‘ਅੰਦੋਲਨਜੀਵੀ` ਬਨਾਮ ਜਾਅਲਸਾਜ਼ੀ

ਬੂਟਾ ਸਿੰਘ
ਫੋਨ: +91-94634-74342
ਰਾਜ ਸਭਾ ਵਿਚ ਪ੍ਰਧਾਂਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੀ ਘਿਨਾਉਣੀ ਟਿੱਪਣੀ ਮੂੰਹ ਬੋਲਦਾ ਸਬੂਤ ਹੈ ਕਿ ਭਗਵੇਂ ਸਿਆਸਤਦਾਨਾਂ ਅੰਦਰ ਜਮਹੂਰੀ ਅੰਦੋਲਨਾਂ ਪ੍ਰਤੀ ਵੀ ਕਿੰਨੀ ਨਫਰਤ ਭਰੀ ਹੋਈ ਹੈ। ਮੋਦੀ ਨੇ ਵਿਅੰਗ ਕੀਤਾ ਕਿ ਬੁੱਧੀਜੀਵੀ ਜਾਂ ਸ਼੍ਰਮਜੀਵੀ ਤਾਂ ਸੁਣੇ ਸਨ, ਲੇਕਿਨ ਹੁਣ ਨਵੀਂ ਜਮਾਤ ‘ਅੰਦੋਲਨਜੀਵੀ` ਪੈਦਾ ਹੋ ਗਈ ਹੈ ਅਤੇ ਇਹ ਹਰ ਅੰਦੋਲਨ ਵਿਚ, ਹਰ ਥਾਂ ਦੇਖੇ ਜਾ ਸਕਦੇ ਹਨ। ਉਸ ਨੇ ਮੁਲਕ ਦੇ ਲੋਕਾਂ ਨੂੰ ਇਨ੍ਹਾਂ ਦੀ ‘ਪਛਾਣ ਕਰਨ` ਅਤੇ ‘ਇਨ੍ਹਾਂ ਤੋਂ ਮੁਲਕ ਨੂੰ ਬਚਾਉਣ` ਦਾ ਸੱਦਾ ਵੀ ਦਿੱਤਾ।

ਇਹ ਮਾਮੂਲੀ ਵਿਅੰਗ ਨਹੀਂ, ਇਸ ਪਿੱਛੇ ਡੂੰਘੀ ਸਾਜ਼ਿਸ਼ ਕੰਮ ਕਰ ਰਹੀ ਹੈ। ਭਗਵਾਂ ਬ੍ਰਿਗੇਡ ਆਪਣੇ ਹੱਕਾਂ ਲਈ ਜੂਝਣ ਵਾਲਿਆਂ ਉੱਪਰ ਪਰਜੀਵੀ ਜਮਾਤ ਦਾ ਠੱਪਾ ਲਗਾ ਕੇ ਮੁਲਕ ਦੇ ਲੋਕਾਂ ਨੂੰ ਅੰਦੋਲਨ ਵਿਰੁੱਧ ਭੜਕਾ ਕੇ ਆਪਸ ਵਿਚ ਲੜਾਉਣਾ ਚਾਹੁੰਦਾ ਹੈ। ਇਹ ਆਉਣ ਵਾਲੇ ਦਿਨਾਂ ਵਿਚ ਉਸੇ ਨੂੰ ਬੜੇ ਪੈਮਾਨੇ `ਤੇ ਦੁਹਰਾਉੁਣ ਦੀ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਜੋ ਕੁਝ ਪਿਛਲੇ ਦਿਨੀਂ ਆਮ ਲੋਕਾਂ ਦੇ ਨਾਮ ਹੇਠ ਆਰ.ਐਸ.ਐਸ.-ਭਾਜਪਾ ਨੇ ਸਿੰਘੂ ਅਤੇ ਗਾਜ਼ੀਪੁਰ ਹੱਦਾਂ ਉੱਪਰਲੇ ਪੱਕੇ ਮੋਰਚਿਆਂ ਨੂੰ ਖਿੰਡਾਉਣ ਲਈ ਕੀਤਾ। ਇਹੀ ਤਰੀਕਾ ਪਿਛਲੇ ਸਾਲ ਸ਼ਾਹੀਨ ਬਾਗ ਮੋਰਚਾ ਤੋੜਨ ਲਈ ਇਸਤੇਮਾਲ ਕੀਤਾ ਗਿਆ ਸੀ। ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਤੋਂ ਵੀ ਸਪਸ਼ਟ ਹੋ ਚੁੱਕਾ ਹੈ ਕਿ ਹਕੂਮਤ ਸੰਘਰਸ਼ ਨੂੰ ਮੱਕਾਰੀ, ਸਾਜ਼ਿਸ਼ਾਂ ਅਤੇ ਫਾਸ਼ੀ ਦਹਿਸ਼ਤ ਰਾਹੀਂ ਕੁਚਲਣ ਦਾ ਭਰਮ ਪਾਲ ਰਹੀ ਹੈ।
ਦੇਸ਼-ਦੁਨੀਆ ਦੇ ਲੋਕ ਹੁਣ ਫਾਸ਼ੀਵਾਦੀ ਦੰਗਈ ਮਾਨਸਿਕਤਾ ਦਾ ਅਸਲਾ ਵੀ ਜਾਣ ਚੁੱਕੇ ਹਨ ਅਤੇ ਉਸ ਵਿਸ਼ਾਲ ਲੋਕ ਸੰਘਰਸ਼ ਦੇ ਮਹੱਤਵ ਨੂੰ ਵੀ ਬਾਖੂਬੀ ਸਮਝਦੇ ਹਨ ਜਿਸ ਨੇ ਦਿੱਲੀ ਦਰਬਾਰ ਦੇ ਬੂਹੇ ਅੱਗੇ ਡੱਟ ਕੇ ਆਪਣੇ ਸਬਰ, ਸਿਰੜ ਅਤੇ ਸਿਦਕ ਨਾਲ ਭਗਵੀਂ ਹਕੂਮਤ ਦਾ ਨੱਕ `ਚ ਦਮ ਕੀਤਾ ਹੋਇਆ ਹੈ। ਸੰਘਰਸ਼ ਜੋ ਹੁਣ ਵਿਸ਼ਾਲ ਅਵਾਮੀ ਅੰਦੋਲਨ ਬਣ ਕੇ ਮੁਲਕ ਦੇ ਦੂਰ-ਦਰਾਜ ਹਿੱਸਿਆਂ ਦੇ ਕਿਸਾਨਾਂ ਅਤੇ ਹੋਰ ਨਿਆਂਪਸੰਦ ਲੋਕਾਂ ਨੂੰ ਭਗਵੇਂ ਤਾਨਾਸ਼ਾਹ ਨਿਜ਼ਾਮ ਵਿਰੁੱਧ ਜੂਝਣ ਦੀ ਪ੍ਰੇਰਨਾ ਬਣ ਗਿਆ ਹੈ।
ਕਿੰਨੀ ਅਜੀਬ ਗੱਲ ਹੈ ਕਿ ਅੰਦੋਲਨਾਂ ਦੇ ਪਵਿੱਤਰ ਅਤੇ ਅਪਵਿੱਤਰ ਹੋਣ ਦਾ ਫਤਵਾ ਉਹ ਜਾਅਲਸਾਜ਼ ਸ਼ਖਸ ਸੁਣਾ ਰਿਹਾ ਹੈ ਜਿਸ ਦਾ ਪੂਰਾ ਦਾਰੋਮਦਾਰ ਹੀ ਨਫਰਤ ਦੀ ਸਿਆਸਤ, ਫਿਰਕੂ ਦਹਿਸ਼ਤਵਾਦ, ਸਾਜ਼ਿਸ਼ਾਂ, ਮੱਕਾਰੀ ਅਤੇ ਜਾਅਲਸਾਜ਼ੀ ਉੱਪਰ ਹੈ। ਜਿਸ ਦਾ ਚਿਹਰਾ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ (2002), ਲਵ ਜਹਾਦ, ਹਜੂਮੀ ਹਿੰਸਾ, ਪੁਲਵਾਮਾ ਕਾਂਡ, ਨਾਗਰਿਕਤਾ ਸੋਧ ਕਾਨੂੰਨ, ਜੇ.ਐਨ.ਯੂ. ਅਤੇ ਸ਼ਾਹੀਨ ਬਾਗ ਦੇ ਪੁਰਅਮਨ ਸੰਘਰਸ਼ਾਂ ਉੱਪਰ ਫਾਸ਼ੀ ਹਮਲੇ ਕਰਾਉਣ ਅਤੇ ਬੇਕਸੂਰ ਲੋਕਾਂ ਨੂੰ ਝੂਠੇ ਕੇਸਾਂ ਤਹਿਤ ਜੇਲ੍ਹਾਂ ਵਿਚ ਸਾੜਨ ਦੇ ਮਨੁੱਖਤਾ ਵਿਰੋਧੀ ਜੁਰਮਾਂ ਨਾਲ ਕਲੰਕਿਤ ਹੈ। ਮੋਦੀ ਉਸ ਸਿਆਸਤ ਦਾ ਰਾਜਨੀਤਕ ਨੁਮਾਇੰਦਾ ਹੈ ਜਿਸ ਨੇ ਬਾਬਰੀ ਮਸਜਿਦ ਢਾਹ ਕੇ ਉੱਥੇ ਰਾਮ ਮੰਦਿਰ ਬਣਾਉਣ ਦੀ ਖੂਨੀ ਸਿਆਸਤ ਖੇਡੀ। ਜਿਸ ਨੇ ਸਮਝੌਤਾ ਐਕਸਪ੍ਰੈੱਸ ਅਤੇ ਹੋਰ ਦਹਿਸ਼ਤੀ ਕਾਂਡਾਂ ਵਿਚ ਨਾਮਜ਼ਦ ਪ੍ਰੱਗਿਆ ਸਿੰਘ ਵਰਗੇ ਦਹਿਸ਼ਤਗਰਦਾਂ ਨੂੰ ਚੋਣਾਂ ਲੜਾ ਕੇ ਸੰਸਦ ਵਿਚ ਪਹੁੰਚਾਇਆ। ਆਰ.ਐਸ.ਐਸ.-ਭਾਜਪਾ ਦੀ ਵਿਚਾਰਧਾਰਾ ਅਤੇ ਅਮਲ ਫਿਰਕੂ ਨਫਰਤ `ਤੇ ਆਧਾਰਿਤ ਪਰਜੀਵੀਪਣ ਦਾ ਮੁਜੱਸਮਾ ਹੈ।
ਜਿੰਨੇ ਸਵੈ-ਵਿਸ਼ਵਾਸ ਨਾਲ ਮੋਦੀ ਝੂਠ ਘੜਦਾ ਤੇ ਬੋਲਦਾ ਹੈ, ਕੋਈ ਮੁਕਾਬਲਾ ਨਹੀਂ। ਇਨ੍ਹਾਂ ਝੂਠਾਂ ਵਿਚੋਂ ਇਕ ਸਭ ਤੋਂ ਬਦਨਾਮ ਝੂਠ ‘ਸ਼ਹਿਰੀ ਨਕਸਲੀ` ਦਾ ਹੈ। ਭੀਮਾ-ਕੋਰੇਗਾਓਂ ਵਿਚ ਆਰ.ਐਸ.ਐਸ. ਦੇ ਗੈਂਗ ਦੀ ਗਿਣੀ-ਮਿੱਥੀ ਹਿੰਸਾ ਨੂੰ ਅੰਜਾਮ ਦੇ ਕੇ ਅਤੇ ਫਿਰ ‘ਅਰਬਨ ਨਕਸਲ` ਦਾ ਹਊਆ ਖੜ੍ਹਾ ਕਰ ਕੇ ਦੋ ਦਰਜਨ ਬੁੱਧੀਜੀਵੀਆਂ ਨੂੰ ਯੂ.ਏ.ਪੀ.ਏ. ਤਹਿਤ ਜੇਲ੍ਹਾਂ ਵਿਚ ਡੱਕਿਆ ਗਿਆ। ਸੁਪਰੀਮ ਕੋਰਟ ਦੇ ਜਸਟਿਸਾਂ ਸਮੇਤ ਤਮਾਮ ਕਾਨੂੰਨਦਾਨ ਇਸ ਫਰਜ਼ੀ ਕੇਸ ਦਾ ਕੱਚ-ਸੱਚ ਭਲੀਭਾਂਤ ਜਾਣਦੇ ਹਨ, ਐਪਰ ਉਨ੍ਹਾਂ ਵਿਚ ਮੋਦੀ ਦੇ ਫਾਸਿਸਟ ਨਿਜ਼ਾਮ ਵਿਰੁੱਧ ਬੋਲਣ ਦੀ ਹਿੰਮਤ ਨਹੀਂ। ਹਰ ਕੋਈ ਜਸਟਿਸ ਲੋਇਆ ਦੇ ਹਸ਼ਰ ਤੋਂ ਭੈਅਭੀਤ ਹੈ। ਜੱਗ ਜ਼ਾਹਿਰ ਹੈ ਕਿ ਭੀਮਾ-ਕੋਰੇਗਾਓਂ ਵਿਚ ਦਲਿਤਾਂ ਵਿਰੁੱਧ ਉੱਚ ਜਾਤੀ ਭਗਵੀਂ ਹਿੰਸਾ ਦੇ ਕੇਸ ਨੂੰ ‘ਸ਼ਹਿਰੀ ਨਕਸਲੀ` ਸਾਜ਼ਿਸ਼ ਬਣਾ ਕੇ ਪੇਸ਼ ਕਰਨ `ਚ ਆਰ. ਐਸ. ਐਸ.-ਭਾਜਪਾ ਦੇ ‘ਥਿੰਕ ਟੈਂਕ` ਦੀ ਮੁੱਖ ਭੂਮਿਕਾ ਸੀ, ਇਸ ਨੂੰ ਪੁਣੇ ਦੇ ਆਰ.ਐਸ.ਐਸ. ਪੱਖੀ ਖੁਫੀਆ ਤੇ ਪੁਲਿਸ ਅਫਸਰਾਂ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ।
ਹੁਣ 10 ਫਰਵਰੀ ਨੂੰ ‘ਦਿ ਵਾਸ਼ਿੰਗਟਨ ਪੋਸਟ’ ਨੇ ਰਿਪੋਰਟ ਛਾਪੀ ਹੈ ਜੋ ਅਮਰੀਕਾ ਆਧਾਰਿਤ ਡਿਜੀਟਲ ਫੋਰੈਂਸਿਕ ਫਰਮ ‘ਆਰਸਨਲ ਕੰਸਲਟਿੰਗ` ਦੀ ਜਾਂਚ `ਤੇ ਆਧਾਰਿਤ ਹੈ। ਰੋਨਾ ਵਿਲਸਨ ਨੇ ਆਪਣੇ ਵਕੀਲਾਂ ਜ਼ਰੀਏ ਅਮਰੀਕਨ ਬਾਰ ਐਸੋਸੀਏਸ਼ਨ ਤੱਕ ਪਹੁੰਚ ਕਰ ਕੇ ਆਪਣੇ ਵਿਰੁੱਧ ਕਥਿਤ ਡਿਜੀਟਲ ਸਬੂਤਾਂ ਦੀ ਫੋਰੈਂਸਿਕ ਜਾਂਚ ਕਰਵਾਈ। ਇਸ ਫਰਮ ਨੇ ਡੂੰਘੀ ਛਾਣਬੀਣ ਦੇ ਆਧਾਰ `ਤੇ ਖੁਲਾਸਾ ਕੀਤਾ ਹੈ ਕਿ ਉਸ ਦੇ ਲੈਪਟਾਪ ਉੱਪਰ ਜਾਅਲੀ ਦਸਤਾਵੇਜ਼ ਨੈੱਟਵਾਇਰ ਮਾਲਵੇਅਰ ਇਸਤੇਮਾਲ ਕਰ ਕੇ ਪਲਾਂਟ ਕੀਤੇ ਗਏ ਸਨ। ਫਰਮ ਦੇ ਮੁਖੀ ਅਨੁਸਾਰ ਫੋਰੈਂਸਿਕ ਛਾਣਬੀਣ ਤੋਂ ਜੋ ਸਾਹਮਣੇ ਆਇਆ, ਉਹ ‘ਅਜੀਬ, ਬੇਹੱਦ ਪ੍ਰੇਸ਼ਾਨ ਕਰਨ ਵਾਲਾ, ਨਿਹਾਇਤ ਡਰਾਉਣਾ ਅਤੇ ਬਹੁਤ ਹੀ ਜਥੇਬੰਦ` ਸੀ। ਕਾਰਕੁਨ ਰੋਨਾ ਵਿਲਸਨ ਭੀਮਾ-ਕੋਰੇਗਾਓਂ ਕਥਿਤ ਸਾਜ਼ਿਸ਼ ਕੇਸ ਦੇ ਮੁਲਜ਼ਮਾਂ ਵਿਚੋਂ ਇਕ ਹਨ ਅਤੇ ਉਨ੍ਹਾਂ ਨੂੰ ਪ੍ਰੋਫੈਸਰ ਸ਼ੋਮਾ ਸੇਨ, ਐਡਵੋਕੇਟ ਸੁਰਿੰਦਰ ਗਾਡਲਿੰਗ, ਪੱਤਰਕਾਰ ਸੁਧੀਰ ਢਾਵਲੇ ਅਤੇ ਆਦਿਵਾਸੀ ਕਾਰਕੁਨ ਮਹੇਸ਼ ਰਾਵਤ ਸਮੇਤ 6 ਜੂਨ 2018 `ਚ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਮਨਸੂਬੇ ਨੂੰ ਵਿਸਤਾਰ ਦੇ ਕੇ ਅਗਲੇ ਮਹੀਨਿਆਂ `ਚ ਪ੍ਰੋਫੈਸਰ ਵਰਵਰਾ ਰਾਓ, ਗੌਤਮ ਨਵਲਖਾ, ਐਡਵੋਕੇਟ ਸੁਧਾ ਭਾਰਦਵਾਜ, ਪ੍ਰੋਫੈਸਰ ਵਰਨੋਨ ਗੋਂਜ਼ਾਲਵਿਜ਼, ਅਰੁਣ ਫਰੇਰਾ, ਪ੍ਰੋਫੈਸਰ ਹੈਨੀ ਬਾਬੂ ਅਤੇ ਸਟੇਨ ਸਵਾਮੀ ਨੂੰ ਇਸ ਕੇਸ ਵਿਚ ਫਸਾਇਆ ਗਿਆ ਅਤੇ ਗ੍ਰਿਫਤਾਰ ਕਰ ਕੇ ਜੇਲ੍ਹਾਂ ਵਿਚ ਡੱਕਿਆ ਗਿਆ। ਯੂ.ਏ.ਪੀ.ਏ. ਲਗਾ ਕੇ ਪੂਰਾ ਕੇਸ ਇਸ ਤਰ੍ਹਾਂ ਬੁਣਿਆ ਗਿਆ ਤਾਂ ਜੁ ਇਹ ਸਾਰੇ ਬਿਨਾਂ ਜ਼ਮਾਨਤ ਅਨਿਸ਼ਚਿਤ ਸਮੇਂ ਲਈ ਜੇਲ੍ਹ ਵਿਚ ਸੜਦੇ ਰਹਿਣ।
ਪੁਣੇ ਪੁਲਿਸ ਅਤੇ ਕੌਮੀ ਜਾਂਚ ਏਜੰਸੀ ਵੱਲੋਂ ‘ਸ਼ਹਿਰੀ ਨਕਸਲੀ` ਸਾਜ਼ਿਸ਼ ਦੇ ਸਬੂਤਾਂ ਵਜੋਂ ਬਹੁਤ ਸਾਰੀਆਂ ਚਿੱਠੀਆਂ ਪੇਸ਼ ਕੀਤੀਆਂ ਗਈਆਂ ਸਨ ਜਿਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਕਿ ਇਹ ਰੋਨਾ ਵਿਲਸਨ ਦੇ ਲੈਪਟਾਪ `ਚੋਂ ਬਰਾਮਦ ਹੋਈਆਂ ਸਨ। ਇਹ ਚਿੱਠੀਆਂ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਹੀ ਆਪਣੇ ਖਾਸ ਚਹੇਤੇ ਨਿਊਜ਼ ਚੈਨਲਾਂ ਉੱਪਰ ਲੀਕ ਕਰ ਕੇ ਝੂਠਾ ਬਿਰਤਾਂਤ ਸਿਰਜਿਆ ਗਿਆ। ਇਕ ਕਥਿਤ ਚਿੱਠੀ ਵਿਚ ‘ਮਾਓਵਾਦੀ ਛਾਪਾਮਾਰਾਂ ਨੂੰ ਹਥਿਆਰਾਂ ਦੀ ਸਪਲਾਈ` ਅਤੇ ਨਰਿੰਦਰ ਮੋਦੀ ਦੀ ਹੱਤਿਆ ਲਈ ‘ਰਾਜੀਵ ਗਾਂਧੀ-ਸਟਾਈਲ ਹਮਲਾ` ਦੀ ਤਰਜ਼ `ਤੇ ਸਾਜ਼ਿਸ਼ ਘੜਨ ਦੀ ਜ਼ਰੂਰਤ ਦੀ ਗੱਲ ਕੀਤੀ ਗਈ ਸੀ। ਉੱਘੇ ਸੁਰੱਖਿਆ ਵਿਸ਼ਲੇਸ਼ਣਕਾਰਾਂ ਨੇ ਉਦੋਂ ਹੀ ਕਿਹਾ ਸੀ ਕਿ ਇਨ੍ਹਾਂ ਚਿੱਠੀਆਂ ਦੀ ਪ੍ਰਮਾਣਿਕਤਾ ਸ਼ੱਕੀ ਹੈ, ਕਿਉਂਕਿ ਖਤਰਨਾਕ ਸਾਜ਼ਿਸ਼ਾਂ ਦੇ ਘਾੜੇ ਕਦੇ ਵੀ ਆਪਣੀ ਯੋਜਨਾ ਦਾ ਬਲਿਊ-ਪ੍ਰਿੰਟ ਆਪਣੇ ਕੰਪਿਊਟਰਾਂ ਵਿਚ ਨਹੀਂ ਸਾਂਭਣ ਦੀ ਗਲਤੀ ਕਦੇ ਨਹੀਂ ਕਰਦੇ। ਉਪਰੋਕਤ ਫਰਮ ਨੇ ਤਕਨੀਕੀ ਆਧਾਰ `ਤੇ ਸਾਬਤ ਕੀਤਾ ਹੈ ਕਿ ਰੋਨਾ ਵਿਲਸਨ ਦੇ ਲੈਪਟਾਪ ਉੱਪਰ ਇਹ ਚਿੱਠੀਆਂ ਕਿਸ ਤਰੀਕੇ ਨਾਲ ਭੇਜੀਆਂ ਗਈਆਂ:
“ਆਰਸਨਲ ਨੂੰ ਐਸਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਰੋਨਾ ਵਿਲਸਨ ਵਿਰੁੱਧ ਸਰਕਾਰੀ ਪੱਖ ਵੱਲੋਂ ਸਬੂਤ ਦੇ ਰੂਪ `ਚ ਵਰਤੇ ਗਏ ਸਭ ਤੋਂ ਅਹਿਮ ਦਸ ਪ੍ਰਮੁੱਖ ਦਸਤਾਵੇਜ਼ਾਂ ਦਾ ਵਿਲਸਨ ਦੇ ਕੰਪਿਊਟਰ ਉੱਪਰ ਕਦੇ ਕਿਸੇ ਵਾਜਬ ਤਰੀਕੇ ਨਾਲ ਕੋਈ ਆਦਾਨ-ਪ੍ਰਦਾਨ ਹੋਇਆ ਸੀ। ਹੋਰ ਵੀ ਮਹੱਤਵਪੂਰਨ ਗੱਲ, ਐਸਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਦਸ ਪ੍ਰਮੁੱਖ ਦਸਤਾਵੇਜ਼ਾਂ ਵਿਚੋਂ ਕੋਈ ਦਸਤਾਵੇਜ਼ ਜਾਂ ਜਿਸ ਗੁਪਤ ਫੋਲਡਰ ਵਿਚ ਇਹ ਰੱਖੇ ਗਏ ਸਨ, ਉਸ ਨੂੰ ਕਦੇ ਖੋਲ੍ਹਿਆ ਗਿਆ ਸੀ।” ਨੈੱਟਵਾਇਰ ਮਾਲਵੇਅਰ ਐਨ.ਟੀ.ਐਫ.ਐਸ. ਫਾਈਲ ਸਿਸਟਮ ਵਾਲੇ ਕੰਪਿਊਟਰ ਉੱਪਰ ਕਿਵੇਂ ਅਸਰ-ਅੰਦਾਜ਼ ਹੁੰਦਾ ਹੈ, ਇਸ ਵਿਸ਼ਲੇਸ਼ਣ ਦੇ ਆਧਾਰ `ਤੇ ਫਰਮ ਨੇ ਦੇਖਿਆ ਕਿ “ਸਾਜ਼ਿਸ਼ ਦਾ ਸਬੂਤ ਦਸਤਾਵੇਜ਼ ਰੋਨਾ ਵਿਲਸਨ ਦੇ ਕੰਪਿਊਟਰ ਉੱਪਰ ਗੁਪਤ ਫੋਲਡਰ ਵਿਚ ਨੈੱਟਵਾਇਰ ਦੁਆਰਾ ਪਾਏ ਗਏ ਸਨ, ਨਾ ਕਿ ਕਿਸੇ ਹੋਰ ਤਰੀਕੇ ਨਾਲ।” ਤਕਨੀਕੀ ਵਿਸ਼ਲੇਸ਼ਣਕਾਰਾਂ ਨੇ ਇਹ ਖੁਲਾਸਾ ਵੀ ਕੀਤਾ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਦਸਤਾਵੇਜ਼ ਐਮ.ਐਸ. ਵਰਡ ਪ੍ਰੋਗਰਾਮ ਦੇ 2010 ਅਤੇ 2013 ਸੰਸਕਰਨਾਂ ਨਾਲ ਤਿਆਰ ਕੀਤੇ ਗਏ ਸਨ ਜਦਕਿ ਉਸ ਦੇ ਲੈਪਟਾਪ ਉੱਪਰ ਇਸ ਪ੍ਰੋਗਰਾਮ ਦਾ ਸੰਸਕਰਨ 2007 ਵਿਚ ਇੰਸਟਾਲ ਕੀਤਾ ਹੋਇਆ ਸੀ।
ਰਿਪੋਰਟ ਖੁਲਾਸਾ ਕਰਦੀ ਹੈ ਕਿ ਵਿਲਸਨ ਦੇ ਕੰਪਿਊਟਰ ਵਿਚ ਪਹਿਲੀ ਵਾਰ ਸੰਨ੍ਹ 13 ਜੂਨ 2016 ਨੂੰ ਵਰਵਰਾ ਰਾਓ ਦੇ ਨਾਂ `ਤੇ ਈਮੇਲ ਭੇਜ ਕੇ ਲਗਾਈ ਗਈ ਜਿਨ੍ਹਾਂ ਵਿਚ ਉਸ ਨੂੰ ਇਕ ਲਿੰਕ ਉੱਪਰ ਕਲਿੱਕ ਕਰ ਕੇ ਇਕ ਦਸਤਾਵੇਜ਼ ਡਾਊਨਲੋਡ ਕਰਨ ਲਈ ਕਿਹਾ ਗਿਆ ਸੀ। ਵਿਲਸਨ ਨੇ ਉਸੇ ਦਿਨ ਸ਼ਾਮ ਨੂੰ 6:18 ਵਜੇ ਦਸਤਾਵੇਜ਼ ਖੋਲ੍ਹਿਆ ਜਿਸ ਨਾਲ ਉਸ ਦੇ ਕੰਪਿਊਟਰ ਉੱਪਰ ਨੈੱਟਵਾਇਰ ਇੰਸਟਾਲ ਹੋ ਗਿਆ। ਇਸੇ ਹਮਲਾਵਰ ਨੇ ਵਿਲਸਨ ਦੇ ਕੰਪਿਊਟਰ ਵਿਚ ਜੂਨ 2016 ਤੋਂ ਲੈ ਕੇ 17 ਅਪਰੈਲ 2018 ਤੱਕ ਵਾਰ-ਵਾਰ ਸੰਨ੍ਹ ਲਾਈ। 17 ਅਪਰੈਲ 2018 ਉਹ ਮਿਤੀ ਹੈ, ਜਦ ਵਿਲਸਨ ਅਤੇ ਉਸ ਦੇ ਨਾਲ ਭੀਮਾ-ਕੋਰੇਗਾਓਂ ਕੇਸ ਵਿਚ ਫਸਾਈਆਂ ਹੋਰ ਸ਼ਖਸੀਅਤਾਂ ਦੇ ਘਰਾਂ ਉੱਪਰ ਛਾਪੇ ਮਾਰੇ ਗਏ।
‘ਦਿ ਵਾਸ਼ਿੰਗਟਨ ਪੋਸਟ’ ਨੇ ਇਸ ਰਿਪੋਰਟ ਬਾਰੇ ਮਾਲਵੇਅਰ ਅਤੇ ਡਿਜੀਟਲ ਫਾਰੈਂਸਿਕਸ ਦੇ ਜਿਨ੍ਹਾਂ ਤਿੰਨ ਸੁਤੰਤਰ ਮਾਹਰਾਂ ਦੀ ਰਾਇ ਲਈ, ਉਨ੍ਹਾਂ ਨੇ ਵੀ ਇਸ ਰਿਪੋਰਟ ਦੇ ਸਿੱਟਿਆਂ ਨੂੰ ਸਹੀ ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਨ੍ਹਾਂ ਕਾਰਕੁਨਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਮਾਲਵੇਅਰ ਦੀ ਮਦਦ ਨਾਲ ਨਿਸ਼ਾਨਾ ਬਣਾਉਣ ਦੀ ਲੰਮੀ-ਚੌੜੀ ਮੁਹਿੰਮ ਦਾ ਹਿੱਸਾ ਜਾਪਦਾ ਹੈ। ਪਿੱਛੇ ਜਿਹੇ ਐਮਨੈਸਟੀ ਇੰਟਰਨੈਸ਼ਨਲ ਨੇ ਖੁਲਾਸਾ ਕੀਤਾ ਸੀ ਕਿ 2020 `ਚ ਨੈੱਟਵਾਇਰ ਮਾਲਵੇਅਰ ਇਸਤੇਮਾਲ ਕਰ ਕੇ ਭੀਮਾ-ਕੋਰੇਗਾਓਂ ਮਾਮਲੇ ਦੇ ਮੁਲਜ਼ਮਾਂ ਦੇ ਵਕੀਲਾਂ ਅਤੇ ਹੋਰ ਮਦਦਗਾਰਾਂ ਨੂੰ 2020 `ਚ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਸ ਕੇਸ ਵਿਚ ਫਸਾਈਆਂ ਕਈ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਲਈ 2019 `ਚ ਪੇਗਾਸਸ ਜਾਸੂਸੀ ਸਾਫਟਵੇਅਰ ਵੀ ਇਸਤੇਮਾਲ ਕੀਤਾ ਗਿਆ ਸੀ।
ਆਰ.ਐਸ.ਐਸ-ਭਾਜਪਾ ਸਰਕਾਰ ਅਤੇ ਇਸ ਦੇ ਸਰਕਾਰੀ ਪੈਰਵਾਈ ਕਰਤਾ ਇਸ ਜਾਅਲਸਾਜ਼ੀ ਦੀ ਪੋਲ ਖੁੱਲ੍ਹ ਜਾਣ ਦੇ ਡਰੋਂ ਇਸ ਮਾਮਲੇ ਦੀ ਵਿਸ਼ੇਸ਼ ਜਾਂਚ ਦੀ ਮੰਗ ਨੂੰ ਰੱਦ ਕਰਦੇ ਆ ਰਹੇ ਹਨ। ਯਾਦ ਰਹੇ ਕਿ ਅਗਸਤ 2018 `ਚ ਚੋਟੀ ਦੇ ਪੰਜ ਲੋਕ ਬੁੱਧੀਜੀਵੀਆਂ ਦੀ ਗ੍ਰਿਫਤਾਰੀ ਵਿਰੁੱਧ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਵਿਸ਼ੇਸ਼ ਬੈਂਚ ਦੇ ਮੈਂਬਰ ਜਸਟਿਸ ਡੀ.ਵਾਈ. ਚੰਦਰਚੂੜ ਨੇ ਆਪਣੇ ਫੈਸਲੇ ਵਿਚ ਸਪਸ਼ਟ ਕਿਹਾ ਸੀ ਕਿ ਪੁਣੇ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਅਤੇ ਇਨ੍ਹਾਂ ਸ਼ਖਸੀਅਤਾਂ ਦੀਆਂ ਗ੍ਰਿਫਤਾਰੀਆਂ ਪੱਖਪਾਤੀ ਹਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਲਈ ਸੁਪਰੀਮ ਕੋਰਟ ਨੂੰ ਆਪਣੀ ਨਿਗਰਾਨੀ ਹੇਠ ਸਿਟ (ਵਿਸ਼ੇਸ਼ ਜਾਂਚ ਟੀਮ) ਬਣਾਉਣੀ ਚਾਹੀਦੀ ਹੈ। 27 ਸਤੰਬਰ ਦੀ ਸ਼ਾਮ ਤੱਕ ਸੁਪਰੀਮ ਕੋਰਟ ਦੀ ਵੈੱਬ ਸਾਈਟ ਉੱਪਰ ਇਹ ਸੂਚਨਾ ਸੀ ਕਿ ਬੈਂਚ ਦੀ ਤਰਫੋਂ ਇਸ ਮਾਮਲੇ ਦਾ ਫੈਸਲਾ ਜਸਟਿਸ ਚੰਦਰਚੂੜ ਲਿਖਣਗੇ। ਅਗਲਾ ਘਟਨਾਕ੍ਰਮ ਦੱਸਦਾ ਹੈ ਕਿ ਇਸ ਦੀ ਕਨਸੋਅ ਮਿਲਦੇ ਸਾਰ ਹਕੂਮਤ ਵੱਲੋਂ ਦਖਲ ਦੇ ਕੇ ਆਪਣੇ ਪੱਖੀ ਫੈਸਲਾ ਤਿਆਰ ਕਰਵਾਇਆ ਗਿਆ। ਫੈਸਲਾ ਜਸਟਿਸ ਚੰਦਰਚੂੜ ਨੇ ਲਿਖਣਾ ਸੀ, ਰਾਤੋ-ਰਾਤ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਖਾਨਵਿਲਕਰ ਕੋਲੋਂ ਵਿਸ਼ੇਸ਼ ਜਾਂਚ ਦੇ ਸੁਝਾਅ ਨੂੰ ਰੱਦ ਕਰਵਾ ਕੇ ਵੱਖਰਾ ਫੈਸਲਾ ਲਿਖਵਾਇਆ ਗਿਆ। ਇਸ ਨਾਲ ਜਸਟਿਸ ਚੰਦਰਚੂੜ ਦਾ ਫੈਸਲਾ ਮਹਿਜ਼ ਅਸਹਿਮਤੀ ਬਣ ਕੇ ਰਹਿ ਗਿਆ ਅਤੇ ਆਰ.ਐਸ.ਐਸ.-ਭਾਜਪਾ ਆਪਣੇ ਮਨਸੂਬੇ ਵਿਚ ਕਾਮਯਾਬ ਹੋ ਗਈ।
ਰੋਨਾ ਵਿਲਸਨ ਨੇ ਇਸ ਫੋਰੈਂਸਿਕ ਰਿਪੋਰਟ ਦੇ ਆਧਾਰ `ਤੇ ਬੰਬੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਦੀ ਮੰਗ ਕੀਤੀ ਹੈ। ਨਿਆਂ ਪ੍ਰਣਾਲੀ ਵਿਚ ਆਰ.ਐਸ.ਐਸ. ਪੱਖੀ ਲੋਕਾਂ ਦੀ ਘੁਸਪੈਠ ਅਤੇ ਜੱਜ ਸਾਹਿਬਾਨ ਉੱਪਰ ਸੱਤਾ ਦੇ ਭਾਰੀ ਦਬਾਓ ਦੇ ਮੱਦੇਨਜ਼ਰ ਸੁਪਰੀਮ ਕੋਰਟ ਵੱਲੋਂ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਵਕਤ ਦਾ ਤਕਾਜ਼ਾ ਹੈ ਕਿ ਹੁਣ ਸਮੂਹ ਨਿਆਂਪਸੰਦ ਤਾਕਤਾਂ ਵਿਸ਼ਾਲ ਲੋਕ ਰਾਇ ਉਸਾਰ ਕੇ ਭਗਵੀਂ ਜਾਅਲਸਾਜ਼ੀ ਨੂੰ ਕਟਹਿਰੇ ਵਿਚ ਖੜ੍ਹੀ ਕਰਨ।