ਨਿਗਮ ਚੋਣਾਂ ਨੇ ਰਵਾਇਤੀ ਪਾਰਟੀਆਂ ‘ਤੇ ਲਾਏ ਸਵਾਲੀਆ ਨਿਸ਼ਾਨ

ਪੰਜਾਬ ਦੇ ਸਿਆਸੀ ਭਵਿੱਖ ਬਾਰੇ ਦਿੱਤੇ ਵੱਡੇ ਸੰਕੇਤ
ਚੰਡੀਗੜ੍ਹ: ਪੰਜਾਬ ਵਿਚ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ ਸੂਬੇ ਦੀਆਂ ਸਥਾਪਤ ਸਿਆਸੀ ਧਿਰਾਂ ਦੇ ਭਵਿੱਖ ਬਾਰੇ ਵੱਡੇ ਸੰਕੇਤ ਦੇ ਗਏ ਹਨ। ਕੁਝ ਹਲਕੇ ਇਨ੍ਹਾਂ ਚੋਣਾਂ ਨੂੰ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨ ਰਹੇ ਸਨ, ਪਰ ਇਨ੍ਹਾਂ ਦੇ ਨਤੀਜੇ ਅਜਿਹੇ ਹੋਣਗੇ, ਇਹ ਗੱਲ ਸਿਆਸੀ ਮਾਹਿਰਾਂ ਦੀਆਂ ਗਿਣਤੀਆਂ-ਮਿਣਤੀਆਂ ਉਤੇ ਵੀ ਸਵਾਲੀਆ ਨਿਸ਼ਾਨ ਲਾ ਗਏ ਹਨ।

ਖੇਤੀ ਕਾਨੂੰਨਾਂ ਖਿਲਾਫ ਉਠੇ ਰੋਹ ਕਾਰਨ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਹੋਣੀ ਤਾਂ ਤਕਰੀਬਨ ਤੈਅ ਹੀ ਜਾਪ ਰਹੀ ਸੀ ਪਰ ਸੂਬੇ ਦੀਆਂ ਪ੍ਰਮੁੱਖ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਆਮ ਆਦਮੀ ਪਾਰਟੀ ਦਾ ਅਜਿਹਾ ਹਸ਼ਰ ਹੋਵੇਗਾ, ਇਸ ਦਾ ਅੰਦਾਜ਼ਾ ਸ਼ਾਇਦ ਕਿਸੇ ਨੇ ਨਹੀਂ ਲਾਇਆ ਸੀ। ਇਨ੍ਹਾਂ ਦੋਵੇਂ ਧਿਰਾਂ ਤੋਂ ਕਿਤੇ ਵੱਧ ਸੀਟਾਂ ਤਾਂ ਆਜ਼ਾਦ ਉਮੀਦਵਾਰ ਹੀ ਲੈ ਗਏ। ਇਥੋਂ ਤੱਕ ਕਿ ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਦੇ ਚੋਣ ਨਤੀਜੇ ਸਾਰੇ ਪੰਜਾਬ ਤੋਂ ਵੱਖਰੇ ਆਏ। ਇਥੋਂ ਦੀਆਂ ਕੁੱਲ 13 ਸੀਟਾਂ `ਤੇ ਲੋਕਾਂ ਨੂੰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਵਿਚੋਂ ਕੋਈ ਵੀ ਧਿਰ ਪਸੰਦ ਨਾ ਆਈ ਅਤੇ ਸਾਰੇ ਆਜ਼ਾਦ ਉਮੀਦਵਾਰ ਜਿਤਾ ਦਿੱਤੇ। ਆਦਮਪੁਰ ਵਿਚ ਕੁੱਲ 13 ਵਾਰਡਾਂ ਵਿਚੋਂ 12 ਆਜ਼ਾਦ ਉਮੀਦਵਾਰ ਜੇਤੂ ਰਹੇ ਜਦੋਂਕਿ ਇਕ ਵਾਰਡ ਤੋਂ ਬਸਪਾ ਜੇਤੂ ਰਹੀ।
ਭਾਜਪਾ ਆਪਣੇ ਗੜ੍ਹ ਪਠਾਨਕੋਟ ਤੇ ਹੁਸ਼ਿਆਰਪੁਰ ਅਤੇ ਅਕਾਲੀ ਦਲ (ਬਾਦਲ) ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਵਿਚ ਪੂਰੀ ਤਰ੍ਹਾਂ ਮਾਂਜਿਆ ਗਿਆ। ਚੋਣਾਂ ਦੌਰਾਨ ਆਸ ਮੁਤਾਬਿਕ, ਹਾਕਮ ਧਿਰ ਕਾਂਗਰਸ ਵੱਡੀ ਧਿਰ ਬਣ ਕੇ ਉਭਰੀ। 14 ਫਰਵਰੀ ਨੂੰ ਮਿਉਂਸਪਲ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਵਿਚ ਕੁੱਲ 9222 ਉਮੀਦਵਾਰ ਚੋਣ ਮੈਦਾਨ `ਚ ਨਿੱਤਰੇ ਸਨ। ਚੋਣਾਂ ਦੌਰਾਨ ਕਾਂਗਰਸ ਨੇ 2037, ਸ਼੍ਰੋਮਣੀ ਅਕਾਲੀ ਦਲ ਨੇ 1569, ਭਾਜਪਾ ਨੇ 1003, ਆਮ ਆਦਮੀ ਪਾਰਟੀ ਨੇ 1006 ਅਤੇ ਬਹੁਜਨ ਸਮਾਜ ਪਾਰਟੀ ਨੇ 106 ਉਮੀਦਵਾਰਾਂ ਸਮੇਤ ਹੋਰਨਾਂ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਮੈਦਾਨ `ਚ ਉਤਾਰੇ ਹਨ। ਇਸੇ ਤਰ੍ਹਾਂ ਸਭ ਤੋਂ ਜਿ਼ਆਦਾ, 2832 ਆਜ਼ਾਦ ਉਮੀਦਵਾਰ ਮੈਦਾਨ ਵਿਚ ਸਨ।
ਫਿਲਮ ਅਦਾਕਾਰ ਅਤੇ ਬੀ.ਜੇ.ਪੀ. ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਹਲਕੇ ਵਿਚ ਕਾਂਗਰਸ ਨੇ ਝੰਡਾ ਗੱਡ ਦਿੱਤਾ ਹੈ। ਨਗਰ ਕੌਂਸਲ ਗੁਰਦਾਸਪੁਰ ਦੇ 29 ਵਾਰਡਾਂ ਵਿਚ ਪੂਰਨ ਤੌਰ ਉਤੇ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਹ ਸੰਨੀ ਦਿਓਲ ਤੇ ਬੀ.ਜੇ.ਪੀ. ਨੂੰ ਸਭ ਤੋਂ ਵੱਡਾ ਝਟਕਾ ਹੈ। ਅੰਕੜਿਆਂ ਮੁਤਾਬਕ ਕਾਂਗਰਸ ਨੇ ਪੰਜਾਬ ਦੇ ਸੱਤ ਸ਼ਹਿਰਾਂ ਵਿਚੋਂ ਛੇ ਨਗਰ ਨਿਗਮਾਂ ਵਿਚ ਸਫਲਤਾ ਹਾਸਲ ਕੀਤੀ ਹੈ। ਪਾਰਟੀ ਨੇ ਹੁਸ਼ਿਆਰਪੁਰ, ਕਪੂਰਥਲਾ, ਅਬੋਹਰ, ਪਠਾਨਕੋਟ, ਬਟਾਲਾ ਤੇ ਬਠਿੰਡਾ ਵੀ ਫਤਿਹ ਕਰ ਲਿਆ। ਮੋਗਾ ਨਗਰ ਨਿਗਮ ਵਿਚ ਕਾਂਗਰਸ ਨੂੰ ਬਹੁਮਤ ਨਹੀਂ ਮਿਲਿਆ।
ਬਾਦਲਾਂ ਦੇ ਗੜ੍ਹ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ `ਤੇ ਕਾਂਗਰਸ ਕਾਬਜ਼ ਹੋ ਗਈ ਹੈ। ਕਾਂਗਰਸ ਦੇ 17, ਸ਼੍ਰੋਮਣੀ ਅਕਾਲੀ ਦਲ ਦੇ 10, ਆਮ ਆਦਮੀ ਪਾਰਟੀ ਦੇ 2, ਭਾਰਤੀ ਜਨਤਾ ਪਾਰਟੀ ਅਤੇ ਆਜ਼ਾਦ ਉਮੀਦਵਾਰ 1-1 ਸੀਟ ਉਤੇ ਜੇਤੂ ਰਹੇ।
ਇਸੇ ਤਰ੍ਹਾਂ ਕਾਂਗਰਸ ਨੇ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਵਿਚੋਂ 43 ਜਿੱਤੇ ਹਨ। ਸਿਰਫ ਸੱਤ ਵਾਰਡ ਅਕਾਲੀ ਦਲ ਦੇ ਹਿੱਸੇ ਆਏ ਹਨ। ਬੀ.ਜੇ.ਪੀ. ਤੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਨਗਰ ਕੌਂਸਲ ਗਿੱਦੜਬਾਹਾ ਦੇ 19 ਵਾਰਡਾਂ ਵਿਚੋਂ 18 ਵਾਰਡ `ਚ ਕਾਂਗਰਸ ਪਾਰਟੀ ਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ। ਕਾਂਗਰਸ ਪਾਰਟੀ ਦੇ 4 ਉਮੀਦਵਾਰ ਵਾਰਡ ਨੰਬਰ 3, 10, 11 ਤੇ 16 ਬਿਨਾਂ ਮੁਕਾਬਲਾ ਜੇਤੂ ਰਹੇ ਹਨ, ਜਦੋਂਕਿ 15 ਵਾਰਡਾਂ ਦੀ ਗਿਣਤੀ `ਚੋਂ 14 ਵਾਰਡਾਂ ਵਿਚ ਕਾਂਗਰਸ ਪਾਰਟੀ ਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਕਾਂਗਰਸ ਨੇ ਬੇਸ਼ੱਕ ਬਾਦਲ ਪਰਿਵਾਰ ਦੇ ਗੜ੍ਹ ਫਤਿਹ ਕਰ ਲਏ ਹਨ ਪਰ ਬਿਕਰਮ ਮਜੀਠੀਆ ਨੇ ਦਬਦਬਾ ਕਾਇਮ ਰੱਖਿਆ ਹੈ। ਮਜੀਠਾ ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰਦਿਆਂ 13 `ਚੋਂ 10 ਸੀਟਾਂ ਉਪਰ ਜਿੱਤ ਹਾਸਲ ਕਰ ਲਈ ਹੈ। ਦੂਜੇ ਪਾਸੇ ਕਾਂਗਰਸ ਕੋਲ ਸਿਰਫ ਦੋ ਸੀਟਾਂ ਆਈਆਂ ਹਨ। ਇਕ ਵਾਰਡ ਤੋਂ ਆਜ਼ਾਦ ਉਮੀਦਵਾਰ ਜਿੱਤਿਆ ਹੈ।
ਫਿਰੋਜ਼ਪੁਰ `ਚ ਬੀ.ਜੇ.ਪੀ. ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਸ਼ਹਿਰ ਦੇ 33 ਵਾਰਡਾਂ `ਚੋਂ ਬੀ.ਜੇ.ਪੀ. ਨੇ ਸਿਰਫ 12 ਉਮੀਦਵਾਰ ਖੜ੍ਹੇ ਕੀਤੇ ਸੀ ਪਰ ਕੋਈ ਵੀ ਜਿੱਤ ਨਹੀਂ ਸਕਿਆ। ਫਰੀਦਕੋਟ ਨਗਰ ਕੌਂਸਲ ਵਿਚ ਕੁੱਲ 25 ਸੀਟਾਂ ਵਿਚੋਂ ਕਾਂਗਰਸ ਨੇ 16, ਅਕਾਲੀ ਦਲ ਨੇ 7 ਤੇ ਆਪ ਨੇ ਇਕ ਸੀਟ ਜਿੱਤੀ ਹੈ। ਨਗਰ ਕੌਂਸਲ ਧੂਰੀ ਦੇ 11 ਵਾਰਡਾਂ `ਤੇ ਕਾਂਗਰਸ, 8 ਉਤੇ ਆਜ਼ਾਦ ਤੇ ਦੋ `ਤੇ ‘ਆਪ` ਉਮੀਦਵਾਰ ਜੇਤੂ ਰਹੇ।
ਜ਼ਿਲ੍ਹੇ ਮਾਨਸਾ ਵਿਚ ਕਿਸਾਨ ਅੰਦੋਲਨ ਦਾ ਰੰਗ ਲੋਕਾਂ ਦੇ ਸਿਰ ਚੜ੍ਹ ਬੋਲਿਆ ਹੈ। ਕਸਬਾ ਜੋਗਾ ਦੀ ਨਗਰ ਪੰਚਾਇਤ ਦੇ 13 ਵਾਰਡਾਂ `ਚੋਂ 12 ਉਤੇ ਸੀ.ਪੀ.ਆਈ. ਨਾਲ ਸਬੰਧਤ ਉਮੀਦਵਾਰ ਜੇਤੂ ਰਹੇ ਹਨ। ਸੁਖਬੀਰ ਬਾਦਲ ਦੇ ਹਲਕੇ ਵਿਚ ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਇਥੋਂ ਦੀਆਂ 17 ਸੀਟਾਂ ਵਿਚੋਂ 11 ਕਾਂਗਰਸ ਨੇ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ 5 ਤੇ ਆਮ ਆਦਮੀ ਪਾਰਟੀ ਸਿਰਫ ਇਕ ਸੀਟ ਜਿੱਤ ਚੁੱਕੀ ਹੈ।
ਦਸੂਹਾ ਨਗਰ ਕੌਂਸਲ ਚੋਣਾਂ ਵਿਚ 15 ਵਾਰਡਾਂ ਵਿਚੋਂ ਕਾਂਗਰਸ ਨੇ 11 ਸੀਟਾਂ ਉਤੇ ਜਿੱਤ ਹਾਸਲ ਕੀਤੀ ਤੇ ਆਮ ਆਦਮੀ ਪਾਰਟੀ 4 ਉਤੇ ਜੇਤੂ ਰਹੀ। ਗੁਰਦਾਸਪੁਰ ਨਗਰ ਕੌਂਸਲ ਚੋਣਾਂ `ਚ ਕਾਂਗਰਸ ਨੇ ਹੂੰਝਾ ਫੇਰਿਆ। 29 ਦੇ 29 ਵਾਰਡ ਕਾਂਗਰਸ ਦੀ ਝੋਲੀ ਪਏ।
ਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣਾਂ ਵਿਚ 13 ਵਾਰਡਾਂ `ਚੋਂ 10 ਉਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਅਕਾਲੀ ਦਲ ਦੇ ਹਿੱਸੇ 3 ਵਾਰਡ ਆਏ। ਆਮ ਆਦਮੀ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੀ। ਰਾਏਕੋਟ ਨਗਰ ਕੌਂਸਲ ਦੇ 15 ਵਾਰਡਾਂ ਵਿਚ ਕਾਂਗਰਸ ਨੂੰ ਹੂੰਝਾ ਫੇਰ ਜਿੱਤ ਮਿਲੀ ਹੈ। ਇਥੇ ਕਿਸੇ ਹੋਰ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਨਗਰ ਪੰਚਾਇਤ ਖਮਾਣੋਂ ਵਿਚ 13 ਵਾਰਡਾਂ `ਚੋਂ 6 ਉਤੇ ਕਾਂਗਰਸ, 5 ਆਜ਼ਾਦ, 1 ਅਕਾਲੀ ਦਲ ਬਾਦਲ ਤੇ 1 ਵਾਰਡ ਉਤੇ ਬਸਪਾ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਅਬੋਹਰ ਨਗਰ ਨਿਗਮ ਚੋਣਾਂ `ਚ ਕਾਂਗਰਸ ਪਾਰਟੀ ਦੇ 50 `ਚੋਂ 49 ਉਮੀਦਵਾਰ ਜਿੱਤੇ, ਇਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ `ਚ ਪਈ ਹੈ। ਅੰਮ੍ਰਿਤਸਰ ਜ਼ਿਲ੍ਹੇ `ਚੋਂ ਕੁੱਲ 68 ਵਾਰਡਾਂ `ਚੋਂ ਕਾਂਗਰਸ ਦੇ 40, ਅਕਾਲੀ ਦਲ ਦੇ 25 ਤੇ ਆਜ਼ਾਦ 3 ਉਮੀਦਵਾਰ ਜਿੱਤੇ।
ਇਹ ਚੋਣ ਨਤੀਜੇ ਸਪਸ਼ਟ ਸੰਕੇਤ ਦੇ ਗਏ ਹਨ ਕਿ ਪੂਰੇ ਮੁਲਕ ਵਿਚ ਸੱਤਾ ਦੇ ਸੁਪਨੇ ਲਈ ਬੈਠੀ ਭਾਜਪਾ ਲਈ ਫਿਲਹਾਲ ਪੰਜਾਬ ਦੇ ਸਿਆਸੀ ਭਵਿੱਖ ਵਿਚ ਕੋਈ ਥਾਂ ਨਹੀਂ। ਲੋਕਾਂ ਦੇ ਆਜ਼ਾਦ ਉਮੀਦਵਾਰਾਂ ਉਤੇ ਦਿਖਾਏ ਭਰੋਸੇ ਨੇ ਸੰਕੇਤ ਦਿੱਤੇ ਹਨ ਕਿ ਪੰਜਾਬੀ ਹੁਣ ਸੂਬੇ ਦੀ ਸਥਾਪਤ ਸਿਆਸਤ ਤੋਂ ਮੂੰਹ ਫੇਰ ਰਹੇ ਹਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸੇ ਨਵੀਂ ਧਿਰ ਦੀ ਉਡੀਕ ਵਿਚ ਹਨ।