ਘੁਮੰਡ ਦੇ ਘੋੜੇ `ਤੇ ਚੜ੍ਹੇ ਆਗੂ ਨੂੰ ਧਰਤੀ ਵੱਲ ਵੇਖਣਾ ਚਾਹੀਦੈ

ਜਤਿੰਦਰ ਪਨੂੰ
ਪੰਝੀ ਕੁ ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਇਹ ਮੁੱਦਾ ਬੜੇ ਗੰਭੀਰ ਰੂਪ ਵਿਚ ਉੱਠਿਆ ਸੀ ਕਿ ਅਕਲ ਦੀ ਗੱਲ ਕਰਨ ਵਾਲੇ ‘ਬੁੱਧੀਜੀਵੀ’ ਆਪਣੀ ਬੁੱਧੀ ਨੂੰ ਲੋਕਾਂ ਦੇ ਭਲੇ ਲਈ ਵਰਤਣ ਦੀ ਥਾਂ ਇੱਕ ਜਾਂ ਦੂਜੀ ਧਿਰ ਦੇ ਹਿੱਤਾਂ ਲਈ ਵਰਤਦੇ ਅਤੇ ਇਸ ਤਰ੍ਹਾਂ ਬੁੱਧੀ ਨਾਲ ਬੇਵਫਾਈ ਕਰਦੇ ਹਨ। ਉਸ ਵੇਲੇ ਅਸੀਂ ਇਹ ਲਿਖਿਆ ਸੀ ਕਿ ਜਿਸ ਕਿਸੇ ਨੇ ਵੀ ‘ਬੁੱਧੀਜੀਵੀ’ ਲਫਜ਼ ਦੀ ਕਾਢ ਕੱਢੀ ਹੋਵੇਗੀ, ਉਸ ਨੇ ਠੀਕ ਨਹੀਂ ਸੀ ਕੀਤਾ। ਅੰਗਰੇਜ਼ੀ ਦੇ ਦੋ ਸ਼ਬਦ ‘ਇੰਟੈਲੀਜੈਂਟ’ ਤੇ ‘ਇੰਟੈਲੀਜੈਂਸ਼ੀਆ’ ਇਸ ਮਕਸਦ ਲਈ ਵਰਤੇ ਜਾਂਦੇ ਹਨ ਤੇ ਇਨ੍ਹਾਂ ਦਾ ਅਸਲ ਅਰਥ ਸਾਡੀ ਸਮਝ ਦੇ ਮੁਤਾਬਕ ਬੁੱਧੀ ਨੂੰ ਵਰਤਣ ਵਾਲੇ ਲੋਕ ਹੋ ਸਕਦਾ ਹੈ, ਬੁੱਧੀ ਦੇ ਆਸਰੇ ਜਿਊਣ ਵਾਲੇ ਨਹੀਂ ਬਣਦਾ।

ਇਨ੍ਹਾਂ ਲਈ ਢੁਕਵਾਂ ਸ਼ਬਦ ਜੇ ਵਰਤਣਾ ਹੋਵੇ ਤਾਂ ‘ਬੁੱਧੀਮਾਨ’ ਵੱਧ ਠੀਕ ਲੱਗਦਾ ਹੈ। ਖੈਰ! ਉਹ ਮਾਮਲਾ ਤਾਂ ਬੁੱਧੀਜੀਵੀ ਦਾ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਫਤੇ ਇੱਕ ਲਫਜ਼ ‘ਅੰਦੋਲਨ-ਜੀਵੀ’ ਬੋਲ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਉਸ ਨੇ ਇਹ ਵੀ ਆਖਿਆ ਕਿ ਜਿਵੇਂ ‘ਪਰ-ਜੀਵੀ’ ਹੁੰਦੇ ਹਨ, ਜਿਹੜੇ ਆਪਣੇ ਲਈ ਖੁਰਾਕ ਦਾ ਜੁਗਾੜ ਖੁਦ ਨਹੀਂ ਕਰਦੇ, ਸਗੋਂ ਖੁਰਾਕ ਦਾ ਪ੍ਰਬੰਧ ਕਰ ਸਕਣ ਵਾਲੇ ਜੀਵਾਂ ਨੂੰ ਚੰਬੜ ਕੇ ਉਨ੍ਹਾਂ ਦੇ ਆਸਰੇ ਜਿਉਂਦੇ ਹਨ, ਏਦਾਂ ਹੀ ‘ਅੰਦੋਲਨ-ਜੀਵੀ’ ਹਨ, ਜਿਹੜੇ ਕਿਸੇ ਵੀ ਕਿਸਮ ਦਾ ਕੋਈ ਅੰਦੋਲਨ ਹੋਵੇ, ਉਸ ਨਾਲ ਜੁੜ ਜਾਂਦੇ ਅਤੇ ਆਪਣਾ ਕੰਮ ਚਲਾਉਂਦੇ ਹਨ। ਉਨ੍ਹਾਂ ਦੇ ਇਸ ਤਰ੍ਹਾਂ ਕਹਿਣ ਦਾ ਵੱਡੇ ਪੱਧਰ ਉੱਤੇ ਵਿਰੋਧ ਹੋਇਆ ਤੇ ਕਈ ਲੋਕਾਂ ਨੇ ਜਵਾਬ ਵਿਚ ਮੋਦੀ ਦੀ ਪਾਰਟੀ ਭਾਜਪਾ ਦੇ ਆਗੂਆਂ ਨੂੰ ‘ਚੰਦਾ-ਜੀਵੀ’ ਤੋਂ ਸ਼ੁਰੂ ਕਰ ਕੇ ‘ਦੰਗਾ-ਜੀਵੀ’ ਅਤੇ ‘ਰਕਤ-ਜੀਵੀ’ ਤੱਕ ਦੇ ਮੋੜਵੇਂ ਮਿਹਣੇ ਮਾਰੇ ਹਨ। ਨਰਿੰਦਰ ਮੋਦੀ ਕਿਸੇ ਧਿਰ ਵੱਲੋਂ ਵੀ ਮਾਰੇ ਗਏ ਮਿਹਣੇ ਦੀ ਪ੍ਰਵਾਹ ਨਹੀਂ ਕਰਦਾ ਹੁੰਦਾ, ਉਹ ਜਿੱਦਾਂ ਚੱਲ ਰਿਹਾ ਸੀ, ਉਸੇ ਤਰ੍ਹਾਂ ਚੱਲ ਰਿਹਾ ਹੈ।
ਸਾਰਿਆਂ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਲਫਜ਼ ਨਾਲ ਚੋਟ ਇੱਕ ਖਾਸ ਆਗੂ ਬਾਰੇ ਕੀਤੀ ਹੈ, ਪਰ ਪ੍ਰਭਾਵ ਸਾਰੇ ਕਿਸਾਨ ਆਗੂਆਂ ਅਤੇ ਸੰਘਰਸ਼ ਕਰਨ ਵਾਲੇ ਹੋਰ ਸਾਰੇ ਲੋਕਾਂ ਬਾਰੇ ਸਾਂਝੀ ਟਿੱਪਣੀ ਦਾ ਬਣਿਆ ਹੈ। ਅੱਜ ਦੇ ਦੌਰ ਵਿਚ ਕਿਸਾਨਾਂ ਦੀ ਅਗਵਾਈ ਕਰਦੇ ਆਗੂ ‘ਅੰਦੋਲਨ-ਜੀਵੀ’ ਬਿਲਕੁਲ ਨਹੀਂ ਕਹੇ ਜਾ ਸਕਦੇ। ਪਰ-ਜੀਵੀ ਆਪਣੇ ਕੁਦਰਤੀ ਸੁਭਾਅ ਵਜੋਂ ਪਰਾਏ ਖੂਨ ਨਾਲ ਜਿਊਣ ਵਾਲਾ ਹੁੰਦਾ ਹੈ। ਕਿਸਾਨਾਂ ਜਾਂ ਮਜ਼ਦੂਰਾਂ ਲਈ ਸੰਘਰਸ਼ ਦਾ ਰਾਹ ਚੁਣਨ ਵਾਲੇ ਵਰਕਰ ਇਨ੍ਹਾਂ ਅੰਦੋਲਨਾਂ ਆਸਰੇ ਜਿ਼ੰਦਗੀ ਗੁਜ਼ਾਰਨ ਦੀ ਸੋਚ ਵਾਲੇ ਨਹੀਂ ਹੁੰਦੇ, ਇਹ ਲੋਕ ਕਿਸੇ ਖਾਸ ਪੜਾਅ ਉੱਤੇ ਕਿਸੇ ਖਾਸ ਮੁੱਦੇ ਉੱਤੇ ਮਜਬੂਰੀ ਵਿਚ ਅੰਦੋਲਨ ਦੇ ਰਾਹ ਉਦੋਂ ਪੈਂਦੇ ਹਨ, ਜਦੋਂ ਸਰਕਾਰ ਅੰਦੋਲਨ ਤੋਂ ਬਿਨਾ ਕੀਤੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੀ। ਇਸ ਵੇਲੇ ਚੱਲਦੇ ਕਿਸਾਨ ਅੰਦੋਲਨ ਦੇ ਆਗੂ ਵੀ ਮੋਦੀ ਸਰਕਾਰ ਦੇ ਜਿ਼ੱਦੀ ਵਿਹਾਰ ਦੇ ਕਾਰਨ ਇਸ ਅੰਦੋਲਨ ਦੇ ਮੈਦਾਨ ਵਿਚ ਨਿੱਤਰੇ ਹਨ, ਅੰਦੋਲਨਾਂ ਦੇ ਆਸਰੇ ਜਿ਼ੰਦਗੀ ਗੁਜ਼ਾਰਨ ਦੀ ਨੀਅਤ ਹੇਠ ਉਹ ਲੋਕ ਇਸ ਸੰਘਰਸ਼ ਦੇ ਲਈ ਠੰਢੀਆਂ ਰਾਤਾਂ ਨੂੰ ਸੜਕਾਂ ਉੱਤੇ ਸੌਣ ਨਹੀਂ ਆਏ। ਪ੍ਰਧਾਨ ਮੰਤਰੀ ਨੂੰ ਏਦਾਂ ਦੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਪਦਵੀ ਦੀ ਥੋੜ੍ਹੀ-ਬਹੁਤ ਝਿਜਕ ਰੱਖ ਕੇ ਬੋਲਣਾ ਚਾਹੀਦਾ ਸੀ।
ਅਸਲ ਵਿਚ ਜੇ ਕਿਸੇ ਨੂੰ ‘ਅੰਦੋਲਨ-ਜੀਵੀ’ ਕਿਹਾ ਜਾ ਸਕਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਾਰਟੀ ਦੇ ਲੋਕ ਹਨ, ਜਿਹੜੇ ਵੱਖ-ਵੱਖ ਅੰਦੋਲਨ ਲੋਕਾਂ ਦੇ ਵਾਸਤੇ ਨਹੀਂ, ਰਾਜ-ਗੱਦੀਆਂ ਤੱਕ ਪੁੱਜਣ ਲਈ ਖੁਦ ਚਲਾਉਂਦੇ ਰਹੇ ਹਨ ਅਤੇ ਇਸ ਵਕਤ ਵੀ ਗੱਦੀਆਂ ਕਾਇਮ ਰੱਖਣ ਲਈ ਚਲਾਈ ਜਾਂਦੇ ਹਨ। ਆਜ਼ਾਦੀ ਵੇਲੇ ਆਪਣੇ ਪਹਿਲੇ ਰਾਜਨੀਤਕ ਰੂਪ ਹਿੰਦੂ ਮਹਾਂ ਸਭਾ ਤੋਂ ਬਾਅਦ ਭਾਰਤੀ ਜਨ-ਸੰਘ ਤੋਂ ਚੱਲਦੀ ਹੋਈ ਮੁਰਾਰਜੀ ਡਿਸਾਈ ਨਾਲ ਮਿਲਣ ਤੇ ਪਿੱਛੇ ਹਟਣ ਪਿੱਛੋਂ ਨਵੀਂ ਬਣਾਈ ਭਾਰਤੀ ਜਨਤਾ ਪਾਰਟੀ ਇਸ ਸਾਰੇ ਦੌਰ ਵਿਚ ਹਿੰਦੂ ਭਾਈਚਾਰੇ ਦੀਆਂ ਵੋਟਾਂ ਬਟੋਰਨ ਲਈ ‘ਰਾਮ ਮੰਦਿਰ’ ਬਣਾਉਣ ਦਾ ਅੰਦੋਲਨ ਚਲਾਉਂਦੀ ਆਈ ਹੈ।
ਇਸ ਪਾਰਟੀ ਨੇ ਕਦੇ ‘ਰਾਸ਼ਟਰੀ ਏਕਤਾ ਅਭਿਆਨ’ ਸ਼ੁਰੂ ਕੀਤਾ ਸੀ, ਕਦੀ ਰਾਮ ਮੰਦਿਰ ਦੇ ਲਈ ਰੱਥ-ਯਾਤਰਾ ਚਲਾਈ ਤੇ ਕਦੇ ਜੰਮੂ-ਕਸ਼ਮੀਰ ਤੋਂ ਕੇਰਲਾ ਤੱਕ ‘ਏਕਤਾਮਕਤਾ ਯਾਤਰਾ’ ਸ਼ੁਰੂ ਕਰ ਕੇ ਲੋਕਾਂ ਨੂੰ ਇੱਕ ਖਾਸ ਧਰਮ ਦੇ ਨਾਂ ਉੱਤੇ ਬਣੀ ਇਸ ਪਾਰਟੀ ਨੂੰ ਵੋਟਾਂ ਪਾਉਣ ਲਈ ਉਕਸਾਉਣ ਦਾ ਕੰਮ ਕੀਤਾ ਸੀ। ਇਹ ਸਾਰੇ ਅੰਦੋਲਨ ਸਿਆਸੀ ਲੋੜਾਂ ਲਈ ਚਲਾਏ ਗਏ ਸਨ ਅਤੇ ਇਨ੍ਹਾਂ ਨੂੰ ਚਲਾਉਣ ਵਲਿਆਂ ਨੂੰ ‘ਅੰਦੋਲਨ-ਜੀਵੀ’ ਕਿਹਾ ਜਾ ਸਕਦਾ ਹੈ, ਜਦ ਕਿ ਪ੍ਰਧਾਨ ਮੰਤਰੀ ਦੂਜਿਆਂ ਬਾਰੇ ਇਹ ਗੱਲ ਕਹਿ ਰਹੇ ਹਨ। ਰਾਜਸੀ ਲੋੜਾਂ ਲਈ ਇਸ ਤਰ੍ਹਾਂ ਦੀਆਂ ‘ਯਾਤਰਾਵਾਂ’ ਅਤੇ ਅੰਦੋਲਨ ਚਲਾਉਣ ਵਾਲੀ ਇਹ ਪਾਰਟੀ ਅੱਜ ਕੱਲ੍ਹ ਪੱਛਮੀ ਬੰਗਾਲ ਵਿਚ ‘ਪਰਿਵਰਤਨ ਯਾਤਰਾ’ ਦਾ ਢੋਂਗ ਰਚਾ ਕੇ ਕੁਰਸੀ-ਅੰਦੋਲਨ ਚਲਾ ਰਹੀ ਹੈ, ਏਦਾਂ ਉਹ ਪਹਿਲਾਂ ਵੀ ਕਈ ਰਾਜਾਂ ਵਿਚ ਕਰ ਚੁਕੀ ਹੈ ਅਤੇ ਅੱਗੋਂ ਵੀ ਕਰਦੀ ਰਹੇਗੀ, ਪਰ ਮਿਹਣੇ ਮੋਦੀ ਸਾਹਿਬ ਹੋਰਨਾਂ ਨੂੰ ਮਾਰਦੇ ਹਨ, ਜਦ ਕਿ ਭਾਜਪਾ ਤੋਂ ਉਲਟ ਕਿਸਾਨਾਂ ਦੇ ਆਗੂ ਇਸ ਵਕਤ ਆਮ ਕਿਸਾਨਾਂ ਦੀ ਹੋਂਦ ਅਤੇ ਪੀੜ੍ਹੀਆਂ ਦੇ ਭਵਿੱਖ ਦੀ ਲੜਾਈ ਲੜਦੇ ਪਏ ਹਨ।
ਇੱਕ ਆਮ ਕਹਾਵਤ ਹੈ ਕਿ ਆਦਮੀ ਜਿਸ ਖਸਲਤ ਦਾ ਹੋਵੇ, ਉਸ ਨੂੰ ਦੂਸਰੇ ਲੋਕਾਂ ਵਿਚੋਂ ਵੀ ਉਦਾਂ ਦੀ ਤਸਵੀਰ ਨਜ਼ਰ ਆਉਣ ਲੱਗ ਜਾਂਦੀ ਹੈ। ਬਚਪਨ ਤੋਂ ਲੈ ਕੇ ਜਿਸ ਆਦਮੀ ਨੇ ਸਿਰਫ ਅੰਦੋਲਨ ਕੀਤੇ ਅਤੇ ਅਗਲੀ ਉਚਾਈ ਵੱਲ ਨੂੰ ਵਧਣ ਲਈ ਅੰਦੋਲਨਾਂ ਨੂੰ ਪੌੜੀਆਂ ਬਣਾ ਕੇ ਵਰਤਿਆ ਹੈ, ਉਸ ਨੂੰ ਇਹ ਸਮਝ ਨਹੀਂ ਆ ਸਕਦੀ ਕਿ ਇਸ ਦੇ ਬਿਨਾ ਵੀ ਕੋਈ ਅੰਦੋਲਨ ਹੁੰਦਾ ਹੈ। ਭਾਰਤ ਵਿਚ ਸਮਾਜ ਸੁਧਾਰ ਅੰਦੋਲਨ ਵੀ ਹੋਏ ਹਨ, ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਵੀ ਹੋਏ ਹਨ, ਭ੍ਰਿਸ਼ਟਾਚਾਰ ਦੇ ਵਿਰੁੱਧ ਵੀ ਅੰਦੋਲਨ ਹੋਏ ਹਨ ਅਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰ ਦੇਣ ਵਾਲੀ ਗੰਦੀ ਮਾਨਸਿਕਤਾ ਠੱਲ੍ਹਣ ਲਈ ਭਰੂਣ ਹੱਤਿਆ ਵਿਰੁੱਧ ਵੀ ਅੰਦੋਲਨ ਹੋਏ ਹਨ। ਇਹੋ ਜਿਹੇ ਅੰਦੋਲਨਾਂ ਵਿਚ ਸ਼ਾਮਲ ਹੋਣ ਵਾਲੇ ਆਮ ਲੋਕ ਤੇ ਜਨਤਕ ਆਗੂ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਸੁਫਨਾ ਲੈਣ ਵਾਲੇ ਨਹੀਂ ਸਨ, ਉਹ ਮਨੁੱਖ ਹਿਤੈਸ਼ੀ ਸੋਚ ਨੂੰ ਪ੍ਰਣਾਏ ਹੋਣ ਕਰ ਕੇ ਇਨ੍ਹਾਂ ਅੰਦੋਲਨਾਂ ਵਿਚ ਕੁੱਦਦੇ ਤੇ ਜੇਲ੍ਹ ਤੱਕ ਭੁਗਤਦੇ ਰਹੇ ਸਨ। ਭਾਜਪਾ ਹਮਾਇਤੀ ਕਿਸੇ ਰਾਮਦੇਵ ਦਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚੋਰ-ਚੋਰ ਦਾ ਰੌਲਾ ਪਾ ਕੇ ਆਪਣੀ ਦੁਕਾਨਦਾਰੀ ਚਮਕਾਉਣ ਵਾਲਾ ਸੀ, ਪਰ ਰਾਮਦੇਵ ਨੇ ਜਦੋਂ ਮਰਨ-ਵਰਤ ਦਾ ਸਾਂਗ ਰਚਿਆ ਸੀ ਤੇ ਸਾਰੇ ਭਾਰਤ ਦੇ ਭਾਜਪਾ ਪੱਖੀ ਸਾਧ-ਸੰਤ ਉਸ ਦਾ ਵਰਤ ਛੁਡਾਉਣ ਲਈ ਨਾਟਕ ਕਰਦੇ ਪਏ ਸਨ, ਉਦੋਂ ਉਸੇ ਹਸਪਤਾਲ ਵਿਚ ਇੱਕ ਅਸਲੀ ਅੰਦੋਲਨਕਾਰੀ ਅੰਤਲੇ ਸਾਹ ਲੈ ਰਿਹਾ ਸੀ।
ਪ੍ਰਸਿੱਧੀ ਵਾਲੇ ਅਦਾਰੇ ਤੋਂ ਇੰਜੀਨੀਅਰ ਦੀ ਡਿਗਰੀ ਕਰਨੀ ਛੱਡ ਕੇ ਤਿਆਗੀ ਬਣੇ ਉਸ ਵਿਅਕਤੀ ਨੇ ਜਦੋਂ ਵੇਖਿਆ ਕਿ ਕੁਦਰਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਤਾਂ ਵਾਤਾਵਰਣ ਬਚਾਉਣ ਲਈ ਉਸ ਨੇ ਏਦਾਂ ਅੰਦੋਲਨ ਛੇੜਿਆ ਸੀ, ਜਿਹੜਾ ਜੀਵਨ ਦੇ ਆਖਰੀ ਸਾਹ ਤੱਕ ਜਾਰੀ ਰੱਖਿਆ ਸੀ। ਗੰਗਾ ਨਦੀ ਇਸ ਦੇਸ਼ ਵਿਚ ਪਵਿੱਤਰ ਮੰਨੀ ਜਾਂਦੀ ਹੈ, ਪਰ ਇਸ ਵਿਚ ਸਭ ਤੋਂ ਵੱਧ ਗੰਦ ਉਹੋ ਪਾਉਂਦੇ ਹਨ, ਜਿਹੜੇ ਇਸ ਨੂੰ ‘ਮਾਂ ਗੰਗਾ’ ਕਹਿੰਦੇ ਹਨ। ਉਸ ਇੰਜੀਨੀਅਰ ਤੋਂ ਸੰਤ ਬਣੇ ਨਿਗਮਾਨੰਦ ਨੇ ਇਸ ਗੰਦ ਨੂੰ ਰੋਕਣ ਲਈ ਅੰਦੋਲਨ ਛੇੜਿਆ ਸੀ ਅਤੇ ਇੱਕ ਸੌ ਪੰਦਰਾਂ ਦਿਨਾਂ ਦੀ ਭੁੱਖ ਹੜਤਾਲ ਦੇ ਬਾਅਦ ਆਪਣੀ ਸੋਚ ਲਈ ਜਾਨ ਵਾਰ ਗਿਆ ਸੀ। ਅਸਲੀ ਸੰਤਾਂ ਦਰਮਿਆਨ ਉਸ ਨੂੰ ‘ਗੰਗਾ ਪੁੱਤਰ’ ਕਿਹਾ ਜਾਂਦਾ ਹੈ। ਮੋਦੀ ਭਗਤਾਂ ਨੂੰ ਪੁੱਛ ਕੇ ਵੇਖ ਲਓ, ਉਨ੍ਹਾਂ ਵਿਚੋਂ ਕੋਈ ਉਸ ਬਾਰੇ ਜਾਣਦਾ ਤੱਕ ਨਹੀਂ ਹੋਵੇਗਾ, ਕਿਉਂਕਿ ਇਹ ਲੋਕ ਸਿਰਫ ਡਰਾਮੇਬਾਜ਼ਾਂ ਨੂੰ ਜਾਣਦੇ ਹਨ, ਅਸਲੀ ਸੰਤ ਅਤੇ ਅਸਲੀ ਅੰਦੋਲਨਕਾਰੀ ਨੂੰ ਜਾਣਨ ਲੱਗਿਆਂ ਇਨ੍ਹਾਂ ਨੂੰ ਸ਼ਰਮ ਆਉਂਦੀ ਹੈ। ਇਹੀ ਕਾਰਨ ਹੈ ਕਿ ਸੌ ਚਲਿੱਤਰ ਕਰਨ ਵਾਲਾ ਰਾਮਦੇਵ ਇਨ੍ਹਾਂ ਨੂੰ ਸਾਧੂ ਜਾਪਦਾ ਹੈ, ਆਸਾ ਰਾਮ ਤੇ ਸਿਰਸੇ ਵਾਲੇ ਰਾਮ ਰਹੀਮ ਵਰਗਾ ਦੁਰਾਚਾਰੀ ਵੀ ਇਨ੍ਹਾਂ ਨੂੰ ਸੰਤ ਤੇ ਸਮਾਜ ਸੁਧਾਰਕ ਲੱਗਦਾ ਹੈ, ਪਰ ਨੇਕੀ ਦੇ ਰਾਹ ਉੱਤੇ ਚੱਲਣ ਵਾਲੇ ਲੋਕ ਚੰਗੇ ਨਹੀਂ ਲੱਗਦੇ, ਇਸ ਲਈ ਇਹ ਲੋਕ ਉਨ੍ਹਾਂ ਦੀ ਭੰਡੀ ਕਰਨ ਵਿਚ ਸ਼ਾਨ ਸਮਝਦੇ ਹਨ। ਨਰਿੰਦਰ ਮੋਦੀ ਨੇ ਵੀ ਇਹੋ ਕੀਤਾ ਹੈ।
ਵਕਤ-ਵਕਤ ਦੀ ਗੱਲ ਹੁੰਦੀ ਹੈ। ਅੱਜ ਨਰਿੰਦਰ ਮੋਦੀ ਦਾ ਸਿੱਕਾ ਚੱਲਦਾ ਤੇ ਉਸ ਦੀ ਹਰ ਗੱਲ ਏਦਾਂ ਸੱਚੀ ਮੰਨੀ ਜਾਂਦੀ ਹੈ, ਜਿਵੇਂ ਪੰਜਾਬੀ ਮੁਹਾਵਰਾ ਹੈ ਕਿ ‘ਲੋਕਾਂ ਦਾ ਨਹੀਂ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ’, ਪਰ ਦਿਨ ਸਦਾ ਇੱਕੋ ਜਿਹੇ ਨਹੀਂ ਰਹਿੰਦੇ ਹੁੰਦੇ। ਜਿਨ੍ਹਾਂ ਨੇ ਇੱਕ ਸਮੇਂ ‘ਇੰਦਰਾ ਇਜ਼ ਇੰਡੀਆ’ ਦਾ ਨਾਅਰਾ ਲਾਉਣ ਦੀ ਖੁਸ਼ੀ ਮਹਿਸੂਸ ਕੀਤੀ ਸੀ, ਉਹ ਅੱਜ ਕੱਖੋਂ ਹੌਲੇ ਹੋਏ ਪਏ ਹਨ। ਉਹ ਦਿਨ ਨਹੀਂ ਰਹਿ ਸਕੇ ਤਾਂ ਅੱਜ ਵਾਲੇ ਵੀ ਨਹੀਂ ਰਹਿਣੇ। ਸਮਾਂ ਕਦੋਂ ਕਿੱਧਰ ਨੂੰ ਪਲਟੀ ਮਾਰ ਜਾਵੇ, ਪਤਾ ਨਹੀਂ ਲੱਗਦਾ ਅਤੇ ਇਸ ਬਾਰੇ ਨਰਿੰਦਰ ਮੋਦੀ ਨੂੰ ਉਸ ਲਾਲ ਕ੍ਰਿਸ਼ਨ ਅਡਵਾਨੀ ਵੱਲ ਵੇਖ ਕੇ ਸਮਝ ਜਾਣਾ ਚਾਹੀਦਾ ਹੈ, ਜੋ ਕਦੀ ਡਿਪਟੀ ਪ੍ਰਧਾਨ ਮੰਤਰੀ ਹੁੰਦਿਆਂ ਅਸਲੀ ਪ੍ਰਧਾਨ ਮੰਤਰੀ ਤੋਂ ਵੱਧ ਭਾਰੂ ਗਿਣਿਆ ਜਾਂਦਾ ਸੀ ਤੇ ਅੱਜ ਉਸ ਨੂੰ ਕੋਈ ਮਿਲਣ ਵੀ ਨਹੀਂ ਜਾਂਦਾ। ਜਿਹੜੇ ਲੋਕ ਅੱਜ ਪ੍ਰਧਾਨ ਮੰਤਰੀ ਦੀ ਕੁਰਸੀ ਮੱਲੀ ਬੈਠੇ ਨਰਿੰਦਰ ਮੋਦੀ ਦੇ ਅੱਗੇ-ਪਿੱਛੇ ਨੱਚਦੇ ਫਿਰਦੇ ਹਨ, ਜ਼ਰਾ ਕੁ ਹਾਲਾਤ ਬਦਲ ਗਏ ਤਾਂ ਇਹ ਨਵੇਂ ਲੀਡਰ ਦੇ ਚਰਨ ਚੁੰਮਣ ਤੁਰ ਪੈਣਗੇ। ਬੰਦੇ ਦੇ ਜੀਵਨ ਦੀਆਂ ਤ੍ਰਿਕਾਲਾਂ ਪੈਂਦਿਆਂ ਚਿਰ ਲੱਗਦਾ ਹੈ, ਹਾਲਾਤ ਦਾ ਪ੍ਰਛਾਵਾਂ ਢਲਦਿਆਂ ਦਾ ਪਤਾ ਨਹੀਂ ਲੱਗਦਾ ਹੁੰਦਾ। ਘੁਮੰਡ ਦੇ ਘੋੜੇ ਉੱਤੇ ਚੜ੍ਹੇ ਹੋਏ ਆਗੂ ਨੂੰ ਜ਼ਰਾ ਕੁ ਧਰਤੀ ਵੱਲ ਵੇਖ ਕੇ ਬੋਲਣਾ ਚਾਹੀਦਾ ਹੈ।