ਗੁਲਜ਼ਾਰ ਸਿੰਘ ਸੰਧੂ
ਪੰਜਾਬ ਦੀਆਂ ਸਥਾਨਕ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰੂ ਜਿੱਤ ਨੇ ਹੋਰਨਾਂ ਗੱਲਾਂ ਤੋਂ ਬਿਨਾ ਇਕ ਘੂੰਡੀ ਉੱਤੇ ਪੱਕੀ ਮੋਹਰ ਲਾ ਦਿੱਤੀ ਹੈ ਕਿ ਜਿਸ ਕਿਸੇ ਨੇ ਵੀ ਕਿਸਾਨਾਂ ਦੇ ਅੰਦਲੋਨ ਨੂੰ ਨਕਾਰਿਆ, ਉਹ ਮੂਧੇ ਮੂੰਹ ਡਿੱਗਿਆ ਹੈ। ਪੰਜਾਬ ਕੈਬੀਨਟ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਅਣਕਿਆਸੇ ਬੋਲ ਇਸ ਦੀ ਪੁਸ਼ਟੀ ਕਰਦੇ ਹਨ। ਇਸ ਨੇ ਦਿੱਲੀ ਬਾਰਡਰ ਉੱਤੇ ਕਹਿਰਾਂ ਦੀ ਠੰਢ ਵਿਚ ਬੈਠੇ ਮਰਦ, ਔਰਤ ਤੇ ਨੌਜਵਾਨ ਅੰਦਲੋਨਕਾਰੀਆਂ ਲਈ ‘ਪਿਕਨਿਕ ਮਨਾਉਣ’ ਜਿਹੇ ਸ਼ਬਦ ਵਰਤ ਕੇ ਆਪਣੇ ਪੈਰ ਆਪ ਹੀ ਕੁਹਾੜਾ ਮਾਰ ਲਿਆ। ਇਸ ਦੇ ਪ੍ਰਤੀਕਰਮ ਵਜੋਂ ਬਾਰਡਰ ਉੱਤੇ ਪਹਿਰਾ ਦੇ ਰਹੇ ਸੂਰਬੀਰਾਂ ਦੇ ਚਹੇਤਿਆਂ ਨੇ ਰਾਤੋ ਰਾਤ ਉਸ ਦੇ ਪ੍ਰਵੇਸ਼ ਦੁਆਰ ਉੱਤੇ ਗੋਹਾ-ਕੂੜਾ ਢੇਰੀ ਕਰਕੇ ਬਦਬੂ ਫੈਲਾ ਦਿੱਤੀ ਸੀ।
ਹੁਣ ਹੁਸ਼ਿਆਰਪੁਰ ਦੇ ਵਾਰਡ ਇਕ ਤੋਂ ਉਸ ਦੀ ਪਤਨੀ ਰਾਕੇਸ਼ ਸੂਦ ਕਾਂਗਰਸੀ ਉਮੀਦਵਾਰ ਨਾਲੋਂ 274 ਵੋਟਾਂ ਦੇ ਫਰਕ ਨਾਲ ਹਾਰ ਗਈ ਹੈ। ਹਥਲੇ ਸ਼ਬਦ ਲਿਖੇ ਜਾਣ ਤੱਕ ਸੱਤ ਕਾਰਪੋਰੇਸ਼ਨਾਂ ਦੀਆਂ ਚੋਣਾਂ ਵਿਚ ਕਾਂਗਰਸ ਨੂੰ 271 ਵਾਰਡਾਂ ਵਿਚ ਸਫਲਤਾ ਮਿਲੀ ਤੇ ਭਾਜਪਾ ਕੇਵਲ 20 ਤੱਕ ਸਿਮਟ ਕੇ ਰਹਿ ਗਈ। ਜੇ ਇਸ ਦਾ ਕਾਰਨ ਭਾਜਪਾ ਨਾਲੋਂ ਅਕਾਲੀ ਦਾ ਤੋੜ ਵਿਛੋੜਾ ਵੀ ਮੰਨ ਲਿਆ ਜਾਵੇ ਤਾਂ ਇਹ ਵੀ ਤੀਕਸ਼ਣ ਸੂਦ ਵਲੋਂ ਅੰਦਲੋਨਕਾਰੀਆਂ ਲਈ ਵਰਤੇ ਮਾੜੇ ਸ਼ਬਦਾਂ ਨਾਲ ਆ ਮਿਲਦਾ ਹੈ।
ਕੌਣ ਨਹੀਂ ਜਾਣਦਾ ਕਿ ਕੇਂਦਰ ਦੀ ਸਰਕਾਰ ਦੇ ਅਣਮੰਗੇ ਖੇਤੀ ਕਾਨੂੰਨ ਗੈਰ ਸੰਵਿਧਾਨਕ ਤੇ ਦੇਸ਼ ਦੇ ਅਨੰਦਾਤਾ ਨੂੰ ਕਾਰਪੋਰੇਟ ਘਰਾਣਿਆਂ ਦੇ ਮੂੰਹ ਵਿਚ ਧੱਕਣ ਵਾਲੇ ਹਨ। ਸਿਆਣੇ ਤੇ ਸੂਝਵਾਨ ਕਿਸਾਨਾਂ ਨੂੰ ਆਪਣੇ ਵਾਰਸਾਂ ਲਈ ਔਖਾਂ ਕੱਟਣ ਤੇ ਜਾਨਾਂ ਦੇਣ ਦੇ ਅਮਲ ਨੂੰ ਪਿਕਨਿਕ ਦਾ ਨਾਂ ਦੇਣਾ ਹੱਦ ਦਰਜੇ ਦੀ ਬਦਤਮੀਜ਼ੀ ਹੈ। ਭਾਜਪਾ ਦੀ ਇਸ ਧਾਰਨਾ ਵਿਚੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਝਲਕ ਮਿਲੇ ਨਾ ਮਿਲੇ, ਕੇਂਦਰੀ ਸਰਕਾਰ ਦੇ ਭਵਿੱਖ ਦਾ ਸ਼ੀਸ਼ਾ ਜ਼ਰੂਰ ਹੈ, ਜਿਸ ਦਾ ਮੁਖੀ ਅੰਦੋਲਨਕਾਰੀਆਂ ਨੂੰ ਅੰਦੋਲਨ ਜੀਵੀ ਕਹਿ ਰਿਹਾ ਹੈ ਤੇ ਉਸ ਦਾ ਇਕ ਮੰਤਰੀ ਅੰਦੋਲਨਕਾਰੀਆਂ ਦੇ ਮਰਨ ਲਈ, ‘ਉਨ੍ਹਾਂ ਨੇ ਉਂਜ ਵੀ ਤਾਂ ਮਰਨਾ ਹੀ ਸੀ’ ਸ਼ਬਦ ਵਰਤ ਰਿਹੈ। ਹੈ ਨਾ ਬਦਤਮੀਜ਼ੀ ਤੇ ਹੈਂਕੜਬਾਜ਼ੀ ਦੀ ਸਿਖਰ!
ਨਨਕਾਣਾ ਸਾਹਿਬ ਸ਼ਹੀਦੀ ਸਾਕਾ: ਪਾਕਿਸਤਾਨ ਵਿਚ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ 505 ਸ਼ਰਧਾਲੂਆਂ ਸਮੇਤ ਦੇਸ਼ ਭਰ ਦੇ 730 ਚਾਹਵਾਨਾਂ ਨੂੰ ਪਾਕਿਸਤਾਨ ਦੇ ਦੂਤਘਰ ਨੇ ਵੀਜ਼ੇ ਵੀ ਦਿੱਤੇ ਹਨ ਤੇ ਉਨ੍ਹਾਂ ਦੀ ਉਥੇ ਪਹੁੰਚ ਉਪਰੰਤ ਰਹਿਣ ਸਹਿਣ, ਰਸਦ ਪਾਣੀ ਦਾ ਪ੍ਰਬੰਧ ਵੀ ਮੁਕੰਮਲ ਕਰ ਲਿਆ ਹੈ। ਏਧਰ ਭਾਰਤ ਦੀ ਸਰਕਾਰ ਨੇ ਅਚਾਨਕ ਹੀ ਦੂਰ ਦੂਰ ਤੋਂ ਕਮਰਕੱਸੇ ਕਰਕੇ ਪੁੱਜੇ ਸ਼ਰਧਾਲੂਆਂ ਉੱਤੇ ਕਰੋਨਾ ਦੇ ਬਹਾਨੇ ਰੋਕ ਲਾ ਦਿੱਤੀ ਹੈ, ਜਿਹੜੀ ਅਤਿਅੰਤ ਮੰਦਭਾਗੀ ਤੇ ਨਿੰਦਣਯੋਗ ਹੈ। ਖਾਸ ਕਰਕੇ ਇਸ ਲਈ, ਜਦੋਂ ਹਾਲ ਵਿਚ ਕਰੋਨਾ ਕਾਲ ਦੌਰਾਨ ਨਵੰਬਰ 2020 ਵਿਚ ਇਸ ਤਰ੍ਹਾਂ ਦਾ ਜਥਾ ਪਾਕਿਸਤਾਨ ਹੋ ਕੇ ਆਇਆ ਹੈ। ਕੇਂਦਰ ਦੀ ਸਰਕਾਰ ਭੁੱਲ ਗਈ ਹੈ ਕਿ ਇਹ ਵਾਲੇ ਸ਼ਰਧਾਲੂ ਉਨ੍ਹਾਂ ਹਸਤੀਆਂ ਦੇ ਭਾਈਬੰਦ ਹਨ, ਜਿਹੜੇ ਦਿੱਲੀ ਦੇ ਬਾਰਡਰ ਉੱਤੇ ਕੁਰਬਾਨ ਹੋਣ ਲਈ ਸਰਕਾਰੀ ਤੇ ਮੌਸਮੀ ਬੁਛਾੜਾਂ ਸਹਿ ਰਹੇ ਹਨ।
ਉਰਦੂ ਦੀ ਪ੍ਰਥਮ ਮਹਿਲਾ ਪੱਤਰਕਾਰ ਦਾ ਤੁਰ ਜਾਣਾ: ਜਨਕ ਟੰਡਨ ਸੁਤੰਤਰ ਪੰਜਾਬ ਦੀ ਪਹਿਲੀ ਔਰਤ ਸੀ, ਜਿਸ ਨੇ ਪੱਤਰਕਾਰੀ ਨੂੰ ਆਪਣੇ ਸ਼ੌਕ ਵਜੋਂ ਹੰਢਾਇਆ। ਉਦੋਂ ਰੋਜ਼ਾਨਾ ਮਿਲਾਪ ਪੰਜਾਬ ਦੇ ਗਿਣੇ-ਚੁਣੇ ਸਮਾਚਾਰ ਪੱਤਰਾਂ ਵਿਚੋਂ ਇਕ ਸੀ। ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਉੱਤੇ ਅਖਬਾਰਾਂ ਵੇਚਣ ਵਾਲੇ ਮਿਲਾਪ, ਪ੍ਰਤਾਪ, ਪ੍ਰਭਾਤ, ਅਜੀਤ ਅਖਬਾਰ ਦੇ ਹੋਕੇ ਦਿੰਦੇ ਸੁਣੇ ਜਾਂਦੇ ਸਨ। ਜਨਕ ਟੰਡਨ ਨੇ ਜਲੰਧਰ ਰਹਿੰਦਿਆਂ ਅਖਬਾਰ ‘ਮਿਲਾਪ’ ਲਈ ਲਿਖਣਾ ਸ਼ੁਰੂ ਕੀਤਾ ਤੇ ਇੰਜੀਨੀਅਰ ਨਾਲ ਵਿਆਹੇ ਜਾਣ ਤੋਂ ਪਿਛੋਂ ਵੀ ਇਹ ਸ਼ੌਕ ਪਾਲਦੀ ਰਹੀ। ‘ਮਿਲਾਪ’ ਵਿਚ ਔਰਤਾਂ ਦੇ ਸੁਧਾਰ ਲਈ ਸ਼ੁਰੂ ਕੀਤੇ ਕਾਲਮ ‘ਨਾਰੀ ਸੰਸਕਰਣ’ ਨੂੰ ਔਰਤ ਪਾਠਕ ਇਸ ਤਰ੍ਹਾਂ ਉਡੀਕਦੀਆਂ ਸਨ, ਜਿਵੇਂ ਫਿਕਰ ਤੌਂਸਵੀ ਦੇ ਹਰਮਨ ਪਿਆਰੇ ਕਾਲਮ ‘ਪਿਆਜ਼ ਕੇ ਛਿਲਕੇ’ ਨੂੰ। ਤੌਂਸਵੀ ਦੇ ਕਾਲਮ ਵਿਚ ਵਿਅੰਗ ਪ੍ਰਧਾਨ ਹੁੰਦਾ ਸੀ ਤੇ ਜਨਕ ਵਾਲੇ ਵਿਚ ਔਰਤ ਸ਼ਕਤੀ। ਜਨਕ ਦਾ ਜੀਵਨ ਸਾਥੀ ਦੋ ਕੁ ਸਾਲ ਪਹਿਲਾਂ ਤੁਰ ਗਿਆ ਸੀ ਤੇ ਉਹ ਖੁਦ ਪਿਛਲੇ ਹਫਤੇ। ਉਸ ਦੀ ਉਮਰ 90 ਦੇ ਨੇੜੇ-ਤੇੜੇ ਸੀ ਤੇ ਉਸ ਦੇ ਵਿਛੋੜੇ ਸਮੇਂ ਉਹਦੇ ਵਲੋਂ ਪਾਈ ਪਿਰਤ ਨੂੰ ਚੇਤੇ ਕੀਤਾ ਗਿਆ। ਅੱਜ ਦੇ ਦਿਨ ਤਾਂ ਔਰਤ ਪੱਤਰਕਾਰਾਂ ਦੀ ਹੋਰ ਵੀ ਚੜ੍ਹਤ ਹੈ। ਅੰਗਰੇਜ਼ੀ ਟ੍ਰਿਬਿਊਨ ਦੀ ਨਿਊਜ਼ ਐਡੀਟਰ ਨਾਨਕੀ ਹਾਂਸ, ਪੰਜਾਬੀ ਟ੍ਰਿਬਿਊਨ ਵਾਲੀ ਅਰਵਿੰਦਰ ਜੌਹਲ, ਦੈਨਿਕ ਭਾਸਕਰ ਦੀ ਸ਼ਾਇਦਾ, ਇੰਡੀਅਨ ਐਕਸਪ੍ਰੈਸ ਵਾਲੀ ਮਨਰਾਜ ਗਰੇਵਾਲ ਤੇ ਫ੍ਰੀਲਾਂਸ ਨਿਰੂਪਮਾ ਦੱਤਾ ਅਤੇ ਕਈ ਹੋਰ।
ਅੰਤਿਕਾ: ਨੂਰ ਮੁਹੰਮਦ ਨੂਰ
ਤੱਕਦਾ ਨਾ ਬਣ ਕੇ ਬੱਦਲ ਬਰਸਣਗੇ ਯਾਰ ਇੱਕ ਦਿਨ
ਆਏ ਜਦੋਂ ਉਹ ਆਏ, ਆਏ ਪਿਆਸ ਹੋ ਕੇ
ਨੇੜੇ ਸੀ ਘਰ ਦਾ ਪੈਂਡਾ ਨਜ਼ਰਾਂ ਦੀ ਮਾਰ ਤਾਈਂ
ਫਿਰ ਵੀ ਜਦੋਂ ਉਹ ਪਹੁੰਚੇ, ਪਹੁੰਚੇ ਉਦਾਸ ਹੋ ਕੇ
ਉੱਠੋ ਸਵਾਰ ਹੋਵੋ ਹਿੰਮਤ ਦੇ ਘੋੜਿਆਂ ’ਤੇ
ਕਦ ਤੱਕ ਰਹੋਗੇ ਬੈਠੇ, ਕਿਸਮਤ ਦੇ ਦਾਸ ਹੋ ਕੇ
ਬਖਸ਼ਿਸ਼ ਹੈ ਸਭ ਖੁਦਾ ਦੀ, ਦਿਲ ਦੇ ਸਕੂਨ ਬਾਝੋਂ
ਦੋਜ਼ਖ ਦੀ ਜੂਨ ਭੋਗਾਂ, ਜੱਨਤ ’ਚ ਵਾਸ ਹੋ ਕੇ।