ਸੰਘਰਸ਼ ਦੀ ਹਮਾਇਤ ਕਰਨ ਵਾਲੀਆਂ ਹਸਤੀਆਂ ਖਿਲਾਫ ਸਖਤੀ

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਨਾਲ ਸਬੰਧਤ ‘ਟੂਲਕਿੱਟ` ਨੂੰ ਸੋਸ਼ਲ ਮੀਡੀਆ `ਤੇ ਕਥਿਤ ਤੌਰ `ਤੇ ਸ਼ੇਅਰ ਕਰਨ ਦੇ ਦੋਸ਼ ਹੇਠ ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਉਧਰ, ਵਿਰੋਧੀ ਧਿਰਾਂ ਨੇ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਨਿੰਦਾ ਕਰਦੇ ਹੋਏ ਚਿਤਾਵਨੀ ਦਿੱਤੀ ਹੈ।

ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਸੀ। ਟੂਲਕਿੱਟ ਨੂੰ ਕੁਝ ਆਲੋਚਕਾਂ ਨੇ ਭਾਰਤ ਵਿਚ ਵਿਰੋਧ ਪ੍ਰਦਰਸ਼ਨਾਂ ਨੂੰ ਤੇਜ ਕਰਨ ਦੀ ਉਸ ਦੀ ਸਾਜ਼ਿਸ਼ ਦਾ ‘ਸਬੂਤ` ਦੱਸਿਆ ਹੈ। ਦੋ ਸ਼ੱਕੀ ਜਿਨ੍ਹਾਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ, ਵਿਚ ਨਿਕਿਤਾ ਜੈਕਬ ਅਤੇ ਸਾਂਤਨੂ ਸ਼ਾਮਲ ਹਨ। ਦੋਵੇਂ ਕਥਿਤ ਤੌਰ `ਤੇ ਦਸਤਾਵੇਜ਼ ਤਿਆਰ ਕਰਨ ਵਿਚ ਸ਼ਾਮਲ ਹਨ ਤੇ ਉਹ ਖਾਲਿਸਤਾਨੀ ਪੱਖੀਆਂ ਦੇ ਸਿੱਧੇ ਸੰਪਰਕ ਵਿਚ ਸਨ। ਟੂਲਕਿੱਟ ਨੂੰ 18 ਸਾਲਾ ਵਾਤਾਵਰਣ ਕਾਰਕੁਨ ਗ੍ਰੇਟਾ ਥੁਨਬਰਗ ਨੇ ਟਵੀਟ ਕੀਤਾ ਸੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨਾਲ ਜੁੜੀ ‘ਟੂਲਕਿਟ` ਸੋਸ਼ਲ ਮੀਡੀਆ `ਤੇ ਸ਼ੇਅਰ ਕਰਨ ਦੇ ਮਾਮਲੇ ਵਿਚ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ `ਤੇ ਕਿਹਾ ਕਿ ਭਾਰਤ ਖਾਮੋਸ਼ ਹੋਣ ਵਾਲਾ ਨਹੀਂ ਹੈ। ਉਨ੍ਹਾਂ ਦਿਸ਼ਾ ਦੀ ਗ੍ਰਿਫਤਾਰੀ ਨਾਲ ਜੁੜੀ ਖਬਰ ਸਾਂਝੀ ਕਰਦਿਆਂ ਟਵੀਟ ਕੀਤਾ, ‘’ਬੋਲ ਕਿ ਲਬ ਆਜ਼ਾਦ ਹੈਂ ਤੇਰੇ, ਬੋਲ ਕਿ ਸੱਚ ਜਿੰਦਾ ਹੈ ਅਬ ਤਕ! ਵੋ ਡਰੇ ਹੈਂ, ਦੇਸ਼ ਨਹੀਂ!“ ਕਾਂਗਰਸ ਆਗੂ ਨੇ ਕਿਹਾ, ‘’ ਭਾਰਤ ਖਾਮੋਸ਼ ਹੋਣ ਵਾਲਾ ਨਹੀਂ ਹੈ।“ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਸ ਮਾਮਲੇ `ਤੇ ਕੇਂਦਰ `ਤੇ ਨਿਸ਼ਾਨ ਸੇਧਦਿਆਂ ਟਵੀਟ ਕੀਤਾ, ‘’ਡਰਤੇ ਹੈਂ ਬੰਦੂਕ ਵਾਲੇ ਏਕ ਨਿਹੱਥੀ ਲੜਕੀ ਸੇ, ਫੈਲੈ ਹੈਂ ਹਿੰਮਤ ਕੇ ਉਜਾਲੇ ਏਕ ਨਿਹੱਥੀ ਲੜਕੀ ਸੇ।“
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਵੱਲੋਂ ‘ਟੂਲਕਿੱਟ` ਮਾਮਲੇ ਦੀ ਜਾਂਚ ਵਿਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਇਸ ਨੂੰ ‘ਲੋਕਤੰਤਰ `ਤੇ ਹਮਲਾ ਕਰਾਰ` ਦਿੱਤਾ ਹੈ। ਦਿਸ਼ਾ ਰਵੀ ਨੂੰ 3 ਖੇਤੀ ਕਾਨੂੰਨਾਂ ਨਾਲ ਸਬੰਧਤ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਜੁੜੀ ‘ਟੂਲਕਿੱਟ` ਸੋਸ਼ਲ ਮੀਡੀਆ `ਤੇ ਸ਼ੇਅਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਕੇਜਰੀਵਾਲ ਨੇ ਟਵੀਟ ਕੀਤਾ, ‘’21 ਸਾਲਾ ਦਿਸ਼ਾ ਦੀ ਗ੍ਰਿਫਤਾਰੀ ਲੋਕਤੰਤਰ `ਤੇ ਹਮਲਾ ਹੈ। ਸਾਡੇ ਕਿਸਾਨਾਂ ਦਾ ਸਮਰਥਨ ਕਰਨਾ ਕੋਈ ਅਪਰਾਧ ਨਹੀਂ ਹੈ।“
_________________________________________
ਖੇਤੀ ‘ਦੋ ਦੋਸਤਾਂ` ਦੇ ਹੱਥ ਫੜਾਉਣਾ ਚਾਹੁੰਦੇ ਮੋਦੀ: ਰਾਹੁਲ
ਜੈਪੁਰ: ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਹਮਲਿਆਂ ਨੂੰ ਜਾਰੀ ਰੱਖਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੀ ਰਾਜਸਥਾਨ ਫੇਰੀ ਦੇ ਦੂਜੇ ਦਿਨ ਕਿਹਾ ਕਿ ਪ੍ਰਧਾਨ ਮੰਤਰੀ ਖੇਤੀ ਨਾਲ ਜੁੜੇ ਕਾਰੋਬਾਰ ਨੂੰ ਕਥਿਤ ਆਪਣੇ ‘ਦੋ ਦੋਸਤਾਂ` ਦੇੇ ਹੱਥਾਂ ਵਿਚ ਦੇਣਾ ਚਾਹੁੰਦੇ ਹਨ। ਰਾਹੁਲ ਨੇ ਅਜਮੇਰ ਦੇ ਰੁਪਾਨਗੜ੍ਹ ਤੇ ਨਾਗੌਰ ਦੇ ਮਕਰਾਨਾ ਵਿਚ ਦੋ ਕਿਸਾਨ ਰੈਲੀਆਂ ਨੂੰ ਸੰਬੋੋਧਨ ਕੀਤਾ। ਕਾਂਗਰਸ ਆਗੂ ਨੇ ਲੰਘੇ ਦਿਨ ਹਨੂਮਾਨਗੜ੍ਹ ਦੇ ਪੀਲੀਬੰਗਾ ਤੇ ਸ੍ਰੀਗੰਗਾਨਗਰ ਦੇ ਪਦਮਪੁਰ ਵਿਚ ਵੀ ਕਿਸਾਨ ਮਹਾਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਦੇ ਮੁੱਦੇ `ਤੇ ਘੇਰਿਆ ਸੀ।
_______________________________________________
ਅੰਦੋਲਨ ਛੇਤੀ ਬਣ ਸਕਦਾ ਕੌਮਾਂਤਰੀ ਮੁੱਦਾ: ਸੁਬਰਾਮਣੀਅਨ
ਚੰਡੀਗੜ੍ਹ: ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਕਿਸਾਨ ਅੰਦੋਲਨ ‘ਤੇ ਕੇਂਦਰ ਸਰਕਾਰ ਵੱਲੋਂ ਅਪਣਾਏ ਗਏ ਵਤੀਰੇ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਟਵਿੱਟਰ ‘ਤੇ ਕਿਹਾ ਕਿ ਕਿਸਾਨ ਅੰਦੋਲਨ ਛੇਤੀ ਹੀ ਕੌਮਾਂਤਰੀ ਮੁੱਦਾ ਬਣ ਸਕਦਾ ਹੈ ਕਿਉਂਕਿ ਮਨੁੱਖੀ ਅਧਿਕਾਰ ਜਥੇਬੰਦੀਆਂ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਕਿਰਤ ਜਥੇਬੰਦੀ ਕੋਲ ਪਹੁੰਚ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵੀ ਇਸ ਜਥੇਬੰਦੀ ਦਾ ਮੈਂਬਰ ਹੈ ਅਤੇ ਕੌਮਾਂਤਰੀ ਕਿਰਤ ਜਥੇਬੰਦੀ ਇਸ ਮੁੱਦੇ ‘ਤੇ ਭਾਰਤ ਨੂੰ ਪੱਖ ਰੱਖਣ ਲਈ ਸੱਦ ਸਕਦੀ ਹੈ। ਸਵਾਮੀ ਮੁਤਾਬਕ ਕਿਰਤ ਮਾਪਦੰਡਾਂ ਬਾਰੇ ਕਮੇਟੀ ਦੇ ਚੇਅਰਮੈਨ ਰਹਿੰਦਿਆਂ ਉਨ੍ਹਾਂ ਸਰਕਾਰ ਲਈ 1996 ‘ਚ ਰਿਪੋਰਟ ਤਿਆਰ ਕੀਤੀ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਹਿਲਾਂ ਕਿਹਾ ਗਿਆ ਸੀ ਕਿ ਕੋਈ ਭਾਰਤ ਦੀ ਸਰਹੱਦ ਅੰਦਰ ਦਾਖਲ ਹੋਇਆ ਹੀ ਨਹੀਂ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਵਾਪਸ ਚਲੇ ਗਏ।