ਪੰਜਾਬ ਸਰਕਾਰ ਤੋਂ ਸੁਰੱਖਿਆ ਦਿਵਾਉਣ ਲਈ ਕੇਂਦਰ ਨੇ ਬਾਜਵਾ ਦਾ ਪੱਖ ਪੂਰਿਆ

ਚੰਡੀਗੜ੍ਹ: ਕੇਂਦਰ ਸਰਕਾਰ ਨੇ ਰਾਜ ਸਭਾ ਮੈਂਬਰ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਸਰਕਾਰ ਤੋਂ ਸੁਰੱਖਿਆ ਦਿਵਾਉਣ ਲਈ ਉਨ੍ਹਾਂ ਦਾ ਪੱਖ ਪੂਰਿਆ ਹੈ ਜਦਕਿ ਸਾਬਕਾ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ ਨੂੰ ਕੇਂਦਰੀ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੱਖ ਸਕੱਤਰ, ਪੰਜਾਬ ਨੂੰ ਗੁਪਤ ਪੱਤਰ ਭੇਜ ਕੇ ਲਿਖਿਆ ਹੈ ਕਿ ਬਾਜਵਾ ਦੀ ਸੁਰੱਖਿਆ ਦਾ ਮਾਮਲਾ ਨਜਿੱਠਿਆ ਜਾਵੇ ਅਤੇ ਕੇਂਦਰੀ ਸੁਰੱਖਿਆ ਤੋਂ ਇਲਾਵਾ ਬਾਜਵਾ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ।

ਸੰਸਦ ਮੈਂਬਰ ਬਾਜਵਾ ਨੇ ਮੰਤਰਾਲੇ ਨੂੰ ਪੱਤਰ ਲਿਖ ਕੇ ਵਾਧੂ ਪਾਇਲਟ/ਐਸਕਾਰਟ ਗੱਡੀ ਦੀ ਮੰਗ ਕੀਤੀ ਸੀ ਜਿਸ ਬਾਰੇ ਗ੍ਰਹਿ ਮੰਤਰਾਲੇ ਨੇ ਕੇਂਦਰੀ ਸੁਰੱਖਿਆ ਏਜੰਸੀ ਨਾਲ ਵਿਚਾਰ ਕੀਤਾ ਸੀ। ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਬਾਜਵਾ ਨੂੰ ਜੈੱਡ ਕੈਟਾਗਿਰੀ ਸੁਰੱਖਿਆ ਦਿੱਤੀ ਹੋਈ ਹੈ ਜਿਸ ਵਿਚ 25 ਸੁਰੱਖਿਆ ਮੁਲਾਜ਼ਮ, ਪਾਇਲਟ/ਐਸਕਾਰਟ ਗੱਡੀ ਤੋਂ ਇਲਾਵਾ ਦੋ ਡਰਾਈਵਰ ਵੀ ਦਿੱਤੇ ਗਏ ਸਨ। ਪੰਜਾਬ ਸਰਕਾਰ ਨੇ ਵੀ ਪਹਿਲਾਂ ਬਾਜਵਾ ਨੂੰ 14 ਪੁਲਿਸ ਮੁਲਾਜ਼ਮਾਂ ਸਮੇਤ ਡਰਾਈਵਰ ਤੇ ਐਸਕਾਰਟ ਗੱਡੀ ਦਿੱਤੀ ਹੋਈ ਸੀ ਪਰ 23 ਮਾਰਚ ਨੂੰ ਕੋਵਿਡ ਕਰ ਕੇ ਕੁਝ ਸੁਰੱਖਿਆ ਮੁਲਾਜ਼ਮ ਵਾਪਸ ਲੈ ਲਏ ਸਨ। ਜਦ ਪੰਜਾਬ ‘ਚ ਸ਼ਰਾਬ ਨਾਲ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਤਾਂ ਬਾਜਵਾ ਅਤੇ ਦੂਲੋ ਨੇ ਸ਼ਰਾਬ ਮਾਫੀਆ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਰੱਖਿਆ ਸੀ।
ਪੰਜਾਬ ਸਰਕਾਰ ਨੇ ਮਗਰੋਂ ਬਾਜਵਾ ਦੀ ਪੂਰੀ ਸੁਰੱਖਿਆ ਵਾਪਸ ਲੈ ਲਈ ਸੀ ਤੇ ਕਿਹਾ ਸੀ ਕਿ ਬਾਜਵਾ ਨੂੰ ਹੁਣ ਕੋਈ ਖਤਰਾ ਨਹੀਂ। ਡੇਢ ਕੁ ਮਹੀਨਾ ਪਹਿਲਾਂ ਬਾਜਵਾ ਨੇ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿਖ ਕੇ ਮੁੜ ਸੁਰੱਖਿਆ ਮੰਗੀ ਸੀ। ਬੇਸ਼ੱਕ ਪੰਜਾਬ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਪਰ ਕੇਂਦਰ ਸਰਕਾਰ ਨੇ ਹੁਣ ਬਾਜਵਾ ਦੀ ਸੁਰੱਖਿਆ ਬਾਰੇ ਫਿਕਰ ਜ਼ਾਹਿਰ ਕੀਤੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਅਕਾਲੀ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ ਨੇ 1 ਦਸੰਬਰ 2020 ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗੀ ਸੀ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਬਤੌਰ ਪ੍ਰਧਾਨ ਦਿੱਤੀ ਸੁਰੱਖਿਆ ਵਾਪਸ ਲੈ ਲਈ ਹੈ। ਉਨ੍ਹਾਂ ਹਵਾਲਾ ਦਿੱਤਾ ਸੀ ਕਿ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਦੇ ਇਕਲੌਤੇ ਗਵਾਹ ਬਚੇ ਹਨ ਅਤੇ ਉਨ੍ਹਾਂ ਨੂੰ ਦਹਿਸ਼ਤਗਰਦਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੱਖ ਸਕੱਤਰ ਪੰਜਾਬ ਨੂੰ ਭੇਜੇ ਪੱਤਰ ਵਿਚ ਲਿਖਿਆ ਹੈ ਕਿ ਮੰਤਰਾਲੇ ਤਰਫੋਂ ਲੌਂਗੋਵਾਲ ਦੀ ਸੁਰੱਖਿਆ ਦੇ ਮਾਮਲੇ ਨੂੰ ਕੇਂਦਰੀ ਸੁਰੱਖਿਆ ਏਜੰਸੀ ਨਾਲ ਵਿਚਾਰਿਆ ਗਿਆ ਜਿਸ ‘ਚ ਸਾਹਮਣੇ ਆਇਆ ਹੈ ਕਿ ਇਸ ਵੇਲੇ ਲੌਂਗੋਵਾਲ ਨੂੰ ਦਹਿਸ਼ਤਗਰਦਾਂ ਤੋਂ ਕੋਈ ਖਤਰਾ ਨਹੀਂ ਹੈ। ਗ੍ਰਹਿ ਮੰਤਰਾਲੇ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਖਤਰੇ ਨੂੰ ਭਾਂਪਦੇ ਹੋਏ ਲੌਂਗੋਵਾਲ ਦੀ ਸੁਰੱਖਿਆ ਦਾ ਮਾਮਲਾ ਨਜਿੱਠ ਸਕਦੀ ਹੈ।
______________________________________________
ਹਾਈ ਕੋਰਟ ਪਹੁੰਚ ਕਰਾਂਗਾ: ਬਾਜਵਾ
ਚੰਡੀਗੜ੍ਹ: ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਐਸਕਾਰਟ/ਪਾਇਲਟ ਗੱਡੀ ਦੀ ਮੰਗ ਕੀਤੀ ਸੀ ਅਤੇ ਡੀ.ਜੀ.ਪੀ. ਪੰਜਾਬ ਨੂੰ ਵੀ ਸੁਰੱਖਿਆ ਲਈ ਲਿਖਿਆ ਸੀ ਜਿਸ ਬਾਰੇ ਰਾਜ ਸਰਕਾਰ ਨੇ ਕੋਈ ਜੁਆਬ ਨਹੀਂ ਦਿੱਤਾ। ਜੈੱਡ ਕੈਟਾਗਿਰੀ ਲਈ ਸਥਾਨਕ ਪੱਧਰ ‘ਤੇ ਰਾਜ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਜਾਣੀ ਹੁੰਦੀ ਹੈ। ਪੰਜਾਬ ਸਰਕਾਰ ਨੇ ਐਸਕਾਰਟ ਗੱਡੀ ਤੇ ਡਰਾਈਵਰ ਤਾਂ ਦਿੱਤਾ ਹੋਇਆ ਹੈ ਪਰ ਸੁਰੱਖਿਆ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਹੁੰਗਾਰਾ ਨਾ ਭਰਿਆ ਤਾਂ ਉਹ ਹਾਈ ਕੋਰਟ ਦਾ ਬੂਹਾ ਖੜਕਾਉਣਗੇ।