ਹਰਿ ਕੋ ਨਾਮੁ ਜਪਿ ਨਿਰਮਲ ਕਰਮੁ

ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657
ਜਪੁ॥
ਜਪੁਜੀ ਵਿਚ ਸਿੱਖ ਧਰਮ ਦਾ ਦੂਸਰਾ ਮਹੱਤਵਪੂਰਨ ਸਿਧਾਂਤ ਪ੍ਰਭੂ ਦਾ ਨਾਮ ਜਪਣਾ ਅਤੇ ਪ੍ਰਭੂ ਦਾ ਸਿਮਰਨ ਕਰਨਾ ਦਸਿਆ ਹੈ। ਸ਼ਾਸਤਰਾਂ ਮੁਤਾਬਕ ਕਿਸੇ ਮੰਤਰ ਦੀ ਸਿੱਧੀ ਲਈ ਉਸ ਮੰਤਰ ਦਾ ਵਾਰ ਵਾਰ ਉਚਾਰਨ ਕਰਨਾ ਹੀ ਜਪ ਜਾ ਜਾਪ ਕਿਹਾ ਗਿਆ ਹੈ। ਜਾਪ ਨੂੰ ਮੋਨ ਪ੍ਰਾਰਥਨਾ ਵੀ ਕਿਹਾ ਗਿਆ ਹੈ। ਜਪ ਦੀਆਂ ਵੀ ਕਈ ਅਵਸਥਾਵਾਂ ਹਨ, ਜੋ ਬਾਣੀ `ਤੇ ਆਧਾਰਿਤ ਹਨ। ਬਾਣੀ ਚਾਰ ਕਿਸਮ ਦੀ ਹੁੰਦੀ ਹੈ। ਪਹਿਲੀ ਬੈਖਰੀ, ਜੋ ਜੀਭ ਰਾਹੀਂ ਬੋਲੀ ਜਾਂਦੀ ਹੈ ਤੇ ਕੰਨਾਂ ਰਾਹੀਂ ਸੁਣੀ ਜਾਂਦੀ ਹੈ। ਦੂਸਰੀ ਬਾਣੀ ਮੱਧਮਾ, ਜੋ ਗਲੇ ਰਾਹੀਂ ਤੇ ਗਲੇ ਵਿਚ ਹੀ ਬੋਲੀ ਜਾਂਦੀ ਹੈ, ਜਿਸ ਨੂੰ ਉਹ ਵਿਅਕਤੀ ਸਿਰਫ ਆਪ ਹੀ ਸੁਣਦਾ ਹੈ। ਤੀਸਰੀ ਬਾਣੀ ਪਸੰਤੀ ਹੈ, ਜੋ ਹਿਰਦੇ ਵਿਚੋਂ ਉਪਜਦੀ ਹੈ ਤੇ ਉਸ ਨੂੰ ਸੁਰਤ ਦੇ ਕੰਨਾਂ ਰਾਹੀਂ ਸੁਣਿਆ ਜਾਂਦਾ ਹੈ।

ਚੌਥੀ ਬਾਣੀ ਪਰਾ ਬਾਣੀ ਹੈ, ਜੋ ਨਾਭੀ ਤੋਂ ਉਠ ਕੇ ਮੱਥੇ ਤਕ ਪਹੁੰਚਦੀ ਹੈ, ਜਿਸ ਨੂੰ ਸੁਰਤ ਦੇ ਕੰਨਾਂ ਨਾਲ ਹੀ ਸੁਣਿਆ ਜਾਂਦਾ ਹੈ। ਜੈਸੀ ਜਿਸ ਦੀ ਪਹੁੰਚ ਹੁੰਦੀ ਹੈ, ਵੈਸੀ ਹੀ ਬਾਣੀ ਨੂੰ ਉਹ ਸੁਣ ਸਕਦਾ ਹੈ। ਇਹ ਅਭਿਆਸ ਹੀ ਨਾਮ ਦਾ ਅਭਿਆਸ ਕਰਨਾ ਹੈ। ਜੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਸੰਭਵ ਹੈ। ਜਪ ਉਸ ਦਾ ਸਾਧਨ ਹੈ। ਇਹ ਸੁਰਤ ਅਤੇ ਸ਼ਬਦ ਦੀ ਖੇਡ ਹੈ, ਜੋ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੁੰਦੀ ਹੈ।
ਇਹ ਸੰਸਾਰ ਮਾਇਆ ਤੋਂ ਪੈਦਾ ਹੋਇਆ ਅਤੇ ਮਾਇਆ ਦੇ ਹੀ ਅਧੀਨ ਹੈ, ਇਸ ਦੇ ਸੁਖ ਮਾਇਕ ਪਦਾਰਥਾਂ ਤੋਂ ਪੈਦਾ ਹੋਏ ਹਨ। ਇਹ ਮਾਇਆ ਅਤੇ ਇਸ ਦੀ ਪੈਦਾਵਾਰ ਸੰਸਾਰਕ ਸੁਖ ਹੀ ਦੇ ਸਕਦੇ ਹਨ, ਜੋ ਨਾਸ਼ਵਾਨ ਹਨ ਤੇ ਸਥਾਈ ਨਹੀਂ ਹਨ। ਆਤਮਾ ਨੂੰ ਪੂਰਨ ਅਤੇ ਅਵਿਨਾਸ਼ੀ ਸੁਖ ਤਾਂ ਪਰਮਾਤਮਾ ਨਾਲ ਇਕਮਿਕ ਹੋ ਕੇ ਮਿਲੇਗਾ। ਉਹ ਅਵਿਨਾਸ਼ੀ ਪ੍ਰਭੂ ਵਿਅਕਤੀ ਦੀ ਅੰਤਰ ਆਤਮਾ ਵਿਚ ਹੀ ਸਥਿਤ ਹੈ, ਜਿਸ ਦੀ ਪ੍ਰਾਪਤੀ ਉਸ ਪ੍ਰਭੂ ਦਾ ਨਾਮ ਜਪਣ ਨਾਲ ਹੀ ਹੋ ਸਕਦੀ ਹੈ। ਦੂਸਰਾ ਹੋਰ ਕੋਈ ਸਾਧਨ ਨਹੀਂ ਹੈ। ਸੋ, ਉਸ ਦੀ ਪ੍ਰਾਪਤੀ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਚਲ ਕੇ ਅਤੇ ਨਾਮ ਅਭਿਆਸ ਰਾਹੀਂ ਹੀ ਹੋ ਸਕਦੀ ਹੈ। ਇਸ ਉਦੇਸ਼ ਦੀ ਪੂਰਤੀ ਕਰਨਾ ਹੀ ਉਸ ਪ੍ਰਭੂ ਦੇ ਹੁਕਮ ਦੀ ਪਾਲਣਾ ਕਰਨਾ ਹੈ।
ਇਹ ਜਪੁ ਸ਼ਬਦ ਵੀ ਬਹੁਤ ਭਾਵਪੂਰਨ ਅਤੇ ਬਹੁਤ ਹੀ ਮਹੱਤਤਾ ਰੱਖਦਾ ਹੈ। ਜਿੱਥੇ ਇਹ ਬਾਣੀ ਦਾ ਨਾਮ ਹੈ, ਉਥੇ ਹੀ ਇਹ ਜੀਵਨ ਦੇ ਮਨੋਰਥ ਬਾਰੇ ਵੀ ਸੁਚੇਤ ਕਰਦਾ ਹੈ। ਗੁਰ ਪ੍ਰਸਾਦਿ ਹੀ ਨਾਮ ਜਪਣ ਵਿਚ ਸਹਾਇਕ ਹੁੰਦਾ ਹੈ। ਸੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਇਹ ਕਮਾਈ ਕੀਤੀ ਜਾ ਸਕਦੀ ਹੈ। ਗੁਰੂ ਕਿਰਪਾ ਸਦਕਾ ਨਾਮ ਜਪ ਕੇ ਹੀ ਉਸ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ, ਇਸ ਤੋਂ ਬਿਨਾ ਹੋਰ ਕੋਈ ਵੀ ਸਾਧਨ ਨਹੀਂ ਹੈ, ਜੋ ਇਸ ਕੰਮ ਵਿਚ ਸਹਾਇਕ ਹੋ ਸਕੇ।
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਸਗਲ ਕ੍ਰਿਆ ਊਤਮ ਕਿਰਿਆ॥
ਸਾਧਸੰਗਿ ਦੁਰਮਤਿ ਮਲੁ ਹਿਰਿਆ॥
ਸਗਲ ਉਦਮ ਮਹਿ ਉਦਮੁ ਭਲਾ॥
ਹਰਿ ਕਾ ਨਾਮੁ ਜਪੁਹ ਜੀਅ ਸਦਾ॥
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ॥
ਹਰਿ ਕੋ ਜਸੁ ਸੁਨਿ ਰਸਨ ਬਖਾਨੀ॥
ਸਗਲ ਥਾਨ ਤੇ ਓਹ ਊਤਮ ਥਾਨੁ॥
ਨਾਨਕ ਜਿਹ ਘਟ ਵਸੈ ਹਰਿ ਨਾਮੁ॥8॥3॥
ਗੁਰੂ ਅਰਜਨ ਦੇਵ ਜੀ ਤੀਸਰੀ ਅਸ਼ਟਪਦੀ ਦੇ ਅਠਵੇਂ ਪਦ ਵਿਚ ਉਤਮ ਧਰਮ ਦੀ ਪਰਿਭਾਸ਼ਾ ਦਸਦਿਆਂ ਕਹਿੰਦੇ ਹਨ ਕਿ ਸਭ ਤੋਂ ਵਧੀਆ ਧਰਮ ਨਾਮ ਦੇ ਜਾਪ ਕਰਨਾ ਹੀ ਹੈ ਅਤੇ ਸਭ ਤੋਂ ਨਿਰਮਲ ਕਰਮ ਹਰੀ ਪਰਮੇਸ਼ਰ ਦੇ ਨਾਮ ਜਪਣਾ ਹੈ। ਸਭ ਤੋਂ ਨਿਰਮਲ ਕਿਰਿਆ ਵੀ ਸਾਧੂ ਪੁਰਸ਼ਾਂ ਦੀ ਸੰਗਤ ਕਰਕੇ ਨਾਮ ਦੀ ਕਮਾਈ ਨਾਲ ਮਨ ਉਪਰ ਲੱਗੀ ਕਈ ਜਨਮਾਂ ਦੇ ਕੀਤੇ ਹੋਏ ਕਰਮਾਂ ਦੀ ਜਾਂ ਬੁਰੀ ਮੱਤ ਅਤੇ ਹਉਮੈ ਦੀ ਮੈਲ ਨੂੰ ਧੋ ਲੈਣਾ ਹੈ। ਸਭ ਤੋਂ ਵਧੀਆ ਉਦਮ ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਣਾ ਅਤੇ ਸਦਾ ਲਈ ਧਾਰਨ ਕਰਕੇ ਰੱਖਣਾ ਹੀ ਹੈ। ਸਭ ਤੋਂ ਉਤਮ ਬਾਣੀ ਪਰਮਾਤਮਾ ਦੇ ਜਪ ਰਾਹੀਂ ਉਸ ਦਾ ਜਸ ਗਾਉਣਾ ਹੀ ਹੈ। ਸਭ ਤੋਂ ਵਧੀਆ ਹਿਰਦਾ ਉਹ ਹੈ, ਜਿਸ ਵਿਚ ਪਰਮਾਤਮਾ ਦਾ ਨਾਮ ਪ੍ਰਗਟ ਹੋ ਗਿਆ ਹੈ। ਹੋਰ ਕਈ ਕਿਸਮ ਦੇ ਕਰਮ ਕਾਂਡ ਧਰਮ ਦੇ ਨਾਮ `ਤੇ ਕੀਤੇ ਜਾਂਦੇ ਹਨ, ਜੋ ਇਸ ਕਾਰਜ ਵਿਚ ਸਹਾਇਕ ਨਹੀਂ ਹਨ, ਪਰ ਨਾਮ ਦੀ ਕਮਾਈ ਹੀ ਹਰ ਧਰਮ ਦੀ ਆਤਮਾ ਹੈ ਅਤੇ ਉਤਮ ਕਮਾਈ ਹੈ। ਇਹ ਨਾਮ ਵਿਅਕਤੀ ਦੀ ਅੰਤਰ ਆਤਮਾ ਵਿਚ ਹੀ ਸਥਿਤ ਹੈ।
ਜਿਹ ਪ੍ਰਸਾਦਿ ਤੂੰ ਪ੍ਰਗਟ ਸੰਸਾਰਿ॥
ਤਿਸੁ ਪ੍ਰਭ ਕਉ ਮੂਲਿ ਨ ਮਨਹੁ ਵਿਸਾਰਾ॥
ਜਿਹ ਪ੍ਰਸਾਦਿ ਤੇਰਾ ਪਰਤਾਪੁ॥
ਰੇ ਮਨ ਮੂੜ ਤੂ ਤਾ ਕਉ ਜਾਪੁ॥
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ॥
ਤਿਸਹਿ ਜਾਨੁ ਮਨ ਸਦਾ ਹਜੂਰੇ॥
ਜਿਹ ਪ੍ਰਸਾਦਿ ਤੂੰ ਪਾਵਿਹਿ ਸਾਚੁ॥
ਰੇ ਮਨ ਮੇਰੇ ਤੂੰ ਤਾ ਸਿਉ ਰਾਚਿ॥
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ॥
ਨਾਨਕ ਜਾਪੁ ਜਪੈ ਜਪੁ ਸੋਇ॥7॥
ਇਸ ਉਪਰੰਤ ਛੇਵੀਂ ਅਸ਼ਟਪਦੀ ਦੇ ਚੌਥੇ ਪਦ ਵਿਚ ਪ੍ਰਭੂ ਦੀ ਕਿਰਪਾ ਦੀ ਵਿਆਖਿਆ ਕਰਦਿਆਂ ਫੁਰਮਾਉਂਦੇ ਹਨ ਕਿ ਹੇ ਮੇਰੇ ਮਨ, ਜਿਸ ਪਰਮਾਤਮਾ ਦੀ ਕਿਰਪਾ ਕਰਕੇ ਤੂੰ ਇਸ ਸੰਸਾਰ ਵਿਚ ਜਨਮ ਲੈ ਕੇ ਆਇਆ ਹੈਂ, ਉਸ ਪ੍ਰਭੂ ਨੂੰ ਕਿਉਂ ਮਨ ਵਿਚੋਂ ਭੁਲਾਈ ਬੈਠਾ ਹੈਂ। ਉਸ ਪ੍ਰਭੂ ਦੀ ਕਿਰਪਾ ਸਦਕਾ ਸੰਸਾਰ ਵਿਚ ਤੇਰਾ ਮਾਣ-ਸਨਮਾਨ ਬਣਿਆ ਹੋਇਆ ਹੈ। ਇਸ ਲਈ ਹੇ ਮੇਰੇ ਮੂਰਖ ਮਨ, ਤੂੰ ਸਦਾ ਉਸ ਪ੍ਰਭੂ ਦਾ ਜਾਪ ਕਿਉਂ ਨਹੀਂ ਕਰਦਾ, ਜਿਸ ਦੀ ਕਿਰਪਾ ਨਾਲ ਤੇਰੇ ਸਾਰੇ ਕੰਮ ਸੰਪੂਰਨ ਹੁੰਦੇ ਹਨ! ਤੂੰ ਉਸ ਪਰਮਾਤਮਾ, ਜੋ ਹੀ ਸਦਾ ਹਾਜ਼ਰ ਹੈ ਅਤੇ ਸਦਾ ਹੀ ਸਭ ਦਾ ਖਿਆਲ ਕਰਨ ਵਾਲਾ ਹੈ, ਜਿਸ ਪ੍ਰਭੂ ਦੀ ਕਿਰਪਾ ਸਦਕਾ ਤੈਨੂੰ ਸੱਚ ਦੀ ਸਮਝ ਅਤੇ ਗਿਆਨ ਪ੍ਰਾਪਤ ਹੁੰਦਾ ਹੈ, ਹੇ ਮੇਰੇ ਮਨ ਤੂੰ ਸਦਾ ਉਸ ਪ੍ਰਭੂ ਦੀ ਯਾਦ ਵਿਚ ਹੀ ਮਗਨ ਰਹੁ। ਉਸ ਪ੍ਰਭੂ ਦੀ ਕਿਰਪਾ ਨਾਲ ਹੀ ਤੇਰਾ ਕਲਿਆਣ ਭਾਵ ਭਲਾ ਹੋਣਾ ਹੈ। ਤਾਂ ਤੂੰ ਉਸ ਪ੍ਰਭੂ ਦਾ ਨਾਮ ਜਪਦਿਆਂ ਉਸ ਦੇ ਨਾਮ ਵਿਚ ਸਦਾ ਲਈ ਲੀਨ ਕਿਉਂ ਨਹੀਂ ਹੁੰਦਾ। ਭਾਵ ਨਾਮ ਦਾ ਜਾਪ ਅਤੇ ਸਿਮਰਨ ਹੀ ਵਿਅਕਤੀ ਦੇ ਕਲਿਆਣ ਦਾ ਸਾਧਨ ਹੈ।
ਬੀਜ ਮੰਤ੍ਰ ਸਰਬ ਕੋ ਗਿਆਨੁ॥
ਚਹੁ ਵਰਨਾ ਮਹਿ ਜਪੈ ਕੋਊ ਨਾਮੁ॥
ਜੋ ਜੋ ਜਪੈ ਤਿਸੁ ਕੀ ਗਤਿ ਹੋਇ॥
ਸਾਧਸੰਗਿ ਪਾਵੈ ਜਨੁ ਕੋਇ॥
ਕਰਿ ਕਿਰਪਾ ਅੰਤਰਿ ਉਰ ਧਾਰੈ॥
ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ॥
ਸਰਬ ਰੋਗ ਕਾ ਅਉਖਦੁ ਨਾਮੁ॥
ਕਲਿਆਣ ਰੂਪ ਮੰਗਲ ਗੁਣ ਗਾਮ॥
ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ॥
ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ॥5॥
ਹੁਣ ਨੌਂਵੀਂ ਅਸ਼ਟਪਦੀ ਦੇ ਪੰਜਵੇਂ ਪਦ ਵਿਚ ਉਪਦੇਸ਼ ਕਰਦੇ ਹਨ ਕਿ ਨਾਮ ਰੂਪੀ ਬੀਜ ਮੰਤਰ ਹੀ ਗਿਆਨ ਦਾ ਬੀਜ ਹੈ। ਇਹ ਨਾਮ ਰੂਪੀ ਬੀਜ ਮੰਤਰ ਹੀ ਸੱਚੇ ਗਿਆਨ ਦਾ ਸਾਧਨ ਹੈ। ਇਸ ਲਈ ਚਾਰ ਵਰਨਾਂ ਵਿਚ ਵੰਡੇ ਹੋਏ ਸਮਾਜ ਵਿਚੋਂ ਜੋ ਵੀ ਵਿਅਕਤੀ ਨਾਮ ਦਾ ਜਾਪ ਕਰਦਾ ਹੈ, ਉਹ ਬਿਨਾ ਕਿਸੇ ਵਿਤਕਰੇ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਦਰ `ਤੇ ਕਿਸੇ ਨਾਲ ਵੀ ਕੋਈ ਭਿੰਨ ਭੇਦ ਨਹੀਂ ਕੀਤਾ ਜਾਂਦਾ। ਉਥੇ ਸਾਰੇ ਹੀ ਬਰਾਬਰ ਹਨ। ਇਸ ਲਈ ਜੋ ਵੀ ਵਿਅਕਤੀ ਪ੍ਰਭੂ ਦਾ ਨਾਮ ਜਪਦਾ ਹੈ, ਬਿਨਾ ਕਿਸੇ ਵਿਤਕਰੇ ਦੇ ਸਭ ਦਾ ਹੀ ਕਲਿਆਣ ਹੋ ਜਾਂਦਾ ਹੈ। ਇਹ ਨਾਮ ਰੂਪੀ ਸਾਧਨ ਦੀ ਪ੍ਰਾਪਤੀ ਸਾਧ ਸੰਗਤ ਵਿਚੋਂ ਹੀ ਹੁੰਦੀ ਹੈ। ਜੋ ਵੀ ਵਿਅਕਤੀ ਪਰਮਾਤਮਾ ਦੀ ਕਿਰਪਾ ਨਾਲ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਇਹ ਨਾਮ ਦੀ ਹੀ ਸਮਰੱਥਾ ਹੈ ਕਿ ਪਸੂ ਵਿਰਤੀ, ਪਾਪੀ, ਮੂਰਖ ਅਤੇ ਪੱਥਰ ਜਿਹੀ ਕਠੋਰ ਵਿਰਤੀ ਵਾਲੇ ਵਿਅਕਤੀਆਂ ਦਾ ਵੀ ਕਲਿਆਣ ਕਰ ਸਕੇ। ਇਹ ਨਾਮ ਹੀ ਹਰ ਕਿਸਮ ਦੇ ਰੋਗਾਂ ਭਾਵ ਸਰੀਰਕ, ਮਾਨਸਿਕ ਤੇ ਅਧਿਆਤਮਕ ਰੋਗਾਂ ਨੂੰ ਦੂਰ ਕਰਨ ਵਾਲਾ ਹੈ ਅਤੇ ਨਾਮ ਦਾ ਜਾਪ ਹੀ ਜੀਵ ਦਾ ਕਲਿਆਣ ਤੇ ਪਰਮ ਸੁਖ ਦਾ ਸਾਧਨ ਹੈ। ਐਸੀਆਂ ਬਖਸ਼ਿਸ਼ਾਂ ਦਾ ਖਜਾਨਾ ਅਤੇ ਧਰਮ ਦਾ ਅਸਲੀ ਸਰੂਪ ਕਿਸੇ ਮਨ ਮਰਜ਼ੀ ਦੀ ਜੁਗਤੀ ਜਾਂ ਕਿਰਿਆ ਨਾਲ ਨਹੀਂ ਮਿਲਦਾ, ਸਗੋਂ ਜਿਸ ਉਪਰ ਪਰਮਾਤਮਾ ਦੀ ਕਿਰਪਾ ਅਤੇ ਸ਼ੁਭ ਕਰਮਾਂ ਨਾਲ ਉਸ ਨੂੰ ਹੀ ਮਿਲਦਾ ਹੈ, ਜਿਸ ਦੇ ਲੇਖਾਂ ਵਿਚ ਧੁਰੋਂ ਹੀ ਲਿਖਿਆ ਹੁੰਦਾ ਹੈ।
ਮਿਰਤਕ ਕਉ ਜੀਵਾਲਨਹਾਰ॥
ਭੂਖੇ ਕਉ ਦੇਵਤ ਅਧਾਰ॥
ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ॥
ਪੁਰਬ ਲਿਖੇ ਕਾ ਲਹਿਣਾ ਪਾਹਿ॥
ਸਭੁ ਕਿਛੁ ਤਿਸੁ ਕਾ ਓਹ ਕਰਨੈ ਜੋਗੁ॥
ਤਿਸੁ ਬਿਨੁ ਦੂਸਰ ਹੋਆ ਨ ਹੋਗੁ॥
ਜਪਿ ਜਨ ਸਦਾ ਸਦਾ ਦਿਨੁ ਰੈਣੀ॥
ਸਭ ਤੇ ਊਚ ਨਿਰਮਲ ਇਹ ਕਰਣੀ॥
ਕਰਿ ਕਿਰਪਾ ਜਿਸ ਕਉ ਨਾਮੁ ਦੀਆ॥
ਨਾਨਕ ਸੋ ਜਨੁ ਨਿਰਮਲ ਥੀਆ॥7॥
ਪੰਦਰਵੀਂ ਅਸ਼ਟਪਦੀ ਦੇ ਸਤਵੇਂ ਪਦ ਵਿਚ ਕਹਿੰਦੇ ਹਨ ਕਿ ਉਹ ਅਕਾਲਪੁਰਖ ਹੀ ਆਤਮਿਕ ਤੌਰ `ਤੇ ਮੁਰਦਾ ਵਿਅਕਤੀਆਂ ਨੂੰ ਅਪਣੇ ਨਾਮ ਨਾਲ ਜੋੜ ਕੇ ਜਿਉਂਦਾ ਕਰਨ ਦੀ ਸਮਰੱਥਾ ਵਾਲਾ ਹੈ ਅਤੇ ਸਾਰੀਆਂ ਸੰਸਾਰਕ ਭੁੱਖਾਂ ਅਤੇ ਇਛਾਵਾਂ ਨੂੰ ਨਾਮ ਰੂਪੀ ਅੰਮ੍ਰਿਤ ਦੀ ਦਾਤ ਨਾਲ ਤ੍ਰਿਪਤ ਕਰਨ ਦੇ ਸਮਰੱਥ ਹੈ। ਉਸ ਦੀ ਦ੍ਰਿਸ਼ਟੀ ਮਾਤਰ ਵਿਚ ਹੀ ਸਾਰੇ ਭੰਡਾਰ ਸਥਿਤ ਹਨ, ਪਰ ਪ੍ਰਭੂ ਦੇ ਹੁਕਮ ਅਨੁਸਾਰ ਸਾਰਿਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਹੀ ਪ੍ਰਾਪਤ ਹੁੰਦਾ ਹੈ। ਪ੍ਰਭੂ ਹੀ ਆਪਣੀ ਕਿਰਪਾ ਸਦਕਾ ਲੋਕ-ਪਰਲੋਕ ਦੀਆਂ ਸਾਰੀਆਂ ਦਾਤਾਂ ਦੇਣ ਦੇ ਸਮਰੱਥ ਹੈ। ਉਸ ਤੋਂ ਬਿਨਾ ਹੋਰ ਕੋਈ ਕਰਤਾ ਅਤੇ ਦਾਤਾ ਨਹੀਂ ਹੈ ਤੇ ਨਾ ਹੀ ਕੋਈ ਹੋਰ ਹੋ ਸਕਦਾ ਹੈ। ਇਸ ਲਈ ਜੀਵ ਨੂੰ ਦਿਨ ਰਾਤ ਨਾਮ ਦਾ ਜਾਪ ਅਤੇ ਸਿਮਰਨ ਕਰਨਾ ਚਾਹੀਦਾ ਹੈ। ਇਹੋ ਹੀ ਜੀਵ ਲਈ ਸਭ ਤੋਂ ਉਚੀ ਅਤੇ ਨਿਰਮਲ ਕਰਨੀ ਹੈ। ਇਹੋ ਹੀ ਸਹੀ ਜੀਵਨ ਜਾਚ ਹੈ। ਜਿਸ ਵਿਅਕਤੀ ਨੂੰ ਪਰਮਾਤਮਾ ਆਪਣੀ ਦਇਆ ਮਿਹਰ ਸਦਕਾ ਇਹ ਨਾਮ ਸਿਮਰਨ ਅਤੇ ਜਪੁ ਦੀ ਦਾਤ ਬਖਸ਼ ਦਿੰਦਾ ਹੈ, ਉਸ ਦਾ ਹਿਰਦਾ ਵਿਸ਼ੇ-ਵਿਕਾਰਾਂ, ਆਸ਼ਾ-ਤ੍ਰਿਸ਼ਨਾਵਾਂ ਅਤੇ ਕਰਮ ਸੰਸਕਾਰਾਂ ਦੀਆਂ ਸਾਰੀਆਂ ਮੈਲਾਂ ਤੋਂ ਪਵਿੱਤਰ ਹੋ ਜਾਂਦਾ ਹੈ।
ਸਾਜਨ ਸੰਤ ਕਰਹੁ ਇਹੁ ਕਾਮੁ॥
ਆਨ ਤਿਆਗਿ ਜਪੁਹ ਹਰਿ ਨਾਮੁ॥
ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ॥
ਆਪਿ ਜਪੁਹੁ ਆਵਰਹ ਨਾਮੁ ਜਪਾਵਹੁ॥
ਭਗਤਿ ਭਾਇ ਤਰੀਐ ਸੰਸਾਰੁ॥
ਬਿਨੁ ਭਗਤੀ ਤਨੁ ਹੋਸੀ ਛਾਰੁ॥
ਸਰਬ ਕਲਿਆਣ ਸੂਖ ਨਿਧਿ ਨਾਮੁ॥
ਬੂਡਤ ਜਾਤ ਪਾਏ ਬਿਸ੍ਰਾਮੁ॥
ਸਗਲ ਦੂਖ ਕਾ ਹੋਵਤ ਨਾਸੁ॥
ਨਾਨਕ ਨਾਮੁ ਜਪਹੁ ਗੁਨਤਾਸੁ॥5॥
ਅੱਗੇ ਗੁਰੂ ਜੀ ਵੀਹਵੀਂ ਅਸ਼ਟਪਦੀ ਦੇ ਪੰਜਵੇਂ ਪਦ ਵਿਚ ਉਪਦੇਸ਼ ਕਰਦੇ ਹਨ ਕਿ ਹੇ ਸੱਜਣੋ, ਹੇ ਸੰਤ ਜਨੋ ਤੁਸੀਂ ਬਾਕੀ ਸਭ ਸਾਧਨਾਂ ਨੂੰ ਛੱਡ ਕੇ ਸਿਰਫ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਕਾਰਜ ਹੀ ਕਰੋ। ਤੁਸੀਂ ਸਦਾ ਹੀ ਸਰੀਰ, ਮਨ ਅਤੇ ਆਤਮਾ ਕਰਕੇ ਨਾਮ ਦਾ ਸਿਮਰਨ ਕਰਦੇ ਰਿਹਾ ਕਰੋ, ਕਿਉਂਕਿ ਇਹ ਹੀ ਸਾਰੇ ਸੁਖਾਂ ਨੂੰ ਦੇਣ ਵਾਲਾ ਹੈ। ਸੋ ਜਿਥੇ ਤੁਸੀਂ ਆਪ ਪ੍ਰਭੂ ਦਾ ਨਾਮ ਜਪਣਾ ਹੈ, ਉਥੇ ਹੀ ਦੂਸਰਿਆਂ ਨੂੰ ਵੀ ਨਾਮ ਜਪਣ ਦੀ ਪ੍ਰੇਰਣਾ ਕਰੋ ਅਤੇ ਉਨ੍ਹਾਂ ਦੀ ਇਸ ਕਾਰਜ ਵਿਚ ਬਣਦੀ ਮਦਦ ਵੀ ਕਰੋ। ਆਪਣੇ ਮਨ ਵਿਚ ਇਹ ਦ੍ਰਿੜ ਕਰ ਲਵੋ ਕਿ ਪ੍ਰਭੂ ਦੇ ਨਾਮ ਦੇ ਜਾਪ ਤੇ ਸਿਮਰਨ ਹੀ ਉਸ ਪ੍ਰਭੂ ਦੀ ਭਗਤੀ ਦਾ ਮੁੱਖ ਸਾਧਨ ਹੈ ਅਤੇ ਪ੍ਰਭੂ ਦੀ ਭਗਤੀ ਹੀ ਉਹ ਸਾਧਨ ਹੈ, ਜੋ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰਨ ਦੀ ਸਮਰੱਥਾ ਰੱਖਦਾ ਹੈ। ਪ੍ਰਭੂ ਦੀ ਭਗਤੀ ਤੋਂ ਬਿਨਾ ਇਹ ਤਨ ਤੇ ਇਹ ਜੀਵਨ ਵਿਅਰਥ ਹੀ ਬੀਤ ਜਾਵੇਗਾ ਅਤੇ ਇਹ ਤਨ ਸਿਰਫ ਸਵਾਹ ਦੀ ਇਕ ਢੇਰੀ ਬਣ ਕੇ ਹੀ ਖਤਮ ਹੋ ਜਾਵੇਗਾ। ਪ੍ਰਭੂ ਦਾ ਨਾਮ ਹੀ ਪ੍ਰਾਣੀ ਲਈ ਸਾਰੇ ਸੁਖਾਂ ਅਤੇ ਰਹਿਮਤਾਂ ਦਾ ਭੰਡਾਰ ਹੈ। ਸੰਸਾਰ ਸਾਗਰ ਦੀਆਂ ਮੋਹ ਮਮਤਾ ਦੀਆਂ ਲਹਿਰਾਂ ਵਿਚ ਡੁਬਦੇ ਜਾ ਰਹੇ ਵਿਅਕਤੀ ਨੂੰ ਨਾਮ ਜਪਣ ਦਾ ਹੀ ਸਹਾਰਾ ਹੈ ਅਤੇ ਨਾਮ ਜਪਣ ਨਾਲ ਹੀ ਅਡੋਲ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਤੇ ਸਾਰੇ ਦੁਖਾਂ-ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ। ਨਾਮ ਦਾ ਜਾਪ ਅਭਿਆਸ ਹੀ ਸਾਰੇ ਗੁਣਾਂ ਦਾ ਭੰਡਾਰ ਅਤੇ ਖਜ਼ਾਨਾ ਹੈ, ਭਾਵ ਨਾਮ ਹੀ ਸਭ ਸੁਖਾਂ ਅਤੇ ਕਲਿਆਣ ਦਾ ਸਾਧਨ ਹੈ। ਇਸ ਲਈ ਜਿਥੇ ਵਿਅਕਤੀ ਨੂੰ ਆਪ ਨਾਮ ਦਾ ਜਾਪ ਕਰਨਾ ਚਾਹੀਦਾ ਹੈ, ਉਥੇ ਹੀ ਦੂਸਰਿਆਂ ਨੂੰ ਵੀ ਇਸ ਦੀ ਪ੍ਰੇਰਣਾ ਕਰਨੀ ਚਾਹੀਦੀ ਹੈ।
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ॥1॥
ਹੁਣ ਸਾਰ ਰੂਪ ਵਿਚ ਇੱਕੀਵੀਂ ਅਸ਼ਟਪਦੀ ਦੇ ਸਲੋਕ ਰਾਹੀਂ ਉਪਦੇਸ਼ ਕਰਦੇ ਹਨ। ਇਸ ਸਲੋਕ ਵਿਚ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਆਪ ਹੀ ਨਿਰਗੁਣ ਤੇ ਸਰਗੁਣ ਅਵਸਥਾ ਵਿਚ ਵਿਆਪਕ ਹੈ ਅਤੇ ਆਪਸੀ ਅਫੁਰ ਸਮਾਧੀ ਦੀ ਅਵਸਥਾ ਵਿਚ ਸਥਿਤ ਹੈ। ਜਿਵੇਂ ਉਸ ਦੀ ਰਜ਼ਾ ਭਾਵ ਮਰਜ਼ੀ ਹੁੰਦੀ ਹੈ, ਉਵੇਂ ਦਾ ਹੀ ਰੂਪ ਧਾਰਨ ਕਰ ਲੈਂਦਾ ਹੈ। ਪਰਮਾਤਮਾ ਆਪ ਹੀ ਇਸ ਬ੍ਰਹਿਮੰਡ ਦਾ ਕਰਤਾ ਹੈ ਤੇ ਆਪ ਹੀ ਇਸ ਵਿਚ ਵਿਆਪਕ ਹੈ। ਹਰ ਇਕ ਜੜ੍ਹ ਅਤੇ ਚੇਤਨ ਵਿਚ ਉਹ ਪ੍ਰਭੂ ਆਪ ਹੀ ਵਿਆਪਕ ਹੈ ਤੇ ਜੀਵ ਰੂਪ ਹੋ ਕੇ ਆਪ ਹੀ ਆਪਣਾ ਜਾਪ ਕਰ ਰਿਹਾ ਹੈ। ਇਹ ਹੀ ਉਸ ਦੀ ਵਡਿਆਈ ਹੈ।
ਜਾਪ ਮਰੇ ਅਜਪਾ ਮਰੇ ਅਨਹਦ ਭੀ ਮਰ ਜਾਇ॥
ਸੁਰਤ ਸਮਾਨੀ ਸਬਦ ਮੇ ਤਾਕੋ ਕਾਲ ਨ ਖਾਇ॥
ਕਬੀਰ ਜੀ ਕਹਿੰਦੇ ਹਨ ਕਿ ਜਾਪ ਅਤੇ ਅਜਪਾਜਾਪ ਵੀ ਕਾਲ ਭਾਵ ਮੌਤ ਦੇ ਅਧੀਨ ਹੈ। ਜਦੋਂ ਤਕ ਸੁਰਤ ਸ਼ਬਦ ਵਿਚ ਲੀਨ ਨਹੀਂ ਹੁੰਦੀ, ਇਹ ਪੰਧ ਮੁਕੰਮਲ ਨਹੀਂ ਹੁੰਦਾ। ਇਹ ਹੀ ਗੁਰਬਾਣੀ ਦਾ ਅੰਤਿਮ ਨਿਸ਼ਾਨਾ ਹੈ। ਸੁਰਤ ਅਤੇ ਸ਼ਬਦ ਦਾ ਮੇਲ ਹੀ ਗੁਰੂ ਸਾਹਿਬਾਨ ਦਾ ਅੰਤਿਮ ਪੜਾਅ ਹੈ, ਜਿਸ ਲਈ ਨਾਮ ਦਾ ਜਾਪ ਤੇ ਸਿਮਰਨ ਅਭਿਆਸ ਕਰਨਾ ਹੈ। ਇਸ ਅਭਿਆਸ ਨਾਲ ਸੁਰਤ ਨੂੰ ਸ਼ਬਦ ਵਿਚ ਲੀਨ ਕਰ ਦੇਣਾ ਹੈ। ਇਹ ਖੇਡ ਬਹੁਤ ਮੁਸ਼ਕਿਲ ਹੈ ਅਤੇ ਗੁਰੂ ਕਿਰਪਾ ਤੋਂ ਬਿਨਾ ਨਹੀਂ ਖੇਡੀ ਜਾ ਸਕਦੀ। ਗੁਰੂ ਕਿਰਪਾ ਕਰੇ ਇਹ ਕਾਰਜ ਸੰਭਵ ਹੋ ਸਕੇ।