ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ਪੰਜਾਬੀ ਗੀਤਕਾਰੀ ਦਾ ਜ਼ਿਕਰ ਹੋ ਰਿਹਾ ਸੀ ਕਿ ਕਿਸ ਤਰ੍ਹਾਂ ਪੰਜਾਬੀ ਗੀਤਕਾਰੀ ਨੇ ਸਾਡੇ ਸਮਾਜਿਕ ਰਿਸ਼ਤਿਆਂ ‘ਤੇ ਸੱਟ ਮਾਰੀ ਹੈ। ਇਹ ਜ਼ਿਕਰ ਥੋੜੇ ਵਿਸਥਾਰ ਦੀ ਮੰਗ ਕਰਦਾ ਹੈ। ਗੀਤ, ਸੰਗੀਤ ਪੰਜਾਬੀਆਂ ਦੇ ਹੱਡਾਂ ਵਿਚ ਵੱਸਿਆ ਹੋਇਆ ਹੈ। ਪੰਜਾਬੀ ਬੱਚਾ ਜਦੋਂ ਜੰਮਦਾ ਹੈ ਤਾਂ ਵੀ ਉਸ ਦਾ ਸੁਆਗਤ ਗੀਤਾਂ ਰਾਹੀਂ ਕੀਤਾ ਜਾਂਦਾ ਹੈ, ਢੋਲੇ/ਮਾਹੀਆ ਗਾਉਂਦਾ ਉਹ ਪਰਵਾਨ ਚੜ੍ਹਦਾ ਹੈ, ਮੰਗਣਾ, ਵਿਆਹ ਸਭ ਕੁੱਝ ਵਿਚ ਗੀਤ-ਸੰਗੀਤ ਸ਼ਾਮਲ ਹੁੰਦਾ ਹੈ। ਇਥੋਂ ਤੱਕ ਕਿ ਜਦੋਂ ਪੰਜਾਬੀ ਮਰ ਜਾਂਦਾ ਹੈ ਤਾਂ ਉਸ ਨੂੰ ਇਸ ਸੰਸਾਰ ਤੋਂ ਰੁਖ਼ਸਤ ਵੀ ਕੀਰਨਿਆ/ਅਲਾਹੁਣੀਆਂ ਦੇ ਰੂਪ ਵਿਚ ਗਾ ਕੇ ਹੀ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਨੇ ਖ਼ਾਸ ਕਰਕੇ ਆਪਣੀ ਬਾਣੀ ਵਿਚ ਲੋਕ ਪਰੰਪਰਾ ਵਿਚੋਂ ਇਨ੍ਹਾਂ ਸਾਰੀਆਂ ਵੰਨਗੀਆਂ ਦਾ ਇਸਤੇਮਾਲ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ‘ਵਾਰਾਂ’ ਨੂੰ ਪੰਜਾਬੀ ਲੋਕ-ਪਰੰਪਰਾ ਵਿਚ ਪ੍ਰਾਪਤ ਵਾਰਾਂ ਵਿਚੋਂ ਕਿਸੇ ਨਾ ਕਿਸੇ ਵਾਰ ਦੀ ਧੁਨੀ ‘ਤੇ ਗਾਉਣ ਦਾ ਅਦੇਸ਼ ਕੀਤਾ ਹੈ।
ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਦੀ ਵਰੋਸਾਈ ਧਰਤੀ ਹੈ ਜਿਸ ਬਾਰੇ ਪੰਜਾਬੀ ਬੋਲੀ ਅਤੇ ਸਿੱਖ ਧਰਮ ਦੇ ਮਹਾਨ ਚਿੰਤਕ ਪ੍ਰੋæ ਪੂਰਨ ਸਿੰਘ ਨੇ ਕਿਹਾ ਹੈ, ‘ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜੀਂਦਾ ਗੁਰੂ ਦੇ ਨਾਮ ‘ਤੇ।’ ਸੰਸਾਰ ਦੇ ਕੁੱਲ ਧਾਰਮਿਕ ਗ੍ਰੰਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਐਸਾ ਗ੍ਰੰਥ ਹੈ ਜਿਸ ਦੀ ਬਾਣੀ ਸੰਗੀਤ-ਬਧ ਹੈ ਅਤੇ ਇਸ ਨੂੰ 31 ਰਾਗਾਂ ਵਿਚ ਸੰਜੋਇਆ ਗਿਆ ਹੈ। ਅਚਾਰੀਆ ਰਜਨੀਸ਼ ਅਨੁਸਾਰ ਗੁਰੂ ਨਾਨਕ ਨੇ ਰੱਬ ਨੂੰ ਗਾ ਕੇ ਪਾਇਆ। ਸਿੱਖ ਨੂੰ ਬਾਣੀ ਨੂੰ ਗਾਉਣ ਦਾ ਅਦੇਸ਼ ਹੈ, “ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥” ਸਿੱਖ ਧਰਮ ਚਿੰਤਨ ਸੰਗੀਤ ਦੇ ਹੱਕ ਵਿਚ ਹੈ। ਜਿਥੋਂ ਤੱਕ ਇਸ਼ਕ ਜਾਂ ਪ੍ਰੇਮ ਦੀ ਗੱਲ ਹੈ, ਇਹ ਵੀ ਪੰਜਾਬੀਆਂ ਦੇ ਹੱਡਾਂ ਵਿਚ ਰਚਿਆ ਹੋਇਆ ਹੈ। ਸੂਫ਼ੀ ਪਰੰਪਰਾ ਬਹੁਤ ਅਮੀਰ ਪਰੰਪਰਾ ਹੈ ਜੋ ਮੁਰਸ਼ਦ ਦੇ ਇਸ਼ਕ ਦੀ ਗੱਲ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜਗਿਆਸੂ ਦੇ, ਮਨੁੱਖ ਦੇ ਅਕਾਲ ਪੁਰਖ ਪ੍ਰਤੀ ਪ੍ਰੇਮ ਦੀ ਗੱਲ ਕਰਦੀ ਹੈ। ਸਵਾਲ ਇਹ ਹੈ ਕਿ ਇਸ਼ਕ ਸੱਚਾ-ਸੁੱਚਾ ਹੈ ਅਤੇ ਇਸ ਦੀ ਗੱਲ ਕਿਹੋ ਜਿਹੇ ਸ਼ਬਦਾਂ ਵਿਚ ਕੀਤੀ ਜਾਵੇ? ਬਾਬਾ ਫ਼ਰੀਦ ਰੱਬੀ-ਇਸ਼ਕ ਦੀ ਗੱਲ ਕਰਦਿਆਂ ਫ਼ੁਰਮਾਉਂਦੇ ਹਨ,
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥24॥
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ॥
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ॥25॥
(ਪੰਨਾ 1379)
ਮੌਜੂਦਾ ਸਮੇਂ ਦੇ ਬਹੁਤੇ ਗੀਤਕਾਰ/ਗਾਇਕ ਔਰਤ ਨੂੰ ਇੱਕ ਵਸਤੂ ਦੀ ਤਰ੍ਹਾਂ ਪੇਸ਼ ਕਰਦੇ ਹਨ, ਜਿਸ ਨਾਲ ਕੁੱਝ ਵੀ ਕੀਤਾ ਜਾ ਸਕਦਾ ਹੈ, ਉਸ ਦਾ ਜਿਵੇਂ ਕੋਈ ਸਵੈਮਾਣ, ਇੱਜ਼ਤ/ਆਬਰੂ ਜਾਂ ਅਣਖ ਨਾ ਹੋਵੇ। ਨਾ ਉਸ ਦਾ ਕੋਈ ਆਪਣਾ ਵਜੂਦ ਹੈ, ਨਾ ਕੋਈ ਇੱਛਾ ਜਿਵੇਂ ਮਰਦ ਦੇ ਹੱਥਾਂ ਵਿਚ ਇੱਕ ਕੱਠਪੁਤਲੀ ਹੋਵੇ। ਇਹ ਨਵੀਂ ਕਿਸਮ ਦਾ ਸਭਿਆਚਾਰਕ ਸੋæਸ਼ਣ, ਸਭਿਆਚਾਰਕ ਪ੍ਰਦੂਸ਼ਣ ਹੈ ਜੋ ਇਹ ਗਾਇਕ ਫੈਲਾ ਰਹੇ ਹਨ। ਪਰਿਵਾਰ ਸਾਡੀ ਮੁੱਢਲੀ ਸੰਸਥਾ ਹੈ ਜਿਸ ਦੇ ਰਿਸ਼ਤੇ-ਨਾਤਿਆਂ ਵਿਚੋਂ ਬੱਚੇ ਨੇ ਆਪਣੀ ਸਭਿਅਤਾ ਅਤੇ ਸੰਸਕਾਰ ਗ੍ਰਹਿਣ ਕਰਨੇ ਹੁੰਦੇ ਹਨ ਪਰ ਮੌਜੂਦਾ ਪੰਜਾਬੀ ਗਾਇਕ ਪਰਿਵਾਰਕ ਰਿਸ਼ਤਿਆਂ ਨੂੰ ਪਲੀਤ ਕਰ ਰਹੇ ਹਨ। ਪੰਜਾਬੀ ਟੀæ ਵੀ ਚੈਨਲਾਂ ਦੇ ਸ਼ੁਰੂ ਹੋਣ ਨਾਲ ਲੱਗਦਾ ਸੀ ਸ਼ਾਇਦ ਮਾਂ-ਬੋਲੀ ਪੰਜਾਬੀ ਨੂੰ ਵੱਧਣ-ਫੁੱਲਣ ਦਾ ਮੌਕਾ ਮਿਲੇਗਾ ਪਰ ਪੰਜਾਬੀ ਸਭਿਆਚਾਰ ਦੀ ਜਿੰਨੀ ਮਿੱਟੀ ਪਲੀਤ ਇਨ੍ਹਾਂ ਟੀæ ਵੀ ਚੈਨਲਾਂ ਰਾਹੀਂ ਕੀਤੀ ਜਾਂਦੀ ਹੈ ਉਸ ਨੂੰ ਮਾਪ ਸਕਣਾ ਵੀ ਸੰਭਵ ਨਹੀਂ ਹੈ। ਗੁਰਮਤਿ ਪਰੰਪਰਾ ਵਿਚ ਮਨੁੱਖ ਦੇ ਨੱਚਣ-ਕੁੱਦਣ ਤੇ, ਖੁਸ਼ ਹੋਣ ‘ਤੇ ਕੋਈ ਰੋਕ ਨਹੀ ਹੈ। ਬਾਣੀ ਵਿਚ ਤਾਂ ‘ਨਚਣ ਕੁਦਣ’ ਨੂੰ ‘ਮਨ ਕਾ ਚਾਉ’ ਕਿਹਾ ਗਿਆ ਹੈ ਪਰ ਬੁਨਿਆਦੀ ਸਵਾਲ ਇਹ ਹੈ ਕਿ ਇਹ ਗੀਤ, ਨੱਚਣਾ ਕੁੱਦਣਾ ਹੋਣਾ ਕਿਹੋ ਜਿਹਾ ਚਾਹੀਦਾ ਹੈ? ਪੰਜਾਬੀ ਗੀਤਾਂ ਦੀਆਂ ਵੀਡੀਓ ਵਿਚ ਨੱਚਣ ਵਾਲੀਆਂ ਕੁੜੀਆਂ ਨੂੰ ਜਿਹੋ ਜਿਹੇ ਦੋ ਦੋ ਗਿੱਠ ਦੇ ਲਿਬਾਸ ਪੁਆ ਕੇ, ਜਿਸ ਕਿਸਮ ਦੀਆਂ ਭੱਦੀਆਂ ਹਰਕਤਾਂ ਨੱਚਣ ਦੇ ਨਾਂ ਤੇ ਕਰਵਾਈਆਂ ਜਾਂਦੀਆਂ ਹਨ ਉਨ੍ਹਾਂ ਦਾ ਪੰਜਾਬੀ ਸਭਿਆਚਾਰ ਨਾਲ ਦੂਰ ਦਾ ਵੀ ਵਾਸਤਾ ਨਹੀਂ।
ਪਿਛਲੇ ਲੇਖ ਵਿਚ ਅਸੀਂ ਪੰਜਾਬੀ ਦੇ ਵਿਦਵਾਨ ਡਾæ ਨਾਹਰ ਸਿੰਘ ਦੀ ਗੱਲ ਕੀਤੀ ਸੀ ਜਿਨ੍ਹਾਂ ਨੇ ਪੰਜਾਬੀ ਗੀਤਾਂ ‘ਤੇ ਬਹੁਤ ਖੋਜ਼ ਕੀਤੀ ਹੈ। ਅਜੋਕੇ ਪੰਜਾਬੀ ਗੀਤ ਕਿਸ ਕਿਸਮ ਦਾ ਸਭਿਆਚਾਰ ਉਸਾਰ ਰਹੇ ਹਨ, ਇਸ ਬਾਰੇ ਡਾæ ਨਾਹਰ ਸਿੰਘ ਦੀ ਪੰਜਾਬੀ ਰਸਾਲੇ ‘ਫਿਲਹਾਲ’ (ਅੰਕ 17, ਪੰਨਾ 135) ਵਿਚ ਛਪੀ ਟਿੱਪਣੀ ਧਿਆਨ ਦੀ ਮੰਗ ਕਰਦੀ ਹੈ। ਉਹ ਲਿਖਦੇ ਹਨ, “ਇਸ ਨਿਬੰਧ ਦੇ ਸ਼ੁਰੂ ਵਿਚ ਅਸੀਂ ਇਸ ਤੱਥ ਉਤੇ ਬਲ ਦਿੱਤਾ ਸੀ ਕਿ ਵੀਹਵੀਂ ਸਦੀ ਦੇ ਪਹਿਲੇ ਅੱਧ ਤਕ ਦੀ ਗਾਇਕੀ ਦੇ ਦੋ ਬੁਨਿਆਦੀ ਲੱਛਣ ਹਨ: ਇਕ ਦੰਤ ਕਥਾਵੀ ਨਾਇਕਾਂ ਉਤੇ ਕੇਂਦਰਤ ਹੈ, ਦੂਜਾ ਇਸ ਦੀ ਪੇਸ਼ਕਾਰੀ ਦੇ ਰੂਪ ਦਾ ਸਮੂਹਕ ਅਤੇ ਸੰਸਥਾਗਤ ਹੋਣਾ। ਇੱਕੀਵੀਂ ਸਦੀ ਦੀ ਗਾਇਕੀ ਇਨ੍ਹਾਂ ਦੋਵਾਂ ਪੱਖਾਂ ਤੋਂ ਉਲਟ ਦਿਸ਼ਾ ਧਾਰਨ ਕਰ ਗਈ ਹੈ। ਇਸ ਦਾ ਨਾਇਕ ਠੋਸ ਸਭਿਆਚਾਰਕ ਮਨੁੱਖ ਹੋਣ ਦੀ ਥਾਂ ਲੁੰਪਨ ਹੋ ਰਿਹਾ ਹੈ। ਉਸ ਦੀ ਕਾਰਜ ਪ੍ਰਕਿਰਿਆ ਵਿਅਕਤੀਗਤ ਹਿੰਸਾ ਉਤੇ ਖੜ੍ਹੀ ਹੈ। ਇਹ ਗਾਇਕੀ ਇਸ਼ਕ ਮੁਹੱਬਤ ਦੇ ਜਜ਼ਬੇ ਦੀ ਥਾਂ ਅਵੈਧ ਲਿੰਗਕ ਸਬੰਧਾਂ, ਕਬਜ਼ੇ ਦੀ ਲਾਲਸਾ ਅਤੇ ਮਰਦ ਦੀ ਧੌਂਸ ਨੂੰ ਸਚਿਆਉਂਦੀ ਹੈ। ਪੰਜਾਬੀ ਸਭਿਆਚਾਰ ਵਿਚ ਇਸ ਪ੍ਰਤੀ ਨਾਇਕ ਲਈ ਢੁਕਵੇਂ ਸ਼ਬਦ ਹਨ: ਲਫੰਗਾ, ਲਫੈਂਡ ਲੋਫਰ। ਇਹ ਸਾਡੇ ਸਭਿਆਚਾਰਕ ਨਾਇਕਾਂ ਦੀ ਨਿਰਾਦਰੀ ਹੈ।” ਪੰਜਾਬੀ ਗਾਇਕੀ ਦੇ ਨਾਂ ਤੇ ਜੋ ਕੁੱਝ ਸਰੋਤਿਆਂ/ਦਰਸ਼ਕਾਂ ਨੂੰ ਪਰੋਸਿਆ ਜਾ ਰਿਹਾ ਹੈ ਉਹ ਨਾ ਸਿਰਫ ਭੜਕੀਲਾ ਅਤੇ ਸ਼ੋਰੀਲਾ ਹੀ ਹੈ ਸਗੋਂ ਹਿੰਸਾ ਭਰਪੂਰ ਵੀ ਹੈ। ਜ਼ਮੀਨਾਂ ‘ਤੇ ਕਬਜ਼ਿਆਂ ਲਈ ਅਤੇ ਕੁੜੀਆਂ ਦੇ ਇਸ਼ਕ ਵਿਚ ਗੰਡਾਸਿਆਂ, ਰਫਲਾਂ ਅਤੇ ਰਿਵਾਲਵਰਾਂ ਦੀ ਗੱਲ ਅਤੇ ਪ੍ਰਦਰਸ਼ਨੀ ਆਮ ਹੀ ਕੀਤੀ ਜਾਂਦੀ ਹੈ। ਜ਼ਮੀਨ ਅਤੇ ਕੁੜੀ ਦੋਹਾਂ ਨੂੰ ਇੱਕੋ ਪੱਧਰ ਤੇ ਕਬਜ਼ੇ ਦੀ ਵਸਤੂ ਵਾਂਗ ਵਰਤਿਆ ਜਾਂਦਾ ਹੈ। ਇਸ ਸਭ ਕੁੱਝ ਤੋਂ ਇਉਂ ਜਾਪਦਾ ਹੈ ਜਿਵੇਂ ਪੰਜਾਬੀਆਂ ਦੇ ਸ਼ਬਦ ਕੋਸ਼ ਵਿਚੋਂ ਇੱਜ਼ਤ ਅਤੇ ਅਣਖ ਨਾਮ ਦੇ ਸ਼ਬਦ ਹੀ ਗੁਆਚ ਗਏ ਹੋਣ।
ਪਰਿਵਾਰ ਦੇ ਨਾਲ ਹੀ ਸਾਡੀ ਮੁਢਲੀ ਸੰਸਥਾ ਵਿਦਿਅਕ ਕੇਂਦਰ ਭਾਵ ਪ੍ਰਾਇਮਰੀ/ਹਾਈ ਸਕੂਲ ਅਰਥਾਤ ਕਾਲਜ ਹਨ। ਪਰਿਵਾਰ ਤੋਂ ਅਗਲੀ ਇਸ ਮੁਢਲੀ ਸੰਸਥਾ ਵਿਚ ਵਿਦਿਆਰਥੀ ਵਿੱਦਿਆ ਪ੍ਰਾਪਤੀ ਅਤੇ ਮਿਹਨਤ ਕਰਨੀ ਸਿੱਖਣ ਦੇ ਨਾਲ ਨਾਲ ਸਮਾਜ ਵਿਚ ਵਿਚਰਨ, ਜ਼ਿੰਦਗੀ ਬਸਰ ਕਰਨ ਦਾ ਸਲੀਕਾ, ਸਭਿਆਚਾਰ, ਦੇਸ਼, ਕੌਮ ਦਾ ਪਿਆਰ ਅਤੇ ਹੋਰ ਨੈਤਿਕ ਕੀਮਤਾਂ ਸੱਚ, ਸੇਵਾ, ਪਰਉਪਕਾਰ ਆਦਿ ਦੀ ਸਿੱਖਲਾਈ ਲੈਂਦਾ ਹੈ ਤਾਂ ਕਿ ਉਹ ਇੱਕ ਚੰਗੇ ਸ਼ਹਿਰੀ ਦੀ ਤਰ੍ਹਾਂ ਵਿਚਰੇ। ਵਿਦਿਅਕ ਸੰਸਥਾਵਾਂ ਦਾ ਜ਼ਿਕਰ ਜਿਸ ਤਰ੍ਹਾਂ ਇਨ੍ਹਾਂ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਵੱਲੋਂ ਕੀਤਾ ਜਾਂਦਾ ਹੈ, ਉਸ ਤੋਂ ਇਉਂ ਜਾਪਦਾ ਹੈ ਜਿਵੇਂ ਸਕੂਲ/ਕਾਲਜ ਸਿੱਖਿਆ ਕੇਂਦਰ ਨਾ ਹੋ ਕੇ ਲੱਚਰਪੁਣੇ ਦੇ ਸਿਖਲਾਈ ਕੇਂਦਰ ਹੋਣ। ਗੁਰੂ ਨਾਨਕ ਸਾਹਿਬ ਨੇ ਜਿਸ ਨੂੰ ‘ਵਿਦਿਆ ਵੀਚਾਰੀ ਤਾ ਪਰਉਪਕਾਰੀ’ ਕਿਹਾ ਹੈ, ਉਸ ਦੀ ਜਿਸ ਕਿਸਮ ਨਾਲ ਇਹ ਗਵਈਏ ਅੱਜ ਕਲ੍ਹ ਤੌਹੀਨ ਕਰ ਰਹੇ ਹਨ, ਨੌਜੁਆਨ ਪੀੜ੍ਹੀ ਨੂੰ ਗਲਤ ਰਸਤਾ ਦਿਖਾ ਕੇ ਉਨ੍ਹਾਂ ਦਾ ਭਵਿੱਖ ਧੁਆਂਖ ਰਹੇ ਹਨ, ਇਸ ਤੋਂ ਵੱਡਾ ਧੱਕਾ ਪੰਜਾਬੀ ਸਭਿਆਚਾਰ ਨਾਲ ਹੋਰ ਕੀ ਹੋ ਸਕਦਾ ਹੈ? ਗੀਤਾਂ ਦਾ ਵਿਸ਼ਾ ਅਤੇ ਪ੍ਰਦਰਸ਼ਨੀ ਪੜ੍ਹਾਈ ਦੀ ਥਾਂ ਮੁੰਡਿਆਂ ਵੱਲੋਂ ਕੁੜੀਆਂ ਦੁਆਲੇ ਮੋਟਰ ਸਾਈਕਲਾਂ ਅਤੇ ਕਾਰਾਂ/ਜੀਪਾਂ ‘ਤੇ ਚੱਕਰ ਲਗਾਉਣ ਤੱਕ ਮਹਿਦੂਦ ਹੋ ਗਿਆ ਹੈ। ਇਸ ਦਾ ਹੀ ਅਸਰ ਹੈ ਕਿ ਮੁੰਡੇ ਜ਼ਮੀਨ ਵੇਚ ਕੇ ਵੀ ਗੱਡੀ ਜ਼ਰੂਰ ਖ਼ਰੀਦਣੀ ਚਾਹੁੰਦੇ ਹਨ ਅਤੇ ਇਹ ਵੀ ਇੱਛਾ ਰੱਖਦੇ ਹਨ ਕਿ ਕੋਈ ਬਾਪ ਭਾਵੇਂ ਕਰਜ਼ਾ ਚੁੱਕ ਕੇ ਹੀ ਦੇਵੇ ਪਰ ਦਾਜ ਵਿਚ ਗੱਡੀ ਜ਼ਰੂਰ ਆਵੇ।
ਪੰਜਾਬੀ ਮੁੰਡੇ ਪੜ੍ਹਾਈ ਲਿਖਾਈ ਵਿਚ ਦੂਸਰੇ ਸੂਬਿਆਂ, ਖਾਸ ਕਰਕੇ ਦੱਖਣੀ ਭਾਰਤ ਦੇ ਵਿਦਿਆਰਥੀਆਂ ਨਾਲੋਂ ਬਹੁਤ ਪਿੱਛੇ ਹਨ ਜਿਸ ਦਾ ਕਾਰਨ ਸਹਿਜੇ ਹੀ ਸਮਝ ਆ ਸਕਦਾ ਹੈ। ਬਾਹਰਲੇ ਸੂਬਿਆਂ ਦੇ ਵਿਦਿਆਰਥੀ ਯੂਨੀਵਰਸਿਟੀ ਦੀ ਪੱਧਰ ਤੱਕ ਦੀ ਵਿੱਦਿਆ ਪ੍ਰਾਪਤ ਕਰਨ ਲਈ ਵੀ ਬੱਸਾਂ ਜਾਂ ਸਾਈਕਲਾਂ ‘ਤੇ ਆਉਂਦੇ ਹਨ (ਇਹ ਮੈਂ ਆਪਣੀਆਂ ਅੱਖਾਂ ਨਾਲ ਚੈਨਈ ਯੂਨੀਵਰਸਿਟੀ, ਮਦੁਰਾਏ ਯੂਨੀਵਰਸਿਟੀ, ਤਾਮਿਲਨਾਡੂ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਦੇਖਿਆ ਹੈ)। ਅੱਜ ਪੰਜਾਬ ਵਿਚ ਵਾਹੁਣ ਜੋਗੀ ਜ਼ਮੀਨ ਹੈ ਜਾਂ ਨਹੀਂ, ਪਰ ਹਰ ਘਰ ਵਿਚ ਗੱਡੀ ਜ਼ਰੂਰ ਨਜ਼ਰ ਆਉਂਦੀ ਹੈ। ਛੋਟੇ ਜ਼ਿਮੀਂਦਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਵੱਡੇ ਜ਼ਿਮੀਂਦਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਛੋਟਿਆਂ ਨੂੰ ਹੜੱਪ ਕਰੀ ਜਾ ਰਹੇ ਹਨ। ਅੱਜ ਪੰਜਾਬ ਦਾ ਜੱਟ ਆਤਮ-ਘਾਤ ਕਰਨ ਲਈ ਮਜ਼ਬੂਰ ਹੋ ਰਿਹਾ ਹੈ। ਹਰ ਰੋਜ਼ ਭਰੂਣ ਹੱਤਿਆ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਸੰਸਥਾਵਾਂ, ਸਭਾ-ਸੁਸਾਇਟੀਆਂ ਰਾਹੀਂ ‘ਨੰਨ੍ਹੀਆਂ ਛਾਂਵਾਂ’ ਦੇ ਨਾਮ ਹੇਠ ਕੁੜੀਆਂ ਨੂੰ ਬਚਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਸੋਚਣ ਵਾਲੀ ਗੱਲ ਹੈ ਕਿ ਜਿਸ ਕਿਸਮ ਦਾ ਮਾਹੌਲ ਪੰਜਾਬੀ ਗਾਇਕੀ ਰਾਹੀਂ ਸਿਰਜਿਆ ਜਾ ਰਿਹਾ ਹੈ, ਕੌਣ ਮਾਂ-ਬਾਪ ਅਜਿਹੇ ਮਾਹੌਲ ਵਿਚ ਕੁੜੀਆਂ ਪੈਦਾ ਕਰਨੀਆਂ ਅਤੇ ਉਨ੍ਹਾਂ ਨੂੰ ਵਿੱਦਿਆ ਕੇਂਦਰਾਂ ਵਿਚ ਪੜ੍ਹਨ ਲਈ ਭੇਜਣਾ ਚਾਹੇਗਾ?
ਅੱਜ ਬਹੁਗਿਣਤੀ ਨੌਜੁਆਨ ਪੀੜ੍ਹੀ ਨਸ਼ਿਆਂ ਦੀ ਗ੍ਰਿਫ਼ਤ ਵਿਚ ਜਾ ਚੁੱਕੀ ਹੈ। ਇਹ ਸਿਰਫ ਅਖ਼ਬਾਰਾਂ ਵਿਚ ਹੀ ਪੜ੍ਹਨ ਨੂੰ ਨਹੀਂ ਮਿਲਦਾ, ਇਸ ਦਾ ਰੁਝਾਨ ਆਮ ਹੀ ਦੇਖਿਆ ਜਾ ਸਕਦਾ ਹੈ। ਸਮੈਕ, ਕੋਕੀਨ, ਤਮਾਕ,ੂ ਸ਼ਰਾਬ ਆਦਿ ਨਸ਼ਿਆਂ ਦੀ ਜਕੜ ਪੰਜਾਬ ਦੀ ਨੌਜੁਆਨ ਪੀੜ੍ਹੀ ‘ਤੇ ਬਹੁਤ ਪੱਕੀ ਅਤੇ ਮਜ਼ਬੂਤ ਹੋ ਗਈ ਹੈ। ਸ਼ਰਾਬ ਪ੍ਰਾਹੁਣਚਾਰੀ ਦਾ ਚਿੰਨ੍ਹ ਬਣ ਚੁੱਕੀ ਹੈ ਅਤੇ ਇਸ ਦੀ ਵਰਤੋਂ, ਜੋ ਪਹਿਲਾਂ ਕਦੀ ਵਿਆਹ-ਸ਼ਾਦੀਆਂ ਅਤੇ ਤਿੱਥ-ਤਿਉਹਾਰਾਂ ‘ਤੇ ਬਹੁਤ ਹੀ ਸੀਮਤ ਢੰਗ ਨਾਲ ਹੁੰਦੀ ਸੀ, ਅੱਜ ਘਰਾਂ ਵਿਚ ਆਮ ਹੀ ਹੋਣ ਲੱਗ ਪਈ ਹੈ। ਸ਼ਰਾਬ ਦੀ ਅੰਧਾ-ਧੁੰਦ ਵਰਤੋਂ ਨੇ ਸਮਾਜਿਕ ਸਮਾਗਮਾਂ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ਉਦਾਹਰਣ ਲਈ ਵਿਆਹ ਇੱਕ ਬਹੁਤ ਹੀ ਮਹੱਤਵਪੂਰਨ ਸਮਾਜਿਕ ਪਰ ਪਵਿੱਤਰ ਰਸਮ ਹੈ। ਇਸੇ ਲਈ ਸਿੱਖ ਧਰਮ ਵਿਚ ਇਸ ਨੂੰ ‘ਆਨੰਦ ਕਾਰਜ’ ਦਾ ਨਾਮ ਦਿੱਤਾ ਗਿਆ ਹੈ, ਜਿਸ ਦਾ ਸਮਾਜਿਕ ਅਤੇ ਅਧਿਆਤਮਕ ਸੰਦਰਭ ਗੁਰਬਾਣੀ ਵਿਚ ਪ੍ਰਾਪਤ ਹੈ। ਅੱਜ ਕਲ੍ਹ ਆਨੰਦ ਕਾਰਜ ਝੱਟ-ਪੱਟ ਕਰ ਲਏ ਜਾਂਦੇ ਹਨ ਜਿਸ ਵਿਚ ਲੜਕੇ ਅਤੇ ਲੜਕੀ ਦੇ ਬਹੁਤ ਹੀ ਨਜ਼ਦੀਕੀ, ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੁੰਦੇ ਹਨ। ਬਾਕੀ ਸਾਰਾ ਸਮਾਂ ਮੈਰਿਜ ਪੈਲਸਾਂ ਵਿਚ ਸ਼ਰਾਬ ਵਰਤਾਉਣ ‘ਤੇ ਲਾ ਦਿੱਤਾ ਜਾਂਦਾ ਹੈ।
ਡਾਕਟਰਾਂ ਵੱਲੋਂ ਕੀਤੀ ਗਈ ਤਾਜ਼ਾ ਖੋਜ ਅਨੁਸਾਰ ਜੇ ਕੋਈ ਮਨੁੱਖ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਇਹ ਖਾਨਦਾਨੀ ਰੋਗ ਬਣ ਸਕਦਾ ਹੈ, ਇੱਕ ਜੈਨਿਟਕ ਸਮੱਸਿਆ ਬਣ ਸਕਦੀ ਹੈ ਜਿਵੇਂ ਸ਼ੁਗਰ ਅਤੇ ਬਲੱਡ-ਪ੍ਰੈਸ਼ਰ ਆਦਿ ਖ਼ਾਨਦਾਨੀ ਸਮੱਸਿਆ ਬਣ ਜਾਂਦੇ ਹਨ। ਵੈਸੇ ਵੀ ਆਪ ਸ਼ਰਾਬ ਦਾ ਸੇਵਨ ਕਰਨ ਵਾਲਾ ਬਜ਼ੁਰਗ ਆਪਣੇ ਬੱਚਿਆਂ ਨੂੰ ਕਿਵੇਂ ਮਨ੍ਹਾਂ ਕਰੇਗਾ, “ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾ॥” ਕੋਈ ਵੇਲਾ ਹੁੰਦਾ ਸੀ ਕਿ ਯੂਨੀਵਰਸਿਟੀਆਂ ਦੇ ਮਹਿਮਾਨ ਘਰਾਂ ਵਿਚ ਸ਼ਰਾਬ ਪੀਣ ਦੀ ਮਨਾਹੀ ਹੁੰਦੀ ਸੀ ਪਰ ਪਿਛਲੇ ਕੁੱਝ ਸਮੇਂ ਤੋਂ ਸਮਾਰੋਹਾਂ ਵੇਲੇ ਮਹਿਮਾਨ ਘਰਾਂ ਵਿਚ ਰਾਤ ਦੇ ਖਾਣੇ ‘ਤੇ ਆਮ ਹੀ ਸ਼ਰਾਬ ਵਰਤਾਈ ਜਾਣ ਲਗੀ ਹੈ। ਪੰਜਾਬ ਦੇ ਹਰ ਪਿੰਡ ਵਿਚ ਦੋ ਦੋ, ਤਿੰਨ ਤਿੰਨ ਠੇਕੇ ਖੁਲ੍ਹੇ ਹੋਏ ਨਜ਼ਰ ਆਉਂਦੇ ਹਨ। ਇਹ ਇਸ ਲਈ ਹੈ ਕਿ ਸਰਕਾਰ ਨੂੰ ਲੋਕਾਂ ਦੀ ਸਿਹਤ ਨਾਲ ਕੋਈ ਸਰੋਕਾਰ ਨਹੀਂ। ਉਸ ਨੂੰ ਠੇਕਿਆਂ ਤੋਂ ਐਕਸਾਈਜ ਦੇ ਰੂਪ ਵਿਚ ਪੈਸਾ ਚਾਹੀਦਾ ਹੈ। ਇਹ ਪੈਸਾ ਕਿਸੇ ਵਿਕਾਸ ਲਈ ਨਹੀਂ ਚਾਹੀਦਾ, ਇਹ ਪੈਸਾ ਹੈਲੀਕਾਪਟਰਾਂ ਦੇ ਝੂਟੇ ਲੈਣ ਲਈ ਚਾਹੀਦਾ ਹੈ। ਪੰਜਾਬ ਉਤੇ ਏਨਾ ਕਰਜ਼ਾ ਖਾੜਕੂ ਲਹਿਰ ਵੇਲੇ ਸੁਰੱਖਿਆ ਫੋਰਸਾਂ ‘ਤੇ ਖ਼ਰਚ ਕਰਨ ਦਾ ਨਹੀਂ ਚੜ੍ਹਿਆ ਜਿੰਨਾ ਹੁਣ ਹੈਲੀਕਾਪਟਰਾਂ ਦੇ ਝੂਟਿਆਂ ਨੇ ਚੜ੍ਹਾ ਦਿੱਤਾ ਹੈ।
ਅੱਜ ਪੰਜਾਬੀ ਨੌਜੁਆਨ ਬੇਰੁਜ਼ਗਾਰ ਹਨ, ਨਸ਼ਿਆਂ ਦੀ ਗ਼੍ਰਿਫਤ ਵਿਚ ਹਨ, ਕਿਸਾਨ ਆਤਮ-ਹੱਤਿਆ ਦੇ ਰਾਹ ਪੈ ਗਿਆ ਹੈ, ਖੇਤੀਬਾੜੀ ਵਿਚ ਨਵੀਆਂ ਖੋਜਾਂ ਕਰਕੇ ਤਬਦੀਲੀ ਲਿਆਉਣ ਦੀ ਲੋੜ ਹੈ। ਨਸ਼ਿਆਂ ਨੂੰ, ਖਾਸ ਕਰਕੇ ਸ਼ਰਾਬ ਨੂੰ ਪਰਮੋਟ ਕਰਨ ਵਿਚ ਪੰਜਾਬੀ ਦੇ ਗਾਇਕਾਂ ਦਾ ਵੀ ਬਹੁਤ ਵੱਡਾ ਹੱਥ ਹੈ। ਕੋਈ ਵਿਰਲਾ ਗਾਇਕ ਹੋਵੇਗਾ ਜਿਸ ਨੇ ਆਪਣੇ ਗੀਤ ਵਿਚ ਸ਼ਰਾਬ ਦੀ ਗੱਲ ਨਾ ਕੀਤੀ ਹੋਵੇ। ਇਨ੍ਹਾਂ ਅਨੁਸਾਰ ਸ਼ਰਾਬ ਪੀ ਕੇ ਬੱਕਰੇ ਬੁਲਾਉਣਾ ਹੀ ਪੰਜਾਬੀਅਤ ਹੈ। ਦੇਸ਼ ਦਾ ਅੰਨ-ਭੰਡਾਰ ਭਰਨ ਵਾਲਾ ਪੰਜਾਬੀ ਕਿਸਾਨ ਅੱਜ ਆਪ ਕੰਗਾਲ ਹੋ ਗਿਆ ਹੈ। ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਬੋਲਬਾਲਾ ਹੈ।
ਗੱਲ ਸਿੱਖ ਇਸਤਰੀ ਨੂੰ ਦਰਪੇਸ਼ ਚੁਣੌਤੀਆਂ ਦੀ ਕੀਤੀ ਜਾ ਰਹੀ ਹੈ। ਇਸ ਲਈ ਇਥੇ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਅੱਜ ਸਿੱਖ ਨੌਜੁਆਨ ਪੀੜ੍ਹੀ (ਮੁੰਡੇ ਅਤੇ ਕੁੜੀਆਂ ਦੋਵੇਂ ਹੀ) ਵੱਡੀ ਗਿਣਤੀ ਵਿਚ ਆਪਣੇ ਕੇਸ ਕਤਲ ਕਰਵਾ ਕੇ ਆਪਣਾ ਸਿੱਖ ਮੁਹਾਂਦਰਾ ਗੁਆ ਰਹੇ ਹਨ। ਇਹ ਬਹੁਗਿਣਤੀ ਵਿਚ ਵਾਪਰ ਰਿਹਾ ਹੈ। ਵਿਆਹ-ਸ਼ਾਦੀਆਂ, ਵਿੱਦਿਅਕ ਅਦਾਰਿਆਂ ਵਿਚ ਸਿੱਖ-ਮੁੰਡੇ ਕੁੜੀਆਂ ਦੀ ਪਹਿਚਾਣ ਕਰਨੀ ਔਖੀ ਹੋ ਗਈ ਹੈ। ਇਹ ਪਹਿਚਾਣ ਉਨ੍ਹਾਂ ਦੇ ਮੁਹਾਂਦਰੇ ਤੋਂ ਨਹੀਂ, ਸਗੋਂ ਉਨ੍ਹਾਂ ਦੇ ਨਾਂਵਾਂ ਪਿੱਛੇ ਲੱਗੇ ‘ਕੌਰ’ ਜਾਂ ‘ਸਿੰਘ’ ਤੋਂ ਹੀ ਹੁੰਦੀ ਹੈ। ਜਾਪਦਾ ਇਉਂ ਸੀ ਕਿ ਅਕਾਲੀ ਪੰਜਾਬ ਦੇ ਵਾਲੀ ਵਾਰਸ ਹਨ ਪਰ ਉਨ੍ਹਾਂ ਦਾ ਮੁੱਖ ਮਕਸਦ ਤਾਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਕੇ ਸੱਤਾ ‘ਤੇ ਕਾਬਜ਼ ਰਹਿਣ ਤੱਕ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦਾ ਹੱਥ-ਠੋਕਾ ਬਣ ਗਈ ਹੈ ਜਿਸ ਰਾਹੀਂ ਗੁਰਦੁਆਰਿਆਂ ਦੀ ਗੋਲਕ ਦਾ ਪੈਸਾ ਅਕਾਲੀ ਸਿਆਸਤ ਦੀ ਚੜ੍ਹਤ ਵਾਸਤੇ ਵਰਤਿਆ ਜਾ ਸਕੇ। ਸਿੱਖ ਪਛਾਣ ਨਾਲ ਅਕਾਲੀ ਸਿਆਸਤ ਦਾ ਉਦੋਂ ਤੱਕ ਤੁਅਲਕ ਨਹੀਂ ਜਦੋਂ ਤੱਕ ਇਸ ਦੀ ਵਰਤੋਂ ਰਾਜਨੀਤੀ ਲਈ ਨਾ ਕੀਤੀ ਜਾ ਸਕਦੀ ਹੋਵੇ। ਜੇ ਸਿੱਖ ਪਛਾਣ ਇਸ ਲਈ ਕੋਈ ਮਾਅਨੇ ਰੱਖਦੀ ਹੋਵੇ ਤਾਂ ਇਹ ਨਰਿੰਦਰ ਮੋਦੀ ਵਰਗੇ ਨੇਤਾ ਨਾਲ ਭਿਆਲੀ ਕਿਵੇਂ ਪਾ ਸਕਦੀ ਹੈ?
ਅਜਿਹੀ ਸਥਿਤੀ ਵਿਚ ਸਿੱਖ ਬੀਬੀਆਂ ਦੇ ਸਾਹਮਣੇ ਚੁਣੌਤੀਆਂ ਹੀ ਚੁਣੌਤੀਆਂ ਹਨ ਜੋ ਕਿਸੇ ਗੰਭੀਰ ਚਿੰਤਨ ਦੀ ਮੰਗ ਕਰਦੀਆਂ ਹਨ। ਹਰ ਰੋਜ਼ ਅਸੀਂ ‘ਖ਼ਾਲਿਸਤਾਨ ਦਾ ਕੂਕ-ਰੌਲਾ ਪਾਉਂਦੇ ਥੱਕਦੇ ਨਹੀਂ ਪਰ ਇਹ ਨਹੀਂ ਸੋਚਿਆ ਜਾ ਰਿਹਾ ਕਿ ਪੰਜਾਬ ਅੱਜ ਤਬਾਹੀ ਦੇ ਕੰਢੇ ‘ਤੇ ਖੜ੍ਹਾ ਹੈ। ਇਸ ਦੀ ਬੋਲੀ, ਇਸ ਦਾ ਸਭਿਆਚਾਰ, ਇਸ ਦਾ ਸਾਹਿਤ ਸਭ ਤਬਾਹੀ ਵੱਲ ਜਾ ਰਹੇ ਹਨ। ਅੱਜ ਸਿੱਖ ਬੀਬੀਆਂ ਨੂੰ ਦਲੇਰ ਕੌਰ ਅਤੇ ਮਾਈ ਭਾਗੋ ਵਾਂਗ ਕਮਰਕੱਸੇ ਕੱਸ ਕੇ ਅੱਗੇ ਆਉਣ ਦੀ ਜ਼ਰੂਰਤ ਹੈ। ਗੁਰੂ ਸਾਹਿਬ ਨੇ ਸਿੱਖ ਨੂੰ ਸੰਕਟ ਵਿਚੋਂ ਉਭਰਨ ਲਈ ਸਿਰ ਜੋੜ ਕੇ ਬੈਠਣ ਦਾ ਸੰਗਤੀ ਮਾਡਲ ਦਿੱਤਾ ਹੈ, ਜਿਸ ਵਿਚ ਵਿਚਾਰ ਰਾਹੀਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਅੱਜ ਉਸ ਨੂੰ ਇਕੱਠਿਆਂ ਹੋ ਕੇ ਜਥੇਬੰਦਕ ਰੂਪ ਵਿਚ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰਖਿਅਤ ਕਰਨ ਲਈ ਜੂਝਣਾ ਹੀ ਪਵੇਗਾ। ਲੜਾਈ ਸਿਰਫ਼ ਹਥਿਆਰਾਂ ਨਾਲ ਹੀ ਨਹੀਂ ਲੜੀ ਜਾਂਦੀ, ਇਸ ਨੂੰ ਲੜਨ ਦੀਆਂ ਹੋਰ ਵੀ ਵਿਧੀਆਂ ਹਨ।
Leave a Reply