ਖੇਡ ਮੇਲਿਆਂ ਦੀ ਸ਼ਾਨ ਸੀ ਦਰਸ਼ਨ ਬੜੀ

ਪ੍ਰਿੰ. ਸਰਵਣ ਸਿੰਘ
ਡਾ. ਦਰਸ਼ਨ ਬੜੀ ਕਈ ਕਲਾਵਾਂ ਦਾ ਸੁਮੇਲ ਸੀ। ਗਾਇਕ, ਕਬੱਡੀ ਕੁਮੈਂਟੇਟਰ, ਥੀਏਟਰ ਕਲਾਕਾਰ, ਫਿਲਮੀ ਅਦਾਕਾਰ, ਡਾਇਰੈਕਟਰ, ਪ੍ਰੋਡਿਊਸਰ ਤੇ ਮਾਸਟਰ ਆਫ ਸੈਰੇਮਨੀਜ਼। ਲੰਗਰਾਂ ਦਾ ਸੇਵਾਦਾਰ, ਵਾਤਾਵਰਣ ਪ੍ਰੇਮੀ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ। ਉਸ ਨੂੰ ‘ਥਰੀ ਇਨ ਵਨ’ ਦੀ ਥਾਂ ‘ਇਲੈਵਨ ਇਨ ਵਨ’ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਪੰਜਾਬੀ ਖੇਡ ਸਾਹਿਤ ਦਾ ਢੰਡੋਰਚੀ ਸੀ ਉਹ। ਖੇਡ ਮੇਲਿਆਂ `ਤੇ ਜਾਂਦਾ ਤਾਂ ਕੁਮੈਂਟਰੀ ਕਰਦਾ ਖੇਡ ਪੁਸਤਕਾਂ ਪੜ੍ਹਨ ਦਾ ਵੀ ਹੋਕਾ ਦੇਈ ਜਾਂਦਾ। ਨਵੇਂ ਖੇਡ ਲੇਖਕਾਂ ਦੀਆਂ ਸੌ-ਸੌ ਕਿਤਾਬਾਂ ਉਹ ਖੜ੍ਹੇ ਪੈਰ ਵਿਕਵਾ ਦਿੰਦਾ। ਮੇਰੀਆਂ ਹਜ਼ਾਰ ਤੋਂ ਵੱਧ ਖੇਡ ਪੁਸਤਕਾਂ ਉਸ ਨੇ ਪਾਠਕਾਂ ਦੇ ਹੱਥਾਂ ਤਕ ਪੁਚਾਈਆਂ ਹੋਣਗੀਆਂ।

ਉਹਦਾ ਸਰਟੀਫਿਕੇਟ ‘ਤੇ ਨਾਂ ਸੀ ਦਰਸ਼ਨ ਸਿੰਘ ਔਲਖ। ਔਲਖ ਦੀ ਥਾਂ ਪਿੰਡ ਦੇ ਮੋਹ ਕਰਕੇ ਉਸ ਨੇ ਆਪਣੇ ਪਿਆਰੇ ਪਿੰਡ ਬੜੀ ਦਾ ਨਾਂ ਆਪਣੇ ਨਾਂ ਨਾਲ ਜੋੜ ਲਿਆ ਸੀ। ਫਿਰ ਜਿਲਾ ਸੰਗਰੂਰ ਦੇ ਟਿੱਬੇ ਨੇੜਲੇ ਪਿੰਡ ‘ਬੜੀ’ ਦੀ ਉਸ ਨੇ ਬੜੀ ਦੂਰ-ਦੂਰ ਤਕ ਮਸ਼ਹੂਰੀ ਕਰਵਾਈ। ਉਥੇ ਉਹ 24 ਅਗਸਤ 1952 ਨੂੰ ਮੁਖਤਿਆਰ ਸਿੰਘ ਦਿੱਲੀ ਵਾਲੇ ਦੇ ਘਰ ਮਾਤਾ ਨੰਦ ਕੌਰ ਦੀ ਕੁੱਖੋਂ ਜੰਮਿਆ ਸੀ। ਸੁਭਾਅ ਦਾ ਮਜ਼ਾਕੀਆ ਸੀ। ਆਪ ਈ ਦੱਸਦਾ ਹੁੰਦਾ ਸੀ ਕਿ ਮਾਂ ਨੇ ਪਤਾ ਨ੍ਹੀਂ ਕੀ ਖਾ ਕੇ ਜੰਮਿਆ, ਨਾ ਛੋਟਾ ਹੁੰਦਾ ਰੋਣੋਂ ਹਟਦਾ ਸੀ ਤੇ ਨਾ ਵੱਡਾ ਹੋਇਆ ਬੋਲਣੋਂ ਥਕਦਾ ਸੀ। ‘ਕੇਰਾਂ ਉਹ ਲਗਾਤਾਰ ਸਤਾਰਾਂ ਘੰਟੇ ਕੁਮੈਂਟਰੀ ਕਰੀ ਗਿਆ। ਪਹਿਲਾਂ ਖੇਡ ਮੇਲੇ ਦੀ ਕੁਮੈਂਟਰੀ ਕੀਤੀ ਤੇ ਪਿੱਛੋਂ ਸਭਿਆਚਾਰਕ ਮੇਲੇ ਦੀ। ਸਵੇਰ ਦਾ ਫੜਿਆ ਮਾਈਕ ਅੱਧੀ ਰਾਤੀਂ ਛੱਡਿਆ ਸੀ।
ਉਸ ਨੇ ਬੀ. ਏ. ਵਿਚ ਮਿਊਜ਼ਕ ਦਾ ਮਜ਼ਮੂਨ ਪੜ੍ਹਿਆ, ਪਰ ਐੱਮ. ਏ. ਪੰਜਾਬੀ ਕਰਨ ਪਿੱਛੋਂ ਪੀਐਚ. ਡੀ. ‘ਪੰਜਾਬੀ ਕਿੱਸਾ ਕਾਵਿ’ ਉਤੇ ਕੀਤੀ। ਨੌਕਰੀ ਉਹਨੂੰ ਧੱਕੇ ਖਾ ਕੇ ਮਸੀਂ ਮਿਲੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ `ਚ ਵੀਹ ਵਰੇ੍ਹ ਕਲਰਕੀ ਕਰਨ ਪਿੱਛੋਂ ਉਹ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਚ ਸਿ਼ਫਟ ਹੋ ਗਿਆ। ਉਥੋਂ ਵੈਲਫੇਅਰ ਆਫੀਸਰ ਵਜੋਂ ਰਿਟਾਇਰ ਹੋ ਕੇ `ਕੱਲਾ ਕਾਰਾ ਹੀ ਲੁਧਿਆਣੇ ਰਹਿ ਰਿਹਾ ਸੀ ਕਿ ਦਿਲ ਦਾ ਦੌਰਾ ਪੈ ਗਿਆ। 6 ਫਰਵਰੀ 2021 ਨੂੰ ਤੜਕੇ ਚਾਰ ਵਜੇ ਸਿਵਲ ਹਸਪਤਾਲ ਵਿਚ ਉਹਦੀ ਮੌਤ ਹੋ ਗਈ। ਦੋਸਤਾਂ ਮਿੱਤਰਾਂ ਦੇ ਖਾਬ ਖਿਆਲ ਵਿਚ ਵੀ ਨਹੀਂ ਸੀ ਕਿ ਏਡੀ ਛੇਤੀ ਤੁਰ ਜਾਵੇਗਾ। ਮੈਨੂੰ ਕਹਿੰਦਾ ਰਹਿੰਦਾ ਸੀ, ਅਜੇ ਮੈਂ ਵਿਆਹ ਕਰਾਉਣੈ, ਤੁਸੀਂ ਜ਼ਰੂਰ ਆਇਓ। ਪਰ ਜਿਵੇਂ ਕਹਿੰਦੇ ਹਨ, ਆਸਾਂ ਪਰਬਤ ਜੇਡੀਆਂ ਮੌਤ ਤਣਾਵਾਂ ਹੇਠ। 6 ਫਰਵਰੀ ਸ਼ਾਮ ਨੂੰ ਉਹਦੀ ਜਨਮ ਭੋਇੰ ਬੜੀ ਟਿੱਬਾ ਦੇ ਸਿਵਿਆਂ ਵਿਚ ਉਹਦਾ ਸਸਕਾਰ ਕੀਤਾ ਗਿਆ। ਅਗਲੇ ਦਿਨ ਫੁੱਲ ਚੁਗ ਲਏ ਗਏ। 14 ਫਰਵਰੀ ਨੂੰ ਪਿੰਡ ਦੇ ਗੁਰਦੁਆਰੇ ਵਿਚ ਉਹਦੇ ਨਮਿੱਤ ਅੰਤਿਮ ਅਰਦਾਸ ਕਰਨ ਉਪਰੰਤ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਉਹ ਅੰਬਰ ਦੇ ਤਾਰੇ ਵਾਂਗ ਜਗਿਆ ਤੇ ਤਾਰੇ ਦੇ ਟੁੱਟਣ ਵਾਂਗ ਲੰਮੀ ਲੀਕ ਵਾਹੁੰਦਾ ਅਲੋਪ ਹੋ ਗਿਆ।
ਦਰਸ਼ਨ ਬੜੀ ਬਾਰੇ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਮੇਰਾ ਉਹਦੇ ਨਾਲ ਲੰਮੇ ਸਮੇਂ ਦਾ ਵਾਹ ਸੀ। ਜਦ ਮੈਂ ਕੈਨੇਡਾ ਤੋਂ ਪੰਜਾਬ ਜਾਂਦਾ ਤਾਂ ਉਹਨੂੰ ਮਿਲੇ ਗਿਲੇ ਬਿਨਾ ਨਾ ਮੁੜਦਾ। ਕਬੱਡੀ ਟੂਰਨਾਮੈਂਟਾਂ ‘ਤੇ ਸਾਡਾ ਅਕਸਰ ਮੇਲ-ਗੇਲ ਹੁੰਦਾ। ਉਹ ਖੇਡ ਮੇਲਿਆਂ ਦੀ ਸ਼ਾਨ ਸੀ। ਕਬੱਡੀ ਮੈਚਾਂ ਦੀ ਕੁਮੈਂਟਰੀ ਕਰਦਾ ਉਹ ਮਸਤ ਕਲੰਦਰ ਬਣ ਜਾਂਦਾ ਸੀ। ਕੁਮੈਂਟਰੀ ਦਾ ਅਫਲਾਤੂਨ। ਉਹ ਜੱਫੇ ਲੁਆ ਵੀ ਦਿੰਦਾ ਸੀ ਤੇ ਲੱਗੇ ਹੋਏ ਛੁਡਾ ਵੀ ਦਿੰਦਾ ਸੀ। ਉਹਦੇ ਬੋਲਾਂ ‘ਚ ਅਜਿਹੀ ਵੰਗਾਰ ਸੀ ਕਿ ਟੁੱਟੀ ਜਿਹੀ ਨੀਕਰ ਵਾਲਾ ਜਾਫੀ ਵੀ ਕਹਿੰਦੇ ਕਹਾਉਂਦੇ ਧਾਵੀ ਦੇ ਗਲ ਪੈ ਜਾਂਦਾ। ਪਿੱਛੋਂ ਭਾਵੇਂ ਪੁੜੇ ਪਲੋਸਣੇ ਪੈਣ! ਬੜੀ ਨੂੰ ਸੂਮਾਂ ਦੀਆਂ ਜ਼ੇਬਾਂ ‘ਚੋਂ ਵੀ ਨੋਟ ਕਢਾਉਣੇ ਆਉਂਦੇ ਸਨ। ਚੈਲੰਜ ਕਰ ਦਿੰਦਾ ਸੀ, ਫਲਾਣਾ ਫਲਾਣੇ ਨੂੰ ਡੱਕ ਲਏ ਤਾਂ ਫਲਾਣਾ ਸਿਓਂ ਐਨੇ ਸੌ ਦੇਊ। ਕਿਸੇ ਦਾ ਨਾਂ ਲੈ ਕਹਿੰਦਾ, ਕੱਢ ਲੈ ਬਈ ਪੰਜ ਸੌ ਦਾ ਨੋਟ। ਮੋਗੇ ਦੇ ਇਕ ਟੂਰਨਾਮੈਂਟ ‘ਚ ਉਹਨੇ ਇਕ ਪੁਆਇੰਟ ਉਤੇ ਸੰਤਾਲੀ ਹਜ਼ਾਰ ਰੁਪਏ ਲੁਆ ਦਿੱਤੇ ਸਨ। ਨਾਲ ਸਾਵਧਾਨ ਵੀ ਕਰੀ ਗਿਆ ਸੀ, “ਵੇਖਿਓ ਕਿਤੇ ਇਲਾਜ ‘ਤੇ ਦੁੱਗਣੇ ਨਾ ਲਾਉਣੇ ਪੈ ਜਾਣ!”
ਜਿਸ ਖੇਡ ਮੇਲੇ ਦੇ ਲਾਊਡ ਸਪੀਕਰ ਤੋਂ ਦੂਰੋਂ ਈ ਇਹ ਆਵਾਜ਼ਾਂ ਸੁਣਨ, “ਹਟ ਜੋ ਪਾਸੇ, ਹੋ ਜੋ ਪਰ੍ਹਾਂ ਨੂੰ, ਆਉਂਦਾ ਜੱਟ ਬਿਨਾ ਬਰੇਕੋਂ, ਹੋਰ ਨਾ ਕਿਸੇ ਦੀ ਜਾਹ ਜਾਂਦੀ ਹੋ ਜੇ…।” ਤਾਂ ਸਮਝ ਲਈਦਾ ਸੀ, ਉਥੇ ਦਰਸ਼ਨ ਬੜੀ ਬੋਲ ਰਿਹੈ। ਬੋਲ ਈ ਨ੍ਹੀਂ ਰਿਹਾ, ਸਗੋਂ ਉਸ ਨੂੰ ਮਸਤ ਕਲੰਦਰਾਂ ਵਾਲਾ ਹਾਲ ਚੜ੍ਹਿਆ ਹੋਇਐ। ਕਬੱਡੀ ਦੇ ਅਖਾੜੇ ਵਿਚ ਉਹ ਊਰੀ ਵਾਂਗ ਘੁੰਮਦਾ ਅਟੇਰਨੇ ਵਾਂਗ ਖੇਡ ਦੀਆਂ ਤੰਦਾਂ ਵਲੀ ਜਾਂਦਾ ਸੀ। ਉਹ ਢਾਈ ਨਾਲ ਢਾਈ ਤੇ ਲੜੀ ਨਾਲ ਲੜੀ ਜੋੜਦਾ ਰਹਿੰਦਾ ਸੀ। ਉਹਦੇ ਪੈਰੀਂ ਕਦੇ ਧੌੜੀ ਦੀ ਜੁੱਤੀ, ਕਦੇ ਸੈਂਡਲ ਤੇ ਕਦੇ ਦੌੜਨ ਵਾਲੇ ਬਰਾਂਡਿਡ ਬੂਟ ਪਾਏ ਹੁੰਦੇ। ਤੇੜ ਕਦੇ ਕਮੀਜ਼ ਪਜਾਮਾ, ਕਦੇ ਕੋਟ ਪਤਲੂਣ ਤੇ ਕਦੇ ਜੀਨ ਉਤੋਂ ਦੀ ਚੋਗੇਨੁਮਾ ਕੁੜਤਾ ਲਹਿਰਾਅ ਰਿਹਾ ਹੁੰਦਾ ਸੀ। ਅਦਾਕਾਰ ਹੋਣ ਕਰਕੇ ਉਹ ਬਹੁਰੂਪੀਆ ਸੀ। ਖੇਡ ਮੇਲਿਆਂ `ਚ ਸ਼ੌਕੀਨੀ ਲਈ ਨਹੀਂ, ਸਗੋਂ ਧੁੱਪ ਤੋਂ ਬਚਣ ਲਈ ਅੱਖਾਂ ਕਾਲੀਆਂ ਐਨਕਾਂ ਨਾਲ ਕੱਜੀਆਂ ਹੁੰਦੀਆਂ। ਸਿਰ ਦੇ ਵਾਲ ਕੰਡੇਰਨੇ ਵਾਂਗ ਖੜ੍ਹੇ ਹੁੰਦੇ, ਜਿਵੇਂ ਉਨ੍ਹਾਂ ਨੇ ਵੀ ਕੌਡੀਆਂ ਪੈਂਦੀਆਂ ਵੇਖਣੀਆਂ ਹੋਣ। ਉਹਦੇ ਬੋਲਾਂ `ਚ ਬੰਸਰੀਆਂ ਵੱਜਦੀਆਂ, ਵੰਝਲੀਆਂ ਕੂਕਦੀਆਂ ਤੇ ਸਾਰੰਗੀਆਂ ਗੂੰਜਦੀਆਂ। ਕਬੱਡੀ ਦੀ ਨੈਂ ਝਨਾਂ `ਚ ਉਹ ਲੁੱਡਣ ਮਲਾਹ ਦੀ ਬੇੜੀ `ਤੇ ਚੜ੍ਹਿਆ ਰਾਂਝੇ ਦਾ ਦੂਜਾ ਰੂਪ ਜਾਪਦਾ। ਖੁਦ ਥਾਪੀ ਮਾਰ ਕੇ ਕਬੱਡੀਆਂ ਪੁਆਉਂਦਾ, ਜਾਫੀ ਤੇ ਧਾਵੀ ਖਹਿੰਦੇ ਤਾਂ ਉਹ ਵੀ ਨਾਲੋ ਨਾਲ ਕਿੱਲ੍ਹਦਾ ਤੇ ਉਹਦੀ ਆਵਾਜ਼ ਸੱਤਵੇਂ ਸੁਰ `ਚ ਚਲੀ ਜਾਂਦੀ।
ਉਹਦੀ ਕੁਮੈਂਟਰੀ ਬੜੀ ਰੌਚਿਕ ਤੇ ਮੌਕੇ ਅਨੁਸਾਰ ਕਰਾਰੀ ਵੀ ਹੁੰਦੀ, ਜਿਸ ਵਿਚ ਉਹ ਨਾਟਕੀ ਰੰਗ ਭਰਦਾ ਰਹਿੰਦਾ। ਉਹ ਸ਼ਬਦਾਂ ਦੀਆਂ ਬਾਜ਼ੀਆਂ ਪੁਆਉਂਦਾ ਹਾਸੇ ਖੇਡੇ ਦੇ ਅਨਾਰ ਚਲਾਈ ਜਾਂਦਾ। ਦਰਸ਼ਕਾਂ ਨੂੰ ਥਾਂ ਸਿਰ ਬਿਠਾਈ ਰੱਖਣ ਲਈ ਪੁਲੀਸਮੈਨ ਦਾ ਰੋਲ ਵੀ ਉਹੀ ਨਿਭਾਉਂਦਾ ਤੇ ਆਏ-ਗਏ ਲਈ ਤਾੜੀਆਂ ਵੀ ਉਹੀ ਵਜਵਾਉਂਦਾ। ਕਿਸੇ ਦਾ ਮਾਣ ਸਨਮਾਨ ਕਰਨ-ਕਰਵਾਉਣ ਵੇਲੇ ਉਹਦੇ ਵਰਗੀ ਭੂਮਿਕਾ ਘੱਟ ਹੀ ਕੋਈ ਬੰਨ੍ਹ ਸਕਦਾ। ਬੋਲਦਾ-ਬੋਲਦਾ ਉਹ ਮਾਈਕ ਕਿਸੇ ਖਿਡਾਰੀ, ਪ੍ਰਬੰਧਕ ਜਾਂ ਦਰਸ਼ਕ ਅੱਗੇ ਕਰ ਕੇ ਕੁਮੈਂਟਰੀ ਦਾ ਨਾਟਕ ਬਣਾ ਦਿੰਦਾ। ਕੋਈ ਜਾਗਰ ਅਮਲੀ ਵਰਗਾ ਟੱਕਰ ਜਾਂਦਾ ਤਾਂ ਛੱਡਦਾ ਈ ਨਾ। ਉਸ ਨੂੰ ਪਤਾ ਹੁੰਦਾ ਸੀ ਕਿ ਖਿੜੇ ਹੋਏ ਅਮਲੀ ਜ਼ਮੀਨ ਅਸਮਾਨ ਦੇ ਕੁੰਡੇ ਮੇਲ ਦਿੰਦੇ ਹਨ। ਕੰਧਾਂ ਭਰਜਾਈਆਂ ਵਰਗੀਆਂ ਦਿਸਣ ਲਾ ਦਿੰਦੇ ਹਨ ਤੇ ਸਰੋਤਿਆਂ ਦਾ ਸਿਰੇ ਦਾ ਮਨੋਰੰਜਨ ਕਰਦੇ ਹਨ। ਖਿਡਾਰੀਆਂ ਵੱਲੋਂ ਲਾਏ ਜਾਂਦੇ ਡੋਪੀ ਟੀਕਿਆਂ ਦੇ ਉਹ ਸਖਤ ਖਿਲਾਫ ਸੀ। ਖੇਡ ਮੇਲਿਆਂ ਵਿਚ ਜ਼ਰਦਾ ਲਾਉਣ ਤੇ ਬੀੜੀਆਂ ਪੀਣ ਵਾਲਿਆਂ ਦੀ ਚੰਗੀ ਖੁੰਭ ਠੱਪਦਾ ਸੀ। ਬੀੜੇ ਲਾਉਣ ਵਾਲਿਆਂ ਦਾ ਤਾਂ ਉਦੋਂ ਤਕ ਖਹਿੜਾ ਨਹੀਂ ਸੀ ਛੱਡਦਾ, ਜਦੋਂ ਤਕ ਜੇਬਾਂ ‘ਚੋਂ ਕਢਾਅ ਕੇ ਰੂੜੀਆਂ ‘ਤੇ ਨਾ ਸੁਟਵਾ ਦਿੰਦਾ।
ਉਹ ਸੰਗੀਤ ਦੀ ਬੀ. ਏ. ਕਰਨ ਪਿੱਛੋਂ ਪਰਫਾਰਮਿੰਗ ਆਰਟ ਦਾ ਡਿਪਲੋਮਾ ਕਰੀ ਕਾਫੀ ਦੇਰ ਵਿਹਲਾ ਫਿਰਦਾ ਰਿਹਾ ਸੀ। ਵਿਹਲੇ ਫਿਰਦੇ ਨੇ ਫਿਰ ਬੱਕਰੀਆਂ ਚਾਰੀਆਂ, ਬੱਕਰੀਆਂ ਦਾ ਦੁੱਧ ਪੀਤਾ ਤੇ ਉਨ੍ਹਾਂ ਦੇ ਪਠੋਰੇ ਪਾਲੇ। ਇਕ ਵਾਰ ਮੀਟ ਖਾਣ ਲਈ ਪਠੋਰਾ ਵੱਢਿਆ ਤਾਂ ਉਹਦਾ ਲਹੂ ਵੇਖ ਕੇ ਮੀਟ ਖਾਣਾ ਉੱਕਾ ਹੀ ਛੱਡ ਦਿੱਤਾ। ਉਂਜ ਮੀਟ ਖਾਣਾ ਹੀ ਛੱਡਿਆ, ਮੀਟ ਖਾਣ ਵਾਲਿਆਂ ਨਾਲ ਬਹਿਣਾ ਉੱਠਣਾ ਨਹੀਂ ਛੱਡਿਆ। ਇਹੋ ਹਾਲ ਦਾਰੂ ਦਾ ਰਿਹਾ। ਆਪ ਪੀਣੋਂ ਪ੍ਰਹੇਜ਼ ਕਰਦਾ ਰਿਹਾ, ਪਰ ਪੀਣ ਵਾਲਿਆਂ ਨੂੰ ਖੁਆਉਂਦਾ ਪਿਆਉਂਦਾ ਰਿਹਾ। ਮੋਹਨ ਸਿੰਘ ਮੇਲੇ ਵਿਚ ਉਹ ਸਟੇਜ ਸਕੱਤਰੀ ਤੋਂ ਲੈ ਕੇ ਲੰਗਰ ਦੀ ਸੇਵਾ ਤਕ ਹਰ ਤਰ੍ਹਾਂ ਦੇ ਕਾਰਜ ਭੁਗਤਾਉਂਦਾ ਸੀ। ਜੱਗਾਂ ਨਾਲ ਚਾਹ ਵਰਤਾਉਣ ਤੋਂ ਲੈ ਕੇ ਕੇਤਲੀਆਂ ‘ਚੋਂ ਸਭਿਆਚਾਰ ਦਾ ਪ੍ਰਸ਼ਾਦ ਵਰਤਾਉਣ ਤਕ। ਗਾਇਕਾਂ ਤੋਂ ਲੈ ਕੇ ਦੀਪਕ ਜੈਤੋਈ ਵਰਗੇ ਗਜ਼ਲਗੋਆਂ ਤੋਂ ਘਿਲਬਿਲੀਆਂ ਬੁਲਾਉਣ ਤਕ। ਜੱਸੋਵਾਲ ਉਸ ਨੂੰ ਐਵੇਂ ਨਹੀਂ ਸੀ ਅਫਲਾਤੂਨ ਕਹਿੰਦਾ।
ਛੁਰ੍ਹਲੀਆਂ ਛੱਡਣ ਦੀ ਕਲਾ ‘ਚ ਉਹ ਪੂਰਾ ਮਾਹਿਰ ਸੀ। ਉਹਦੇ ਵਜੂਦ ‘ਚ ਕੋਈ ਅਲੋਕਾਰ ਕਿਰਦਾਰ ਛੁਪਿਆ ਹੋਇਆ ਸੀ, ਜਿਸ ਦੀ ਉਹਨੂੰ ਆਪ ਵੀ ਪਛਾਣ ਨਹੀਂ ਸੀ। ਲੱਗਦੈ ਉਹਦੇ ਧੁਰ ਅੰਦਰ ਸੂਫੀ ਫਕੀਰਾਂ ਦੀ ਰੂਹ ਦਾ ਵਾਸਾ ਸੀ। ਕਦੇ-ਕਦੇ ਉਹ ਇਹੋ ਜਿਹੇ ਸੁਖਨ ਅਲਾਉਂਦਾ ਸੀ ਜਿਵੇਂ ਕੋਈ ਔਲੀਆ ਬੋਲ ਰਿਹਾ ਹੋਵੇ ਜਾਂ ਕੋਈ ਜਾਣੀਜਾਣ ਅਗਮ ਨਿਗਮ ਦੀਆਂ ਗੱਲਾਂ ਕਰ ਰਿਹਾ ਹੋਵੇ। ਭਾਵੇਂ ਕੋਈ ਕਿੰਨਾ ਵੀ ਉਹਦੇ ਨੇੜੇ ਸੀ, ਫਿਰ ਵੀ ਉਹਦਾ ਪੂਰਾ ਭੇਤ ਨਹੀਂ ਸੀ ਪਾ ਸਕਿਆ। ਕਦੇ ਕਦੇ ਉਹ ਆਵਾਜ਼ ਬਦਲ ਕੇ ਫੋਨ ਕਰਦਾ, ਨਕਲਾਂ ਲਾਉਂਦਾ, ਅਗਲੇ ਨੂੰ ਨਿਹਾਲ ਕਰਦਾ। ਫਿਰ ਖੁੱਲ੍ਹ ਕੇ ਹਸਦਾ, ਖੁਸ਼ੀ ‘ਚ ਚਹਿਕਦਾ, ਚਾਂਭਲਦਾ। ਚੰਨ ‘ਤੇ ਜਾਣ ਦੀਆਂ ਸ਼ੇਖੀਆਂ ਮਾਰਦਾ। ਉਹਨੂੰ ਨਾ ਫਿਕਰ ਸੀ, ਨਾ ਫਾਕਾ ਸੀ। ਉਹਦੇ ਕਿਹੜਾ ਜੁਆਕ ਰੋਂਦੇ ਸੀ?
ਉਹਦਾ ਵਿਆਹ ਕਰਾਉਣ ਦਾ ਲਾਰਾ, ਅਖੀਰ ਤਕ ਲਾਰਾ ਹੀ ਰਿਹਾ, ਜਿਸ ਦਾ ਕੋਈ ਭੇਤ ਨਾ ਪਾ ਸਕਿਆ, ਹਾਲਾਂ ਕਿ ਉਹਦੇ ‘ਚ ਨੁਕਸ ਕੋਈ ਨਹੀਂ ਸੀ। ਬੱਸ ਏਨਾ ਕੁ ਕੱਜ ਸੀ ਕਿ ਨਿੱਕਾ ਹੁੰਦਾ ਕਬੱਡੀ ਖੇਡਦਾ ਹੱਥ ਤੁੜਵਾ ਬੈਠਾ ਸੀ। ਫਿਰ ਵਾਲੀਬਾਲ ਖੇਡਣ ਲੱਗਾ। ਹੱਥਾਂ ਦੀਆਂ ਉਂਗਲਾਂ ਵਾਲੀਬਾਲ ਨੇ ਹੀ ਵਿੰਗੀਆਂ ਕੀਤੀਆਂ ਸਨ। ਕੰਨ ਲੰਮੇ ਸਨ, ਮੱਥਾ ਤੰਗ, ਚਿਹਰਾ ਚੌੜਾ, ਨੱਕ ਤਿੱਖਾ ਤੇ ਰੰਗ ਗੋਰਾ ਸੀ। ਬਣਦਾ ਫੱਬਦਾ ਪੂਰਾ ਸੀ, ਪਰ ਪਹਿਲਾਂ ਤੀਹ ਸਾਲ, ਫਿਰ ਚਾਲੀ ਸਾਲ, ਪੰਜਾਹ ਸਾਲ ਤੇ ਫਿਰ ਸੱਠ ਸਾਲ ਟੱਪ ਕੇ ਵੀ ਵਿਆਹ ਨਹੀਂ ਸੀ ਹੋਇਆ/ਕਰਾਇਆ। ਉਂਜ ਉਹ ਅਕਸਰ ਕਹਿੰਦਾ ਰਹਿੰਦਾ ਸੀ, ਬੱਸ ਇਕ ਦੋ ਕੰਮ ਈ ਰਹਿੰਦੇ ਨੇ ਕਰਨ ਵਾਲੇ, ਫੇਰ ਆਪਾਂ ਵਿਆਹ ਕਰਾ ਈ ਲੈਣੈਂ। ਫਿਰ ਵੀ ਪਤਾ ਨਹੀਂ ਉਹ ਕਬੀਲਦਾਰ ਕਿਉਂ ਨਾ ਬਣਿਆ?
ਉਹ 29 ਸਾਲ ਦੀ ਉਮਰੇ 1981 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ‘ਚ ਪੱਕਾ ਮੁਲਾਜ਼ਮ ਲੱਗ ਗਿਆ ਸੀ। ਉਹਦਾ ਕੈਰੀਅਰ ਬਣ ਗਿਆ ਸੀ, ਜਿਸ ਕਰਕੇ ਵਿਆਹ ਕਰਵਾ ਲੈਣਾ ਬਣਦਾ ਸੀ। ਬਹੁਤੇ ਦੋਸਤ ਇੰਜ ਹੀ ਸੋਚਦੇ ਸਨ; ਪਰ ਉਹਦੀਆਂ ਉਹ ਜਾਣੇ। ਉਂਜ ਯੂਨੀਵਰਸਿਟੀ ਵਿਚ ਉਹਦਾ ਰੋਲ ਵਿਆਹ ‘ਚ ਨਾਇਣ ਵਰਗਾ ਸੀ। ਰੇਡੀਓ ਤੇ ਦੂਰਦਰਸ਼ਨ ਦਾ ਉਹ ਪ੍ਰਵਾਨਿਤ ਕਲਾਕਾਰ ਸੀ। ਉਸ ਨੇ ਬੜੇ ਪ੍ਰੋਗਰਾਮ ਕੀਤੇ ਤੇ ਲਾਜਵਾਬ ਕੀਤੇ। ਉਹ ਵੀਹ-ਬਾਈ ਸਾਲਾਂ ਦੀ ਉਮਰ ਤੋਂ ਥੀਏਟਰ ਨਾਲ ਬਤੌਰ ਅਦਾਕਾਰ, ਗਾਇਕ, ਨਿਰਦੇਸ਼ਕ, ਡਿਜ਼ਾਈਨਰ, ਡਾਂਸਰ, ਸਪੋਕਸਮੈਨ ਤੇ ਮੇਕਅੱਪਮੈਨ ਵਜੋਂ ਕੰਮ ਕਰਦਾ ਰਿਹਾ। ਉਸ ਨੇ ਭਾਰਤ ਦੇ ਪੰਦਰਾਂ-ਸੋਲਾਂ ਸੂਬੇ ਤੇ ਦੁਨੀਆਂ ਦੇ ਪੰਜ-ਛੇ ਮੁਲਕ ਗਾਹੇ।
ਉਸ ਨੇ ਹਰਪਾਲ ਟਿਵਾਣੇ ਨੂੰ ਉਸਤਾਦ ਧਾਰਿਆ ਤੇ ਨਾਟਕਕਾਰ ਹਰਚਰਨ ਸਿੰਘ ਦੇ ਨਾਟਕਾਂ ਵਿਚ ਰੋਲ ਅਦਾ ਕੀਤਾ। ‘ਦੀਵਾ ਬਲੇ ਸਾਰੀ ਰਾਤ’ ਦਾ ਉਹ ਹੀਰੋ ਸੀ ਤੇ ਨੀਨਾ ਟਿਵਾਣਾ ਹੀਰੋਇਨ। ‘ਮਹਾਰਾਣੀ ਜਿੰਦਾਂ’ ਨਾਟਕ ਦਾ ਉਹ ਮਹਾਰਾਜਾ ਦਲੀਪ ਸਿੰਘ ਸੀ। ਉਸ ਨੇ ਫਿਲਮੀ ਅਦਾਕਾਰ ਓਮ ਪੁਰੀ, ਰਾਜ ਬੱਬਰ, ਗਿਰਜਾ ਸੰ਼ਕਰ, ਸਰਦਾਰ ਸੋਹੀ ਤੇ ਗੁਰਦਾਸ ਮਾਨ ਹੋਰਾਂ ਨਾਲ ਫਿਲਮਾਂ `ਚ ਰੋਲ ਕੀਤਾ। ਕਬੱਡੀ ਦੀ ਫਿਲਮ ਵਿਚ ਕੋਚ ਦਾ ਨਿਭਾਇਆ। ਡਾਕੂਮੈਂਟਰੀਆਂ ਬਣਾਈਆਂ। ਮੇਰੇ ਨਾਲ ਖੁੱਲ੍ਹੀਆਂ ਗੱਲਾਂ ਕਰਦਾ ਦੱਸਦਾ ਹੁੰਦਾ ਸੀ ਕਿ ਥੀਏਟਰ ਕਰਦਿਆਂ ਉਸ ਨੂੰ ਇਕ ਸ਼ੋਅ ਦੇ ਢਾਈ ਸੌ ਰੁਪਏ ਮਿਲਦੇ ਸਨ ਤੇ ਗੁਰਦਾਸ ਮਾਨ ਨੂੰ ਸਾਢੇ ਤਿੰਨ ਸੌ। ਗੁਰਦਾਸ ਮਾਨ ਡਫਲੀ ਨਾਲ ਗਾਉਂਦਾ ਸੀ, ਜਦ ਕਿ ਬੜੀ ਤੂੰਬੀ ਨਾਲ। ਬਾਅਦ ਵਿਚ ਡਫਲੀ ਵਾਲਾ ਕਿਤੇ ਦੀ ਕਿਤੇ ਪਹੁੰਚ ਗਿਆ। `ਕੇਰਾਂ ਬੜੀ ਨੇ ਰਾਜ ਬੱਬਰ ਦੀ ਪਤਨੀ ਨਾਦਿਰਾ ਦਾ ਮੇਕਅੱਪ ਕੀਤਾ ਸੀ, ਜੋ ਉਸ ਨੂੰ ਬਹੁਤ ਜਚਿਆ ਸੀ। ਡਾ. ਮਹਿੰਦਰ ਸਿੰਘ ਰੰਧਾਵਾ ਉਸ ਨੂੰ ਪੁੱਤਰਾਂ ਵਾਂਗ ਸਮਝਦਾ ਸੀ। ਸ਼੍ਰੀ ਆਈ. ਸੀ. ਪੁਰੀ ਨੇ ਉਸ ਨੂੰ ਨੌਕਰੀ ਦਿੱਤੀ ਸੀ। ਇਕ ਕੈਸੇਟ ਉਸ ਨੇ ਆਪ ਭਰਾਈ ਸੀ, ਜਦ ਕਿ ਦਰਜਨਾਂ ਕੈਸੇਟਾਂ ਵਿਚ ਹੋਰਨਾਂ ਨੇ ਉਹਦੀ ਕੁਮੈਂਟਰੀ ਭਰੀ। ਯਾਰ-ਦੋਸਤ ਉਹਦੀ ਪਾਕਿਸਤਾਨ ਦੇ ਨਾਮਵਰ ਅਨਾਊਂਸਰ ਤਾਰਿਕ ਅਜ਼ੀਜ਼ ਨਾਲ ਤੁਲਨਾ ਕਰਦੇ ਸਨ। ਕੁਮੈਂਟਰੀ ਵਿਚ ਉਹ ਜਸਦੇਵ ਸਿੰਘ ਬਣਨ ਨੂੰ ਫਿਰਦਾ ਸੀ।
1981 ਵਿਚ ਉਹ ਕਲਾਕਾਰਾਂ ਦੇ ਗਰੁੱਪ ਨਾਲ ਪਹਿਲੀ ਵਾਰ ਅਮਰੀਕਾ ਤੇ ਕੈਨੇਡਾ ਦੇ ਟੂਰ ‘ਤੇ ਗਿਆ ਸੀ। ਉਥੇ ਉਹ ਕਈ ਮਹੀਨੇ ਕਈ ਸ਼ਹਿਰਾਂ ਵਿਚ ਨਾਟਕ ਖੇਡਦੇ ਰਹੇ। ਉਹ ਅਦਾਕਾਰੀ ਕਰਨ ਦੇ ਨਾਲ ਤੂੰਬੀ ਉਤੇ ਗੀਤ ਵੀ ਗਾਉਂਦਾ ਰਿਹਾ। ਵਤਨ ਪਰਤਿਆ ਤਾਂ ਉਸ ਨੂੰ ਨੌਕਰੀ ਮਿਲ ਗਈ। ਉਹ ਲੁਧਿਆਣੇ ਪੰਜਾਬੀ ਭਵਨ ਵਿਚ ਰਹਿਣ ਲੱਗਾ। ਪੰਜਾਬੀ ਭਵਨ ਦੀ ਰਾਖੀ ਕਰਦਾ ਤੇ ਆਏ ਗਏ ਦੀ ਸੇਵਾ ਵੀ। ਉਥੇ ਉਹ ਝਾੜੂ ਵੀ ਦਿੰਦਾ ਤੇ ਥੀਏਟਰ ਵੀ ਕਰਦਾ। ਜੱਸੋਵਾਲ ਉਸ ਨੂੰ ਸਭਿਆਚਾਰਕ ਮੇਲਿਆਂ ‘ਤੇ ਲੈ ਜਾਂਦਾ। ਉਹ ਜੱਸੋਵਾਲ ਤੋਂ ਬੱਲੇ ਬੱਲੇ ਕਰਵਾਉਂਦਾ ਹੋਇਆ ਮੇਲੀਆਂ ਦਾ ਚਿੱਤ ਪਰਚਾਉਂਦਾ। ਗੀਤ ਗਾਉਂਦਾ, ਨਕਲਾਂ ਲਾਉਂਦਾ। ਫਿਰ ਲੇਖਕਾਂ ਨਾਲ ਬੈਂਕਾਕ ਦੀ ਵਿਸ਼ਵ ਪੰਜਾਬੀ ਕਾਨਫਰੰਸ ਵੇਖਣ ਚਲਾ ਗਿਆ। ਉਥੇ ਅਜਿਹੀਆਂ ਨਕਲਾਂ ਲਾਈਆਂ ਕਿ ਨਾ ਗੰਭੀਰ ਲੇਖਕ ਹੱਸਣੋਂ ਹਟੇ ਤੇ ਨਾ ਗਮਗੀਨ ਕਵੀ। ਸਾਹਿਤਕ ਹਲਕਿਆਂ ਵਿਚ ਬੜੀ ‘ਬੜੀ-ਬੜੀ’ ਹੋਈ। ਕੇਂਦਰੀ ਮੰਤਰੀ ਬੂਟਾ ਸਿੰਘ ਤੇ ਹੰਸਪਾਲ ਦੇ ਵੀ ਹੱਸ-ਹੱਸ ਢਿੱਡੀਂ ਪੀੜਾਂ ਪੈ ਗਈਆਂ। ਉਹਦੀ ਕਲਾਕਾਰੀ ਸਿਰ ਚੜ੍ਹ ਕੇ ਬੋਲੀ, ਜੋ ਸਿੱਕਾ ਜਮਾ ਗਈ। ਸਿੱਖ ਇਤਿਹਾਸ ਦੇ ਚਿੱਤਰਕਾਰ ਕਿਰਪਾਲ ਸਿੰਘ ਨੇ ਉਸ ਨੂੰ ਕਲਾਵੇ ਵਿਚ ਲੈ ਲਿਆ। ਬਾਵਨੀਆਂ ਲਿਖਣ ਵਾਲਾ ਆਤਮ ਹਮਰਾਹੀ ਬਲਿਹਾਰ-ਬਲਿਹਾਰ ਕਰ ਉੱਠਿਆ।
ਕਾਮੇਡੀ ਕਲਾਕਾਰ ਮਿਹਰ ਮਿੱਤਲ ਤੇ ਹਾਕਮ ਸੂਫੀ ਉਹਨੂੰ ਆਪਣੇ ਗਰੁੱਪ ਵਿਚ ਸਿੰਗਾਪੁਰ ਲੈ ਗਏ। ਉਥੇ ਉਹਦੀਆਂ ਬੋਲੀਆਂ, ਟੱਪਿਆਂ, ਜੁਗਨੀ, ਜਾਗੋ, ਜਿੰਦੂਆ ਤੇ ਨਕਲਾਂ ਨੇ ਰੰਗ ਬੰਨ੍ਹ ਦਿੱਤਾ। ਉਹਦੀ ਗੁੱਡੀ ਚੜ੍ਹੀ ਤਾਂ ਕਲਾਕਾਰਾਂ ਵਾਲੀ ਈਰਖਾ ਤੋਂ ਉਹ ਵੀ ਨਾ ਬਚ ਸਕਿਆ। ਕਿਸੇ ਨੇ ਪਤਾ ਨਹੀਂ ਕਿਹੋ ਜਿਹਾ ਖਾਣ-ਪੀਣ ਕਰਾਇਆ ਕਿ ਉਹ ਬਿਮਾਰ ਰਹਿਣ ਲੱਗ ਪਿਆ। ਡੇਢ ਸਾਲ ਨਾ ਰੋਟੀ ਖਾਧੀ ਗਈ ਤੇ ਨਾ ਰੱਜ ਕੇ ਸੌਂ ਹੋਇਆ। ਸਰੀਰਕ ਭਾਰ ਅੱਸੀ ਕਿੱਲੋ ਤੋਂ ਘਟ ਕੇ ਪੰਜਾਹ ਕਿੱਲੋ ਰਹਿ ਗਿਆ। ਲੰਮਾ ਇਲਾਜ ਕਰਾਇਆ ਤਾਂ ਉਹਦਾ ਖਾਣਾ ਪੀਣਾ ਰਾਧਾ ਸੁਆਮੀਆਂ ਵਾਲਾ ਹੋ ਗਿਆ।
ਉਸ ਨੇ ਥੀਏਟਰ ਕਰਦਿਆਂ ਦੋ ਦਰਜਨ ਤੋਂ ਵੱਧ ਨਾਟਕ ਖੇਡੇ। ਅੱਧੀ ਦਰਜਨ ਫਿਲਮਾਂ ‘ਚ ਅਦਾਕਾਰੀ ਕੀਤੀ। ਸੈਮੀਨਾਰਾਂ ਤੇ ਕਾਨਫਰੰਸਾਂ ‘ਚ ਭਾਗ ਲਿਆ। ਮਾੜੀ ਮੋਟੀ ਕਲਮ ਵੀ ਵਾਹੀ। ਇਕ ਵਾਰ ਉਸ ਨੇ ਪੰਦਰਾਂ-ਵੀਹ ਸਫੇ ਲਿਖ ਕੇ ਮੈਨੂੰ ਭੇਜੇ, ਜੋ ਹੁਣ ਲੱਭ ਨਹੀਂ ਰਹੇ। ਮੇਰੇ ਕਾਗਜ਼ ਪੱਤਰ, ਕਿਤਾਬਾਂ ਤੇ ਖਰੜੇ ਪਿੰਡ ਚਕਰ ਵਾਲੇ ਜੱਦੀ ਘਰ, ਮੁਕੰਦਪੁਰ ਵਾਲੇ ਘਰ ਤੇ ਅਜੋਕੀ ਰਿਹਾਇਸ਼ ਬਰੈਂਪਟਨ ਵਾਲੇ ਘਰ ਏਧਰ ਓਧਰ ਪਏ ਹਨ। ਡਾ. ਬੜੀ ਦੀ ਹੱਥਲਿਖਤ ਲੱਭਣ ਦੀ ਕੋਸਿ਼ਸ਼ ਕਰਾਂਗਾ, ਜੇ ਲੱਭੀ ਗਈ। ਉਹ ਉਪਰੋਂ ਸ਼ਾਂਤ ਲੱਗਦਾ ਸੀ, ਪਰ ਵਿਚੋਂ ਬੇਚੈਨ ਜੀਊੜਾ ਸੀ। ਸਟੇਜੀ ਕਲਾ ‘ਚ ਸ਼ਾਇਦ ਉਹਦਾ ਪੂਰਾ ਮੁੱਲ ਨਹੀਂ ਸੀ ਪਿਆ। ਏਡਾ ਵੱਡਾ ਸਟੇਜੀ ਕਲਾਕਾਰ ਆਖਰ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਨ ਵੱਲ ਆ ਗਿਆ। ਜਦੋਂ ਉਹ ਕਬੱਡੀ ਦੀ ਕੁਮੈਂਟਰੀ ਕਰਨ ਲੱਗਾ ਤਾਂ ਉਹਦੀ ਜੇਬ ਤਰ ਰਹਿਣ ਲੱਗੀ। ਥੀਏਟਰ ਉਸ ਨੇ ਭੁੱਖ ਨੰਗ ‘ਚ ਹੀ ਕੀਤਾ। ਨਾਟਕ ਭਾਵੇਂ ਪੱਚੀ ਖੇਡੇ, ਪਰ ਮਿਲੇ ਪੱਚੀ ਹਜ਼ਾਰ ਵੀ ਨਹੀਂ। ਕਬੱਡੀ ਦੀ ਕੁਮੈਂਟਰੀ ਕਰਦੇ ਨੂੰ ਦੋ ਸਕੂਟਰ ਤੇ ਲੱਖਾਂ ਰੁਪਿਆਂ ਦੇ ਇਨਾਮ ਮਿਲੇ। ਵਿਚੇ ਮੁੰਦਰੀਆਂ, ਚੇਨੀਆਂ ਤੇ ਜੰਜੀਰੀਆਂ। ਪਹਿਲਾਂ ਬੱਸਾਂ ‘ਤੇ, ਫਿਰ ਸਕੂਟਰ ‘ਤੇ, ਫਿਰ ਕਾਰ ਉਤੇ ਚੜ੍ਹ ਕੇ ਉਹ ਕਬੱਡੀ ਦੀ ਕੁਮੈਂਟਰੀ ਕਰਨ ਜਾਣ ਲੱਗਾ। ਕਦੇ ਢੁੱਡੀਕੇ, ਕਦੇ ਕਿਲਾ ਰਾਏਪੁਰ, ਕਦੇ ਕਮਾਲਪੁਰੇ, ਕਦੇ ਭਦੌੜ, ਕਦੇ ਕਿਤੇ, ਕਦੇ ਕਿਤੇ। ਪ੍ਰੇਮ ਪਿਆਰ ਦਾ ਉਹ ਬੱਧਾ ਪ੍ਰੀਤਮ ਸਿੰਘ ਗਰੇਵਾਲ ਤੇ ਬਿੰਦਰ ਗਰੇਵਾਲ ਦੇ ਪਿੰਡ ਬੀਲ੍ਹੇ ਦੀ ਖੇਡ ‘ਤੇ ਮੇਰੇ ਤੇ ਮੱਖਣ ਸਿੰਘ ਨਾਲ ਹਰ ਸਾਲ ਜਾਂਦਾ। ਨੌਕਰੀ ਕਰਨ ਦੇ ਨਾਲ-ਨਾਲ ਸਾਲ ‘ਚ ਤੀਹ ਚਾਲੀ ਟੂਰਨਾਮੈਂਟ ਵੀ ਭੁਗਤਾ ਲੈਂਦਾ।
ਮੈਨੂੰ ਯਾਦ ਆ ਰਿਹੈ, ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਕੱਲਰਾਂ ਦੀ ਖੇਡ ਤੋਂ ਅਤਿ ਮਹਿੰਗੇ ਇਨਡੋਰ ਸਟੇਡੀਅਮ ਸਕਾਈਡੋਮ ਵਿਚ ਪੁੱਜਣਾ। ਮੈਂ ਤੇ ਕਬੱਡੀ ਕੁਮੈਂਟੇਟਰ ਦਾਰਾ ਸਿੰਘ ਗਰੇਵਾਲ ਸਕਾਈਡੋਮ ਦੇ ਨਵੇਂ ਨਾਂ ਰੌਜਰਜ਼ ਸੈਂਟਰ ਪੁੱਜੇ ਤਾਂ ਦੂਰੋਂ ਹੀ ਦਰਸ਼ਨ ਬੜੀ ਦੇ ਬੋਲ ਕੰਨੀਂ ਪਏ। ਅਸੀਂ ਨਜ਼ਰਾਂ ਮਿਲਾਈਆਂ ਕਿ ਇਹ ਕਿਧਰੋਂ ਆ ਨਿਕਲਿਆ? ਜੱਫੀਆਂ ਪਾ ਕੇ ਮਿਲੇ ਤੇ ਦਾਰੇ ਗਰੇਵਾਲ ਨਾਲ ਉਹਦੀ ਕੁਮੈਂਟਰੀ ਨੇ ਗੁਰਪ੍ਰੀਤ ਘੁੱਗੀ ਦੀ ਕਾਮੇਡੀ ਵਾਂਗ ਧੰਨ ਧੰਨ ਕਰਵਾ ਦਿੱਤੀ। ਉਹ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਨ ਕੈਨੇਡਾ ਹੀ ਨਹੀਂ ਆਸਟ੍ਰੇਲੀਆ ਵੀ ਜਾਂਦਾ ਰਿਹਾ। ਇਕ ਵਾਰ ਅਸੀਂ ਕਿਲਾ ਰਾਏਪੁਰ ਦੀਆਂ ਖੇਡਾਂ ‘ਚ ‘ਕੱਠੇ ਹੋਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਆਏ। ਮੈਂ ਟੂਰਨਾਮੈਂਟ ਦੇ ਸਕੱਤਰ ਪਰਮਜੀਤ ਗਰੇਵਾਲ ਨੂੰ ਕਿਹਾ, ਮੈਨੂੰ ਕਿਸੇ ਵਿਸ਼ੇਸ਼ ਵਿਅਕਤੀ ਦੀ ਆਉਭਗਤ ਕਰਨ ਦਾ ਉਹ ਰੰਗ ਨਹੀਂ ਬੰਨ੍ਹਣਾ ਆਉਂਦਾ, ਜੋ ਬੜੀ ਬੰਨ੍ਹ ਸਕਦੈ। ਬੜੀ ਨੇ ਫਿਰ ਰੰਗ ਬੰਨ੍ਹਣ ਦੀਆਂ ਲਹਿਰਾਂ ਹੀ ਲਾ ਦਿੱਤੀਆਂ, ਜਿਸ ਨਾਲ ਬਾਦਲ ਸਾਹਿਬ ਨੇ ਗਰਾਂਟਾਂ ਦੇ ਗੱਫੇ ਦੁੱਗਣੇ ਐਲਾਨ ਦਿੱਤੇ!
2010 ਵਿਚ ਪੰਜਾਬ ਸਰਕਾਰ ਨੇ ਕਬੱਡੀ ਦਾ ਵਰਲਡ ਕੱਪ ਕਰਵਾਇਆ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਪਰਗਟ ਸਿੰਘ ਨੇ ਮੈਨੂੰ ਵੀ ਕੱਪ ਨਾਲ ਜੋੜ ਲਿਆ। ਮੇਰੀ ਡਿਊਟੀ ਕੁਮੈਂਟੇਟਰੀ ਨਾਲ ਕੁਮੈਂਟੇਟਰਾਂ ਦੇ ਕੋਆਰਡੀਨੇਟਰ ਦੀ ਲੱਗੀ। ਮੈਂ ਮੱਖਣ ਸਿੰਘ ਨਾਲ ਡਾ. ਦਰਸ਼ਨ ਬੜੀ ਨੂੰ ਵੀ ਜੋੜ ਲਿਆ। ਉਦਘਾਟਨ ਯਾਦਵਿੰਦਰਾ ਸਟੇਡੀਅਮ ਪਟਿਆਲੇ ਹੋਇਆ, ਜਿਥੇ ਉੁਹ ਝੱਗਾ ਲਾ ਕੇ ਬੋਲਿਆ। ਫਿਰ ਲੁਧਿਆਣੇ ਗੁਰੂ ਨਾਨਕ ਸਟੇਡੀਅਮ ਵਿਚ ਭਾਰਤ-ਪਾਕਿਸਤਾਨ ਦੇ ਫਾਈਨਲ ਮੈਚ ‘ਚ ਝੰਡੇ ਗੱਡੇ। ਉਥੇ ਉਹਦੇ ਬੋਲ ਉਹਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸੁਣੇ ਤਾਂ ਡਾ. ਬੜੀ ਨੂੰ ਤਰੱਕੀ ਦੇਣ ਦਾ ਖਿਆਲ ਆਇਆ। ਕੁਝ ਸਾਲ ਪਹਿਲਾਂ ਮੈਨੂੰ ਉਸ ਯੂਨੀਵਰਸਿਟੀ ਦੀ ਪਹਿਲੀ ਅਥਲੈਟਿਕਸ ਮੀਟ ਦੇ ਇਨਾਮ ਵੰਡ ਸਮਾਗਮ ਦਾ ਮੁੱਖ ਮਹਿਮਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸਟੇਜ ਤੋਂ ਬੋਲਦਿਆਂ ਮੈਂ ਕਿਹਾ ਸੀ, “ਵਾਈਸ ਚਾਂਸਲਰ ਸਾਹਿਬ, ਤੁਹਾਡੇ ਕੋਲ ਆਹ ਜਿਹੜਾ ਫੱਕਰਾਂ ਵਰਗਾ ਬੰਦਾ ਹੈ ਨਾ, ਇਹ ਪੰਜਾਬੀ ਸਭਿਆਚਾਰ ਦਾ ਹੀਰਾ ਹੈ। ਇਹਨੂੰ ਸਭਿਆਚਾਰਕ ਸਰਗਰਮੀਆਂ ਦਾ ਡਾਇਰੈਟਰ ਬਣਾ ਸਕੋ ਤਾਂ ਤੁਹਾਡੀ ਯੂਨੀਵਰਸਿਟੀ ਦਾ ਨਾਂ ਸੱਤ ਸਮੁੰਦਰਾਂ ਤੋਂ ਪਾਰ ਜਾ ਸਕਦੈ।” ਇਸੇ ਗੇੜ ਵਿਚ ਉਹ ਕਲਰਕ ਤੋਂ ਵੈਲਫੇਅਰ ਆਫੀਸਰ ਬਣਿਆ, ਜਿਸ ਨੇ ਕਲਚਰਲ ਸਰਗਰਮੀਆਂ ਵਿਚ ਯੂਨੀਵਰਸਿਟੀ ਦਾ ਨਾਂ ਧੁੰਮਾਅ ਦਿੱਤਾ। ਉਹਦੀ ਸਿਫਤ ਵਿਚ ਅਨੇਕਾਂ ਪ੍ਰਸ਼ੰਸਕਾਂ ਨੇ ਕਲਮਾਂ ਵਾਹੀਆਂ, ਜੋ ਉਸ ਦੀ ਘਾਲ ਕਮਾਈ ਹੈ। ਗੁਰਭਜਨ ਗਿੱਲ ਤੋਂ ਲੈ ਕੇ ਸੁਰਜੀਤ ਪਾਤਰ ਨੇ ਉਹਦਾ ਜਸ ਗਾਇਆ। ਉਹ ਪੰਜਾਬੀ ਸਾਹਿਤ ਅਕਾਡਮੀ ਦਾ ਸੀਨੀਅਰ ਮੈਂਬਰ ਸੀ, ਜੀਹਨੇ ਅਕਾਦਮੀ ਦੀ ਬਣਦੀ ਸਰਦੀ ਸੇਵਾ ਕੀਤੀ।
ਆਸਟ੍ਰੇਲੀਆ ਤੋਂ ਕਬੱਡੀ ਕੁਮੈਂਟੇਟਰ ਕੁਲਵੰਤ ਬੁਢਲਾਡੇ ਨੇ ਉਹਦੇ ਬਾਰੇ ਬੜੀ ਭਾਵਪੂਰਤ ਪੋਸਟ ਭੇਜੀ, “ਖੇਡ ਮੈਦਾਨਾਂ ਵਿਚ ਧਰੂ ਤਾਰੇ ਵਾਂਗੂ ਚਮਕਣ ਵਾਲਾ ਦਰਸ਼ਨ ਬੜੀ ਇਸ ਰੰਗਲੀ ਦੁਨੀਆਂ ਤੋਂ ਰੁਖਸਤ ਹੋ ਗਿਆ ਤੇ ਪਿੱਛੇ ਛੱਡ ਗਿਆ ਆਪਣੀਆਂ ਮਿੱਠੀਆਂ ਪਿਆਰੀਆਂ ਯਾਦਾਂ। ਕਬੱਡੀ ਦੇ ਧਨੰਤਰ ਦੇਵੀ ਦਿਆਲ ਜੀ ਦੇ ਪਿੰਡੋਂ ਇਕ ਵਾਰ ਮੈਂ ਬੜੀ ਦੇ ਨਾਲ ਉਹਦੀ ਕਾਰ ਵਿਚ ਲੁਧਿਆਣੇ ਤਕ ਦਾ ਸਫਰ ਕੀਤਾ। ਬੜੀ ਨੇ ਆਪਣੇ ਘਰੋਂ ਮੈਨੂੰ ਬਲਿਹਾਰ ਰੰਧਾਵੇ ਦੀ ਕਿਤਾਬ ‘ਕਬੱਡੀ ਦੇ ਅੰਗ-ਸੰਗ’ ਭੇਟ ਕੀਤੀ, ਜੋ ਉਹਦੀ ਪ੍ਰੇਮ ਨਿਸ਼ਾਨੀ ਵਜੋਂ ਮੇਰੇ ਕੋਲ ਹੈ। ਕੁੱਬੇ, ਕੋਟ ਗੰਗੂ ਰਾਏ, ਗੁੱਜਰਵਾਲ, ਕਮਾਲਪੁਰੇ, ਕੋਟਲਾ ਸ਼ਾਹੀਆਂ ਅਤੇ ਕਈ ਹੋਰ ਟੂਰਨਾਮੈਂਟਾਂ ਤੇ ਅਸੀਂ ਕਈ ਸਾਲ `ਕੱਠੇ ਹੁੰਦੇ ਰਹੇ। ਓਹਦੇ ਟੋਟਕੇ ਬੜੇ ਦਿਲਚਸਪ ਹੁੰਦੇ। ਜਲੰਧਰ ਦੂਰਦਰਸ਼ਨ `ਤੇ ਉਹਦੇ ਅਕਸਰ ਦਰਸ਼ਨ ਹੋ ਜਾਂਦੇ, ਕਦੇ ਨਾਟਕ ਵਿਚ, ਕਦੇ ਸੀਰੀਅਲ ਵਿਚ। ਬਹੁਪੱਖੀ ਸ਼ਖਸੀਅਤ ਦਾ ਮਾਲਕ ਸੀ ਉਹ। ਵਾਜਪਾਈ ਦੀ ਸਰਕਾਰ ਵੇਲੇ ਲੁਧਿਆਣੇ ਹੋਈਆਂ ਨੈਸ਼ਨਲ ਖੇਡਾਂ ਵਿਚ ਉਸ ਨੇ ਵਿਸ਼ਵ ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਨਾਲ ਮਿਲ ਕੇ ਕੁਮੈਂਟਰੀ ਕੀਤੀ। ਜਸਦੇਵ ਸਿੰਘ ਹਿੰਦੀ ਵਿਚ ਤੇ ਦਰਸ਼ਨ ਬੜੀ ਪੰਜਾਬੀ ਵਿਚ ਖੇਡਾਂ ਦਾ ਅੱਖੀਂ ਵੇਖਿਆ ਹਾਲ ਸੁਣਾ ਰਹੇ ਸਨ, ਜਿਹੜਾ ਦੂਰਦਰਸ਼ਨ ਦੇ ਜ਼ਰੀਏ ਸਾਰੇ ਦੇਸ਼ ਵਿਚ ਸੁਣਿਆ ਤੇ ਵੇਖਿਆ ਗਿਆ।
2018 ਵਿਚ ਉਹਦੇ ਨਾਲ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ `ਚ ਸਿੱਖ ਗੇਮਾਂ `ਤੇ ਫਿਰ ਮੇਲ ਹੋਇਆ। ਗਰਾਊਂਡ `ਚ ਉਹ ਮੇਰੀ ਚਿੱਟੀ ਦਾੜ੍ਹੀ ਵੇਖ ਕੇ ਕਹਿੰਦਾ, ਸੁਣਾ ਤਾਇਆ ਕੀ ਹਾਲ ਐ? ਮੈਂ ਕਿਹਾ, ਵਧੀਆ ਐ ਚਾਚਾ, ਤੂੰ ਦੱਸ। ਕਹਿੰਦਾ, ਯਾਰ ਤੂੰ ਮੈਨੂੰ ਗੋਦ ਲੈ ਲੈ। ਮੈਂ ਕਿਹਾ, ਫੇਰ ਕਿਹੜਾ ਤੇਰਾ ਵਿਆਹ ਹੋ ਜੂ? ਰਹੇਂਗਾ ਤਾਂ ਛੜੇ ਦਾ ਛੜਾ। ਕੋਲ ਖੜ੍ਹਾ ਪ੍ਰਭਜੋਤ ਸੰਧੂ ਕਹਿੰਦਾ, ਛੜਾ ਨ੍ਹੀਂ, ਮੁਕਤਾ ਆਖੋ। ਮੈਂ ਉਹਨੂੰ ਪੁੱਛਿਆ, ਕੁਮੈਂਟਰੀ ਦੇ ਸਫਰ ਦੀਆਂ ਯਾਦਾਂ ਲਿਖਣੀਆਂ ਸ਼ੁਰੂ ਕੀਤੀਆਂ ਜਾਂ ਨਹੀਂ? ਕਹਿੰਦਾ ਸ਼ੁਰੂ ਕਰਕੇ ਫੇਰ ਬੰਦ ਕਰ ਦਿੱਤੀਆਂ। ਮੇਰੇ ਕਹਿਣ `ਤੇ ਉਹ ਦੁਬਾਰਾ ਕਲਮ ਚੁੱਕਣ ਨੂੰ ਤਿਆਰ ਹੋ ਗਿਆ ਸੀ, ਪਰ ਪਤਾ ਨਹੀਂ ਕੋਈ ਯਾਦ ਲਿਖ ਗਿਆ ਜਾਂ ਅਧੂਰੀਆਂ ਹੀ ਛੱਡ ਗਿਆ!”
ਉਸ ਰੰਗਲੇ ਸੱਜਣ ਦੇ ਤੁਰ ਜਾਣ ਨਾਲ ਕਬੱਡੀ ਦੀ ਕੁਮੈਂਟਰੀ ਦਾ ਸਾਹਿਤਕ ਪੱਖ ਖੁਰ ਗਿਆ। ਪੰਜਾਬੀ ਦੇ ਹਰ ਵੱਡੇ ਸ਼ਾਇਰ ਦੀਆਂ ਕਵਿਤਾਵਾਂ ਉਹਦੀ ਕੁਮੈਂਟਰੀ ਦਾ ਅੰਗ ਬਣਦੀਆਂ ਰਹੀਆਂ:
ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ
ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ।
ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ
ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ।
ਬੋਲੀ ਆਪਣੀ ਨਾਲ ਪਿਆਰ ਰੱਖਾਂ
ਇਹ ਗੱਲ ਆਖਣੋਂ ਮੂਲ ਨਾ ਸੰਗਦਾ ਹਾਂ।
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ
ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।
ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ,
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ…।

ਬਾਂਹ ਫੜ ਕੇ ਕਦੇ ਨਹੀਂ ਛੱਡੀ,
ਦੋ ਸ਼ੌਕ ਮਿੱਤਰਾਂ ਦੇ।
ਪਾਉਣਾ ਭੰਗੜਾ ਤੇ ਖੇਡਣੀ ਕਬੱਡੀ
ਦੋ ਸ਼ੌਕ ਮਿੱਤਰਾਂ ਦੇ…।

ਬਹਿ ਕੇ ਵੇਖੋ ਬਾਬਿਓ ਗੱਭਰੂ ਰੇਡਾਂ ਪਾਉਂਦੇ ਨੇ,
ਚੋਬਰ ਜੱਫੇ ਲਾਉਂਦੇ ਨੇ…।
ਝਾਕਾ ਹੋਰ ਨੂੰ ਤੇ ਹੱਥ ਲਾਵੇਂ ਹੋਰ ਨੂੰ
ਬੱਲੇ ਓਏ ਚਲਾਕ ਸੱਜਣਾਂ…।
ਕਲਾਕਾਰੀਆਂ ਕਰਦੇ ਦੀ ਉਹਦੀ ਜਿੰਦ ਮੁੱਕ ਗਈ, ਪਰ ਕੰਮ ਨਾ ਮੁੱਕੇ। ਨੰਦ ਲਾਲ ਨੂਰਪੁਰੀ ਦਾ ਗੀਤ ਉਹਦੇ ਮੂੰਹੋਂ ਸਜਦਾ ਵੀ ਬੜਾ ਸੀ: ਕੈਂਠੇ ਵਾਲਾ ਆ ਗਿਆ ਪ੍ਰਾਹੁਣਾ, ਨੀ ਮਾਏ ਤੇਰੇ ਕੰਮ ਨਾ ਮੁੱਕੇ…। ਸਰੀਰਕ ਤੌਰ ‘ਤੇ ਬੇਸ਼ਕ ਉਹ ਚਲਾ ਗਿਆ, ਪਰ ਉਹਦੀਆਂ ਯਾਦਾਂ ਦੇਰ ਤਕ ਜਿਊਂਦੀਆਂ ਰਹਿਣਗੀਆਂ।