ਲੋਕ ਸੰਘਰਸ਼ਾਂ ਨੂੰ ‘ਇੰਞ ਹੀ ਹੋਵੇਗਾ’ ਦੇ ਇੱਛਤ ਸੰਕਲਪ ਨਾਲ ਜੋੜਦਾ ਨਾਵਲ

ਨਿਰੰਜਣ ਬੋਹਾ, ਮਾਨਸਾ
ਫੋਨ: 91-89682-82700
ਆਪਣੇ ਪਹਿਲੇ ਨਾਵਲ ‘ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ’ ਦੇ ਪ੍ਰਕਾਸ਼ਨ ਨਾਲ ਹੀ ਪੰਜਾਬੀ ਭਾਸ਼ਾ ਦੇ ਨੌਜਵਾਨ ਨਾਵਲਕਾਰ ਕ੍ਰਿਸ਼ਨ ਪ੍ਰਤਾਪ ਨੇ ਆਪਣਾ ਨਾਂ ਉਨ੍ਹਾਂ ਗਿਣਤੀ ਦੇ ਨਾਵਲਕਾਰਾਂ ਵਿਚ ਲਿਖਵਾ ਲਿਆ ਸੀ, ਜੋ ਆਪਣੇ ਸਾਹਿਤਕ ਸਫਰ ਦੇ ਮੁੱਢਲੇ ਪੜਾਅ ਤੋਂ ਹੀ ਸਾਹਿਤ ਦੀ ਜਨਵਾਦੀ ਧਾਰਾ ਨਾਲ ਜੁੜੇ ਹੋਏ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਵਿਸ਼ਵ ਬਾਜ਼ਾਰ ਦਾ ਖਪਤ ਸਭਿਆਚਾਰ, ਸਸਤੀ ਪ੍ਰਸਿੱਧੀ ਤੇ ਪੈਸੇ ਦਾ ਲਾਲਚ ਕਿਸੇ ਵੀ ਕੀਮਤ ‘ਤੇ ਆਪਣੇ ਵੱਲ ਨਹੀਂ ਖਿੱਚ ਸਕਦਾ।

ਹੁਣ ਜਦੋਂ ਉਸ ਦਾ ਦੂਸਰਾ ਨਾਵਲ ‘ਇੰਞ ਹੀ ਹੋਵੇਗਾ’ (ਨਵਰੰਗ ਪਬਲੀਕੇਸਨਜ਼, ਸਮਾਣਾ; ਪੰਨੇ: 222, ਮੁੱਲ: 200 ਰੁਪਏ) ਛਪ ਕੇ ਆਇਆ ਹੈ ਤਾਂ ਉਸ ਦੀ ਆਪਣੇ ਆਲੇ-ਦੁਆਲੇ ਦੇ ਵਰਤਾਰਿਆਂ ਨੂੰ ਵੇਖਣ ਤੇ ਪਰਖਣ ਦੀ ਸੂਝ ਹੋਰ ਵੀ ਤੀਖਣ ਹੋਈ ਵਿਖਾਈ ਦਿੰਦੀ ਹੈ। ਉਸ ਦਾ ਲੋਕ ਪ੍ਰਤੀਬੱਧ ਸਮਾਜਿਕ ਦ੍ਰਿਸ਼ਟੀਕੋਣ ਮੌਜੂਦਾ ਰਾਜਨੀਤਕ ਤੇ ਆਰਥਿਕ ਪ੍ਰਬੰਧ ਨੂੰ ਲੋਕ ਦੁਸ਼ਮਣ ਦੀ ਨਜ਼ਰ ਨਾਲ ਵੇਖਦਾ ਹੈ। ਇਸ ਨੂੰ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਉਸ ਨੂੰ ਲੋਕ ਮੁਕਤੀ ਦਾ ਮਾਰਗ ਲੱਗਦੀਆਂ ਹਨ। ਇਨ੍ਹਾਂ ਸੰਘਰਸ਼ੀ ਕੋਸ਼ਿਸ਼ਾਂ ਦੇ ਬਲਬੂਤੇ ‘ਤੇ ਹੀ ਉਹ ਕਾਰਪੋਰੇਟ ਜਗਤ ਦੇ ਇਸ਼ਾਰਿਆਂ ਅਨੁਸਾਰ ਚੱਲਣ ਵਾਲੇ ਦੇਸ਼ ਦੇ ਮੌਜੂਦਾ ਸੱਤਾ ਪ੍ਰਬੰਧ ਨੂੰ ਚੁਣੌਤੀ ਦਿੰਦਾ ਹੈ ਕਿ ਉਸ ਦੀ ਲੁੱਟ ਖਸੁੱਟ ਦਾ ਸ਼ਿਕਾਰ ਲੋਕ ਇਕ ਦਿਨ ਜ਼ਰੂਰ ਇੱਕਠੇ ਹੋ ਕੇ ਉਸ ਨਾਲ ਫੈਸਲਾਕੁਨ ਟੱਕਰ ਲੈਣਗੇ ਤੇ ਫਿਰ ਇਸ ਟੱਕਰ ‘ਇੰਞ ਹੀ ਹੋਵੇਗਾ’ ਦੇ ਸੰਘਰਸ਼ੀ ਸੰਕਲਪ ਵਿਚ ਤਬਦੀਲ ਹੋ ਜਾਵੇਗੀ। ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀ ਖੇਤੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਅੱਜ ਦੇ ਸੰਘਰਸ਼ ਨੂੰ ਵੀ ਇਸ ਸਕੰਲਪ ਦੀ ਰੋਸ਼ਨੀ ਵਿਚ ਵਿਚਾਰਿਆ ਜਾ ਸਕਦਾ ਹੈ।
ਇਸ ਨਾਵਲ ਦੀ ਕਹਾਣੀ ਸੰਨ ਸੰਤਾਲੀ ਵਿਚ ਹੋਈ ਭਾਰਤ-ਪਾਕਿ ਵੰਡ ਤੋਂ ਲੈ ਕੇ ਪੰਜਾਬ ਵਿਚ ਚੱਲੀ ਨਕਸਲੀ ਲਹਿਰ ਦੇ ਦੌਰ ਤੱਕ ਦੇ ਇਤਿਹਾਸ ਨੂੰ ਲੋਕ ਪੱਖੀ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਿਤ ਤੇ ਪ੍ਰਭਾਸ਼ਿਤ ਕਰਦੀ ਹੈ। ਨਾਵਲਕਾਰ ਦਾ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਸੰਨ ਸੰਤਾਲੀ ਨੂੰ ਦੇਸ਼ ਦੀ ਕਥਿਤ ਆਜ਼ਾਦੀ ਦੇ ਸਾਲ ਵਜੋਂ ਨਹੀਂ ਸਵੀਕਾਰਦਾ, ਸਗੋਂ ਮੁਲਕ ਦੀ ਵੰਡ ਦੇ ਨਾਂ ‘ਤੇ ਹੋਏ ਸੰਸਾਰ ਦੇ ਸਭ ਤੋਂ ਵੱਡੇ ਮਨੁੱਖੀ ਕਤਲੇਆਮ ਦੇ ਸਾਲ ਵਜੋਂ ਵੇਖਦਾ ਹੈ। ਅੰਗਰੇਜ਼ਾਂ ਨੇ ਦੋਹਾਂ ਮੁਲਕਾਂ ਨੂੰ ਪੜਾਅ ਵਾਰ ਆਜ਼ਾਦ ਕਰਨ ਲਈ ਇਕ ਸਾਲ ਦੀ ਸਮਾਂ ਸੀਮਾ ਨਿਸ਼ਚਿਤ ਕੀਤੀ ਸੀ, ਪਰ ਦੋਹਾਂ ਮੁਲਕਾਂ ਦੇ ਤੱਤਕਾਲੀ ਆਗੂਆਂ ਨੇ ਸੱਤਾ ਪ੍ਰਾਪਤੀ ਦੀ ਕਾਹਲ ਵਿਚ ਇਸ ਸਮਾਂ ਸੀਮਾ ਤੋਂ ਦਸ ਮਹੀਨੇ ਪਹਿਲਾਂ ਹੀ ਆਪਣੀਆਂ ਕੁਰਸੀਆਂ ਸੰਭਾਲ ਲਈਆਂ। ਅਜਿਹੇ ਹਲਾਤ ਵਿਚ ਅਬਾਦੀ ਤਬਾਦਲੇ ਸਬੰਧੀ ਉਹ ਪੁਖਤਾ ਇੰਤਜਾਮ ਨਾ ਹੋ ਸਕੇ, ਜਿਨ੍ਹਾਂ ਦੇ ਚਲਦਿਆਂ ਬੇ- ਕਸੂਰ ਲੋਕਾਂ ਦੇ ਕਤਲੇਆਮ ਨੂੰ ਰੋਕਿਆ ਜਾ ਸਕਦਾ ਹੋਵੇ। ਮੁਲਕ ਦੀ ਵੰਡ ਸਮੇਂ ਫੈਲੀਆਂ ਅਫਵਾਹਾਂ ਕਾਰਨ ਨਫਰਤ ਦਾ ਵਰਤਾਰਾ ਏਨੀ ਤੇਜ਼ੀ ਨਾਲ ਵਾਪਰਿਆ ਕਿ ਦੋਹਾਂ ਪਾਸਿਆਂ ਦੇ ਲੋਕਾਂ ਦੇ ਅੰਦਰਲੀ ਮਾਨਵੀ ਸੰਵੇਦਨਾ ਇਸ ਨਫਰਤੀ ਮਾਹੌਲ ਵਿਚ ਮੂਰਛਿਤ ਹੋ ਗਈ ਅਤੇ ਸਦੀਆਂ ਤੋਂ ਭਰਾਵਾਂ ਵਾਂਗ ਇੱਕਠੇ ਰਹਿੰਦੇ ਆ ਰਹੇ ਲੋਕ ਵੇਖਦਿਆਂ ਹੀ ਵੇਖਦਿਆਂ ਇਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਏ।
ਨਾਵਲ ਦੇ ਵਿਸ਼ਲੇਸ਼ਣੀ ਸਿੱਟੇ ਅਨੁਸਾਰ ਫਿਰਕੂ ਜਨੂੰਨ ਭਾਵੇਂ ਆਪਣੀ ਸਿਖਰ `ਤੇ ਪਹੁੰਚ ਕੇ ਬਿਲਕੁਲ ਬੇ-ਕਿਰਕ, ਹਿੰਸਕ ਤੇ ਜਾਨ ਲੇਵਾ ਹੋ ਜਾਂਦਾ ਹੈ, ਪਰ ਇਸ ਦੇ ਸਮਾਂ ਪੈਣ ‘ਤੇ ਮੂਰਛਿਤ ਹੋਈਆਂ ਮਾਨਵੀ ਭਾਵਨਾਵਾਂ ਫਿਰ ਤੋਂ ਹੋਸ਼ ਵਿਚ ਆ ਜਾਂਦੀਆ ਹਨ। ਨਾਵਲ ਵਿਚ ਪਹਿਲਵਾਨ ਜਗੀਰ ਸਿੰਘ ਧੋਖੇ ਨਾਲ ਸੈਂਕੜੇ ਮੁਸਲਮਾਨਾਂ ਦਾ ਕਤਲ ਕਰਵਾਉਂਦਾ ਹੈ, ਪਰ ਸਮਾਂ ਪਾ ਕੇ ਉਸ ਦੀ ਆਪਣੀ ਜ਼ਮੀਰ ਹੀ ਉਸ ਨੂੰ ਲਾਹਣਤਾਂ ਪਾਉਣ ਲੱਗਦੀ ਹੈ ਤੇ ਉਹ ਅਪਰਾਧ ਬੋਧ ਦਾ ਸ਼ਿਕਾਰ ਹੋ ਕੇ ਪਾਗਲ ਹੋਣ ਦੀ ਸਥਿਤੀ ਵਿਚ ਜਾ ਪਹੁੰਚਦਾ ਹੈ। ਜਗੀਰ ਦਾ ਭਰਾ ਤੇਜੂ ਆਪਣੇ ਹਮਸਾਏ ਮੁਸਲਮਾਨਾਂ ਦੇ ਕਤਲੇਆਮ ਵਿਰੁੱਧ ਹਾਅ ਦਾ ਨਾਅਰਾ ਮਾਰ ਕੇ ਭਾਵੇਂ ਆਪਣਾ ਮਨੁੱਖੀ ਫਰਜ਼ ਨਿਭਾਉਂਦਾ ਹੈ, ਪਰ ਆਪਣੀਆਂ ਅੱਖਾਂ ਸਾਹਮਣੇ ਆਪਣੇ ਭਰਾ ਤੇ ਉਸ ਦੇ ਸਾਥੀ ਪਹਿਲਵਾਨਾਂ ਵੱਲੋਂ ਵੱਲੋਂ ਕੀਤਾ ਵਹਿਸ਼ੀ ਖੂਨ ਖਰਾਬਾ ਉਸ ਦੇ ਦਿਲ ਦਿਮਾਗ ‘ਤੇ ਹਾਵੀ ਹੋ ਕੇ ਉਸ ਨੂੰ ਵੀ ਪਾਗਲਾਂ ਦੀ ਸ਼੍ਰੇਣੀ ਵਿਚ ਲੈ ਆਉਂਦਾ ਹੈ। ਇੱਥੇ ਪਹੁੰਚ ਕੇ ਨਾਵਲਕਾਰ ਪਾਠਕਾਂ ਦੇ ਮਨਾਂ ਵਿਚ ਇਹ ਸੁਆਲ ਪੈਦਾ ਕਰਦਾ ਹੈ ਕਿ ਕੀ ਏਨੀਆਂ ਮਨੁੱਖੀ ਜਾਨਾਂ ਗੁਆ ਕੇ ਹਾਸਲ ਕੀਤੀ ਅਗਜ਼ਾਦੀ ਤੋਂ ਬਾਅਦ ਲੋਕਾਂ ਦੇ ਜੀਵਨ ਵਿਚ ਕੋਈ ਸਿਫਤੀ ਤਬਦੀਲੀ ਆਈ ਹੈ ਜਾਂ ਉਹ ਸਮਾਜਿਕ ਤੇ ਆਰਥਿਕ ਤੌਰ `ਤੇ ਹੋਰ ਵੀ ਹਾਸ਼ੀਏ ਵੱਲ ਧੱਕ ਦਿੱਤੇ ਗਏ ਹਨ।
ਨਾਵਲ ਦੀ ਕਹਾਣੀ ਅੱਗੇ ਤੁਰਦੀ ਹੈ ਤਾਂ ਅਪਰਾਧ ਬੋਧ ਕਾਰਨ ਪਾਗਲ ਹੋਏ ਜਗੀਰ ਤੇ ਤੇਜੂ ਦੀ ਥਾਂ `ਤੇ ਉਨ੍ਹਾਂ ਦੀ ਜ਼ਮੀਨ ਦੀ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਸੀਰੀ ਮਹਿੰਗਾ ਸਿੰਘ ਦੇ ਸਿਰ ਆ ਪੈਂਦੀ ਹੈ ਤੇ ਬਦਲੇ ਵਿਚ ਇਸ ਸੀਰੀ ਦੇ ਮਾਂ ਮਹਿੱਟਰ ਪੁੱਤਰ ਕਰਮੇ ਨੂੰ ਸੰਭਾਲਣ ਦੀ ਜਿੰ਼ਮੇਵਾਰੀ ਜਗੀਰ ਤੇ ਤੇਜੂ ਦੀਆਂ ਪਤਨੀਆਂ ਨੂੰ ਚੁੱਕਣੀ ਪੈਂਦੀ ਹੈ। ਜਦੋਂ ਨਾਵਲ ਕਰਮੇ ਦੇ ਸਕੂਲੀ ਜੀਵਨ ਸਮੇਂ ਪੰਜਾਬ ਵਿਚ ਕਾਇਮ ਜਗੀਰਦਾਰੀ ਵਿਵਸਥਾ ਦੇ ਜਾਤ-ਪਾਤ ਪ੍ਰਬੰਧ ਦੀ ਕਰੂਰਤਾ ਦੇ ਵੇਰਵਿਆਂ ਨੂੰ ਪੜਾਅ ਵਾਰ ਉਭਾਰਦਾ ਹੈ ਤਾਂ ਪਤਾ ਚਲਦਾ ਹੈ ਕਿ ਉਸ ਸਮੇਂ ਦੀ ਸਮਾਜਿਕ ਵਿਵਸਥਾ ਕਿਵੇਂ ਦਲਿਤ ਤੇ ਸਾਧਨ ਹੀਣ ਲੋਕਾਂ ਤੋਂ ਉਨ੍ਹਾਂ ਦੇ ਹਿੱਸੇ ਦੀਆਂ ਖੁਸ਼ੀਆਂ ਜਬਰੀ ਖੋਂਹਦੀ ਰਹੀ ਹੈ। ਸਕੂਲ ਅਤੇ ਕਾਲਜ ਦੀ ਪੜ੍ਹਾਈ ਦੌਰਾਨ ਕਰਮੇ ਦੀ ਜਾਤ ਨੂੰ ਨਿਸ਼ਾਨਾ ਬਣਾ ਕੇ ਜਦੋਂ ਵਾਰ ਵਾਰ ਉਸ ਨਾਲ ਅਮਾਨਵੀ ਵਿਹਾਰ ਕੀਤਾ ਜਾਂਦਾ ਹੈ ਤਾਂ ਉਸ ਦੇ ਬਾਲ ਮਨ `ਤੇ ਇਸ ਦਾ ਗਹਿਰਾ ਅਸਰ ਪੈਂਦਾ ਹੈ ਤੇ ਉਸ ਦੇ ਇਸ ਵਿਵਸਥਾ ਤੋਂ ਬਾਗੀ ਹੋਣ ਦੀ ਸ਼ੁਰੂਆਤ ਹੋ ਜਾਂਦੀ ਹੈ। ਕਾਲਜ ਦੀ ਪੜ੍ਹਾਈ ਅੱਧ ਵਿਚਾਕਾਰ ਛੱਡ ਕੇ ਜਦੋਂ ਉਹ ਜੇ. ਬੀ. ਟੀ. ਦਾ ਕੋਰਸ ਕਰਨ ਲੱਗਦਾ ਤਾਂ ਸਮਾਜ ਦੀ ਜਮਾਤੀ ਬਣਤਰ ਬਾਰੇ ਉਸ ਦੀ ਸੂਝ ਵੀ ਵਿਕਸਿਤ ਹੋਣ ਲੱਗਦੀ ਹੈ।
ਨਾਵਲ ਦੀ ਕਹਾਣੀ ਅਤੇ ਕਰਮੇ ਦੀ ਜ਼ਿੰਦਗੀ ਵਿਚ ਫੈਸਲਾਕੁਨ ਮੋੜ ਉਸ ਵੇਲੇ ਆਉਂਦਾ ਹੈ, ਜਦੋਂ ਉਹ ਇਸ ਵਿਵਸਥਾ ਨੂੰ ਬਦਲ ਕੇ ਨਵੀਂ ਲੋਕ ਪੱਖੀ ਵਿਵਸਥਾ ਸਿਰਜਣ ਦੇ ਸੁਪਨੇ ਨਾਲ ਜੁੜ ਚੁਕੇ ਨੌਜਵਾਨ ਚਾਨਣ ਸਿੰਘ ਦੇ ਸੰਪਰਕ ਵਿਚ ਆਉਂਦਾ ਹੈ। ਖੱਬੇ ਪੱਖੀ ਵਿਚਾਰਧਾਰਾ ਵਾਲੇ ਚਾਨਣ ਸਿੰਘ ਦੀ ਸੰਗਤ ਅਤੇ ਇਨਕਲਾਬੀ ਸਾਹਿਤ ਦੇ ਪਾਠ ਦੇ ਪ੍ਰਭਾਵ ਅਧੀਨ ਉਹ ਇਕ ਅਧਿਆਪਕ ਦੇ ਨਾਲ ਹਥਿਆਰਬੰਦ ਸੰਘਰਸ਼ ਵਿਚ ਵਿਸ਼ਵਾਸ ਰੱਖਦੀ ਇਨਕਲਾਬੀ ਸੰਸਥਾ ਦਾ ਕਾਰਕੁਨ ਵੀ ਬਣ ਜਾਂਦਾ ਹੈ। ਉਹ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨੌਜਵਾਨ ਭਾਰਤ ਸਭਾ ਦੇ ਬੈਨਰ ਹੇਠ ਚੇਤੰਨ ਤੇ ਸੰਗਠਿਤ ਕਰਨ ਦਾ ਕਾਰਜ ਅਰੰਭਦਾ ਹੈ ਤਾਂ ਉਸ ਦੀਆਂ ਸਰਗਰਮੀਆਂ ਵਿਧਾਇਕ ਸੇਵਾ ਸਿੰਘ ਤੇ ਉਸ ਦੇ ਪਿਛਲੱਗੂ ਸਰਪੰਚ ਨੱਥਾ ਸਿੰਘ ਨੂੰ ਆਪਣੇ ਰਾਜਨੀਤਕ ਭਵਿੱਖ ਲਈ ਖਤਰਾ ਜਾਪਦੀਆਂ ਹਨ। ਨੱਥਾ ਸਿੰਘ ਸੱਤਾ ਦੇ ਗੁਲਾਮ ਸ਼ੇਰ ਸਿੰਘ ਵਰਗੇ ਪੁਲਿਸ ਅਫਸਰ ਦੀ ਮਦਦ ਨਾਲ ਕਰਮੇ ਤੇ ਉਸ ਦੇ ਸਾਥੀਆਂ ਨੂੰ ਝੂਠੇ ਮੁਕੱਦਮਿਆਂ ਵਿਚ ਫਸਾ ਕੇ ਉਨ੍ਹਾਂ ਨੂੰ ਅਮਾਨਵੀ ਢੰਗ ਦੇ ਤਸੀਹੇ ਦਿੰਦਾ ਹੈ ਤਾਂ ਪੈਰ ਪੈਰ ‘ਤੇ ਆਪਣੇ ਨਾਲ ਹੋ ਰਹੇ ਇਸ ਤਰ੍ਹਾਂ ਦੇ ਅਨਿਆਂ ਖਿਲਾਫ ਉਸ ਅੰਦਰ ਪੈਦਾ ਹੋਇਆ ਰੋਸ ਅੰਤ ਉਸ ਨੂੰ ਆਪਣੀ ਸਰਕਾਰੀ ਨੌਕਰੀ ਦਾ ਤਿਆਗ ਕਰ ਕੇ ਹਥਿਆਰਬੰਦ ਨਕਸਲੀ ਸੰਘਰਸ਼ ਦੇ ਰਾਹ ਵੱਲ ਲੈ ਜਾਂਦਾ ਹੈ।
ਕਰਮਾ ਰਾਜਸੀ ਤੌਰ `ਤੇ ਬਹੁਤ ਚੇਤੰਨ ਹੈ ਤੇ ਉਹ ਇਹ ਵੀ ਸਮਝਦਾ ਹੈ ਕਿ ਵਿਧਾਇਕ ਸੇਵਾ ਸਿੰਘ, ਸਰਪੰਚ ਨੱਥਾ ਸਿੰਘ ਤੇ ਡੀ. ਐਸ. ਪੀ. ਸਿੰਘ ਸ਼ੇਰ ਸਿੰਘ ਵਰਗੇ ਲੋਕ ਪੂੰਜੀਵਾਦੀ ਲੁਟੇਰੇ ਪ੍ਰਬੰਧ ਦੇ ਬਹੁਤ ਛੋਟੇ ਪੁਰਜੇ ਹਨ। ਇਹ ਨਾਵਲ ਦੀ ਸਿਧਾਂਤਕ ਉਕਾਈ ਹੈ ਕਿ ਏਨੀ ਰਾਜਸੀ ਚੇਤਨਾ ਰੱਖਣ ਦੇ ਬਾਵਜੂਦ ਉਹ ਉਕਤ ਵਿਅਕਤੀਆਂ ਦੇ ਕਤਲਾਂ ਵਿਚ ਸ਼ਮੂਲੀਅਤ ਤੋਂ ਇਲਾਵਾ ਉਹ ਕੋਈ ਹੋਰ ਵਿਵਸਥਾ ਪਲਟਾਊ ਸਰਗਰਮੀ ਦਰਜ ਨਹੀਂ ਕਰਵਾ ਸਕਿਆ। ਭਾਵੇਂ ਸੱਤਾ ਪੱਖ ਨਾਲ ਜੁੜੇ ਕਤਲਾਂ ਤੋਂ ਬਾਅਦ ਵੀ ਸਰਕਾਰੀ ਧਿਰ ਵੱਲੋਂ ਉਸ `ਤੇ ਕੋਈ ਦੋਸ਼ ਸਿੱਧ ਨਾ ਕਰ ਸਕਣ ਦੀ ਗੱਲ ਯਥਾਰਥਕ ਘੱਟ ਤੇ ਇੱਛਾ ਮੂਲਕ ਵਧੇਰੇ ਹੈ, ਪਰ ਲੋਕਾਂ ਘੋਲਾਂ ਨੂੰ ਅੱਗੇ ਲੈ ਕੇ ਜਾਣ ਲਈ ਅਜਿਹੇ ਇੱਛਤ ਯਥਾਰਥ ਸਿਰਜੇ ਜਾਣ ਦੀ ਵੀ ਬਹੁਤ ਲੋੜ ਹੈ।
ਨਾਵਲ ਦੇ ਅੰਤ ਵਿਚ ਮੁੱਖ ਪਾਤਰ ਕਰਮੇ ਵੱਲੋਂ ਬੇ-ਇਨਸਾਫੀ ਦੇ ਖਿਲਾਫ ਜੰਗ ਜਾਰੀ ਰੱਖਣ ਦਾ ਲਿਆ ਸੰਕਲਪ ਇਸ ਇੱਛਤ ਯਥਾਰਥ ਨੂੰ ਹਕੀਕੀ ਯਥਾਰਥ ਵਿਚ ਬਦਲਣ ਲਈ ਕੀਤੀ ਯਤਨਸ਼ੀਲਤਾ ਦਾ ਪ੍ਰਗਟਾਵਾ ਕਰਕੇ ਨਾਵਲ ਦੀ ਉਦੇਸ਼ਾਤਮਕ ਪਹੁੰਚ ਨੂੰ ਹੋਰ ਮਜਬੂਤੀ ਪ੍ਰਦਾਨ ਕਰਦਾ ਹੈ। ਭਾਵੇਂ ਨਾਵਲ ਨਕਸਲਬਾੜੀ ਦੌਰ ਤੋਂ ਵੱਡੇ ਅੰਤਰਾਲ ਬਾਅਦ ਲਿਖਿਆ ਗਿਆ ਹੈ, ਫਿਰ ਵੀ ਕ੍ਰਿਸ਼ਨ ਪ੍ਰਤਾਪ ਇਸ ਲਹਿਰ ਦੇ ਵਿਚਾਰਧਾਰਕ ਫਲਸਫੇ ਨਾਲ ਇਨਸਾਫ ਕਰਨ ਵਿਚ ਬਹੁਤ ਸਫਲ ਰਿਹਾ ਹੈ।
ਨਾਵਲ ਵਿਚ ਦਰਪੇਸ਼ ਘਟਨਾਵਾਂ ਦੀ ਤਰਤੀਬ ਤੇ ਸੰਪਾਦਨ ਏਨਾ ਸੁੱਚਜਾ ਹੈ ਕਿ ਪਾਠਕੀ ਮਨੋ-ਬਿਰਤੀਆਂ ਨਾਵਲ ਪਾਠ ਦੇ ਅਰੰਭ ਤੋਂ ਲੈ ਕੇ ਅੰਤ ਤੱਕ ਇਸ ਦੇ ਘਟਨਾਕ੍ਰਮ ਨਾਲ ਜੁੜੀਆਂ ਰਹਿੰਦੀਆਂ ਹਨ। ਨਾਵਲ ਵਿਚ ਵਾਪਰਦੀ ਹਰ ਘਟਨਾ ਦਾ ਆਪਣਾ ਇਤਿਹਾਸਕ ਪਿਛੋਕੜ ਹੈ ਤੇ ਨਾਵਲਕਾਰ ਇਸ ਪਿਛੋਕੜ ਦੇ ਦੁਹਰਾਅ ਰਹੀ ਵਰਤਮਾਨ ਸਮੇਂ ਦੇ ਰਾਜਨੀਤਕ ਤੇ ਆਰਥਿਕ ਪ੍ਰਬੰਧ ਵੱਲੋਂ ਨਪੀੜੇ ਜਾ ਰਹੇ ਲੋਕਾਂ ਦੀ ਚੇਤਨਾ ਨੂੰ ਪ੍ਰਚੰਡ ਕਰਨ ਦੀ ਸੁਹਿਰਦ ਇੱਛਾ ਰੱਖਦਾ ਹੈ। ਨਾਵਲ ਦੀ ਸੰਗਠਨਾਤਕ ਬੁਣਤ ਬਹੁਤ ਕੱਸਵੀਂ ਰਹੀ ਹੈ ਤੇ ਲੇਖਕ ਨੇ ਵਾਧੂ ਦੇ ਵਿਸਥਾਰ ਤੋਂ ਬਚਣ ਦੀ ਸੁਚੇਤ ਕੋਸਿ਼ਸ਼ ਕੀਤੀ ਲੱਗਦੀ ਹੈ। ਨਾਵਲ ਦੇ ਪਾਤਰਾਂ ਦਾ ਆਪਸੀ ਵਾਰਤਾਲਾਪ, ਬੋਲੀ ਤੇ ਸ਼ੈਲੀ ਪੰਜਾਬ ਦੇ ਮਲਵਈ ਉਪ ਸਭਿਆਚਾਰ ਦੀ ਸਜੀਵ ਪੇਸ਼ਕਾਰੀ ਕਰਨ ਵਿਚ ਸਫਲ ਰਹੀ ਹੈ।
ਕੁਲ ਮਿਲਾ ਕੇ ਇਹ ਨਾਵਲ ਨਕਸਲਬਾੜੀ ਦੌਰ ਦੀ ਇਤਿਹਾਸਕਤਾ ਨਾਲ ਮਾਨਸਿਕ ਨੇੜਤਾ ਵਾਲਾ ਮੁੱਲਵਾਂ ਇਤਿਹਾਸਕ ਦਸਤਾਵੇਜ਼ ਹੈ। ਭਾਵੇਂ ਇਸ ਲਹਿਰ ਦੇ ਕੁਝ ਪਸਾਰ ਇਸ ਨਾਵਲ ਵਿਚ ਅਣਛੋਹੇ ਰਹਿ ਗਏ ਹਨ, ਫਿਰ ਵੀ ਨਾਵਲਕਾਰ ਨੇ ਇਸ ਲਹਿਰ ਦਾ ਗੰਭੀਰ ਅਧਿਐਨ ਕਰਕੇ ਇਸ ਸਿੱਟੇ ਦੀ ਨਿਸ਼ਾਨਦੇਹੀ ਕੀਤੀ ਹੈ ਕਿ ਅਨਿਆਂ ਤੇ ਲੁੱਟ ਖਸੁੱਟ ਖਿਲਾਫ ਉਸ ਸਮੇਂ ਹੋਈ ਲੜਾਈ ਖਤਮ ਨਹੀਂ ਹੋਈ, ਸਗੋਂ ਹੁਣ ਨਵੇਂ ਦੌਰ ਵਿਚ ਦਾਖਲ ਹੋ ਚੁਕੀ ਹੈ। ਦਸਤਾਵੇਜ਼ੀ ਮਹੱਤਤਾ ਰੱਖਣ ਵਾਲੇ ਇਸ ਨਾਵਲ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ।