ਬੋਲ ਕਿ ਲਬ ਆਜ਼ਾਦ ਹੈਂ ਤੇਰੇ…
ਸੁਕੰਨਿਆਂ ਭਾਰਦਵਾਜ ਨਾਭਾ
ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ 440 ਕਿਸਾਨ ਜਥੇਬੰਦੀਆਂ ਵਲੋਂ ਵਿੱਢਿਆ ਦਿੱਲੀ ਕਿਸਾਨ ਮੋਰਚਾ ਮੁੜ ਪੈਰੀਂ ਸਿਰੀਂ ਹੋ ਗਿਆ ਹੈ। ਲੋਕਾਂ ਦੀ ਸ਼ਮੂਲੀਅਤ ਕਈ ਗੁਣਾਂ ਵੱਧ ਗਈ ਹੈ, ਜੋ 26 ਜਨਵਰੀ ਦੀ ਟਰੈਕਟਰ ਪ੍ਰੇਡ ਤੋਂ ਬਾਅਦ ਕੁਝ ਵਿਰਲੀ ਹੋ ਗਈ ਜਾਪਦੀ ਸੀ। ਯੂ. ਪੀ., ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਸਮੇਤ ਕਈ ਰਾਜਾਂ ਵਿਚ ਕਿਸਾਨ ਪੰਚਾਇਤਾਂ ਦਾ ਸਿਲਸਿਲਾ ਜਾਰੀ ਹੈ। ਖਾਪ ਪੰਚਾਇਤਾਂ ਦੇ ਫੈਸਲਿਆਂ ਨੇ ਮੋਰਚੇ ਨੂੰ ਜਨ-ਅੰਦੋਲਨ ਬਣਾਉਣ ਤੇ ਲੋਕਤੰਤਰ ਦੀ ਬਹਾਲੀ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਜਗਰਾਉਂ (ਪੰਜਾਬ) ਵਿਚ ਵੀ ਪਲੇਠੀ ਕਿਸਾਨ ਪੰਚਾਇਤ ਹੋਈ, ਜੋ ਕਾਫੀ ਸਫਲ ਰਹੀ। ਪੰਜਾਬ ਵਿਚ ਸਥਾਨਕ ਸਰਕਾਰਾਂ ਦੀ ਚੋਣ ਦਾ ਸਮਾਂ ਹੋਣ ਦੇ ਬਾਵਜੂਦ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਆਪਣੀ ਰੋਟੀ ਰੋਜੀ ਦੇ ਵਿੱਢੇ ਸੰਘਰਸ਼ ਲਈ ਜਾਮਨੀ ਦਾ ਪ੍ਰਤੀਕ ਸੀ, ਜਿਸ ਨਾਲ ਮੋਰਚੇ ਵਿਚ ਬੈਠੇ ਸੰਘਰਸ਼ੀ ਮਿੱਟੀ ਦੇ ਜਾਇਆਂ ਤੇ ਸੰਚਾਲਕਾਂ ਨੂੰ ਊਰਜ਼ਾ ਮਿਲੀ, ਪਰ ਕੇਂਦਰੀ ਹਕੂਮਤ ਦਾ ਢੀਠਤਾ ਵਾਲਾ ਹੰਕਾਰੀ ਰਵੱਈਆ ਅੱਗੇ ਨਾਲੋਂ ਵੀ ਕਰੂਰ ਹੋ ਗਿਆ ਜਾਪਦਾ ਹੈ।
ਸੰਸਦ ਦੇ ਬਜਟ ਸ਼ੈਸਨ ਵਿਚ ਜ਼ਰਾਇਤ ਮੰਤਰੀ ਨਰਿੰਦਰ ਤੋਮਰ ਨਾਲ ਕਿਸਾਨ ਆਗੂਆਂ ਦੀਆਂ ਮੀਟਿੰਗਾਂ ਸਮੇਂ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੇ ਇਕੱਲੇ ਇਕੱਲੇ ਕਲਾਜ਼ ਉਤੇ ਹੋਈਆਂ ਬਹਿਸਾਂ ਤੇ ਲਿਖਤੀ ਰੂਪ ਵਿਚ ਦੇਣ ਦੇ ਬਾਵਜੂਦ ਕਹਿਣਾ ਕਿ ਕਿਸਾਨ ਤੇ ਵਿਰੋਧੀ ਪਾਰਟੀਆਂ ਕਾਨੂੰਨਾਂ ਵਿਚ ਕਾਲਾ ਕੀ ਹੈ? ਬਾਰੇ ਸਪਸ਼ਟ ਨਹੀਂ ਕਰ ਸਕੀਆਂ। ਪਿਛਲੇ ਢਾਈ ਮਹੀਨਿਆਂ ਵਿਚ ਦੋ ਸੌ ਤੋਂ ਉਪਰ ਕਿਸਾਨਾਂ ਦੇ ਸੰਘਰਸ਼ ਦੀ ਭੇਟਾ ਚੜ੍ਹ ਜਾਣ ਬਾਰੇ ਮੰਤਰੀ ਵਲੋਂ ਜਾਣਕਾਰੀ ਨਾ ਹੋਣ ਦਾ ਬਿਆਨ ਦਾਗਣਾ ਇਸ ਨਾ-ਅਹਿਲ ਤੇ ਅਸੰਵੇਦਨਸ਼ੀਲ ਸਰਕਾਰ ਦੇ ਕਿਸਾਨ ਸੰਘਰਸ਼ ਵਿਰੋਧੀ ਚਿਹਰਾ ਪੂਰੀ ਤਰਾਂ ਬੇ ਨਕਾਬ ਹੋ ਚੁਕਾ ਹੈ।
ਉਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ਵਿਚ ਹੀ ਕਾਨੂੰਨਾਂ ਦੇ ਸਹੀ ਹੋਣ ਦੀ ਤੋਤਾ-ਰਟ ਦੁਹਰਾਉਂਦਿਆਂ ਕਿਸਾਨ ਸੰਘਰਸ਼ੀਆਂ ਨੂੰ ‘ਅੰਦੋਲਨਜੀਵੀ, ਪਰਜੀਵੀ’ ਦੀ ਸੰਗਿਆ ਦਿੰਦਿਆਂ ਨਵੀਂ ਚਰਚਾ ਛੇੜ ਦਿਤੀ। ਸਰਕਾਰੀ ਧਿਰ ਵਲੋਂ ਅਜਿਹੇ ਕਥਿਤ ਫਰੇਬੀ ਬਿਆਨਾਂ ਨੇ ਸੰਸਦੀ ਪਰੰਪਰਾ, ਆਸਥਾ, ਮਰਿਆਦਾ ਨੂੰ ਤਾਂ ਭਾਰੀ ਢਾਹ ਲਾਈ ਹੀ, ਨਾਲ ਹੀ ਦੇਸ਼ ਦੀ ਜਨਤਾ ਦੇ ਭਰੋਸੇ ਨੂੰ ਖੋਰਾ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਲੋਕ ਇਸ 17ਵੀਂ ਸੰਸਦ ਤੋਂ ਧਰਤੀ ਪੁੱਤਰ ਦੀਆਂ ਮੁਸੀਬਤਾਂ ਦਾ ਕੋਈ ਹੱਲ ਦੀ ਤਵੱਕੋਂ ਕਰ ਰਹੇ ਸਨ, ਪਰ ਉਨ੍ਹਾਂ ਦੇ ਪੱਲੇ ਮਾਯੂਸੀ ਹੀ ਪਈ। ਉਤੋਂ ਦੋਵੇਂ ਮੰਤਰੀ, ਪ੍ਰਧਾਨ ਮੰਤਰੀ ਦਾ ਵਿਅੰਗਮਈ ਕਠੋਰ ਹਾਸਾ ਜਮਹੂਰੀਅਤ ਦੇ ਸਭ ਤੋਂ ਉਚੇ ਸੁੱਚ ਸਤੰਭ ਜਨ-ਸਦਨ ਦੀਆਂ ਨੀਂਹਾਂ ਹਿਲਾ ਰਿਹਾ ਸੀ।
ਕਿਸਾਨੀ ਸੰਘਰਸ਼ ਕਾਰਨ ਦੇਸ਼-ਵਿਦੇਸ਼ ਦੀਆਂ ਨਜ਼ਰਾਂ ਇਸ ਵਾਰੀ ਦੇ ਬਜਟ ਸ਼ੈਸਨ ਉਤੇ ਲੱਗੀਆਂ ਹੋਈਆਂ ਸਨ। ਹਾਕਮੀ ਧਿਰ ਦੇ ਉਲਟ ਇਸ ਵਾਰੀ ਵਿਰੋਧੀ ਧਿਰ ਦੀਆਂ 16 ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਆਵਾਜ਼ ਨੂੰ ਬੁਲੰਦ ਕਰਦਿਆਂ ਭਾਜਪਾ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ, ਜਿਸ ਵਿਚ ਝੰਡੀ ਔਰਤ ਬੁਲਾਰਿਆਂ ਦੀ ਰਹੀ। ਭਾਵੇਂ ਕਾਂਗਰਸ ਆਗੂ ਰਾਹੁਲ ਗਾਂਧੀ, ਗੁਲਾਮ ਨਬੀ ਅਜ਼ਾਦ, ਦੀਪਿੰਦਰ ਸਿੰਘ ਹੁੱਡਾ, ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ, ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ ਅਤੇ ਭਗਵੰਤ ਸਿੰਘ ਮਾਨ, ਸੰਜੈ ਸਿੰਘ ਸਮੇਤ ਦਰਜਨਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਆਪਣੇ ਭਾਸ਼ਣਾਂ ਵਿਚ ਕਿਸਾਨੀ ਘੋਲ ਦੀ ਹਮਾਇਤ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਜੋਰਦਾਰ ਮੰਗ ਕੀਤੀ, ਪਰ ਜੋ ਪਰਖਚੇ ਪੱਛਮੀ ਬੰਗਾਲ ਦੀ ਮੈਂਬਰ ਪਾਰਲੀਮੈਂਟ ਮਹੂਆ ਮੋਇਤਰਾ ਤੇ ਹਰਸਿਮਰਤ ਕੌਰ ਬਾਦਲ ਨੇ ਉਧੇੜੇ, ਉਨ੍ਹਾਂ ਤਾਂ ਵੱਡੇ ਵੱਡੇ ਬੁੱਧੀਜੀਵੀਆਂ, ਮੀਡੀਆ ਸਫਾਂ, ਸ਼ੋਸਲ ਐਕਟੀਵਿਸਟਾਂ, ਮੀਡੀਆ ਘਰਾਣਿਆਂ ਨੂੰ ਪ੍ਰਾਈਮ ਟਾਈਮ `ਤੇ ਡਿਬੇਟ ਕਰਨ ਲਈ ਮਜਬੂਰ ਕਰ ਦਿੱਤਾ।
ਦਾ ਵਾਇਰ, ਐਨ. ਡੀ. ਟੀ. ਵੀ., ਨਿਊਜਕਲਿਕ ਇੰਨ, ਲਲਨਟੌਪ, ਬੀ. ਬੀ. ਸੀ. ਨੇ ਤਾਂ ਮਹੂਆ ਮੋਇਤਰਾ ਨਾਲ ਮੁਲਾਕਾਤਾਂ ਤੇ ਸੀਨੀਅਰ ਪੱਤਰਕਾਰਾਂ ਨਾਲ ਉਸ ਦੇ ਭਾਸ਼ਣਾਂ `ਤੇ ਡਿਬੇਟ ਵੀ ਕਰਵਾਈ। ਉਨ੍ਹਾਂ ਉਸ ਦੇ ਭਾਸ਼ਣ ਨੂੰ ਜਵਾਹਰਲਾਲ ਨਹਿਰੂ, ਡਾ. ਰਾਮ ਮਨੋਹਰ ਲੋਹੀਆ, ਮਧੂ ਲਿੰਮਹੇ ਆਦਿ ਜਿਹੇ ਸਟੇਟਸਮੈਨਾਂ ਦੇ ਸਮੇਂ ਨਾਲ ਤੁਲਨਾ ਕੀਤੀ। ਮਹੂਆ ਮੋਇਤਰਾ ਦੇ ਭਾਸ਼ਣ ਦੇ ਕੁਝ ਅੰਸ਼ ਇਥੇ ਵੀ ਦੇਣਾ ਚਾਹਾਂਗੀ। ਸੰਸਦ ਵਿਚ ਆਪਣੀ ਤਕਰੀਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਮਹੂਆ ਮੋਇਤਰਾ ਨੇ ਸਭਾਪਤੀ ਨੂੰ ਵਾਰਨਿੰਗ ਦਿੱਤੀ ਕਿ ਉਹ ਉਸ ਦਾ ਲਾਈਵ ਟੈਲੀਕਾਸਟ ਬੰਦ ਨਾ ਕਰਨ, ਕਿਉਂਕਿ ਅਜਿਹਾ ਪਹਿਲਾਂ ਦੋ ਵਾਰ ਹੋ ਚੁਕਾ ਹੈ।
ਪ੍ਰਭਾਵਸ਼ਾਲੀ ਢੰਗ ਨਾਲ ਬੋਲਦਿਆਂ ਹਾਕਮ ਧਿਰ `ਤੇ ਸ਼ਬਦੀ ਤੀਰ ਚਲਾਉਂਦਿਆਂ ਮਹੂਆ ਮੋਇਤਰਾ ਨੇ ਕਿਹਾ ਕਿ ਤੁਸੀਂ ਡਰਪੋਕ ਹੋ। ਤੁਸੀਂ ਫੌਜਾਂ, ਪੁਲਿਸ, ਪੈੈਰਾਮਿਲਟਰੀ ਫੋਰਸ, ਨਿਆਂਪਾਲਕਾ, ਮੀਡੀਆ-ਹਰ ਤਰ੍ਹਾਂ ਦੇ ਸਾਧਨ ਸੰਪੰਨ ਹੋ। ਕਿਸਾਨ ਖਾਲੀ ਹੱਥ ਅਮਨ ਸ਼ਾਂਤੀ ਨਾਲ ਦਿੱਲੀ ਦੀ ਸਰਹੱਦ ਉਤੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਪਿਛਲੇ ਤਿੰਨ ਮਹੀਨਿਆਂ ਤੋਂ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਉਸ ਵਲੋਂ ਕੋਈ ਹਿੰਸਾ ਨਹੀਂ ਕੀਤੀ ਜਾ ਰਹੀ। ਤੁਸੀਂ ਫੇਰ ਵੀ ਉਸ ਦੁਆਲੇ ਕੰਡਿਆਲੀ ਬੈਰੀਕੇਡਿੰਗ, ਡੂਘੀਆਂ ਖਾਈਆਂ ਤੇ ਤਿੱਖੀਆਂ ਕਿੱਲਾਂ ਲਾਈਆਂ। ਪੁਲਿਸ ਦੀਆਂ ਕਈ ਕਈ ਲੇਅਰ ਲਾ ਕੇ ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। 26 ਜਨਵਰੀ ਦੀ ਹਿੰਸਾ `ਤੇ ਕਿਸਾਨਾਂ ਖਿਲਾਫ ਝੂਠੇ ਪਰਚੇ ਪਾ ਕੇ ਉਨ੍ਹਾਂ ਦੇ ਅੰਦੋਲਨ ਨੂੰ ਸਾਬੋਤਾਜ ਕਰਨ ਦੇ ਮਨਸੂਬੇ ਘੜੇ ਗਏ, ਜਿਸ ਲਈ ਸਰਕਾਰ ਪੁਰੀ ਤਰ੍ਹਾਂ ਜਿੰਮੇਵਾਰ ਹੈ। ਭਾਜਪਾ ਤੇ ਆਰ. ਐਸ. ਐਸ. ਦੇ ਵਰਕਰਾਂ ਨੇ ਲਾਲ ਕਿਲੇ ਵਾਲਾ ਸਾਰਾ ਹਿੰਸਕ ਮਾਹੌਲ ਸਿਰਜਿਆ।
ਮਹੂਆ ਮੋਇਤਰਾ ਨੇ ਅੱਗੇ ਕਿਹਾ, ਤੁਸੀਂ ਅੰਨਦਾਤੇ ਨਾਲ ਅਜਿਹਾ ਰਸੂਖ ਕਰ ਰਹੇ ਹੋ, ਜਿਵੇਂ ਉਹ ਤੁਹਾਡੇ ਦੁਸ਼ਮਣ ਹੋਣ ਤੇ ਦਿੱਲੀ ਉਤੇ ਕਬਜਾ ਕਰਨ ਆਏ ਹੋਣ। ਉਨ੍ਹਾਂ ਨੂੰ ਅਤਿਵਾਦੀ ਵੱਖਵਾਦੀ ਕਹਿ ਕੇ ਭੰਡਦੇ ਹੋ। ਉਨ੍ਹਾਂ ਵਰਗੀ ਦਰਿਆਦਿਲੀ ਅਤੇ ਆਪਾ ਵਾਰਨ ਤੇ ਤਿਆਗ ਦੀ ਭਾਵਨਾ ਕਿਸੇ ਵਿਚ ਵੀ ਨਹੀਂ। ਉਨ੍ਹਾਂ ਦੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਦਿੱਲੀ ਫਤਿਹ ਕੀਤੀ ਤੇ ਕੇਸਰੀ ਨਿਸ਼ਾਨ ਲਾਲ ਕਿਲੇ `ਤੇ ਲਹਿਰਾਇਆ ਸੀ, ਪਰ ਰਾਜ ਭਾਗ ਅਰਾਮ ਨਾਲ ਮੁੜ ਮੁਗਲਾਂ ਨੂੰ ਸੌਂਪ ਕੇ ਵਾਪਸ ਪੰਜਾਬ ਚਲੇ ਗਏ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰਾਂ ਤੋਂ ਜ਼ਮੀਨ ਲੈ ਕੇ ਇਨ੍ਹਾਂ ਖੇਤੀ ਕਰਨ ਵਾਲਿਆਂ ਵਿਚ ਵੰਡੀ ਸੀ। ਇਹ ਦੌਲਤ ਦੀ ਕਾਣੀ ਵੰਡ ਖਿਲਾਫ ਲੜਾਈ ਸੀ, ਜੋ ਉਸੇ ਦੇ ਵੰਸ਼ਜ ਅੱਜ ਫਿਰ ਉਹੋ ਅਡਾਨੀ-ਅੰਬਾਨੀ ਖਿਲਾਫ ਵਿੱਢੀ ਬੈਠੇ ਹਨ। ਨੇਵੀ ਏਅਰਫੋਰਸ ਤੇ ਆਰਮੀ ਦਾ ਦਸਵਾਂ ਹਿੱਸਾ ਹਰਿਆਣਾ, ਪੰਜਾਬ ਤੋਂ ਆਉਂਦਾ ਹੈ, ਉਨ੍ਹਾਂ ਨੂੰ ਤੁਸੀਂ ਗੱਦਾਰ ਕਹਿੰਦੇ ਹੋ। ਤਿਰੰਗੇ ਨੂੰ ਕਿਸੇ ਨੇ ਛੇੜਿਆ ਤਕ ਨਹੀਂ, ਤੁਸੀ ਉਨ੍ਹਾਂ ਨੂੰ ਝੰਡੇ ਦੇ ਝੂਠੇ ਅਪਮਾਨ ਦਾ ਦੋਸ਼ੀ ਬਣਾਉਂਦੇ ਹੋ, ਜਿਸ ਕੌਮੀ ਝੰਡੇ ਦੀ ਆਨ-ਸ਼ਾਨ ਲਈ ਉਨ੍ਹਾਂ ਸ਼ਹਾਦਤਾਂ ਦਿੱਤੀਆਂ।
ਮਹੂਆ ਮੋਇਤਰਾ ਨੇ ਆਪਣੇ ਭਾਸਣ ਦੀ ਸੂਈ ਜੁਡੀਸ਼ਰੀ ਤੇ ਸੰਸਦ ਦੀ ਗੈਲਰੀ ਵਿਚ ਬੈਠੇ ਮੀਡੀਆ ਕਰਮੀਆਂ ਵੱਲ ਸੇਧਤ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਲੋਕਤੰਤਰ ਨੂੰ ਖਤਮ ਕਰ ਦਿੱਤਾ ਹੈ। ਪੱਤਰਕਾਰ, ਸਮਾਜਕ ਕਾਰਜਕਰਤਾ ਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਆਵਾਜ਼ ਉਠਾਉਣ ਵਾਲੇ ਨਿਰਦੋਸ਼ ਅੱਜ ਜੇਲ੍ਹੀਂ ਡੱਕ ਰੱਖੇ ਹਨ। ਇਹ ਨਿਆਂਪਾਲਿਕਾ ਤੇ ਸੁਆਲੀਆ ਨਿਸ਼ਾਨ ਹੈ। ਉਨ੍ਹਾਂ ਸੁਪਰੀਮ ਕੋਰਟ ਦੇ ਸਾਬਕਾ ਮੁਖ ਜੱਜ, ਹੁਣ ਰਾਜ ਸਭਾ ਮੈਂਬਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਸ ਉਪਰ ਅਦਾਲਤ ਦੀ ਇੱਕ ਔਰਤ ਮੁਲਾਜ਼ਮ ਵਲੋਂ ਜਿਸਮਾਨੀ ਛੇੜ-ਛਾੜ ਦੇ ਦੋਸ਼ ਲਾਏ ਸਨ, ਪਰ ਉਸ ਮੁਖ ਜੱਜ ਨੇ ਆਪ ਹੀ ਜੱਜ, ਵਕੀਲ ਤੇ ਇਨਕੁਆਰੀ ਅਫਸਰ ਲੱਗ ਕੇ ਉਸ ਦੀ ਆਵਾਜ਼ ਜਬਰੀ ਦਬਾ ਕੇ ਆਪਣੇ ਆਪ ਨੂੰ ਆਪ ਹੀ ਬਰੀ ਕਰ ਲਿਆ। ਨਿਆਂਪਾਲਿਕਾ ਦੇ ਇਤਿਹਾਸ ਵਿਚ ਸ਼ਾਇਦ ਅਜਿਹਾ ਪਹਿਲਾ ਵਰਤਾਰਾ ਸੀ। ਰਾਮ ਮੰਦਿਰ ਬਣਾਉਣ ਤੇ ਬਾਬਰੀ ਮਸਜਿਦ ਢਾਹੁਣ ਦੇ ਦੋਸ਼ੀਆਂ ਨੂੰ ਬਰੀ ਕਰਨ ਦਾ ਫੈਸਲਾ ਵੀ ਉਸੇ ਦਾ ਸੀ। ਕੇਂਦਰ ਸਰਕਾਰ ਦੇ ਮਨਪਸੰਦ ਫੈਸਲੇ ਕਰਨ ਕਰਕੇ ਉਸ ਨੂੰ ਤੀਸਰੇ ਦਿਨ ਹੀ ਰਾਜ ਸਭਾ ਦੀ ਮੈਂਬਰੀ ਬਖਸ਼ ਦਿੱਤੀ।
ਮੀਡੀਆ ਤੇ ਨਿਆਂਪਾਲਿਕਾ ਨੂੰ ਉਲਾਂਭਾ ਦਿੰਦਿਆਂ ਮਹੂਆ ਮੋਇਤਰਾ ਨੇ ਕਿਹਾ ਕਿ ਜੇ ਤੁਸੀਂ ਜਾਗਦੇ ਹੁੰਦੇ ਤਾਂ ਇਹ ਗੈਰ-ਜਮਹੂਰੀ ਹਾਲਾਤ ਨਹੀਂ ਪੈਦਾ ਹੋ ਸਕਦੇ ਸਨ। ਉਸ ਨੇ ਅੱਜ ਦੇ ਜੱਜਾਂ ਨੂੰ ਵੀ ਭਾਜਪਾ ਸਰਕਾਰ ਦੇ ਹੱਕ ਵਿਚ ਹੀ ਖਲੋਣ ਵਾਲੇ ਦੱਸਿਆ, ਨਹੀਂ ਤਾਂ ਕੀ ਕਾਰਨ ਸੀ ਕਿ ਗੈਰ-ਸੰਵਿਧਾਨਕ ਕਾਲੇ ਖੇਤੀ ਕਾਨੂੰਨਾਂ ਤੇ ਸ਼ੂਮੋਟੋ ਨੋਟਿਸ ਲੈ ਕੇ ਇਨ੍ਹਾਂ ਨੂੰ ਰੱਦ ਨਹੀਂ ਸੀ ਕੀਤਾ ਜਾ ਸਕਦਾ। ਅੱਜ ਭਾਰਤ ਦਾ ਹਰ ਵਿਅਕਤੀ ਜਾਣ ਗਿਆ ਹੈ ਕਿ ਇਹ ਕਾਨੂੰਨ ਤਾਂ ਕੇਂਦਰ ਦੇ ਅਧਿਕਾਰ ਖੇਤਰ ਵਿਚ ਹੀ ਨਹੀਂ। ਕੇਂਦਰ ਨੇ ਕਰੋਨਾ ਦੀ ਆੜ ਵਿਚ ਇਨ੍ਹਾਂ ਨੂੰ ਪਾਸ ਕਰਕੇ ਕਿਸਾਨੀ ਦਾ ਗਲਾ ਘੁੱਟਣ ਦੇ ਨਾਲ ਨਾਲ ਸੰਘੀ ਹੱਕਾਂ `ਤੇ ਵੀ ਡਾਕਾ ਮਾਰਿਆ ਹੈ।
ਬੀਬਾ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ਨੇ ਵੀ ਖੂਬ ਸੁਰਖੀਆਂ ਬਟੋਰੀਆਂ, ਪਰ ਭਾਵੇਂ ਲਗਦਾ ਤਾਂ ‘ਬੇਵਕਤੀ ਨਮਾਜ਼’ ਹੀ ਹੈ, ਪਰ ਚਲੋਂ ਫਿਰ ਵੀ ਦੇਰ ਆਏ, ਦਰੁਸਤ ਆਏ। ਉਨ੍ਹਾਂ ਸੰਸਦ ਵਿਚ ਆਪਣੀ ਧਾਕੜ ਸਪੀਚ ਵਿਚ ਕਿਹਾ ਕਿ ਸਾਡੇ ਪ੍ਰਥਮ ਗੁਰੂ, ਗੁਰੂ ਨਾਨਕ ਦੇਵ ਜੀ ਨੇ 18 ਸਾਲ ਆਪਣੇ ਹੱਥੀਂ ਖੇਤੀ ਕਰਕੇ ਸਾਨੂੰ ਸਿੱਖਾਂ ਨੂੰ ‘ਕਿਰਤ ਕਰੋ ਨਾਮ ਜਪੋ ਵੰਡ ਛਕੋ’ ਦਾ ਉਪਦੇਸ਼ ਦਿੱਤਾ ਸੀ, ਜਿਸ `ਤੇ ਚਲਦਿਆਂ ਕਿਸਾਨ ਆਪਣੇ ਹੱਥੀਂ ਸਖਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਇੰਨੀ ਪਵਿੱਤਰ ਕਮਾਈ ਕਰਨ ਵਾਲੇ ਕਿਸਾਨ ਲੱਖਾਂ ਦੀ ਗਿਣਤੀ ਵਿਚ ਆ ਕੇ ਦਿੱਲੀ ਦੀ ਸਰਹੱਦ `ਤੇ ਆਪਣੇ ਹੱਕਾਂ ਲਈ ਨਿਰੰਤਰ ਸੰਘਰਸ਼ ਕਰ ਰਹੇ ਹਨ, ਭਾਵੇਂ ਇਹ ਕੱਕਰ ਪੈਂਦੀ ਠੰਢ, ਬਾਰਸ਼ ਅੰਨਾ ਝਖੜ ਹੀ ਕਿਉਂ ਨਾ ਹੋਵੇ। ਪਿਛਲੇ ਛੇ ਮਹੀਨੇ ਤੋਂ ਜੋ ਉਹ ਮੰਗ ਕਰ ਰਹੇ ਹਨ, ਉਸ ਲਈ ਇਸ ਅੰਨੀ ਬੋਲੀ ਸਰਕਾਰ ਦੇ ਕੰਨ `ਤੇ ਜੂੰ ਨਹੀਂ ਸਰਕੀ।
ਬੀਬਾ ਬਾਦਲ ਨੇ ਕਿਹਾ ਕਿ 26 ਨਵੰਬਰ 2020 ਨੂੰ ਗਣਤੰਤਰ ਦਿਵਸ `ਤੇ ਉਨ੍ਹਾਂ ਨੇ ਦਿੱਲੀ ਲਈ ਅਮਨ ਪੂਰਬਕ ਮਾਰਚ ਕੀਤਾ, ਜਿਸ ਦਾ ਕੇਂਦਰ ਸਰਕਾਰ ਨੇ ਅੱਥਰੂ ਗੈਸ, ਲਾਠੀਆਂ, ਪਾਣੀ ਦੀਆਂ ਬੁਛਾੜਾਂ ਤੇ ਬੈਰੀਕੇਡਾਂ ਨਾਲ ਸੁਆਗਤ ਕੀਤਾ। ਨਿਹੱਥੇ ਕਿਸਾਨਾਂ ਨਾਲ ਇਸ ਦੂਜੇ ਦਰਜੇ ਵਾਲੇ ਸ਼ਹਿਰੀ ਦੇ ਵਰਤਾਓ ਨੂੰ ਸਾਰੀ ਦੁਨੀਆਂ ਨੇ ਦੇਖਿਆ ਤੇ ਉਸ ਨਾਲ ਹਮਦਰਦੀ ਕੀਤੀ। ਅੱਜ ਹਰ ਵਰਗ ਉਸ ਅੰਨਦਾਤੇ ਨਾਲ ਜੁੜ ਗਿਆ ਹੈ। ਉਨ੍ਹਾਂ ਦੋ ਸੌ ਦੇ ਕਰੀਬ ਮ੍ਰਿਤਕ ਕਿਸਾਨਾਂ ਦੀਆਂ ਫੋਟੋਆਂ ਦਿਖਾਉਂਦਿਆਂ ਕਿਹਾ ਕਿ ਇਹ ਇਸ ਕਿਸਾਨੀ ਸੰਘਰਸ਼ ਦੀ ਭੇਟ ਚੜ੍ਹ ਚੁਕੇ ਹਨ, ਪਰ ਨਾ ਸਰਕਾਰ ਤੇ ਨਾ ਮਾਣਯੋਗ ਰਾਸ਼ਟਰਪਤੀ ਨੇ ਇਨ੍ਹਾਂ ਦੀਆਂ ਮੌਤਾਂ `ਤੇ ਕੋਈ ਦੁੱਖ ਪ੍ਰਗਟਾਇਆ। ਇਹ ਸਾਡੇ ਅੰਨਦਾਤਾ ਹਨ। ‘ਮਨ ਕੀ ਬਾਤ’ ਸਮੇਤ ਬਹੁਤ ਕੁਝ ਕੀਤਾ ਜਾਂਦਾ ਹੈ, ਪਰ ਕਿਸਾਨਾਂ ਲਈ ਕੋਈ ਸਹਾਨੂਭੂਤੀ ਨਹੀਂ। ਜਿਸ ਸਰਕਾਰ ਵਿਚ ਸੰਵੇਦਨਾ ਹੀ ਨਹੀਂ, ਉਸ ਸਰਕਾਰ ਵਿਚ ਰਹਿ ਕੇ ਕੀ ਕਰਨਾ ਹੈ। ਉਸ ਨੇ ਕਾਂਗਰਸ ਨੂੰ ਵੀ ਆੜੇ ਹੱਥੀਂ ਲੈਂਦਿਆਂ ਬਰਾਬਰ ਦੀ ਜਿੰਮੇਵਾਰ ਦੱਸਿਆ। ਜੇ 2019 ਵਿਚ ਮੁੱਖ ਮੰਤਰੀ ਪੰਜਾਬ ਨੇ ਇਸ ਦੀ ਪੈਰਵਾਈ ਕੀਤੀ ਹੁੰਦੀ ਤਾਂ ਇਹ ਬਿਲ ਨਹੀਂ ਆ ਸਕਦੇ ਸਨ। ਮੈਂ ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਰਾਜਨਾਥ ਸਿੰਘ ਨੂੰ ਵੀ ਕਿਹਾ ਕਿ ਇੱਕ ਪਾਸੇ ਚੀਨ ਅੱਖਾਂ ਦਿਖਾ ਰਿਹਾ ਹੈ, ਦੇਸ਼ ਕੋਵਿਡ ਵਿਚ ਫਸਿਆ ਹੋਇਆ ਹੈ, ਜੇ ਬਿਲ ਪਾਸ ਹੋ ਗਏ ਤਾਂ ਕਿਸਾਨ ਸੜਕਾਂ `ਤੇ ਆ ਜਾਊਗਾ, ਦੇਸ਼ ਵਿਚ ਅੱਗ ਲੱਗ ਜਾਵੇਗੀ।
ਹਰਮਿਸਰਤ ਕੌਰ ਬਾਦਲ ਨੇ ਕਿਹਾ ਕਿ ਲਾਲ ਕਿਲੇ ਪ੍ਰਤੀ ਪੰਜਾਬੀਆਂ ਦੇ ਦਿਲਾਂ ਵਿਚ ਹਮੇਸ਼ਾ ਖਿੱਚ ਰਹੀ ਹੈ, ਕਿਉਂਕਿ ਸਾਡੇ ਨੌਵੇਂ ਪਾਤਸ਼ਾਹ ਨੂੰ ਲਾਲ ਕਿਲੇ ਤੋਂ ਸ਼ਹੀਦ ਕਰਨ ਦਾ ਫੁਰਮਾਨ ਜਾਰੀ ਕੀਤਾ ਗਿਆ ਸੀ। ਇਹ ਸ਼ਹਾਦਤ ਤੁਹਾਡੇ (ਹਿੰਦੂਆਂ) ਜੰਝੂ ਤੇ ਤਿਲਕ ਲਈ ਦਿੱਤੀ ਸੀ। ਸੰਸਦ ਵਲੋਂ ਜੁਆਬੀ ਕਿ ਉਹ ਸਾਡੇ ਵੀ ਗੁਰੂ ਹਨ, `ਤੇ ਕਟਾਕਸ਼ ਕਰਦਿਆਂ ਕਿਹਾ ਉਨ੍ਹਾਂ ਹੀ ਗੁਰੂਆਂ ਦੇ ਬੱਚਿਆਂ ਨੂੰ ਅਤਿਵਾਦੀ ਦੱਸ ਕੇ ਬੇਹੁਰਮਤ ਕੀਤਾ ਜਾ ਰਿਹਾ ਹੈ। ਅੱਜ ਉਹ ਤੁਹਾਡੇ ਗੁਰੂ ਬਣ ਗਏ! ਲਾਲ ਕਿਲੇ `ਤੇ ਕੇਸਰੀ ਝੰਡਾ ਲਹਿਰਾਉਣ ਦੀ ਆੜ ਵਿਚ ਫੈਲਾਈ ਹਿੰਸਾ ਦੇ ਪਿਛੇ ਭਾਜਪਾ ਦੇ ਹੱਥ ਦਾ ਸਬੂਤ ਮਨਦੀਪ ਪੂੰਨੀਆ ਤੋਂ ਪੁੱਛੋ ਕਿ ਕੀ ਸੀ ਉਥੇ? 24 ਸਾਲ ਦੀ ਨੌਜਵਾਨ ਦਲਿਤ ਨੌਦੀਪ ਨੂੰ ਫੜ ਕੇ ਜੇਲ੍ਹ ਵਿਚ ਭੇਜ ਦਿੱਤਾ। ਉਸ ਦਾ ਥਾਣੇ ਵਿਚ ਸ਼ਰੀਰਕ ਸ਼ੋਸਣ ਕੀਤਾ ਗਿਆ। ਦੋਵਾਂ ਬੀਬੀਆਂ ਨੇ ਭਾਜਪਾ ਸਰਕਾਰ ਦੀ ਉਨ੍ਹਾਂ ਦੇ ਮੂੰਹ ਉਤੇ ਹੀ ਉਹ ਕੁੱਤੇਖਾਣੀ ਕੀਤੀ ਕਿ ਉਨ੍ਹਾਂ ਦੀ ਬੋਲਤੀ ਬੰਦ ਕਰਵਾ ਦਿੱਤੀ।
ਬਿਹਾਰ ਤੋਂ ਆਰ. ਜੇ. ਡੀ. ਰਾਜ ਸਭਾ ਸੰਸਦ ਮੈਂਬਰ ਪ੍ਰੋ. ਮਨੋਜ ਝਾਅ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਉਹ ਆਲੋਚਕ ਨਹੀਂ, ਸਮਾਲੋਚਕ ਹਨ। 1984 ਦੇ ਕਤਲੇਆਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ ਤੋਂ ਕੁਝ ਤਾਂ ਸਿੱਖੋ! ਇਤਿਹਾਸ ਦੁਹਰਾਉਂਦਾ ਨਹੀਂ, ਪ੍ਰੇਰਣਾ ਦਿੰਦਾ ਹੈ। ਪੰਜਾਬੀਆਂ ਨੇ ਬਹੁਤ ਪੀੜਾ ਝੱਲੀ ਹੈ। ਅੰਨਦਾਤਾ ਖਾਲਿਸਤਾਨੀ ਨਹੀਂ, ਸਗੋਂ ਸਰਕਾਰ ਹੈ, ਜੋ ਅੰਨਦਾਤੇ ਦੇ ਦੁਖ-ਦਰਦ ਨੂੰ ਨਾ ਸਮਝ ਕੇ ਹੰਕਾਰ ਨਾਲ ਪੇਸ਼ ਆ ਰਹੀ ਹੈ। ਦੰਭ ਤੇ ਗਰੂਰ ਲੋਕਤੰਤਰ ਦੀ ਭਾਸ਼ਾ ਨਹੀਂ। 303 ਦੇ ਅੰਕੜੇ ਉਤੇ ਤੁਸੀਂ ਹੰਕਾਰ ਕਰ ਰਹੇ ਹੋ, ਇਸ ਸੰਸਦ ਨੇ ਇਸ ਤੋਂ ਵੀ ਵੱਡੇ ਅੰਕੜੇ ਦੇਖੇ ਹਨ। ਸੰਜੀਦਗੀ ਸੰਵੇਦਨਾ ਇਤਿਹਾਸ ਤੈਅ ਕਰਦੀ ਹੈ, ਅੰਕੜੇ ਨਹੀਂ। ਉਨ੍ਹਾਂ ਰਾਸ਼ਟਰਪਤੀ ਦੇ ਭਾਸ਼ਣ ਨੂੰ ਵੀ ਸੰਵੇਦਨਹੀਣ ਕਿਹਾ।
ਪ੍ਰੋ. ਝਾਅ ਨੇ ਕਿਹਾ ਕਿ ਸਦਨ ਦੇ ਬਹੁਗਿਣਤੀ ਮੈਂਬਰ ਜੇ. ਪੀ. ਅੰਦੋਲਨ ਵਿਚੋਂ ਨਿਕਲੇ ਹਨ, ਸੋਚੋ ਜੇਕਰ ਜੇ. ਪੀ. ਨੂੰ ਕਿਸਾਨ ਮੋਰਚੇ ਜਿਹੀ ਬੈਰੀਕੇਡਿੰਗ ਦੇਖਣੀ ਪੈਂਦੀ ਤਾਂ ਕੀ ਹੁੰਦਾ? ਉਨ੍ਹਾਂ ਵਿਅੰਗ ਕੀਤਾ ਕਿ ਬਿਹਾਰ ਨੂੰ ਲੇਬਰ ਸਪਲਾਈ ਸਟੇਟ ਬਣਾ ਕੇ ਰੱਖ ਦਿੱਤਾ ਹੈ। ਸਾਨੂੰ ਤਾਂ ਉਮੀਦ ਸੀ ਕਿ ਤੁਸੀਂ ਬਿਹਾਰ ਨੂੰ ਪੰਜਾਬ, ਹਰਿਆਣਾ ਬਣਾ ਦੇਵੋਗੇ, ਪਰ ਤੁਸੀਂ ਤਾਂ ਇਨ੍ਹਾਂ ਸਟੇਟਾਂ ਨੂੰ ਹੀ ਬਿਹਾਰ ਬਣਾਉਣ ਚੱਲ ਪਏ। ਉਨ੍ਹਾਂ ਮਰਹੂਮ ਅਵਤਾਰ ਸਿੰਘ ਪਾਸ਼ ਦੀ ਕਵਿਤਾ ਦਾ ਵੀ ਜ਼ਿਕਰ ਕੀਤਾ। ਰਾਜ ਸਭਾ ਮੈਂਬਰ ਗੁਲਾਮ ਨਬੀ ਅਜ਼ਾਦ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਉਂਦਿਆਂ ਭਾਜਪਾ ਸਰਕਾਰ ਨੂੰ ਕਿਹਾ, “ਅੰਨ ਦਾਤੇ ਨਾਲ ਲੜਾਈ ਵਿਚ ਅੱਜ ਤਕ ਕੋਈ ਨਹੀਂ ਜਿੱਤਿਆ, ਹਮੇਸ਼ਾ ਕਿਸਾਨ ਹੀ ਜਿੱਤੇ ਹਨ। ਇਸ ਲਈ ਸਰਕਾਰ ਉਨ੍ਹਾਂ `ਤੇ ਠੋਸੇ ਕਾਲੇ ਕਾਨੂੰਨ ਤੁਰੰਤ ਵਾਪਸ ਲਵੇ।” ਪਰ ਜਨਾਬ ਅਜ਼ਾਦ ਦੀ ਆਵਾਜ਼ ਵਿਚ ਪਹਿਲਾਂ ਵਾਲਾ ਕਰੰਟ ਕਿਤੇ ਗਾਇਬ ਸੀ।
ਉਕਤ ਸੰਸਦ ਮੈਂਬਰਾਂ ਦੇ ਅੰਨਦਾਤੇ ਦੇ ਹੱਕ ਵਿਚ ਆਵਾਜ਼ ਚੁਕਣ ਨਾਲ ਸੰਸਦ ਦੇ ਜਿਉਂਦੀ ਹੋਣ ਦਾ ਅਹਿਸਾਸ ਕਰਾਇਆ। ਪਿਛਲੇ ਸਮੇਂ ਵਿਚ ਵਿਰੋਧੀ ਧਿਰ ਦੀ ਭੂਮਿਕਾ ਦੀ ਘਾਟ ਰੜਕਦੀ ਰਹੀ। ਜਿਥੇ ਵਿਰੋਧੀ ਧਿਰ ਤਾਕਤਵਰ ਨਹੀਂ ਹੋਵੇਗੀ, ਉਥੇ ਰਾਜ ਕਰਦੀ ਧਿਰ ਨਿਰੰਕੁਸ਼ ਹੋਵੇਗੀ ਤੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਦਾ ਘਾਣ ਹੋਵੇਗਾ।
‘ਬੋਲ ਕਿ ਲਬ ਆਜ਼ਾਦ ਹੈਂ ਤੇਰੇ’ ਅਨੁਸਾਰ ਅੱਜ ਸਮਾਜ ਨੂੰ ਸੇਧ ਦੇਣ ਲਈ ਗੁਣਾ ਔਰਤ ਉਤੇ ਹੀ ਪਿਆ ਲਗਦਾ ਹੈ। ਉਹ ਸਮਾਜ ਦੀਆਂ ਤੰਗ ਵਲਗਣਾਂ ਤੇ ਗਲੀਆਂ ਸੜੀਆਂ ਰਵਾਇਤਾਂ ਵਿਚੋਂ ਆਪਣੇ ਆਪ ਨੂੰ ਉਭਾਰ ਰਹੀ ਹੈ। ਆਪਣੇ ਹੱਕਾਂ ਦੀ ਰਾਖੀ ਤੇ ਮਾਨਵਤਾ ਨੂੰ ਸਹੀ ਸੇਧ ਦੇਣ ਲਈ ਔਰਤ ਨੂੰ ਅੱਗੇ ਆਉਣਾ ਪਉੂ। ਪਦਾਰਥਵਾਦ ਦਾ ਬੋਲਬਾਲਾ ਹੋਣ ਕਾਰਨ ਮਰਦ ਬਹੁਤੇ ਫੈਸਲੇ ਕੁਦਰਤ, ਮਨੁਖਤਾ ਤੇ ਮਾਨਵੀ ਹੋਂਦ ਦੇ ਉਲਟ ਕਰਨ ਵਿਚ ਖਚਤ ਹੁੰਦਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਜਿਵੇਂ ਜਿਵੇਂ ਹਰ ਫਰੰਟ `ਤੇ ਔਰਤਾਂ ਦੀ ਭਾਗੀਦਾਰੀ ਵਧ ਰਹੀ ਹੈ ਤੇ ਮਾਨਵੀ ਹੱਕਾਂ ਲਈ ਔਰਤ ਹੀ ਆਵਾਜ਼ ਬੁਲੰਦ ਕਰਦੀ ਹੈ, ਲਗਦਾ ਹੈ ਆਉਣ ਵਾਲੇ ਸਮੇਂ ਵਿਚ ਵਿਸ਼ਵ ਦੀ ਵਾਗਡੋਰ ਔਰਤ ਸਮਾਜ ਕੋਲ ਆਉਣ ਵਾਲੀ ਹੈ।