“ਕੋਈ ਅਕਲ ਦਾ ਕਰੋ ਇਲਾਜ ਯਾਰੋ”

ਦਿੱਲੀ ਦੇ ਬਾਰਡਰਾਂ ਉਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਭਾਰਤ ਦੀ ਸਰਕਾਰੀ ਪਰੇਡ ਦੇ ਬਰਾਬਰ ਕੀਤੀ ਟਰੈਕਟਰ ਪਰੇਡ ਮੌਕੇ 26 ਜਨਵਰੀ ਨੂੰ ਜੋ ਘਟਨਾਵਾਂ ਵਾਪਰੀਆਂ, ਉਸ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਸਾਹਮਣੇ ਆਏ ਹਨ। ਇਸ ਲੇਖ ਵਿਚ ਉਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਇਸ ਘਟਨਾ ਤੋਂ ਬਾਅਦ ਕਿਸਾਨ ਘੋਲ ਨੂੰ ਵੱਜੀ ਵਕਤੀ ਸੱਟ ਬਾਰੇ ਟਿੱਪਣੀ ਕੀਤੀ ਹੈ ਅਤੇ ਸਿੱਖ ਦ੍ਰਿਸ਼ਟੀਕੋਣ ਤੋਂ ਇਸ ਮਸਲੇ ਦੀ ਚੀਰ-ਫਾੜ ਕਰਨ ਦਾ ਯਤਨ ਕੀਤਾ ਹੈ। ਇਹ ਪਹੁੰਚ ਸਿੱਖ ਚਿੰਤਕ ਅਜਮੇਰ ਸਿੰਘ, ਇਤਿਹਾਸਕਾਰ ਸੁਖਪ੍ਰੀਤ ਸਿੰਘ ਉਦੋਕੇ ਅਤੇ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਜੋ ਕਿਸਾਨ ਅੰਦੋਲਨ ਦੀਆਂ ਜੜ੍ਹਾਂ ਵਿਚ ਕਥਿਤ ਤੌਰ ‘ਤੇ ਦਾਤੀ ਫੇਰ ਰਹੇ ਹਨ, ਵੱਲੋਂ ਅਪਨਾਈ ਇਕਪਾਸੜ ਪਹੁੰਚ ਤੋਂ ਐਨ ਵੱਖਰੀ ਹੈ।

-ਸੰਪਾਦਕ

ਜਸਪਾਲ ਸਿੰਘ ਸਿੱਧੂ
ਕੋਈ ਪੌਣੇ ਦੋ ਸੌ ਸਾਲ ਪਹਿਲਾਂ (1850) ਸਾਂਝੇ ਪੰਜਾਬ ਦੇ ਦਰਦ ਦੀ ਬਾਤ ਪਾਉਦਿਆਂ ਕਿੱਸਾਕਾਰ ਸ਼ਾਹ ਮਹੁੰਮਦ ਕਹਿੰਦਾ ਹੈ ਕਿ ਪਹਾੜਾ ਸਿੰਘ ਦੀ ਮੁਖਬਰੀ ਕਰ ਕੇ ਫੇਰੂ ਸ਼ਹਿਰ ਦੀ ਜੰਗ ਵਿਚ ਪੰਜਾਬ ਵੱਲੋਂ ਲੜਦੀ ਖਾਲਸਾ ਫੌਜ ਫਰੰਗੀਆਂ ਦੀ ਫੌਜ ਤੋਂ ਮਾਰ ਖਾ ਬੈਠੀ ਸੀ। ਖਾਲਸਾ ਫੌਜ ਵਿਚ ਸਾਰੇ ਪੰਜਾਬ ਵਾਸੀ ਸਿੱਖ ਤੇ ਮੁਸਲਮਾਨ ਇੱਕਠੇ ਹੋ ਕੇ ਤੇਗਾਂ ਵਾਹ ਰਹੇ ਸਨ। ਸ਼ਾਹ ਮੁਹੰਮਦ ਉਸ ਸਾਂਝੀ ਬਹਾਦਰੀ ਦੇ ਦ੍ਰਿਸ਼ ਨੂੰ ਇਉਂ ਪੇਸ਼ ਕਰਦਾ ਹੈ:
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ,
ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿਬੂੰਆਂ ਲਹੂ ਨਿਚੋੜ ਸੁੱਟੇ।
ਇੱਥੇ ‘ਸਿੰਘ’ ਪੰਜਾਬ ਦੀ ਸਾਂਝੀ ਰਹਿਤਲ ਦੇ ਪ੍ਰਤੀਕ ਹਨ। ਉਸ ਭਾਰੀ ਨੁਕਸਾਨ ਤੋਂ ਬਾਅਦ ਸਮੇਂ ਦੇ ਸੋਚਵਾਨ ਲੀਡਰ ਬੈਠ ਕੇ ਵਿਚਾਰ-ਵਟਾਂਦਰਾਂ ਕਰਦੇ ਹਨ ਕਿ ਇਕੱਲੇ ਜੋਸ਼ ਤੋਂ ਨਹੀਂ ਹੋਸ਼ (ਅਕਲ) ਤੋਂ ਵੀ ਕੰਮ ਲਈਏ।
ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ,
ਕੋਈ ਅਕਲ ਦਾ ਕਰੋ ਇਲਾਜ ਯਾਰੋ।
ਮੁੱਠ ਮੀਟੀ ਸੀ ਏਸ ਪੰਜਾਬ ਦੀ ਜੀ,
ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਜ ਯਾਰੋ।
ਸ਼ਾਹ ਮੁਹੰਮਦ ਦੀ ਪਾਈ ‘ਬਾਤ’ ਪੀੜ੍ਹੀ-ਦਰ-ਪੀੜ੍ਹੀ ਅੱਗੇ ਅੱਜ ਤੱਕ ਤੁਰਦੀ ਆ ਰਹੀ ਹੈ। ਅਕਲ, ਸੋਚ-ਸਮਝ (ਹੋਸ਼) ਨਾਲ ਹੀ ਲੜਾਈਆਂ ਜਿੱਤੀਆਂ ਜਾਂਦੀਆਂ ਨੇ, ਨਹੀਂ ਤਾਂ ਸਾਡੇ ਅੰਦਰਲੇ ‘ਪਹਾੜਾ ਸਿੰਘ’ ਹਮੇਸ਼ਾ ਹੀ ਆਪਣੀ ਸ਼ਰੀਕੇਬਾਜ਼ੀ ਕਰ ਕੇ, ਹਉਮੈ ਨਾਲ ਗ੍ਰਸੇ ਹੋਣ ਕਰ ਕੇ ਜਾਂ ਲਾਲਚ ਵਸ ਆਪਣਿਆਂ ਦਾ ਹੀ ਨੁਕਸਾਨ ਕਰਨ ਤੋਂ ਕਦੇ ਬਾਜ਼ ਨਹੀਂ ਆਉਂਦੇ।
ਅੱਜ ਦਾ ਨਾਮਵਰ ਹਿਸਟੋਰੀਅਨ ਯੁਵਾਲ ਨੋਹ ਹਰਾਰੀ ਕਹਿੰਦਾ ਹੈ ਕਿ ਆਮ ਬਹੁ-ਗਿਣਤੀ ਮਨੁੱਖ ਹਮੇਸ਼ਾਂ ਪੁਰਾਣੀਆਂ ‘ਬਾਤਾਂ’, ਕਹਾਣੀਆਂ ਅਤੇ ਮਿੱਥਾਂ ਨੂੰ ਨਾਲ ਲੈ ਕੇ ਹੀ ਜਿਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਹੀ ਉਹ ਹਰ ਭਾਵਨਾਤਮਕ ਪਲ ਵਿਚ ਅਮਲ ਕਰਦਾ ਹੈ।
ਇਸੇ ਕਰ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਵਡੇਰੀ ਉਮਰ ਦੇ ਸਿੱਖ ਵੀ ਵਹੀਰਾਂ ਘੱਤ ਕੇ, ਵੀਹਰ ਕੇ ਲਾਲ ਕਿਲ੍ਹੇ ਉੱਤੇ ਝੰਡਾਂ ਝਲਾਉਣ ਚਲੇ ਗਏ। ਉਨ੍ਹਾਂ ਦੇ ਅਚੇਤ/ਸੁਚੇਤ ਮਨ ਵਿਚ (ਅਸਲੀਅਤ ਵੀ ਹੈ) ਲਾਲ ਕਿਲ੍ਹਾ ‘ਦੁਸ਼ਮਣ’ ਦੀ ਰਾਜ ਸੱਤਾ ਦਾ ਕੇਂਦਰ ਬਿੰਦੂ ਹੈ ਅਤੇ ‘ਸਟੇਟ-ਪਾਵਰ’ ਦਾ ਪ੍ਰਤੀਕ ਵੀ ਹੈ।
ਕੇਸਰੀ ਨਿਸ਼ਾਨ ਸਾਹਿਬ ਬਾਰੇ ਭਾਵੇਂ ਅਸੀਂ ਕਹਿੰਦੇ ਰਹੀਏ ਕਿ ਇਹ ‘ਖਾਲਿਸਤਾਨ’ ਦਾ ਝੰਡਾ ਨਹੀਂ ਪਰ ਸਿੱਖਾਂ ਦਾ ਇਹ ਧਾਰਮਿਕ ਪਵਿੱਤਰ ਨਿਸ਼ਾਨ ਸਾਹਿਬ ‘ਰੂਹਾਨੀਅਤ ਤੇ ਪ੍ਰਭੂਸੱਤਾ’ ਦਾ ਚਿੰਨ੍ਹ ਹੈ। ਝੂਲਦੇ ਨਿਸ਼ਾਨ ਸਾਹਿਬ ਤੋਂ ਬਗੈਰ, ਕੋਈ ਵੀ ਧਾਰਮਿਕ ਸਥਾਨ ਸਿੱਖਾਂ ਲਈ ਗੁਰਦੁਆਰਾ ਨਹੀਂ ਹੋ ਸਕਦਾ। ਉਹ ਸਥਾਨ ਡੇਰਾ ਹੋ ਸਕਦਾ। ‘ਖਾਲਿਸਤਾਨ’ ਦੁਨਿਆਵੀ ਪੱਧਰ ‘ਤੇ ਨੇਸ਼ਨ-ਸਟੇਟ ਵਾਲੀ ਰਾਜ ਸੱਤਾ ਦੇ ਸੰਕਲਪ ਨੂੰ ਮੂਰਤੀਮਾਨ ਕਰਨ ਵਾਲਾ ਅਜੇ ਤੱਕ ਕੋਈ ਝੰਡਾ ਸਾਹਮਣੇ ਨਹੀਂ ਆਇਆ। ਵੱਡੇ ਪੱਧਰ ਉੱਤੇ ਕੇਸਰੀ ਨਿਸ਼ਾਨ ਸਾਹਿਬ ਹੀ ਸਮੁੱਚੇ ਸਿੱਖ ਫਲਸਫੇ, ਰੂਹਾਨੀਅਤ, ਸਿੱਖ ਆਜ਼ਾਦ ਹਸਤੀ ਅਤੇ ਸਿੱਖ ਦੀ ਸਿੱਧੀ ਅਕਾਲ ਪੁਰਖ ਪ੍ਰਤੀ ਵਿਸ਼ਵਾਸ/ਨਿਸ਼ਟਾ ਨੂੰ ਮੂਰਤੀਮਾਨ ਕਰਦਾ ਹੈ ਜਿਸ ਦੇ ਸਾਹਮਣੇ ਕਿਸੇ ਖਿੱਤੇ ਉੱਤੇ ਰਾਜਸੱਤਾ/ਰਾਜਸੀ ਕਮਾਨ ਨੂੰ ਪੇਸ਼ ਕਰਨ ਵਾਲੇ ਸਾਰੇ ਦੁਨਿਆਵੀ ਕੌਮੀ ਝੰਡੇ ਬੌਣੇ/ਨਿਗੂਣੇ ਬਣ ਜਾਂਦੇ ਹਨ।
ਇਸ ਕਰ ਕੇ ਨਿਸ਼ਾਨ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਪਹਿਰਾ ਦੇਣਾ ਪੈਂਦਾ। ਨਿਸ਼ਾਨ ਸਾਹਿਬ ਚੜ੍ਹਾਉਣ ਦਾ ਮਕਸਦ ਹੁੰਦਾ। ਇਹ ਸਿੱਖ ਹੋਂਦ, ਦਬਦਬੇ ਅਤੇ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਅੰਮ੍ਰਿਤਸਰ ਸ਼ਹਿਰ ਵਿਚ ਸ਼ਿਵ ਸੈਨਾ ਅਤੇ ਆਰੀਆ ਸਮਾਜੀਆਂ ਨੇ 28 ਮਈ 1981 ਨੂੰ ਤ੍ਰਿਸ਼ੂਲਾਂ, ਤਲਵਾਰਾਂ ਅਤੇ ਸਿਗਰਟਾਂ ਨੂੰ ਡਾਗਾਂ ਉੱਤੇ ਟੰਗ ਕੇ ਜਲੂਸ ਕੱਢਿਆ ਸੀ। ਜਵਾਬ ਵਿਚ ਦੂਜੇ ਦਿਨ ਮਹਾਰਾਜਾ ਰਣਜੀਤ ਸਿੰਘ ਦੇ 200 ਸਾਲਾਂ ਜਨਮ ਦਿਵਸ ਉੱਤੇ ਸ਼ਾਮ ਸਿੰਘ ਅਟਾਰੀ ਦੀ ਸਮਾਧ ਤੋਂ ਲੈ ਕੇ ਕੰਪਨੀ (ਰਾਮ) ਬਾਗ ਅੰਮ੍ਰਿਤਸਰ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਅੱਗੇ ਲੱਗ ਕੇ ਜਲੂਸ ਕੱਢਿਆ ਸੀ।
ਰਾਮ ਬਾਗ ਵਿਚ ਜਦੋਂ ਸੰਤ ਨਿਸ਼ਾਨ ਸਾਹਿਬ ਸਥਾਪਤ ਕਰ ਰਿਹਾ ਸੀ ਤਾਂ ਕਿਸੇ ਨੇ ਕੋਲੋਂ ਕਿਹਾ, “ਇਸ ਨੂੰ ਕੋਈ ਰਾਤ-ਬਰਾਤੇ ਉਤਾਰ ਕੇ ਪਰ੍ਹੇ ਸੁੱਟ ਦੇਵੇਗਾ”। ਸੰਤਾਂ ਦਾ ਜਵਾਬ ਸੀ, “ਨਿਸ਼ਾਨ ਸਾਹਿਬ ਝੁਲਾਉਣ ਲਈ ਸਿਰ ਦੇਣਾ ਪੈਂਦਾ, ਉਤਾਰਨ ਵਾਲੇ ਨੂੰ ਸਿਰ ਦੇਣਾ ਪਵੇਗਾ।” ਨਿਸ਼ਾਨ ਸਾਹਿਬ 40 ਸਾਲ ਬਾਅਦ ਅਜੇ ਵੀ ਰਾਮ ਬਾਗ ਵਿਚ ਲਹਿਰਾ ਰਿਹਾ।
ਲਾਲ ਕਿਲ੍ਹੇ ਉੱਤੇ 26 ਜਨਵਰੀ (2021) ਨੂੰ ਜਿਹੜਾ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ, ਉਸ ਨੂੰ ਪੁਲਿਸ ਨੇ ਲਾਹਿਆ ਅਤੇ ਬੇਹੁਰਮਤੀ ਵੀ ਕੀਤੀ। ਭਾਜਪਾਈ ਹਾਕਮਾਂ ਨੇ ਫਿਰ ਦਿੱਲੀ ਵਿਚ ਕਈ ਥਾਂਈਂ ਨਿਸ਼ਾਨ ਸਾਹਿਬ ਨੂੰ ਆਪਣੇ ਗੁੰਡਿਆਂ ਤੋਂ ਅੱਗਾਂ ਲਵਾਈਆਂ ਅਤੇ ਪੈਰਾਂ ਥੱਲੇ ਕੁਚਲਣ ਦੀਆਂ ਵਾਰਦਾਤਾਂ ਵੀ ਕਰਵਾਈਆਂ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਏ ਉੱਤੇ ਜਾਣ-ਬੁਝ ਕੇ ਚੜ੍ਹਾਈਆਂ ਗਈਆਂ ਸਨ।
ਦਰਅਸਲ, ਜਦੋਂ ਸਿੱਖਾਂ ਨੇ ਦਰਜਨ ਤੋਂ ਵੱਧ ਵਾਰੀ ਮੁਗਲ ਸਲਤਨਤ ਦੇ ਕੇਂਦਰ ਬਿੰਦੂ ਲਾਲ ਕਿਲ੍ਹੇ ਉੱਤੇ 1780ਵਿਆਂ ਵਿਚ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਇਆ ਸੀ ਤਾਂ ਉਨ੍ਹਾਂ ਨੇ “ਜ਼ਾਲਮ ਸਟੇਟ” ਦੇ ਹੰਕਾਰ/ਹੱਠ ਨੂੰ ਦਰੜ ਕੇ ਬਾਬੇ ਨਾਨਕ ਦੀ ਸਿੱਖੀ ਅਤੇ ‘ਸਰਬੱਤ ਦੇ ਭਲੇ’ ਦੇ ਝੰਡੇ ਝੁਲਾਏ ਸਨ। “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥” ਦਾ ਸੁਨੇਹਾ ਲੈ ਕੇ ਸਿੱਖ ਦਿੱਲੀ ਪਹੁੰਚੇ ਸਨ। ਦੁਨੀਆ ਦੀ ਹਰ ਸਟੇਟ (ਰਾਜ) ਲੋਕਾਈ ਨੂੰ ਡਰਾ ਕੇ ਜਾਂ ਉਸ ਦੇ ‘ਡਰ/ਸਹਿਮ’ ਉੱਤੇ ਹੀ ਉਸਰਦੀ ਹੈ। ਡਰ/ਖੌਫ ਰਹਿਤ ਅਤੇ ਰੂਹਾਨੀ ਬੁਲੰਦੀ ਨਾਲੇ ਮਨੁੱਖਾਂ ਉੱਤੇ ਕੋਈ ਸਟੇਟ (ਸਰਕਾਰ) ਰਾਜ ਨਹੀਂ ਕਰ ਸਕਦੀ; ਕਿਉਂਕਿ ਅਜਿਹੇ ਲੋਕ ਸਟੇਟ ਜਬਰ ਦਾ ਮੁਕਾਬਲਾ ਕਰਦਿਆਂ ਕੁਰਬਾਨੀ ਦੇਣ ਨੂੰ ਤਿਆਰ ਹੋ ਜਾਂਦੇ ਹਨ।
ਬਾਅਦ ਵਿਚ ਭਾਵੇਂ ਮਹਾਰਾਜਾ ਰਣਜੀਤ ਸਿੰਘ ਨੇ ਵੱਡੀ ਸਟੇਟ (ਖਾਲਸਾ ਰਾਜ) ਖੜ੍ਹੀ ਕਰ ਲਈ ਸੀ ਪਰ ਸਿੱਖੀ ਸਿਧਾਂਤ ਦੀ ਪੁੱਠ ਕਰ ਕੇ ਉਹ ਆਪਣੇ ਹੀ ਸਮੇਂ ਦੀਆਂ ਵੱਡੀਆਂ ਸਲਤਨਤਾਂ ਅਤੇ ਛੋਟੀਆਂ ਬਾਦਸ਼ਾਹੀਆਂ ਤੋਂ ਬਿਲਕੁਲ ਵੱਖਰੀ ਸੀ। ਰਣਜੀਤ ਸਿੰਘ ‘ਤਖਤ’ ਉੱਤੇ ਨਹੀਂ ਬੈਠਾ; ਹਰਾ ਕੇ ਕਿਸੇ ਛੋਟੇ ਰਾਜੇ/ਨਵਾਬ ਨੂੰ ਕਤਲ ਨਹੀਂ ਕੀਤਾ; ਸਾਰੇ ਧਰਮਾਂ ਦੇ ਲੋਕਾਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਬਰਾਬਰ ਦਾ ਸਨਮਾਨ/ਸਤਿਕਾਰ ਦਿੱਤਾ। ਉਸ ਨੇ ਆਪਣੇ 40 ਸਾਲਾਂ ਦੇ ਰਾਜ ਵਿਚ ਕਿਸੇ ਵੀ ਚੋਰ/ਕਾਤਲ ਨੂੰ ਫਾਂਸੀ ਨਹੀਂ ਦਿੱਤੀ ਪਰ ਸਿੱਖ ਸਪਿਰਟ ਪਿਤਾ-ਪੁਰਖੀ ਰਾਜੇ ਨੂੰ ‘ਰੱਬ ਦਾ ਦਰਜਾ’ ਨਹੀਂ ਦਿੰਦੀ। ਇਹ ਵੀ ਇੱਕ ਕਾਰਨ ਸੀ ਕਿ ਰਣਜੀਤ ਸਿੰਘ ਦਾ ਰਾਜ ਉਸ ਦੀ ਮੌਤ ਤੋਂ ਤੁਰੰਤ ਬਾਅਦ ਢਹਿ-ਢੇਰੀ ਹੋ ਗਿਆ।
ਆਪਣੇ ਸਮੇਂ ਦੇ ਦੁਨੀਆ ਪੱਧਰ ਦੇ ਅੰਗਰੇਜ਼ੀ ਸਾਮਰਾਜ ਨੇ ਭਾਵੇਂ ਪੰਜਾਬ ਉੱਤੇ ਕਬਜ਼ਾ ਕਰ ਕੇ ਸਿੱਖੀ ਸਪਿਰਟ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਉਹ 1910-15 ਵਿਚ ਫਿਰ ‘ਗਦਰ ਪਾਰਟੀ’ ਦੇ ਰੂਪ ਵਿਚ ਉਭਰ ਆਈ। ਗਦਰੀ ਬਾਬੇ ਫਾਂਸੀ ਚੜ੍ਹੇ, ਕਾਲੇਪਾਣੀਆਂ ਦੀ ਜੇਲ੍ਹਾਂ ਵਿਚ ਸੁੱਟੇ ਗਏ ਪਰ ਉਹ ਪਹਿਲੇ ਬਾਗੀ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਦਾ ਹੋਕਾ ਦਿੱਤਾ। ਸਿੱਖਾਂ ਦੀਆਂ ਕੁਰਬਾਨੀਆਂ ਦੀ ਲੰਮੀ ਗਾਥਾ ਹੈ।
ਹੁਣ ਫਿਰ ਇੱਕ ਸਦੀ ਬਾਅਦ ਸਿੱਖਾਂ ਨੇ, ਸਿੱਖ ਕਿਸਾਨੀ ਨੇ ਅੱਗੇ ਲੱਗ ਕੇ ਸਾਰੇ ਦੇਸ਼ ਦੀ ਕਿਸਾਨੀ ਨੂੰ ਅਗਵਾਈ ਦਿੱਤੀ ਹੈ। ਉਹ 26 ਨਵੰਬਰ (2020) ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਘੇਰੀ ਬੈਠੇ ਹਨ। ਪੋਹ-ਮਾਘ ਦੀ ਠੰਢੀਆਂ ਰਾਤਾਂ ਦੀ ਮਾਰ ਸੜਕਾਂ ਉੱਤੇ, ਖੁੱਲ੍ਹੇ ਅਸਮਾਨ ਥੱਲੇ ਝੱਲਦੇ ਕਿਸਾਨਾਂ ਦਾ ਸੰਘਰਸ਼ ਸਿਰਫ ਨਰਿੰਦਰ ਮੋਦੀ ਦੇ ਹਿੰਦੂਤਵੀ ਤਾਨਾਸ਼ਾਹੀ ਰਾਜ ਦੇ ਵਿਰੁੱਧ ਹੀ ਨਹੀਂ ਬਲਕਿ ਦੁਨਿਆਵੀ ਪੱਧਰ ਉੱਤੇ ਕਾਬਜ਼ ਨਵ-ਉਦਾਰਵਾਦੀ ਪੂੰਜੀ ਵਿਵਸਥਾ ਵਿਰੁੱਧ ਸਿੱਧੀ ਟੱਕਰ ਦੇ ਰਿਹਾ ਹੈ।
ਅੱਜ ਦੇ ਨਵ-ਉਦਾਰਵਾਦੀ ਨਿਜ਼ਾਮ ਅੰਦਰ ਸਾਰੀ ਦੁਨੀਆ ਵਿਚ ਖੇਤੀ ਨੂੰ ਕੁਦਰਤ ਨਾਲੋਂ ਤੋੜ ਕੇ, ਇੰਡਸਟਰੀ/ਕਾਰਖਾਨੇ ਪੱਧਰ ਦਾ ਤਕਨਾਲੋਜੀ ਰਾਹੀਂ ਕੰਟਰੋਲ ਕੀਤਾ, ਗੈਰ-ਕੁਦਰਤੀ ਵਰਤਾਰਾ ਬਣਾ ਦਿੱਤਾ ਹੈ। ‘ਟੈਸਟ-ਟਿਊਬ’ ਬੱਚਾ ਪੈਦਾ ਕਰਨ ਦੀ ਤਰਜ਼ ਉੱਤੇ ਫਸਲਾਂ/ਸਬਜ਼ੀਆਂ/ਫਲਾਂ ਨੂੰ ਪੈਦਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਾਰੀ ਪ੍ਰਕਿਰਿਆ ਪਿੱਛੇ ਦੁਨੀਆਂ ਦੀ ਵੱਡੀ ਪੂੰਜੀ ਅਤੇ ਵੱਡੀਆਂ ਵੱਡੀਆਂ ਕੌਮਾਂਤਰੀ ਕਾਰਪੋਰੇਟ ਕੰਪਨੀਆਂ ਹਨ। ਅਮਰੀਕਾ ਤੋਂ ਲੈ ਕੇ ਤੀਸਰੀ ਦੁਨੀਆ ਦੇ ਪਛੜੇ ਮੁਲਕਾਂ ਦੀ ਸਿਆਸਤ/ਰਾਜ ਭਾਗ ਨੂੰ ਇਹ ਵੱਡੀ ਪੂੰਜੀ ਅਤੇ ਕਾਰਪੋਰੇਟ ਘਰਾਣੇ ਹੀ ਕੰਟਰੋਲ ਕਰਦੇ ਹਨ। ਮੁਲਕਾਂ ਦੇ ਹਾਕਮ ਵੱਡੇ-ਵੱਡੇ ਦਮਗਜੇ ਮਾਰਦੇ ਹਨ ਪਰ ਅੰਦਰੂਨੀ ਸੱਚ ਇਹ ਹੈ ਕਿ ਇਨ੍ਹਾਂ ਦੀ ਬਿਲਕੁਲ ਮਰਜ਼ੀ ਨਹੀਂ ਚਲਦੀ।
ਇਸੇ ਕਰ ਕੇ ਮੋਦੀ ਨੇ ਆਲਮੀ ਵਪਾਰਕ ਸੰਸਥਾ (ਡਬਲਿਊ.ਟੀ.ਓ.) ਜਿਸ ਨੂੰ ਵੱਡੀ ਪੂੰਜੀ ਹੀ ਕੰਟਰੋਲ ਕਰਦੀ ਹੈ, ਦੇ ਦਬਾਅ ਥੱਲੇ ਤਿੰਨੇ ਖੇਤੀ ਕਾਨੂੰਨ ਪਾਰਲੀਮੈਂਟ ਵਿਚ ਪਾਸ ਕਰ ਦਿੱਤੇ। ਮਨਮੋਹਨ ਸਿੰਘ ਦੀ ਕਾਂਗਰਸੀ ਸਰਕਾਰ ਇਹ ਵੱਡਾ ਕਦਮ ਚੁਕਣ ਤੋਂ ਡਰਦੀ ਰਹੀ ਪਰ ਮੋਦੀ ਸਰਕਾਰ ਨੇ ਆਪਣੀ ਤਾਨਾਸ਼ਾਹੀ ਦਾ ਜ਼ੋਰ ਦਿਖਾਉਂਦਿਆਂ ਇਹ ਕਾਨੂੰਨ ਬਣਾ ਦਿੱਤੇ ਪਰ ਕਾਨੂੰਨ ਬਣਾਏ ਚੋਰੀ-ਚੋਰੀ, ਕਰੋਨਾ ਮਹਾਮਾਰੀ ਦੀ ਆੜ ਵਿਚ।
ਇਹ ਕਾਨੂੰਨ ਫਸਲਾਂ ਉਗਾਉਣ ਲਈ ਵਰਤੀਆਂ ਜਾਂਦੀਆਂ ਖਾਦਾਂ, ਦਵਾਈਆਂ ਅਤੇ ਖੇਤੀ ਸੰਦਾਂ ਦੀ ਮਾਰਕੀਟ ਉੱਤੇ ਅਤੇ ਫਸਲਾਂ ਦੀ ਪੈਦਾਵਾਰ ਨੂੰ ਵੇਚਣ-ਖਰੀਦਣ ਵਾਲੀਆਂ ਮੰਡੀਆਂ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਵਾ ਦੇਣਗੇ। ਹੌਲੀ-ਹੌਲੀ ਕਿਸਾਨ ਆਪਣੇ ਖੇਤ ਵਿਚ ਅਦਿਖ ਪੂੰਜੀਪਤੀ ਦਾ ਕਰਿੰਦਾ/ਵਰਕਰ ਬਣ ਜਾਵੇਗਾ। ਇਹ ਵਿਆਖਿਆ ਐਵੇਂ ਬਿਮਾਰ ਕਲਪਨਾ ਨਹੀਂ ਬਲਕਿ ਦੁਨੀਆ ਦੇ ਹੋਰਨਾਂ ਮੁਲਕਾਂ ਵਿਚ ਵਾਪਰੀ ਕਰੂਰ ਸਚਾਈ ਹੈ। ਇਸੇ ਕਰ ਕੇ ਅਮਰੀਕਾ ਵਿਚ ਇੱਕ-ਦੋ ਪ੍ਰਤੀਸ਼ਤ ਕਿਸਾਨ ਬਚੇ ਹਨ। ਬਾਕੀ ਸਾਰੇ ਅਮੀਰ ਮੁਲਕਾਂ ਵਿਚ ਵੀ ਇਹੋ ਵਰਤਾਰਾ ਵਾਪਰਿਆ।
ਸਾਡੇ ਦੇਸ਼ ਵਿਚ ਤਾਂ ਹੋਰ ਵੀ ਵੱਡੀ ਸਮੱਸਿਆ ਹੈ। ਤਕਰੀਬਨ 60 ਪ੍ਰਤੀਸ਼ਤ ਆਬਾਦੀ ਖੇਤੀ ਉੱਤੇ ਨਿਰਭਰ ਹੈ ਅਤੇ ਪਿੰਡਾਂ ਵਿਚ ਰਹਿੰਦੀ ਹੈ। ਦੇਸ਼ ਵਿਚ ਰੁਜ਼ਗਾਰ ਪਹਿਲਾਂ ਹੀ ਖਤਮ ਹੋ ਚੁੱਕੇ ਹਨ ਅਤੇ ਤਕਨਾਲੋਜੀ ਦਾ ਵਿਕਾਸ ਰਹਿੰਦੇ-ਖੂੰਹਦੇ ਰੁਜ਼ਗਾਰ ਵੀ ਖਾ ਜਾਵੇਗਾ। ਬੇਰੁਜ਼ਗਾਰੀ ਬੰਦੇ ਨੂੰ ਮੰਗਤਾ ਬਣਾ ਦਿੰਦੀ ਹੈ, ਉਸ ਦਾ ਸਵੈਮਾਣ ਖੋਹ ਲੈਂਦੀ ਹੈ ਅਤੇ ਉਹ ਗਲੀਆ ਦਾ ਕੱਖ-ਕੰਡਾ ਬਣ ਜਾਂਦਾ ਹੈ। ਕਿਰਤ ਹੀ ਮਨੁੱਖ ਨੂੰ ਇਨਸਾਨ ਬਣਾ ਕੇ ਰੱਖਦੀ ਹੈ। ਇਸੇ ਕਰ ਕੇ ਗੁਰਬਾਣੀ ਕਿਰਤ ਕਰਨ ਉੱਤੇ ਜ਼ੋਰ ਦਿੰਦੀ ਹੈ। ਖੇਤੀ ਖੇਤਰ/ਖੇਤੀ ਨਾਲ ਸਬੰਧਤ ਕਿੱਤਿਆ ਤੋਂ ਉਜੜੇ ਲੋਕ ਕਿੱਥੇ ਜਾਣਗੇ, ਕਿਹੜੀਆ ਗਲੀਆਂ ਦਾ ਕੂੜਾ ਬਣਨਗੇ? ਇਹ ਦਿਲ-ਕੰਬਾਊ ਦ੍ਰਿਸ਼ ਹੈ।
ਇਸੇ ਕਰ ਕੇ ਦਿੱਲੀ ਦੇ ਬਾਰਡਰਾਂ ਉੱਤੇ ਲੜਿਆ ਜਾ ਰਿਹਾ ਕਿਸਾਨੀ ਘੋਲ ਮਨੁੱਖਤਾ ਨੂੰ ਬਚਾਉਣ ਦਾ ਅਹਿਮ ਸੰਘਰਸ਼ ਹੈ। ਇਹ ਦੁਨੀਆ ਦੀ ਵੱਡੀ ਅਵਾਰਾ ਪੂੰਜੀ ਅਤੇ ਜ਼ਾਲਮ ਪੂੰਜੀਪਤੀਆਂ ਵਿਰੁੱਧ ਵੱਡੀ ਮੁਹਿੰਮ ਹੋਣ ਕਰ ਕੇ ਹੀ ਸਾਰੀ ਦੁਨੀਆ ਵਿਚੋਂ ਇਸ ਨੂੰ ਵੱਡਾ ਹੁੰਗਾਰਾ ਮਿਲਿਆ। ਇਸ ਸੰਘਰਸ਼ ਦੇ ਸ਼ਾਂਤਮਈ ਹੋਣ, ਸਿੱਖ ਧਰਮ ਦੇ ਥੰਮ੍ਹ- ਸਹਿਜ, ਸਬਰ, ਸੰਤੋਖ- ਉੱਤੇ ਟਿਕਿਆ ਹੋਣ ਕਰ ਕੇ ਇਸ ਨੇ ਦੁਨੀਆ ਨੂੰ ਅਚੰਭਿਤ ਕਰ ਦਿੱਤਾ। ਸਿੱਖਾਂ ਦੀ ਲੰਗਰ ਪ੍ਰਥਾ ਅਤੇ ਸਿੱਖੀ ਸਪਿਰਟ ਦੇ ਅਨੇਕ ਰੂਪਾਂ ਦੇ ਰੂਪਮਾਨ ਹੋਣ ਕਰ ਕੇ ਸਿੱਖੀ, ਸਿੱਖਾਂ ਦਾ ਚਿਹਰਾ-ਮੁਹਰਾਂ ਅਤੇ ਸਿੱਖੀ/ਪੰਜਾਬੀ ਸਭਿਆਚਾਰ ਫਿਰ ਦਨੀਆ ਪੱਧਰ ਉੱਤੇ ਨਿਖਰ ਕੇ ਸਾਹਮਣੇ ਆਇਆ।
ਸਿੱਖ ਨੁਹਾਰ ਨੂੰ ਉਨ੍ਹਾਂ ਲੋਕਾਂ ਨੇ ਕਬੂਲਿਆਂ ਜਿਨ੍ਹਾਂ ਨੇ ਤੀਹ ਕੁ ਸਾਲ ਪਹਿਲਾਂ ਭੀੜਾਂ ਦੇ ਰੂਪ ਵਿਚ ਇਕੱਠੇ ਹੋ ਕੇ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਸੀ ਅਤੇ ਗੁਰਦੁਆਰਿਆ ਨੂੰ ਅੱਗਾਂ ਲਾਈਆਂ ਸਨ। ਕਿਸਾਨੀ ਸੰਘਰਸ਼ ਨੇ ਸਿੱਖਾਂ ਦੀ ਲਾਹੀ ਗਈ ‘ਪਗੜੀ’ ਨੂੰ ਮੁੜ ਉਨ੍ਹਾਂ ਦੇ ਸਿਰ ਉੱਤੇ ਸ਼ਸ਼ੋਭਤ ਕਰ ਦਿੱਤਾ। ਭਾਰਤੀਆਂ ਨੇ ਸਿੱਖੀ ਨੂੰ, ਸਿੱਖਾਂ ਨੂੰ ਬਿਹਤਰ ਮਨੁੱਖ ਹੋਣ ਦਾ ਲੋਹਾ ਮੰਨ ਲਿਆ। ਸਵੈ ਤੋਂ, ਨਿਜ ਤੋਂ ਉਠ ਕੇ, ਖੁਦਗਰਜ਼ੀ ਦੀਆਂ ਮਜ਼ਬੂਤ ਦੀਵਾਰਾਂ ਉਲੰਘ ਕੇ, ਦੂਜਿਆਂ ਲਈ ਅਤੇ ਵੱਡੇ ਮਨੁੱਖਵਾਦੀ ਆਸ਼ੇ ਲੜਨ ਦਾ ਮਾਦਾ ਰੱਖਣ ਵਾਲੀ ਸਿੱਖੀ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਸਨਮਾਨ/ਸਤਿਕਾਰ ਮਿਲਿਆ।
1984 ਦੇ ਵੱਡੇ ਦੁਖਾਂਤਾਂ ਤੋਂ ਬਾਅਦ ਆਪਾ-ਮਾਰੂ ਸਿਆਸਤ ਦੇ ਢਹੇ ਚੜ੍ਹੇ ਸਿੱਖਾਂ ਦਾ ਬੇਵਜ੍ਹਾ ਅਤੇ ਅਥਾਹ ਖੂਨ ਡੁੱਲ੍ਹਿਆ ਸੀ। ਹਾਕਮਾਂ ਨੇ ਸਿੱਖਾਂ ਨੂੰ ਹੀ ਮਾਰ-ਕੁੱਟ ਕੇ ਉਨ੍ਹਾਂ ਨੂੰ ਹੀ ਦੋਸ਼ੀ ਕਰਾਰ ਦੇ ਦਿੱਤਾ ਸੀ। ਘੋਰ ਨਿਰਾਸ਼ਾ ਵਿਚ ਡੁੱਬੇ ਸਿੱਖ ਭਾਈਚਾਰੇ ਉੱਤੇ ਦਿੱਲੀ ਦੇ ਨੁਮਾਇੰਦਿਆ ਨੇ ਵੱਖ-ਵੱਖ ਪਾਰਟੀਆਂ ਦੇ ਬਾਣੇ ਪਾ ਕੇ, ਦਿੱਲੀ ਕੇਂਦਰੀਵਾਦ ਅਤੇ ਹਿੰਦੂਤਵੀ ਏਜੰਡੇ ਮੁਤਾਬਿਕ ਵੀ ਪਿਛਲੇ ਤੀਹ ਸਾਲ ਰਾਜ ਕੀਤਾ ਅਤੇ ਅੱਜ ਵੀ ਕਰ ਰਹੇ ਹਨ। ਨਿਸਲ ਹੋ ਚੁੱਕੇ ਭਾਈਚਾਰੇ ਨੂੰ ਕਿਸਾਨੀ ਅੰਦੋਲਨ ਨੇ ਵੱਡਾ ਹੁਲਾਰਾ ਦਿੱਤਾ। ਉਨ੍ਹਾਂ ਦਾ ਸਵੈਮਾਣ ਤੇ ਸਤਿਕਾਰ ਵਧਾਇਆ ਅਤੇ ਚਾਰ ਚੰਨ ਲਾਏ।
ਅਫਸੋਸ ਹੈ, 26 ਜਨਵਰੀ ਦੀਆਂ ਘਟਨਾਵਾਂ ਨੇ ਸਿੱਖ ਸਨਮਾਨ ਨੂੰ ਵੱਡੀ ਸੱਟ ਮਾਰੀ ਹੈ ਅਤੇ ਹਾਕਮਾਂ ਨੇ ਸਿੱਖਾਂ ਨਾਲ ‘ਵੱਖਵਾਦੀ’ ਅਤਿਵਾਦੀ (ਟੈਰਰਿਸਟ) ਹੋਣ ਦੇ ‘ਟੈਗ’ ਫਿਰ ਜੋੜਨੇ ਸ਼ੁਰੂ ਕਰ ਦਿੱਤੇ। ਇਹ ਬਹਿਸ ਦਾ ਵਿਸ਼ਾ ਹੈ ਕਿ ਸਿੱਖਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਲਾਲ ਕਿਲ੍ਹੇ ਦੀ ਘਟਨਾ ਨੇ ਦਿੱਲੀ ਬਾਰਡਰਾਂ ਉੱਤੇ ਬੈਠੇ ਕਿਸਾਨਾਂ ਵਿਚ, ਸਿੱਖਾਂ ਵਿਚ ਵੱਡੀ ਨਿਰਾਸਤਾ ਲਿਆਂਦੀ।
ਗਾਜ਼ੀਪੁਰ ਬਾਰਡਰ ਦਾ ਧਰਨਾ ਤਕਰੀਬਨ ਉਖੜ ਹੀ ਗਿਆ ਸੀ। ਗਾਜ਼ੀਆਬਾਦ ਦੇ ਭਾਜਪਾਈ ਐਮ.ਐਲ.ਏ. ਗੁੰਡੇ ਇਕੱਠੇ ਕਰ ਕੇ ਪੁਲਿਸ ਦੀ ਸਿੱਧੀ/ਅਸਿੱਧੀ ਮਦਦ ਨਾਲ ਗਾਜ਼ੀਪੁਰ ਧਰਨੇ ਵਿਚ ਬੈਠੇ ਸਿੱਖਾਂ ਉੱਤੇ ਹਮਲਾ ਕਰ ਕੇ ਨਵੰਬਰ 1984 ਦੁਬਾਰਾ ਵਰਤਾਉਣਾ ਚਾਹੁੰਦੇ ਸਨ। ਪੱਛਮੀ ਉੱਤਰ ਪ੍ਰਦੇਸ਼ ਦਾ ਕਿਸਾਨ ਲੀਡਰ ਰਾਕੇਸ਼ ਟਕੈਤ ਭਾਵੁਕ ਹੋ ਗਿਆ ਜਾਂ ਫਿਰ ਗੁੰਡਿਆਂ ਤੇ ਪੁਲਿਸ ਦੀ ਸ਼ਾਂਤਮਈ ਬੈਠੇ ਲੋਕਾਂ ਉੱਤੇ ਹਮਲਾ ਕਰਨ ਦੀ ਜੁਰਅਤ ਨਹੀਂ ਪਈ ਅਤੇ ਉਨ੍ਹਾਂ ਦੀ ਕੋਝੀ ਸਾਜ਼ਿਸ਼ ਸੋਸ਼ਲ ਮੀਡੀਏ ਰਾਹੀਂ ਜੱਗ ਜ਼ਾਹਰ ਹੋ ਗਈ।
ਹਾਲਾਤ ਮੋੜਾ ਖਾ ਗਏ। ਗਾਜ਼ੀਪੁਰ ਦੀ ਘਟਨਾ ਨੇ ਸਗੋਂ ਕਿਸਾਨੀ ਸੰਘਰਸ਼ ਨੂੰ ਮੁੜ ਬਲ ਬਖਸ਼ਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਧਰਨੇ ਉੱਤੇ ਪਹੁੰਚ ਗਏ। ਖਾਪ ਪੰਚਾਇਤਾਂ ਅਤੇ ਕਿਸਾਨਾਂ ਦੇ ਇਕੱਠ ਧੜਾਧੜ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਹੋਣ ਲੱਗ ਪਏ। ਇਉਂ ਹੀ ਪਾਣੀਪਤ ਦੇ ਮੈਦਾਨ ਵਿਚ ਬਾਬਰ ਦੀ ਬਾਰਾਂ ਕੁ ਹਜ਼ਾਰ ਫੌਜ ਦੇ ਹੱਕ ਵਿਚ ਮੋੜਾ ਪਿਆ ਸੀ ਅਤੇ ਇੱਕ ਲੱਖ ਫੌਜ ਵਾਲਾ ਇਬਰਾਹਮ ਲੋਧੀ ਹਾਰ ਗਿਆ ਸੀ। ਬਾਬਰ ਨੇ ਹੀ ਦੋ ਸਦੀਆਂ ਲੰਮੀ ਤਾਕਤਵਾਰ ਮੁਗਲ ਸਲਤਨਤ ਦਾ ਮੁੱਢ ਬੰਨ੍ਹਿਆ ਸੀ।
ਛੱਬੀ ਜਨਵਰੀ ਦੀਆਂ ਘਟਨਾਵਾ ਬਾਰੇ ਸਿੱਖ ਹਿਸਟਰੀ ਦੀਆਂ ਸੁਨਹਿਰੀ ਯਾਦਾਂ ਮਨ-ਮਸਤਕ ਵਿਚ ਸਮੋਈ ਫਿਰਦੇ ਸਿੱਖ ਨੌਜਵਾਨਾਂ ਤੋਂ ਸਵਾਲ ਪੁਛਣਾ ਵਾਜਬ ਨਹੀਂ। ਉਨ੍ਹਾਂ ਦੇ ਚੇਤਿਆਂ ਵਿਚ ਤਾਂ 1783 ਵਿਚ ਬਘੇਲ ਸਿੰਘ ਵੱਲੋਂ ਲਾਲ ਕਿਲ੍ਹੇ ਉੱਤੇ ਚੜ੍ਹਾਇਆ ਕੇਸਰੀ ਨਿਸ਼ਾਨ ਸਾਹਿਬ ਖੌਰੂ ਪਾ ਰਿਹਾ ਪਰ ਵੱਡੀ ਗਿਣਤੀ ਵਿਚ ਲਾਲ ਕਿਲ੍ਹੇ ਉੱਤੇ ਪਹੁੰਚੇ ਵੱਡੇਰੀ ਉਮਰ ਦੇ ਵਿਚਾਰਵਾਨ ਸਿੱਖ ਹੀ ਦੱਸਣ:
* ਕੀ ਲਾਲ ਕਿਲ੍ਹੇ ਉੱਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝਲਾਉਣ ਨਾਲ ਕਿਸਾਨ ਸੰਘਰਸ਼ ਨੂੰ ਸੱਟ ਨਹੀਂ ਵੱਜੀ?
* ਕੀ ਉਸ ਘਟਨਾ ਪਿੱਛੋਂ ਕਿਸਾਨ ਸੰਘਰਸ਼ ਦੀ ਅਗਵਾਈ ਪੰਜਾਬ ਅਤੇ ਸਿੱਖਾਂ ਦੇ ਹੱਥੋਂ ਖੁੱਸੀ ਨਹੀਂ?
* ਕੀ ਸਰਕਾਰ ਨੇ ਸਾਜ਼ਿਸ਼ੀ ਢੰਗ ਨਾਲ ਟਰੈਕਟਰ ਪਰੇਡ ਦੇ ਕੁਝ ਹਿੱਸੇ ਨੂੰ ਲਾਲ ਕਿਲ੍ਹੇ ਵੱਲ ਮੋੜਾ ਦਿੱਤਾ? ਅਤੇ ਲਾਲ ਕਿਲ੍ਹੇ ਦੇ ਦਰਵਾਜ਼ੇ ਖੋਲ੍ਹ ਕੇ, ਪੁਲਿਸ ਬੰਦੋਬਸ਼ਤ ਦਾ ਪਰਪੰਚ ਰਚਾ ਕੇ, ਸਿੱਖਾਂ ਨੂੰ ਜਾਣ-ਬੁਝ ਕੇ ਕਿਲ੍ਹੇ ਉੱਤੇ ਚੜ੍ਹਨ ਦਾ ਮੌਕਾ ਦਿੱਤਾ ਅਤੇ ਸਿਆਸੀ ਨੁਕਤਾ-ਨਿਗਾਹ ਤੋਂ ਫੋਟੋਗ੍ਰਾਫੀ ਕੀਤੀ?
ਮੁੱਕਦੀ ਗੱਲ, ਸਰਕਾਰ ਨੇ ਲਾਲ ਕਿਲ੍ਹੇ ਦੀ ਘਟਨਾ ਨੂੰ ਕਿਸਾਨੀ ਅੰਦੋਲਨ ਨੂੰ ਤੋੜਨ/ਕਮਜ਼ੋਰ ਕਰਨ ਅਤੇ ਸਿੱਖਾਂ ਨੂੰ ਪੁਰਾਣੇ 1980ਵਿਆਂ ਦਿਨਾਂ ਵਾਂਗ ਬਦਨਾਮ ਕਰਨ ਲਈ ਸਿਆਸੀ ਤੌਰ ਉੱਤੇ ਵਰਤਿਆ।
ਇਹ ਵੱਖਰਾ ਵਿਸ਼ਾ ਹੈ ਕਿ ਕਿਸਾਨ ਅੰਦੋਲਨ ਬਚ ਗਿਆ ਜਾਂ ਹੋਰ ਮਜ਼ਬੂਤ ਹੋ ਗਿਆ ਪਰ ਹਿਸਟਰੀ ਵਿਚੋਂ ਇਹ ਮਿਟਾਇਆ ਨਹੀਂ ਜਾ ਸਕੇਗਾ ਕਿ ਲਾਲ ਕਿਲ੍ਹੇ ਦੀ ਘਟਨਾ ਸਿੱਖਾਂ ਵੱਲੋਂ ਖੁਦ ਨੌਜਵਾਨਾਂ ਨੂੰ ਉਕਸਾਉਣ ਕਰ ਕੇ ਵਾਪਰੀ। ਸਿੱਖ ਵਿਚਾਰਵਾਨਾਂ ਨੇ ਵੀ ਅਕਲ ਤੋਂ ਕੰਮ ਨਹੀਂ ਲਿਆ।
ਗੁਰਬਾਣੀ ਤਾਂ ਵਾਰ-ਵਾਰ ਸਿੱਖਾਂ ਨੂੰ ਸੋਚ-ਸਮਝ ਅਤੇ ਅਕਲ ਤੋਂ ਕੰਮ ਲੈਣ ਦੀ ਪ੍ਰਰੇਨਾ ਦਿੰਦੀ ਹੈ। ਗੁਰਬਾਣੀ/ਸਿੱਖ ਗੁਰੂ ਮਨੁੱਖ ਨੂੰ ਅੰਧ-ਵਿਸ਼ਵਾਸੀ ਬਣਨ ਤੋਂ ਰੋਕਦੀ ਹੈ।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ (ਪੰਨਾ 1245)
ਸਿੱਖ ਧਰਮ ਅੰਧ-ਵਿਸ਼ਵਾਸੀ ਭੀੜਾਂ ਦਾ ਧਰਮ ਨਹੀਂ। ਭੀੜ ਮਾਨਸਿਕਤਾ ਰੂਹਾਨੀਅਤ ਬੁਲੰਦੀ ਪ੍ਰਾਪਤ ਕਰ ਕੇ, ਸ਼ਹੀਦੀ ਦਾ ਜਾਮ ਨਹੀਂ ਪੀ ਸਕਦੀ। ਬਾਬੇ ਨਾਨਕ ਦਾ ਧਰਮ ‘ਸਹਿਜ, ਸਬਰ ਤੇ ਸੰਤੋਖ’ ਵਾਲਾ ਦਯਾ ਦਾ ਧਰਮ ਹੈ ਜਿਸ ਵਿਚੋਂ ਖੁਦਗਰਜ਼ੀ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਉਪਜਦੀ ਹੈ। ਆਪਣੇ ‘ਅਹਿਮ’ ਨੂੰ ਤਿਆਗ ਕੇ ਦੂਜੇ ਦੀ ਸੇਵਾ ਵਿਚ ਖੜ੍ਹੇ ਹੋ ਜਾਣ ਤੋਂ ਹੀ ਰੂਹਾਨੀਅਤ ਦੇ ਸਫਰ ਦਾ ਆਗਾਜ਼ ਹੁੰਦਾ ਅਤੇ ਮਨੁੱਖ ਨਰਕ-ਸਵਰਗ ਦੇ ਬ੍ਰਾਹਮਣਵਾਦੀ ਚੱਕਰਾਂ/ਭੁਲੇਖਿਆਂ ਤੋਂ ਮੁਕਤ ਹੋ ਜਾਂਦਾ। ਇਸੇ ਹੀ ਮਾਨਸਿਕ ਆਜ਼ਾਦੀ ਦੇ ਸਿਰ ਉੱਤੇ ਸਿੱਖ ਦੁਨੀਆ ਦੇ ਹਰ ਖਿੱਤੇ ਵਿਚ, ਹਰ ਸਮਾਜ ਵਿਚ ਆਪਣੀ ਵਿੱਲਖਣ ਥਾਂ ਬਣਾਉਣ ਵਿਚ ਕਾਮਯਾਬ ਹੋ ਗਏ ਹਨ।
ਦੁੱਖ ਇਸ ਗੱਲ ਦਾ ਹੈ ਕਿ ਸਮਝਦਾਰ/ਵਿਚਾਰਵਾਨ ਸਿੱਖ ਜਿਹੜੇ ਲਾਲ ਕਿਲ੍ਹੇ ਦੀ ਘਟਨਾ ਪਿੱਛੋਂ ਖੁਦ ਘਬਰਾ ਕੇ ਸਫਾਈਆਂ ਦੇਣ ਲੱਗ ਪਏ ਸਨ, ਆਪਣੇ ਅੰਦਰ ਝਾਤੀ ਮਾਰਨ ਦੀ ਬਜਾਏ, ਕਿਸਾਨ ਲੀਡਰਾਂ ਨੂੰ ਦੋਸ਼ੀ ਠਹਰਾਉਣ ਲੱਗ ਪਏ ਕਿ “ਕਿਸਾਨ ਨੇਤਾ ਟਰੈਕਟਰ ਪਰੇਡ ਕੰਟਰੋਲ ਕਰਨ ਦੇ ਸਮਰੱਥ ਨਹੀਂ ਸਨ ਤਾਂ ਉਨ੍ਹਾਂ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਕਿਉ ਦਿੱਤਾ? ਕਿਸਾਨ ਲੀਡਰਾਂ ਵਿਚ ਫੁੱਟ ਹੈ, ਉਹ ਲੀਡਰਸ਼ਿਪ ਦੇ ਯੋਗ ਨਹੀਂ, ਕਾਮਰੇਡ ਲੀਡਰ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨਹੀਂ ਸਮਝਦੇ”, ਬਗੈਰਾ ਬਗੈਰਾ।
ਸਵਾਲ ਇਹ ਉੱਠਦਾ ਹੈ ਕਿ ਸਿੱਖਾਂ ਵਿਚੋ ਕੋਈ ਯੋਗ ਲੀਡਰ/ਵੱਡੀ ਲੀਡਰਸ਼ਿਪ ਕਿਉ ਨਹੀਂ ਉਭਰੀ ਜਿਹੜੀ ਸਿੱਖ ਨੌਜਵਾਨਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਨ ਦੇ ਸਮਰੱਥ ਹੁੰਦੀ?
ਦੂਜਿਆਂ ਨੂੰ ਦੋਸ਼ੀ ਠਹਰਾਉਣ ਦੀ ਨਕਾਰਾਤਮਿਕ (ਨੈਗੇਟਿਵ) ਪਹੁੰਚ ਛੱਡ ਕੇ ਸਿੱਖ ਵਿਚਾਰਵਾਨ ਖੁਦ ਆਪਣੇ ਅੰਦਰ ਝਾਤੀ ਮਾਰਨ: ਕੀ ਲਾਲ ਕਿਲ੍ਹੇ ਉੱਤੇ ਪਹੁੰਚਣ ਨਾਲ ਸਿੱਖੀ/ਸਿੱਖ ਭਾਈਚਾਰੇ ਨੂੰ ਕੋਈ ਬਲ ਮਿਲਿਆ? ਜਾਂ ਸਿੱਖ ਅਕਸ ਨੂੰ ਕੋਈ ਜ਼ਰਬ ਲੱਗੀ ਹੈ?
ਸਿੱਖ ਭਾਈਚਾਰੇ ਵਿਚ ਬਹੁਤ ਪੜ੍ਹੇ-ਲਿਖੇ ਵਿਚਾਰਵਾਨ ਸ਼ਖਸ ਸਮਝਦੇ ਹਨ ਕਿ ਅੱਜ ਦੀ ਰਾਜਸੱਤਾ/ਸਿਆਸੀ ਚੜ੍ਹਤ 18ਵੀਂ ਸਦੀ ਵਾਂਗ ਨਿਰੋਲ ਹਿੱਕ ਦੇ ਜ਼ੋਰ ਨਾਲ, ਬਾਹੂਬਲ ਨਾਲ ਤਲਵਾਰ ਵਾਹ ਕੇ ਹੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਅੱਜ ਕੱਲ੍ਹ ਸੱਚ ਤੇ ਝੂਠ, ਇਮਾਨਦਾਰੀ ਤੇ ਬੇਈਮਾਨੀ, ਨੈਤਿਕਤਾ ਤੇ ਅਨੈਤਿਕਤਾ, ਗਲਤ ਤੇ ਠੀਕ ਵਿਚਕਾਰ ਡੂੰਘੀਆਂ ਲਕੀਰਾਂ ਮੱਧਮ ਪੈ ਗਈਆ ਅਤੇ ਧੂੰਆਂਧਾਰ ਝੂਠੇ ਪ੍ਰਚਾਰ/ਪ੍ਰਸਾਰ ਇਨ੍ਹਾਂ ਲਕੀਰਾਂ ਨੂੰ ਮਿਟਾ ਹੀ ਦਿੰਦੇ ਹਨ ਜਿਸ ਕਰ ਕੇ ਜ਼ਾਲਮ ਹਾਕਮ ਆਪਣੇ ਆਪ ਨੂੰ ਦੁੱਧ ਧੋਤਾ ਪੇਸ਼ ਕਰ ਕੇ, ਮਜ਼ਲੂਮ ਲੋਕਾਂ ਦੇ ਰਖਵਾਲੇ/ਹਿਤੈਸ਼ੀ ਵਜੋਂ ਉਭਰ ਆਉਂਦੇ ਹਨ। ਅੱਜ ਦਾ ਜ਼ੋਰਾਵਰ ਆਪਣੇ ਹੱਕ ਵਿਚ ਬਿਰਤਾਂਤ ਸਿਰਜਦਾ ਆਪਣੇ ਪੱਖੀ ‘ਨੈਰੇਟਿਵ’ ਖੜ੍ਹਾ ਕਰਦਾ ਅਤੇ ਬੰਦਿਆਂ ਦੀਆਂ ਭੀੜਾਂ ਨੂੰ ਆਪਣੇ ਪਿੱਛੇ ਉਂਗਲੀ ਲਾ ਕੇ ਤੋਰ ਲੈਂਦਾ ਹੈ। ਭਾਜਪਾ ਦੀ ਜਿੱਤ ਅਤੇ ਮੋਦੀ ਵਰਤਾਰੇ ਨੇ ਇਹ ਸਭ ਕੁਝ ਸਪਸ਼ਟ ਕਰ ਦਿੱਤਾ।
ਪੰਜਾਬ ਦੇ ਦੁਖਾਂਤ ਵਿਚ ਵੀ ਇਹੋ ਕੁਝ ਵਾਪਰਿਆ ਸੀ। ਜ਼ਿਆਦਾ ਸਿੱਖ ਪੁਲਿਸ ਕਰਮੀਆਂ ਨੂੰ ਸਿੱਖਾਂ ਉੱਤੇ ਨੰਗੀ ਵਹਿਸ਼ਤ ਵਰਤਾਉਣ ਲਈ ਸ਼ਿੰਗਾਰਿਆ ਗਿਆ ਸੀ। ਰਾਜਸੱਤਾ ਮਾਣਦੇ ਸਿੱਖ ਸਿਆਸੀ ਆਗੂਆਂ ਨੇ ਹੀ ਜ਼ੁਲਮ ਦੇ ਉਸ ਦੌਰ ਨੂੰ ਸ਼ਰੇਆਮ ਦਫਨ ਕੀਤਾ ਸੀ। ਤਕਨਾਲੋਜੀ ਦੇ ਅਥਾਹ ਵਿਕਾਸ ਕਰ ਕੇ ਅਤੇ ‘ਸਟੇਟ’ (ਰਿਆਸਤ) ਦਾ ਇਸ ਉੱਤੇ ਕਬਜ਼ਾ ਹੋਣ ਕਰ ਕੇ, ਇਸ ਡਿਜੀਟਲ ਸੰਚਾਰ ਦੇ ਯੁੱਗ ਵਿਚ ਸਰਕਾਰਾਂ ਕੋਲ ਆਪਣੇ ਹੱਕ ਵਿਚ ਨੈਰੇਟਿਵ ਖੜ੍ਹਾ ਕਰਨ ਦੀ ਵੱਡੀ ਸਮਰੱਥਾ ਹੱਥ ਵਿਚ ਆ ਗਈ ਹੈ।
ਉਂਜ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ (ਲੋਕ) ਕੁਝ ਨਹੀਂ ਕਰ ਸਕਦੇ। ਇਹ ਵਿਵਸਥਾ ਸਾਨੂੰ ਸੋਚ-ਸਮਝ ਅਤੇ ਅਕਲ ਦੀ ਵੱਧ ਵਰਤੋਂ ਕਰਨ ਲਈ ਵੰਗਾਰਦੀ ਹੈ। ਇਸੇ ਕਰ ਕੇ ਸ਼ਾਂਤਮਈ ਅੰਦੋਲਨ ਨੂੰ ਖੜ੍ਹਾ ਕਰ ਕੇ ਨੈਤਿਕ/ਇਖਲਾਕੀ ਬੁਲੰਦੀ ਪ੍ਰਾਪਤ ਕਰ ਕੇ ਹੀ ਰਿਆਸਤ/ਸਟੇਟ ਵੱਲੋਂ ਚਲੀਆਂ ਭੜਕਾਊ ਚਾਲਾਂ ਰਾਹੀਂ ਅੰਦੋਲਨਕਾਰੀਆਂ ਨੂੰ ਹਿੰਸਾ ਦੇ ਰਾਹ ਤੋਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਤੋੜਨੀਆਂ ਪੈਂਦੀਆਂ ਹਨ।
ਪਿਛਲੀ 20ਵੀਂ ਸਦੀ ਦੀਆਂ ਕਿਸਾਨ ਲਹਿਰਾਂ ਨਾਲੋਂ ਮੌਜੂਦਾ ਕਿਸਾਨੀ ਉਭਾਰ ਦਾ ਖਾਸਾ ਬਿਲਕੁਲ ਵੱਖਰਾ ਹੈ। ਕਿਸਾਨ ਕਾਰਪੋਰੇਟ ਲੁੱਟ ਵਿਰੁੱਧ ਖੁਦ ਜਥੇਬੰਦ ਹੋ ਗਏ ਹਨ। ਬਦਲੇ ਹੋਏ ਮੌਜੂਦਾ ਉਦਾਰਵਾਦੀ ਹਾਲਾਤ ਵਿਚ ਫੈਕਟਰੀ ਮਜ਼ਦੂਰ/ਮੁਲਾਜ਼ਮਾਂ ਨੂੰ ਟਰੇਡ ਯੂਨੀਅਨਾਂ ਦੇ ਪਲੇਟਫਾਰਮ ਉੱਤ ਜਥੇਬੰਦ ਕਰ ਕੇ, ਪੁਰਾਣੀ ਕਲਾਸੀਕਲ ਖੱਬੀ ਸਿਆਸਤ ਹੁਣ ਖੜ੍ਹੀ ਨਹੀਂ ਕੀਤੀ ਜਾ ਸਕਦੀ ਹੈ। ਵੱਡੀ ਕਿਸਾਨੀ ਆਬਾਦੀ ਕੋਲ ਇਨਕਲਾਬੀ ਜੁੱਸਾ, ਮਾਨਸਿਕਤਾ ਅਤੇ ਸੜਕ ਉੱਤੇ ਆ ਕੇ ਲੰਮਾ ਸਮਾਂ ਲੜਨ ਦੀ ਸਮਰੱਥਾ ਹੈ ਜਿਸ ਦੀ ਸਹੀ ਨਿਸ਼ਾਨਦੇਹੀ ਕਰ ਕੇ ਖੱਬੀਆਂ ਪਾਰਟੀਆਂ/ਧਿਰਾਂ ਨੇ ਕਿਸਾਨਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਲੰਮੀ, ਸਾਲਾਂ ਬੱਧੀ ਪ੍ਰਕਿਰਿਆਂ ਵਿਚੋਂ ਖੱਬੀਆਂ ਧਿਰਾਂ ਕਿਸਾਨਾਂ ਨੂੰ ਆਪਣੇ ਪਿੱਛੇ ਉਂਗਲੀ ਫੜ ਕੇ ਤੋਰਨ ਵਿਚ ਕਾਮਯਾਬ ਹੋ ਗਈਆਂ। ਇੱਥੋਂ ਤੱਕ ਕਿ ਅੰਮ੍ਰਿਤਧਾਰੀ ਕਿਸਾਨ/ਔਰਤਾਂ ਨੂੰ ਕਿਸਾਨ ਮੰਗਾਂ ਉੱਤੇ ਕਾਮਰੇਡ ਲੀਡਰਾਂ ਪਿੱਛੇ ਲੱਗ ਤੁਰਨ ਵਿਚ ਕੋਈ ਦਿੱਕਤ ਮਹਿਸੂਸ ਨਹੀਂ ਹੋਈ।
ਦਰਅਸਲ, ਆਰਥਿਕ ਮਸਲਿਆਂ ਅਤੇ ਲੋਕਾਂ ਦੀਆਂ ਰੋਜ਼ਮੱਰਾ ਮੁਸ਼ਕਿਲਾਂ/ਦੁਸ਼ਵਾਰੀਆਂ ਦੇ ਹੱਲ ਲਈ ਲੜਨਾ ਲੰਮੇ ਸਮੇਂ ਤੋਂ ਸਿੱਖ ਲੀਡਰਾਂ ਦੇ ਏਜੰਡੇ ਉੱਤੇ ਨਹੀਂ ਰਿਹਾ। ਉਨ੍ਹਾਂ ਨੇ ਇਹ ਮੈਦਾਨ ਖੱਬੀਆਂ ਧਿਰਾਂ ਲਈ ਖਾਲੀ ਛੱਡ ਦਿੱਤਾ ਜਿਸ ਵਿਚੋਂ ਅੱਜ ਦੇ ਵੱਡੇ ਕਿਸਾਨੀ ਲੀਡਰ ਉਭਰ ਆਏ ਹਨ। ਇਹ ਸਚਾਈ ਹੈ ਕਿ ਮਾਰਕਸਵਾਦ ਆਧਾਰਤ ਸਿਆਸਤ, ਸਮਾਜਿਕ ਚੇਤਨਾ ਨਿਖਾਰਦੀ ਹੈ, ਲੋਕਾਂ ਨੂੰ ਜਥੇਬੰਦ ਕਰਨ ਦੀ ਟ੍ਰੇਨਿੰਗ ਅਤੇ ਲੋਕ ਮੁੱਦਿਆਂ ਉੱਤੇ ਜੁੜਨ/ਲੜਨ ਦੀ ਸਮਝ ਦਿੰਦੀ ਹੈ ਜਿਹੜੀ ਆਮ ਸਿੱਖ ਵਿਚਾਰਵਾਨਾਂ ਦੇ ਕਲਾਵੇ ਵਿਚ ਨਹੀਂ ਆਉਦੀ।
ਅਮਰੀਕਾ ਦਾ ਸਿਆਹਫਾਮ ਅਕਾਦਮਿਕ ਵਿਦਵਾਨ ਕਾਰਨਲ ਵੈਸਟ ਜਿਹੜਾ ਆਪਣੇ ਆਪ ਨੂੰ ਈਸਾਈ ਧਾਰਮਿਕ ਬੰਦਾ ਦੱਸਦਾ ਹੈ, ਨੇ ਕਿਹਾ ਕਿ ਰਿਆਸਤੀ/ਸਟੇਟ/ਧੱਕੇਸ਼ਾਹੀ ਅਤੇ ਸਮਾਜਿਕ/ਆਰਥਿਕ ਨਾ-ਬਰਾਬਰੀ ਵਿਰੁੱਧ ਲੜਨ ਲਈ ਮਾਰਕਸਵਾਦ ਬੌਧਿਕ ਹਥਿਆਰ ਮੁਹੱਈਆ ਕਰਦਾ ਹੈ ਜਿਸ ਨਾਲ ਬੇਰੁਜ਼ਗਾਰੀ, ਪੂੰਜੀਪਤੀ ਲੁੱਟ, ਭੁੱਖਮਰੀ ਅਤੇ ਸਮਾਜਿਕ ਸ਼ੋਸ਼ਣ ਵਿਰੁੱਧ ਲੰਮਾ ਸੰਘਰਸ਼ ਲੜਿਆ ਜਾ ਸਕਦਾ ਹੈ। ਸਮਾਜਿਕ ਅਤੇ ਆਰਥਿਕ ਚੇਤਨਾ ਨੂੰ ਵੀ ਮਾਰਕਸਵਾਦ ਪ੍ਰਚੰਡ ਕਰਦਾ ਹੈ, ਭਾਵੇਂ ਸੂਖਮ ਮਨੁੱਖੀ ਜਜ਼ਬਿਆਂ/ਭਾਵਨਾਵਾਂ ਜਿਵੇਂ ਜੰਮਣਾ-ਮਰਨਾ, ਹੋਂਦ ਦੇ ਮੁੱਦੇ, ਪਿਆਰ, ਨਸਲਵਾਦ ਆਦਿ ਅਤੇ ਹੋਰ ਕੁਦਰਤੀ ਰਹੱਸਾਂ ਬਾਰੇ ਇਹ ਚੁੱਪ ਹੈ। ਇਹ ਵੀ ਸੱਚ ਹੈ ਕਿ ਮਾਰਕਸਵਾਦ ‘ਧਰਮ’ ਦੀ ਜਗ੍ਹਾ ਨਹੀਂ ਲੈ ਸਕਦਾ ਅਤੇ ਰੂਹਾਨੀਅਤ ਬੁਲੰਦੀ ਇਸ ਦੇ ਕਲਾਵੇ ਵਿਚ ਨਹੀਂ ਆਉਂਦੀ।
ਖੈਰ, ਸਾਡੇ ਬਹੁਤੇ ਕਾਮਰੇਡ ਤਾਂ ਸਹੀ ਮਾਇਨਿਆਂ ਵਿਚ ਮਾਰਕਸਵਾਦੀ ਵੀ ਨਹੀਂ ਹੁੰਦੇ। ਉਹ ਆਰਥਕਵਾਦ ਵਿਚ ਫਸੇ ਰਹਿੰਦੇ ਹਨ। ਇਸੇ ਕਰ ਕੇ ਕਿਸਾਨ ਅੰਦੋਲਨ ਦੇ ਸ਼ੁਰੂ ਵਿਚ ਸਟੇਜਾਂ ਤੋਂ ‘ਬੋਲੇ ਸੋ ਨਿਹਾਲ’ ਦੇ ਸਿੱਖ ਸਭਿਆਚਾਰਕ ‘ਬੋਲ’ ਵਿਰੁੱਧ ਵੀ ਆਵਾਜ਼ਾਂ ਉੱਠੀਆਂ। ਸਿੱਖੀ ਰਹੁ-ਰੀਤ, ਪਾਠ-ਪੂਜਾ ਅਤੇ ਤਵਾਰੀਖੀ ਸਿੱਖ ਨਾਹਰਿਆਂ ਉੱਤੇ ਵੀ ਕਿੰਤੂ-ਪ੍ਰੰਤੂ ਹੋਇਆ। ਅਸਲ ਵਿਚ, ਪੰਜਾਬ ਅਤੇ ਕਿਸਾਨੀ ਨੇ ਵੱਡੀ ਅਗਵਾਈ ਸਿੱਖੀ ਸਭਿਆਚਾਰ ਨਾਲ ਜੁੜੇ ਹੋਣ ਕਰ ਕੇ ਹੀ ਦਿੱਤੀ। ਧਰਮ ਹੀ ਸਭਿਆਚਾਰ ਦਾ ਵੱਡਾ ਸਿਰਜਕ ਹੁੰਦਾ ਅਤੇ ਆਮ ਬੰਦਾ ਆਪਣੇ ਸਭਿਆਚਾਰ ਅਤੇ ਅਤੀਤ ਦੀਆਂ ਮਿਥਾਂ/ਕਹਾਣੀਆਂ ਦੇ ਤਸੱਵੁਰ ਵਿਚ ਹੀ ਜਿਊਂਦਾ ਹੈ। ਪਿੱਛੇ ਘਰੇ ਆਪਣਾ ਸਭਿਆਚਾਰ/ਵਿਰਸਾ ਛੱਡ ਕੇ ਕੋਈ ਕਿਸਾਨ ਇੱਕ ਵੀ ਠੰਢੀ ਰਾਤ ਬਾਰਡਰਾਂ ਉੱਤੇ ਨਹੀਂ ਕੱਟ ਸਕਦਾ।
ਕਾਮਰੇਡਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਛਾਂਗੇ ਅਤੇ ਪੱਤਿਆਂ-ਰਹਿਤ ਰੁੱਖ ਖੜ-ਸੁੱਕ ਹੋ ਜਾਂਦੇ ਹਨ। ਹਰ ਮਨੁੱਖ ਆਪਣੀ ਮਨੁੱਖੀ ਸਮੂਹਾਂ ਦੀ ਪਛਾਣ ਵਿਚ ਹੀ ਮੌਲਦਾ ਅਤੇ ਬੁਲੰਦੀਆਂ ਸਰ ਕਰਦਾ ਹੈ। ਖੈਰ, ਸਭਿਆਚਾਰਕ ਕਾਮਰੇਡ ਤੇ ਗੈਰ-ਕਾਮਰੇਡ ਵੰਨਗੀਆਂ ਦੇ ਕਿਸਾਨੀ ਲੀਡਰਾਂ ਵਿਚੋਂ ਸਾਨੂੰ ਸੰਪੂਰਨਤਾ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਬੰਦੇ ਦਾ ਵਿਕਾਸ ਅਮਲ ਵਿਚੋਂ ਹੀ ਹੁੰਦਾ ਹੈ ਅਤੇ ਬਹੁਤੀ ਵਾਰੀ ਵਿਕਾਸ ਸਮੇਂ ਦਾ ਹਾਣੀ ਨਹੀਂ ਬਣਦਾ।
ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਤਮਾਮ ਕਮੀਆਂ/ਕਮਜ਼ੋਰੀਆਂ ਦੇ ਬਾਵਜੂਦ ਕਿਸਾਨ ਲੀਡਰਾਂ ਦਾ ਇੰਨਾ ਵੱਡਾ ਕਿਸਾਨੀ ਉਭਾਰ ਉਠਾਉਣ ਵਿਚ ਵੱਡਾ ਯੋਗਦਾਨ ਹੈ ਜਿਸ ਨੇ ਹਿੰਦੂ ਰਾਸ਼ਟਰਵਾਦੀ ਤਾਨਾਸ਼ਾਹੀ ਨਿਜ਼ਾਮ ਨੂੰ ਵਖਤ ਵਿਚ ਪਾ ਛੱਡਿਆ ਹੈ। ਦੁਨੀਆ ਦੀ ਨਵ-ਉਦਾਰਵਾਦੀ ਪੂੰਜੀਵਾਦੀ ਵਿਵਸਥਾ ਜਿਹੜੀ ਮਨੁੱਖ ਨੂੰ ਹਰ ਪੱਧਰ ਉੱਤੇ ਮਨਫੀ ਕਰਦੀ ਹੈ, ਵਿਰੁੱਧ ਇਹ ਪਹਿਲੀ ਵੱਡੀ ਲੜਾਈ ਲਾਮਬੰਦ ਹੋਈ ਹੈ। ਇਸੇ ਕਰ ਕੇ ਇਸ ਸੰਘਰਸ਼ ਨੂੰ ਸਾਰੀ ਦੁਨੀਆ ਵਿਚੋਂ ਹਮਾਇਤ ਹਾਸਲ ਹੋਈ ਹੈ।
ਇਹ ਵੀ ਸਚਾਈ ਹੈ ਕਿ ਜੇ ਸੰਘਰਸ਼ ਢਹਿ ਜਾਂਦਾ ਹੈ ਤਾਂ ਕਿਸਾਨੀ ਹਮੇਸ਼ਾ-ਹਮੇਸ਼ਾ ਲਈ ਬਰਬਾਦ ਹੋ ਜਾਵੇਗੀ। ਮੁੜ ਲੜਾਈ ਇਸ ਪੱਧਰ ਦੀ ਖੜ੍ਹੀ ਨਹੀਂ ਹੋ ਸਕੇਗੀ।
ਇਮਾਨਦਾਰ ਸਿੱਖ ਬੁਧੀਜੀਵੀਆਂ/ਵਿਚਾਰਵਾਨਾਂ ਨੂੰ ਕਦੇ ਵੀ ਗਰੀਬ ਸਿੱਖ ਕਿਸਾਨੀ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ ਜਿਸ ਨੇ ਸਿੱਖੀ ਨੂੰ ਮਜ਼ਬੂਤ ਆਧਾਰ ਮੁਹੱਈਆ ਕੀਤਾ ਹੈ। ਛੋਟੀ ਸਿੱਖ ਕਿਸਾਨੀ ਨੂੰ ਬਚਾਉਣਾ ਹੀ ਸਿੱਖ ਫਲਸਫੇ/ਗੁਰੂ ਪਰੰਪਰਾ ਦੀ ਵੱਡੀ ਸੇਵਾ ਹੈ ਪਰ ਅਫਸੋਸ ਹੈ, ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਵਾਸਤੇ ਪਾਉਣ ਵਾਲੇ ਸਿੱਖ ਵਿਚਾਰਵਾਨ ਸਮੇਂ ਦੀ ਜ਼ਰੂਰਤ ਅਨੁਸਾਰ ਕਿਸਾਨੀ ਸੰਘਰਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੀ ਕੋਈ ਇੱਕ ਵੀ ਸਿੱਖ ਜਥੇਬੰਦੀ ਖੜ੍ਹੀ ਨਹੀਂ ਕਰ ਸਕੇ। ਐਵੇਂ ਕਿਸਾਨੀ ਮੋਰਚੇ ਦੇ ਲੀਡਰਾਂ ਨੂੰ ਕੋਸਣ, ਬੁਰਾ-ਭਲਾ ਕਹਿਣ ਅਤੇ ਖਾਮੀਆਂ ਉਘਾੜਨ ਦੇ ਕਸੀਦੇ ਕੱਢਦੇ ਰਹੇ। ਮਾਨਵੀ ਅਹਿਸਾਸ, ਜਥੇਬੰਦਕ ਪਹੁੰਚ ਅਤੇ ਟਰੇਨਿੰਗ ਤੋਂ ਕੋਰੇ ਕਈ “ਸਿਆਣੇ” ਸਿੱਖ ਈਰਖਾ-ਵਸ ਲੰਗੜੇ ਘੋੜਿਆਂ ਉੱਤੇ ਕਾਠੀਆਂ ਸਜਾਉਂਦੇ ਰਹੇ। ਕਈ ‘ਨਾ ਖੇਡਣਾ, ਨਾ ਖੇਡਣ ਦੇਣਾ’ ਵਾਲੀ ਸ਼ਰੀਕਪੁਣੇ ਦੀ ਭੂਮਿਕਾ ਨਿਭਾਉਂਦੇ ਰਾਜਸੱਤਾ ਦੇ ਭੁੱਖਿਆਂ ਨੂੰ ‘ਨਾਇਕ’ ਹੋਣ ਦੇ ਰੁਤਬੇ ਬਖਸ਼ਦੇ ਰਹੇ। ਅਜਿਹੀਆਂ ਖੇਡਾਂ ਵਿਚੋਂ ਕੁਝ ਨਹੀਂ ਨਿਕਲਿਆ, ਕਿਉਂਕਿ ‘ਆਪ ਮਰੇ ਬਗੈਰ ਸਵਰਗ’ ਨਹੀਂ ਜਾ ਹੁੰਦਾ।
ਦਰਅਸਲ, ਕਿਸਾਨੀ ਮੋਰਚੇ ਦੇ ਪਿਛਲੇ ਸਤੰਬਰ-ਅਕਤੂਬਰ ਵਿਚ ਉਭਰਨ ਸਮੇਂ ਤੋਂ ਹੀ ਕਈ ਪਾਤਰ ‘ਸਿੱਖੀ ਕਾਰਡ’ ਵਰਤ ਕੇ ਸਿਆਸੀ ਮਿਲਾਈ ਖਾਣ ਲਈ ਸਰਗਰਮ ਹੋ ਗਏ ਸਨ। ਅਜਿਹੇ ਪਾਤਰਾਂ ਦੀ ਬਾਂਹ ਫੜਨ ਜਾਂ ਇਨ੍ਹਾਂ ਸ਼ਿੰਗਾਰਨ ਲਈ ਵਿਦੇਸ਼ੀ ‘ਪੰਨੂ’ ਤਿਆਰ-ਬਰ-ਤਿਆਰ ਬੈਠੇ ਸਨ। ਖੁਦ ਪੰਜਾਬ ਦੇ ਸਿੱਖ ਫੈਸਲਾ ਕਰਨ ਕਿ ਵਿਦੇਸ਼ੀ ‘ਪੰਨੂਆਂ’ ਵੱਲੋਂ ਐਲਾਨੀ ‘ਫਰੌਤੀ’ ਉਨ੍ਹਾਂ ਦਾ ਮਾਣ-ਸਨਮਾਨ ਵਧਾਉਂਦੀ ਹੈ, ਜਾਂ ਫਿਰ ਉਨ੍ਹਾਂ ਨੂੰ ‘ਭਾੜੇ ਦੇ ਸਿਪਾਹੀ’ ਪੇਸ਼ ਕਰਦੀ ਹੈ। ਇਸ ‘ਫਰੌਤੀ ਸਿਆਸਤ’ ਨੂੰ ਕਿਉਂ ਲਗਾਤਾਰ ਕਾਇਮ ਰੱਖਿਆ ਜਾ ਰਿਹਾ ਹੈ ਅਤੇ ਕੌਣ ਇਸ ਦੇ ਪਿੱਛੇ ਹੈ? ਆਪਣੀ ਲੜਾਈ ਧਰਤੀ-ਪੁੱਤਰ ਖੁਦ ਹੀ ਲੜਦੇ ਹੁੰਦੇ ਹਨ। ਬਾਹਰਲਿਆਂ ਦੇ ਢਹੇ ਚੜ੍ਹੇ ਪੰਜਾਬ ਨੇ ਲੰਮਾ ਸੰਤਾਪ ਹੰਢਾਇਆ। ਬਾਹਰਲੀ ਮਾਇਆ ਨੇ ਤਾਂ ‘ਤਲੀ ਉੱਤੇ ਸਿਰ ਧਰੀ’ ਫਿਰਦੇ ਯੋਧਿਆਂ ਦੀ ਧੁਰ-ਆਤਮਾ ਵਿਚ ਵੀ ਸੁਰਾਖ ਕਰ ਦਿੱਤੇ ਸਨ। ਲੋਕ ਪੱਖੀ ਸਹੀ ਸਿਆਸਤ ਹਮੇਸ਼ਾ ਆਪਣੀ ਜ਼ਮੀਨ ਵਿਚੋਂ ਹੀ ਫੁੱਟਦੀ ਹੈ। ਆਪਣੇ ਹਾਲਾਤ ਨੂੰ ਹੰਢਾਉਦੇ ਲੋਕ ਖੁਦ ਲੜਦੇ ਹਨ। ਸਿੱਖ ਗੁਰੂਆਂ ਨੇ ਇਸੇ ਧਰਤੀ ਦੇ ਲਤਾੜੇ ਗਏ ਅਤੇ ਸਦੀਆਂ ਤੋਂ ਗੀਦੀ ਹੋਏ ਲੋਕਾਂ ਨੂੰ ਜਾਬਰਾ ਵਿਰੁੱਧ ਲੜਾਇਆ ਸੀ।
ਪ੍ਰਚਾਰ ਕਰਨ ਲਈ ਕਿਸਾਨ ਲੀਡਰ ਭਾਵੇਂ ਮੌਜੂਦਾ ਸੰਘਰਸ਼ ਨੂੰ ਗੈਰ-ਸਿਆਸੀ ਕਹੀ ਜਾਣ ਪਰ ਹਰ ਦੇਸ਼ ਵਿਚ ਕਿਸਾਨੀ ਸੰਘਰਸ਼ ਹਮੇਸ਼ਾ ਸਿੱਧੇ/ਅਸਿੱਧੇ ਤੌਰ ਉੱਤੇ ਸਿਆਸੀ ਲੜਾਈਆਂ ਹੀ ਹੋ ਨਿਬੜੇ ਹਨ। ਕਿਸਾਨੀ ਸੰਘਰਸ਼ ਨੂੰ ਗੈਰ-ਸਿਆਸੀ ਅਤੇ ਸ਼ਾਂਤਮਈ ਰੱਖਣਾ/ਪੇਸ਼ ਕਰਨਾ ਮੌਕੇ ਦੀ ਵੱਡੀ ਜ਼ਰੂਰਤ ਹੈ। ਲੋਕ ਅੰਦੋਲਨ ਬਣਿਆ ਅੱਜ ਦਾ ਕਿਸਾਨੀ ਘੋਲ ਪਹਿਲਿਆਂ ਦੇ ਮੁਕਾਬਲੇ ਵੱਡੀਆਂ ਸਿਆਸੀ ਤਬਦੀਲੀਆ ਦਾ ਸੂਚਕ ਹੈ। ਇਸ ਕਰਕੇ ਸਿੱਖ ਵਿਚਾਰਵਾਨਾਂ ਨੂੰ ਚਾਹੀਦਾ ਹੈ ਕਿ ਉਹ ਸੰਘਰਸ਼ ਨੂੰ ਮਜ਼ਬੂਤ ਕਰਨ ਵਿਚ ਆਪਣਾ ਰੋਲ ਨਿਭਾਉਣ ਅਤੇ ਲੋਕ ਪੱਖੀ ਜਮਹੂਰੀਅਤ ਨੂੰ ਤਕੜਾ ਕਰਨ `ਚ ਹਿੱਸਾ ਪਾਉਣ।