ਹਵਾਈ ਕੰਪਨੀ ਵੱਲੋਂ ਬਠਿੰਡਾ ਅੱਡੇ ਤੋਂ ਉਡਾਣਾਂ ਤੋਂ ਹੱਥ ਖੜ੍ਹੇ

ਬਠਿੰਡਾ: ਬਠਿੰਡਾ ਹਵਾਈ ਅੱਡੇ ਤੋਂ ਉਡਾਣ ਲਈ ਹਵਾਈ ਕੰਪਨੀ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਹਵਾਈ ਕੰਪਨੀ ‘ਅਲਾਇਸ ਏਅਰ` ਨੇ ਸਪੱਸ਼ਟ ਆਖ ਦਿੱਤਾ ਹੈ ਕਿ ਬਿਨਾਂ ਸਬਸਿਡੀ ਤੋਂ ਬਠਿੰਡਾ-ਦਿੱਲੀ ਹਵਾਈ ਉਡਾਣ ਚਲਾਉਣਾ ਘਾਟੇ ਦਾ ਸੌਦਾ ਹੈ। ਕੇਂਦਰ ਸਰਕਾਰ ਤਰਫੋਂ ਇਸ ਉਡਾਣ ਲਈ ਮਿਲਦੀ ਸਬਸਿਡੀ ਬੰਦ ਹੋ ਗਈ ਹੈ ਜਿਸ ਮਗਰੋਂ ਇਸ ਹਵਾਈ ਅੱਡੇ ਦੇ ਭਵਿੱਖ `ਤੇ ਸੁਆਲ ਖੜ੍ਹੇ ਹੋ ਗਏ ਹਨ। ਹਵਾਈ ਕੰਪਨੀ ਨੇ ਬਠਿੰਡਾ ਤੋਂ ਆਪਣਾ ਸਟਾਫ ਵੀ ਤਬਦੀਲ ਕਰ ਦਿੱਤਾ ਹੈ।

ਕੇਂਦਰ ਸਰਕਾਰ ਵੱਲੋਂ ‘ਉਡੇ ਦੇਸ਼ ਕਾ ਆਮ ਨਾਗਰਿਕ` ਤਹਿਤ 21 ਅਕਤੂਬਰ 2016 ਨੂੰ ਖੇਤਰੀ ਸੰਪਰਕ ਸਕੀਮ ‘ਉਡਾਣ` ਸ਼ੁਰੂ ਕੀਤੀ ਸੀ। ਪੰਜਾਬ ਵਿਚ ਖੇਤਰੀ ਸੰਪਰਕ ਸਕੀਮ ਤਹਿਤ ਬਠਿੰਡਾ, ਲੁਧਿਆਣਾ, ਆਦਮਪੁਰ ਤੇ ਪਠਾਨਕੋਟ ਦੇ ਹਵਾਈ ਅੱਡਿਆਂ ਤੋਂ ਉਡਾਣਾਂ ਚੱਲੀਆਂ ਸਨ। ਦੇਸ਼ ਭਰ ਦੇ ਕਰੀਬ 40 ਹਵਾਈ ਅੱਡੇ ਇਸ ਸਕੀਮ ਤਹਿਤ ਲਿਆਂਦੇ ਗਏ ਹਨ ਅਤੇ 186 ਰੂਟਾਂ ਤੋਂ ਸਬਸਿਡੀ ਵਾਲੀ ਸਹੂਲਤ ਦਿੱਤੀ ਗਈ ਸੀ। ਬਠਿੰਡਾ ਹਵਾਈ ਅੱਡਾ 10 ਦਸੰਬਰ 2016 ਨੂੰ ਚਾਲੂ ਕੀਤਾ ਗਿਆ ਸੀ। ਸ਼ੁਰੂਆਤੀ ਸਮੇਂ ਦੇ ਪਹਿਲੇ ਚਾਰ ਮਹੀਨੇ ਸਬਸਿਡੀ ਦਾ ਪੂਰਾ ਖਰਚਾ ਪੰਜਾਬ ਸਰਕਾਰ ਨੇ ਝੱਲਿਆ ਸੀ। ਉਸ ਮਗਰੋਂ ਖੇਤਰੀ ਸੰਪਰਕ ਸਕੀਮ ਤਹਿਤ ਕੇਂਦਰ ਸਰਕਾਰ ਤਰਫੋਂ ਉਡਾਣਾਂ ਲਈ ਸਬਸਿਡੀ ਦੇਣੀ ਸ਼ੁਰੂ ਕੀਤੀ ਗਈ, ਜਿਸ ਵਿਚ ਕੇਂਦਰ ਸਰਕਾਰ ਨੇ 80 ਫੀਸਦੀ ਅਤੇ ਰਾਜ ਸਰਕਾਰ ਨੇ 20 ਫੀਸਦੀ ਹਿੱਸੇਦਾਰੀ ਪਾਉਣੀ ਸੀ। ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ 24 ਮਾਰਚ 2020 ਤੋਂ ਬੰਦ ਹੋ ਗਈਆਂ ਸਨ। ਉਸ ਪਿੱਛੋਂ 25 ਮਈ 2020 ਤੋਂ ਉਡਾਣਾਂ ਮੁੜ ਸ਼ੁਰੂ ਹੋਣੀਆਂ ਸਨ।
ਵੇਰਵਿਆਂ ਅਨੁਸਾਰ ਬਠਿੰਡਾ-ਦਿੱਲੀ ਉਡਾਣ ਲਈ ਸਬਸਿਡੀ ਅਪਰੈਲ 2020 ਤੱਕ ਦੇਣ ਦਾ ਸਮਾਂ ਸੀ। ਉਸ ਮਗਰੋਂ ਕੇਂਦਰ ਨੇ ਇਹ ਸਬਸਿਡੀ ਸਮਾਂ ਪੂਰਾ ਹੋਣ ਵਜੋਂ ਦੇਣੀ ਬੰਦ ਕਰ ਦਿੱਤੀ, ਜਿਸ ਕਰਕੇ ਇਸ ਹਵਾਈ ਅੱਡੇ ਤੋਂ ਮੁੜ ਉਡਾਣ ਸ਼ੁਰੂ ਨਹੀਂ ਹੋ ਸਕੀ। ਬਠਿੰਡਾ ਦਿੱਲੀ ਲਈ ਹਫਤੇ ‘ਚੋਂ ਤਿੰਨ ਦਿਨ ਉਡਾਣ ਸੀ। ਬਠਿੰਡਾ ਜੰਮੂ ਉਡਾਣ ਵੀ ਇਸ ਵੇਲੇ ਬੰਦ ਹੋ ਗਈ ਹੈ। ਇਕ ਵਰ੍ਹਾ ਬੀਤ ਚੱਲਿਆ ਹੈ ਪਰ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਉਪਰਾਲਾ ਹਾਲੇ ਤੱਕ ਨਹੀਂ ਕੀਤਾ।
ਅਲਾਇਸ ਏਅਰਲਾਈਨ ਦਾ ਤਰਕ ਹੈ ਕਿ ਘੱਟ ਯਾਤਰੀ ਹੋਣ ਕਰਕੇ ਵਪਾਰਕ ਤੌਰ ‘ਤੇ ਬਿਨਾਂ ਸਬਸਿਡੀ ਤੋਂ ਉਡਾਣ ਚਲਾਉਣੀ ਘਾਟੇ ਵਾਲਾ ਕਾਰੋਬਾਰ ਹੈ। ਬਠਿੰਡਾ ਦਿੱਲੀ ਲਈ 70 ਸੀਟਾਂ ਵਾਲਾ ਜਹਾਜ਼ ਚੱਲਦਾ ਹੈ ਜਿਸ ਦੀਆਂ ਪਹਿਲੀਆਂ 35 ਸੀਟਾਂ ‘ਤੇ ਸਬਸਿਡੀ ਦਿੱਤੀ ਜਾਂਦੀ ਹੈ। ਪ੍ਰਤੀ ਯਾਤਰੀ ਕਰੀਬ 3311 ਰੁਪਏ ਸਬਸਿਡੀ ਸੀ ਜਿਸ ‘ਚੋਂ 2648 ਰੁਪਏ ਕੇਂਦਰ ਸਰਕਾਰ ਅਤੇ 662 ਰੁਪਏ ਪੰਜਾਬ ਸਰਕਾਰ ਹਿੱਸੇਦਾਰੀ ਪਾਉਂਦੀ ਹੈ। ਬਠਿੰਡਾ ਦਿੱਲੀ ਉਡਾਣ ਲਈ ਅਨੁਮਾਨਿਤ ਸਾਲਾਨਾ ਸਬਸਿਡੀ (ਵੀ.ਜੀ.ਐਫ.) 8.46 ਕਰੋੜ ਰੁਪਏ ਰੱਖੀ ਗਈ ਹੈ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਦੀਆਂ ਹਵਾਈ ਉਡਾਣਾਂ ‘ਤੇ ਸਾਲਾਨਾ ਕਰੀਬ 30 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਸੀ। ਖੇਤਰੀ ਸਕੀਮ ਲਾਗੂ ਹੋਣ ਤੋਂ ਤਿੰਨ ਵਰ੍ਹਿਆਂ ਲਈ ਜੀ.ਐਸ.ਟੀ. ਅਤੇ ਸਰਵਿਸ ਟੈਕਸ ਵਿਚ ਵੀ ਛੋਟ ਦਿੱਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਲੈਂਡਿੰਗ ਅਤੇ ਪਾਰਕਿੰਗ ਦੀ ਸਹੂਲਤ ਮੁਫਤ ਵਿਚ ਦਿੱਤੀ ਗਈ ਹੈ ਅਤੇ ਇਵੇਂ ਹਵਾਈ ਅੱਡਿਆਂ ਤੇ ਬਿਜਲੀ ਪਾਣੀ ਆਦਿ ਦੀਆਂ ਸਹੂਲਤਾਂ ਰਿਆਇਤੀ ਦਰਾਂ ‘ਤੇ ਦਿੱਤੀਆਂ ਜਾ ਰਹੀਆਂ ਹਨ। ਬਠਿੰਡਾ ਦੇ ਹਵਾਈ ਅੱਡੇ ਦੀ ਸੁਰੱਖਿਆ ਦਾ ਖਰਚਾ ਵੀ ਪੰਜਾਬ ਸਰਕਾਰ ਹੀ ਚੁੱਕਦੀ ਹੈ ਅਤੇ ਇਸ ਦੀ ਉਸਾਰੀ ‘ਤੇ ਕਰੀਬ 40 ਕਰੋੜ ਦਾ ਖਰਚ ਆਇਆ ਹੈ।
________________________________________
ਅੰਮ੍ਰਿਤਸਰ-ਅਹਿਮਦਾਬਾਦ ਸਮੇਤ 24 ਉਡਾਣਾਂ ਦਾ ਐਲਾਨ
ਨਵੀਂ ਦਿੱਲੀ: ਸਪਾਈਸਜੈੱਟ ਨੇ ਕਿਹਾ ਹੈ ਕਿ ਉਹ ਅਜਮੇਰ, ਜੈਸਲਮੇਰ, ਅਹਿਮਦਾਬਾਦ ਅਤੇ ਬੰਗਲੂਰੂ ਸਮੇਤ 24 ਹੋਰ ਸ਼ਹਿਰਾਂ ਤੋਂ ਫਰਵਰੀ ‘ਚ ਉਡਾਣਾਂ ਸ਼ੁਰੂ ਕਰੇਗੀ। ਏਅਰਲਾਈਨ ਨੇ ਕਿਹਾ ਕਿ ਸਪਾਈਸਜੈੱਟ ਇਕਲੌਤੀ ਕੰਪਨੀ ਹੈ ਜੋ ਅਜਮੇਰ-ਮੁੰਬਈ ਅਤੇ ਅਹਿਮਦਾਬਾਦ-ਅੰਮ੍ਰਿਤਸਰ ਰੂਟਾਂ ‘ਤੇ ਉਡਾਣਾਂ ਸ਼ੁਰੂ ਕਰੇਗੀ। ਇਨ੍ਹਾਂ ਉਡਾਣਾਂ ‘ਚ ਜੈਸਲਮੇਰ ਨੂੰ ਦਿੱਲੀ ਅਤੇ ਅਹਿਮਦਾਬਾਦ ਨਾਲ ਜੋੜਨ ਵਾਲੀਆਂ ਉਡਾਣਾਂ ਵੀ ਸ਼ਾਮਲ ਹਨ। ਏਅਰਲਾਈਨ ਵੱਲੋਂ ਅਹਿਮਦਾਬਾਦ-ਬੰਗਲੂਰੂ, ਕੋਲਕਾਤਾ-ਗੁਹਾਟੀ ਅਤੇ ਗੁਹਾਟੀ-ਦਿੱਲੀ ਰੂਟਾਂ ‘ਤੇ ਰੋਜ਼ਾਨਾ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਰਿਲੀਜ ‘ਚ ਕਿਹਾ ਗਿਆ ਹੈ ਕਿ ਅਹਿਮਦਾਬਾਦ, ਬਗਡੋਗਰਾ-ਅਹਿਮਦਾਬਾਦ ਅਤੇ ਚੇਨਈ-ਕੋਲਕਾਤਾ-ਚੇਨਈ ਵਿਚਕਾਰ ਹਫਤੇ ‘ਚ ਤਿੰਨ ਦਿਨ ਉਡਾਣਾਂ ਹੋਣਗੀਆਂ ਜਦਕਿ ਪਟਨਾ ਤੋਂ ਬੰਗਲੂਰੂ ਲਈ ਹਫਤੇ ‘ਚ ਪੰਜ ਦਿਨ ਜਹਾਜ਼ ਚੱਲਣਗੇ।