ਸੰਜਮ ਦੀ ਸਰਗਮ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਨਫਾਸਤ ਦੇ ਨਗਮੇ ਗਾਏ ਸਨ ਕਿ ਨਫਾਸਤ ਅਜਿਹਾ ਮਨੁੱਖੀ ਗੁਣ, ਜਿਸ ਦੇ ਸਦਕੇ ਜਾਣ ਨੂੰ ਜੀਅ ਕਰਦਾ। ਨਫਾਸਤ ਤਾਂ ਝਰਨੇ ਦਾ ਸ਼ਫਾਫ ਪਾਣੀ, ਜਿਹੜਾ ਜਦ ਹੇਠਾਂ ਡਿਗਦਾ ਤਾਂ ਇਸ ਦੇ ਨਾਲ ਪੈਦਾ ਹੋਏ ਸੰਗੀਤ ਵਿਚੋਂ ਜੀਵਨ ਦੀਆਂ ਧੁਨਾਂ ਸੁਣਾਈ ਦਿੰਦੀਆਂ।

ਉਨ੍ਹਾਂ ਨਸੀਹਤ ਕੀਤੀ ਸੀ ਕਿ ਨਫਾਸਤ ਨੂੰ ਆਪਣਾ ਮੀਰੀ ਗੁਣ ਬਣਾਉਣ ਲਈ ਜਰੂਰੀ ਹੈ, ਮਨੁੱਖ ਸਦਾ ਨਿਮਰ ਰਹੇ। ਉਸ ਲਈ ਦੁਨਿਆਵੀ ਲਾਭਾਂ ਤੋਂ ਦੂਰੀ ਬਣਾਉਣ ਦੀ ਹਿੰਮਤ ਹੋਵੇ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੰਜਮ ਦਾ ਗੁਣਗਾਨ ਕਰਦਿਆਂ ਕਿਹਾ ਹੈ, “ਸੰਜਮੀ ਮਨੁੱਖ ਸਿਰਫ ਆਪਣੇ ਆਪ ਨਾਲ ਹੀ ਸੰਜਮੀ ਨਹੀਂ ਹੁੰਦਾ, ਸਗੋਂ ਉਹ ਸਮਾਜਿਕ, ਵਿਹਾਰਕ ਅਤੇ ਸੰਸਾਰਕ ਵਰਤਾਰੇ ਵਿਚ ਵੀ ਆਪਣੇ ਇਸ ਗੁਣ ਕਰਕੇ ਜਾਣਿਆ ਤੇ ਪਛਾਣਿਆ ਜਾਂਦਾ।…ਸਵੈ ‘ਤੇ ਕਾਬੂ ਪਾਉਣ ਵਾਲੇ ਹੀ ਸੰਜਮੀ ਹੋ ਸਕਦੇ, ਕਿਉਂਕਿ ਸਵੈ ਵਿਚੋਂ ਹੀ ਸਾਧਨਾ, ਸਮਰਪਣ ਅਤੇ ਸਾਦਗੀ ਜਨਮ ਲੈਂਦੀ। ਕੂੜ ਦੇ ਵਪਾਰੀਆਂ ਲਈ ਸੱਚ ਦੇ ਕੋਈ ਮਾਅਨੇ ਨਹੀਂ ਅਤੇ ਪਾਕੀਜ਼ ਬਿਰਤੀ ਵਾਲਿਆਂ ਲਈ ਫਰੇਬ ਵਾਸਤੇ ਕੋਈ ਥਾਂ ਨਹੀਂ ਹੁੰਦੀ।” ਉਨ੍ਹਾਂ ਦੀ ਨਸੀਹਤ ਹੈ, “ਬੰਦਿਆ! ਸੰਜਮ ਵਿਚ ਰਹਿ ਤੇ ਜੀਵਨ ਨੂੰ ਅਨੰਦਤ ਕਰ, ਕਿਉਂਕਿ ਉਚੇ ਮਹਿਲ, ਵੱਡੇ ਰੁਤਬੇ ਅਤੇ ਸਲਤਨਤਾਂ ਨੂੰ ਫਨਾਹ ਹੁੰਦਿਆਂ ਦੇਰ ਨਹੀਂ ਲੱਗਦੀ। ਸਦਾ ਚਿਰੰਜੀਵ ਰਹਿੰਦੀਆਂ ਮਨੁੱਖ ਦੀ ਮਾਣ ਭਰੀਆਂ ਨਿਆਮਤੀ ਆਦਤਾਂ ਅਤੇ ਸੁਭਾਅ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਸੰਜਮ, ਸਿਆਣਪ, ਸੂਖਮਤਾ, ਸੰਤੁਸ਼ਟਤਾ, ਸਰਫਾ, ਸਧਾਰਨਤਾ ਅਤੇ ਸੀਮਤ ਸਹੂਲਤਾਂ ਵਿਚੋਂ ਸਕੂਨ ਭਾਲਣ ਦਾ ਨਾਮ। ਆਪਣੀਆਂ ਲੋੜ੍ਹਾਂ ਅਤੇ ਥੋੜ੍ਹਾਂ ਨੂੰ ਵਿੱਤ ਮੁਤਾਬਕ ਢਾਲਣ ਅਤੇ ਪ੍ਰਾਪਤ ਕਰਨ ਦੀ ਲੋਚਾ।
ਸੰਜਮ ਸ਼ਖਸੀ ਗੁਣ, ਜਿਸ ਨਾਲ ਵਿਅਕਤੀ ਦੀ ਸਮੁੱਚਤਾ ਜੱਗ-ਜਾਹਰ ਹੁੰਦੀ। ਉਸ ਦੇ ਸੋਹਜ, ਸੁਖਨ ਅਤੇ ਤ੍ਰਿਪਤੀ ਦਾ ਕਿਆਸ ਲਾਇਆ ਜਾ ਸਕਦਾ।
ਸੰਜਮ, ਸੰਵੇਦਨਾ, ਸੂਖਮ-ਭਾਵੀ ਅਤੇ ਸਿਫਤੀ ਵਰਤਾਰਿਆਂ ਦਾ ਸੁ਼ਭ-ਸੰਕੇਤ। ਇਸ ਨਾਲ ਮਨੁੱਖ ਆਪਣੀਆਂ ਪਹਿਲਾਂ ਨਿਰਧਾਰਤ ਕਰਦਾ ਅਤੇ ਇਨ੍ਹਾਂ ਦੀ ਪੁਰਤੀ ਵਿਚੋਂ ਹੀ ਜੀਵਨ ਦੀ ਅਕਾਰਥਤਾ ਅਤੇ ਸਾਰਥਕਤਾ ਨੂੰ ਅਪਨਾਉਂਦਾ।
ਸੰਜਮ, ਜੀਵਨ ਦੇ ਹਰ ਵਰਤਾਰੇ ਵਿਚ ਹਾਜ਼ਰ-ਨਾਜ਼ਰ। ਸੰਜਮੀ ਮਨੁੱਖ ਵਿਕੋਲਿਤਰਾ ਤੇ ਵਿਲੱਖਣ। ਆਪਣੇ ਆਪ ‘ਤੇ ਵਹਿਮ ਕਰਨ ਵਾਲੇ ਹੀ ਸੰਜਮੀ ਬਿਰਤੀ ਨੂੰ ਦੁਰਕਾਰਦੇ ਅਤੇ ਨਕਾਰਦੇ। ਆਖਰ ਨੂੰ ਫਜੂ਼ਲ ਖਰਚੀ ਦੇ ਮਾਰੂ ਸਿਟਿਆਂ ਦਾ ਸਿ਼ਕਾਰ ਹੋ ਕੇ, ਜੀਵਨ ਨੂੰ ਦੋਜ਼ਖ ਦੀ ਅੱਗ ਵਿਚ ਸਾੜਨ ਜੋਗੇ ਹੀ ਰਹਿ ਜਾਂਦੇ।
ਸੰਜਮ ਜਦ ਵਰਤਾਰੇ, ਵਿਹਾਰ, ਵਰਤੋਂ, ਵਸੀਹਤਾ ਜਾਂ ਵੰਨਗੀ ਵਿਚ ਹੁੰਦਾ ਤਾਂ ਮਨੁੱਖ ਸੁਚੇਤ ਪੱਧਰ ‘ਤੇ ਆਪਣੇ ਸੰਜਮੀ ਸੁਭਾਅ ਕਾਰਨ ਹੀ ਸੀਮਤਾ ਵਿਚੋਂ ਵੀ ਅਸੀਮਤਾ ਨੂੰ ਮਾਣਦਾ। ਬਹੁਤ ਥੋੜ੍ਹੇ ਨੂੰ ਵੀ ਵੱਧ ਕਰਕੇ ਜਾਣਦਾ।
ਸੰਜਮੀ ਮਨੁੱਖ ਸਿਰਫ ਆਪਣੇ ਆਪ ਨਾਲ ਹੀ ਸੰਜਮੀ ਨਹੀਂ ਹੁੰਦਾ, ਸਗੋਂ ਉਹ ਸਮਾਜਿਕ, ਵਿਹਾਰਕ ਅਤੇ ਸੰਸਾਰਕ ਵਰਤਾਰੇ ਵਿਚ ਵੀ ਆਪਣੇ ਇਸ ਗੁਣ ਕਰਕੇ ਜਾਣਿਆ ਤੇ ਪਛਾਣਿਆ ਜਾਂਦਾ। ਸੰਜਮ ਫਜ਼ੂਲ ਖਰਚੀ ਤੋਂ ਬਚਣਾ ਹੋਵੇ। ਖਾਣ ਪੀਣ ਨੂੰ ਸਧਾਰਨ ਤੇ ਸਿਹਤਮੰਦ ਰੱਖਣਾ ਹੋਵੇ। ਲਿਬਾਸ ਵਿਚੋਂ ਕੀਮਤੀ ਬਸਤਰਾਂ ਨੂੰ ਮਨਫੀ ਕਰਨਾ ਹੋਵੇ ਜਾਂ ਅੰਤਰੀਵੀ ਸੰਤੁਸ਼ਟੀ ਅਨੁਸਾਰ ਜੀਣ ਦਾ ਮਕਸਦ ਹੋਵੇ। ਕੁਦਰਤ ਸੰਗ ਇਕਸੁਰਤਾ ਹੋਵੇ ਅਤੇ ਇਸ ਦੀ ਅਵੱਗਿਆ ਤੋਂ ਬਚਣਾ ਹੋਵੇ।
ਸੰਜਮੀ ਵਰਤਾਰਾ ਸਾਨੂੰ ਆਪਣੇ ਆਲੇ-ਦੁਆਲੇ, ਪਰਿਵਾਰਕ ਚੌਗਿਰਦਾ, ਘਰ ਦੇ ਸੰਸਕਾਰ ਤੇ ਪਰਵਰਿਸ਼ ਵਿਚੋਂ ਮਿਲਦਾ ਕਿ ਅਸੀਂ ਕਿਹੜੇ ਮਾਹੌਲ ਵਿਚ, ਕਿਹੋ ਜਿਹੀਆਂ ਆਰਥਕ ਸਥਿੱਤੀਆਂ, ਪ੍ਰਸਥਿੱਤੀਆਂ ਅਤੇ ਕਿਹੜੀ ਸੋਚ ਨਾਲ ਪਾਲਣ ਪੋਸ਼ਣ ਹੋਇਆ ਹੈ।
ਦਰਅਸਲ ਸੰਜਮੀ ਲੋਕ ਕੰਜੂਸ ਨਹੀਂ ਹੁੰਦੇ, ਸਗੋਂ ਉਹ ਫਜੂ਼ਲ ਖਰਚੀ ਨੂੰ ਨਕਾਰਦੇ। ਉਨ੍ਹਾਂ ਵਿਚ ਦਿਖਾਵੇ ਦੀ ਪ੍ਰਵਿਰਤੀ ਨਹੀਂ ਹੁੰਦੀ ਅਤੇ ਉਹ ਆਪਣੀ ਸੋਚ-ਸੰਸਾਰ ਵਿਚੋਂ ਹੀ ਪ੍ਰਸੰਨਤਾ ਤੇ ਪ੍ਰੇਰਨਾ ਪ੍ਰਾਪਤ ਕਰਦੇ।
ਸੰਜਮੀ ਵਿਅਕਤੀ ਆਪਣੀਆਂ ਸਹੂਲਤਾਂ, ਸਾਧਨਾਂ ਅਤੇ ਸਰੋਤਾਂ ਨੂੰ ਜਰੂਰਤ-ਮਈ ਬਣਾਉਂਦਾ। ਕਦੇ ਵੀ ਇਸ ਨੂੰ ਅੱਯਾਸ਼ੀ ਜਾਂ ਅਮੀਰੀ ਦੇ ਪ੍ਰਗਟਾਵੇ ਦਾ ਸਾਧਨ ਨਹੀਂ ਬਣਾਉਂਦਾ। ਉਹ ਜਾਣਦਾ ਹੈ ਕਿ ਵਿਅਕਤੀ ਉਹ ਨਹੀਂ ਹੁੰਦਾ, ਜੋ ਉਸ ਦੇ ਕੱਪੜਿਆਂ, ਕਾਰਾਂ, ਕੋਠੀਆਂ, ਵੱਡੀਆਂ ਪਾਰਟੀਆਂ ਜਾਂ ਬੇਲੋੜੇ ਖਰਚਿਆਂ ਵਿਚੋਂ ਨਜ਼ਰ ਆਉਂਦਾ। ਸਗੋਂ ਵਿਅਕਤੀ ਉਹ ਹੁੰਦਾ, ਜੋ ਉਸ ਦੇ ਕੰਮਾਂ, ਬੋਲਾਂ ਜਾਂ ਕੀਰਤੀਆਂ ਵਿਚੋਂ ਅਚੇਤ ਤੇ ਸੂਖਮ ਰੂਪ ਵਿਚ ਪ੍ਰਗਟਦਾ। ਕਈ ਵਾਰ ਲੋਕ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ, ਅੱਯਾਸ਼ੀ ਦਾ ਓਹਲਾ ਬਣਾ ਲੈਂਦੇ। ਪਾਰਦਰਸ਼ੀ ਲੋਕਾਂ ਨੂੰ ਉਹਲੇ ਦੀ ਕਾਹਦੀ ਲੋੜ।
ਸੰਜਮ, ਮੁਖੜੇ ਦਾ ਨੂਰ, ਸੋਚਾਂ ਵਿਚੋਂ ਝਰਦਾ ਦਸਤੂਰ। ਸੰਵੇਦਨਾ ਵਿਚ ਵੱਜ ਰਿਹਾ ਨਾਦ ਅਤੇ ਬੋਲੀਂ ਮਿੱਠਤਾ ਦਾ ਅਲਾਪ। ਉਸ ਦੇ ਹਰਫਾਂ ਵਿਚ ਜਿ਼ੰਦਗੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਦੀ ਲੋਚਾ।
ਸੰਜਮ ਸੁਹਿਰਦਤਾ, ਸੁਹਜਤਾ ਅਤੇ ਸਾਰਥਿੱਕਤਾ ਦਾ ਵੀ ਇਕ ਰੂਪ। ਸੰਜਮੀ ਲੋਕ ਆਪਣੀ ਸੰਪੂਰਨਤਾ ਦੇ ਸਫਰ ਦਾ ਪਰਮ ਆਗਾਜ਼ ਕਰਦੇ। ਸਾਰੇ ਪੀਰ-ਪੈਗੰਬਰ, ਗੁਰੂ, ਫਕੀਰ ਜਾਂ ਸੰਨਿਆਸੀਆਂ ਦੀਆਂ ਬਹੁਤ ਹੀ ਸੀਮਤ ਲੋੜਾਂ ਹੁੰਦੀਆਂ। ਉਹ ਇਸ ਵਿਚੋਂ ਹੀ ਅਸੀਮਤ ਖੁਸ਼ੀਆਂ ਅਤੇ ਪ੍ਰਸੰਨਤਾ ਮਾਣਦੇ। ਆਪਣੀ ਜਿ਼ੰਦਗੀ ਨੂੰ ਕਿਸੇ ਭਟਕਣਾ, ਲਾਲਚ, ਹਉਮੈ, ਹੰਕਾਰ ਜਾਂ ਹੈਂਕੜ ਤੋਂ ਨਿਰਲੇਪ ਰਹਿ, ਦੁਨੀਆਂ ਲਈ ਸੁਗਮ ਸੁਨੇਹਾ ਹੁੰਦੇ। ਇਕ ਨਰੋਈ ਤੇ ਨਿੱਗਰ ਜੀਵਨ-ਜਾਚ। ਮਹਾਂ-ਦਾਨੀ ਅਤੇ ਮਾਈਕਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ ਨੂੰ ਆਪਣੀ ਕਾਫੀ ਖਰੀਦਦਿਆਂ ਕਾਫੀ ਸ਼ਾਪ ‘ਤੇ ਦੇਖ ਸਕਦੇ ਹੋ। ਉਘੇ ਸਮਾਜ ਸੇਵੀ ਅਤੇ ਸੈਨੇਗਲ (ਅਫਰੀਕਾ) ਦੇ ਬਿਹਰਤੀਨ ਫੁੱਟਬਾਲ ਖਿਡਾਰੀ ਸੈਡੀਓ ਮੇਨ ਕੋਲ ਅੱਜ ਵੀ ਚੇਪੀ ਲੱਗਿਆ ਫੋਨ ਹੈ। ਅਜਿਹੀਆਂ ਮਹਾਨ ਸ਼ਖਸੀਅਤਾਂ ਦਾ ਕਹਿਣਾ ਹੈ ਕਿ ਸੀਮਤ ਲੋੜਾਂ ਨਾਲ ਸੰਜਮ ਵਿਚ ਜੀਅ ਕੇ, ਆਪਣੇ ਧਨ ਨਾਲ ਗਰੀਬ ਅਤੇ ਲੋੜਵੰਦਾਂ ਦੀ ਮਦਦ ਹੀ ਜੀਵਨ ਦਾ ਸੁੱਚਾ ਮਸਕਦ ਹੈ। ਇਸ ਨਾਲ ਹੀ ਉਹ ਅਸੀਮ ਖੁਸ਼ੀਆਂ ਪ੍ਰਾਪਤ ਕਰਨ ਦਾ ਹੁਨਰ ਜਾਣਦੇ ਹਨ। ਉਨ੍ਹਾਂ ਨੂੰ ਆਪਣਾ ਗੁਰਬਤ ਵਿਚ ਜੀਵਿਆ ਬਚਪਨ ਯਾਦ ਹੈ। ਉਹ ਗੁਰਬਤ ਵਿਚ ਪਲਦੇ ਬੱਚਿਆਂ ਦੇ ਚਿਹਰੇ ‘ਤੇ ਖੇੜਾ ਲਿਆ ਕੇ ਆਪਣੀਆਂ ਬਚਪਨੀ ਯਾਦਾਂ ਨੂੰ ਸੁਰਖ ਦਿੱਖ ਦੇਣ ਦੀ ਕੋਸਿ਼ਸ਼ ਵਿਚ ਹਨ।
ਮੇਰਾ ਮਿੱਤਰ ਉਚ-ਅਧਿਕਾਰੀ ਹੈ। ਉਸ ਦਾ ਨਾਸ਼ਤਾ ਹਮੇਸ਼ਾ ਦਹੀਂ ਵਿਚ ਲੂਣ ਪਾ ਕੇ ਰੋਟੀ ਖਾਣਾ ਹੈ। ਮਹਿੰਗੇ ਪਕਵਾਨਾਂ ਤੋਂ ਪੂਰਨ ਪ੍ਰਹੇਜ਼। ਉਸ ਨੇ ਜੀਵਨ-ਸ਼ੈਲੀ ਨੂੰ ਬਹੁਤ ਸਾਦਾ ਰੱਖਿਆ ਹੋਇਆ ਹੈ, ਕਿਉਂਕਿ ਉਸ ਨੂੰ ਯਾਦ ਹੈ ਕਿ ਉਹ ਆਮ ਲੋਕਾਂ ਵਿਚੋਂ ਇਕ ਹੈ ਅਤੇ ਸਧਾਰਨਤਾ ਉਸ ਦੀ ਰਗ ਰਗ ਵਿਚ ਸਮੋਈ ਹੋਈ ਹੈ। ਬੇਲੋੜਾ ਦਿਖਾਵਾ ਕਿਸ ਲਈ ਕਰਨਾ, ਜਦ ਸਭ ਔਕਾਤ ਜਾਣਦੇ। ਅਸਲੀਅਤ ਤੋਂ ਨਾਬਰੀ ਬਹੁਤ ਮਹਿੰਗੀ ਪੈਂਦੀ ਅਤੇ ਇਹ ਸਾਨੂੰ ਅਕ੍ਰਿਘਣਤਾ, ਲਾਲਚ, ਰਿਸ਼ਵਤ, ਹੇਰਾ-ਫੇਰੀ, ਕਿਸੇ ਨੂੰ ਵਰਗਲਾਉਣਾ ਅਤੇ ਮਾਨਸਿਕ, ਸਰੀਰਕ ਜਾਂ ਆਰਥਿਕ ਸ਼ੋਸ਼ਣ ਕਰਨ ਲਈ ਬਹਾਨਾ ਬਣਾਉਂਦੀ ਹੈ।
ਸੰਜਮੀ ਲੋਕ ਜਿ਼ਆਦਾ ਸਫਲ, ਸਿਹਤਮੰਦ, ਸੰਤੋਖੀ, ਸਬਰ ਵਾਲੇ ਅਤੇ ਸੁਖਨ ਨਾਲ ਵਰੋਸਾਏ ਹੁੰਦੇ। ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਉਨ੍ਹਾਂ ਦੀ ਜੀਵਨ-ਸ਼ੈਲੀ ਵਿਚੋਂ ਹੀ ਸਮਝਿਆ ਜਾ ਸਕਦਾ।
ਸੰਜਮੀ ਹੋਣਾ ਕੋਈ ਗੁਨਾਹ ਨਹੀਂ, ਕਮੀ ਨਹੀਂ, ਔਗੁਣ ਨਹੀਂ ਅਤੇ ਨਾ ਹੀ ਇਹ ਹੀਣ ਭਾਵਨਾ ਹੁੰਦੀ। ਇਹ ਤਾਂ ਸਗੋਂ ਮਨੁੱਖ ਵਿਚ ਵੱਸਦੀ ਮਨੁੱਖਤਾ, ਬੰਦੇ ਵਿਚ ਜਾਗਦੀ ਬੰਦਿਆਈ ਅਤੇ ਭਲੇਮਾਣਸੀ ਸੰਗ ਸੰਵਾਦ ਰਚਾਉਂਦੀ ਭਲਿਆਈ ਹੁੰਦੀ। ਇਸ ਤੋਂ ਬੇਮੁੱਖਤਾ ਮਨੁੱਖ ਨੂੰ ਅਮਾਨਵੀ ਵਰਤਾਰਿਆਂ ਦਾ ਧੁਰਾ ਬਣਾਉਂਦੀ।
ਸੰਜਮੀ ਵਿਅਕਤੀ ਬੋਲ-ਬਾਣੀ ਵਿਚ ਵੀ ਸੰਜਮੀ। ਕੁਝ ਤੋਲਵੇਂ, ਗਿਣੇ-ਮਿਣੇ, ਸੰਕੋਚਵੇਂ ਅਤੇ ਸੰੁਦਰ ਸ਼ਬਦਾਂ ਵਿਚ ਆਪਣੀ ਗੱਲ ਨੂੰ ਪੂਰਨ ਰੂਪ ਵਿਚ ਕਹਿਣ ਦੇ ਸਮਰੱਥ। ਉਸ ਦੀ ਕਿਰਤ ਵਿਚ ਸੰਜਮੀ ਸਭਿਅਤਾ ਨੂੰ ਦੇਖਿਆ ਜਾ ਸਕਦਾ, ਕਿੳਂੁਕਿ ਭਾਵੇਂ ਉਹ ਕਵਿਤਾ ਜਾਂ ਹੋਰ ਕਲਾ ਹੋਵੇ। ਉਹ ਵਿਸਥਾਰ ਵਿਚ ਨਹੀਂ ਪੈਂਦਾ, ਕਿਉਂਕਿ ਪਾਰਖੂ ਲਈ ਬੇਲੋੜੇ ਸ਼ਾਬਦਿਕ ਵਿਖਿਅਨ ਦੀ ਕੀ ਲੋੜ?
ਸੰਜਮ ਸਿਰਫ ਬਾਹਰੀ ਹੀ ਨਹੀਂ ਹੁੰਦਾ, ਸਗੋਂ ਅੰਤਰੀਵੀ ਵੀ ਹੁੰਦਾ। ਆਤਮਿਕ ਹੁਲਾਰ, ਹੁਲਾਸ ਅਤੇ ਹਾਸਲ ਲਈ ਸਭ ਤੋਂ ਜਰੂਰੀ। ਸਮੁੱਚਤਾ ਲਈ ਬਹੁਤ ਅਹਿਮ। ਅਜੋਕੇ ਅਡੰਬਰੀ ਬਾਬਿਆਂ ਲਈ ਸੰਜਮ ਥੋਥਾ ਤੇ ਬੋਲੋੜਾ; ਤਾਂ ਹੀ ਉਹ ਆਲੀਸ਼ਨ ਡੇਰਿਆਂ, ਅਥਾਹ ਜਾਇਦਾਦਾਂ ਅਤੇ ਅਸੀਮ ਸਹੂਲਤਾਂ ਮਾਣਦੇ, ਦੁਨਿਆਵੀ ਕੋਹਝਾਂ ਨਾਲ ਲਿੱਬੜੇ, ਭੋਲੇ-ਭਾਲੇ ਲੋਕਾਂ ਨੂੰ ਵਰਗਲਾ ਕੇ ਸਬਜ਼-ਬਾਗ ਦਿਖਾਉਂਦੇ ਤੇ ਆਪਣੀਆਂ ਸਲਤਨਤਾਂ ਉਸਾਰਨ ਵਿਚ ਮਸ਼ਰੂਫ। ਸੰਜਮੀ ਪਹੁੰਚ ਵਾਲੇ ਲੋਕ ਦਿਖਾਵੇ ਲਈ ਨਹੀਂ ਬਣੇ ਹੁੰਦੇ। ਉਹ ਤਾਂ ਇਕ ਮਸਕਦ ਨਾਲ ਜੁੜੇ ਹੁੰਦੇ ਅਤੇ ਮਕਸਦ ਪੂਰਤੀ ਵਿਚੋਂ ਹੀ ਉਨ੍ਹਾਂ ਨੂੰ ਜੀਵਨ ਦੀ ਪੂਰਨਤਾ ਦਾ ਅਹਿਸਾਸ ਹੁੰਦਾ।
ਸੰਜਮੀ ਹੋਣ ਲਈ ਸਭ ਤੋਂ ਜਰੂਰੀ ਹੈ ਮਾਨਸਿਕ ਭਟਕਣਾ ਨੂੰ ਲਗਾਮ। ਬੇਤਹਾਸ਼ਾ ਖਾਹਿਸ਼ਾਂ ‘ਤੇ ਪਾਬੰਦੀ। ਇਛਾਵਾਂ ਨੂੰ ਇੱਛਾਧਾਰੀ ਬਣਾ, ਸਮੇਂ ਤੇ ਲੋੜ ਅਨੁਸਾਰ ਨਿਸ਼ਚਿਤ ਕਰਨ ਦੀ ਬਿਰਤੀ। ਸੀਮਤ ਸਾਧਨਾਂ ਨਾਲ ਅੰਬਰ ਦੀ ਛੱਤ ਹੇਠ ਜੀਵਨ ਬਸਰ ਕਰਨ ਸਕਣ ਦੀ ਦ੍ਰਿੜਤਾ। ਹੀਣ ਭਾਵਨਾ ਤੋਂ ਉਪਰ ਉਠ ਕੇ, ਆਪਣੇ ਹਿੱਸੇ ਦੀ ਜਿ਼ੰਦਗੀ ਆਪ ਜਿਉਣ ਅਤੇ ਆਪਣੇ ਹਿੱਸੇ ਦਾ ਅੰਬਰ ਖੁਦ ਬਣਨ ਦੀ ਦਲੇਰੀ। ਸਵੈ ‘ਤੇ ਕਾਬੂ ਪਾਉਣ ਵਾਲੇ ਹੀ ਸੰਜਮੀ ਹੋ ਸਕਦੇ, ਕਿਉਂਕਿ ਸਵੈ ਵਿਚੋਂ ਹੀ ਸਾਧਨਾ, ਸਮਰਪਣ ਅਤੇ ਸਾਦਗੀ ਜਨਮ ਲੈਂਦੀ। ਕੂੜ ਦੇ ਵਪਾਰੀਆਂ ਲਈ ਸੱਚ ਦੇ ਕੋਈ ਮਾਅਨੇ ਨਹੀਂ ਅਤੇ ਪਾਕੀਜ਼ ਬਿਰਤੀ ਵਾਲਿਆਂ ਲਈ ਫਰੇਬ ਵਾਸਤੇ ਕੋਈ ਥਾਂ ਨਹੀਂ ਹੁੰਦੀ।
ਸੰਜਮ, ਸੰਭਾਵਨਾ ਤੇ ਸੁਪਨਿਆਂ ਦੀ ਸਰਦਲ। ਸੰਜਮੀ ਲੋਕਾਂ ਦੀ ਸੁਪਨ-ਉਡਾਣ ਬਹੁਤ ਵਸੀਹ। ਉਹ ਤਾਰਿਆਂ ਦੀਆਂ ਬਾਤਾਂ ਪਾਉਂਦੇ। ਮੱਥਿਆਂ ਵਿਚ ਸੂਰਜ ਉਗਾਉਂਦੇ ਅਤੇ ਲੋਕ ਚੇਤਿਆਂ ਵਿਚ ਅੱਖਰਾਂ ਦੀ ਖੇਤੀ ਕਰਦੇ। ਬੇਅੱਖਰਿਆਂ ਲਈ ਗਿਆਨ ਜੋਤ ਬਣਨਾ, ਬੱਚੇ ਦੇ ਟੁੱਕ ਲਈ ਤਰਸਦੇ ਨੈਣਾਂ ਵਿਚ ਰੋਟੀ ਦਾ ਸੁਪਨਾ ਬਣਨਾ, ਟੁੱਕੀ ਹੋਈ ਆਂਦਰ ਲਈ ਮਰ੍ਹਮ ਪੱਟੀ ਦਾ ਓਹੜ-ਪੋਹੜ ਕਰਨਾ, ਸੰਜਮਤਾ ਵਿਚੋਂ ਚਿਰਾਗਾਂ ਨੂੰ ਨਵੀਂ ਤਸ਼ਬੀਹ ਮਿਲੇਗੀ।
ਸੰਜਮ ਨੂੰ ਸੁਪਨਗੋਈ, ਸਾਫਗੋਈ ਅਤੇ ਸੂਰਤ ਤੇ ਸੀਰਤ ਦੇ ਸੁਮੇਲ ਲਈ ਇਕ ਸਾਧਨ ਵਜੋਂ ਵਰਤਣ ਦੀ ਜਾਚ ਆ ਜਾਵੇ ਤਾਂ ਸੰਜਮ ਆਪਣੀ ਤਕਦੀਰ ਅਤੇ ਤਦਬੀਰ ਨੂੰ ਨਿਰਧਾਰਤ ਕਰਦਾ।
ਸੰਜਮੀ ਲੋਕ ਗੁਫਤਾਰ, ਵਿਹਾਰ ਜਾਂ ਸਮਾਜਿਕ ਦਿਖਾਵੇ ਵਿਚ ਤਾਂ ਸੰਜਮੀ ਹੁੰਦੇ, ਪਰ ਉਹ ਆਪਣੇ ਕਿਰਦਾਰ, ਅਚਾਰ ਅਤੇ ਸੋਚ-ਸੰਸਾਰ ਵਿਚ ਬਹੁਤ ਹੀ ਅਮੀਰ, ਅਸੀਮਤ ਅਤੇ ਅਪਾਰ ਹੁੰਦੇ। ਉਨ੍ਹਾਂ ਦੀ ਦਿੱਬ-ਦ੍ਰਿਸ਼ਟੀ ਵਿਚ ਭਵਿੱਖਮੁਖੀ ਦਿੱਸਹੱਦਿਆਂ ਦੀ ਨਿਸ਼ਾਨਦੇਹੀ। ਉਨ੍ਹਾਂ ਦੀ ਸੰਵੇਦਨਾ ਵਿਚ ਰੋਂਦੀ ਅੱਖ ਦਾ ਦਰਦ। ਬੋਲਾਂ ਵਿਚ ਲੋਕਾਈ ਦੀ ਵੇਦਨਾ ਦੀ ਭਰਮਾਰ। ਗੁਫਤਗੂ ਵਿਚ ਖੁਦ ਸੰਗ ਜਦੋਜਹਿਦ ਅਤੇ ਆਪਣੇ ਜੰਗ ਜਿੱਤਣ ਲਈ ਲਲਕਾਰ ਹੁੰਦੀ।
ਸੰਜਮੀ ਲੋਕਾਂ ਲਈ ਸੰਜਮ ਕਾਰਨ ਹੀ ਸਰੋਕਾਰਾਂ ਪ੍ਰਤੀ ਚਿੰਤਨਸ਼ੀਲਤਾ ਅਤੇ ਫਿਕਰਮੰਦੀ ਹੁੰਦੀ। ਇਸ ਵਿਚੋਂ ਟੀਚਿਆਂ ਨੂੰ ਨਿਰਧਾਰਤ ਕਰਨ ਦੀ ਲੋੜ ਅਤੇ ਤੜਫ ਹੁੰਦੀ। ਇਸ ਤੜਫ ਨੂੰ ਜੀਵਨੀ ਸਫਰ ਦੇ ਨਾਮ ਕਰ, ਨਵੇਂ ਰਾਹਾਂ ਦੀ ਮਾਰਗ-ਦਰਸ਼ਨਾ ਬਣਦੇ।
ਸੰਜਮੀ ਲੋਕ ਕੁਦਰਤ ਨਾਲ ਇਕਮਿੱਕ। ਕੁਦਰਤ ਦੀ ਨੇੜਤਾ ਵਿਚੋਂ ਹੀ ਆਪਣਾ ਵਿਕਾਸ ਅਤੇ ਸਦੀਵਤਾ ਲੋੜਦੇ। ਨਹੀਂ ਕਰਦੇ ਕੁਦਰਤੀ ਕਿਰਿਆਵਾਂ ਦੀ ਅਵੱਗਿਆ ਅਤੇ ਨਾ ਹੀ ਕੁਦਰਤੀ ਨਿਆਮਤਾਂ ਵਿਚ ਖਿਆਨਤ ਕਰਕੇ ਨਿੱਜੀ ਮੁਫਾਦ ਨੂੰ ਤਰਜੀਹ ਦਿੰਦੇ।
ਸੰਜਮੀ ਵਰਤਾਰੇ ਨਾਲ ਕੁਦਰਤੀ ਨਿਰੰਤਰਤਾ ਅਤੇ ਨਰੋਏਪਣ ਨੂੰ ਨਵੀਨਤਮ ਨੁਹਾਰ ਦਿੰਦੇ ਤਾਂ ਕੁਦਰਤ ਮਨੁੱਖ ਲਈ ਅਰਜੋਈ ਅਤੇ ਅਰਦਾਸ ਕਰਦੀ। ਦੁਆਵਾਂ ਅਤੇ ਅਸ਼ੀਰਵਾਦ ਨਾਲ ਨਿਵਾਜਦੀ। ਕੁਦਰਤੀ ਭਰਪੂਰਤਾ ਵਿਚੋਂ ਹੀ ਸਰੀਰਕ ਅਤੇ ਮਾਨਸਿਕ ਰੱਜ ਨੂੰ ਜੀਵਨ ਅੰਗ ਬਣਾਉਂਦੇ। ਦੁਨੀਆਂ ਨੂੰ ਜਿੱਤਣ ਦੇ ਖਾਬ ਲੈ ਕੇ ਤੁਰੇ ਸਿਕੰਦਰ ਨੂੰ ਰਸਤੇ ਵਿਚ ਅਰਾਮ ਕਰ ਰਿਹਾ ਫਕੀਰ ਟੱਕਰਿਆ। ਸਿਕੰਦਰ ਕਿਹਾ, “ਤੈਨੂੰ ਪਤਾ ਨਹੀਂ ਮੈਂ ਕੌਣ ਹਾਂ?” ਤਾਂ ਫਕੀਰ ਕਹਿਣ ਲੱਗਾ, “ਪਤਾ ਨਹੀਂ। ਪਰ ਪਰਾਂਹ ਹੋ ਜਾ, ਛਾਂ ਨਾ ਕਰ।” ਸਿਕੰਦਰ ਨੇ ਕਿਹਾ, “ਮੈਂ ਸਿਕੰਦਰ ਹਾਂ ਅਤੇ ਦੁਨੀਆਂ ਨੂੰ ਜਿੱਤਣ ਜਾ ਰਿਹਾ ਹਾਂ। ਤਾਂ ਫ਼ਕੀਰ ਕਿਹਾ, “ਫਿਰ ਕੀ ਕਰੇਂਗਾ?” ਸਿਕੰਦਰ ਨੇ ਕਿਹਾ, “ਦੁਨੀਆਂ `ਤੇ ਮੇਰਾ ਰਾਜ ਤੇ ਨਾਮ ਹੋਵੇਗਾ।” ਫਕੀਰ ਨੇ ਅੱਗੋਂ ਕਿਹਾ, “ਫਿਰ?” ਸਿਕੰਦਰ ਨੇ ਕਿਹਾ, “ਮੇਰਾ ਹੁਕਮ ਚੱਲਿਆ ਕਰੇਗਾ।” ਫਕੀਰ ਨੇ ਕਿਹਾ, “ਫਿਰ?” ਸਿਕੰਦਰ ਨੇ ਕਿਹਾ, “ਮੈਂ ਅਰਾਮ ਕਰਾਂਗਾ।” ਤਾਂ ਫਕੀਰ ਕਹਿਣ ਲੱਗਾ, “ਇਹੀ ਤਾਂ ਮੈਂ ਕਰ ਰਿਹਾ ਹਾਂ।” ਤੇ ਸਿਕੰਦਰ ਨੂੰ ਜਵਾਬ ਲਈ ਕੁਝ ਨਹੀਂ ਸੀ ਅਹੁੜ ਰਿਹਾ।
ਸੰਜਮੀ ਲੋਕ ਧੁਨ ਦੇ ਪੱਕੇ। ਅਲਸਮਤਾ ਨੂੰ ਜਿਊਂਦੇ। ਆਪਣੇ ਆਲਮ ਵਿਚ ਰਹਿੰਦੇ ਅਤੇ ਆਪਣੀਆਂ ਹੀ ਤਰਜੀਹਾਂ ਤੇ ਪਹਿਲਾਂ ਨੂੰ ਆਪਣੇ ਅਕੀਦੇ ਅਨੁਸਾਰ ਤੈਅ ਕਰਦੇ। ਉਹ ਨਿੱਜ ਤੋਂ ਪਰੇ। ਮਨ ਵਿਚ ਸਰਬੱਤ ਦੇ ਭਲੇ ਦੀ ਕਾਮਨਾ।
ਸੰਜਮ, ਸਿਤਮਜ਼ਰੀਫੀ ਵੀ ਨਹੀਂ। ਇਹ ਤਾਂ ਸਿਦਕਦਿਲੀ, ਸੰਮੋਹਨਤਾ ਅਤੇ ਸਾਜ਼ਗਾਰਤਾ ਹੁੰਦੀ ਆਪੇ ਨਾਲ। ਆਪਣੀ ਔਕਾਤ, ਜਾਤ ਤੇ ਬਾਤ ਨਾਲ। ਨਹੀਂ ਹੁੰਦਾ ਕੋਈ ਲੈਣਾ-ਦੇਣਾ ਅਹੁਦਿਆਂ, ਰੁਤਬਿਆਂ, ਪਦਵੀਆਂ, ਤਮਗਿਆਂ, ਸਰੋਪਿਆਂ ਜਾਂ ਸਨਮਾਨਾਂ ਨਾਲ। ਉਹ ਖੁਦ ਹੀ ਆਪਣੀ ਪਛਾਣ ਅਤੇ ਗੁੰਮਸ਼ੁਦਗੀ ਹੁੰਦੇ। ਆਪਣੇ ਹੀ ਬੋਲ ਤੇ ਆਪਣੀ ਹੀ ਚੁੱਪ। ਆਪਣੀ ਹੀ ਕੀਰਤੀ ਅਤੇ ਕਲਾ। ਆਪ ਹੀ ਰੱਬ ਤੇ ਚੇਲਾ। ਆਪ ਹੀ ਅਧਿਆਪਕ ਤੇ ਖੁਦ ਹੀ ਵਿਦਿਆਰਥੀ। ਖੁਦ ਹੀ ਕਿਤਾਬ, ਇਬਾਰਤ ਤੇ ਅੱਖਰੀ ਜੁਗਨੂੰਆਂ ਦੀ ਲੋਅ। ਆਪ ਹੀ ਆਲ੍ਹਾ ਤੇ ਖੁਦ ਹੀ ਚਿਰਾਗ।
ਸੰਜਮ ਦੀ ਤਸ਼ਬੀਹ ਦੇਣੀ ਹੋਵੇ ਤਾਂ ਕਦੇ ਬੀਤੇ ਸਮੇਂ ਨੂੰ ਯਾਦ ਕਰਨਾ, ਜਦ ਪਿੰਡਾਂ ਵਿਚ ਮਾਂਵਾਂ ਸਵੇਰ ਲਈ ਰਾਤ ਨੂੰ ਅੱਗ ਵੀ ਸਾਂਭਦੀਆਂ ਸਨ। ਹੱਥੀਂ ਕੱਤੇ ਸੂਤ ਦੇ ਕੱਪੜੇ ਲੋਕ ਪਹਿਨਦੇ ਸਨ। ਅਚਾਰ ਤੇ ਗੰਢੇ ਨਾਲ ਰੋਟੀ ਖਾ ਕੇ ਡੰਗ ਸਾਰ ਲਿਆ ਜਾਂਦਾ ਸੀ। ਦੁੱਧ ਵੇਚਣਾ ਗੁਨਾਹ ਹੁੰਦਾ ਸੀ ਅਤੇ ਕੋਲੀ ਫੜ ਕੇ ਦਾਲ-ਸਬਜੀ ਮੰਗ ਲਿਆਉਣਾ ਸ਼ਰਮ ਨਹੀਂ, ਸਗੋਂ ਰਿਵਾਜ ਤੇ ਆਮ ਵਰਤਾਰਾ ਸੀ। ਵਿਆਹ ਜਾਂ ਵਾਂਢੇ ਜਾਣ ਲੱਗਿਆਂ ਜੁੱਤੀ ਜਾਂ ਕੱਪੜੇ ਮੰਗਵੇਂ ਪਾ ਕੇ ਜਾਣ ਨੂੰ ਘਟੀਆਪਣ ਨਹੀਂ ਸੀ ਸਮਝਿਆ ਜਾਂਦਾ। ਵਿਆਹ ਆਦਿ ਹਰੇਕ ਸਮਾਗਮ ਬਹੁਤ ਹੀ ਸਾਦਾ ਅਤੇ ਅਪਣੱਤਮਈ ਹੁੰਦਾ ਸੀ। ਕੋਈ ਦਿਖਾਵਾ ਨਹੀਂ। ਵਿਆਹ ਜਾਂ ਅਖੰਡ ਪਾਠ ਦੇ ਮੌਕੇ ਤੇ ਦੁੱਧ-ਲੱਸੀ ਕੱਠੀ ਕਰਨਾ, ਮੰਜੇ-ਬਿਸਤਰੇ `ਕੱਠੇ ਕਰਨੇ, ਪਿੰਡ ਵਾਸੀਆਂ ਦੀ ਇਕਜੁੱਟਤਾ ਨਾਲ ਸਮਾਗਮ ਨੂੰ ਸੁੰਦਰ ਤਰੀਕੇ ਨਾਲ ਨੇਪਰੇ ਚੜ੍ਹਾਉਣ ‘ਤੇ ਪਿੰਡ ਦੀ ਸ਼ੋਭਾ ਵਧਦੀ ਸੀ ਅਤੇ ਪਰਿਵਾਰ ਨੂੰ ਸੰਤੋਖ ਤੇ ਸਕੂਨ ਮਿਲਦਾ ਸੀ। ਇਹ ਸੰਜਮੀ ਅਤੇ ਸੁਹਮਈ ਵਰਤਾਰਾ ਹੁਣ ਕਿੱਥੇ? ਇਸ ਨੂੰ ਤਿਆਗ ਕੇ, ਸਧਾਰਨ ਵਿਅਕਤੀ ਬੱਚੇ ਦੇ ਵਿਆਹ ਵਿਚ ਬੇਲੋੜਾ ਖਰਚ ਕਰਦਾ ਕਰਜ਼ਾਈ ਹੋ ਜਾਂਦਾ ਏ ਅਤੇ ਫਿਰ ਉਸ ਦੇ ਵਿਹੜੇ ਵਿਚ ਖੁਦਕੁਸ਼ੀਆਂ ਦੀ ਫਸਲ ਉਗਦੀ ਏ। ਲੋੜ ਹੈ, ਸੰਜਮੀ ਵਰਤਾਰੇ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਤਾਂ ਕਿ ਜਿ਼ੰਦਗੀ ਦੀ ਪਾਕੀਜ਼ਗੀ ਅਤੇ ਪੂਰਨਤਾ ਨੂੰ ਕਾਇਮ ਰੱਖਿਆ ਜਾ ਸਕੇ। ਜਿ਼ੰਦਗੀ ਬਹੁਤ ਸੰਦਰ ਹੈ। ਲੋੜ ਹੈ, ਇਸ ਨੂੰ ਹੋਰ ਖੂਬਸੂਰਤ ਬਣਾਇਆ ਜਾਵੇ, ਨਾ ਕਿ ਖਰਚੀਲੇ ਰਸਮਾਂ-ਰਿਵਾਜਾਂ ਕਾਰਨ ਬਰਬਾਦੀ ਦਾ ਕਾਰਨ ਬਣੀਏ। ਸੀਮਤ ਸਾਧਨਾਂ ਵਿਚ ਸੀਮਤ ਜਿਹੀ ਜਿ਼ੰਦਗੀ ਨੂੰ ਜਿਊਂਦੇ ਉਨ੍ਹਾਂ ਬਜੁਰਗਾਂ ਸਾਹਵੇਂ ਸਿਰ ਝੂਕਦਾ ਏ, ਜਿਹੜੇ ਕਦੇ ਨਾ ਝੁੱਕੇ, ਨਾ ਰੁਕੇ। ਜਿਨ੍ਹਾਂ ਨੇ ਕਦੇ ਹਾਰ ਨਹੀਂ ਸੀ ਮੰਨੀ, ਭਾਵੇਂ ਉਨ੍ਹਾਂ ਨੂੰ ਉਜਾੜਿਆ ਗਿਆ ਹੋਵੇ, ਲਿਤਾੜਿਆ ਗਿਆ ਹੋਵੇ ਜਾਂ ਕੁਦਰਤੀ ਆਫਤਾਂ ਨੇ ਮਧੋਲਿਆ ਹੋਵੇ। ਇਹ ਸੰਜਮ ਸੀਮਤ ਸਾਧਨਾਂ ਵਿਚੋਂ ਉਪਜਿਆ, ਜਿਸ ਨੇ ਹੌਲੀ ਰਿਵਾਜ ਅਤੇ ਰਸਮਾਂ ਦਾ ਰੂਪ ਧਾਰਿਆ ਤੇ ਪੇਂਡੂਆਂ ਦੀ ਸਧਾਰਨਤਾ ਨੂੰ ਸੰਜਮੀ ਕਿਰਦਾਰ ਨਾਲ ਨਿਵਾਜਿਆ।
ਸੰਜਮ ਜੀਵਨ ਨੂੰ ਕਿਵੇਂ ਵਿਉਂਤਦਾ, ਕਿਵੇਂ ਸੰਵਾਰਦਾ ਅਤੇ ਇਸ ਨੂੰ ਮੂਲ ਆਰ ਬਣਾ ਕੇ ਜਿ਼ੰਦਗੀ ਨੂੰ ਕਿਵੇਂ ਮਾਣਿਆ ਜਾ ਸਕਦਾ, ਇਸ ਦਾ ਗੁਰਬਾਣੀ ਵਿਚ ਬਾਖੂਬੀ ਵਰਣਨ ਕੀਤਾ ਗਿਆ ਹੈ;
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ॥

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੇ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ॥ ਰਹਾਉ॥

ਬਾਬਾ ਹੋਰੁ ਚੜਣਾ ਖੁਸੀ ਖੁਆਰੁ॥
ਜਿਤੁ ਚੜਿਐ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ॥

ਬਾਬਾ ਹੋਰੁ ਸੌਣਾ ਖੁਸੀ ਖੁਆਰੁ॥
ਜਿਤੁ ਸੁਤੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ॥ ਰਹਾਉ॥
ਇਹ ਹੈ ਸੁੰਦਰ, ਸਥਿਰ, ਸੰਜਮੀ, ਸਹਿਜ, ਸਾਦੀ ਅਤੇ ਸੰਤੁਲਿਤ ਜਿੰ਼ਦਗੀ ਦਾ ਰਾਜ਼। ਕਦੇ ਗੁਰਬਾਣੀ ਦੇ ਸ਼ਬਦ “ਗੁਰਿ ਪੂਰੈ ਸੰਜਮੁ ਕਰਿ ਦੀਆ॥ ਨਾਨਕ ਤਉ ਫਿਰਿ ਦੂਖ ਨਾ ਥੀਆ॥” ਨੂੰ ਆਪਣੀ ਸੁਰਤ ਦਾ ਹਿੱਸਾ ਬਣਾਉਣਾ, ਸੰਜਮ ਵਿਚੋਂ ਸਰੂਰ ਰੂਪੀ ਅਕਹਿ ਅਨੰਦ ਨੂੰ ਮਾਣਿਆ ਜਾ ਸਕਦਾ। ਗੁਰ-ਸ਼ਬਦ “ਸਭਿ ਸੰਜਮ ਰਹੇ ਸਿਆਣਪਾ” ਵੀ ਬਹੁਤ ਕੁਝ ਸਮਾਈ ਬੈਠਾ ਹੈ।
ਸੰਜਮ, ਕਿਸੇ ਨੂੰ ਟੋਕਣ, ਲੜਨ, ਝਗੜਨ, ਜੁਲਮ ਸਹਿਣ ਜਾਂ ਕਿਸੇ ਦੀ ਬੇ-ਮਤਲਬੀ ਗੱਲ ਸੁਣਨ ਜਾਂ ਚੁੱਪ ਰਹਿਣ ਵਿਚ ਇਕ ਹੱਦ ਤੀਕ ਸਹੀ, ਪਰ ਇਸ ਤੋਂ ਬਾਅਦ ਸੰਜਮ ਇਕ ਕਸੂਰ, ਕਮਜ਼ੋਰੀ, ਕਮੀ ਜਾਂ ਕਾਇਰਤਾ ਵੀ ਬਣ ਜਾਂਦਾ।
ਸੰਜਮ ਵਿਚੋਂ ਹੀ ਸਬਰ, ਸ਼ਾਂਤੀ, ਸੁੱਖ ਤੇ ਸਵਰਗ ਉਪਜਦਾ। ਇਹ ਕਿਸਮਤ-ਦੁਆਰ ਦੇ ਮੁੱਖ ਤੇ ਲਰਜ਼ਦਾ ਨੂਰ ਵੀ ਹੁੰਦਾ।
ਬੰਦਿਆ! ਸੰਜਮ ਵਿਚ ਰਹਿ ਤੇ ਜੀਵਨ ਨੂੰ ਅਨੰਦਤ ਕਰ, ਕਿਉਂਕਿ ਉਚੇ ਮਹਿਲ, ਵੱਡੇ ਰੁਤਬੇ ਅਤੇ ਸਲਤਨਤਾਂ ਨੂੰ ਫਨਾਹ ਹੁੰਦਿਆਂ ਦੇਰ ਨਹੀਂ ਲੱਗਦੀ। ਸਦਾ ਚਿਰੰਜੀਵ ਰਹਿੰਦੀਆਂ ਮਨੁੱਖ ਦੀ ਮਾਣ ਭਰੀਆਂ ਨਿਆਮਤੀ ਆਦਤਾਂ ਅਤੇ ਸੁਭਾਅ।
ਸੰਜਮ ਗੂੜ੍ਹ ਗਿਆਨ, ਪਰਮ ਧਿਆਨ, ਸਮੁੰਦਰੀ ਵਿਖਿਆਨ ਅਤੇ ਬਿਰਤੀ ਦਾ ਚਮਕਦਾ ਅਸਮਾਨ, ਜੋ ਬਣਦਾ ਏ ਮਨੁੱਖ ਦੀ ਸੁੰਦਰ ਪਛਾਣ। ਕਦੇ ਇਸ ਪਛਾਣ ਨੂੰ ਆਪਣੀ ਪਹਿਲ ਬਣਾਉਣਾ। ਤੁਹਾਡੇ ਜੀਵਨ-ਰਾਹਾਂ ਵਿਚ ‘ਕੇਰੇ ਹੋਏ ਤਾਰਿਆਂ ਦੀ ਫਸਲ ਵਿਚੋਂ ਰੋਸ਼ਨੀਆਂ ਦੇ ਬੋਹਲ ਲੱਗਣਗੇ, ਜਿਨ੍ਹਾਂ ਦੇ ਮਾਲਕ ਖੁਦ ਤੁਸੀਂ ਹੀ ਹੋਣਾ ਏ। ਫਿਰ ਮਾਲਕ ਬਣਨ ਤੋਂ ਇਨਕਾਰੀ ਕਿਉਂ ਹੋਣਾ?