ਬੈਚ ਫੁੱਲ-ਅਜਾਤਾ ਡਰ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਬੈਚ ਫਲਾਵਰ ਦਵਾਈਆਂ ਦੇ ਨਾਂ ਤੋਂ ਕਈ ਲੋਕ ਸੋਚਦੇ ਹੋਣਗੇ ਕਿ ਇਹ ਫੁੱਲਾਂ ਦੇ ਇਤਰ ਵਾਂਗ ਖੁਸ਼ਬੂਦਾਰ ਹੋਣਗੀਆਂ, ਜੋ ਲੈਣ ਸਾਰ ਮਨੁੱਖ ਨੂੰ ਮੁਸ਼ਕਾ ਦਿੰਦੀਆਂ ਹੋਣਗੀਆਂ। ਕਈ ਸਮਝਦੇ ਹੋਣਗੇ ਕਿ ਇਹ ਜੜ੍ਹੀ-ਬੂਟੀਆਂ ਦੇ ਕਾਹੜਿਆਂ ਵਾਂਗ ਕੌੜੀਆਂ ਕੁਸੈਲੀਆਂ ਤੇ ਰੰਗਦਾਰ ਹੋਣਗੀਆਂ; ਪਰ ਨਾ ਇਨ੍ਹਾਂ ਦਾ ਕੋਈ ਰੰਗ ਹੁੰਦਾ ਹੈ, ਨਾ ਗੰਧ ਤੇ ਨਾ ਹੀ ਸਵਾਦ। ਇਹ ਡਿਸਟਿਲਡ ਪਾਣੀ ਵਿਚ ਬਣਦੀਆਂ ਹਨ ਤੇ ਪਾਣੀ ਵਾਂਗ ਹੀ ਰੰਗ, ਗੰਧ ਤੇ ਸਵਾਦਹੀਣ ਹੁੰਦੀਆਂ ਹਨ। ਇਨ੍ਹਾਂ ਦੇ ਬਣਾਉਣ ਦਾ ਤਰੀਕਾ ਵੀ ਰਸਮੀ ਕਸ਼ੀਦਕਾਰੀ ਤੋਂ ਵਖਰਾ ਤੇ ਸਿੱਧਾ ਸਾਦਾ ਹੈ।

ਡਾ. ਬੈਚ ਨੇ ਫੁੱਲਾਂ ਤੋਂ ਦਵਾਈ ਬਣਾਉਣ ਦੇ ਦੋ ਢੰਗ ਦੱਸੇ ਹਨ। ਪਹਿਲਾ ਨਾਜ਼ੁਕ ਫੁੱਲਾਂ ਲਈ ਹੈ, ਜੋ ਗਰਮੀ ਰੁੱਤ ਵਿਚ ਖਿਲਦੇ ਹਨ। ਕਿਸੇ ਧੁੱਪ ਵਾਲੇ ਦਿਨ ਇਨ੍ਹਾਂ ਫੁੱਲਾਂ ਨੂੰ ਬਿਨਾ ਛੂਹੇ ਤੋੜ ਲਿਆ ਜਾਂਦਾ ਹੈ ਤੇ ਫਿਰ ਇਨ੍ਹਾਂ ਨੂੰ ਸਾਫ ਸਪਰਿੰਗ ਵਾਟਰ ਦੇ ਭਰੇ ਕੱਚ ਦੇ ਕਟੋਰੇ ਵਿਚ ਤੈਰਾ ਦਿੱਤਾ ਜਾਂਦਾ ਹੈ। ਤਿੰਨ ਘੰਟੇ ਧੱੁਪ ਦੀਆਂ ਕਿਰਣਾਂ ਵਿਚ ਪਏ ਰਹਿਣ ਤੋਂ ਬਾਅਦ ਕਟੋਰੇ ਦੇ ਪਾਣੀ ਨੂੰ ਫੁਲਾਂ ਤੋਂ ਅੱਡ ਕਰ ਲਿਆ ਜਾਂਦਾ ਹੈ। ਜਿਨ੍ਹਾਂ ਪੌਦਿਆਂ ਦੇ ਫੁੱਲ ਸਰਦੀਆਂ ਵਿਚ ਖਿਲਦੇ ਹਨ ਜਾਂ ਜਿਨ੍ਹਾਂ ਦੀਆਂ ਡੰਡੀਆਂ ਸਖਤ ਹੁੰਦੀਆਂ ਹਨ, ਉਨ੍ਹਾਂ ਨੂੰ ਡੰਡੀਆਂ ਪੱਤੀਆਂ ਸਮੇਤ ਸਾਫ ਪਾਣੀ ਵਿਚ ਅੱਧੇ ਘੰਟੇ ਲਈ ਉਬਾਲਿਆ ਜਾਂਦਾ ਹੈ। ਠੰਡਾ ਹੋਣ ਉਪਰੰਤ ਫੁੱਲਾਂ ਪੱਤੀਆਂ ਆਦਿ ਨੂੰ ਪਾਣੀ ਤੋਂ ਵੱਖ ਕਰ ਦਿੱਤਾ ਜਾਂਦਾ ਹੈ।
ਇਸ ਤੋਂ ਅੱਗੇ ਸਭ ਫੁੱਲਾਂ ਲਈ ਤਰੀਕਾ ਇਕੋ ਹੈ। ਦੋਹਾਂ ਢੰਗਾਂ ਤੋਂ ਪ੍ਰਾਪਤ ਪਾਣੀ ਨੂੰ ਫਿਲਟਰ ਕੀਤਾ ਜਾਂਦਾ ਹੈ ਤੇ ਇਸ ਵਿਚ ਬਰਾਬਰ ਮਾਤਰਾ ਵਿਚ ਬ੍ਰਾਂਡੀ ਜਾਂ ਅਲਕੋਹਲ ਮਿਲਾ ਦਿੱਤੀ ਜਾਂਦੀ ਹੈ। ਇਸ ਘੋਲ ਨੂੰ ਮਦਰ ਟਿੰਕਚਰ ਕਿਹਾ ਜਾਂਦਾ ਹੈ। ਮਦਰ ਟਿੰਕਚਰ ਦੇ ਇਕ ਹਿੱਸੇ ਨੂੰ ਤੀਹ ਹਿੱਸੇ ਸਾਫ ਪਾਣੀ ਨਾਲ ਮਿਲਾ ਕੇ ਵੇਚਣ ਲਈ ਸ਼ੀਸ਼ੀਆਂ ਵਿਚ ਪੈਕ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਸ ਦਵਾਈ ਦੀ ਸ਼ੀਸ਼ੀ ਵਿਚ ਭਰੇ ਦ੍ਰਵ ਵਿਚ ਸਿਰਫ ਸੱਠਵੇਂ ਹਿੱਸੇ ਦਾ ਫੁੱਲਾਂ ਦਾ ਰਸ ਤੇ ਸੱਠਵੇਂ ਹਿੱਸੇ ਦੀ ਹੀ ਅਲਕੋਹਲ ਹੁੰਦੀ ਹੈ। ਅੱਗੇ ਖੁਰਾਕ ਬਣਾਉਣ ਵੇਲੇ ਸ਼ੀਸ਼ੀ ਵਿਚੋਂ ਚਾਰ ਤੁਪਕੇ ਦ੍ਰਵ ਲੈ ਕੇ ਪੰਜਾਹ ਮਿਲੀਲਿਟਰ ਪਾਣੀ ਵਿਚ ਪਾਏ ਜਾਂਦੇ ਹਨ, ਜਿਸ ਨਾਲ ਦਵਾ-ਦ੍ਰਵ ਢਾਈ ਸੌ ਗੁਣਾ ਹੋਰ ਪਤਲਾ ਹੋ ਜਾਂਦਾ ਹੈ।
ਕੁਲ ਮਿਲਾ ਕੇ ਜੁਬਾਨ `ਤੇ ਰੱਖਣ ਵੇਲੇ ਫੁੱਲਾਂ ਤੋਂ ਪ੍ਰਾਪਤ ਕੀਤਾ ਰਸ ਅਲਕੋਹਲ ਤੇ ਪਾਣੀ ਮਿਲਾਉਣ ਤੋਂ ਬਾਅਦ ਕਰੀਬ ਪੰਦਰਾਂ ਹਜ਼ਾਰ ਗੁਣਾ ਪਤਲਾ ਹੋ ਜਾਂਦਾ ਹੈ। ਇਸੇ ਲਈ ਇਸ ਵਿਚ ਫੁੱਲਾਂ ਦਾ ਕੋਈ ਨਿਸ਼ਾਨ ਨਹੀਂ ਰਹਿ ਜਾਂਦਾ। ਇਹ ਘੋਲ ਹੋਮਿਓਪੈਥੀ ਦੇ ਸਿਰਫ ਪਹਿਲੀ ਤੇ ਦੂਜੀ ਪੋਟੈਂਸੀ ਦੇ ਵਿਚਕਾਰ ਦਾ ਹੁੰਦਾ ਹੈ। ਫਿਰ ਵੀ ਇਹ ਜੀਵ ਦੇ ਕਾਰ-ਵਿਹਾਰੀ ਢਾਂਚੇ ਦੇ ਵਿਚ ਦੀ ਫਿਰ ਜਾਂਦਾ ਹੈ ਤੇ ਇਸ ਦੀਆਂ ਤਰੁਟੀਆਂ ਨੂੰ ਧਰੂਹ ਕੇ ਬਾਹਰ ਕੱਢ ਦਿੰਦਾ ਹੈ। ਬੈਚ ਦਵਾਈਆਂ ਨੂੰ ਬਣਾਉਣ ਦਾ ਢੰਗ ਇੰਨਾ ਸੌਖਾ ਹੈ ਕਿ ਇਹ ਘਰੇ ਵੀ ਬਣਾਈਆਂ ਜਾ ਸਕਦੀਆਂ ਹਨ; ਪਰ ਇੱਦਾਂ ਹੋ ਨਹੀਂ ਸਕਦਾ, ਕਿਉਂਕਿ ਜਿਹੜੇ ਫੁੱਲਾਂ ਤੋਂ ਇਹ ਬਣਦੀਆਂ ਹਨ, ਉਨ੍ਹਾਂ ਦੇ ਪੌਦੇ ਇੰਗਲੈਂਡ ਦੇ ਇਕ ਖਾਸ ਖਿੱਤੇ ਵਿਚ ਉੱਗਦੇ ਹਨ।
ਸਭ ਫੁੱਲਾਂ ਦੀਆਂ ਆਪਣੀਆਂ ਆਪਣੀਆਂ ਵਿਲੱਖਣਤਾਵਾਂ ਤੇ ਸ਼ੋਖੀਆਂ ਹਨ ਅਤੇ ਇਹ ਆਪਣੀਆਂ ਵਿਲੱਖਣਤਾਵਾਂ ਦੇ ਅਨੁਕੂਲ ਸੁਭਾਅ ਵਾਲੇ ਵਿਅਕਤੀਆਂ `ਤੇ ਹੀ ਅਸਰ ਕਰਦੇ ਹਨ। ਐਸਪਨ (ੳਸਪੲਨ) ਨੂੰ ਹੀ ਲੈ ਲਵੋ। ਬੜਾ ਟੇਢਾ, ਗੁੱਝਾ, ਝੰਜੋੜਦਾ ਤੇ ਡਰਾਊ ਕਿਸਮ ਦਾ ਕਿਰਦਾਰ ਹੈ ਇਸ ਫੁੱਲ ਦਾ ਤੇ ਇਹ ਆਪਣੀ ਫਿਤਰਤ ਵਰਗੇ ਇਨਸਾਨਾਂ `ਤੇ ਹੀ ਕੰਮ ਕਰਦਾ ਹੈ। ਜੇ ਦੁਨੀਆਂ ਇਸ ਦੇ ਗੁਣਾਂ ਨੂੰ ਸਮਝ ਕੇ ਇਨ੍ਹਾਂ ਤੋਂ ਲਾਭ ਉਠਾ ਲਵੇ ਤਾਂ ਇਸ ਸੰਸਾਰ ਦੇ ਘੱਟੋ ਘੱਟ ਢਾਈ ਪ੍ਰਤੀਸ਼ਤ ਮਾਨਸਿਕ ਰੋਗੀ ਤੁਰੰਤ ਠੀਕ ਹੋ ਜਾਣ।
ਚਰਿਤਰ ਦੀਆਂ ਜਿਨ੍ਹਾਂ ਖਾਮੀਆਂ ਜਾਂ ਤਨ-ਮਨ ਦੀਆਂ ਜਿਨ੍ਹਾਂ ਬਿਮਾਰੀਆਂ ਦਾ ਐਸਪਨ ਇਲਾਜ ਕਰਦਾ ਹੈ, ਉਹ ਕਿਸੇ ਨੂੰ ਵੀ ਤੇ ਕਦੇ ਵੀ ਹੋ ਸਕਦੀਆਂ ਹਨ। ਥੋੜ੍ਹੀ ਬਹੁਤ ਮਾਤਰਾ ਵਿਚ ਤਾਂ ਹਰ ਵਿਅਕਤੀ ਹਰ ਵੇਲੇ ਇਸ ਦੀਆਂ ਅਲਾਮਤਾਂ ਤੋਂ ਪ੍ਰਭਾਵਿਤ ਰਹਿੰਦਾ ਹੀ ਹੈ, ਜੋ ਦੁਨੀਆਂ ਵਿਚ ਸੁਚੇਤ ਰਹਿਣ ਲਈ ਹੋਣਾ ਵੀ ਚਾਹੀਦਾ ਹੈ, ਪਰ ਜਦੋਂ ਇਸ ਦੇ ਪ੍ਰਭਾਵ ਦੀ ਮਾਨਸਿਕਤਾ ਇਕ ਹੱਦ ਤੋਂ ਵਧ ਜਾਵੇ ਤਾਂ ਸਥਿਤੀ ਰੋਗ ਵਾਲੀ ਹੋ ਜਾਂਦੀ ਹੈ। ਇਸ ਰੋਗ ਦੀ ਮੁੱਖ ਗੱਲ ਇਕ ਖਾਸ ਕਿਸਮ ਦਾ ਡਰ ਹੈ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਪਸਰੇ ਹੋਏ (ਧਾਿਾੁਸੲਦ) ਡਰ ਤੇ ਘਬਰਾਹਟ ਦਾ ਕੋਈ ਅਤਾ-ਪਤਾ ਨਾ ਲੱਗਣ ਕਰਕੇ ਕਈ ਵਾਰ ਲੋਕ ਇਸ ਨੂੰ ਓਪਰੀ ਹਵਾ ਜਾਂ ਓਪਰੀ ਕਸਰ ਵੀ ਕਹਿੰਦੇ ਹਨ। ਇੱਥੇ ਓਪਰੀ ਦਾ ਅਰਥ ਅਗਿਆਤ ਤੇ ਕਸਰ ਦਾ ਮਤਲਬ ਕਮੀ ਭਾਵ ਊਣਤਾਈ (ਂੲਗਅਟਵਿਟਿੇ) ਜਾਂ ਬਿਮਾਰੀ ਹੈ। ਕਈ ਪੁਰਾਣੇ ਵਿਅਕਤੀ ਇਸ ਬਿਮਾਰੀ ਨੂੰ ਰੋਗੀ ਵਿਚ ਪ੍ਰੇਤਾਂ ਦਾ ਪ੍ਰਵੇਸ ਵੀ ਦੱਸਦੇ ਹਨ।
ਇਸ ਰੋਗ ਵਿਚ ਰੋਗੀ ਅਚਨਚੇਤ ਇਕ ਅਜਿਹੇ ਭਿਆਨਕ ਡਰ ਦਾ ਸ਼ਿਕਾਰ ਹੋ ਜਾਂਦਾ ਹੈ, ਜਿਸ ਨੂੰ ਉਹ ਨਾਂ ਲੈ ਕੇ ਨਹੀਂ ਦੱਸ ਸਕਦਾ। ਉਸ ਦਾ ਚਿਹਰਾ ਪੀਲਾ ਹੋ ਜਾਂਦਾ ਹੈ, ਡਰ ਦੇ ਚਿੰਨ੍ਹ ਉੱਭਰ ਆਉਂਦੇ ਹਨ, ਨਿਗਾਹ ਸਥਿਲ ਹੋ ਜਾਂਦੀ ਹੈ ਤੇ ਉਹ ਥਰ ਥਰ ਕੰਬਣ ਲੱਗ ਜਾਂਦਾ ਹੈ। ਇਸ ਹਾਲਤ ਵਿਚ ਕਈ ਵਾਰ ਤਾਂ ਉਸ ਦਾ ਮਲ-ਮੂਤਰ ਵੀ ਖਲਾਸ ਹੋ ਜਾਂਦਾ ਹੈ। ਇੰਜ ਲਗਦਾ ਹੈ ਕਿ ਜਿਵੇਂ ਉਸ ਨੂੰ ਕਿਸੇ ਅਦ੍ਰਿਸ਼ ਤੇ ਅਗਿਆਤ ਹੱਥ ਨੇ ਘੁੱਟ ਕੇ ਨਪੀੜ ਕੇ ਜਾਮ ਕਰ ਦਿੱਤਾ ਹੋਵੇ। ਆਮ ਤੌਰ `ਤੇ ਕੁਝ ਸਮੇਂ ਬਾਅਦ ਮਰੀਜ਼ ਦੇ ਡਰ ਦਾ ਦੌਰਾ ਛੱਟ ਜਾਂਦਾ ਹੈ। ਉਹ ਇੰਜ ਮਹਿਸੂਸ ਕਰਦਾ ਹੈ, ਜਿਵੇਂ ਉਹ ਕਿਸੇ ਲੋਹ-ਪੰਜੇ ਦੀ ਗ੍ਰਿਫਤ ਵਿਚੋਂ ਛੁਟ ਗਿਆ ਹੋਵੇ। ਬਾਅਦ ਵਿਚ ਉਸ ਨੂੰ ਪੁੱਛੋ ਕਿ ਕੀ ਹੋਇਆ ਸੀ, ਉਹ ਇਕ ਅਜਾਤ ਦਹਿਸ਼ਤ ਨਾਲ ਡੌਰ ਭੌਰ ਹੋਇਆ ਕੁਝ ਨਹੀਂ ਦੱਸੇਗਾ।
ਉਸ ਨੂੰ ਤਾਂ ਕੀ, ਉਸ ਕੋਲ ਖੜ੍ਹੇ ਵਿਅਕਤੀ ਨੂੰ ਵੀ ਉਸ ਨਾਲ ਇਸ ਤਰ੍ਹਾਂ ਵਾਪਰਨ ਦਾ ਅਚੰਭਾ ਹੁੰਦਾ ਹੈ। ਡਾਕਟਰ ਹਕੀਮ ਵੀ ਇਸ ਗੱਲ ਨੂੰ ਬੁੱਝਣ ਵਿਚ ਅਸਮਰੱਥ ਰਹਿੰਦੇ ਹਨ। ਇਸ ਲਈ ਉਸ ਨੂੰ ਕਿਸੇ ਭੂਤ ਕੱਢਣ ਵਾਲੇ ਕੋਲ ਲਿਜਾਇਆ ਜਾਂਦਾ ਹੈ। ਸਮਾਜ ਵਿਚ ਭੂਤ-ਪ੍ਰੇਤ ਤੇ ਓਪਰੀ ਹਵਾ ਨੂੰ ਕੱਢਣ ਵਾਲਿਆਂ ਦੀ ਵੱਡੀ ਗਿਣਤੀ ਦਾ ਹੋਣਾ ਇਸ ਗੱਲ ਦਾ ਸੂਚਕ ਹੈ ਕਿ ਇਹ ਰੋਗ ਕਾਫੀ ਵਿਆਪਕ ਹੈ। ਸੰਸਾਰ ਦੇ ਸਭ ਸਮਾਜਾਂ ਵਿਚ ਭੂਤ ਪ੍ਰੇਤਾਂ ਦੀ ਚਰਚਾ ਵੀ ਇਹ ਦਰਸਾਉਂਦੀ ਹੈ ਕਿ “ਓਪਰੀ ਕਸਰ” ਦੀ ਬੀਮਾਰੀ ਸੰਸਾਰ ਭਰ ਵਿਚ ਫੈਲੀ ਹੋਈ ਹੈ ਤੇ ਬੜੀ ਪੁਰਾਣੀ ਹੈ। ਇਸ ਬਿਮਾਰੀ ਬਾਰੇ ਗਲਤ ਸਮਝ ਹੋਣ ਕਰਕੇ ਹੀ ਲੋਕਾਂ ਦੇ ਮਨ ਵਿਚ ਇਹ ਵਿਚਾਰ ਘਰ ਕੀਤਾ ਹੋਇਆ ਹੈ ਕਿ ਇਸ ਸੰਸਾਰ ਨੂੰ ਚਲਾਉਣ ਤੇ ਪ੍ਰਭਾਵਿਤ ਕਰਨ ਵਿਚ ਕਈ ਅਦਿੱਖ ਸ਼ਕਤੀਆਂ ਕੰਮ ਕਰਦੀਆਂ ਹਨ।
ਮਰੀਜ਼ ਦੀ ਉਪਰੋਕਤ ਦੌਰੇ ਵਾਲੀ ਅਵਸਥਾ ਤਾਂ ਉਦੋਂ ਹੁੰਦੀ ਹੈ, ਜਦੋਂ ਉਸ ਦੀ ਬੀਮਾਰੀ ਪੂਰੀ ਭੜਕੀ (ੳਚਚੲਨਟੁਅਟੲਦ) ਹੋਵੇ; ਪਰ ਤੰਦਰੁਸਤੀ ਤੇ ਭੜਕਣ ਵਿਚਕਾਰ ਬਹੁਤ ਸਾਰੇ ਅਜਿਹੇ ਰੰਗ ਹਨ, ਜੋ ਐਸਪਨ ਦੇ ਵੱਖ ਵੱਖ ਮਨੋ-ਰੋਗੀਆਂ ਵਿਚ ਮਿਲਦੇ ਹਨ। ਉਨ੍ਹਾਂ ਦਾ ਅਕਾਰਨ ਦਿਲ ਨਹੀਂ ਲਗਦਾ। ਉਹ ਹਨੇਰੇ ਵਿਚ ਜਾਣ ਤੋਂ ਡਰਦੇ ਹਨ। ਉਹ ਸੜਕ, ਭੀੜ, ਜੰਗਲ ਤੇ ਉੱਚੀਆਂ ਇਮਾਰਤਾਂ ਵਾਲੇ ਬਾਜ਼ਾਰਾਂ ਵਿਚ ਜਾਣ ਤੋਂ ਝਿਜਕਦੇ ਹਨ। ਉਹ ਪਰਾਈਆਂ ਥਾਂਵਾਂ ਤੇ ਨਵੇਂ ਸ਼ਹਿਰਾਂ ਵਿਚ ਜਾਣ ਤੋਂ ਠਠੰਬਰਦੇ ਹਨ। ਪਾਣੀ ਦੇ ਤਲਾਅ ਜਾਂ ਖੁਲ੍ਹੇ ਸਮੁੰਦਰ ਤੋਂ ਭੈਅ ਆਉਂਦਾ ਹੈ। ਉਹ ਐਸਕੇਲੇਟਰ, ਝੂਲੇ ਤੇ ਹਵਾਈ ਜਹਾਜ ਵਿਚ ਬੈਠਣ ਤੋਂ ਡਰਦੇ ਹਨ। ਉਹ ਓਪਰੇ ਵਿਅਕਤੀਆਂ ਨਾਲ ਦੋਸਤੀ ਪਾਉਣ ਤੋਂ ਝਿਜਕਦੇ ਹਨ ਤੇ ਸਟੇਜ `ਤੇ ਚੜ੍ਹਨ ਤੋਂ ਘਬਰਾਉਂਦੇ ਹਨ। ਡਾਕੀਏ ਨੂੰ ਆਉਂਦਾ ਦੇਖ ਜਾਂ ਅਚਨਚੇਤ ਦਰਵਾਜੇ `ਤੇ ਦਸਤਕ ਸੁਣਦਿਆਂ ਹੀ ਉਹ ਕਿਸੇ ਅਣਕਹੀ ਕਿਆਮਤ ਦਾ ਸ਼ਿਕਾਰ ਹੋ ਜਾਂਦੇ ਹਨ। ਦਰਖਤ `ਤੇ ਚੜ੍ਹਨਾ, ਪੌੜੀ ਚੜ੍ਹਨਾ ਤੇ ਪੁਲ ਉਤੋਂ ਦੀ ਲੰਘਣਾ ਇਨ੍ਹਾਂ ਮਰੀਜ਼ਾਂ ਲਈ ਮੁਹਾਲ ਹੁੰਦਾ ਹੈ। ਡਿਗਣ ਦੇ ਡਰ ਤੋਂ ਸਤਾਏ ਬੱਚੇ ਬਚਪਨ ਵਿਚ ਖੜ੍ਹਾ ਹੋਣ ਤੇ ਚਲਣ ਵਿਚ ਪਛੜ ਜਾਂਦੇ ਹਨ ਤੇ ਵੱਡੇ ਹੋ ਕੇ ਸਾਈਕਲ ਵੀ ਨਹੀਂ ਸਿੱਖ ਸਕਦੇ। ਡਰੇ ਘਬਰਾਏ ਬੱਚੇ ਮਾਂ ਪਿਉ ਦਾ ਪੱਲਾ ਫੜ ਕੇ ਚਲਦੇ ਹਨ ਤੇ ਉਨ੍ਹਾਂ ਤੋਂ ਦੂਰ ਹੁੰਦੇ ਰੋਂਦੇ ਹਨ। ਦਾਦੀ ਜਾਂ ਨਾਨੀ ਮਾਂ ਤੋਂ ਡਰਾਵਣੀਆਂ ਕਹਾਣੀਆਂ ਸੁਣ ਕੇ ਰਾਤ ਨੂੰ ਇੱਕਲੇ ਨਹੀਂ ਸੌਂ ਸਕਦੇ। ਜੇ ਸੁਣ ਲੈਣ ਕਿ ਬਾਹਰ ਬਾਘ, ਬਿੱਲਾ ਜਾਂ ਚੋਰ ਆਇਆ ਹੈ ਤਾਂ ਅੰਦਰੋਂ ਬਾਹਰ ਨਹੀਂ ਨਿਕਲਦੇ। ਉਹ ਸਕੂਲ ਜਾਣ ਤੋਂ ਡਰਦੇ ਹਨ ਤੇ ਕਿਸੇ ਅਣਜਾਣ ਜਾਂ ਨਵੇਂ ਖਿਡੌਣੇ ਦੇ ਨੇੜੇ ਨਹੀਂ ਲਗਦੇ।
ਐਪਸਨ ਦੇ ਮਰੀਜ਼ ਅਕਸਰ ਡਰੇ ਸਹਿਮੇ ਰਹਿੰਦੇ ਹਨ। ਉਨ੍ਹਾਂ ਨੂੰ ਅੰਦਰੋਂ ਹੀ ਕੁਝ ਅਜਿਹਾ ਹੁੰਦਾ ਰਹਿੰਦਾ ਹੈ, ਜਿਸ ਨੂੰ ਉਹ ਕਹਿ ਕੇ ਨਹੀਂ ਸੁਣਾ ਸਕਦੇ। ਉਹ ਨਾ ਆਪਣੀ ਚਿੰਤਾ ਨੂੰ ਬਿਆਨ ਕਰ ਸਕਦੇ ਹਨ ਤੇ ਨਾ ਹੀ ਇਸ ਦਾ ਕਾਰਨ ਦੱਸ ਸਕਦੇ ਹਨ। ਉਹ ਕਦੇ ਆਪਣੇ ਬੱਚਿਆਂ ਨੂੰ ਲੈ ਕੇ, ਕਦੇ ਉਨ੍ਹਾਂ ਦੀ ਪੜ੍ਹਾਈ ਨੂੰ ਲੈ ਕੇ ਤੇ ਕਦੇ ਉਨ੍ਹਾਂ ਦੇ ਰੁਜਗਾਰ ਨੂੰ ਲੈ ਕੇ ਬੇਚੈਨ ਰਹਿੰਦੇ ਹਨ। ਪਰ ਇਨ੍ਹਾਂ ਚੀਜ਼ਾਂ ਬਾਰੇ ਪ੍ਰੇਸ਼ਾਨੀ ਦੀ ਵਜ੍ਹਾ ਨਹੀਂ ਦੱਸ ਸਕਦੇ। ਸਭ ਕੁਝ ਹੁੰਦਿਆਂ ਸੁੰਦਿਆਂ ਵੀ ਉਹ ਆਪਣੇ ਜਾਂ ਆਪਣੇ ਨਜ਼ਦੀਕੀਆਂ ਦੇ ਭੱਵਿਖ ਦੀ ਚਿੰਤਾ ਵਿਚ ਡੁੱਬੇ ਰਹਿੰਦੇ ਹਨ। ਉਨ੍ਹਾਂ ਦੀ ਚਿੰਤਾ ਅਨਿਸ਼ਚਿਤ ਤੇ ਨਿਰਾਧਾਰ (ੜਅਗੁੲ ਅਨਦ ੁਨਾੋੁਨਦੲਦ) ਹੁੰਦੀ ਹੈ। ਉਨ੍ਹਾਂ ਨੂੰ ਸੰਸਾਰ ਦੀ ਹਰ ਚੀਜ਼ ਇੰਨੀ ਥੋੜ੍ਹੀ, ਅਸਥਾਈ ਤੇ ਪਰਾਈ ਲਗਦੀ ਹੈ ਕਿ ਉਹ ਇਸ `ਤੇ ਭਰੋਸਾ ਨਹੀਂ ਜਮਾ ਸਕਦੇ। ਉਨ੍ਹਾਂ ਦੇ ਬੇਬੁਨਿਆਦ ਵਿਚਾਰਾਂ ਦਾ ਆਧਾਰ ਉਨ੍ਹਾਂ ਦੀ ਢਹਿੰਦੀ ਸੋਚ ਹੁੰਦੀ ਹੈ, ਜੋ ਅੱਗੇ ਕਿਸੇ ਪਸਰੀ ਹੋਈ ਭਾਵ ਬੇਸਿਰ (ਧਾਿਾੁਸੲਦ) ਪੀੜਾ ਦਾ ਪ੍ਰਗਟਾਵਾ ਹੁੰਦੀ ਹੈ। ਅਜਿਹੀ ਮਾਨਸਿਕ ਤਰੁਟੀ ਵਾਲਾ ਵਿਅਕਤੀ ਆਪ ਤਾਂ ਦੁਖੀ ਰਹਿੰਦਾ ਹੀ ਹੈ, ਦੂਜਿਆਂ ਲਈ ਵੀ ਚਿੰਤਾ ਦਾ ਮਾਹੌਲ ਬਣਾ ਕੇ ਰੱਖਦਾ ਹੈ।
ਕਹਿੰਦੇ ਹਨ, ਵਹਿਮ ਦਾ ਇਲਾਜ ਹਕੀਮ ਲੁਕਮਾਨ ਕੋਲ ਵੀ ਨਹੀਂ ਸੀ, ਪਰ ਐਸਪਨ ਨੇ ਇਹ ਕਹਾਵਤ ਝੂਠੀ ਕਰ ਵਿਖਾਈ ਹੈ। ਐਸਪਨ ਦੇ ਮਰੀਜ਼ ਅਤਿ ਦੇ ਵਹਿਮੀ ਹੁੰਦੇ ਹਨ ਤੇ ਵਹਿਮਾਂ ਦਾ ਸੰਜੀਦਗੀ ਨਾਲ ਪਾਲਨ ਕਰਨ ਵਾਲੇ ਹੁੰਦੇ ਹਨ। ਜੇ ਉਨ੍ਹਾਂ ਦੇ ਤੁਰਨ ਵੇਲੇ ਕੋਈ ਛਿੱਕ ਮਾਰ ਦੇਵੇ ਤਾਂ ਉਹ ਰੁਕ ਜਾਂਦੇ ਹਨ। ਜੇ ਚਲਣ ਵੇਲੇ ਉਨ੍ਹਾਂ ਦੇ ਰਸਤੇ ਵਿਚ ਬਿੱਲੀ ਆ ਜਾਵੇ ਤਾਂ ਉਹ ਵਾਪਸ ਆ ਜਾਂਦੇ ਹਨ। ਉਨ੍ਹਾਂ ਦੇ ਸ਼ੱਕ ਜਾਂ ਵਹਿਮ ਦਾ ਕਾਰਨ ਵੀ ਉਨ੍ਹਾਂ ਦਾ ਅਚੇਤ ਡਰ ਹੁੰਦਾ ਹੈ, ਜਿਸ ਨੇ ਉਨ੍ਹਾਂ ਦੇ ਮਨ `ਤੇ ਕਬਜਾ ਕੀਤਾ ਹੁੰਦਾ ਹੈ। ਉਹ ਇਸ ਵਿਰੁਧ ਜਾਣ ਤੋਂ ਡਰਦੇ ਹਨ। ਕਈ ਇਸ ਨੂੰ ਬੁਰੀ ਨਜ਼ਰ ਸਮਝ ਕੇ ਬਚਾਅ ਲਈ ਮਿਰਚਾਂ ਧੂੜਦੇ ਤੇ ਧਾਗੇ, ਤਾਵੀਜ਼ ਬੰਨ੍ਹਦੇ ਹਨ। ਕਈ ਮੁੰਦਰੀਆਂ ਪਾਉਂਦੇ ਹਨ ਤੇ ਉਹ ਇਨ੍ਹਾਂ ਨੂੰ ਇਕ ਪਲ ਲਈ ਵੀ ਆਪਣੇ ਤਨ ਤੋਂ ਦੂਰ ਨਹੀਂ ਕਰਦੇ। ਅਜਿਹੇ ਲੋਕ ਕਿਸੇ ਧਾਕੜ ਸੋਚ ਵਾਲੇ ਤੋਂ ਜਲਦੀ ਪ੍ਰਭਾਵਿਤ ਵੀ ਜਾਂਦੇ ਹਨ। ਜਾਦੂ, ਧਰਮ ਤੇ ਮਿਥਿਹਾਸ ਨੂੰ ਉਹ ਖਰਾ ਸੱਚ ਸਮਝਦੇ ਹਨ ਤੇ ਇਨ੍ਹਾਂ ਦੇ ਪ੍ਰਚਾਰ ਦਾ ਸਾਧਨ ਬਣਦੇ ਹਨ। ਉਹ ਮਾਨਸਿਕ ਡਰ ਨਾਲ ਇੰਨਾ ਬੰਨ੍ਹੇ ਹੁੰਦੇ ਹਨ ਕਿ ਦੂਜਿਆਂ ਤੋਂ ਪੁੱਛੇ ਬਿਨਾ ਕੋਈ ਗੱਲ ਨਹੀਂ ਕਰਦੇ। ਐਪਸਨ ਦੀਆਂ ਕੁਝ ਖੁਰਾਕਾਂ ਉਨ੍ਹਾਂ ਦੇ ਡਰ ਨੂੰ ਦੂਰ ਕਰ ਕੇ ਸੋਚ ਨੂੰ ਸਾਫ ਕਰਦੀਆਂ ਹਨ, ਪਰ ਜਿਹੜੇ ਲੋਕ ਡਰ ਦੀ ਥਾਂ ਕਿਸੇ ਮਾਨਸਿਕ ਕਮਜ਼ੋਰੀ ਕਾਰਨ ਦੂਜਿਆਂ ਦੀ ਸਲਾਹ ਤੋਂ ਬਿਨਾ ਨਹੀਂ ਚਲ ਸਕਦੇ, ਉਹ ਇਸ ਔਸ਼ਧੀ ਨਾਲ ਠੀਕ ਨਹੀਂ ਹੁੰਦੇ। ਉਨ੍ਹਾਂ ਦੀ ਤੰਦਰੁਸਤੀ ਲਈ ਕੁਦਰਤ ਨੇ ਇਕ ਹੋਰ ਫੁੱਲ ਘੜ੍ਹਿਆ ਹੋਇਆ ਹੈ।
ਐਸਪਨ ਦੇ ਰੋਗੀ ਆ ਕੇ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਦੇ ਦਿਲ ਨੂੰ ਕੁਝ ਹੋਈ ਜਾਂਦਾ ਹੈ। ਉਨ੍ਹਾਂ ਦਾ ਕਿਤੇ ਦਿਲ ਨਹੀਂ ਲਗਦਾ। ਇਸ ਨੂੰ ਉਹ ਇੰਜ ਬਿਆਨ ਕਰਦੇ ਹਨ, “ਕਾਲਜੇ ਵਿਚ ਹੌਲ ਜਿਹੇ ਪੈਂਦੇ ਹਨ। ਬੈਠੇ ਬੈਠੇ ਨੂੰ ਹੀ ਕੁਝ ਹੋਈ ਜਾਂਦਾ ਹੈ। ਮਨ ਡੋਬੇ ਸੋਕੇ ਖਾਈ ਜਾਂਦਾ ਹੈ। ਸੋਚਦਾ ਰਹਿੰਦਾ ਹਾਂ ਕਿਤੇ ਐਂ ਨਾ ਹੋ ਜਾਵੇ ਜਾਂ ਊਂ ਨਾ ਹੋ ਜਾਵੇ। ਜੇ ਐਂ ਹੋ ਗਿਆ ਤਾਂ ਕੀ ਕਰਾਂਗਾ ਤੇ ਜੇ ਊਂ ਹੋ ਗਿਆ ਤਾਂ ਕੀ ਬਣੇਗਾ? ਕਿੱਧਰ ਭੱਜ ਜਾਵਾਂ, ਕਿਤੇ ਚੈਨ ਨਹੀਂ ਆਉਂਦਾ। ਰਾਤ ਨੂੰ ਭੈੜੇ ਸੁਪਨੇ ਆਉਂਦੇ ਹਨ, ਜਿਨ੍ਹਾਂ ਨਾਲ ਸਾਰਾ ਦਿਨ ਉਦਾਸ ਰਹਿੰਦਾ ਹਾਂ। ਅੰਦਰੋ ਅੰਦਰ ਝੂਰਦਾ ਰਹਿੰਦਾ ਹਾਂ। ਕਈ ਡਾਕਟਰਾਂ ਨੂੰ ਦਿਖਾਇਆ ਹੈ, ਕੋਈ ਕੁਝ ਨਹੀਂ ਦੱਸਦੇ। ਸਾਰੇ ਟੈਸਟ ਠੀਕ ਹਨ, ਪਰ ਚਿੱਤ ਵਿਚ ਖੁਸ਼ੀ ਵਿਚ ਨਹੀਂ ਆਉਂਦੀ।”
ਅਜਿਹੇ ਮਨੋ-ਰੋਗੀਆਂ ਨੂੰ ਕਿਸੇ ਡਾਕਟਰ ਜਾਂ ਸਾਈਕੈਟਰਿਸਟ ਕੋਲ ਜਾਣ ਨਾਲ ਲਾਭ ਨਹੀਂ ਹੁੰਦਾ। ਉਨ੍ਹਾਂ ਨੂੰ ਬੱਸ ਐਸਪਨ ਦੀਆਂ ਕੁਝ ਬੂੰਦਾਂ ਦੀ ਲੋੜ ਹੁੰਦੀ ਹੈ। ਡਾ. ਦਰਸ਼ਨ ਸਿੰਘ ਵੋਹਰਾ, ਜਿਨ੍ਹਾਂ ਨੇ ਭਾਰਤ ਵਿਚ ਬੈਚ ਫੁੱਲਾਂ ਦੀਆਂ ਔਸ਼ਧੀਆਂ `ਤੇ ਮੋਢੀ ਕੰਮ ਕੀਤਾ ਹੈ, ਲਿਖਦੇ ਹਨ ਕਿ ਅਕਥ ਭੈ ਤੇ ਸਰੀਰਕ ਕਾਂਬੇ ਨਾਲ ਜੁੜੀ ਕਿਸੇ ਵੀ ਤਕਲੀਫ ਦਾ ਹੱਲ ਐਸਪਨ ਵਿਚ ਹੈ।
ਐਸਪਨ ਨਾਲ ਦੇ ਠੀਕ ਕੀਤੇ ਇਕ ਤਾਜ਼ਾ ਕੇਸ ਦਾ ਜਿ਼ਕਰ ਕਰਦਾ ਹਾਂ। ਪਿਛਲੇ ਐਤਵਾਰ ਅਸੀਂ ਸਾਰਾ ਪਰਿਵਾਰ ਆਪਣੇ ਸ਼ਹਿਰ ਤੋਂ ਕੈਲੀਫੋਰਨੀਆ ਦੀ ਇਕ ਮਸ਼ਹੂਰ ਬੀਚ `ਤੇ ਗਏ। ਰਾਹ ਵਿਚ ਪੈਂਦੀ ਖਾੜੀ ਤੋਂ ਇਕ ਅੱਠ ਮੀਲ ਲੰਮਾ ਪੁਲ ਲੰਘਣਾ ਪਿਆ। ਜਾਣ ਵੇਲੇ ਦਿਨ ਸੀ, ਸਭ ਕੁਝ ਠੀਕ ਠਾਕ ਰਿਹਾ। ਮੁੜਨ ਵੇਲੇ ਰਾਤ ਹੋ ਚੁਕੀ ਸੀ। ਪੁਲ ਉੱਤੋਂ ਦੀ ਲੰਘਣ ਵੇਲੇ ਖਾੜੀ ਦੇ ਦਿਲਚਸਪ ਨਜ਼ਾਰਿਆਂ ਦੀ ਥਾਂ ਹਨੇਰੇ ਵਿਚ ਦੂਰ ਦੂਰ ਫੈਲਿਆ ਕਾਲਾ ਪਾਣੀ ਨਜ਼ਰ ਆਉਂਦਾ ਸੀ। ਇਸ ਪੁਲ ਦਾ ਕੁਝ ਭਾਗ ਬਹੁਤ ਉੱਚਾ ਬਣਿਆ ਹੋਇਆ ਸੀ, ਜਿਵੇਂ ਅਸਮਾਨ ਵਿਚ ਲਟਕ ਰਿਹਾ ਹੋਵੇ ਤੇ ਬਾਕੀ ਪਾਣੀ ਉੱਤੇ ਵਿਛਿਆ ਹੋਇਆ ਸੀ। ਪੁਲ ਦੇ ਸਿਖਰ `ਤੇ ਜਾ ਕੇ ਅਸੀਂ ਦੇਖਿਆ ਅੱਗੇ ਮੀਲਾਂ ਤੀਕ ਟ੍ਰੈਫਿਕ ਜਾਮ ਲੱਗਾ ਹੋਇਆ ਹੈ। ਸਾਡਾ ਡਰਾਈਵਰ ਜਾਮ ਦੇਖ ਕੇ ਘਬਰਾ ਗਿਆ। ਕਹਿਣ ਲੱਗਾ, “ਇਸ ਪਾਸੇ ਆ ਕੇ ਗਲਤੀ ਕੀਤੀ।” ਮੈਂ ਕਿਹਾ, “ਕੋਈ ਨਹੀਂ, ਚਾਰ ਕੁ ਮੀਲ ਦਾ ਹੀ ਟ੍ਰੈਫਿਕ ਹੈ, ਦੂਜੇ ਰਸਤੇ ਤੋਂ ਤਾਂ ਫਿਰ ਵੀ ਛੇਤੀ ਪਹੁੰਚ ਜਾਵਾਂਗੇ।” ਉਹ ਬੋਲਿਆ, “ਗੱਲ ਛੇਤੀ ਬਾਅਦ ਦੀ ਨਹੀਂ ਜੀ। ਇੰਨੀਆਂ ਗੱਡੀਆਂ ਪੁਲ `ਤੇ ਇੱਕਠੀਆਂ ਹੋ ਗਈਆਂ ਹਨ, ਮੈਨੂੰ ਤਾਂ ਡਰ ਹੈ ਕਿਤੇ ਪੁਲ ਹੀ ਨਾ ਬੈਠ ਜਾਵੇ। ਗੱਡੀ ਵਿਚ ਤਾਂ ਕੋਈ ਹਥੌੜਾ ਵੀ ਨਹੀਂ ਜੋ ਸ਼ੀਸ਼ੇ ਤੋੜ ਕੇ ਕਾਰ `ਚੋਂ ਬਾਹਰ ਨਿਕਲ ਜਾਂਦੇ।”
ਮੇਰੀ ਪਤਨੀ ਨੇ ਕਿਹਾ, “ਓਹੀ ਪੁਲ ਹੈ ਕਾਕਾ ਜਿਸ ਤੋਂ ਗਏ ਸਾਂ, ਜੇ ਉਦੋਂ ਨੀ ਗਿਰਿਆ ਹੁਣ ਕਿਵੇਂ ਗਿਰਜੇਗਾ?” ਉਹ ਬੋਲਿਆ, “ਮੇਰਾ ਮੱਥਾ ਦੱਸ ਰਿਹਾ ਹੈ ਅੱਜ ਸ਼ਾਇਦ ਹੀ ਬੰਨੇ ਲੱਗੀਏ।” ਇੰਨਾ ਕਹਿ ਕੇ ਉਹ ਬੋਲਿਆ, “ਇੱਥੇ ਤਾਂ ਕੋਈ ਬਾਥਰੂਮ ਵੀ ਨਹੀਂ ਮਿਲਣਾ। ਨਾ ਪਿੱਛੇ ਮੁੜ ਸਕਦੇ ਹਾਂ।” ਮੈਂ ਸੋਚਿਆ ਬਾਥਰੂਮ ਤਾਂ ਅਜੇ ਇਹ ਅੱਧਾ ਘੰਟਾ ਪਹਿਲਾਂ ਕਰ ਕੇ ਚੱਲਿਆ ਸੀ, ਇੰਨੀ ਛੇਤੀ ਕਿਉਂ ਫਿਕਰ ਕਰਨ ਲੱਗਿਆ ਹੈ? ਮੈਨੂੰ ਉਹ ਕਿਸੇ ਅਣਪਛਾਤੇ ਡਰ ਦਾ ਸ਼ਿਕਾਰ ਲੱਗਿਆ। ਤੁਰੰਤ ਬੈਗ ਵਿਚੋਂ ਦੋ ਗੋਲੀਆਂ ਐਸਪਨ ਕੱਢ ਕੇ ਉਸ ਦੇ ਮੂੰਹ ਵਿਚ ਪਾਈਆਂ। ਮੈਂ ਸ਼ੀਸ਼ੀ ਹਾਲੇ ਵਾਪਸ ਰੱਖੀ ਹੀ ਸੀ ਕਿ ਉਹ ਉਚਰਿਆ, ਉਂਜ ਜਾਮ ਤਾਂ ਇੱਥੇ ਪਹਿਲਾਂ ਵੀ ਲਗਦੇ ਈ ਹੋਣਗੇ। ਸਗੋਂ ਮੀਂਹ, ਝੱਖੜ ਤੇ ਤੁਫਾਨ ਵਿਚ ਵੀ ਲੱਗਦੇ ਹੋਣਗੇ। ਜੇ ਇਹ ਪੁਲ ਉਦੋਂ ਖੜ੍ਹਿਆ ਰਿਹਾ ਤਾਂ ਅੱਜ ਇਸ ਨੂੰ ਕੀ ਹੋਣ ਲੱਗਿਆ ਹੈ। ਗੈਸ ਦਾ ਕੋਈ ਫਿਕਰ ਨੀਂ, ਉਹ ਆਪਣੇ ਕੋਲ ਵਾਧੂ ਹੈ।” ਦੇਖਦੇ ਦੇਖਦੇ ਉਹ ਠਰੰਮੇ ਵਾਲੀਆਂ ਗੱਲਾਂ ਕਰਨ ਲੱਗਾ। ਬੈਚ ਦਵਾਈਆਂ ਦਾ ਮਨੋਰੋਗਾਂ ਨੂੰ ਦੂਰ ਕਰਨ ਦਾ ਇਹੀ ਢੰਗ ਤਰੀਕਾ ਹੈ, ਜੋ ਮੈਂ ਅਨੇਕ ਵਾਰੀ ਅਜਮਾਇਆ ਹੋਇਆ ਹੈ।
ਦੂਜੀ ਘਟਨਾ ਇਕ ਹੋਰ ਨੌਜਵਾਨ ਦੀ ਹੈ, ਜਿਸ ਨੇ ਆਪਣੀ ਤਕਲੀਫ ਦੱਸਣ ਲਈ ਮੈਨੂੰ ਮਿਲਣ ਦੀ ਇੱਛਾ ਜਾਹਰ ਕੀਤੀ। ਆ ਕੇ ਕਹਿਣ ਲੱਗਾ, “ਡਾਕਟਰ ਸਾਹਿਬ ਮੈਂ ਕਾਫੀ ਬਿਮਾਰ ਹਾਂ, ਪਰ ਮੇਰੇ ਕੋਲ ਆਪਣਾ ਦੁਖ ਦੱਸਣ ਦਾ ਵੱਲ ਨਹੀਂ।” ਮੈਂ ਹੱਸ ਕੇ ਕਿਹਾ, “ਇਹ ਕੀ ਗੱਲ ਹੋਈ? ਜੇ ਤੂੰ ਬਿਮਾਰ ਹੈਂ ਤਾਂ ਦੱਸਣਾ ਕੀ ਮੁਸ਼ਕਿਲ ਹੈ? ਜਿਵੇਂ ਹੁੰਦਾ ਹੈ, ਉਵੇਂ ਦੱਸ।” ਉਸ ਨੇ ਜੋ ਬਿਆਨ ਕੀਤਾ, ਉਸ ਦਾ ਸੰਖੇਪ ਸਾਰ ਇੰਜ ਹੈ:
“ਅਮਰੀਕਾ ਆਉਣ ਤੋਂ ਬਾਅਦ ਮੇਰੀ ਸਿਹਤ ਬਹੁਤੀ ਠੀਕ ਨਹੀਂ ਰਹੀ। ਹੁਣ ਪਿਛਲੇ ਦੋ ਸਾਲਾਂ ਤੋਂ ਮੈਨੂੰ ਕਦੇ ਕਦੇ ਹਾਰਟ ਅਟੈਕ ਵਾਂਗ ਛਾਤੀ ਵਿਚ ਦਰਦ ਉੱਠਦਾ ਹੈ। ਕਦੇ ਮਹੀਨੇ ਬਾਅਦ, ਕਦੇ ਹਫਤੇ ਬਾਅਦ। ਇਸ ਦਾ ਕੋਈ ਪਤਾ ਨਹੀਂ, ਕਿਸ ਵੇਲੇ ਉੱਠ ਖੜ੍ਹੇ। ਜਦੋਂ ਉੱਠਦਾ ਹੈ, ਪਹਿਲਾਂ ਦਿਮਾਗ ਵਿਚ ਡਰ ਵਾਲੇ ਖਿਆਲ ਆਉਂਦੇ ਹਨ ਤੇ ਫਿਰ ਦਿਲ ਦੀ ਧੜਕਣ ਵਧਦੀ ਹੈ। ਇਸ ਦੇ ਨਾਲ ਹੀ ਛਾਤੀ ਦੇ ਵਿਚਕਾਰ ਜਿਹੇ ਖੱਬੇ ਪਾਸੇ ਤੇਜ ਪੀੜ ਉੱਠਦੀ ਹੈ, ਜੋ ਬੜੀ ਤਿੱਖੀ ਤੇ ਭਿਆਨਕ ਹੁੰਦੀ ਹੈ। ਇਸ ਨਾਲ ਮੇਰੇ ਹੱਥ ਪੈਰ ਜਾਮ ਹੋ ਜਾਂਦੇ ਹਨ ਤੇ ਮੈਂ ਹੇਠੋਂ ਲੈ ਕੇ ਉੱਤੋਂ ਤੀਕ ਕੰਬਣ ਲਗਦਾ ਹਾਂ। ਇਸ ਹਾਲਤ ਵਿਚ ਮੇਰਾ ਨੰਬਰ ਵੰਨ ਤੇ ਨੰਬਰ ਟੂ `ਤੇ ਵੀ ਕੰਟਰੋਲ ਨਹੀਂ ਰਹਿੰਦਾ। ਸਭ ਕੁਝ ਮੇਰੇ ਸਾਹਮਣੇ ਹੋ ਰਿਹਾ ਹੁੰਦਾ ਹੈ, ਪਰ ਮੈਂ ਨੂੜਿਆਂ ਹੋਇਆਂ ਵਾਂਗ ਬੇਵਸ ਝਾਕਦਾ ਰਹਿੰਦਾ ਹਾਂ। ਉਸ ਵੇਲੇ ਮੈਂ ਨਾ ਤੁਰ ਸਕਦਾ ਹਾਂ, ਨਾ ਹੱਥ ਹਿਲਾ ਸਕਦਾ ਹਾਂ। ਇੱਥੋ ਤੀਕ ਕਿ ਸ਼ੀਸ਼ੀ ਚੁੱਕ ਕੇ ਦਵਾਈ ਵੀ ਨਹੀਂ ਲੈ ਸਕਦਾ। ਮੈਂ ਜੇਬ `ਚੋਂ ਫੋਨ ਕੱਢ ਕੇ 911 ਵੀ ਡਾਇਲ ਨਹੀਂ ਕਰ ਸਕਦਾ। ਜੇ ਕੋਈ ਦੂਜਾ ਕਾਲ ਕਰ ਵੀ ਦੇਵੇ ਤਾਂ ਦਰਦ ਵੈਨ ਦੇ ਆਉਣ ਤੋਂ ਪਹਿਲਾਂ ਹੀ ਗਾਇਬ ਹੋਇਆ ਹੁੰਦਾ ਹੈ। ਦਰਦ ਜਾਣ ਮਗਰੋਂ ਮੈਨੂੰ ਬਹੁਤ ਕਮਜ਼ੋਰੀ ਆਈ ਹੁੰਦੀ ਹੈ। ਡਾਕਟਰ ਵੀ ਇਹੀ ਕੁਝ ਕਹਿੰਦੇ ਹਨ। ਇੰਨਾ ਸ਼ੁਕਰ ਮੈਨੂੰ ਇਸ ਕਹਿਰ ਦਾ ਪਹਿਲਾਂ ਪਤਾ ਲੱਗ ਜਾਂਦਾ ਹੈ। ਜੇ ਡਰਾਈਵ ਕਰ ਰਿਹਾ ਹੋਵਾਂ ਤਾਂ ਗੱਡੀ ਕਿਨਾਰੇ ਲਾ ਕੇ ਰੋਕ ਲੈਂਦਾ ਹਾਂ।”
ਉਸ ਦੇ ਕੇਸ ਨੂੰ ਕਈ ਪਾਸਿਆਂ ਤੋਂ ਵਿਚਾਰ ਕੇ ਮੇਰੇ ਦਿਮਾਗ ਵਿਚ ਘੱਟੋ ਘੱਟ ਦੋ ਹੋਮਿਓਪੈਥਿਕ ਦਵਾਈਆਂ ਆਈਆਂ, ਪਰ ਉਸ ਦੇ ਕੰਬਣ ਦੇ ਸਿੰਪਟਮ (ਲੱਛਣ) ਕਾਰਨ ਮੈਂ ਉਸ ਨੂੰ ਐਸਪਨ ਦੇਣ ਦਾ ਫੈਸਲਾ ਕੀਤਾ। ਐਸਪਨ ਫੁੱਲ ਦਾ ਦਰਖਤ ਹਮੇਸ਼ਾ ਕੰਬਦਾ ਰਹਿੰਦਾ ਹੈ ਤੇ ਇਹ ਇਸ ਦੀ ਹਸਤਾਖਰੀ ਪਛਾਣ ਹੈ। ਮੈਂ ਉਸ ਨੂੰ ਐਸਪਨ ਦੀਆਂ ਵੀਹ ਖੁਰਾਕਾਂ ਦੇ ਦਿੱਤੀਆਂ, ਜੋ ਉਸ ਨੇ ਪਹਿਲੇ ਦੋ ਦਿਨ ਸਵੇਰੇ ਸ਼ਾਮ ਲੈਣੀਆਂ ਸਨ ਤੇ ਬਾਅਦ ਵਿਚ ਦੌਰੇ ਆਸਾਰ ਉਤਪੰਨ ਹੋਣ ਵੇਲੇ। ਵੀਹ ਦਿਨਾਂ ਬਾਅਦ ਉਹ ਹੋਰ ਦਵਾਈ ਲੈਣ ਆਇਆ। ਉਸ ਨੇ ਦੱਸਿਆ ਕਿ ਇਹ ਦਵਾ ਸ਼ੁਰੂ ਕਰਨ ਤੋਂ ਬਾਅਦ ਉਸ ਨੂੰ ਕੋਈ ਦੌਰਾ ਨਹੀਂ ਆਇਆ ਤੇ ਉਹ ਇੰਨਾ ਚੰਗਾ ਮਹਿਸੂਸ ਕਰਦਾ ਰਿਹਾ, ਜਿੰਨਾ ਪਹਿਲਾਂ ਕਦੇ ਨਹੀਂ ਕੀਤਾ।
ਇਸੇ ਤਰ੍ਹਾਂ ਭਾਰਤ ਵਿਚ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੇਕੇ ਰਹਿੰਦੀ ਇਕ 32 ਸਾਲਾ ਕੁੜੀ ਨੂੰ ਢਾਈ ਸਾਲ ਤੋਂ ਦੌਰੇ ਪੈਂਦੇ ਸਨ। ਉਸ ਦੇ ਮਾਪੇ ਮੇਰੇ ਇੰਡੀਆ ਜਾਣ ਤੋਂ ਦੂਜੇ ਦਿਨ ਹੀ ਆ ਉਸ ਨੂੰ ਦੇਖਣ ਲਈ ਆਪਣੇ ਪਿੰਡ ਲੈ ਗਏ। ਲੜਕੀ ਨੂੰ ਮੇਰੇ ਸਾਹਮਣੇ ਲਿਆਂਦਾ ਗਿਆ, ਪਰ ਚਾਰ ਮਿੰਟ ਬਾਅਦ ਹੀ ਉਸ ਨੂੰ ਅਚਨਚੇਤ ਦੌਰਾ ਪੈ ਗਿਆ। ਮੈਂ ਖੁਦ ਦੇਖਿਆ ਕਿ ਉਹ ਕਿਸੇ ਡਰ ਕਾਰਨ ਬੋਲਦੀ ਬੋਲਦੀ ਰੁਕ ਗਈ ਤੇ ਉਸ ਦੇ ਹੱਥ ਪੈਰ ਕੰਬਣ ਲੱਗੇ। ਦੂਜੀਆਂ ਲੜਕੀਆਂ ਨੇ ਉਸ ਨੂੰ ਉਥੇ ਹੀ ਲਿਟਾ ਦਿਤਾ ਤੇ ਦੋ ਕੁ ਮਿੰਟਾਂ ਬਾਅਦ ਦੌਰਾ ਲੰਘ ਗਿਆ। ਉਸ ਮਾਯੂਸ ਜਿਹੀ ਬੈਠੀ ਨਾਲ ਮੈਂ ਇਕਾਂਤ ਵਿਚ ਗੱਲ ਕੀਤੀ। ਪੁੱਛਣ `ਤੇ ਉਸ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਉਸ ਨੂੰ ਕੀ ਹੋ ਜਾਂਦਾ ਹੈ, ਪਰ ਉਸ ਦੇ ਪਤੀ ਦੀ ਮੌਤ ਦਾ ਉਸ ਨੂੰ ਡੂੰਘਾ ਸਦਮਾ ਹੈ। ਆਪਣੇ ਭਵਿੱਖ ਨੂੰ ਲੈ ਕੇ ਉਸ ਦੇ ਦਿਲ ਵਿਚ ਤਰ੍ਹਾਂ ਤਰ੍ਹਾਂ ਦੇ ਡਰ ਤੇ ਤੌਖਲੇ ਮੰਡਰਾਉਂਦੇ ਰਹਿੰਦੇ ਸਨ। ਮੈਂ ਉਸ ਨੂੰ ਹੋਮਿਓਪੈਥਿਕ ਇਗਨੇਸ਼ੀਆ 200 ਦੀ ਇਕ ਖੁਰਾਕ ਦੇ ਕੇ ਇਕ ਮਹੀਨਾ ਭਰ ਸਵੇਰੇ ਸ਼ਾਮ ਲੈਣ ਲਈ ਐਸਪਨ ਦਿੱਤੀ। ਮੇਰੀ ਜਾਣਕਾਰੀ ਮੁਤਾਬਿਕ ਪੂਰੇ ਚਾਰ ਸਾਲ ਲੰਘਿਆਂ ਵੀ ਉਸ ਨੂੰ ਕੋਈ ਦੌਰਾ ਨਹੀਂ ਪਿਆ। ਇਹ ਵਾਕ ਪੂਰਾ ਕਰਨ ਤੋਂ ਪਹਿਲਾਂ ਮੈਂ ਫਿਰ ਇੰਡੀਆ ਫੋਨ ਕਰ ਕੇ ਪਤਾ ਕੀਤਾ, ਮੇਰੀ ਜਾਣਕਾਰੀ ਸਹੀ ਨਿਕਲੀ। ਇਹ ਲੜਕੀ ਪਹਿਲਾਂ ਕਈ ਡਾਕਟਰਾਂ, ਹਕੀਮਾਂ ਤੇ ਸਿਆਣਿਆਂ ਦੇ ਇਲਾਜ ਤੋਂ ਬਿਨਾ ਦੋ ਵਾਰ ਵਡਭਾਗ ਸਿੰਘ ਦੇ ਡੇਰੇ ਵੀ ਜਾ ਆਈ ਸੀ।
ਇਹ ਕੋਈ ਗਲਪ ਜਾਂ ਕਵਿਤਾ ਨਹੀਂ ਹੈ ਤੇ ਨਾ ਹੀ ਕੋਈ ਪੰਜ ਨੁਕਾਤੀ ਪ੍ਰਸਤਾਵ ਦਾ ਪਲਾਟ, ਜਿਸ ਵਿਚ ਜੋ ਮਰਜ਼ੀ ਭਰ ਦਿਓ ਚਲ ਜਾਂਦਾ ਹੈ। ਇਹ ਅਤਿਅੰਤ ਹੀ ਉਪਯੋਗੀ ਫੁੱਲ ਐਸਪਨ ਦੀ ਮਨੁੱਖੀ ਮਨ ਨੂੰ ਨਿਰਮਲ ਕਰਨ ਦੀ ਸਮਰਥਾ ਦਾ ਬਿਆਨ ਹੈ, ਜੋ ਪਿਛਲੀ ਇਕ ਸਦੀ ਦੀ ਕਲਿਨਿਕਲ ਗਵਾਹੀ `ਤੇ ਆਧਾਰਿਤ ਹੈ। ਇਸ ਵਿਚ ਕਿਸੇ ਤੁੱਕੇ-ਬਾਜੀ, ਸ਼ੱਕ-ਸੁਬਾਹ, ਅਤਿ-ਕਥਨੀ ਜਾਂ ਗਲਤ-ਬਿਆਨੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਕਿਸੇ ਓਹਲੇ ਦਾ ਵੀ ਇਸ ਵਿਚ ਕੋਈ ਸਵਾਲ ਨਹੀਂ, ਕਿਉਂਕਿ ਦਵਾਈ ਤੇ ਮਰੀਜ਼ ਦੋਹਾਂ ਵਿਚੋਂ ਕੋਈ ਵੀ ਦੂਰ ਤੇ ਦੁਰਲੱਭ ਨਹੀਂ। ਸਨਕੀ ਤੋਂ ਸਨਕੀ ਬੰਦਾ ਵੀ ਇਨ੍ਹਾਂ ਸਿੱਟਿਆਂ ਨੂੰ ਅਜਮਾ ਸਕਦਾ ਹੈ!