ਹਰਪਾਲ ਸਿੰਘ ਪੰਨੂ
ਫੋਨ: 91-94642-51454
ਬਚਪਨ ਵਿਚ ਦੱਸਿਆ ਗਿਆ ਤੇ ਹਮੇਸ਼ ਲਈ ਯਾਦ ਹੋ ਗਿਆ ਕਿ ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕ ਨੂੰ ਮਾਸਟਰ ਜੀ ਕਿਹਾ ਜਾਂਦਾ ਹੈ, ਇਹੋ ਕਿਹਾ ਕਰਨਾ ਹੈ। ਸਕੂਲ ਵਿਚ ਅਸੀਂ ਦੋ ਤਰ੍ਹਾਂ ਦੇ ਅਧਿਆਪਕ ਦੇਖਦੇ, ਇਕ ਮਾਸਟਰ ਜੀ ਹੁੰਦੇ ਦੂਜੇ ਟੀਚਰ। ਪਹਿਲੀ ਤੋਂ ਪੰਜਵੀਂ ਤਕ ਟੀਚਰ ਪੜ੍ਹਾਉਂਦੇ, ਛੇਵੀਂ ਤੋਂ ਦਸਵੀਂ ਤਕ ਮਾਸਟਰ ਜੀ। ਜੇ. ਬੀ. ਟੀ. ਕੋਰਸ ਕਰਕੇ ਪ੍ਰਾਇਮਰੀ ਟੀਚਰ ਅਤੇ ਬੀ. ਐਡ. ਕਰਕੇ ਮਾਸਟਰ ਜੀ ਉਪਰਲੀਆਂ ਕਲਾਸਾਂ ਪੜ੍ਹਾਉਂਦੇ। ਇਨ੍ਹਾਂ ਦੋ ਸ਼੍ਰੇਣੀਆਂ ਵਿਚਕਾਰ ਇਕ ਹੋਰ ਸ਼੍ਰੇਣੀ ਭਾਸ਼ਾ ਅਧਿਆਪਕਾਂ ਦੀ ਹੁੰਦੀ ਹੈ, ਜਿਨ੍ਹਾਂ ਨੇ ਓ. ਟੀ. ਦਾ ਕੋਰਸ ਕੀਤਾ ਹੁੰਦਾ। ਪੰਜਾਬੀ ਟੀਚਰ ਨੂੰ ਗਿਆਨੀ ਜੀ, ਹਿੰਦੀ/ਸੰਸਕ੍ਰਿਤ ਵਾਲੇ ਨੂੰ ਸ਼ਾਸਤਰੀ ਜੀ, ਉਰਦੂ/ਫਾਰਸੀ ਵਾਲੇ ਨੂੰ ਮੁਨਸ਼ੀ ਜੀ ਕਿਹਾ ਜਾਂਦਾ। ਇਸ ਸ਼੍ਰੇਣੀ ਨੂੰ ਮੈਂ ਵਿਚਕਾਰ ਇਸ ਕਰਕੇ ਰੱਖਿਆ ਹੈ, ਕਿਉਂਕਿ ਇਨ੍ਹਾਂ ਵਿਚੋਂ ਕੋਈ ਕੋਈ ਕਦੀ ਕਦਾਈਂ ਸਾਲ ਦੀ ਛੁੱਟੀ ਲੈ ਕੇ ਬੀ. ਐਡ. ਕਰਨ ਚਲਾ ਜਾਂਦਾ, ਤਦ ਉਹ ਗਿਆਨੀ ਤੋਂ ਤਰਕੀ ਕਰਕੇ ਮਾਸਟਰ ਹੋ ਜਾਂਦਾ।
ਮੇਰੇ ਪਿੰਡ ਘੱਗੇ ਵਿਚ ਸਰਕਾਰੀ ਮਿਡਲ ਸਕੂਲ ਹੁੰਦਾ ਸੀ, ਜੋ ਬਾਅਦ ਵਿਚ ਹਾਈ ਬਣਿਆਂ, ਹੁਣ ਤਾਂ ਕਹਿੰਦੇ ਬਾਰ੍ਹਵੀਂ ਦਾ ਹੈ। ਦੇਸ਼-ਵੰਡ ਵੇਲੇ ਦੋ ਭਰਾ ਹਜ਼ੂਰ ਸਿੰਘ ਅਤੇ ਵਜ਼ੀਰ ਸਿੰਘ ਲਹਿੰਦੇ ਪੰਜਾਬੋਂ ਆ ਕੇ ਇੱਧਰ ਵਸ ਗਏ। ਉਧਰ ਸਕੂਲ ਟੀਚਰ ਸਨ, ਸੋ ਮੇਰੇ ਪਿੰਡ ਦੇ ਪੰਚਾਇਤ-ਘਰ ਵਿਚ ਸਕੂਲ ਖੋਲ੍ਹ ਲਿਆ, ਪਿੰਡ ਵਿਦਿਆ ਦੀ ਜੜ੍ਹ ਲੱਗ ਗਈ। ਉਨ੍ਹਾਂ ਤੋਂ ਪਹਿਲਾਂ ਪਿੰਡ ਵਿਚ ਸਕੂਲ ਨਹੀਂ ਸੀ:
ਸ਼ਕਰਗੰਜ ਨੇ ਆਣ ਮੁਕਾਮ ਕੀਤਾ,
ਦੁਖ ਦਰਦ ਪੰਜਾਬ ਦਾ ਦੂਰ ਹੈ ਜੀ।
ਉਨ੍ਹਾਂ ਨੇ ਇਕ ਅਜੀਬ ਤਜਰਬਾ ਵੀ ਕੀਤਾ। ਸਕੀਮ ਤਿਆਰ ਕੀਤੀ ਕਿ ਇਕ ਟੀਚਰ ਪਹਿਲੀ ਤੋਂ ਲੈ ਕੇ ਅੱਠਵੀਂ ਤਕ ਇਕੋ ਕਲਾਸ ਪੜ੍ਹਾਇਆ ਕਰੇਗਾ ਯਾਨਿ ਪਹਿਲੀ ਕਲਾਸ ਜਦ ਦੂਜੀ ਹੋ ਗਈ, ਉਹੀ ਟੀਚਰ ਦੂਜੀ ਕਲਾਸ ਪੜ੍ਹਾਏਗਾ, ਜਿਸ ਨੇ ਪਹਿਲੀ ਪੜ੍ਹਾਈ ਸੀ। ਜਦ ਇਕੋ ਕਲਾਸ ਨੂੰ ਵਿਸ਼ੇ ਅਨੁਸਾਰ ਵੱਖ ਵੱਖ ਟੀਚਰ ਪੜ੍ਹਉਂਦੇ ਹਨ, ਤਦ ਨਤੀਜੇ ਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਹੁੰਦੀ। ਹਜ਼ੂਰ ਸਿੰਘ ਨੇ ਪਹਿਲੀ ਕਲਾਸ ਲੈ ਲਈ ਵਜ਼ੀਰ ਸਿੰਘ ਨੇ ਦੂਜੀ, ਬਾਕੀਆਂ ਨੇ ਅੱਗੇ ਪਿਛੇ ਦੀਆਂ ਰਹਿੰਦੀਆਂ ਕਲਾਸਾਂ। ਕਈ ਵਾਰੀ ਮਾਪੇ ਬੱਚਿਆਂ ਦਾ ਸਾਲ ਖਰਾਬ ਕਰ ਲੈਂਦੇ ਕਿ ਇਨ੍ਹਾਂ ਦੋਹਾਂ ਵਿਚੋਂ ਕਿਸੇ ਦੀ ਪਹਿਲੀ ਜਮਾਤ ਵਿਚ ਵਾਰੀ ਆਈ ਉਦੋਂ ਦਾਖਲ ਕਰਾਵਾਂਗੇ।
ਸ਼ੇਖ ਸਾਅਦੀ ਦੀ ਗੁਲਿਸਤਾਂ ਬੋਸਤਾਂ ਇਨ੍ਹਾਂ ਨੇ ਸਾਨੂੰ ਪ੍ਰਾਇਮਰੀ ਵਿਚ ਸੁਣਾ ਦਿੱਤੀ ਸੀ। ਦੱਸਿਆ ਕਰਦੇ, ਲਹਿੰਦੇ ਪੰਜਾਬ ਵਿਚ ਬੱਚੇ ਨੂੰ ਪੰਜਵੀਂ ਦਾ ਸਰਟੀਫਿਕੇਟ ਉਦੋਂ ਦਿਤਾ ਜਾਂਦਾ, ਜਦੋਂ ਉਹ ਗੁਲਿਸਤਾਂ ਬੋਸਤਾਂ ਦਾ ਟੈਸਟ ਪਾਸ ਕਰ ਲੈਂਦਾ।
ਮਾਸਟਰ ਵਾਸਤੇ ਮਿਸਤਰੀ ਸ਼ਬਦ ਵੀ ਵਰਤਿਆ ਜਾਂਦਾ ਸੀ, ਅੱਜ ਵੀ ਪ੍ਰਚਲਤ ਹੈ। ਲੁਹਾਰ, ਤਰਖਾਣ, ਸੁਨਿਆਰ, ਦਰਜੀ ਨੂੰ ਪੰਜਾਬੀ ਲੋਕ ਮਾਸਟਰ ਜੀ ਕਹਿੰਦੇ ਹਨ। ਉਸਤਾਦ ਲਫਜ਼ ਵੀ ਇਨ੍ਹਾਂ ਵਾਸਤੇ ਵਰਤਿਆ ਜਾਂਦਾ ਹੈ, ਪਰ ਬਹੁਤੀ ਵਾਰ ਸੰਗੀਤਾਚਾਰੀਆਂ ਵਾਸਤੇ, ਉਸਤਾਦ ਬੜੇ ਗੁਲਾਮ ਅਲੀ ਖਾਂ ਸਾਹਿਬ। ਅੰਗਰੇਜ਼ੀ ਵਿਚ ਵੱਡੇ ਸੰਗੀਤਕਾਰ ਨੂੰ ਮੀਸਤ੍ਰੀ/ਮੀਸਤ੍ਰੋ ਕਿਹਾ ਜਾਂਦਾ ਹੈ।
ਉਨਹੇਂ ਸ਼ੌਕ-ਇ-ਇਬਾਦਤ ਹੈ
ਔਰ ਗਾਨੇ ਕੀ ਆਦਤ ਭੀ,
ਨਿਕਲਤੀਂ ਹੈਂ ਦੁਆਏਂ ਉਨ ਕੇ
ਮੁਖ ਸੇ ਠੁਮਰੀਆਂ ਬਨ ਕਰ।
(ਬੰਦਗੀ ਦਾ ਸ਼ੌਕ ਅਤੇ ਅਤੇ ਗਾਉਣ ਦੀ ਆਦਤ ਹੋਣ ਕਰਕੇ ਉਨ੍ਹਾਂ ਦੇ ਮੁਖੜੇ ਵਿਚੋਂ ਅਸੀਸਾਂ ਗੀਤ ਬਣ ਬਣ ਨਿਕਲਦੀਆਂ ਹਨ।
ਵੈਬਸਟਰ ਕੋਸ਼ ਵਿਚ ਮਾਸਟਰ ਦੇ ਅਰਥ ਮਰਦ ਅਧਿਆਪਕ, ਉਹ ਜਿਸ ਨੇ ਬੈਚਲਰਜ਼ ਤੋਂ ਉਪਰ ਅਤੇ ਡਾਕਟਰਜ਼ ਤੋਂ ਹੇਠਲੀ ਡਿਗਰੀ ਹਾਸਲ ਕੀਤੀ ਹੋਵੇ, ਧਰਮ ਪੜ੍ਹਾਉਣ ਵਾਲਾ, ਹੁਕਮਰਾਨ, ਵਿਜਈ, ਜਹਾਜ ਦਾ ਕਪਤਾਨ, ਮਾਲਿਕ, ਪਲੇਠਾ ਬੇਟਾ, ਪ੍ਰਧਾਨ, ਜੱਜ, ਮੂਲ ਪ੍ਰਤੀ (ਮਾਸਟਰ ਰਿਕਾਰਡ ਜਿਸ ਤੋਂ ਅੱਗੇ ਨਕਲਾਂ ਤਿਆਰ ਹੋ ਸਕਣ) ਆਦਿਕ ਹਨ।
ਸਕੂਲ ਦੇ ਦੋ ਅਧਿਆਪਕਾਂ ਦਾ ਜ਼ਿਕਰ ਕਰ ਚੁਕਾ ਹਾਂ, ਕਾਲਜ ਦੇ ਦੋ ਅਧਿਆਪਕ ਵੀ ਯਾਦ ਰਹਿਣਗੇ। ਮਹਿੰਦਰਾ ਕਾਲਜ (1968-72) ਵਿਚ ਅੰਗਰੇਜ਼ੀ ਦਾ ਪ੍ਰੋਫੈਸਰ ਨਰਿੰਦਰ ਕਾਲੀਆ ਅਤੇ ਪੰਜਾਬੀ ਦਾ ਉਮਰਾਓ ਸਿੰਘ। ਪ੍ਰੋ. ਕਾਲੀਆ ਸ਼ਾਨਦਾਰ ਟੀਚਰ ਅਤੇ ਉਰਦੂ ਦੇ ਗਜ਼ਲਗੋ। ਕੇਵਲ ਅੰਗਰੇਜ਼ੀ ਬੋਲਦੇ ਜਾਂ ਉਰਦੂ। ਦੋ ਦਿਨ ਛੁੱਟੀ ਕੱਟ ਕੇ ਮੇਰੇ ਕਲਾਸ-ਰੂਮ ਵਲ ਜਾ ਰਹੇ ਸਨ, ਨਾਲ ਨਾਲ ਤੁਰਦਿਆਂ ਮੈਂ ਕਿਹਾ, ਸਰ ਹੁੰਦਾ ਹੈ ਕੋਈ ਕੋਈ ਟੀਚਰ ਅਜਿਹਾ, ਜੇ ਨਾ ਆਏ ਤਾਂ ਸਟੂਡੈਂਟਸ ਉਸ ਨੂੰ ਮਿੱਸ ਕਰਦੇ ਹਨ। ਬੋਲੇ, ਅਰੇ ਕੋਈ ਕੋਈ ਸਟੂਡੈਂਟ ਭੀ ਤੋ ਹੋਤਾ ਹੈ, ਅਗਰ ਨਾ ਆਏ ਤੋ ਟੀਚਰ ਮਿੱਸ ਕਰਤਾ ਹੈ ਉਸੇ। ਖੂਬ ਹਸੇ।
ਪ੍ਰਿੰਸੀਪਲ ਭਗਤ ਸਿੰਘ ਨੇ ਪ੍ਰੋ. ਉਮਰਾਓ ਸਿੰਘ ਨੂੰ ਦਫਤਰ ਬੁਲਾ ਕੇ ਕਿਹਾ, ਸੁਣਿਆ ਹੈ ਤੁਸੀਂ ਕਲਾਸ ਨ੍ਹੀਂ ਲੈਂਦੇ? ਉਮਰਾਓ ਸਿੰਘ ਬੋਲੇ, ਜੀ ਮੇਰਾ ਰਿਜ਼ਲਟ ਦੇਖੋ, ਪਾਸ ਸੌ ਪ੍ਰਤੀਸ਼ਤ ਹੈ। ਪ੍ਰਿੰਸੀਪਲ ਨੇ ਕਿਹਾ, ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਕਲਾਸ ਵਿਚ ਨਾ ਪੜ੍ਹਾਓ? ਉਮਰਾਓ ਸਿੰਘ ਬੋਲੇ, ਠੀਕ ਐ, ਤੁਹਾਡੇ ਹੁਕਮ ਮੂਜਬ ਕਲਾਸਾਂ ਲਾਇਆ ਕਰਾਂਗਾ, ਪਰ ਫਿਰ ਰਿਜ਼ਲਟ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ।