ਜੇ. ਬੀ. ਸਿੰਘ
ਫੋਨ: 253-508-9805
ਮੈਂ ਤੁਹਾਡੀ ਮਾਂ-ਬੋਲੀ ਪੰਜਾਬੀ। ਚਾਹੁੰਦੀ ਹਾਂ ਕਿ ਅੱਜ ਤੁਹਾਨੂੰ ਆਪਣੀ ਸੰਖੇਪ ਜਿਹੀ ਜਾਣ-ਪਛਾਣ ਕਰਾਂ ਦਿਆ ਤੇ ਕੁਝ ਹੋਰ ਗੱਲਾਂ ਵੀ ਕਰ ਲਵਾਂ।
ਮੇਰਾ ਜਨਮ ਸਪਤਸਿੰਧੂ ਵਿਚ ਹੋਇਆ। ਸਪਤਸਿੰਧੂ ਭਾਵ ਸੱਤ ਦਰਿਆਵਾਂ-ਸਿੰਧੂ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਤੇ ਸਰਸਵਤੀ ਦੀ ਧਰਤੀ।
ਸਤਲੁਜ ਤੋਂ ਉਰਲੇ ਪਾਸੇ, ਚੜ੍ਹਦੇ ਪੰਜਾਬ ਦੇ ਇਲਾਕੇ ਨੂੰ ‘ਟੱਕ ਦੇਸ਼’ ਕਿਹਾ ਜਾਂਦਾ ਸੀ। ਤੁਸੀਂ ਟੈਕਸਿਲਾ ਯੂਨੀਵਰਸਿਟੀ ਬਾਰੇ ਸੁਣਿਆ ਹੋਵੇਗਾ। ਇਹ ਸੰਸਾਰ ਦੀ ਸਭ ਤੋਂ ਪਹਿਲੀ ਇੰਟਰਨੈਸ਼ਨਲ ਯੂਨੀਵਰਸਿਟੀ (800-550) ਸੀ। ਪਾਨਣੀ (ਸੰਸਕ੍ਰਿਤ ਵਿਆਕਰਣ ਦਾ ਮੋਢੀ), ਚਾਣਕਿਆ (ਪ੍ਰਸਿੱਧ ਨੀਤੀਵਾਨ ਤੇ ਅਰਥ ਸ਼ਾਸਤਰੀ), ਚਰਕ (ਆਯੁਰਵੈਦਿਕ ਦਾ ਮੋਢੀ) ਇਸੇ ਯੂਨੀਵਰਸਿਟੀ ਦੀ ਦੇਣ ਹਨ। ਇਹ ਯੂਨੀਵਰਸਿਟੀ ਟਕ ਦੇਸ਼ ਵਿਚ ਹੀ ਸੀ। ਇਸ ਦੇਸ਼ ਦੀ ਪ੍ਰਾਕ੍ਰਿਤ (ਲੋਕਾਂ ਦੀ ਆਮ ਬੋਲੀ ਜਾਣ ਵਾਲੀ, ਕੁਦਰਤੀ) ਭਾਸ਼ਾ ਨੂੰ ਵੀ ਟੱਕ ਕਹਿੰਦੇ ਸਨ।
ਜਿਹਲਮ-ਚਨਾਬ ਤੇ ਰਾਵੀ ਦੇ ਵਿਚਕਾਰਲੇ ਇਲਾਕੇ ਨੂੰ ਕੈਕੇਯ ਪ੍ਰਦੇਸ ਆਖਿਆ ਜਾਂਦਾ ਸੀ। ਉਥੋਂ ਦੀਆਂ ਕਈ ਰਾਜਕੁਮਾਰੀਆਂ ਦਾ ਨਾਮ ਕੈਕੇਈ ਸੀ। ਰਾਮਾਇਣ ਦੀ ਕੈਕੇਈ ਤਾਂ ਤੁਹਾਨੂੰ ਯਾਦ ਹੋਵੇਗੀ। ਮਹਾਂਭਾਰਤ ਦੇ ਯੁੱਧ ਵਿਚ, ਕੈਕੇਯ ਪ੍ਰਦੇਸ ਦੇ ਰਾਜਕੁਮਾਰ ਨੇ ਪਾਂਡਵਾਂ ਦਾ ਪੱਖ ਲਿਆ ਸੀ। ਇਸ ਇਲਾਕੇ ਦੀ ਪ੍ਰਾਕ੍ਰਿਤ ਭਾਸ਼ਾ ਨੂੰ ਵੀ ਕੈਕੇਈ ਆਖਦੇ ਸਨ।
ਰਾਵੀ, ਬਿਆਸ ਤੇ ਸਤਲੁਜ ਵਿਚਲੇ ਇਲਾਕੇ ਦਾ ਨਾਮ ਮਦਰ ਦੇਸ ਸੀ (ਮੱਦ੍ਰ ਦੇਸ ਹਮ ਕੋ ਲੇ ਆਏ-ਬਚਿਤ੍ਰ ਨਾਟਕ’), ਇਸ ਜਗ੍ਹਾ ਦੀ ਭਾਸ਼ਾ ਮਦਰ ਸੀ।
ਦਰੁੱਪਦ ਦੇ ਰਾਜ ਸਮੇਂ ਪੁਰਾਤਨ ਪੰਜਾਬ ਦਾ ਨਾਮ ਪੰਚਾਲ ਸੀ। ਰਾਜ ਕੁਮਾਰੀ ਦ੍ਰੋਪਦੀ ਨੂੰ ਇਸੇ ਕਰਕੇ ਪੰਚਾਲੀ ਕਿਹਾ ਜਾਂਦਾ ਸੀ। ਆਰੀਆਂ ਦੇ ਆਉਣ ਵੇਲੇ ਇਸ ਧਰਤੀ ਦਾ ਨਾਮ ਸਪਤਸਿੰਧੂ ਸੀ, ਇਸੇ ਕਰ ਕੇ ਲੋਕ ਮੈਨੂੰ ਸਪਤਸਿੰਧਵੀ ਕਹਿੰਦੇ ਸਨ।
ਆਰੀਆ ਲੋਕਾਂ ਨੇ ਸਪਤਸਿੰਧੂ ਵਿਚ ਆ ਕੇ ਇਕ ਨਵੀਂ ਸਭਿਅਤਾ ਦੀ ਨੀਂਹ ਰੱਖੀ। ਆਰੀਆਂ ਦੀ ਭਾਸ਼ਾ ਨੂੰ ਵੈਦਿਕ ਭਾਸ਼ਾ ਕਿਹਾ ਜਾਂਦਾ ਸੀ। ਰਿਗ ਵੇਦ ਇਸੇ ਭਾਸ਼ਾ ਵਿਚ ਲਿਖਿਆ ਹੋਇਆ ਹੈ। ਮੁਢਲੇ ਪੰਜਾਬ ਦੇ ਵੱਖ ਵੱਖ ਆਰੀਆ ਲੋਕਾਂ ਦੇ ਮੁੱਢਲੇ ਕਬੀਲੇ, ਜੋ ਪੰਜਾਬ ਵਿਚ ਰਹਿੰਦੇ ਸਨ, ਉਨ੍ਹਾਂ ਦੇ ਨਾਮ ਕੈਕੇਯ, ਵ੍ਰਿਚੀਵੰਤ, ਅਨੂ, ਯਦੂ, ਤੁਰਵਸ਼ ਤੇ ਦਰਹਸ਼ੂ ਸ਼ਾਮਲ ਸਨ।
ਖੈਰ, ਸਮਾਂ ਪਾ ਕੇ ਸਰਸਵਤੀ ਅਲੋਪ ਹੋ ਗਈ ਤੇ ਸਿੰਧ ਕਾਬਲ ਨਾਲ ਜੁੜ ਗਿਆ। ਬਾਕੀ ਪੰਜ ਦਰਿਆਵਾਂ ਵਾਲੀ ਧਰਤੀ ਨੂੰ ‘ਪੰਜ-ਨੱਦ’ ਆਖਣ ਲੱਗੇ। ਸੰਸਕ੍ਰਤਿ ਵਿਚ ‘ਨੱਦ’ ਦਾ ਅਰਥ ਹੈ-ਪਾਣੀ ਦਾ ਵਹਿਣ। ਯੂਨਾਨੀਆਂ ਨੇ ਇਸ ਦਾ ਨਾਮ ‘ਪੈਂਟਾਪੋਟਾਮੀਆ’ ਰੱਖ ਦਿਤਾ। ਪੈਂਟਾ ਦਾ ਅਰਥ ਪੰਜ ਤੇ ਪੋਟਾਮੀਆ ਦਾ ਮਤਲਬ ਹੈ, ਦਰਿਆ। ਫਾਰਸੀ ਵਿਚ ਪਾਣੀ ਨੂੰ ‘ਆਬ’ ਕਿਹਾ ਜਾਂਦਾ ਹੈ। ਸੋ, ਬਾਦਸ਼ਾਹ ਅਕਬਰ ਨੇ ਇਸ ਧਰਤੀ ਦਾ ਨਾਮ ‘ਪੰਜਾਬ’ ਰੱਖ ਦਿਤਾ।
ਆਰੀਆ ਦੀ ਸਾਹਿਤਕ ਭਾਸ਼ਾ ਨੂੰ ਵੈਦਿਕ ਭਾਸ਼ਾ ਕਿਹਾ ਜਾਂਦਾ ਸੀ। ਜਿਵੇਂ ਜਿਵੇਂ ਉਹ ਖਿਲਰਦੇ ਗਏ, ਉਨ੍ਹਾਂ ਦੀਆਂ ਕੁਦਰਤੀ (ਪ੍ਰਾਕ੍ਰਿਤ) ਭਾਸ਼ਾਵਾਂ ਵੀ ਵਧਦੀਆਂ ਗਈਆਂ। ਮੱਧਕਾਲੀ ਪੰਜਾਬ ਦੇਸ਼ ਦੀਆਂ ਉਪਰੋਕਤ ਤਿੰਨ ਪ੍ਰਮੁੱਖ ਪ੍ਰਾਕ੍ਰਿਤ ਭਾਸ਼ਾਵਾਂ-ਕੈਕੇਈ, ਮਦਰ ਤੇ ਟੱਕ ਦੇ ਮਿਲਾਪ ਤੋਂ ਜਿਹੜੀ ਭਾਸ਼ਾ ਦਾ ਬੀਜ ਪੁੰਗਰਿਆ, ਉਹ ਮੈਂ ਹੀ ਸੀ। ਇਸੇ ਕਰਕੇ ਵੈਦਿਕ ਭਾਸ਼ਾ ਦੇ ਅਨੇਕਾਂ ਸ਼ਬਦ, ਜਿਵੇਂ ‘ਬਾਰ (ਦਰਵਾਜਾ), ਭੂਮ (ਜ਼ਮੀਨ), ਗ੍ਰਭੂ (ਗੱਭਰੂ), ਜਾਨਿ (ਪਿਆਰਾ), ਪ੍ਰੌਣਾ (ਪ੍ਰਾਹੁਣਾ) ਤੇ ਕੱਪਨਾ (ਕੰਬਨਾ), ਮੈਂ ਅਜੇ ਭੁਲੀ ਨਹੀਂ।
ਇਸ ਧਰਤੀ `ਤੇ ਆਰੀਆ ਆਏ, ਫਿਰ ਇਰਾਨੀ, ਯੂਨਾਨੀ, ਸ਼ੱਕ, ਕੁਸ਼ਾਣ, ਹੂਣ, ਤੁਰਕ, ਪਠਾਨ, ਮੁਗਲ, ਅਫਗਾਨ ਤੇ ਅੰਤ ਅੰਗਰੇਜ਼ ਵੀ ਆਏ। ਉਨ੍ਹਾਂ ਸਭ ਦੀਆਂ ਆਪਣੀਆਂ ਭਾਸ਼ਾਵਾਂ ਨਾਲ ਮੇਰਾ ਮੇਲ-ਜੋਲ ਹੋਇਆ; ਸਭ ਨੂੰ ਮੈਂ ਕੁਝ ਦਿੱਤਾ, ਕੁਝ ਲਿਆ। ਮੇਰਾ ਸਰਮਾਇਆ ਵਧਿਆ।
ਇਲਾਕਿਆਂ ਜਾਂ ਕਬੀਲਿਆਂ ਦੇ ਨਾਮ ਨਾਲ ਮੇਰਾ ਨਾਮ ਬਦਲਦਾ ਰਿਹਾ। ਮਾਦਰੀ, ਟੱਕੀ, ਢਾਕੀ, ਟਾਕੀ, ਕੈਕੇਈ, ਪੈਸ਼ਾਚੀ ਮੇਰੇ ਪੁਰਾਣੇ ਨਾਮ ਹਨ। ਅੱਠਵੀਂ-ਨੌਵੀਂ ਸਦੀ ਵਿਚ ਮੁਸਲਮਾਨਾਂ ਨੇ ਮੈਨੂੰ ਹਿੰਦਵੀ, ਹਿੰਦੋਈ, ਹਿੰਦਕੀ, ਹਿਦਕੋ, ਹਿੰਦੀ ਆਦਿ ਨਾਂਵਾਂ ਨਾਲ ਪੁਕਾਰਿਆ; ਪਰ ਮੇਰੀ ਨਿਵੇਕਲੀ ਤੇ ਨਿਖਰਵੀਂ ਪਛਾਣ ਨਾਥਾਂ ਜੋਗੀਆਂ ਦੇ ਸਾਹਿਤ ਤੋਂ ਸ਼ੁਰੂ ਹੋਈ। ਇਹ 9ਵੀਂ ਜਾਂ 10ਵੀਂ ਸਦੀ ਸੀ। ਜਦ ਸਰੀਰ `ਤੇ ਸੁਆਹ ਮਲ, ਕੰਨਾਂ ਵਿਚ ਮੁੰਦਰਾਂ ਪਾਈ, ਸਿੰਗੀ ਨਾਦ ਵਜਾਉਂਦੇ ਗੋਰਖ ਨਾਥ, ਮਛੰਦਰ ਨਾਥ ਜਿਹੇ ਜੋਗੀਆਂ ਨੇ ਕਲਮ ਫੜ੍ਹੀ। ਉਸ ਤੋਂ ਬਾਅਦ ਮੇਰੀ ਝੋਲੀ ਲੋਕ ਗੀਤਾਂ, ਅਖਾਣ, ਬੁਝਾਰਤਾਂ, ਕਿੱਸਾ-ਕਾਵਿ, ਸੂਫੀ-ਕਾਵਿ, ਵੀਰ-ਕਾਵਿ, ਭਗਤੀ-ਕਾਵਿ, ਇਖਲਾਕੀ-ਕਾਵਿ, ਰੁਮਾਂਚਿਕ-ਕਾਵਿ ਆਦਿ ਨਾਲ ਭਰਦੀ ਗਈ। ਫਿਰ ਬਾਲ ਗੁਰੂ ਨਾਨਕ ਨੇ, ਪਾਠਸ਼ਾਲਾ ਜਾਂਦਿਆ ਸਾਰ ‘ਪੱਟੀ’ ਲਿਖ ਕੇ ਮੇਰੀ ਬਾਂਹ ਪਕੜੀ ਤੇ ਮੈਂ ਅਮਰ ਹੋ ਗਈ। ਮੈਨੂੰ ਗੁਰਮਤਿ-ਕਾਵਿ ਧਾਰਾ ਦਾ ਮਾਧੀਅਮ ਬਣਾ ਕੇ ਗੁਰਮੁਖੀ ਕਿਹਾ। ਵਿਸ਼ਵ ਧਰਮ ਦੇ ‘ਆਦਿ ਗ੍ਰੰਥ’ (ਗੁਰੂ ਗ੍ਰੰਥ ਸਾਹਿਬ) ਦੇ ਮਾਧੀਅਮ ਹੋਣ ਦਾ ਮੈਨੂੰ ਸਭ ਤੋਂ ਵੱਧ ਫਖਰ ਹੈ। ਇਸ ਇਕ ਗ੍ਰੰਥ ਵਿਚ ਹੀ 55 ਕਾਵਿ-ਰੂਪ ਵਰਤੇ ਗਏ ਹਨ।
ਮੈਨੂੰ ਫਖਰ ਹੈ ਕਿ ਅੱਜ ਮੈਂ ਸ਼੍ਰਵ-ਕਾਵਿ (ਕਵਿਤਾ, ਗਲਪ, ਵਾਰਤਕ: ਨਿਬੰਧ, ਜੀਵਨੀ, ਸਵੈਜੀਵਨੀ, ਸਫਰਨਾਮਾ ਆਦਿ) ਤੇ ਦ੍ਰਿਸ਼ ਕਾਵਿ ਨਾਟਕ ਤੇ ਇਕਾਂਗੀ-ਦੋਹਾਂ ਨੂੰ ਲਿਪੀਬੱਧ ਕਰਨ ਦਾ ਮਾਣ ਪ੍ਰਾਪਤ ਕਰ ਰਹੀ ਹਾਂ। ਅਨੇਕਾਂ ਵਿਸ਼ਿਆਂ `ਤੇ ਪੀਐਚ. ਡੀ. ਦਾ ਮਾਧਿਅਮ ਵੀ ਬਣ ਚੁਕੀ ਹਾਂ। ਸਾਹਿਤਕਾਰ ਆਪਣੀਆਂ ਲਿਖਤਾਂ ਰਾਹੀਂ ਅਤੇ ਸਭਾ ਸੁਸਾਇਟੀਆਂ ਸਾਹਿਤਕ ਸੰਮੇਲਨਾਂ, ਵਿਚਾਰ ਗੋਸ਼ਟੀਆਂ ਤੇ ਸੈਮੀਨਾਰਾਂ ਰਾਹੀਂ ਮੇਰੀ ਖੁਸ਼ਬੋ ਦੁਨੀਆਂ ਦੇ ਹਰ ਕੋਨੇ ਵਿਚ ਫੈਲਾ ਰਹੇ ਹਨ। ਪੰਜਾਬੀ ਕਿਸਾਨ ਜਿਥੇ ਵੀ ਜਾਂਦੇ ਹਨ, ਮੈਨੂੰ ਨਾਲ ਲੈ ਕੇ ਜਾਂਦੇ ਹਨ। ਬਾਲ ਸਾਹਿਤ ਛਾਪਿਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕੈਡਮੀਆਂ ਮੇਰੀ ਸੇਵਾ ਵਿਚ ਜੁਟੀਆਂ ਹੋਈਆਂ ਹਨ। ਵਿਦੇਸ਼ਾਂ `ਚ ਗੁਰਦੁਆਰਿਆਂ ਵਿਚ ਪੰਜਾਬੀ ਲਈ ਅਲੱਗ ਸਕੂਲ ਖੁੱਲੇ ਹਨ।
ਵਿਗਿਆਨ ਦੀ ਮਿਹਰਬਾਨੀ ਦੇਖੋ, ਮੈਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਕਿੰਨੇ ਨਵੇਂ ਸਾਧਨ ਬਣਾ ਦਿੱਤੇ ਹਨ। ਅੱਜ ਤਾਂ ਮੇਰੇ ਬੱਚੇ ਇਕ ਸੈੱਲ ਫੋਨ ਵਿਚ ਹੀ ਸਾਰੀ ਦੁਨੀਆਂ ਦੀਆਂ ਬਾਬਾਣੀਆ ਕਹਾਣੀਆਂ, ਗੁਰੂਆਂ ਪੀਰਾਂ ਦੇ ਮਿੱਠੇ ਬੋਲ, ਇਤਿਹਾਸ-ਗੱਲ ਕੀ! ਸਾਰਾ ਹੀ ਪੰਜਾਬੀ ਸਾਹਿਤ ਆਪਣੀ ਜੇਬ ਵਿਚ ਨਾਲ ਲਈ ਫਿਰਦੇ ਹਨ। ਚਿੰਤਕ ਐਵੇਂ ਹੀ ਫਿਕਰ ਕਰ ਰਹੇ ਹਨ, ‘ਕਿਤੇ ਮੈਂ ਅਲੋਪ ਨਾ ਹੋ ਜਾਵਾਂ; ਪਰ ਜਿਸ ਭਾਸ਼ਾ ਵਿਚ ਗੁਰੂਆਂ ਨੇ ਇਕ ਓਅੰਕਾਰ (ੴ ) ਦਿੱਤਾ, ਉਸ ਦੀ ਹੋਂਦ ਵੀ ‘ੴ ’ ਤਕ ਹੀ ਜੀਵਤ ਰਹੇਗੀ।
ਮੈਨੂੰ ਮਾਣ ਹੈ ਕਿ ਤੁਹਾਡੀਆਂ ਮਾਂਵਾਂ `ਤੇ, ਜਿਨ੍ਹਾਂ ਤੁਹਾਡੇ ਕੰਨਾਂ ਨੂੰ ਸਭ ਤੋਂ ਪਹਿਲਾਂ ਮੇਰੇ ਨਾਲ ਜਾਣ-ਪਛਾਣ ਕਰਵਾਈ। ਮੈਨੂੰ ਮਾਣ ਹੈ ਆਪਣੇ ਸਫਰ `ਤੇ, ਜੋ ਸਦੀਆਂ ਤੋਂ ਨਿਰੰਤਰ ਚਲਦਾ ਆ ਰਿਹਾ ਹੈ; ਆਪਣੇ ਦਾਨੀ ਸਭਿਆਚਾਰ `ਤੇ, ਜੋ ਦੁਨੀਆਂ ਭਰ ਤੋਂ ਨਿਵੇਕਲਾ ਹੈ।
ਜੁਗ ਜੁਗ ਜਿਊਣ ਤੁਹਾਡੇ ਰਸਮ-ਰਿਵਾਜ਼, ਤੁਹਾਡੇ ਪਹਿਰਾਵੇ, ਤੁਹਾਡੇ ਗਿੱਧੇ, ਭੰਗੜੇ, ਸੰਮੀ, ਝੂਮਰ, ਕਿੱਕਲੀਆਂ, ਮਾਹੀਆ, ਟੱਪੇ, ਢੋਲੇ, ਬੋਲੀਆਂ, ਹੇਅਰੇ, ਘੋੜੀਆਂ, ਛੰਦ-ਪਰਾਗੇ, ਥਾਲ, ਸੁਹਾਗ ਦੇ ਗੀਤ, ਸੋਹਿਲੇ, ਸਿੱਠਣੀਆਂ, ਲੋਰੀਆਂ ਤੇ ਹੋਰ ਸਭ-ਤੁਹਾਡੇ ਵੱਡੇ ਵਡੇਰਿਆਂ ਤੋਂ ਮਿਲਿਆ ਹੋਇਆ ਸਰਮਾਇਆ।
ਖੁਸ਼ ਰਹੋ। ਆਬਾਦ ਰਹੋ-ਮੈਂ ਹਾਂ, ਤੁਹਾਡੀ ਮਾਂ-ਬੋਲੀ, ਪੰਜਾਬੀ!