ਡਾ. ਅਜੀਤ ਸਿੰਘ ਕੋਟਕਪੂਰਾ
ਸਾਲ ਦੇ 12 ਮਹੀਨਿਆਂ ਵਿਚ 6 ਰੁੱਤਾਂ ਵਾਰੀ ਵਾਰੀ ਆਉਂਦੀਆਂ ਹਨ। ਹਰ ਰੁੱਤ ਦਾ ਆਪਣਾ ਆਪਣਾ ਮਹੱਤਵ ਹੈ। ਪਤਝੜ ਸਾਨੂੰ ਯਾਦ ਕਰਾਉਂਦੀ ਹੈ ਕਿ ਜੋ ਪੱਤੇ ਕੱਲ੍ਹ ਸ਼ਿੰਗਾਰ ਬਣੇ ਹੋਏ ਸਨ, ਉਨ੍ਹਾਂ ਨੇ ਤਾਂ ਛੱਡ ਜਾਣਾ ਹੈ। ਇੱਕ ਕਵੀ ਨੇ ਇਸ ਬਾਰੇ ਸੁੰਦਰ ਵਰਣਨ ਕੀਤਾ ਹੈ,
ਕਾਹਨੂੰ ਵੇ ਪੱਤਿਆਂ ਖੜ ਖੜ ਲਾਈ ਹੈ
ਪਤ ਝੜੇ ਪੁਰਾਣੇ ਵੇ
ਰੁੱਤ ਨਵਿਆਂ ਦੀ ਆਈ ਹੈ।
ਨਵਿਆਂ ਪੱਤਿਆਂ ਨੂੰ ਸੱਦਾ ਦੇਣ ਵਾਲੀ ਰੁੱਤ ਨੂੰ ਅਸੀਂ ਬਸੰਤ ਰੁੱਤ ਆਖਦੇ ਹਾਂ। ਸੰਸਕ੍ਰਿਤ ਵਿਚ ਬਸੰਤ ਦਾ ਅਰਥ ਬਹਾਰ ਹੁੰਦਾ ਹੈ, ਇਸ ਰੁੱਤ ਨੂੰ ਰਾਣੀ ਰੁੱਤ ਵੀ ਕਿਹਾ ਗਿਆ ਹੈ। ਬਸੰਤ ਸਾਡੇ ਧਾਰਮਿਕ, ਸੱਭਿਅਕ, ਸਮਾਜਿਕ ਅਤੇ ਸੱਭਿਆਚਾਰਕ ਜੀਵਨ ਵਿਚ ਵਿਸ਼ੇਸ਼ ਥਾਂ ਰੱਖਦੀ ਹੈ। ਇਹ ਰੁੱਤਾਂ ਦੇ ਨਾਲ ਸਾਡੇ ਸਾਰੇ ਰੀਤੀ ਰਿਵਾਜਾਂ ਦੀ ਖੁਸ਼ਹਾਲੀ ਅਤੇ ਆਪਸੀ ਏਕਤਾ ਦੀ ਗਵਾਹੀ ਵੀ ਭਰਦੀ ਹੈ। ਇਹ ਤਿਓਹਾਰ ਸਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲਾਉਂਦਾ ਹੈ। ਇਸ ਰੁੱਤ ਦੇ ਆ ਜਾਣ `ਤੇ ਧਰਤੀ ਮੌਲਦੀ ਹੈ, ਨਵੇਂ ਪੱਤੇ ਖਿੜ੍ਹਦੇ ਹਨ ਅਤੇ ਇਸ ਤਰ੍ਹਾਂ ਰੁੱਖਾਂ ਨਾਲ ਲਟਕਦੇ ਦਿਖਾਈ ਦਿੰਦੇ ਹਨ, ਜਿਵੇਂ ਕਿਸੇ ਸੱਜ ਵਿਆਹੀ ਨੇ ਆਪਣੇ ਕੰਨੀਂ ਛੋਟੇ ਛੋਟੇ ਬੁੰਦੇ ਪਾਏ ਹੋਣ। ਇਹ ਨਵੀਆਂ ਕਰੂੰਬਲਾਂ ਕੁਦਰਤ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੀਆਂ ਹੁੰਦੀਆਂ ਹਨ। ਮਾਘ ਮਹੀਨੇ ਸੁਦੀ ਪੰਚਮੀ ਅਤੇ ਜਨਵਰੀ-ਫਰਵਰੀ ਦੇ ਮਹੀਨੇ ਵਿਚ ਆਈ ਬਸੰਤ ਰੁੱਤ ਸਰਦੀ ਦੇ ਜਾਣ ਦਾ ਸੰਕੇਤ ਵੀ ਦਿੰਦੀ ਹੈ। ਪਾਲਾ ਘਟ ਜਾਂਦਾ ਹੈ ਅਤੇ ਗਰਮੀ ਦਾ ਮੌਸਮ ਸਾਡੇ ਦਰਾਂ `ਤੇ ਦਸਤਕ ਦੇ ਰਿਹਾ ਹੁੰਦਾ ਹੈ। ਬੱਚੇ ਅਕਸਰ ਕਹਿੰਦੇ ਸੁਣੇ ਜਾਂਦੇ ਹਨ, “ਆਈ ਬਸੰਤ ਪਾਲਾ ਉੜੰਤ।”
ਇਸ ਰਾਣੀ ਰੁੱਤ ਦੇ ਆਉਣ `ਤੇ ਬਹੁਤ ਸਾਰੀਆਂ ਥਾਂਵਾਂ `ਤੇ ਮੇਲੇ ਲੱਗਦੇ ਹਨ। ਖੁਸ਼ੀਆਂ ਅਤੇ ਖੇੜੇ ਭਰੇ ਇਸ ਮੌਕੇ ਨੂੰ ਮੇਲੇ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਔਰਤਾਂ ਵਲੋਂ ਖੁਸ਼ੀ ਨੂੰ ਪ੍ਰਗਟਾਉਣ ਲਈ ਗਿੱਧਾ ਵੀ ਪਾਇਆ ਜਾਂਦਾ ਹੈ। ਬਹੁਤ ਸਾਰੇ ਕਵੀਆਂ ਨੇ ਇਸ ਸਮੇਂ ਨੂੰ ਗੀਤਾਂ ਰਾਹੀਂ ਅਤੇ ਬੀਰ ਰਸ ਤੇ ਸ਼ਿੰਗਾਰ ਰਸ ਦੀਆਂ ਕਾਵਿ-ਸਤਰਾਂ ਲਿਖ ਕੇ ਪ੍ਰਗਟਾਇਆ ਹੈ। ਕਈ ਲੋਕ ਇਸ ਦਿਨ ਪਤੰਗ ਵੀ ਉਡਾਉਂਦੇ ਹਨ। ਪਤੰਗਬਾਜ਼ੀ ਕਰਦੇ ਹੋਏ ਚੀਨੀ ਡੋਰ ਦੀ ਵਰਤੋਂ ਕਰਦੇ ਹਨ, ਜਿਸ ਨਾਲ ਕਈ ਬੱਚਿਆਂ ਨੂੰ ਗੰਭੀਰ ਚੋਟਾਂ ਆ ਜਾਂਦੀਆਂ ਹਨ। ਦੋ ਪਹੀਆ ਵਾਹਨ ਚਾਲਕ ਵੀ ਇਸ ਡੋਰ ਨਾਲ ਜ਼ਖਮੀ ਹੋ ਜਾਂਦੇ ਹਨ। ਪੰਛੀਆਂ ਨੂੰ ਵੀ ਇਸ ਡੋਰ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਹੈ ਅਤੇ ਰਾਹਾਂ ਵਿਚ ਮਰੇ ਹੋਏ ਪੰਛੀ ਜਾਂ ਖੂਨ ਨਾਲ ਲਥਪਥ ਪੰਛੀ ਸਹਿਕਦੇ ਆਮ ਹੀ ਸੜਕਾਂ ਉਪਰ ਦੇਖੇ ਜਾ ਸਕਦੇ ਹਨ। ਸਰਕਾਰ ਨੇ ਭਾਵੇਂ ਇਸ ਡੋਰ ਦੀ ਵਰਤੋਂ ਦੀ ਮਨਾਹੀ ਕੀਤੀ ਹੋਈ ਹੈ, ਪਰ ਚੋਰੀ ਛਿਪੇ ਹਾਲੇ ਵੀ ਦੁਕਾਨਾਂ ਤੋਂ ਖਰੀਦ ਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਪੂਰਨ ਰੂਪ ਵਿਚ ਮਨਾਹੀ ਸਖਤੀ ਨਾਲ ਲਾਗੂ ਕੀਤੇ ਜਾਣ ਦੀ ਲੋੜ ਹੈ।
ਬਸੰਤ ਰੁੱਤ ਸਾਨੂੰ ਆਪਣੇ ਕਿਸਾਨੀ ਵਿਰਸੇ ਨਾਲ ਵੀ ਜੋੜਦੀ ਹੈ। ਇਸ ਰੁੱਤ ਦਾ ਖੇਤੀਬਾੜੀ ਨਾਲ ਅਨਿੱਖੜਵਾਂ ਸਬੰਧ ਹੈ। ਖੇਤੀਬਾੜੀ ਤਾਂ ਸਾਨੂੰ ਗੁੜ੍ਹਤੀ ਵਿਚ ਹੀ ਪ੍ਰਾਪਤ ਹੋ ਜਾਇਆ ਕਰਦੀ ਹੈ। ਪੰਜਾਬੀਅਤ ਦਾ ਮੇਲ ਤਾਂ ਬਸੰਤ ਨਾਲ ਕਾਫੀ ਪੁਰਾਣਾ ਹੈ।
ਇਸ ਰੁੱਤ ਵਿਚ ਜੰਮੇ ਬੱਚਿਆਂ ਦੇ ਨਾਮ ਵੀ ਬਸੰਤ ਸਿੰਘ, ਬਸੰਤ ਕੌਰ ਜਾਂ ਬਸੰਤ ਰਾਮ ਰੱਖ ਲਾਏ ਜਾਂਦੇ ਸਨ/ਹਨ। ਬਸੰਤ ਰੁੱਤ ਦਾ ਇਹ ਤਿਓਹਾਰ ਮਾਤਾ ਸਰਸਵਤੀ ਦੇ ਸ਼ੁਭ ਆਗਮਨ ਪੁਰਬ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਇਸ ਸਮੇਂ ਹਰ ਪਾਸੇ ਹਰਿਆਲੀ ਹੁੰਦੀ ਹੈ। ਪੌਦੇ ਅਤੇ ਫੁੱਲ ਚਾਰ-ਚੁਫੇਰੇ ਬਹਾਰ ਖਿਲਾਰ ਰਹੇ ਹੁੰਦੇ ਹਨ। ਕਈ ਲੋਕ ਇਸ ਦਿਨ ਪੀਲੇ ਕੱਪੜੇ ਪਹਿਨਦੇ ਹਨ ਅਤੇ ਘਰਾਂ ਵਿਚ ਵੀ ਪੀਲੇ ਪਕਵਾਨ ਬਣਦੇ ਹਨ, ਜਿਨ੍ਹਾਂ ਵਿਚ ਪੀਲੇ ਮਿੱਠੇ ਚਾਵਲ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹਨ। ਇਹ ਪੀਲੇ ਚਾਵਲ ਹਰ ਗਰੀਬ ਦੀ ਪਹੁੰਚ ਵਿਚ ਵੀ ਹਨ। ਆਜ਼ਾਦੀ ਤੋਂ ਪਹਿਲਾਂ ਲਾਹੌਰ ਵਿਚ ਬਸੰਤ ਪੰਚਮੀ ਦਾ ਮੇਲਾ ਵੀਰ ਹਕੀਕਤ ਰਾਏ ਜੀ ਦੀ ਸਮਾਧ ਉਪਰ ਲਗਦਾ ਹੁੰਦਾ ਸੀ। ਇਸ ਦਿਨ ਹਕੀਕਤ ਰਾਏ ਜੀ ਉਸ ਵੇਲੇ ਦੇ ਹਾਕਮਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਸਨ।
ਗੁਰੂ ਗ੍ਰੰਥ ਸਾਹਿਬ ਦੇ ਪੰਨਾ 1168 ਤੋਂ 1196 ਤਕ ਬਸੰਤ ਰਾਗ ਦੇ ਸ਼ਬਦ ਦਰਜ ਹਨ। ਗੁਰੂ ਰਾਮ ਦਾਸ ਜੀ ਦੇ ਹੁਕਮ ਅਨੁਸਾਰ ਮਾਘ ਮਹੀਨੇ ਦੀ ਸੰਗਰਾਂਦ ਤੋਂ ਬਸੰਤ ਰਾਗ ਦਾ ਕੀਰਤਨ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 1168 ਉਪਰ ਸੁਭਾਏਮਾਨ ਸ਼ਬਦ ਹੇਠਾਂ ਦਰਜ ਹੈ,
ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ॥
ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ॥੧॥
ਭੋਲਿਆ ਹਉਮੈ ਸੁਰਤਿ ਵਿਸਾਰਿ॥
ਹਉਮੈ ਮਾਰਿ ਬੀਚਾਰਿ ਮਨ
ਗੁਣ ਵਿਚਿ ਗੁਣੁ ਲੈ ਸਾਰਿ॥੧॥ ਰਹਾਉ॥
ਭਗਤ ਕਬੀਰ ਜੀ ਵਲੋਂ ਉਚਾਰਿਆ ਗਿਆ ਸ਼ਬਦ ਪੰਨਾ 1196 ਉਪਰ ਸੁਭਾਏਮਾਨ ਹੈ,
ਬਸੰਤੁ ਕਬੀਰ ਜੀਉ
ੴ ਸਤਿਗੁਰ ਪ੍ਰਸਾਦਿ॥
ਸੁਰਹ ਕੀ ਜੈਸੀ ਤੇਰੀ ਚਾਲ॥
ਤੇਰੀ ਪੂੰਛਟ ਊਪਰਿ ਝਮਕ ਬਾਲ॥੧॥
ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ॥
ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ॥੧॥ ਰਹਾਉ॥
ਬਸੰਤ ਪੰਚਮੀ ਨੂੰ ਅਨੰਦਪੁਰ ਸਾਹਿਬ ਦੇ ਨੇੜੇ ਗੁਰੂ ਕੇ ਲਾਹੌਰ ਵਿਚ ਮੇਲਾ ਲੱਗਦਾ ਹੈ, ਜਿਸ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦਾ ਜਨਮ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਬਸੰਤ ਪੰਚਮੀ ਵਾਲੇ ਦਿਨ ਹੀ ਹੋਇਆ ਸੀ। ਜੋ ਸਮਾਂ ਆਉਣ `ਤੇ ਮੀਰੀ ਅਤੇ ਪੀਰੀ ਦੇ ਮਾਲਕ ਅਖਵਾਏ ਸਨ। ਬਸੰਤ ਰੁੱਤ ਸਾਨੂੰ ਆਪਣੇ ਵਿਰਸੇ ਨਾਲ ਵੀ ਜੋੜਦੀ ਹੈ।