ਦਰਦ ਫਿਰ ਜਾਗਾ, ਜ਼ਖਮ ਫਿਰ ਤਾਜ਼ਾ ਹੂਆ

ਕਰਮਜੀਤ ਸਿੰਘ
ਫੋਨ: +91-99150-91063
ਕੋਈ ਵੱਡੀ, ਵੱਖਰੀ ਅਤੇ ਨਿਰਾਲੀ ਗੱਲ ਤਾਂ ਸੀ ਹੀ (ਹੈ) ਉਸ ਵਿਚ, ਜਿਸ ਕਰ ਕੇ ਉਹ ਬਹੁਤ ਸਾਰੀਆਂ ਤਾਕਤਾਂ ਅਤੇ ਲੋਕਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ ਸੀ। ਅਚਾਨਕ ਤਾਰਿਆਂ ਨਾਲ ਗੱਲਾਂ ਕਰਨ ਵਾਲੇ ਦੀਪ ਸਿੱਧੂ ਨੇ ਜਦੋਂ ਪੰਜਾਬ ਦੇ ਵਿਹੜੇ ਵਿਚ ਦਸਤਕ ਦਿੱਤੀ ਤਾਂ ਉਸ ਦੇ ਭਾਜਪਾ ਵਾਲੇ ਪਿਛੋਕੜ ਕਾਰਨ ਰਾਜਨੀਤੀ ਦਾ ਮੈਦਾਨ ਸੁਭਾਵਕ ਹੀ ਉਸ ਬਾਰੇ ਕਈ ਕਿਸਮ ਦੇ ਸ਼ੰਕਿਆਂ ਨਾਲ ਭਰ ਗਿਆ ਸੀ।

ਸਿਆਸੀ ਸ਼ਰੀਕ ਵੀ ਅਤੇ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਦੀਪ ਸਿੱਧੂ ਨੂੰ ਨੌਜਵਾਨਾਂ ਨਾਲੋਂ ਨਿਖੇੜਨ ਲਈ ਸ਼ੰਕਿਆਂ ਵਾਲੇ ਬਿਰਤਾਂਤ ਦਾ ਹੀ ਆਸਰਾ ਲੈਣਾ ਪਿਆ ਪੈ ਰਿਹਾ ਸੀ ਪਰ ਛੇਤੀ ਹੀ ਇਸ ਬਿਰਤਾਂਤ ਦੀ ਫੂਕ ਨਿਕਲ ਗਈ ਅਤੇ ਉਹ ਸਹਿਜੇ-ਸਹਿਜੇ ਨੌਜਵਾਨਾਂ ਵਿਚ ਲੋਕ ਨਾਇਕ ਵਰਗਾ ਰੁਤਬਾ ਅਖਤਿਆਰ ਕਰ ਗਿਆ। ਉਂਜ, 26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਨਿਸ਼ਾਨ ਸਾਹਿਬ ਲਹਿਰਾਏ ਜਾਣ ਦੀ ਇਤਿਹਾਸਕ ਅਤੇ ਯਾਦਾਂ ਵਿਚ ਵੱਸ ਜਾਣ ਵਾਲੀ ਘਟਨਾ ਨਾਲ ਜੋੜ ਕੇ ਉਸ ਨੂੰ ਇੱਕ ਵਾਰ ਮੁੜ ਖਲਨਾਇਕ ਜਾਂ ਗੱਦਾਰ ਕਹਿਣ ਦਾ ਮੌਕਾ ਉਨ੍ਹਾਂ ਲੋਕਾਂ ਨੂੰ ਮਿਲ ਗਿਆ ਜੋ ਇਹੋ ਜਿਹੀ ਘੜੀ ਦਾ ਹੀ ਇੰਤਜ਼ਾਰ ਕਰ ਰਹੇ ਸਨ ਪਰ ਉਹ ਨਹੀਂ ਸਨ ਜਾਣਦੇ ਕਿ ਇਸ ‘ਇੰਤਜ਼ਾਰ’ ਵਿਚ ਇਤਿਹਾਸ ਨਾਲ ਵਿਸ਼ਵਾਸਘਾਤ ਕਰਨ ਦੀ ਸ਼ੈਤਾਨੀ ਭਾਵਨਾ ਵੀ ਲੁਕੀ ਪਈ ਸੀ ਜੋ ਸਮਾਂ ਪਾ ਕੇ ਹੀ ਸਾਹਮਣੇ ਆ ਸਕੇਗੀ।
ਹੁਣ ਕਿੰਨੇ ਸਾਰੇ ਬਿਰਤਾਂਤ ਸਿਰਜ ਦਿੱਤੇ ਗਏ ਹਨ ਜੋ ਸਾਨੂੰ ਦੀਪ ਸਿੱਧੂ ਦੇ ਬਿਰਤਾਂਤ ਤਕ ਪਹੁੰਚਣ ਹੀ ਨਹੀਂ ਦਿੰਦੇ। ਹੁਣ ਵੱਡਾ ਸਵਾਲ ਇਹ ਹੈ ਕਿ ਦੁਸ਼ਮਣਾਂ ਵੱਲੋਂ ਸਿਰਜੇ ਗਏ ਬਹੁਤ ਸਾਰੇ ਬਿਰਤਾਂਤਾਂ ਵਿਚੋਂ ਆਪਣਾ ਬਿਰਤਾਂਤ, ਅਰਥਾਤ ਦੀਪ ਸਿੱਧੂ ਦਾ ਬਿਰਤਾਂਤ ਕਿਵੇਂ ਦੱਸਿਆ ਜਾਵੇ? ਉਸ ਬਿਰਤਾਂਤ ਲਈ ਹਮਾਇਤ ਕਿਵੇਂ ਇਕੱਠੀ ਕੀਤੀ ਜਾਵੇ? ਤੇ ਉਸ ਬਿਰਤਾਂਤ ਨੂੰ ਨੌਜਵਾਨਾਂ ਵਿਚ ਸਥਾਪਤ ਕਿਵੇਂ ਕੀਤਾ ਜਾਏ? ਵੈਸੇ ਜਜ਼ਬਿਆਂ ਦੀ ਪੱਧਰ ਉੱਤੇ ਦੀਪ ਸਿੱਧੂ ਲਈ ਇੱਕ ਲਹਿਰ ਤਾਂ ਬਣਦੀ ਹੀ ਜਾ ਰਹੀ ਹੈ ਜੋ ਅੰਤ ਨੂੰ ਕੀ ਰੂਪ ਅਖਤਿਆਰ ਕਰੇਗੀ, ਉਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
ਇੱਕ ਬਿਰਤਾਂਤ ਪੁਲਿਸ ਦਾ ਹੈ। ਇੱਕ ਬਿਰਤਾਂਤ ਸਰਕਾਰ ਦਾ ਹੈ। ਇਕ ਬਿਰਤਾਂਤ ਮੀਡੀਏ ਦਾ ਹੈ। ਇੱਕ ਬਿਰਤਾਂਤ ਦੇਸ਼ ਦੀ ਬਹੁਗਿਣਤੀ ਵਾਲੇ ਲੋਕਾਂ ਦਾ ਹੈਂ। ਇੱਕ ਬਿਰਤਾਂਤ ਉਦਾਰਵਾਦ ਅਤੇ ਨਵ-ਉਦਾਰਵਾਦ ਨਾਲ ਜੁੜੇ ਵਿਦਵਾਨਾਂ ਦਾ ਹੈ ਜੋ ਆਪੋ-ਆਪਣੀ ਲੋੜ ਅਨੁਸਾਰ ਕਿਸਾਨ ਅੰਦੋਲਨ ਨਾਲ ਹਮਦਰਦੀ ਤਾਂ ਰੱਖਦੇ ਹਨ ਪਰ ਨਿਸ਼ਾਨ ਸਾਹਿਬ ਦੀ ਘਟਨਾ ਤੋਂ ਦੂਰੀ ਵੀ ਬਣਾ ਕੇ ਰੱਖਦੇ ਹਨ। ਇਤਿਹਾਸ ਦਾ ਇਹ ਅਜੀਬ ਵਿਅੰਗ ਹੈ ਕਿ ਇਸ ਸਾਰੇ ਬਿਰਤਾਂਤ ਥੋੜ੍ਹੇ ਬਹੁਤੇ ਫਰਕ ਨਾਲ ਇੱਕੋ ‘ਪੇਜ’ ਉੱਤੇ ਆ ਗਏ ਹਨ। ਇਹ ਸਾਰੇ ਬਿਰਤਾਂਤ ਇਕ ਵੱਡੀ ਤਾਕਤ ਬਣ ਕੇ ਦੀਪ ਸਿੱਧੂ ਨਾਲ ਟੱਕਰ ਲੈ ਰਹੇ ਹਨ।
ਇਤਿਹਾਸ ਨੇ ਇਕ ਹੋਰ ਉਲਟੀ ਛਾਲ ਮਾਰ ਕੇ ਇਕ ਹੋਰ ਬਿਰਤਾਂਤ ਨੂੰ ਸਾਡੇ ਸਾਹਮਣੇ ਲਿਆਂਦਾ ਹੈ ਅਤੇ ਉਹ ਬਿਰਤਾਂਤ ਹੈ- ਕਿਸਾਨ ਆਗੂਆਂ ਦਾ ਬਿਰਤਾਂਤ ਜੋ ਦੁਸ਼ਮਣਾਂ ਦੇ ਬਿਰਤਾਂਤ ਨਾਲ ਹੀ ਕਿਤੇ ਅਚੇਤ ਤੇ ਕਿਤੇ ਸੁਚੇਤ ਰੂਪ ਵਿਚ ਰਲ ਮਿਲ ਗਿਆ ਹੈ। ਇਤਿਹਾਸ ਨੂੰ ਦੂਰ ਦੀ ਨਜ਼ਰ ਨਾਲ ਨਾ ਦੇਖ ਸਕਣ ਵਾਲੇ ਅਤੇ ਕੁਝ ਆਪਣੇ ਵੀ ਜੋ ਤਿੰਨਾਂ ਕਾਨੂੰਨਾਂ ਨੂੰ ਰੋਟੀ ਪਾਣੀ ਦੇ ਨਜ਼ਰੀਏ ਤੋਂ ਹੀ ਵੇਖ ਰਹੇ ਹਨ ਅਤੇ ਜਿਨ੍ਹਾਂ ਦੇ ਜਜ਼ਬੇ ਲੋੜਾਂ ਤੋਂ ਅੱਗੇ ਨਹੀਂ ਜਾਂਦੇ, ਉਨ੍ਹਾਂ ਦੀ ਦੁਬਿਧਾ-ਬਿਰਤੀ ਵੀ ਖਾਮੋਸ਼ ਤੇ ਦੱਬੇ ਰੂਪ ਵਿਚ ਉਪਰੋਕਤ ਬਿਰਤਾਂਤਾਂ ਨਾਲ ਹੀ ਸਾਂਝ ਪਾ ਰਹੀ ਜਾਪਦੀ ਹੈ। ਕੈਸਾ ਦਰਦਨਾਕ ਦ੍ਰਿਸ਼ ਹੈ ਖਾਲਸਾ ਜੀ!
ਇਹ ਠੀਕ ਹੈ ਕਿ ਦੀਪ ਸਿੱਧੂ ਅਜੇ ਸਿੱਖੀ ਸਰੂਪ ਵਿਚ ਨਹੀਂ ਸੀ ਆਇਆ ਅਤੇ ਦਸਮੇਸ਼ ਪਿਤਾ ਦੀ ਮੁਕੰਮਲ ਬਖਸ਼ਿਸ਼ ਉਸ ਨੂੰ ਹਾਸਲ ਨਹੀਂ ਸੀ ਪਰ ਉਸ ਦੀ ਦਸਤਾਰ ਇਹ ਇਸ਼ਾਰਾ ਕਰਦੀ ਸੀ ਕਿ ਉਹ ‘ਓਧਰ ਵੱਲ’ ਜਾ ਤਾਂ ਰਿਹਾ ਹੀ ਸੀ।
ਉਪਰੋਕਤ ਹਾਲਤਾਂ ਵਿਚ ਦੀਪ ਸਿੱਧੂ ਦੇ ਬਿਰਤਾਂਤ ਨਾਲ ਜੁੜਨ ਤੇ ਉਸ ਲਈ ਬੋਲਣ ਤੇ ਸੋਚਣ ਵਾਲੇ ਤਾਂ ਵਿਰਲਿਆਂ ਵਿਚੋਂ ਵਿਰਲੇ ਹੀ ਹਨ। ਦੀਪ ਸਿੱਧੂ ਦੀ ਮਾਨਸਿਕ ਹਾਲਤ ‘ਏਕਲੜੀ ਬਨ ਮਾਹੇ’ ਜਾਂ ‘ਏਕਲੜੀ ਕੁਰਲਾਏ’ ਜਾਂ ‘ਬਿਖਮ ਰੈਣ ਘਣੇਰੀਆ’ ਵਰਗੀ ਹਾਲਤ ਬਣ ਗਈ ਹੈ ਪਰ ਕੀ ਕਈ ਵਾਰ ਇਕੱਲਾ ਵਿਅਕਤੀ ਵੀ ਬਹੁਗਿਣਤੀ ਨਹੀਂ ਹੁੰਦਾ? ਤੇ ਬਹੁਗਿਣਤੀ ਵੀ ਇਕੱਲ ਦਾ ਰੂਪ ਹੀ ਧਾਰ ਨਹੀਂ ਲੈਂਦੀ?
ਖਾਲਸਾ ਜੀ! ਜਦੋਂ ਕਿਸਾਨ ਆਗੂ ਤਿੰਨ ਬਿੱਲਾਂ ਦਾ ਵਿਰੋਧ ਕਰ ਰਹੇ ਸੀ ਤਾਂ ਇਹ ਦੀਪ ਸਿੱਧੂ ਹੀ ਸੀ ਜਿਸ ਨੇ ਇਨ੍ਹਾਂ ਬਿੱਲਾਂ ਨੂੰ ‘ਹੋਂਦ’ ਦੇ ਸੰਕਲਪ ਨਾਲ ਜੋੜ ਕੇ ‘ਪੰਜਾਬ ਸਪੈਸਿਫਿਕ’ ਅਤੇ ‘ਖਾਲਸਾ-ਸਪੈਸੇਫਿਕ’ ਦੇ ਨਿਯਮ ਵੱਲ ਸਿੱਖਾਂ ਨੂੰ ਅਤੇ ਪੰਜਾਬੀਆਂ ਨੂੰ ਧਿਆਨ ਦੇਣ ਦੀ ਲੋੜ ਦਾ ਅਹਿਸਾਸ ਕਰਵਾਇਆ। ਇਹ ਬਿਲਕੁਲ ਵੱਖਰਾ ਮੁੱਦਾ ਸੀ ਜਿਸ ਵਿਚ ਉਸ ਨੇ ਜ਼ਿੰਦਗੀ ਨੂੰ, ਘਟਨਾਵਾਂ ਨੂੰ ਅਤੇ ਵਰਤਾਰਿਆਂ ਨੂੰ ਮਹਿਸੂਸ ਕਰਨ ਦਾ ਇੱਕ ਹੈਰਾਨਕੁਨ ਮੁੱਦਾ ਸਿਰਜ ਦਿੱਤਾ ਅਤੇ ਸਿਰਜਿਆ ਵੀ ਜਜ਼ਬਿਆਂ ਦੀ ਦੀਵਾਨਗੀ ਨਾਲ।
ਦਿਲਚਸਪ ਸੱਚਾਈ ਇਹ ਹੈ ਕਿ ਉਸ ਨੇ ਘੜੀ ਪਲ ਲਈ ਵੀ ਜਜ਼ਬਿਆਂ ਨੂੰ ਸਾਹ ਨਹੀਂ ਸੀ ਲੈਣ ਦਿੱਤਾ ਅਤੇ ਇਹ ਅਜੀਬ ਸਥਿਤੀ ਉਸ ਸ਼ਿਅਰ ਨਾਲ ਜੁੜ ਗਈ:
ਦਰਦ ਫਿਰ ਜਾਗਾ, ਜ਼ਖਮ ਫਿਰ ਤਾਜ਼ ਹੂਆ।
ਜ਼ਖਮਾਂ ਨੂੰ ਫਿਰ ਜਗਾਉਣਾ ਦੀਪ ਸਿੱਧੂ ਦੀ ਇਤਿਹਾਸਕ ਪ੍ਰਾਪਤੀ ਸੀ।
ਜੇ ਖਾਲਸਾ ਜੀ, ਚਲੰਤ ਮਾਮਲਿਆਂ ਦਾ ਗੁਲਾਮ ਹੋਣ ਦੀ ਥਾਂ, ਅਰਥਾਤ ਕਦੇ ਉਸ ਨੂੰ ਆਰ.ਐਸ.ਐਸ. ਨਾਲ ਜੋੜ ਕੇ, ਕਦੇ ਭਾਜਪਾ ਨਾਲ ਅਤੇ ਕਦੇ ਏਜੰਸੀਆਂ ਨਾਲ ਜੋੜ ਕੇ ਦੇਖਣ ਦੀ ਥਾਂ ਅਸੀਂ ਹੋਂਦ ਦੇ ਸਵਾਲ ਦੀ ਮਹੱਤਤਾ ਨੂੰ ਕੁਝ ਚਿਰ ਲਈ ਆਪਣਾ ਘਰ ਬਣਾ ਲਈਏ ਤਾਂ ਦੀਪ ਸਿੱਧੂ ਦੇ ਧੁਰ ਅੰਦਰ ਰਿੱਝਦੇ ਪਕਦੇ ਜਜ਼ਬਿਆਂ ਨਾਲ ਸਾਡੀ ਸਾਂਝ ਜ਼ਰੂਰ ਪਵੇਗੀ। ਉਸ ਨੇ ਜਦੋਂ ਹੋਂਦ ਨੂੰ ਖਤਰਾ ਦੱਸ ਕੇ ਸੰਤ ਜਰਨੈਲ ਸਿੰਘ ਨੂੰ ਯਾਦ ਕੀਤਾ, ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਸਾਡੇ ਚੇਤਿਆਂ ਵਿਚ ਮੁੜ ਵਸਾ ਦਿੱਤਾ ਤਾਂ ਕਿਸਾਨ ਮੋਰਚੇ ਵਿਚ ਕਈ ਸਾਲਾਂ ਤੋਂ ਭੁੱਲਿਆ ਵਿੱਸਰਿਆ ਅਤੇ ਦਬਾ ਕੇ ਰੱਖਿਆ ਨਵਾਂ ਨੈਰੇਟਿਵ ਉੱਭਰ ਕੇ ਸਾਡੇ ਸਾਹਮਣੇ ਆ ਗਿਆ ਜਿਸ ਨਾਲ ਉਹ ਸਹਿਜ ਸੁਭਾਅ ਹੀ ਨੌਜਵਾਨਾਂ ਦਾ ਨਾਇਕ ਜਾਪਣ ਲੱਗਾ। ਮੇਰੀ ਬੇਨਤੀ ਹੈ ਕਿ ਹੋਂਦ ਦੇ ਸਵਾਲ ਨੂੰ ਜੇ ਮਨੋਵਿਗਿਆਨਕ ਅਤੇ ਦਾਰਸ਼ਨਿਕ ਨਜ਼ਰੀਏ ਤੋਂ ਦੇਖਣ ਦੀ ਵਿਹਲ ਕੱਢਾਂਗੇ ਤਾਂ ਸਾਨੂੰ ਇੰਜ ਮਹਿਸੂਸ ਹੋਵੇਗਾ, ਜਿਵੇਂ ਕੋਈ ਬੰਦਾ ਸਾਡੀ ਅਣਜਾਣ ਰੂਹ ਨਾਲ ਗੱਲਾਂ ਕਰ ਰਿਹਾ ਹੈ। ਬਸ! ਚਾਣਕਿਆ ਨੀਤੀ ਨੂੰ ਇਹੋ ਹੀ ਤਾਂ ਮਨਜ਼ੂਰ ਨਹੀਂ ਸੀ ਅਤੇ ਉਨ੍ਹਾਂ ਨੂੰ ਵੀ ਮਨਜ਼ੂਰ ਨਹੀਂ ਸੀ ਜਿਹੜੇ ਚਾਣਕਿਆ ਨੀਤੀ ਦਾ ਕਿਸੇ ਨਾ ਕਿਸੇ ਰੂਪ ਵਿਚ ਸ਼ਿਕਾਰ ਹਨ।
ਹੋਂਦ ਦਾ ਇਕ ਅਰਥ ਇਹ ਸੀ ਕਿ ਅਸੀਂ ਗੁਰੂ-ਸਿਧਾਂਤ ਨਾਲ ਜੁੜੀਏ। ਮੈਨੂੰ ਉਸੇ ਸਮੇਂ ਹਰਿੰਦਰ ਸਿੰਘ ਮਹਿਬੂਬ ਦੀ ਯਾਦ ਆਈ ਜਿੱਥੇ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਲਿਖੇ ਇਤਿਹਾਸਕ ਮਹਾਂਕਾਵਿ ਵਿਚ ਇਹ ਐਲਾਨ ਕੀਤਾ: “ਗੁਰ ਬਿਨ ਜਿਊਂਦੇ ਸਿੱਖ ਜਦੋਂ ਰਣ ਖਾਸ ਦੇ। ਬੇਲਗਾਮ ਸਭ ਯੁੱਧ ਹੁਣ ਇਤਿਹਾਸ ਦੇ”। ਦੂਜੇ ਸ਼ਬਦਾਂ ਵਿਚ ਤਿੰਨੇ ਕਾਨੂੰਨਾਂ ਦੀ ਜੰਗ ਜਿੱਤ ਕੇ ਵੀ ਹੋਂਦ ਦਾ ਖਤਰਾ ਸਾਡੇ ਲਈ ਬਣਿਆ ਰਹੇਗਾ ਅਤੇ ਸਾਡਾ ਯੁੱਧ ਬੇਲਗਾਮ ਹੋ ਜਾਵੇਗਾ ਜਿਵੇਂ ਹੁਣ ਨਜ਼ਰ ਆ ਹੀ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ 27 ਜਨਵਰੀ ਤੋਂ ਪਹਿਲਾਂ ਦੀਪ ਸਿੱਧੂ ਦੀ ਪ੍ਰਾਪਤੀ ਨੂੰ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੇਖਿਆ ਤੇ ਪਰਖਿਆ ਜਾਵੇ। ਦੀਪ ਸਿੱਧੂ ਕਿਸਾਨ ਆਗੂਆਂ ਨਾਲ ਅਤੇ ਕਿਸਾਨ ਅੰਦੋਲਨ ਨਾਲ ਜੁੜ ਕੇ ਵੀ ਵੱਖਰਾ ਸੀ ਅਤੇ ਇਸ ਦੀ ਇਤਿਹਾਸਕ ਲੋੜ ਵੀ ਸੀ।
ਦੂਜਾ, ਉਸ ਨੇ ਕਿਸਾਨ ਆਗੂਆਂ ਨੂੰ ਇਹ ਅਹਿਸਾਸ ਵੀ ਕਰਵਾ ਦਿੱਤਾ ਕਿ ਭਰਾਵੋ! ਇਹ ਅੰਦੋਲਨ ਤੁਹਾਡੇ ਪਹਿਲੇ ਅੰਦੋਲਨਾਂ ਨਾਲੋਂ ਸਿਫਤੀ ਰੂਪ ਵਿਚ ਵੱਖਰਾ ਹੈ, ਕਿਉਂਕਿ ਇਸ ਵਿਚ ਹੋਂਦ ਦੀ ਚਾਸ਼ਨੀ ਵੀ ਰਲ ਗਈ ਹੈ ਪਰ ਬਹੁਤੇ ਆਗੂਆਂ ਨੂੰ ਨਾ ਤਾਂ ਇਸ ਦੀ ਬਹੁਤੀ ਸਮਝ ਸੀ, ਤੇ ਨਾ ਹੀ ਕੋਈ ਲੋੜ ਸੀ ਅਤੇ ਨਾ ਹੀ ਕੋਈ ਅਹਿਮੀਅਤ ਸੀ। ਜਿਸ ਸੱਚ ਨੂੰ ਉਪਰੋਕਤ ਬਿਰਤਾਂਤਾਂ ਨਾਲ ਲੂਲ੍ਹਾ ਲੰਗੜਾ ਕੀਤਾ ਜਾ ਰਿਹਾ ਹੈ, ਉਸ ਸੱਚ ਨੂੰ ਸਾਕਾਰ ਕਰਨ ਲਈ ‘ਸਟੇਟ ਦੇ ਭੈਅ ਤੋਂ ਮੁਕਤ’ ਵਿਦਵਾਨ ਮੈਦਾਨ ਵਿਚ ਉਤਰਨ। ਇਹ ਅਰਦਾਸ ਵੀ ਕੀਤੀ ਜਾਵੇ ਕਿ ਵਾਹਿਗੁਰੂ ਕਰੇ ਕਿ ਜਿਸ ਹੋਂਦ ਦੇ ਖਤਰੇ ਨੂੰ ਉਸ ਨੇ ਸਾਨੂੰ ਯਾਦ ਕਰਾਇਆ, ਉਹ ਜੇਲ੍ਹ ਵਿਚ ਜਾਂ ਜੇਲ੍ਹ ਤੋਂ ਬਾਹਰ ਆ ਕੇ ਵੀ ਹੋਂਦ ਦੇ ਸਵਾਲ ਉੱਤੇ ਪਹਿਰਾ ਦੇਵੇਗਾ।