ ਤਾਂ ਕਹਿੰਦੇ ਹਨ ਕਿ ਖੇਡ ਮੁਕਾਬਲੇ ਲੜਾਈਆਂ-ਝਗੜਿਆਂ ਦਾ ਵਧੀਆ ਬਦਲ ਹਨ। ਖੇਡਾਂ ਵਿਹਲੇ ਸਮੇਂ ਨੂੰ ਵਰਤਣ ਦਾ ਵਧੀਆ ਸਾਧਨ ਹਨ। ਵਿਹਲਾ ਬੰਦਾ ਸ਼ੈਤਾਨ ਦਾ ਚਰਖਾ ਹੁੰਦਾ ਹੈ। ਕਿਸੇ ਆਹਰੇ ਲੱਗਾ ਹੀ ਉਹ ਲਾਈ-ਬੁਝਾਈ ਤੋਂ ਬਚ ਸਕਦਾ ਹੈ। ਜਦੋਂ ਹੱਥਾਂ ਵਿਚ ਰੰਬੇ ਦਾਤੀਆਂ, ਕਾਗਜ਼-ਕਲਮਾਂ ਜਾਂ ਹਲ-ਹਥੌੜੇ ਨਾ ਹੋਣ ਤਾਂ ਹਾਕੀਆਂ ਤੇ ਬੱਲੇ ਵਿਹਲਾ ਸਮਾਂ ਚੰਗਾ ਲੰਘਾ ਸਕਦੇ ਹਨ। ਜੇ ਹੱਥਾਂ ਵਿਚ ਕੁਝ ਵੀ ਨਾ ਹੋਵੇ ਤਾਂ ਉਨ੍ਹਾਂ ਨੂੰ ਮਾਰੂ ਹਥਿਆਰਾਂ ਵੱਲ ਵਧਣੋਂ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਖੇਡਾਂ ਨਿਰਾਸ਼ਾ ‘ਚ ਹੁੰਦੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਪਾ ਸਕਦੀਆਂ ਹਨ।
ਮਨੋਰੰਜਨ ਮਨੁੱਖ ਦੀ ਬੁਨਿਆਦੀ ਮਨੋਬਿਰਤੀ ਹੈ। ਜਿਵੇਂ ਢਿੱਡ ਨੂੰ ਰੋਟੀ ਚਾਹੀਦੀ ਹੈ, ਉਵੇਂ ਮਨ ਨੂੰ ਮਨੋਰੰਜਨ ਚਾਹੀਦੈ। ਨੱਚਣ ਕੁੱਦਣ ਮਨ ਕਾ ਚਾਓ। ਮਨੋਰੰਜਨ ਤੋਂ ਬਿਨਾ ਜੀਵਨ ਅਕਾਊ ਹੋ ਜਾਂਦੈ। ਬੇਰਸਾ ਜੀਵਨ ਜਿਊਣ ‘ਚ ਕੋਈ ਚਾਅ ਨਹੀਂ ਰਹਿੰਦਾ। ਬੰਦਾ ਲੰਮੀਆਂ ਉਮਰਾਂ ਤਦ ਹੀ ਮਾਣ ਸਕਦੈ, ਜੇ ਜੀਵਨ ਜਿਊਣ ਦੇ ਚਾਅ ਚੜ੍ਹੇ ਰਹਿਣ। ਚਾਅ, ਰੀਝਾਂ, ਖਾਹਿਸ਼ਾਂ, ਸੁਪਨੇ ਤੇ ਸੁਆਦ ਜੀਵਨ ਜਿਊਣ ਦੇ ਮੂਲ ਆਧਾਰ ਹਨ। ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਲੋੜੀਂਦਾ ਮਨੋਰੰਜਨ ਭਾਲਦੀਆਂ ਹਨ। ਚੰਗਾ ਮਨੋਰੰਜਨ ਨਾ ਮਿਲੇ ਤਾਂ ਮਨੁੱਖ ਮਾੜੇ ਮਨੋਰੰਜਨ ਵੱਲ ਵਧਦਾ ਹੈ। ਮਾੜੀ ਤੇ ਲੱਚਰ ਗਾਇਕੀ ਉਦੋਂ ਵਧਦੀ ਹੈ, ਜਦੋਂ ਮੁਕਾਬਲੇ ‘ਤੇ ਚੰਗੀ ਤੇ ਸਾਫ ਸੁਥਰੀ ਗਾਇਕੀ ਨਾ ਹੋਵੇ। ਜਦੋਂ ਸਿਹਤਮੰਦ ਮਨੋਰੰਜਨ ਨਾ ਮਿਲਣ ਤਾਂ ਭੈੜੇ ਮਨੋਰੰਜਨਾਂ ਦੀ ਚੜ੍ਹਤ ਹੋ ਜਾਂਦੀ ਹੈ। ਪਹਿਲਵਾਨ ਤੇ ਵੇਸਵਾ ਦੀ ਮਿਸਾਲ ਲੈ ਲਓ। ਮੱਲਾਂ ਦੇ ਜੁੱਸੇ ਤਕੜੇ ਬਣਨ ਦੀ ਚੇਟਕ ਲਾਉਂਦੇ ਹਨ, ਜਦ ਕਿ ਵੇਸਵਾਵਾਂ ਪੁੱਠੇ ਪਾਸੇ ਤੋਰਦੀਆਂ ਹਨ। ਖਿਡਾਰੀਆਂ ਦਾ ਮਨੋਰੰਜਨ ਉਸਾਰੂ ਹੈ, ਕੰਜਰੀਆਂ ਦਾ ਨਿਘਾਰੂ। ਖੇਡਾਂ ਵਿਚ ਲਾਇਆ ਸਮਾਂ, ਸ਼ਕਤੀ ਤੇ ਧਨ ਮੋੜਵੇਂ ਰੂਪ ਵਿਚ ਨਰੋਈ ਸਿਹਤ ਤੇ ਖੁਸ਼ੀ ਖੇੜਾ ਬਖਸ਼ਦੇ ਹਨ।
ਖੇਡਾਂ ਸਿਰਫ ਮਨੋਰੰਜਨ ਹੀ ਨਹੀਂ ਕਰਦੀਆਂ, ਇਨ੍ਹਾਂ ਰਾਹੀਂ ਮਨੁੱਖੀ ਸ਼ਕਤੀ ਨੂੰ ਵੀ ਵਧਾਇਆ ਜਾ ਸਕਦਾ ਹੈ। ਖੇਡਾਂ ਦੇ ਟੁੱਟਦੇ ਰਿਕਾਰਡ ਇਸ ਦੀ ਪ੍ਰਤੱਖ ਮਿਸਾਲ ਹਨ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਸਮੇਂ ਸਭ ਤੋਂ ਤਕੜੇ ਬੰਦੇ ਨੇ ਮਸੀਂ ਇਕ ਕੁਇੰਟਲ ਦਾ ਬਾਲਾ ਕੱਢਿਆ ਸੀ, ਪਰ ਹੁਣ ਤਿੰਨ ਕੁਇੰਟਲ ਦੇ ਕਰੀਬ ਵਜ਼ਨ ਬਾਹਾਂ ‘ਤੇ ਤੋਲਣ ਲੱਗ ਪਿਆ ਹੈ। ਬੰਦੇ ਦੇ ਬੁਲੰਦ ਜੇਰੇ ਅੱਗੇ ਐਵਰੈੱਸਟ ਜਿਹੀਆਂ ਚੋਟੀਆਂ ਦੀ ਉਚਾਈ ਵੀ ਤੁੱਛ ਹੈ। ਉਹ ਚੰਦ ਉਤੇ ਪੈੜਾਂ ਕਰ ਆਇਆ ਹੈ ਤੇ ਪੁਲਾੜ ‘ਚ ਤਾਰੀਆਂ ਲਾਉਣ ਲੱਗ ਪਿਆ ਏ।
ਮੁੱਢ ਕਦੀਮ ਤੋਂ ਮਨੁੱਖ ਦੇ ਜਾਏ ਪ੍ਰਕਿਰਤਕ ਸ਼ਕਤੀਆਂ ਵਿਰੁੱਧ ਜੂਝਦੇ ਆਏ ਹਨ। ਇਨਸਾਨ ਫਤਿਹ ਹਾਸਲ ਕਰਨ ਲਈ ਜੰਮਿਆ ਹੈ। ਉਹ ਅੰਦਰ ਤੇ ਬਾਹਰ ਸਭਨਾਂ ਤਾਕਤਾਂ ਨੂੰ ਜਿੱਤ ਲੈਣਾ ਲੋਚਦਾ ਹੈ। ਇਕ ਪਾਸੇ ਉਹ ਮਨ ਜਿੱਤਣ ਦੇ ਆਹਰ ਵਿਚ ਹੈ ਤੇ ਦੂਜੇ ਪਾਸੇ ਜੱਗ ਜਿੱਤਣ ਦੇ। ਉਹ ਧਰਤੀ ਤੇ ਸਾਗਰ ਗਾਹੁਣ ਪਿਛੋਂ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣਾ ਚਾਹੁੰਦਾ ਹੈ। ਅਗਾਂਹ ਲੰਘ ਜਾਣ ਤੇ ਆਪਣੀ ਹੋਂਦ ਜਤਲਾਉਣ ਦੀ ਤਾਂਘ ਨੂੰ ਖੇਡਾਂ ਭਰਪੂਰ ਹੁੰਗਾਰਾ ਭਰਦੀਆਂ ਹਨ। ਖੇਡਾਂ ਦਾ ਇਤਿਹਾਸ ਮਨੁੱਖੀ ਵੰਗਾਰ ਤੇ ਉਸ ਦਾ ਮੁਕਾਬਲਾ ਕਰਨ ਦੀ ਵਾਰਤਾ ਹੈ। ਖੇਡਾਂ ਤਾਕਤ, ਤੰਦਰੁਸਤੀ ਤੇ ਸੁਹੱਪਣ ਦਾ ਸੋਮਾ ਹਨ, ਇਨ੍ਹਾਂ ਨਾਲ ਦੀ ਹੋਰ ਕੋਈ ਨੇਅਮਤ ਨਹੀਂ। ਇਹ ਕੌਮਾਂ ਦੀ ਸਿਹਤ ਦਾ ਅਜ਼ਮਾਇਆ ਸਾਧਨ ਹਨ। ਖੇਡਾਂ ਦੀ ਚੜ੍ਹਤ ਕਿਸੇ ਰਾਸ਼ਟਰ ਦੇ ਰਾਜ਼ੀ ਬਾਜ਼ੀ ਹੋਣ ਦਾ ਸਬੂਤ ਹੁੰਦੀ ਹੈ। ਖੇਡਾਂ ਵਿਚ ਮਨਪਰਚਾਵਾ ਵੀ ਹੈ ਅਤੇ ਜ਼ੋਰ ਤੇ ਜੁਗਤ ਦਾ ਪਰਤਿਆਵਾ ਵੀ। ਇਹ ਜੁੱਸਿਆਂ ਨੂੰ ਸਡੌਲਤਾ ‘ਚ ਢਾਲ ਕੇ ਦਿਲਕਸ਼ ਬਣਾ ਦਿੰਦੀਆਂ ਹਨ ਅਤੇ ਮਨੁੱਖੀ ਸੁਹਜ ਸੁਆਦ ਵਿਚ ਵਾਧਾ ਕਰਦੀਆਂ ਹਨ।
ਖੇਡ ਅਦਬ ਦੇ ਉਦੇਸ਼ ਹਨ, ਖੇਡਾਂ ਤੇ ਖਿਡਾਰੀਆਂ ਸਬੰਧੀ ਲੋੜੀਂਦੀ ਜਾਣਕਾਰੀ ਦੇਣੀ, ਖੇਡਾਂ ਖੇਡਣ ਤੇ ਵੇਖਣ ਲਈ ਸਿਖਿਅਤ ਕਰਨਾ, ਖੇਡ ਸਭਿਆਚਾਰ ਨਾਲ ਜੀਵਨ ਨੂੰ ਚੰਗੇਰੇ ਪਾਸੇ ਤੋਰਨਾ, ਜੀਵਨ ਨੂੰ ਖੁਸ਼ਹਾਲ, ਪ੍ਰਸੰਨ ਤੇ ਸੰਤੁਸ਼ਟ ਰੱਖਣ ਦੇ ਉਪਾਅ ਦੱਸਣਾ। ਖੇਡਾਂ ਸਿਹਤਮੰਦ ਮਨੋਰੰਜਨ ਲਈ, ਚੰਗੀ ਸਿਹਤ ਲਈ ਅਤੇ ਖੁਸ਼ੀ ਤੇ ਖੇੜੇ ਲਈ। ਖੇਡਾਂ ਮਿਲਵਰਤਣ ਤੇ ਮੁਕਾਬਲੇ ਲਈ ਅਤੇ ਸਿਖਰ ਛੋਹਣ ਅਥਵਾ ਐਕਸੇਲੈਂਸ ਵਿਖਾਉਣ ਲਈ। ਖੇਡਾਂ ਵਿਹਲੇ ਸਮੇਂ ਦੀ ਸਦਵਰਤੋਂ ਲਈ ਤੇ ਫਾਲਤੂ ਊਰਜਾ ਦੇ ਨਿਕਾਸ ਲਈ। ਇਨ੍ਹਾਂ ਉਦੇਸ਼ਾਂ ਦੇ ਨਾਲ ਪੰਜਾਬੀ ਖੇਡ ਰਸਾਲਾ ਪੰਜਾਬੀ ਖੇਡ ਅਦਬ ‘ਚ ਵੀ ਵਾਧਾ ਕਰ ਸਕਦਾ ਹੈ। ਨਵੀਂ ਖੇਡ ਸ਼ਬਦਾਵਲੀ ਤੇ ਖੇਡ ਸ਼ੈਲੀ ਸਿਰਜ ਸਕਦਾ ਹੈ।
ਖੇਡ ਰਸਾਲੇ ਵਿਚ ਖੇਡਾਂ ਤੇ ਸਮਾਜ, ਓਲੰਪਿਕ ਖੇਡਾਂ ਦਾ ਝਰੋਖਾ, ਖੇਡ ਮੇਲੇ, ਖੇਡ ਖਬਰਾਂ, ਖੇਡ ਕੋਚਿੰਗ, ਸਿਹਤਨਾਮਾ, ਪੰਜਾਬ ਦੀਆਂ ਦੇਸੀ ਖੇਡਾਂ, ਖੇਡ ਰਿਕਾਰਡ, ਖੇਡ ਪ੍ਰੋਮੋਟਰਾਂ ਤੇ ਖੇਡਾਂ ਦੇ ਚੈਂਪੀਅਨਾਂ ਬਾਰੇ ਕਾਲਮ ਚਲਾਏ ਜਾ ਸਕਦੇ ਹਨ। ਖੇਡ ਜਗਤ ਦੀਆਂ ਰੌਚਕ ਬਾਤਾਂ, ਖੇਡ ਵਿਅੰਗ ਤੇ ਖੇਡ ਤਬਸਰੇ ਲਿਖੇ ਜਾ ਸਕਦੇ ਹਨ। ਨਾਲ ਕੁਝ ਸਫੇ ਸਾਹਿਤਕ ਲਿਖਤਾਂ ਦੇ ਹੋ ਸਕਦੇ ਹਨ ਅਤੇ ਵਿਸ਼ਵ ਦੀਆਂ ਵੱਡੀਆਂ ਖਬਰਾਂ ਉਤੇ ਝਾਤ ਪੁਆਈ ਜਾ ਸਕਦੀ ਹੈ। ਸੁੰਦਰ ਦੱਖ ਦੇਣ ਵਾਲਾ ਸਚਿੱਤਰ ਖੇਡ ਮੈਗਜ਼ੀਨ ਪੰਜਾਬੀ ਘਰਾਂ ਦੀਆਂ ਬੈਠਕਾਂ ਦਾ ਸਿੰ਼ਗਾਰ ਬਣਾਇਆ ਜਾ ਸਕਦਾ ਹੈ।
ਮੈਂ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਬਾਰੇ ਸੋਚਣ ਲੱਗਾ, ਜਿਨ੍ਹਾਂ ‘ਤੇ ਲੱਖਾਂ ਡਾਲਰ/ਪੌਂਡ ਖਰਚਦੇ ਹਨ। ਸਾਡੀ ਫਿਤਰਤ ਹੈ ਕਿ ਅਸੀਂ ਕੁਝ ਘੰਟਿਆਂ ਦੀ ਬੱਲੇ ਬੱਲੇ ਕਰਵਾ ਕੇ ਸਮਝ ਲੈਂਦੇ ਹਾਂ, ਜੱਗ ਜਿੱਤਿਆ ਗਿਆ। ਪੰਜਾਬੀ ਇਤਿਹਾਸ ਤਾਂ ਸਿਰਜ ਲੈਂਦੇ ਹਨ, ਪਰ ਸੰਭਾਲਦੇ ਨਹੀਂ। ਜਿਨ੍ਹਾਂ ਪੰਜਾਬੀ ਖਿਡਾਰੀਆਂ ਨੇ ਓਲੰਪਿਕ ਖੇਡਾਂ ‘ਚੋਂ ਹਾਕੀ ਦੇ ਗੋਲਡ ਮੈਡਲ ਜਿੱਤੇ ਅੱਜ ਕੱਲ੍ਹ ਉਨ੍ਹਾਂ ਦੇ ਗੁਆਂਢੀ ਵੀ ਨਹੀਂ ਜਾਣਦੇ। ਅਨੇਕਾਂ ਚੈਂਪੀਅਨ ਖਿਡਾਰੀ ਗੁੰਮਨਾਮ ਹੋ ਗੁਜ਼ਰੇ ਨੇ। ਮੇਰੇ ਮਨ ‘ਚ ਆਈ, ਜੇ ਖੇਡ ਪ੍ਰੋਮੋਟਰ ਤੇ ਐਡਵਰਟਾਈਜ਼ਰ ਪੰਜਾਬੀ ਖੇਡ ਰਸਾਲੇ ਦੀ ਬਾਂਹ ਫੜ ਲੈਣ ਤਾਂ ਉਪਰੋਕਤ ਉਦੇਸ਼ਾਂ ਵੱਲ ਵਧਿਆ ਜਾ ਸਕਦਾ ਹੈ। ਆਖਰ ਮੈਂ ਸੰਤੋਖ ਮੰਡੇਰ ਤੇ ਗੁਰਚਰਨ ਢਿੱਲੋਂ ਨੂੰ ਹਾਮੀ ਭਰ ਦਿੱਤੀ, ਚਲੋ ਕੱਢ ਲਓ ਮੈਗਜ਼ੀਨ, ਮੈਂ ਤੁਹਾਡੇ ਨਾਲ ਹਾਂ। ਨਾਲ ਕਹਿ ਦਿੱਤਾ, ਸਿਰਫ ਇਕੋ ਵਾਰ ਹੀ ਤੁਹਾਡੇ ਨਾਲ ਚੰਦਾ ‘ਕੱਠਾ ਕਰਨ ਜਾ ਸਕਾਂਗਾ।
ਮੇਰਾ ਟਿਕਾਣਾ ਬਰੈਂਪਟਨ ਸੀ ਤੇ ਗੁਰਚਰਨ ਦਾ ਸਿਆਟਲ। ਅਸੀਂ ਸਰੀ ‘ਚ ਸੰਤੋਖ ਮੰਡੇਰ ਦੇ ਘਰ ‘ਕੱਠੇ ਹੋਏ। ਮੰਡੇਰ ਨੂੰ ਮੈਗਜ਼ੀਨ ਦਾ ਮੈਨੇਜਿੰਗ ਐਡੀਟਰ ਥਾਪਿਆ। ਮੈਗਜ਼ੀਨ ਨੂੰ ਸਿ਼ੰਗਾਰਨ, ਛਪਵਾਉਣ ਤੇ ਵੇਚਣ ਦੇ ਕਾਰਜ ਉਹਦੇ ਜਿ਼ੰਮੇ ਲਾਏ ਗਏ। ਗੁਰਚਰਨ ਢਿੱਲੋਂ ਨੂੰ ਡਾਇਰੈਕਟਰ ਐਡੀਟਰ ਬਣਾਇਆ, ਜਿਸ ਦੇ ਜਿੰ਼ਮੇ ਮੈਗਜ਼ੀਨ ਦਾ ਦਾਇਰਾ ਵਧਾਉਣਾ ਲਾਇਆ ਗਿਆ। ਮੈਂ ਮੁੱਖ ਸੰਪਾਦਕ ਵਜੋਂ ਮੈਗਜ਼ੀਨ ਦੇ ਸੰਪਾਦਨ ਦੀ ਡਿਊਟੀ ਸੰਭਾਲ ਲਈ। ਸਰੀ ਵਿਚ ਰਜਿਸਟਰ ਆਫ ਕੰਪਨੀਜ਼ ਮਨਿਸਟਰੀ ਆਫ ਫਾਈਨਾਂਸ ਐਂਡ ਕਾਰਪੋਰੇਟ ਰਿਲੇਸ਼ਨ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਨੂੰ ਲੋੜੀਂਦੇ ਵੇਰਵੇ ਦੇ ਕੇ ‘ਖੇਡ ਸੰਸਾਰ’ ਦਾ ਨਾਂ ਰਜਿਸਟਰ ਕਰਾ ਲਿਆ। ਬੈਂਕ ਵਿਚ ‘ਖੇਡ ਸੰਸਾਰ’ ਦਾ ਖਾਤਾ ਖੁਲ੍ਹਵਾ ਦਿੱਤਾ। ਦੋ ਕੁ ਮਹੀਨਿਆਂ ਵਿਚ ਓਹੜ-ਪੋਹੜ ਕਰ ਕੇ ਅਸੀਂ ‘ਖੇਡ ਸੰਸਾਰ’ ਦਾ ਪਹਿਲਾ ਅੰਕ ਛਾਪਣ ਲਈ ਨਾਭੇ ਦੇ ਮਹਿਰਮ ਗਰੁੱਪ ਨੂੰ ਭੇਜ ਦਿੱਤਾ। ਉਨ੍ਹਾਂ ਦੇ ਪਹਿਲਾਂ ਹੀ ਦੋ ਤਿੰਨ ਮੈਗਜ਼ੀਨ ਸਨ। ਮੰਡੇਰ ਨੇ ਸਮਝਿਆ, ਉਨ੍ਹਾਂ ਨਾਲ ਹੀ ‘ਖੇਡ ਸੰਸਾਰ’ ਵੀ ਭੇਜਿਆ ਜਾਂਦਾ ਰਹੇਗਾ।
ਸਾਡਾ ਅਗਲਾ ਕਾਰਜ ਮੈਗਜ਼ੀਨ ਦੇ ਅਗਲੇ ਅੰਕਾਂ ਲਈ ਚੰਦਾ ‘ਕੱਠਾ ਕਰਨਾ ਸੀ। ਰਸਾਲੇ ਕੱਢ ਰਹੇ ਤਜਰਬੇਕਾਰ ਮਿੱਤਰਾਂ ਦਾ ਕਹਿਣਾ ਸੀ ਕਿ ਲੱਖ ਡਾਲਰ ‘ਕੱਠੇ ਕਰੇ ਬਿਨਾ ਮੈਗਜ਼ੀਨ ਕੱਢਣ ਦਾ ਪੰਗਾ ਨਾ ਲਿਓ। ਚਾਰ-ਰੰਗੀਆਂ ਤਸਵੀਰਾਂ ਵਾਲਾ ਜਿਹੋ ਜਿਹਾ ਸਚਿੱਤਰ ਮੈਗਜ਼ੀਨ ਕੱਢਣ ਦੀ ਤੁਸੀਂ ਕਲਪਨਾ ਕਰੀ ਬੈਠੀ ਓਂ, ਉਹਦੇ ਹਰ ਅੰਕ ਦਾ ਖਰਚਾ ਦਸ ਪੰਦਰਾਂ ਹਜ਼ਾਰ ਡਾਲਰ ਆਊ, ਜੋ ਵੱਡੀਆਂ ਐਡਾਂ ਬਿਨਾ ਪੂਰਾ ਨਹੀਂ ਹੋਣਾ। ਪਰ ਅਸੀਂ ਤਾਂ ਬਿਨਾ ਤਿਆਰੀ ਦੇ ਹੀ ਪੰਗਾ ਲੈ ਬੈਠੇ ਸਾਂ। ਮੈਂ ਸੋਚਣ ਲੱਗਾ ਕਿ ਸਾਡੇ ਵਰਗੇ ਸਿੱਧੇ ਬੰਦਿਆਂ ਨੂੰ ਕੌਣ ਦੇਊ ਏਨੇ ਡਾਲਰ? ਪਰ ਆਸ ਸੀ ਕਿ ਜਿਹੜੇ ਲੋਕ ਕਬੱਡੀ ਟੂਰਨਾਮੈਂਟਾਂ ਉਤੇ ਲੱਖਾਂ ਡਾਲਰਾਂ ਦੀ ਸੋਟ ਕਰੀ ਜਾ ਰਹੇ ਨੇ, ਉਹ ਕਸਰਤੀ ਸਭਿਆਚਾਰ ਸਿਰਜਣ, ਨਵੀਂ ਪੀੜ੍ਹੀ ਨੂੰ ਉਸਾਰੂ ਪਾਸੇ ਲਾਉਣ ਤੇ ਸਿਹਤਮੰਦ ਮਨੋਰੰਜਨ ਕਰਨ ਵਾਲੇ ਦਰਸ਼ਨੀ ਮੈਗਜ਼ੀਨ ਲਈ ਵੀ ਸ਼ਾਇਦ ਬਣਦਾ ਸਰਦਾ ਤਿਲ-ਫੁੱਲ ਪਾ ਹੀ ਦੇਣ!
ਜੁਲਾਈ 2004 ‘ਚ ਮੈਂ ਟੋਰਾਂਟੋ ਤੋਂ ਵੈਨਕੂਵਰ ਨੂੰ ਹਵਾਈ ਜਹਾਜ ਚੜ੍ਹਿਆ। ਜਹਾਜ ਉਡਿਆ ਤਾਂ ਸ਼ਾਮ ਦਾ ਵੇਲਾ ਸੀ। ਪੂਰਬ ਤੋਂ ਪੱਛਮ ਵੱਲ ਉਡਾਣ ਹੋਣ ਕਾਰਨ ਸੂਰਜ ਛਿਪਣ ਦਾ ਨਾਂ ਨਹੀਂ ਸੀ ਲੈ ਰਿਹਾ। ਹੇਠਾਂ ਕੈਨੇਡਾ ਦੀ ਵਿਸ਼ਾਲ ਧਰਤੀ ਪਸਰੀ ਪਈ ਸੀ। ਉਹਦੇ ਉਤੇ ਬੱਦਲਾਂ ਦੀ ਛਾਂ ਤੈਰਦੀ ਦਿਸਦੀ। ਮੇਰੇ ਮਨ ਵਿਚ ਵੀ ਸੋਚਾਂ ਦੇ ਬੱਦਲ ਤੈਰ ਰਹੇ ਸਨ। ਬੱਦਲ ਰੰਗੀਨ ਰੂੰ ਦੇ ਗੋਹੜੇ ਜਾਪਦੇ ਸਨ। ਸੂਰਜ ਦੀ ਸੰਧੂਰੀ ਲੋਅ ਲਿਸ਼ਕ ਰਹੀ ਸੀ, ਜਦ ਮੈਂ ਵੈਨਕੂਵਰ ਦੇ ਹਵਾਈ ਅੱਡੇ ‘ਤੇ ਉਤਰਿਆ। ਅੱਗੋਂ ਮੰਡੇਰ ਮੈਨੂੰ ਲੈਣ ਆਇਆ ਖੜ੍ਹਾ ਸੀ ਤੇ ਗੁਰਚਰਨ ਵੀ ਸਿਆਟਲ ਤੋਂ ਸਰੀ ਪਹੁੰਚ ਗਿਆ ਸੀ।
ਅਸੀਂ ਪੁਰੇਵਾਲ ਬਲੂਬੇਰੀ ਫਾਰਮ ‘ਤੇ ਹਕੀਮਪੁਰ ਦੇ ਪੁਰੇਵਾਲ ਭਰਾਵਾਂ ਦਾ ਪੋਖਾ ਲੈਣ ਗਏ। ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਖੁਦ ਤਕੜੇ ਕਬੱਡੀ ਖਿਡਾਰੀ ਰਹੇ ਸਨ। ਉਨ੍ਹਾਂ ਨੇ ‘ਖੇਡ ਸੰਸਾਰ’ ਦੇ 100 ਪੱਕੇ ਗਾਹਕ ਬਣਾਉਣ ਦਾ ਹੁੰਗਾਰਾ ਭਰਿਆ। ਰੇਡੀਓ ਪੰਜਾਬ ਤੇ ਰੇਡੀਓ ਇੰਡੀਆ ਨੇ ਮੇਰੇ ਨਾਲ ਘੰਟੇ-ਘੰਟੇ ਦੇ ਟਾਕ-ਸ਼ੋਅ ਪ੍ਰਸਾਰਿਤ ਕੀਤੇ। ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਗੁਰਵਿੰਦਰ ਸਿੰਘ ਤੇ ਸੁਖਮਿੰਦਰ ਸਿੰਘ ਚੀਮੇ ਨੇ ‘ਖੇਡ ਸੰਸਾਰ’ ਵਿਚ ਉਚੇਚੀ ਦਿਲਚਸਪੀ ਵਿਖਾਈ। ਐਬਟਸਫੋਰਡ ਤੇ ਸਰੀ ਦੇ ਅਨੇਕਾਂ ਖਿਡਾਰੀਆਂ ਤੇ ਪਹਿਲਵਾਨਾਂ ਨੇ ਹਿੱਕ ਥਾਪੜੀ। ‘ਖੇਡ ਸੰਸਾਰ’ ਦਾ ਪਹਿਲਾ ਅੰਕ ਮਹਿਰਮ ਗਰੁੱਪ ਨੇ ਦਿੱਲੀ ਤੋਂ ਛਪਵਾਇਆ, ਜਿਸ ਦੀਆਂ ਵੀਹ ਕੁ ਕਾਪੀਆਂ ਸਾਡੇ ਕੋਲ ਸਨ। ਉਹ ਅਸੀਂ ਵਿਖਾ ਰਹੇ ਸਾਂ, ਪਰ ਜੇਬ ਤਰ ਨਹੀਂ ਸੀ ਹੋ ਰਹੀ।
ਉਥੋਂ ਅਸੀਂ ਸਿਆਟਲ ਗਏ, ਜਿਥੇ ਡਾ. ਹਰਚੰਦ ਸਿੰਘ, ਹਰਦੀਪ ਸਿੰਘ ਗਿੱਲ, ਚੰਨਾ ਆਲਮਗੀਰੀਆ, ਸੁਖਜਿੰਦਰ ਰੰਧਾਵਾ, ਬਲਜੀਤ ਸੋਹਲ, ਨਵਦੀਪ ਗਿੱਲ, ਕੁਲਵੰਤ ਸ਼ਾਹ ਤੇ ਹੋਰ ਕਈ ਸੱਜਣ ਮਿਲੇ। ਮਤਾ ਪਕਾਇਆ ਕਿ ਅਗਲੇ ਅੰਕ ‘ਚ ਸਿਆਟਲ ਦੀ ਕਵਰ ਸਟੋਰੀ ਕਰਾਂਗੇ। ਫਿਰ ਕੈਲੀਫੋਰਨੀਆ ਨੂੰ ਧਾਈਆਂ ਕਰ ਲਈਆਂ। ਸਾਡੀ ਕਾਰ ਮਿਰਜ਼ੇ ਦੀ ਬੱਕੀ ਬਣੀ ਵਾਟਾਂ ਵੱਢਦੀ ਜਾਂਦੀ ਸੀ। ਵਸਿ਼ੰਗਟਨ ਤੇ ਓਰੇਗਾਨ ਦੀਆਂ ਪਹਾੜੀ ਵਾਦੀਆਂ, ਨੀਲੀਆਂ ਝੀਲਾਂ ਤੇ ਦੂਰ ਤਕ ਦਿਸਦੀਆਂ ਹਰੇਵਾਈਆਂ ਅੱਖਾਂ ਨੂੰ ਤਰਾਵਟ ਬਖਸ਼ ਰਹੀਆਂ ਸਨ। ਟੇਪ ਤੋਂ ਗੀਤ ਗੂੰਜੀ ਜਾਂਦੇ ਸਨ, ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਕੰਡਾ ਚੁਭਾ ਤੇਰੇ ਪੈਰ ਬਾਂਕੀਏ ਨਾਰੇ ਨੀ…। ਸਾਡਾ ਪ੍ਰੋਗਰਾਮ ਸਭ ਤੋਂ ਪਹਿਲਾਂ ਦੀਦਾਰ ਸਿੰਘ ਬੈਂਸ ਤੇ ਜੌਹਨ ਗਿੱਲ ਨੂੰ ਮਿਲਣਾ ਸੀ, ਪਰ ਉਹ ਦੋਵੇਂ ਘਰ ਨਹੀਂ ਸਨ। ਸਤਾਰਾਂ ਘੰਟਿਆਂ ਦੀ ਡਰਾਈਵ ਕਰ ਕੇ ਅਸੀਂ ਖਾਲੀ ਹੱਥ ਲਿਵਿੰਗਸਟਨ ‘ਚ ਮੰਡੇਰ ਦੇ ਭਰਾ ਰਛਪਾਲ ਕੋਲ ਜਾ ਸੁੱਤੇ।
ਐਤਵਾਰ ਨੂੰ ਅਸੀਂ ਗੁਰੂ ਘਰਾਂ ‘ਚ ਜਾਣ ਦੀ ਸੋਚੀ। ਪਹਿਲਾਂ ਅਸੀਂ ਨਿੱਝਰ ਭਰਾਵਾਂ ਦੇ ਘਰ ਮਡੇਰੇ ਗਏ। ਸੁਰਿੰਦਰਪਾਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਉਤੇ ਗੁਰੂ ਦੀ ਮਿਹਰ ਹੈ। ਉਨ੍ਹਾਂ ਚੰਗਾ ਹੁੰਗਾਰਾ ਭਰਿਆ। ਉਥੋਂ ਅਸੀਂ ਸੈਲਮਾ ਗੁਰੂ ਘਰ ਨੂੰ ਚੱਲ ਪਏ, ਜਿਥੇ ਵਾਹਵਾ ਸੰਗਤ ਜੁੜੀ ਹੋਈ ਸੀ। ਉਥੇ ਮੈਂ ਖੇਡ ਸੰਸਾਰ ਦੀ ਗੱਲ ਤੋਰੀ ਤਾਂ ਬਹੁਤ ਸਾਰੇ ਸੱਜਣਾਂ ਨੇ ਇਸ ਨੂੰ ਸਮੇਂ ਦੀ ਲੋੜ ਸਮਝਿਆ, ਪਰ ਹੱਥ ਖਾਲੀ ਰਹੇ। ਸੈਲਮਾ ਤੋਂ ਕਰੱਦਰਜ਼ ਦੇ ਗੁਰੂ ਘਰ ਗਏ। ਉਥੇ ਚਰਨਜੀਤ ਸਿੰਘ ਬਾਠ ਦੇ ਪਰਿਵਾਰ ਵੱਲੋਂ ਅਖੰਡ ਪਾਠ ਦੇ ਭੋਗ ਪਾਏ ਜਾ ਰਹੇ ਸਨ। ਖੇਡ ਸੰਸਾਰ ਲਈ ਮਦਦ ਮੰਗੀ ਤਾਂ ਉਸ ਨੇ ਚੈੱਕ ਦੇ ਦਿੱਤਾ ਭਰਿਆ। ਫਿਰ ਹੈਰੀ ਗਿੱਲ ਹੋਰਾਂ ਦੇ ਘਰ ਗਏ। ਉਨ੍ਹਾਂ ਨੇ ਬੜਾ ਪ੍ਰੇਮ ਜਤਾਇਆ ਤੇ ਨਾਲ ਚੱਲ ਕੇ ਪਾਲ ਸਹੋਤਾ ਨੂੰ ਮਿਲਣ ਗਏ। ਪਾਲ ਹੋਰਾਂ ਦੀ ਰਾਇਲ ਐਕਸਪ੍ਰੈੱਸ ਵੱਡੀ ਟਰੱਕ ਕੰਪਨੀ ਹੈ, ਜੀਹਦੇ ਹਰੇ ਰੰਗ ਦੇ ਟਰੱਕ ਅਮਰੀਕਾ ਦੇ ਸ਼ਾਹਰਾਹਾਂ ਉਤੇ ਲੁੱਡੀਆਂ ਪਾਉਂਦੇ ਹਨ। ਰਾਤ ਅਸੀਂ ਪਾਲ ਹੋਰਾਂ ਕੋਲ ਹੀ ਰਹੇ। ਉਨ੍ਹਾਂ ਵੀ ਚੈੱਕ ਦੇ ਦਿੱਤਾ। ਅਗਲੇ ਦਿਨ ਬੇਕਰਜ਼ਫੀਲਡ ਪਹੁੰਚੇ। ਯੂਨੀਅਨ ਟਰੱਕ ਡਰਾਈਵਿੰਗ ਵਾਲਾ ਸੁੱਖੀ ਘੁੰਮਣ ਸਾਨੂੰ ਉਡੀਕ ਰਿਹਾ ਸੀ। ਖੇਡ ਸੰਸਾਰ ਦੀ ਗੱਲ ਚੱਲੀ ਤਾਂ ਸੁੱਖੀ ਨੇ ਵੀ ਖੈਰ ਪਾ ਦਿੱਤੀ। ਉਥੇ ਹੀ ਟੁੱਟ ਭਰਾ ਆ ਗਏ। ਟੁੱਟ ਭਰਾਵਾਂ ਨੇ ਵੀ ਯੋਗਦਾਨ ਪਾ ਦਿੱਤਾ। ਰਾਤ ਅਸੀਂ ਅਰਵਿਨ ਜਾ ਕੱਟੀ, ਜਿਥੇ ਮੇਰਾ ਛੋਟਾ ਭਰਾ ਭਜਨ ਸੰਧੂ ਰਹਿੰਦਾ ਹੈ।
ਸਵੇਰੇ ਭਜਨ ਦੇ ਦੋਸਤ ਨਾਜ਼ਰ ਸਿੰਘ ਕੂਨਰ ਦਾ ਸੱਦਾ ਆ ਗਿਆ ਕਿ ਨਾਸ਼ਤਾ ਉਹਦੇ ਘਰ ਕਰਨਾ। ਕੂਨਰ ਉਦੋਂ ਯੋਗੀ ਹਰਭਜਨ ਸਿੰਘ ਖਾਲਸਾ ਦਾ ਪ੍ਰੇਮੀ ਸੀ। ਅਗਲੇ ਵੀਕ ਐਂਡ ਯੋਗੀ ਦੇ ਪੁੱਤਰ ਦਾ ਵਿਆਹ ਸੀ। ਕੂਨਰ ਨੇ ਕਿਹਾ, ‘ਕੱਠੇ ਚਲਾਂਗੇ, ਉਹ ਆਪਣੀ ਵੈਨ ਲੈ ਚੱਲੇਗਾ। ਅਸੀਂ ਉਥੋਂ ਸੈਕਰਾਮੈਂਟੋ ਨੂੰ ਮੁੜੇ, ਜਿਥੇ ਕੋਹੇਨੂਰ ਕਲੱਬ ਨੇ ਸਾਡਾ ਮਾਣ ਤਾਣ ਕਰਨਾ ਸੀ। ਰਾਹ ‘ਚ ਮਾਡੈਸਟੋ ਮੇਰੇ ਪੇਂਡੂ ਪਿਆਰਾ ਸਿੰਘ ਸਿੱਧੂ ਕੋਲ ਖਾਣਾ ਖਾਧਾ ਤੇ ਦੰਦ ਘਸਾਈ ਲਈ। ਸੈਕਰਾਮੈਂਟੋ ਵਾਲਾ ਮਾਣ-ਤਾਣ ਉਸੇ ਦੀ ਪਹਿਲਕਦਮੀ ਨਾਲ ਹੋ ਰਿਹਾ ਸੀ। ਉਥੋਂ ਅਸੀਂ ਦੀਦਾਰ ਬੈਂਸ ਨੂੰ ਮਿਲਣ ਯੂਬਾ ਸਿਟੀ ਨੂੰ ਚੱਲ ਪਏ। ਕਦੇ ਮੈਂ ਉਹਦੇ ਬਾਰੇ ਲੇਖ ਲਿਖਿਆ ਸੀ: ਯੂਬਾ ਸਿਟੀ ਦਾ ਦੁਆਬੀਆ ਜੱਟ। ਚਰਨਜੀਤ ਸਿੰਘ ਬਾਠ ਬਾਰੇ ਲਿਖੇ ਲੇਖ ਦਾ ਨਾਂ ਸੀ: ਸੌਗੀ ਦਾ ਸ਼ਹਿਨਸ਼ਾਹ। ਉਨ੍ਹਾਂ ਨੇ ਤਾਂ ਮਾਣ ਰੱਖਣਾ ਹੀ ਸੀ, ਸੈਕਰਾਮੈਂਟੋ ਵਾਲੇ ਜੌਹਨ ਗਿੱਲ ਨੇ ਵੀ ਰੱਖ ਲਿਆ।
ਮੁੜ ਕੇ ਬੇਕਰਜ਼ਫੀਲਡ ਪਹੁੰਚੇ। ਉਥੋਂ ਯੋਗੀ ਦਾ ਸ਼ਹਿਰ ਐਸਪੇਨੋਲਾ ਨੌਂ ਸੌ ਮੀਲ ਹੈ, ਜਿਸ ਦਾ ਮਤਲਬ ਸੀ ਪੰਦਰਾਂ ਘੰਟੇ ਦਾ ਸਫਰ। ਅਸੀਂ ਕੈਲੀਫੋਰਨੀਆ ਤੇ ਨੇਵਾਡਾ ਦੀ ਸਟੇਟ ਲੰਘ ਕੇ ਐਰੀਜ਼ੋਨਾ ਰਿਆਸਤ ‘ਚੋਂ ਲੰਘੇ। ਪਹੁ ਫੁਟਦੇ ਦੇ ਤੁਰੇ ਹਨੇਰਾ ਪੈਂਦੇ ਨੂੰ ਐਸਪੇਨੋਲਾ ਪਹੁੰਚੇ। ਸਵੇਰਸਾਰ ਮਹਿਮਾਨ ਸ੍ਰੀ ਸਿੰਘਾਸਨ-ਏ-ਖਾਲਸਾ ਕੋਲ ਜੁੜਨੇ ਸ਼ੁਰੂ ਹੋ ਗਏ, ਜਿਥੇ ਅਨੰਦ ਕਾਰਜ ਹੋਣੇ ਸਨ। ਸ਼੍ਰੀ ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੀ ਪਹੁੰਚ ਗਏ ਤੇ ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਤਰਲੋਚਨ ਸਿੰਘ ਵੀ ਆ ਗਏ। ਹੋਰ ਵੀ ਕਈ ਵਿਸ਼ੇਸ਼ ਵਿਅਕਤੀ ਪਹੁੰਚੇ, ਜਿਨ੍ਹਾਂ ਵਿਚ ਭਾਰਤ ਦੀਆਂ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਵੀ ਸਨ।
ਅਨੰਦ ਕਾਰਜ ਵਿਚ ਹਾਜ਼ਰੀ ਲਵਾ ਕੇ ਅਸੀਂ ਯੋਗੀ ਹਰਭਜਨ ਸਿੰਘ ਦਾ ਹਾਲ ਚਾਲ ਪੁੱਛਣ ਗਏ। ਯੋਗੀ ਜੀ ਕਾਫੀ ਦੇਰ ਤੋਂ ਬੀਮਾਰ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਬਿਸਤਰੇ ‘ਚ ਪਏ ਰਹਿਣ ਦੀ ਸਲਾਹ ਦਿੱਤੀ ਸੀ। ਮੈਨੂੰ ਤੇ ਮੰਡੇਰ ਨੂੰ ਯੋਗੀ ਨੇ ਸਿਆਣ ਲਿਆ, ਕਿਉਂਕਿ ਅਸੀਂ ਪਹਿਲਾਂ ਵੀ ਮਿਲ ਗਿਲ ਚੁਕੇ ਸਾਂ। ਮੰਡੇਰ ਨੇ ‘ਖੇਡ ਸੰਸਾਰ’ ਨਾਲ ਫੋਟੋ ਖਿੱਚਣੀ ਚਾਹੀ ਤਾਂ ਉਨ੍ਹਾਂ ਨੇ ਫੋਟੋ ਖਿੱਚਣ ਦੀ ਆਗਿਆ ਦੇ ਦਿੱਤੀ। ਨਾਲ ਹੀ ਹਸਦੇ ਹੋਏ ਕਿਹਾ, “ਟੌਹੜਾ ਫੋਟੋ ਖਿਚਾਉਣ ਪਿਛੋਂ ਚੱਲ ਵਸਿਆ ਸੀ। ਵੇਖਿਓ ਕਿਤੇ ਮੇਰੇ ਨਾਲ ਵੀ ਉਹੀ ਨਾ ਹੋਵੇ!” ਬਿਸਤਰੇ ‘ਤੇ ਪਿਆਂ ਪਿਆਂ ਹੀ ਯੋਗੀ ਨੇ ‘ਖੇਡ ਸੰਸਾਰ’ ਦੇ ਪਹਿਲੇ ਅੰਕ ਦਾ ਸਿਰ ਪਲੋਸਿਆ ਤੇ ਇਕ ਯਾਦਗਾਰੀ ਫੋਟੋ ਖਿਚਵਾਈ। ਨਾਲ ਹੀ ਸਾਨੂੰ ਕਿਹਾ, “ਤਕੜੇ ਹੋ ਕੇ ਮੈਗਜ਼ੀਨ ਚਲਾਇਓ ਤੇ ਨਵੀਂ ਪੀੜ੍ਹੀ ਨੂੰ ਸਿਹਤ ਤਕੜੀ ਬਣਾਉਣ ਦੀ ਚੇਟਕ ਲਾਇਓ।” ਕੁਝ ਦਿਨਾਂ ਬਾਅਦ ਖਬਰ ਮਿਲੀ, ਯੋਗੀ ਜੀ ਅਕਾਲ ਚਲਾਣਾ ਕਰ ਗਏ।
ਵਾਪਸ ਮੁੜਦਿਆਂ ਜਸਵੰਤ ਸਿੰਘ ਹੋਠੀ ਨੂੰ ਮਿਲੇ, ਜੋ ਸੈਨ ਹੋਜ਼ੇ ਗੁਰੂ ਘਰ ਦੇ ਪ੍ਰਮੁੱਖ ਬੁਲਾਰੇ ਸਨ। ਸ. ਹੋਠੀ ਨੇ ਵੀ ਖੇਡ ਸੰਸਾਰ ਦੇ ਸੌ ਗਾਹਕ ਬਣਾਉਣ ਦਾ ਵਿਸ਼ਵਾਸ ਬੰਨ੍ਹਾਇਆ। ਗਿੱਲਰਾਏ, ਯੂਨੀਅਨ ਸਿਟੀ, ਓਕਲੈਂਡ, ਮਿਲਪੀਟਸ ਤੇ ਸੈਨ ਫਰਾਂਸਿਸਕੋ ਦਾ ਕੌਡੀ-ਫੇਰਾ ਪਾ ਕੇ ਅਸੀਂ ਸਿਮਰਨ ਟਰੱਕਿੰਗ ਵਾਲੇ ਜਿੰਦਰ ਜੌਹਲ ਨੂੰ ਮਿਲੇ। ਵੁੱਡਲੈਂਡ ਤੋਂ ਸ਼ਾਮੀ ਛੇ ਵਜੇ ਚੱਲ ਕੇ ਸਵੇਰੇ ਛੇ ਵਜੇ ਸਿਆਟਲ ਪੁੱਜੇ ਤੇ ਦੰਦਾਂ ਦੇ ਪ੍ਰਸਿੱਧ ਡਾ. ਹਰਚੰਦ ਸਿੰਘ ਨੂੰ ਮਿਲੇ। ਉਸ ਨੇ ਵੀ ਖੈਰ ਪਾ ਦਿੱਤੀ। ਅੱਠ ਜੁਲਾਈ ਦੇ ਚੱਲੇ ਤੇਈ ਜੁਲਾਈ ਨੂੰ ਅਸੀਂ ਸਰੀ ਪਰਤੇ।
ਫੱਕਰਾਂ ਦੀ ਇਸ ਫੇਰੀ ਨਾਲ ਵੀਹ ਕੁ ਹਜ਼ਾਰ ਡਾਲਰ ਦੇ ਚੈੱਕ ਹਾਸਲ ਹੋਏ, ਜੋ ਕਿਸੇ ਕਬੱਡੀ ਕੱਪ ਦੇ ਬਜਟ ਦਾ ਦਸਵਾਂ ਹਿੱਸਾ ਵੀ ਨਹੀਂ ਬਣਦੇ। ‘ਖੇਡ ਸੰਸਾਰ’ ਦੇ ਟਾਈਟਲ `ਤੇ ਛਪਿਆ ਸੀ, ‘ਨਿਸ਼ਚੈ ਕਰ ਆਪਨੀ ਜੀਤ ਕਰੋਂ॥’ ਅਤੇ ‘ਐਨ ਇਲੱਟੇ੍ਰਟਿਡ ਸਪੋਰਟਸ ਮੈਗਜ਼ੀਨ ਆਫ ਪੰਜਾਬੀਜ਼ ਆਨ ਦਾ ਗਲੋਬ।’ ਇਹਦਾ ਰਿਲੀਜ਼ ਸਮਾਗਮ ਬੜੇ ਜਾਹੋ-ਜਲਾਲ ਨਾਲ ਕੀਤਾ ਗਿਆ ਸੀ। ਅਮਰੀਕਾ, ਕੈਨੇਡਾ ਦੇ 5 ਡਾਲਰ ਤੋਂ ਲੈ ਕੇ ਇੰਗਲੈਂਡ, ਯੂਰਪ, ਨਾਰਵੇ, ਸਵੀਡਨ, ਭਾਰਤ, ਪਾਕਿਸਤਾਨ, ਸਿੰਗਾਪੁਰ, ਮਲੇਸ਼ੀਆ, ਦੁੱਬਈ, ਸ਼ਾਰਜਾਹ, ਕੀਨੀਆ ਤੇ ਅਫਰੀਕਾ ਦੇ 30 ਸ਼ਲਿੰਗ ਤੱਕ ਇਸ ਦੀ ਕੀਮਤ ਰੱਖੀ ਗਈ ਸੀ। ਸੰਤੋਖ ਮੰਡੇਰ ਕੁਝ ਵਧੇਰੇ ਹੀ ਸੁਪਨਸਾਜ਼ ਸੀ। ‘ਖੇਡ ਸੰਸਾਰ’ ਦੇ ‘ਯਾਦਗਾਰੀ’ ਛੇ ਅੰਕ ਕੱਢ ਕੇ ਸਾਡੀ ਬੱਸ ਹੋ ਗਈ। ਮੇਰਾ ਮਨ ਦੂਜੀ ਫੇਰੀ ਲਾਉਣ ਨੂੰ ਕਦੇ ਨਾ ਮੰਨ ਸਕਿਆ। ‘ਜਿੰਨੀ ਨ੍ਹਾਤੀ, ਓਨਾ ਪੁੰਨ’ ਸਮਝ ਕੇ ਮਨ ਨੂੰ ਧਰਵਾਸ ਦੇ ਲਿਆ। ਹਾਂ, ਕਦੇ ਕਦੇ ‘ਖੇਡ ਸੰਸਾਰ’ ਦੇ ‘ਏਸਿ਼ਆਈ ਖੇਡਾਂ’, ‘ਓਲੰਪਿਕ ਖੇਡਾਂ’ ਤੇ ‘ਕਬੱਡੀ ਅੰਕ’ ਵੇਖ ਕੇ ਮਨ ਅਜੇ ਵੀ ਸਰਸ਼ਾਰ ਹੋ ਜਾਂਦੈ ਕਿ ਚਲੋ ਕੁਝ ਤਾਂ ਕੀਤਾ। ਖੁੱਲ੍ਹਾ ਸੱਦਾ ਹੈ, ਜੇ ਕੋਈ ਖੇਡ ਪ੍ਰੋਮੋਟਰ ਸਾਡੇ ਵਾਂਗ ਪੰਗਾ ਲੈਣਾ ਚਾਹੇ ਤਾਂ ਰਜਿਸਟ੍ਰੇਸ਼ਨ ਅਜੇ ਜਿਊਂਦੀ ਹੈ। ਉਹ ਸੰਤੋਖ ਮੰਡੇਰ ਦੇ ਫੋਨ 1-604-505-7000 `ਤੇ ਗੱਲ ਕਰ ਕੇ ਸਿਰਫ ਇਕ ਡਾਲਰ ਨਾਲ ਆਪਣੇ ਨਾਂ ਕਰਾ ਸਕਦੈ।