ਦਰਸ਼ਨ ਦਰਵੇਸ਼ ਦੇ ਸੁਰਿੰਦਰ ਸੋਹਲ ਨੂੰ 101 ਸਵਾਲ

1. ਅੱਜ ਤੱਕ ਕਿਹੜੀ ਪਿਆਰੀ ਤੇ ਕੀਮਤੀ ਖੁਸ਼ੀ ਦਾ ਨਸ਼ਾ ਸੰਭਾਲ ਕੇ ਰੱਖਿਆ ਹੈ?
-ਸੱਜਰੀ ਮੁਹੱਬਤ ’ਚ ਹੋਈ ‘ਹਾਂ’ ਦੀ ਖੁਸ਼ੀ ਦਾ ਨਸ਼ਾ।
2. ਜ਼ਿੰਦਗੀ ਵਿਚ ਕਿਸ ਘਟਨਾ ਦੇ ਸਵਾਦ ਤੋਂ ਪ੍ਰਭਾਵਿਤ ਹੋਏ ਹੋ?
-ਪਹਿਲੇ ਚੁੰਮਣ ਦਾ ਜ਼ਾਇਕਾ ਅਜੇ ਤੱਕ ਨਹੀਂ ਭੁੱਲਿਆ।

3. ਕਿਸ ਗੱਲ ਤੋਂ ਸਭ ਤੋਂ ਜ਼ਿਆਦਾ ਡਰੇ ਕਿ ਮੁੜ ਕੇ ਕਦੇ ਡਰੇ ਹੀ ਨਹੀਂ?
-ਆਪਣੇ ਖਿਲਾਫ ਹੋ ਰਹੇ ਦੋਸਤਾਂ ਦੇ ਇਕੱਠ ਬਾਰੇ ਸੁਣ ਕੇ। ਜਦੋਂ ਬਿਨਾ ਬੁਲਾਏ ਉਥੇ ਆਪ ਹੀ ਚਲੇ ਗਿਆ ਤਾਂ ਦੇਖਿਆ, ਜਿਨ੍ਹਾਂ ਨੂੰ ਉਂਗਲ ਲਾ ਕੇ ਸਾਹਿਤ ਦੀ ਡੰਡੀ ‘ਤੇ ਤੋਰਿਆ ਸੀ, ਉਹੀ ਮੇਰੇ ਖਿਲਾਫ ਬੋਲ ਰਹੇ ਸਨ। ਮੇਰੇ ਵਾਸਤੇ ਬੜਾ ਮਾਅਨੀਖੇਜ਼ ਅਨੁਭਵ ਸੀ। ਮੇਰੇ ਅੰਦਰ ਅਜਿਹੀ ਊਰਜਾ ਪੈਦਾ ਹੋਈ ਕਿ ਡਰ ਕਾਫੂਰ ਹੋ ਗਿਆ। ਉਹ ਅਨੁਭਵ ਮੇਰੀਆਂ ਬਹੁਤ ਸਾਰੀਆਂ ਗਜ਼ਲਾਂ ‘ਚ ਰੂਪਾਂਤ੍ਰਿਤ ਹੋ ਕੇ ਪੇਸ਼ ਹੋਇਆ।
4. ਤੁਹਾਡਾ ਸਭ ਤੋਂ ਪਿਆਰਾ ਸੁਪਨਾ ਜੋ ਵਾਰ ਵਾਰ ਆਉਂਦਾ ਹੈ?
-ਪਿਆਰਾ ਤਾਂ ਨਹੀਂ ਕਿਹਾ ਜਾ ਸਕਦਾ। ਬਹੁਤ ਵਾਰ ਆਉਂਦਾ ਹੈ। ਮੈਂ ਭੀੜ ’ਚ ਅਲਫ-ਨੰਗਾ ਤੁਰਿਆ ਫਿਰਦਾ ਹਾਂ। ਉਹ ਅਨੁਭਵ ਮੇਰੇ ਇਸ ਸ਼ਿਅਰ ’ਚ ਢਲਿਆ,
ਤਮਾਸ਼ਬੀਨ ਸਾਂ ਬਣਿਆਂ ਹਾਂ ਖੁਦ ਤਮਾਸ਼ਾ ਜਦੋਂ,
ਤਾਂ ਲਗਿਆ ਭੀੜ ’ਚ ਕੱਪੜੇ ਉਤਾਰ ਬੈਠਾ ਹਾਂ।
5. ਆਪਣੇ ਆਪ ਨਾਲ ਵੀ ਲੜਾਈ ਕਰ ਕੇ ਅਕਸਰ ਕੀ ਖੋਇਆ, ਕੀ ਪਾਇਆ ਹੈ?
-ਆਪਣੀਆਂ ਗਲਤੀਆਂ ’ਤੇ ਸ਼ਰਮਿੰਦਗੀ। ਗਲਤੀਆਂ ਦੇ ਅਹਿਸਾਸ ਨੂੰ ਊਰਜਾ ’ਚ ਬਦਲ ਕੇ ਸਿਰਜੀ ਕੋਈ ਨਜ਼ਮ ਜਾਂ ਸ਼ਿਅਰ।
6. ਜ਼ਿੰਦਗੀ ਵਿਚ ਜਦੋਂ ਜਦੋਂ ਵੀ ਰੋਏ ਹੋ ਕੀ ਸਿਰਜਿਆ ਹੈ?
-ਬਾਰਿਸ਼ ’ਚ ਨਹਾਤੇ ਫੁੱਲਾਂ ਵਰਗੇ ਸ਼ਿਅਰ।
7. ਸ਼ੌਕ ਪੂਰਨ ਲਈ ਆਪਣੀ ਮਿਹਨਤ ਦੀ ਕਮਾਈ ਵਿਚੋਂ ਕਦੇ ਖਰਚ ਵੀ ਸਕੇ ਹੋ?
-ਕਦੇ-ਕਦੇ।
8. ਦੂਜਿਆਂ ਦੇ ਵਿਅਕਤੀਤਵ ਵਿਚੋਂ ਤੁਸੀਂ ਕੀ ਕੁਝ ਚੋਰੀ ਕੀਤਾ ਹੈ ਅੱਜ ਤੱਕ?
-ਚੰਗਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮੁਲੰਮਾ ਹੀ ਹੱਥ ਲੱਗਾ ਹੈ। ਹੁਣ ਕੋਸ਼ਿਸ਼ ਛੱਡ ਦਿੱਤੀ ਹੈ।
9. ਆਪਣੇ ਵਿਅਕਤੀਤਵ ਵਿਚੋਂ ਤੁਸੀਂ ਕੀ ਕੀ ਹੋਰਨਾਂ ਨੂੰ ਵੰਡ ਦੇਣਾ ਚਾਹੁੰਦੇ ਹੋ?
-ਆਪਣੀਆਂ ਬੇਵਕੂਫੀਆਂ ’ਚੋਂ ਕਮਾਏ ਅਨੁਭਵ ਦਾ ਰਸ। (ਸ਼ਾਇਦ ਇਹ ਦੂਜੇ ਨੂੰ ਮੁਲੰਮਾ ਹੀ ਲੱਗੇ)
10. ਸਭ ਤੋਂ ਪਿਆਰੀ ਥਾਂ ਉੱਪਰ ਜਾ ਕੇ ਲਗਾਤਾਰ ਕੀ ਕਰਨਾ ਪਸੰਦ ਕਰਦੇ ਹੋ?
-ਰੁੱਖਾਂ ਦੇ ਝੁੰਡ ’ਚ ਜਾਂ ਸਮੁੰਦਰੀ ਚੱਟਾਨਾਂ ’ਤੇ ਬਹਿ ਅੱਖਾਂ ਮੀਟ ਕੇ ਅੰਦਰਲੀ ਯਾਤਰਾ ਕਰਨਾ ਜਾਂ ਅੱਖਾਂ ਖੋਲ੍ਹ ਕੇ ਕੁਦਰਤ ਦੇ ਬਲਿਹਾਰ ਜਾਣਾ।
11. ਸਾਹਿਤ ਦੇ ਸਭ ਤੋਂ ਵੱਡੇ ਦੁਸ਼ਮਣ ਨਾਲ ਮਿੱਤਰਤਾ ਕਿਵੇਂ ਹੋਣੀ ਚਾਹੀਦੀ ਹੈ?
-ਦੁਸ਼ਮਣ ਸ਼ਬਦ ਮੇਰੀ ਡਿਕਸ਼ਨਰੀ ਵਿਚ ਹੈ ਹੀ ਨਹੀਂ।
12. ਪਹਿਲੀ ਮੁਹੱਬਤ ਦੀ ਸੁੱਚਤਾ ਨੂੰ ਕਿਸ ਕਵਿਤਾ ਵਿਚ ਕਿਵੇਂ ਬਿਆਨ ਕੀਤਾ ਹੈ?
-ਕਿਸ ਤਰ੍ਹਾਂ ਤੇਰੇ ਲਈ ਪਾਗਲ ਮੈਂ ਹੁੰਦਾ ਸਾਂ ਕਦੇ।
ਮੇਲੇ ਵਿਚ ਦਿਲ ’ਤੇ ਲਿਖਾਇਆ ਸੀ ‘ਸੁਰਿੰਦਰ’ ਨਾਂ ਕਦੇ।
13. ਆਪਣੇ ਕਿਸ ਰੂਪ ਨੂੰ ਕਦੇ ਵੀ ਯਾਦ ਕੀਤਾ ਜਾਣਾ ਪਸੰਦ ਨਹੀਂ ਕਰੋਗੇ?
-ਆਪਣੇ ਅੰਦਰਲੇ ਉਸ ਬੰਦੇ ਨੂੰ, ਜਿਸ ਨੇ ਉਨ੍ਹਾਂ ਲੋਕਾਂ ਦੀ ਲੋੜੋਂ ਵੱਧ ਮਦਦ ਕੀਤੀ, ਜੋ ਇਸ ਦੇ ਯੋਗ ਨਹੀਂ ਸਨ।
14. ਜੇ ਪੁਨਰ ਜਨਮ ਵਿਚ ਵਿਸ਼ਵਾਸ ਹੈ ਤਾਂ ਕਿਸ ਰੂਪ ਵਿਚ ਪੈਦਾ ਹੋਣਾ ਚਾਹੋਗੇ?
-ਬਿਲਕੁਲ ਹੁਣ ਵਾਲੇ ਰੂਪ ’ਚ।
15. ਪ੍ਰਾਪਤੀਆਂ ਤੋਂ ਸੰਤੁਸ਼ਟੀ ਅਤੇ ਅਸੰਤੁਸ਼ਟੀ ਵਿਚਕਾਰ ਕੀ ਤੰਗ ਕਰਦਾ ਹੈ?
-ਕੋਈ ਤੰਗ ਨਹੀਂ ਕਰਦੀ। ਪ੍ਰਾਪਤੀਆਂ ਸਕੂਨ ਦਿੰਦੀਆਂ ਨੇ, ਅਸੰਤੁਸ਼ਟੀ ਕੁਝ ਹੋਰ ਕਰਨ ਲਈ ਪ੍ਰੇਰਦੀ ਹੈ।
16. ਤੁਹਾਨੂੰ ਦੂਜਿਆਂ ਦੀਆਂ ਕਿਹੜੀਆਂ ਗੱਲਾਂ ਤੋਂ ਜਲਨ ਮਹਿਸੂਸ ਹੁੰਦੀ ਹੈ?
-ਜਲਨ ਨਹੀਂ ਕਹਿ ਸਕਦੇ। ਹਾਂ! ਜੋ ਆਪਣੇ ਘਿਨੌਣੇ ਏਜੰਡਿਆਂ ਨੂੰ ਫੁੱਲਾਂ ਵਰਗੇ ਸ਼ਬਦਾਂ ਹੇਠ ਲੁਕੋ ਕੇ ਪੇਸ਼ ਕਰਦੇ ਨੇ, ਉਨ੍ਹਾਂ ਨਾਲ ਵਿਰੋਧ ਜ਼ਰੂਰ ਹੈ।
17. ਕਿਹੜੀਆਂ ਗੱਲਾਂ ਅਤੇ ਕਿਹੜੇ ਮੌਕਿਆਂ ਉੱਪਰ ਝੂਠ ਬੋਲਣਾ ਪਸੰਦ ਕਰਦੇ ਹੋ?
-ਜਿੱਥੇ ਅਗਲੇ ਨੂੰ ਸਿੱਧਾ ਫਾਇਦਾ ਪਹੁੰਚਦਾ ਹੋਵੇ।
18. ਕਿਹੜੀ ਆਦਤ ਜਿਹੜੀ ਵਾਰ ਵਾਰ ਬਦਲਣਾ ਚਾਹੁੰਦੇ ਹੋਏ ਵੀ ਬਦਲ ਨਹੀਂ ਸਕੇ
-ਜਿਹੜਾ ਬਹੁਤ ਚੁਸਤ-ਚਲਾਕ ਬਣ ਕੇ ਮੂਰਖ ਬਣਾਉਣ ਦੀ ਕੋਸ਼ਿਸ਼ ਕਰੇ, ਹਰ ਵਾਰ ਉਸ ਤੋਂ ਪਾਸਾ ਵੱਟਣ ਦੀ ਸੋਚਦਾ ਹਾਂ। ਪਾਸਾ ਵੱਟ ਨਹੀਂ ਹੁੰਦਾ, ਆਢਾ ਲੱਗ ਜਾਂਦਾ ਹੈ।
19. ਕਿਹੋ ਜਿਹੇ ਕੱਪੜਿਆਂ ਵਿਚ ਚੁਸਤ ਦਰੁਸਤ ਮਹਿਸੂਸ ਕਰਦੇ ਹੋ?
-ਕਦੇ ਸੋਚਿਆ ਹੀ ਨਹੀਂ।
20. ਤੁਰੰਤ ਆਪਣੀ ਗਲਤੀ ਉੱਪਰ ਕਿਸ ਤਰ੍ਹਾਂ ਪਰਦਾ ਪਾਉਂਦੇ ਹੋ?
-ਜੇ ਸੱਚਮੁੱਚ ਮੇਰੀ ਗਲਤੀ ਹੋਵੇ ਤਾਂ ‘ਸੌਰੀ’ ਕਹਿ ਕੇ ਗਲਤੀ ਮੰਨ ਲੈਂਦਾ ਹਾਂ।
21. ਅੱਜ ਤੱਕ ਅਨਿਆਂ ਦੇ ਖਿਲਾਫ ਕਿਸ ਰੂਪ ਵਿਚ ਆਵਾਜ਼ ਉਠਾਈ ਹੈ?
-90ਵਿਆਂ ’ਚ ਸਿਰਫ ਇਕ ਵਾਰ ਦੇਸ਼-ਭਗਤ ਯਾਦਗਾਰ ਹਾਲ ’ਚ ਸਟੇਜ ਤੋਂ ਬੋਲ ਕੇ। ਮਗਰੋਂ ਸਿਰਫ ਲਿਖ ਕੇ ਹੀ।
22. ਜੇ ਸੰਘਰਸ਼ ਦੀ ਕਹਾਣੀ ਦੋ ਲਾਈਨਾਂ ਵਿਚ ਕਹਿਣੀ ਹੋਵੇ ਤਾਂ ਕਿਵੇਂ ਕਹੋਗੇ?
-ਸੰਘਰਸ਼ ਕੀਤਾ ਹੀ ਨਹੀਂ। ਮੇਰੇ ਜੀਵਨ ਵਿਚ ਮੌਕਾ-ਮੇਲ ਦਾ ਬਹੁਤ ਯੋਗਦਾਨ ਰਿਹਾ ਹੈ।
23. ਅਜਿਹਾ ਕੰਮ, ਜਿਹੜਾ ਤੁਸੀਂ ਹਰ ਰੋਜ਼ ਸਭ ਤੋਂ ਪਹਿਲਾਂ ਕਰਨ ਲਈ ਉਤਸੁਕ ਰਹਿੰਦੇ ਹੋ, ਪਰ ਅੱਜ ਤੱਕ ਨਹੀਂ ਕਰ ਸਕੇ?
-ਕਸਰਤ ਕਰਨ ਦਾ।
24. ਹਰ ਇੱਛਾ ਪੂਰੀ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਕਿਹੜੀ ਇੱਛਾ ਪੂਰੀ ਕਰਨੀ ਚਾਹੋਗੇ?
-ਜਿਹੜਾ ਪੜ੍ਹਨੋ ਰਹਿ ਗਿਆ ਹੈ, ਵਿਸ਼ਵ ਦਾ ਬਿਹਤਰੀਨ ਸਾਹਿਤ ਪੜ੍ਹਾਂਗਾ।
25. ਅਜਿਹਾ ਕੀ ਸੀ ਜੋ ਅਣਮੰਨੇ ਮਨ ਨਾਲ ਕੀਤਾ ਅਤੇ ਅਜੇ ਵੀ ਕਰ ਰਹੇ ਹੋ?
-ਮੈਂ ਹਰ ਕੰਮ ’ਚੋਂ ਅਨੰਦ ਲੈਂਦਾ ਹਾਂ।
26. ਜਦੋਂ ਪਹਿਲੀ ਵਾਰ ਜੇਬ ਖਰਚੀ ਮਿਲੀ ਤਾਂ ਤੁਹਾਡੇ ਮਨ ਦੀ ਖੁਸ਼ੀ ਕਿਹੋ ਜਿਹੀ ਸੀ?
-ਯਾਦ ਨਹੀਂ।
27. ਦੋਬਾਰਾ ਵੀਹ ਸਾਲ ਦਾ ਹੋਣ ਦਾ ਮੌਕਾ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਕੀ ਕਰੋਗੇ?
-ਮੁਹੱਬਤ ਦੀ ਜੋ ਕਹਾਣੀ ਅਧੂਰੀ ਰਹਿ ਗਈ ਸੀ, ਮੁਕੰਮਲ ਕਰਨ ਦੀ ਕੋਸ਼ਿਸ਼ ਕਰਾਂਗਾ।
28. ਅੱਜ ਤੱਕ ਦਾ ਸਭ ਤੋਂ ਯਾਦਗਾਰੀ ਪਲ ਕਿਹੜਾ ਹੈ, ਜਿਸ ਨੂੰ ਲਿਖਣਾ ਬਾਕੀ ਹੈ?
-ਜਦੋਂ ਪਹਿਲੀ ਵਾਰ ਸਮੁੰਦਰ ਦੇਖਿਆ ਸੀ।
29. ਮਨਪਸੰਦ ਖਾਣੇ ਕਿਹੜੇ ਹਨ ਅਤੇ ਉਹੀ ਕਿਉਂ ਹਨ?
-ਪਹਿਲਾਂ ਮਾਂ ਤੇ ਹੁਣ ਪਤਨੀ ਦਾ ਪੱਕਿਆ ਖਾਣਾ।
30. ਮਨਪਸੰਦ ਸੰਗੀਤ ਸੁਣਨ ਵੇਲੇ ਆਲੇ-ਦੁਆਲੇ ਦਾ ਮਾਹੌਲ ਕਿਹੋ ਜਿਹਾ ਚਾਹੁੰਦੇ ਸੀ?
-ਇਕੱਲ।
31. ਤੁਹਾਡੇ ਘਰ ਅਤੇ ਦਫਤਰ ਵਿਚ ਤੁਹਾਡਾ ਸਭ ਤੋਂ ਪਿਆਰਾ ਕੋਨਾ ਕਿਹੜਾ ਹੈ?
-ਘਰ ’ਚ ਲਾਇਬ੍ਰੇਰੀ ਤੇ ਕੰਮ ’ਤੇ ਫੁੱਲਾਂ ਨਾਲ ਭਰੀ ਕਿਆਰੀ।
32. ਅਜਿਹਾ ਕੰਮ ਜਿਹੜਾ ਕਦੇ ਵੀ ਨਹੀਂ ਸੀ ਕਰਨਾ ਚਾਹਿਆ, ਪਰ ਉਹੀ ਹੁੰਦਾ ਗਿਆ?
-ਕਿਸੇ ਮਾੜੀ ਰਚਨਾ ਬਾਰੇ ਬੋਲਣਾ ਨਹੀਂ ਚਾਹਿਆ, ਪਰ ਬੋਲ ਹੋ ਜਾਂਦਾ ਹੈ।
33. ਤੁਹਾਡੇ ਮੂੰਹੋਂ ਆਪਣੀ ਕਿਹੜੀ ਖਾਸੀਅਤ ਦੱਸਦਿਆਂ ਚਾਅ ਚੜ੍ਹ ਜਾਂਦਾ ਹੈ?
-ਮੇਰੇ ਦਿਮਾਗ ਦਾ ਰਸੀਵਰ ਕਮਜ਼ੋਰ ਹੈ।
34. ਆਪਣੇ ਘਰ ਵਿਚ ਸਭ ਤੋਂ ਪਿਆਰਾ ਦਿਨ ਕਿਹੜਾ ਬਿਤਾਇਆ ਹੈ?
-ਜਦੋਂ ਸਾਰੇ ਜਣੇ ਦਿਨ ਭਰ ਕੀਤੀਆਂ ਬੇਵਕੂਫੀਆਂ ਸਾਂਝੀਆਂ ਕਰ ਕੇ ਹੱਸਦੇ ਹਾਂ।
35. ਉਹ ਬੁਰੀ ਆਦਤ, ਜਿਸ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ?
-ਇਕੱਲੇ ਡਰਾਈਵ ਕਰਦੇ ਹੋਏ ਉੱਚੀ-ਉੱਚੀ ਉਰਦੂ ਗਜ਼ਲਾਂ ਗਾਉਣਾ।
36. ਸਟੱਡੀ ਰੂਮ ਵਿਚ ਰੱਖੇ ਟੇਬਲ ਉੱਪਰ ਕੀ ਕੀ ਸਜਾ ਕੇ ਰੱਖਣਾ ਪਸੰਦ ਕਰਦੇ ਹੋ?
-ਲਿਖੇ ਜਾ ਰਹੇ ਕਾਰਜ ਦੇ ਪ੍ਰਿੰਟ ਆਊਟ, ਜਿਨ੍ਹਾਂ ਵੱਲ ਦੇਖ-ਦੇਖ ਮੇਰੇ ਜ਼ਿਹਨ ’ਚ ਸ਼ਬਦਾਂ ਦੀ ਬਰਖਾ ਹੋਣ ਲੱਗ ਪੈਂਦੀ ਹੈ।
37. ਘਰ ਛੱਡਣ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਲੈ ਕੇ ਜਾਣਾ ਪਸੰਦ ਕਰੋਗੇ?
-ਵਾਪਸ ਮੁੜਨ ਦੀ ਆਸ।
38. ਉਹ ਗੱਲ ਦੱਸੋ ਜਿਹੜੀ ਤੁਸੀਂ ਕਦੇ ਵੀ ਕਿਸੇ ਨੂੰ ਵੀ ਨਹੀਂ ਦੱਸਣੀ ਚਾਹੁੰਦੇ?
-ਫਿਰ ਤੁਹਾਨੂੰ ਵੀ ਕਿਉਂ ਦੱਸਾਂ!
39. ਤੁਸੀਂ ਆਪਣੇ ਪਰਸ ਵਿਚ ਸਭ ਤੋਂ ਵੱਧ ਕੀ ਸੰਭਾਲ ਕੇ ਰੱਖਦੇ ਹੋ?
-ਡਰਾਈਵਿੰਗ ਲਾਈਸੈਂਸ ਤੇ ਦੋ ਕਰੈਡਿਟ ਕਾਰਡ।
40. ਆਪਣੀ ਕਿਹੜੀ ਇੱਛਾ ਪੂਰਤੀ ਲਈ ਅੱਤ ਦੇ ਰੁਝੇਵੇਂ ’ਚੋਂ ਵੀ ਵਕਤ ਕੱਢ ਹੀ ਲੈਂਦੇ ਹੋ?
-ਪੜ੍ਹਨ ਤੇ ਲਿਖਣ ਦੀ।
41. ਕਿਹੜੀ ਚੀਜ਼ ਹੈ, ਜਿਹੜੀ ਤੁਹਾਨੂੰ ਹਰ ਸਮੇਂ ਚੁਸਤ-ਦਰੁਸਤ ਰੱਖਦੀ ਹੈ?
-ਕੁਝ ਨਾ ਕੁਝ ਲਿਖਣ ਜਾਂ ਪੜ੍ਹਨ ਦੀ ਖਾਹਿਸ਼।
42. ਉਹ ਖੂਬਸੂਰਤ ਪਲ, ਜਿਹੜਾ ਤੁਸੀਂ ਸਭ ਤੋਂ ਵੱਧ ਅਤੇ ਵਾਰ ਵਾਰ ਜੀਵਿਆ ਹੈ?
-ਦੋਸਤਾਂ ਨਾਲ ਮੁਹੱਬਤੀ ਤੇ ਪਰਿਵਾਰ ਨਾਲ ਮੋਹ-ਭਿੱਜੇ ਪਲ।
43. ਉਹ ਕੌਣ ਹੈ, ਜਿਸ ਨਾਲ ਤੁਸੀਂ ਆਪਣੇ ਮਨ ਦਾ ਹਰੇਕ ਕੋਨਾ ਸਾਂਝਾ ਕਰ ਲੈਂਦੇ ਹੋ?
-ਕੁਝ ਕੋਨੇ ਤਾਂ ਮੈਂ ਆਪਣੇ-ਆਪ ਨਾਲ ਵੀ ਸਾਂਝੇ ਨਹੀਂ ਕੀਤੇ।
44. ਜੇ ਇੱਕ ਮਹੀਨੇ ਦੀਆਂ ਛੁੱਟੀਆਂ ਮਿਲ ਜਾਣ ਤਾਂ ਕਿਸ ਤਰ੍ਹਾਂ ਬਿਤਾਉਣੀਆਂ ਪਸੰਦ ਕਰੋਗੇ?
-ਆਪਣੀਆਂ ਅਧੂਰੀਆਂ ਕਿਰਤਾਂ ਪੂਰੀਆਂ ਕਰਦਿਆਂ।
45. ਹਰੇਕ ਇਨਸਾਨ ਦੀਆਂ ਕਿਹੜੀਆਂ ਪੰਜ ਖੂਬੀਆਂ ਤੁਸੀਂ ਪਸੰਦ ਕਰਦੇ ਹੋ?
-ਇਨਸਾਨ ਹੋਣਾ ਹੀ ਆਪਣੇ ਆਪ ’ਚ ਸਭ ਤੋਂ ਵੱਡੀ ਖੂਬੀ ਹੈ।
46. ਤੁਸੀਂ ਕਿਹੜੀ ਫਿਲਮ ਜਾਂ ਪੜ੍ਹੀ ਹੋਈ ਰਚਨਾ ਦੇ ਕਿਸ ਕਿਰਦਾਰ ਵਰਗੀ ਜ਼ਿੰਦਗੀ ਜਿਊਣ ਦੀ ਕਦੇ ਲਾਲਸਾ ਕੀਤੀ ਸੀ?
-ਸਿਰਫ ਆਪਣੇ-ਆਪ ਵਰਗਾ।
47. ਆਪਣੇ ਮਾਂ-ਬਾਪ ਨਾਲ ਬਿਤਾਇਆ ਹੋਇਆ ਸਭ ਤੋਂ ਸ਼ਾਨਦਾਰ ਪਲ?
-ਹਰ ਪਲ, ਜੋ ਉਨ੍ਹਾਂ ਨਾਲ ਬੀਤਿਆ।
48. ਤੁਹਾਡਾ ਰੋਡ ਸਾਈਡ ਫੇਵਰਟ ਫੂਡ ਕਿਹੜਾ ਹੈ?
-ਜੀਭ ਦੇ ਸਵਾਦ ਬਹੁਤ ਪਿੱਛੇ ਰਹਿ ਗਏ ਨੇ।
49. ਤੁਸੀਂ ਅੱਜ ਤੱਕ ਦਾ ਸਭ ਤੋਂ ਮਹਿੰਗਾ ਖਾਣਾ ਕਦੋਂ ਅਤੇ ਕਿੱਥੇ ਖਾਧਾ?
-ਕਿਤੇ ਵੀ ਨਹੀਂ। ਮਹਿੰਗੇ ਤੋਂ ਮਹਿੰਗੇ ਹੋਟਲ ਵਿਚ ਵੀ ਦੋਸਤ ਮਿਹਰਬਾਨ ਰਹੇ।
50. ਤੁਹਾਨੂੰ ਕਿਸੇ ਮਜ਼ਬੂਰੀ ਵੱਸ ਸਭ ਤੋਂ ਸਸਤਾ ਖਾਣਾ ਕਦੋਂ ਅਤੇ ਕਿੱਥੇ ਖਾਣਾ ਪਿਆ
-ਕਦੇ ਮੌਕਾ ਹੀ ਨਹੀਂ ਬਣਿਆ।
51. ਇੱਕ ਖੂਬਸੂਰਤ ਘਰ ਕਿਹੋ ਜਿਹਾ ਹੋਣਾ ਚਾਹੀਦਾ ਹੈ?
-ਜਿਸ ਵਿਚ ਫੁੱਲਾਂ ਵਰਗੇ ਜੀਅ ਅਤੇ ਜੀਆਂ ਵਰਗੇ ਫੁੱਲ ਹੋਣ।
52. ਭਾਰਤੀ ਇਤਿਹਾਸ ਵਿਚ ਤੁਹਾਡਾ ਸਭ ਤੋਂ ਪਿਆਰਾ ਨਾਇਕ ਕੌਣ ਹੈ?
-ਭਾਈ ਕਨੱਈਆ।
53. ਫੁਰਸਤ ਦੇ ਪਲਾਂ ਵਿਚ ਆਪਣੇ ਆਪ ਲਈ ਕਿੰਨ੍ਹਾਂ ਕੁ ਜਿਊਂਦੇ ਹੋ?
-ਏਨੀ ਫੁਰਸਤ ਅਜੇ ਮਿਲੀ ਹੀ ਨਹੀਂ।
54. ਤੁਹਾਨੂੰ ਕਿਹੜੀਆਂ ਅਤੇ ਕਿਹੋ ਜਿਹੀਆਂ ਗੱਲਾਂ ‘ਤੇ ਹਾਸਾ ਆਉਂਦਾ ਹੈ?
-ਜਦੋਂ ਕੋਈ ਬੇਵਕੂਫ ਬਣਾ ਰਿਹਾ ਹੋਵੇ।
55. ਕਦੇ ਜ਼ਿੰਦਗੀ ਵਿਚ ਸ਼ਰਮਿੰਦਾ ਵੀ ਹੋਣਾ ਪਿਆ ਹੈ?
-ਬਹੁਤ ਵਾਰ। ਸ਼ਰਮਿੰਦਾ ਹੋਣਾ ਹੀ ਤੁਹਾਡੇ ਸੰਵੇਦਨਸ਼ੀਲ ਹੋਣ ਦੀ ਨਿਸ਼ਾਨੀ ਹੈ। ਵਰਨਾ ਬੰਦਾ ਬੇਸ਼ਰਮ ਹੁੰਦਾ ਹੈ।
56. ਸਾਹਿਤ ਨਾਲ ਮੋਹ ਭੰਗ ਵਾਲੀ ਸਥਿਤੀ ਕਿਹੋ ਜਿਹੀ ਹੁੰਦੀ ਹੈ?
-ਅਜੇ ਇਹ ਨੌਬਤ ਆਈ ਨਹੀਂ।
57. ਸਭ ਤੋਂ ਮਨਪਸੰਦ ਫਿਲਮ ਕਿਹੜੀ ਹੈ ਅਤੇ ਕਿਉ?
-‘ਪੁਸ਼ਪ।’ ਜ਼ਿੰਦਗੀ ਦੀਆਂ ਪਰਤਾਂ ਖੋਲ੍ਹਦੀ ਫਿਲਮ। ਕਮਾਲ ਇਹ ਕਿ ਇਸ ਫਿਲਮ ’ਚ ਇਕ ਵੀ ਡਾਇਲਾਗ ਨਹੀਂ, ਪਰ ਸੰਚਾਰ ਬੋਲਾਂ ਤੋਂ ਵੀ ਵਧ ਕੇ।
58. ਕੋਈ ਅਜਿਹਾ ਕੌੜਾ ਸੱਚ, ਜੋ ਵਾਰ ਵਾਰ ਸਤਾਉਂਦਾ ਹੋਵੇ?
-ਜਦ ਜਦ ਕਿਸੇ ਨੇ ਦੋਸਤੀ ਦਾ ਨਕਾਬ ਪਾ ਕੇ ਮੇਰੀ ਮਾਸੂਮੀਅਤ ਦਾ ਨਾਜਾਇਜ਼ ਫਾਇਦਾ ਉਠਾਇਆ।
59. ਹਰ ਪਲ ਸੁਰਖੀਆਾਂ ਵਿਚ ਬਣੇ ਰਹਿਣ ਦਾ ਤਰੀਕਾ ਕਿੰਨਾ ਕੁ ਜਾਇਜ਼ ਮੰਨਦੇ ਹੋ?
-ਜੇ ਹੋਵੇ ਤਾਂ ਤਰੀਕਿਆਂ ਦੀ ਲੋੜ ਪੈਂਦੀ ਹੀ ਨਹੀਂ।
60. ਜ਼ਿੰਦਗੀ ਵਿਚ ਕਿਸ ਦਾ ਸਾਥ ਸਭ ਤੋਂ ਪਿਆਰਾ ਲੱਗਦਾ ਹੈ, ਜਿਸਮਾਨੀ ਜਾਂ ਰੂਹਾਨੀ?
-ਦੋਹਾਂ ਬਿਨਾ ਹੀ ਗੁਜ਼ਾਰਾ ਨਹੀਂ।
61. ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕਦੋਂ, ਕਿੱਥੋਂ, ਕਿਸ ਕੋਲੋਂ ਮਿਲਿਆ ਸੀ?
-ਜ਼ਿੰਦਗੀ ਤੋਂ ਹਰ ਕਦਮ, ਹਰ ਮੋੜ ’ਤੇ।
62. ਜੇ ਤੁਹਾਨੂੰ ਦੇਸ਼ ਦੇ ਕਿਸੇ ਇਤਿਹਾਸਕ ਦੌਰ ਵਿਚ ਰਹਿਣ ਅਤੇ ਉਵੇਂ ਹੀ ਜੀਣ ਵਾਸਤੇ ਆਖਿਆ ਜਾਵੇ, ਤਾਂ ਤੁਸੀਂ ਕਿਸ ਦੌਰ ਵਿਚ ਜਾਣਾ ਪਸੰਦ ਕਰੋਗੇ?
-ਵੈਸੇ ਤਾਂ ਮੈਨੂੰ ਵਰਤਮਾਨ ਅਜ਼ੀਜ਼ ਹੈ, ਫਿਰ ਵੀ ਸਿੰਧੂ ਘਾਟੀ ਦੀ ਸਭਿਅਤਾ ’ਚ ਜਾਣਾ ਚਾਹੁੰਦਾ ਹਾਂ, ਜੋ ਉਸ ਵੇਲੇ ਦਾ ਪੰਜਾਬ ਸੀ। ਉਸ ਦੀ ਬੋਲੀ ਉਸ ਵੇਲੇ ਦੀ ਪੰਜਾਬੀ ਸੀ। ਉਹ ਬੋਲੀ ਸਮਝਣੀ ਤੇ ਲਿਪੀ ਪੜ੍ਹਨੀ ਚਾਹੁੰਦਾ ਹਾਂ।
63. ਤੁਹਾਡੀ ਪਹਿਲੀ ਮਨਪਸੰਦ ਜਗ੍ਹਾ, ਜਿੱਥੇ ਤੁਸੀਂ ਲੱਖ ਚਾਹ ਕੇ, ਅੱਜ ਤੱਕ ਵੀ ਨਹੀਂ ਜਾ ਸਕੇ?
-ਲੈਨਿਨ ਦੀ ਦੇਹ ਦੇਖਣ।
64. ਆਪਣੀ ਅਦਾ ਕਿਹੋ ਜਿਹੇ ਰੂਪ ਵਿਚ ਝਲਕਦੀ ਖੂਬਸੂਰਤ ਪੁਆੜਾ ਪਾਉਂਦੀ ਹੈ?
-ਮਸਤੀ ’ਚ ਆਇਆ ਜਦੋਂ ਮੈਂ ਕਿਸੇ ਦੀ ਰਚਨਾ ਬਾਰੇ ਸੱਚੀ ਰਾਇ ਦੇ ਦਿੰਦਾ ਹਾਂ।
65. ਆਪਣੇ ਵੱਲੋਂ ਨਾ ਛੁਪਾਈ ਜਾ ਸਕਣ ਵਾਲੀ ਸਭ ਤੋਂ ਵੱਡੀ ਬੁਰਾਈ ਕਿਹੜੀ ਹੈ?
-ਮੂੰਹ-ਫਟ ਹੋਣਾ।
66. ਅਚਨਚੇਤ ਤੁਹਾਨੂੰ ਵੀਹ ਲੱਖ ਰੁਪਿਆ ਮਿਲ ਜਾਵੇ ਅਤੇ ਇੱਕ ਦਿਨ ਵਿਚ ਹੀ ਖਰਚਣਾ ਪੈ ਜਾਵੇ ਤਾਂ ਤੁਸੀਂ ਕਿਸ ਵਾਸਤੇ ਖਰਚ ਕਰੋਗੇ?
-ਵੀਹ ਲੱਖ ਮਿਲਣ ’ਤੇ ਫੈਸਲਾ ਕਰਾਂਗਾ।
67. ਉਨ੍ਹਾਂ ਪਲਾਂ ਦੀ ਕੀ ਅਹਿਮੀਅਤ ਹੈ, ਜਦੋਂ ਪਹਿਲੀ ਕਿਤਾਬ ਪੜ੍ਹੀ ਜਾਂ ਪਹਿਲੀ ਫਿਲਮ ਵੇਖੀ ਸੀ?
-ਪਹਿਲੀ ਕਿਤਾਬ ਪੜ੍ਹਨਾ ਹੀ ਸਾਹਿਤ ਦੀ ਦਿਸ਼ਾ ਵੱਲ ਜਾਣ ਦਾ ਸੰਕੇਤ ਸੀ ਸ਼ਾਇਦ।
68. ਤੁਹਾਡੇ ਘਰ ਵਿਚ ਅਚਾਨਕ ਹੀ ਦੋ ਬਹੁਤ ਹੀ ਪਿਆਰੇ ਅਤੇ ਨਜ਼ਦੀਕੀ ਮਹਿਮਾਨ ਆ ਜਾਣ ਤਾਂ ਤੁਸੀਂ ਉਨ੍ਹਾਂ ਨਾਲ ਕਿਸ ਮੁੱਦੇ ਉੱਪਰ ਵਿਚਾਰ-ਵਟਾਂਦਰਾ ਕਰਨਾ ਚਾਹੋਗੇ?
-ਮੈਂ ਮਹਿਮਾਨਾਂ ਦੀਆਂ ਗੱਲਾਂ ਸੁਣਨ ’ਚ ਜ਼ਿਆਦਾ ਅਨੰਦ ਮਾਣਦਾ ਹਾਂ। ਇਹ ਉਨ੍ਹਾਂ ਦੇ ਨਿਰਭਰ ਹੈ ਕਿ ਉਹ ਕਿਹੋ ਜਿਹਾ ਵਿਸ਼ਾ ਛੋਹਣਗੇ।
69. ਤੁਹਾਡੀ ਨਜ਼ਰ ਵਿਚ ਕੋਈ ਦਿਨ ਅਹਿਮ ਕਿਵੇਂ ਬੀਤਣਾ ਚਾਹੀਦੈ?
-ਮੇਰੇ ਵਾਸਤੇ ਹਰ ਦਿਨ ਅਹਿਮ ਹੈ, ਉਹ ਜਿਹੋ-ਜਿਹਾ ਮਰਜ਼ੀ ਬੀਤੇ।
70. ਬੋਰੀਅਤ ਨੂੰ ਵਾਰ ਵਾਰ ਕਿਵੇਂ ਮਾਣਦੇ ਹੋ?
-ਮੈਂ ਕਦੇ ਬੋਰ ਨਹੀਂ ਹੁੰਦਾ। ਹਰ ਹਾਲ ਵਿਚ ਆਪਣੇ ਆਪ ਨੂੰ ਢਾਲ ਲੈਂਦਾ ਹਾਂ।
71. ਤੁਹਾਡਾ ਸੁਪਨਾ, ਜਿਸ ਨੂੰ ਕਿਸੇ ਵੀ ਕੀਮਤ ਉੱਪਰ ਵਿਕਸਿਤ ਕਰਨਾ ਹੀ ਕਰਨਾ ਹੈ?
-ਇਹੋ ਜਿਹੇ ਅਫਲਾਤੂਨੀ ਵਿਚਾਰਾਂ ਦੀ ਉਮਰ ਹੁਣ ਰਹੀ ਨਹੀਂ।
72. ਪੂਰੀ ਦੁਨੀਆਂ ਵਿਚ ਤੁਹਾਡੀ ਸਭ ਤੋਂ ਪਿਆਰੀ ਥਾਂ ਕਿਹੜੀ ਹੈ?
-ਜਿੱਥੇ ਜਾ ਕੇ ਅਜਿਹੀ ਮਿੱਠੀ ਨੀਂਦੇ ਸੌਣਾ ਹੈ ਕਿ ਭੁਚਾਲ ਵੀ ਨੀਂਦ ਭੰਗ ਨਾ ਕਰ ਸਕਣ।
73. ਦੁਨੀਆਂ ਦੀ ਉਹ ਕਿਹੜੀ ਸ਼ਖਸੀਅਤ ਹੈ, ਜਿਹੜੀ ਹਰ ਸਮੇਂ ਪਰਛਾਵੇਂ ਵਾਂਗ ਤੁਹਾਡੇ ਨਾਲ ਰਹਿੰਦੀ ਹੈ?
-ਮੇਰਾ ਬਾਪ।
74. ਅਜਿਹੀ ਕਿਹੜੀ ਚੀਜ਼ ਹੈ, ਜਿਸ ਬਾਰੇ ਅਕਸਰ ਹੀ ਤੁਹਾਡਾ ਦਿਮਾਗ ਕਸਰਤ ਕਰਦਾ ਰਹਿੰਦਾ ਹੈ?
-ਸਾਹਿਤ।
75. ਆਪਣੇ ਸਭ ਤੋਂ ਨੇੜਲੇ ਮਿੱਤਰਾਂ ਨਾਲ ਤੁਸੀਂ ਕਿਹੋ ਜਿਹੇ ਰਾਜ਼ ਸਾਂਝੇ ਕਰਦੇ ਹੋ?
-ਜਿਸ ਨਾਲ ਮਿੱਤਰ ਨੂੰ ਫਾਇਦਾ ਹੁੰਦਾ ਹੋਵੇ।
76. ਤੁਹਾਡੀ ਕੋਈ ਅਜਿਹੀ ਗੱਲ, ਜਿਹੜੀ ਕੋਈ ਵੀ ਨਹੀਂ ਜਾਣਦਾ, ਪਰ ਤੁਸੀਂ ਦੱਸਣ ਲਈ ਕਾਹਲੇ ਹੋ?
-ਆਪਣੀਆਂ ਢੇਰ ਸਾਰੀਆਂ ਬੇਵਕੂਫੀਆਂ।
77. ਜੇ ਤੁਸੀਂ ਅੱਜ ਸਾਹਿਤਕਾਰ ਨਾ ਹੁੰਦੇ ਤਾਂ ਕੀ ਹੁੰਦੇ?
-ਇਹ ਮਰਮ ਤਾਂ ਵਕਤ ਦੀ ਕਿਸੇ ਪਰਤ ਓਹਲੇ ਪਿਆ ਹੋਵੇਗਾ।
78. ਅਜਿਹਾ ਕਿਹੜਾ ਕੰਮ ਹੈ, ਜਿਹੜਾ ਵਾਰ ਵਾਰ ਕਰਨ ਨੂੰ ਤੁਹਾਡਾ ਦਿਲ ਕਰਦਾ ਹੈ, ਪਰ ਤੁਹਾਡੀ ਪਕੜ ਵਿਚ ਨਹੀਂ ਆ ਰਿਹਾ?
-ਹਾਰਮੋਨੀਅਮ ਸਿੱਖਣ ਦਾ।
79. ਜ਼ਿੰਦਗੀ ਦੇ ਕਿਹੋ ਜਿਹੇ ਵਰਤਾਰੇ ਨਾਲ ਸਖਤ ਨਫਰਤ ਹੈ ਤੁਹਾਨੂੰ?
-ਨਫਰਤ ਕਿਸੇ ਨਾਲ ਨਹੀਂ। ਮੌਕਾਪ੍ਰਸਤ ਵਰਤਾਰੇ ਨਾਲ ਵਿਰੋਧ ਜ਼ਰੂਰ ਹੈ।
80. ਕਿਹੜੀ ਚੀਜ਼ ਹੈ, ਜੇ ਉਹ ਤੁਹਾਥੋਂ ਖੋਹ ਲਈ ਜਾਵੇ ਤਾਂ ਤੁਸੀਂ ਗੁੰਮ ਜਾਓਗੇ?
-ਕਲਮ।
81. ਕਿਹੋ ਜਿਹੀਆਂ ਸਥਿਤੀਆਂ ਹੁੰਦੀਆਂ ਨੇ, ਜਦੋਂ ਤੁਸੀਂ ਲੰਮੇ ਸਮੇਂ ਲਈ ਸੁਰਿੰਦਰ ਸੋਹਲ ਨਹੀਂ ਹੁੰਦੇ?
-ਕੰਮ ’ਤੇ ਮੈਂ ਸੁਰਿੰਦਰ ਹੁੰਦਾ ਹਾਂ, ਬੱਚਿਆਂ ’ਚ ਬੈਠਾਂ ਤਾਂ ਡੈਡੀ, ਪਤਨੀ ਕੋਲ ਸੋਹਲ। ਇਕੱਲਾ ਹੋਵਾਂ ਤਾਂ ਸੁਰਿੰਦਰ ਸੋਹਲ।
82. ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਟਰਨਿੰਗ ਪੁਆਇੰਟ ਕਿਹੜਾ ਸੀ?
-ਅਮਰੀਕਾ ਆਉਣ ਦਾ ਮੌਕਾ-ਮੇਲ।
83. ਕਿਸ ਮਹਾਨ ਜਾਂ ਬਦਨਾਮ ਸ਼ਖਸੀਅਤ ਨਾਲ ਮਿਲਣ ਲਈ ਤਤਪਰ ਰਹਿੰਦੇ ਹੋ?
-ਕਿਸੇ ਨਾਲ ਵੀ ਨਹੀਂ। ਮਿਲਣ ’ਤੇ ਮਹਾਨਤਾ ਦਾ ਮੁਲੰਮਾ ਲਹਿੰਦਿਆਂ ਦੇਰ ਨਹੀਂ ਲੱਗਦੀ।
84. ਸਮੇਂ ਨੂੰ ਮੁੱਠੀ ਵਿਚ ਕਰਨ ਦੀ ਸੋਚ ਕਦੋਂ ਜਿਊਂਦੀ, ਕਦੋਂ ਮਰ ਜਾਂਦੀ ਹੈ?
-ਸਮੇਂ ਨੂੰ ਮੁੱਠੀ ’ਚ ਕਰਨ ਦੀ ਖਾਮ-ਖਿਆਲੀ ’ਚ ਮੈਂ ਕਦੇ ਨਹੀਂ ਪਿਆ।
85. ਤੁਸੀਂ ਕਿਹੋ ਜਿਹੀਆਂ ਸਥਿਤੀਆਂ ਵਿਚ ਅਧਿਆਤਮਕ ਅਨੰਦ ਮਹਿਸੂਸ ਕਰਦੇ ਹੋ?
-ਤਾਰਿਕਾ ਮੰਡਲ ਦੇਖ ਕੇ।
86. ਕਿਹੜਾ ਸੰਗੀਤ ਹੈ, ਜਿਹੜਾ ਤੁਹਾਨੂੰ ਰੁਮਾਂਟਿਕ ਬਣਾ ਦਿੰਦਾ ਹੈ?
-ਗਜ਼ਲਾਂ।
87. ਅੱਜ ਤੱਕ ਦੇਖੀਆਂ ਫਿਲਮਾਂ ਦਾ ਸਭ ਤੋਂ ਯਾਦਗਾਰੀ ਕਿਰਦਾਰ, ਜਿਸ ਨੂੰ ਦੇਖ ਕੇ ਤੁਹਾਨੂੰ ਮਨੋਰੰਜਨ ਦੀ ਦੁਨੀਆਂ ਉੱਪਰ ਮਾਣ ਮਹਿਸੂਸ ਹੋਇਆ ਹੋਵੇ?
-‘ਬਿਹਾਈਂਡ ਦਾ ਸੀਨ’ ਦੇਖਣ ਤੋਂ ਬਾਅਦ ਮੈਂ ਫਿਲਮਾਂ ਦੇਖਣੀਆਂ ਛੱਡ ਦਿੱਤੀਆਂ। ਫਿਲਮਾਂ ਮੈਨੂੰ ਪ੍ਰਭਾਵਿਤ ਨਹੀਂ ਕਰਦੀਆਂ। ਕਦੇ-ਕਦੇ ਹੀ ਕੋਈ ਫਿਲਮ ਦੇਖਦਾ ਹਾਂ।
88. ਤੁਹਾਡੇ ਆਪਣੇ ਸ਼ਹਿਰ ਦਾ ਫੇਵਰਟ ਰੈਸਟੋਰੈਂਟ ਕਿਹੜਾ ਹੈ?
-ਜਿੱਥੇ ਜਾਣ ਦਾ ਮੌਕਾ-ਮੇਲ ਬਣ ਜਾਏ।
89. ਤੁਹਾਡਾ ਮਨਪਸੰਦ ਨਾਈਟ ਸਪੌਟ ਕਿਹੜਾ ਹੈ?
-ਰੋਜ਼ਵੈੱਲਟ ਆਈਲੈਂਡ ’ਤੇ ਖੜ੍ਹ ਕੇ ਮੈਨਹਾਟਨ ਸ਼ਹਿਰ ਦੇਖਣਾ। ਇਥੋਂ ਸ਼ਹਿਰ ਸਮੁੰਦਰੀ ਜਹਾਜ ਵਰਗਾ ਲੱਗਦਾ ਹੈ ਅਤੇ ਖੱਬੇ ਪਾਸੇ ਕੁਈਨਜ਼ ਬੋਰੋ ਬ੍ਰਿਜ ਜਿਵੇਂ ਖਲਾਅ ’ਚ ਪਾਈ ਪੀਂਘ ਹੋਵੇ।
90. ਘੱਟ ਬਿਲ ਵਿਚ ਕਿਸ ਥਾਂ ਦਾ ਖਾਣਾ ਸਭ ਤੋਂ ਵਧੀਆ ਲੱਗਦਾ ਹੈ?
-ਹਾਲਾਤ ‘ਤੇ ਨਿਰਭਰ ਕਰਦਾ ਹੈ।
91. ਕਿਸ ਥਾਂ ਤੋਂ ਆਊਟਫਿਟਸ ਖਰੀਦਣ ਵਾਸਤੇ ਹਰ ਪਲ ਤੁਹਾਡਾ ਮਨ ਕਾਹਲਾ ਪੈਂਦਾ ਰਹਿੰਦਾ ਹੈ?
-ਕੋਈ ਵੀ ਨਹੀਂ।
92. ਪਹਿਰਾਵੇ ਪ੍ਰਤੀ ਖੁਦ ਸੁਚੇਤ ਰਹਿੰਦੇ ਹੋ ਜਾਂ ਕੋਈ ਯਾਦ ਕਰਾਉਂਦਾ ਹੈ?
-ਮੈਂ ਬਹੁਤ ਬੇਪਰਵਾਹ ਹਾਂ। ਪਤਨੀ ਯਾਦ ਕਰਵਾਉਂਦੀ ਹੈ।
93. ਆਪਣੇ ਸ਼ਹਿਰ ਦੀ ਕਿਸ ਥਾਂ ਉੱਪਰ ਦੋਸਤਾਂ ਦਾ ਇਕੱਠ ਵੇਖ ਕੇ ਖੁਸ਼ੀ ਹੁੰਦੀ ਹੈ?
-ਸੁਰਤ ਹੁਣ ਦੋਸਤੀ-ਦੁਸ਼ਮਣੀ ਤੋਂ ਉਪਰ ਉਠ ਗਈ ਹੈ।
94. ਕੰਮ ਤੋਂ ਆਉਂਦਿਆਂ ਸਭ ਤੋਂ ਪਹਿਲਾਂ ਕਿਹੜੀ ਵਸਤੂ ਨੂੰ ਬਹੁਤ ਪਿਆਰ ਨਾਲ ਨਿਹਾਰਦੇ ਹੋ?
-ਘਰ ਦੇ ਇਕ-ਇਕ ਜੀਅ ਦਾ ਚਿਹਰਾ।
95. ਆਪਣੀ ਮਨਪਸੰਦ ਖਰੀਦਦਾਰੀ ਕਰਨ ਲਈ ਕਿੰਨਾ ਲੰਮਾਂ ਸਮਾਂ ਸੋਚਣਾ ਪੈਂਦਾ ਹੈ?
-ਅੱਖ ਦੇ ਫੋਰ ਤੋਂ ਵੀ ਘੱਟ।
96. ਕਿਤਾਬਾਂ ਜਦੋਂ ਬੋਝ ਲੱਗਣ ਲੱਗ ਪੈਂਦੀਆਂ ਨੇ, ਕੀ ਫੈਸਲਾ ਲੈਂਦੇ ਹੋ?
-ਕਿਤਾਬਾਂ ਬੋਝ ਨਹੀਂ ਲੱਗਦੀਆਂ। ਲਾਇਬ੍ਰੇਰੀ ਵੱਲ ਦੇਖ ਕੇ ਇਹ ਜ਼ਰੂਰ ਸੋਚਦਾਂ ਮੇਰੇ ਤੋਂ ਬਾਅਦ ਇਨ੍ਹਾਂ ਦਾ ਕੀ ਬਣੇਗਾ।
97. ਅੱਜ ਤੱਕ ਦੀ ਸਭ ਤੋਂ ਸਸਤੀ ਅਤੇ ਮਹਿੰਗੀ ਸ਼ਾਪਿੰਗ ਕਿਹੜੀ ਕੀਤੀ ਸੀ?
-ਡੇਢ ਸੌ ਡਾਲਰ ’ਚ ਰਿਗ ਵੇਦ ਦਾ ਹਿੰਦੀ ਅਨੁਵਾਦ। ਇਹ ਭਾਵੇਂ ਸਸਤੇ ਪਾਸੇ ਪਾ ਲਓ ਭਾਵੇਂ ਮਹਿੰਗੇ।
98. ਦੇਸ਼ ਦੀ ਕਿਸ ਥਾਂ ਉੱਪਰ ਰਹਿਣਾ ਪਸੰਦ ਹੈ?
-ਦੇਸ਼ ਦਾ ਸੰਕਲਪ ਤਾਂ ਜ਼ਿਹਨ ’ਚੋਂ ਖੁਰ ਹੀ ਗਿਆ ਹੈ। ਜਿੱਥੇ ਰਹਿਣ ਦਾ ਮੌਕਾ-ਮੇਲ ਬਣ ਜਾਏ, ਓਹੀ ਥਾਂ ਪਸੰਦ ਆ ਜਾਏਗੀ।
99. ਕਿਹੜੀ ਇਤਿਹਾਸਕ ਥਾਂ ਦੇ ਖੰਡਰ ਦੇਖ ਕੇ ਮਨ ਕੁਸੈਲਾ ਹੁੰਦਾ ਹੈ?
-ਕਿਸੇ ਵੀ ਤਰ੍ਹਾਂ ਦਾ ਖੰਡਰ ਮਨ ਉਦਾਸ ਕਰ ਦਿੰਦਾ ਹੈ। ਖੰਡਰਾਂ ਨੂੰ ਦੇਖ ਕਈ ਵਾਰ ਲੱਗਦਾ ਹੈ, ਇਹੋ ਜਿਹੇ ਖੰਡਰ ਤਾਂ ਮਨ ਅੰਦਰ ਵੀ ਪਏ ਨੇ।
100. ਸਭ ਤੋਂ ਚੰਗੀ ਅਤੇ ਮਾੜੀ ਯਾਦ ਕਿਸ ਥਾਂ ਨਾਲ ਜੁੜੀ ਹੋਈ ਹੈ?
-ਚੰਗੀ ਥਾਂ ਜਿੱਥੇ ਕੋਈ ਪਿਆਰਾ ਮਿਲਿਆ। ਮਾੜੀ ਥਾਂ ਜਿੱਥੇ ਕੋਈ ਪਿਆਰਾ ਵਿਛੜਿਆ।
101. ਉਹ ਥਾਂ ਜਿੱਥੇ ਰਹਿਣ ਦਾ ਸੁਪਨਾ ਅਜੇ ਤੱਕ ਪੂਰਾ ਨਹੀਂ ਹੋਇਆ?
-ਫੁੱਲਾਂ ’ਚ ਘਿਰੀ ਹੋਈ ਕਾਨਿਆਂ ਦੀ ਝੁੱਗੀ ਵਿਚ।