ਬੇਅਦਬੀ ਕਾਂਡ: ਜਾਂਚ ਟੀਮ ਦੀ ਅਗਵਾਈ ਪਰਮਾਰ ਨੂੰ ਸੌਂਪੀ

ਫਰੀਦਕੋਟ: ਜਿਲ੍ਹੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਤਿੰਨ ਘਟਨਾਵਾਂ ਦੀ ਪੜਤਾਲ ਲਈ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ‘ਤੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ‘ਤੇ ਬਾਰਡਰ ਰੇਂਜ ਦੇ ਆਈ.ਜੀ. ਐਸ.ਪੀ.ਐਸ. ਪਰਮਾਰ ਨੂੰ ਜਾਂਚ ਟੀਮ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਇਸ ਟੀਮ ਦੇ ਮੈਂਬਰ ਵਜੋਂ ਆਪਣਾ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ।

24 ਸਤੰਬਰ ਨੂੰ ਪਿੰਡ ਬਰਗਾੜੀ ਵਿਚ ਇਤਰਾਜ਼ਯੋਗ ਪੋਸਟਰ ਚਿਪਕਾਏ ਗਏ ਤੇ 12 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਹੋਏ ਅੰਗ ਗਲੀਆਂ ਵਿਚੋਂ ਮਿਲੇ ਸਨ। ਇਨ੍ਹਾਂ ਘਟਨਾਵਾਂ ਸਬੰਧੀ ਬਾਜਾਖਾਨਾ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 295/120-ਬੀ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਤਿੰਨ ਮੁਕੱਦਮੇ ਦਰਜ ਕੀਤੇ ਸਨ। ਇਨ੍ਹਾਂ ਮਾਮਲਿਆਂ ਦੀ ਪੜਤਾਲ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਨੂੰ ਸੌਂਪੀ ਗਈ ਸੀ। ਹੁਣ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਇਨ੍ਹਾਂ ਤਿੰਨੇ ਮਾਮਲਿਆਂ ਦੀ ਪੜਤਾਲ ਲਈ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਦਾ ਤਬਾਦਲਾ ਕਰ ਦਿੱਤਾ ਹੈ।
ਗੁਰੂ ਗ੍ਰੰਥ ਸਾਹਿਬ ਚੋਰੀ ਦੇ ਮਾਮਲੇ ਵਿਚ ਹੁਣ ਤੱਕ ਜਾਂਚ ਟੀਮ ਲਗਭਗ ਪੰਜ ਸਾਲ ਦੀ ਪੜਤਾਲ ਉਪਰੰਤ ਅਦਾਲਤ ਵਿਚ ਸਿਰਫ ਚਲਾਨ ਹੀ ਪੇਸ਼ ਕਰ ਸਕੀ ਹੈ, ਜਿਸ ਨੂੰ ਵੀ ਹਾਈ ਕੋਰਟ ਨੇ ਰੱਦ ਕਰ ਦਿੱਤਾ। ਇਨ੍ਹਾਂ ਤਿੰਨੇ ਮਾਮਲਿਆਂ ਦੀ ਪੜਤਾਲ ਸੀ.ਬੀ.ਆਈ ਨੇ ਵੀ ਕੀਤੀ ਸੀ ਪਰ ਸੀ.ਬੀ.ਆਈ ਕਿਸੇ ਤਸੱਲੀਬਖ਼ਸ਼ ਸਿੱਟੇ ‘ਤੇ ਨਹੀਂ ਪਹੁੰਚ ਸਕੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਸੀ.ਬੀ.ਆਈ ਨੇ ਕੁਝ ਦਿਨ ਪਹਿਲਾਂ ਸਾਰੀਆਂ ਫਾਈਲਾਂ ਪੰਜਾਬ ਸਰਕਾਰ ਨੂੰ ਸੌਂਪੀਆਂ ਸਨ, ਜੋ ਹੁਣ ਸਰਕਾਰ ਨੇ ਜਾਂਚ ਟੀਮ ਦੇ ਹਵਾਲੇ ਕਰ ਦਿੱਤੀਆਂ ਹਨ, ਜਿਸ ਨੂੰ ਹੁਣ ਜਾਂਚ ਟੀਮ ਦਾ ਨਵਾਂ ਮੁਖੀ ਵਿਚਾਰੇਗਾ।
_________________________________________
ਬਹਿਬਲ ਕਾਂਡ: ਸੁਮੇਧ ਸੈਣੀ ਤੇ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਰੱਦ
ਫਰੀਦਕੋਟ: ਸਥਾਨਕ ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਮੁਅੱਤਲੀ ਅਧੀਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਬਹਿਬਲ ਗੋਲੀ ਕਾਂਡ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ। ਵਿਸ਼ੇਸ਼ ਜਾਂਚ ਟੀਮ ਨੇ ਸੈਣੀ ਅਤੇ ਉਮਰਾਨੰਗਲ ਖਿਲਾਫ ਬਹਿਬਲ ਗੋਲੀ ਕਾਂਡ ਵਿਚ 15 ਜਨਵਰੀ ਨੂੰ ਚਲਾਨ ਅਦਾਲਤ ਵਿਚ ਪੇਸ਼ ਕੀਤਾ ਸੀ ਅਤੇ ਅਦਾਲਤ ਨੇ ਸੁਮੇਧ ਸੈਣੀ ਦੇ 1 ਮਾਰਚ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੋਏ ਹਨ, ਜਦਕਿ ਉਮਰਾਨੰਗਲ ਵੀ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਦੌਰਾਨ ਜਿਲ੍ਹਾ ਅਟਾਰਨੀ ਰਜਨੀਸ਼ ਗੋਇਲ ਨੇ ਕਿਹਾ ਕਿ ਬਹਿਬਲ ਗੋਲੀ ਕਾਂਡ ਵਿਚ ਸੈਣੀ ਅਤੇ ਉਮਰਾਨੰਗਲ ਨੂੰ ਸਾਜਿਸ਼ਕਾਰ ਵਜੋਂ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ ਅਤੇ ਜੇਕਰ ਇਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲਦੀ ਹੈ ਤਾਂ ਕੇਸ ਵਿਚਲੇ ਗਵਾਹਾਂ ਨੂੰ ਪ੍ਰਭਾਵਿਤ ਕੀਤੇ ਜਾਣ ਦਾ ਖਦਸ਼ਾ ਹੈ। ਅਦਾਲਤ ਵਿਚ ਵਿਸ਼ੇਸ਼ ਜਾਂਚ ਟੀਮ ਅਤੇ ਪੁਲਿਸ ਅਧਿਕਾਰੀਆਂ ਦੇ ਵਕੀਲਾਂ ਦਰਮਿਆਨ ਹੋਈ ਬਹਿਸ ‘ਚ ਖੁਲਾਸਾ ਹੋਇਆ ਕਿ ਵਿਸ਼ੇਸ਼ ਜਾਂਚ ਟੀਮ ਸੁਮੇਧ ਸੈਣੀ ਤੋਂ ਬਾਅਦ ਇਸ ਮਾਮਲੇ ਵਿਚ ਹੋਰ ਵੀ ਵੱਡੇ ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਸਕਦੀ ਹੈ। ਅਦਾਲਤ ਨੇ ਬਹਿਬਲ ਗੋਲੀ ਕਾਂਡ ਨੂੰ ਗੰਭੀਰ ਅਪਰਾਧ ਮੰਨਦਿਆਂ ਆਪਣੇ ਹੁਕਮ ਵਿਚ ਕਿਹਾ ਹੈ ਕਿ ਇਸ ਗੋਲੀ ਕਾਂਡ ਵਿਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ।
ਇਸ ਕਰਕੇ ਅਜਿਹੇ ਗੰਭੀਰ ਅਪਰਾਧ ਵਿਚ ਅਗਾਊਂ ਜ਼ਮਾਨਤ ਦੇਣਾ ਜਾਇਜ਼ ਨਹੀਂ ਹੈ। ਪੰਜਾਬ ਸਰਕਾਰ ਨੇ ਅਦਾਲਤ ਵਿਚ ਖੁਲਾਸਾ ਕੀਤਾ ਕਿ ਪੁਲਿਸ ਨੇ ਜਿਹੜੇ ਲੋਕਾਂ ‘ਤੇ ਗੋਲੀਆਂ ਚਲਾਈਆਂ, ਉਹ ਬਿਲਕੁਲ ਨਿਹੱਥੇ ਸਨ ਅਤੇ ਸ਼ਾਂਤਮਈ ਅੰਦੋਲਨ ਕਰਕੇ ਬੇਅਦਬੀ ਕਾਂਡ ਦੇ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। ਸਰਕਾਰ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਬਹਿਬਲ ਗੋਲੀ ਕਾਂਡ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ ਮਗਰੋਂ ਪੁਲਿਸ ਅਧਿਕਾਰੀ ਇਕ-ਦੂਜੇ ਨੂੰ ਸ਼ੁੱਭ ਇੱਛਾਵਾਂ ਦੇ ਰਹੇ ਸਨ। ਉਮਰਾਨੰਗਲ ਅਤੇ ਡੀ.ਜੀ.ਪੀ. ਦੀ ਬਹਿਬਲ ਗੋਲੀ ਕਾਂਡ ਦੌਰਾਨ ਕੁਝ ਘੰਟਿਆਂ ਵਿਚ ਹੀ ਫੋਨ ‘ਤੇ 22 ਵਾਰ ਗੱਲਬਾਤ ਹੋਈ। ਜਾਂਚ ਟੀਮ ਨੇ ਦਾਅਵਾ ਕੀਤਾ ਕਿ ਗੋਲੀ ਕਾਂਡ ਦੀ ਸਾਜ਼ਿਸ਼ ਜਾਣਬੁਝ ਰਚੀ ਗਈ ਸੀ ਤਾਂ ਜੋ ਆਮ ਲੋਕਾਂ ਵਿਚ ਖੌਫ ਪੈਦਾ ਕੀਤਾ ਜਾ ਸਕੇ।