ਹਿੰਸਾ ਦੇ ਪਰਛਾਵੇਂ ਹੇਠ ਨੇਪਰੇ ਚੜ੍ਹੀਆਂ ਨਗਰ ਕੌਂਸਲ ਚੋਣਾਂ

ਚੰਡੀਗੜ੍ਹ: ਪੰਜਾਬ ਵਿਚ ਨਗਰ ਨਿਗਮ ਤੇ ਨਗਰ ਕੌਂਸਲਾਂ ਲਈ ਹੋਏ ਭਰਵੇਂ ਮਤਦਾਨ ਦੌਰਾਨ ਹਿੰਸਾ ਦਾ ਪਰਛਾਵਾਂ ਰਿਹਾ। ਪੰਜਾਬ ਦੀਆਂ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅਤੇ ਅੱਠ ਨਗਰ ਨਿਗਮਾਂ ‘ਚ ਲਈ 71.39 ਫੀਸਦ ਮਤਦਾਨ ਹੋਇਆ। ਪੰਜਾਬ ਦੇ 2302 ਸ਼ਹਿਰੀ ਵਾਰਡਾਂ ਲਈ ਚੋਣ ਲੜ ਰਹੇ ਕੁੱਲ 9222 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ‘ਚ ਬੰਦ ਹੋ ਗਈ ਹੈ।

ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਹੋਈ ਇਸ ਚੋਣ ਲਈ ਸਾਰੀਆਂ ਸਿਆਸੀ ਧਿਰਾਂ ਨੇ ਅੱਡੀ ਚੋਟੀ ਦਾ ਜੋਰ ਲਾਇਆ। ਖੇਤੀ ਕਾਨੂੰਨਾਂ ਖਿਲਾਫ ਰੋਹ ਦੀ ਲਹਿਰ ਚੋਣਾਂ ਦੌਰਾਨ ਵੀ ਵੇਖਣ ਨੂੰ ਮਿਲੀ ਜਦੋਂ ਕਿ ਵੋਟਰ ਕਰੋਨਾ ਤੋਂ ਭੈਅ ਮੁਕਤ ਦਿਖੇ। ਇਸੇ ਦੌਰਾਨ ਪੰਜਾਬ ‘ਚ ਕੌਂਸਲ ਚੋਣਾਂ ਦੌਰਾਨ ਵੱਖ-ਵੱਖ ਥਾਈਂ ਹੋਈ ਹਿੰਸਾ ‘ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ 14 ਦੇ ਕਰੀਬ ਆਗੂ ਅਤੇ ਵਰਕਰ ਜ਼ਖਮੀ ਹੋ ਗਏ। ਪੱਟੀ ਤੇ ਸੁਲਤਾਨਪੁਰ ਲੋਧੀ ‘ਚ ਗੋਲੀ ਚੱਲਣ ਦੀ ਖਬਰ ਹੈ। ਬਹੁਤੇ ਜਿਲ੍ਹਿਆਂ ਵਿਚ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹਿਆ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਪੱਟੀ ‘ਚ ਖੂਨੀ ਝੜਪ ਹੋਈ ਹੈ ਅਤੇ ਗੋਲੀ ਨਾਲ ‘ਆਪ‘ ਆਗੂ ਮਨਬੀਰ ਸਿੰਘ ਜ਼ਖਮੀ ਹੋ ਗਿਆ, ਜੋ ਹਸਪਤਾਲ ‘ਚ ਜੇਰੇ ਇਲਾਜ ਹੈ। ਮਗਰੋਂ ‘ਆਪ‘ ਵਰਕਰਾਂ ਨੇ ਥਾਣੇ ਅੱਗੇ ਧਰਨਾ ਵੀ ਲਾਇਆ। ਇਸੇ ਤਰ੍ਹਾਂ ਰੋਪੜ ਵਿਚ ਅਕਾਲੀ ਤੇ ਕਾਂਗਰਸੀ ਵਰਕਰਾਂ ‘ਚ ਪੱਥਰਬਾਜ਼ੀ ਹੋਈ ਅਤੇ ਕਿਰਪਾਨਾਂ ਚੱਲੀਆਂ ਜਿਸ ‘ਚ ਨੌਂ ਜਣੇ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਇਕ ਨੂੰ ਪੀ.ਜੀ.ਆਈ. ਚੰਡੀਗੜ੍ਹ ਲਈ ਰੈਫਰ ਕੀਤਾ ਹੈ। ਕਾਂਗਰਸ ਵਰਕਰ ਪ੍ਰਵੀਨ ਦਾ ਇਲਜ਼ਾਮ ਹੈ ਕਿ ਅਕਾਲੀ ਪੈਸੇ ਵੰਡ ਰਹੇ ਸਨ ਤੇ ਜਦੋਂ ਉਨ੍ਹਾਂ ਰੋਕਣਾ ਚਾਹਿਆ ਤਾਂ ਅਕਾਲੀਆਂ ਨੇ ਹਮਲਾ ਕਰ ਦਿੱਤਾ। ਦੂਸਰੀ ਤਰਫ ਅਕਾਲੀ ਦਲ ਦਾ ਕਹਿਣਾ ਹੈ ਕਿ ਯੂਥ ਕਾਂਗਰਸ ਦੇ ਆਗੂਆਂ ਨੇ ਮਿਥ ਕੇ ਅਕਾਲੀ ਵਰਕਰਾਂ ‘ਤੇ ਹਮਲਾ ਕੀਤਾ ਹੈ। ਨਗਰ ਕੌਂਸਲ ਭਿੱਖੀਵਿੰਡ ਦੇ ਵਾਰਡ ਨੰਬਰ 4 ‘ਚ ਝੜਪ ਹੋਈ ਹੈ, ਜਿਸ ਵਿਚ ਅਕਾਲੀ ਉਮੀਦਵਾਰ ਰਿੰਕੂ ਧਵਨ ਦੀ ਨੂੰਹ ਸਪਨਾ ਦੇ ਸੱਟ ਲੱਗੀ ਹੈ। ਇਥੇ ‘ਆਪ‘ ਵਰਕਰ ਤੇ ਵਿਰੋਧੀ ਆਗੂ ਦੀਆਂ ਪੱਗਾਂ ਲੱਥਣ ਦਾ ਵੀ ਸਮਾਚਾਰ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿਚ ਪੋਲਿੰਗ ਦੌਰਾਨ ਕਾਫੀ ਹੰਗਾਮੇ ਹੋਏ ਹਨ। ਸਮਾਣਾ ਵਿਚ ਅਕਾਲੀ ਵਰਕਰ ਦੀ ਕੁੱਟਮਾਰ ਦੇ ਰੋਸ ‘ਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪਾਤੜਾਂ ਰੋਡ ‘ਤੇ ਧਰਨਾ ਲਾਇਆ। ਰਾਜਪੁਰਾ ਵਿਚ ਤਿੰਨ ਵਿਰੋਧੀ ਉਮੀਦਵਾਰਾਂ ਨੇ ਬੂਥਾਂ ‘ਤੇ ਕਬਜ਼ੇ ਹੋਣ ਦਾ ਇਲਜ਼ਾਮ ਲਾਉਣ ਮਗਰੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ। ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਵਾਰਡ ਨੰਬਰ ਦੋ ਦੇ ਉਮੀਦਵਾਰ ਕਪਤਾਨ ਸਿੰਘ ਦੀ ਵਿਰੋਧੀ ਧਿਰ ਵੱਲੋਂ ਪੱਗ ਉਤਾਰੇ ਜਾਣ ਅਤੇ ਉਸ ਦੇ ਲੜਕੇ ਦੀ ਕੁੱਟਮਾਰ ਦੇ ਦੋਸ਼ ਲਾਏ। ‘ਆਪ‘ ਨੇ ਹਾਕਮ ਧਿਰ ਦੀ ਧੱਕੇਸ਼ਾਹੀ ਖਿਲਾਫ ਗਗਨ ਚੌਕ ਵਿਚ ਧਰਨਾ ਦਿੱਤਾ।
ਸੁਲਤਾਨਪੁਰ ਲੋਧੀ ਵਿਚ ਵਾਰਡ ਨੰਬਰ ਇਕ ‘ਚ ਪੱਥਰਬਾਜੀ ਦੇ ਦੋਸ਼ ਲਗਾਉਂਦੇ ਹੋਏ ਸਾਬਕਾ ਮੰਤਰੀ ਉਪਿੰਦਰਜੀਤ ਕੌਰ ਨੇ ਤਲਵੰਡੀ ਚੌਕ ਵਿਚ ਧਰਨਾ ਲਾਇਆ। ਮਹਿਲਾ ਆਗੂ ਨੇ ਇਕ ਕਾਂਗਰਸੀ ਵੱਲੋਂ ਗੋਲੀ ਚਲਾਏ ਜਾਣ ਦੀ ਗੱਲ ਵੀ ਆਖੀ ਹੈ। ਇਸੇ ਤਰ੍ਹਾਂ ਧੂਰੀ ਵਿਚ ਅਣਪਛਾਤਿਆਂ ਵੱਲੋਂ ਵਾਰਡ ਨੰਬਰ ਇਕ ਦੇ ਪੋਲਿੰਗ ਸਟੇਸ਼ਨ ਦੇ ਬਾਹਰ ‘ਆਪ‘ ਆਗੂਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ, ਜਿਸ ‘ਚ ਗੌਰਵ ਬਾਂਸਲ ਦੇ ਸਿਰ ‘ਤੇ ਸੱਟ ਲੱਗੀ ਹੈ ਅਤੇ ਇੱਕ ਹੋਰ ਆਗੂ ਨੂੰ ਸੱਟ ਲੱਗੀ ਹੈ। ਬਠਿੰਡਾ ਤੇ ਮਾਨਸਾ ਜਿਲ੍ਹੇ ਵਿਚ ਪੋਲਿੰਗ ਇਕ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਰਹੀ। ਵਾਰਡ ਨੰਬਰ ਅੱਠ ਦੇ ਅਕਾਲੀ ਉਮੀਦਵਾਰ ਹਰਪਾਲ ਸਿੰਘ ਨੇ ਦੋਸ਼ ਲਾਏ ਕਿ ਵਿਰੋਧੀ ਆਗੂ ਦੇ ਸਮਰਥਕਾਂ ਨੇ ਉਸ ਦੇ ਸੱਟਾਂ ਮਾਰੀਆਂ ਹਨ ਅਤੇ ਵਾਰਡ ਨੰਬਰ 43 ਵਿਚ ਭਾਜਪਾ ਆਗੂ ਨੇ ਜਾਅਲੀ ਵੋਟਾਂ ਬਣਾਏ ਜਾਣ ਦੇ ਦੋਸ਼ ਲਾਏ ਹਨ। ਸੰਗਰੂਰ ਦੇ ਭਵਾਨੀਗੜ੍ਹ ਵਿਚ ਅਪਸ਼ਬਦ ਬੋਲੇ ਜਾਣ ਕਰਕੇ ਇਕ ਵੋਟਰ ਵੱਲੋਂ ਕਾਂਗਰਸੀ ਆਗੂ ਦੇ ਥੱਪੜ ਮਾਰੇ ਜਾਣ ਦਾ ਸਮਾਚਾਰ ਹੈ। ਇਥੇ ਪੋਲਿੰਗ ‘ਚ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਨੇ ਭਵਾਨੀਗੜ੍ਹ ‘ਚ ਧਰਨਾ ਵੀ ਲਾਇਆ।
ਗੁਰੂ ਹਰਸਹਾਏ ਵਿਚ ‘ਆਪ` ਵਰਕਰ `ਤੇ ਹਮਲਾ ਹੋਇਆ ਹੈ ਜਿਸ ਮਗਰੋਂ ‘ਆਪ` ਆਗੂ ਮਲਕੀਤ ਥਿੰਦ ਦੀ ਅਗਵਾਈ ਵਿਚ ਵਰਕਰਾਂ ਨੇ ਐਸ.ਡੀ.ਐਮ. ਦਫਤਰ ਅੱਗੇ ਧਰਨਾ ਦਿੱਤਾ। ਅਰਨੀਵਾਲਾ ਵਿਚ ਬੂਥਾਂ `ਤੇ ਕਬਜ਼ੇ ਦੇ ਇਲਜ਼ਾਮ ਲਾ ਕੇ ‘ਆਪ` ਨੇ ਮਲੋਟ ਰੋਡ `ਤੇ ਧਰਨਾ ਲਾਇਆ। ਕਾਦੀਆਂ ਦੇ ਤਿੰਨ ਵਾਰਡਾਂ ਵਿਚ ਜਾਅਲੀ ਵੋਟਾਂ ਪੈਣ ਦੇ ਰੌਲੇ ਮਗਰੋਂ ਪੋਲਿੰਗ ਕੁਝ ਸਮਾਂ ਰੁਕੀ ਰਹੀ। ਫਿਰੋਜ਼ਪੁਰ ਵਿਚ ਮਾਹੌਲ ਤਾਂ ਦਹਿਸ਼ਤ ਭਰਿਆ ਰਿਹਾ, ਪ੍ਰੰਤੂ ਕੋਈ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਭਾਜਪਾ ਦੇ ਟੈਂਟ ਵੀ ਨਹੀਂ ਲੱਗੇ: ਜ਼ਿਲ੍ਹੇ ਦੀਆਂ ਪੰਜ ਨਗਰ ਕੌਂਸਲਾਂ ਅਤੇ ਸ਼ਹਿਰ ਦੀ ਨਗਰ ਨਿਗਮ ਦੇ ਵਾਰਡ ਨੰਬਰ-37 ਦੀ ਹੋਈ ਉਪ ਚੋਣ ਵਾਸਤੇ ਪਈਆਂ ਵੋਟਾਂ ਦੌਰਾਨ ਪਿੰਡਾਂ ਅਤੇ ਸ਼ਹਿਰ ਵਿਚ ਭਾਜਪਾ ਦੇ ਟੈਂਟ ਵੀ ਨਹੀਂ ਲੱਗੇ। ਇਹ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੇ ਕੀਤੇ ਜਾ ਰਹੇ ਬਾਈਕਾਟ ਦਾ ਸਿੱਟਾ ਹੈ। ਇਸ ਦੌਰਾਨ ਇਹ ਵੋਟਾਂ ਪਾਉਣ ਦਾ ਕੰਮ ਵੱਡੀ ਪੱਧਰ ‘ਤੇ ਅਮਨ ਸ਼ਾਂਤੀ ਪੂਰਵਕ ਨਾਲ ਨੇਪਰੇ ਚੜ੍ਹ ਗਿਆ। ਦਿਹਾਤੀ ਖੇਤਰ ਵਿੱਚ ਲਗਭਗ 75.22 ਫੀਸਦ ਮਤਦਾਨ ਹੋਇਆ ਹੈ ਜਿਸ ਤਹਿਤ ਰਮਦਾਸ ਵਿਚ ਲਗਭਗ 81.84 ਫੀਸਦ, ਮਜੀਠਾ ਵਿੱਚ 76.17 ਫੀਸਦ, ਜੰਡਿਆਲਾ ਵਿਚ 74.9 ਫੀਸਦ, ਅਜਨਾਲਾ ਵਿਚ 79.9 ਫੀਸਦ ਅਤੇ ਰਈਆ ਵਿੱਚ 64.36 ਫੀਸਦ ਵੋਟਾਂ ਪਈਆਂ।
__________________________________________
ਕਾਂਗਰਸੀਆਂ ਨੇ ਲੋਕਤੰਤਰ ਦਾ ਕਤਲ ਕੀਤਾ: ਆਪ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਕਈ ਥਾਵਾਂ ‘ਤੇ ਧੱਕੇਸ਼ਾਹੀ ਅਤੇ ‘ਆਪ‘ ਉਮੀਦਵਾਰਾਂ ‘ਤੇ ਹਮਲਿਆਂ ਦੀ ਨਿਖੇਧੀ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਅਸੈਂਬਲੀ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਤੇ ਕਾਂਗਰਸੀਆਂ ‘ਤੇ ਜਮਹੂਰੀਅਤ ਦਾ ਕਤਲ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਰਹੇ ਹਨ ਅਤੇ ਹੁਣ ਜਮਹੂਰੀਅਤ ਦਾ ਕਤਲ ਕਰ ਰਹੇ ਹਨ। ਚੀਮਾ ਨੇ ਦਾਅਵਾ ਕੀਤਾ ਕਿ ਕਾਂਗਰਸੀਆਂ ਨੇ ਕਈ ਥਾਵਾਂ ‘ਤੇ ‘ਆਪ‘ ਵਲੰਟੀਅਰਾਂ ਉਤੇ ਹਮਲਾ ਕੀਤਾ ਹੈ।
__________________________________________
ਹਿੰਸਾ ਲਈ ਅਕਾਲੀ ਵਰਕਰ ਜ਼ਿੰਮੇਵਾਰ: ਜਾਖੜ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ‘ਚ ਹੋਏ ਸ਼ਾਂਤੀਪੂਰਨ ਅਤੇ ਭਰਵੇਂ ਮਤਦਾਨ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਚੋਣ ਵਿਚ ਵੋਟਰ ਵਿਕਾਸ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ ਤੇ ਵਿਰੋਧੀ ਧਿਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਚੋਣ ਕਮਿਸ਼ਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਕਰਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਮਾਮੂਲੀ ਹਿੰਸਾ ਹੋਈ ਹੈ, ਉਸ ਪਿੱਛੇੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਹੱਥ ਹੈ।
__________________________________________________
ਹਿੰਸਾ ਪ੍ਰਭਾਵਿਤ ਬੂਥਾਂ ‘ਤੇ ਮੁੜ ਚੋਣ ਹੋਵੇ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਕੌਂਸਲ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਬੂਥਾਂ ‘ਤੇ ਕਬਜ਼ਾ ਕਰਨ ਤੇ ਵਿਰੋਧੀ ਪਾਰਟੀਆਂ ਖਿਲਾਫ ਵਿਆਪਕ ਹਿੰਸਾ ਕਰ ਕੇ ਵੋਟਰਾਂ ਨੂੰ ਡਰਾਉਣ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਅਕਾਲੀ ਦਲ ਨੇ ਸੂਬਾਈ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾ ਕੇ ਮੰਗ ਕੀਤੀ ਹੈ ਜਿੱਥੇ ਕਿਤੇ ਵੀ ਬੂਥਾਂ ‘ਤੇ ਕਬਜ਼ੇ ਕੀਤੇ ਗਏ ਹਨ ਤੇ ਹਿੰਸਾ ਵਾਪਰੀ ਹੈ, ਉਥੇ ਚੋਣ ਰੱਦ ਕੀਤੀ ਜਾਵੇ ਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣ। ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਸੂਬਾ ਚੋਣ ਕਮਿਸ਼ਨ ਨੂੰ ਚੌਕਸ ਕੀਤਾ ਸੀ, ਪਰ ਇਸ ਚਿਤਾਵਨੀ ਦੇ ਬਾਵਜੂਦ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ।