ਪੰਜਾਬ ਤੋਂ ਕੈਨੇਡਾ ਤੱਕ-ਕਬੱਡੀ ਖਿਡਾਰੀ ਜਰਮਨ ਚਾਹਲ

ਇਕਬਾਲ ਜੱਬੋਵਾਲੀਆ
ਕਰਤਾਰਪੁਰ ਲਾਗੇ ਪੈਂਦੇ ਪਿੰਡ ਸੱਘਵਾਲ ਨੇ ਤਕੜੇ ਮੱਲਾਂ ਤੇ ਕੋਚਾਂ ਨੂੰ ਜਨਮ ਦਿੱਤਾ। ਜਗੀਰ ਸਿੰਘ ਜਗੀਰੀ, ਮਹਿੰਦਰ ਸਿੰਘ ਮਿੰਦੀ, ਭਜਨ ਸਿੰਘ, ਸੁਖਵੀਰ ਸਿੰਘ, ਦਲਵੀਰ ਸਿੰਘ, ਬਲਵੀਰ ਸਿੰਘ ਸ਼ੀਰੀ ਅਤੇ ਸ਼ੀਰੀ ਦੇ ਬੇਟੇ ਪਰਮ ਢੇਸੀ ਤੇ ਅਮਰ ਢੇਸੀ ਜਿਹੇ ਪਹਿਲਵਾਨਾਂ ਦਾ ਪਿੰਡ ਹੈ ਇਹ। ਕੈਲੀਫੋਰਨੀਆ ਰਹਿੰਦੇ ਸੁਖਵੀਰ ਪਹਿਲਵਾਨ ਦੇ ਬੇਟਾ ਤੇ ਬੇਟੀ ਸਕੂਲਾਂ ਤੇ ਕਾਲਜਾਂ ਦੇ ਵਧੀਆ ਪਹਿਲਵਾਨ ਹਨ। ਜਰਮਨ ਚਾਹਲ ਵੀ ਇਸੇ ਪਿੰਡ ਦਾ ਜੰਮਪਲ ਹੈ, ਜਿਸ ਨੇ ਕਬੱਡੀ ਖੇਡੀ ਤੇ ਪਹਿਲਵਾਨੀ ਕੀਤੀ।

ਜਰਮਨ ਦਾ ਇਹ ਸ਼ੌਕ ਸਕੂਲਾਂ ਤੋਂ ਸ਼ੁਰੂ ਹੋ ਕੇ ਕਾਲਜਾਂ ਤੱਕ ਅੱਪੜਿਆ। ਗੜ੍ਹਦੀਵਾਲਾ, ਕਾਂਗੜਾ, ਪੰਜਾਬ ਅਤੇ ਹੋਰ ਪਿੰਡਾਂ ਦੇ ਆਲੇ-ਦੁਆਲੇ ਮੈਚ ਖੇਡੇ ਤੇ ਕੁਸ਼ਤੀਆਂ ਕੀਤੀਆਂ। ਕੁਸ਼ਤੀਆਂ ਕਰਦਾ ਤੇ ਕਬੱਡੀ ਖੇਡਦਾ ਪੱਕੇ ਤੌਰ `ਤੇ ਕੈਨੇਡਾ ਰਹਿੰਦੇ ਵੱਡੇ ਭਾਈ ਨਰਿੰਦਰ ਸਿੰਘ ਦੇ ਸੱਦੇ ਉਤੇ ਪੱਕੇ ਤੌਰ `ਤੇ ਪਰਿਵਾਰ ਸਮੇਤ ਕੈਨੇਡਾ ਚਲੇ ਗਿਆ।
1991 ‘ਚ ਜਰਮਨ ਨੇ ਕੈਨੇਡਾ ਦੀ ਧਰਤੀ ਟੋਰਾਟੋਂ ਨੂੰ ਜਾ ਸਲਾਮ ਕੀਤਾ। ਪੰਜਾਬ ਦੀਆਂ ਖੇਡਾਂ ਦਾ ਸ਼ੌਕ ਬਰਕਰਾਰ ਰੱਖਿਆ। 1991 `ਚ ਕੈਨੇਡਾ ਕਬੱਡੀ-ਕੱਪ ਦੀ ਸ਼ੁਰੂਆਤ ਹੋਈ ਸੀ ਤੇ ਜਰਮਨ ਨੇ ਉਹ ਪਹਿਲਾ ਕਬੱਡੀ ਕੱਪ ਖੇਡਿਆ। ਖੇਡਾਂ ਦੇ ਸ਼ੌਕੀਨ ਟੋਰਾਂਟੋ ਪੰਜਾਬੀਆਂ ਵਲੋਂ ਸਥਾਪਤ ‘ਮੈਟਰੋ ਪੰਜਾਬੀ ਸਪੋਰਟਸ ਕਲੱਬ` ਵਲੋਂ ਨਰਿੰਦਰ ਸਿੰਘ ਵੱਡਾ ਭਰਾ ਖੇਡਦਾ ਸੀ। ਫਿਰ ਜਰਮਨ ਨੇ ਵੀ ਉਸੇ ਕਲੱਬ ਵਲੋਂ ਖੇਡਣਾ ਸ਼ੁਰੂ ਕੀਤਾ। ਛੋਟਾ ਜਰਮਨ ਖੇਡਣ ਲੱਗਾ ਤਾਂ ਵੱਡਾ ਨਰਿੰਦਰ ਖੇਡਣੋਂ ਹੱਟ ਗਿਆ, ਕਿਉਂਕਿ ਘਰੇਲੂ ਖੇਡਾਂ ਦੀ ਕਮਾਂਡ ਹੁਣ ਜਰਮਨ ਨੇ ਸੰਭਾਲ ਲਈ ਸੀ। ਕਲੱਬ ਵਲੋਂ ਖੇਡਦਿਆਂ ਜਰਮਨ ਨੇ ਵੱਖੋ ਵੱਖਰੀਆਂ ਕਲੱਬਾਂ ਅਤੇ ਵੱਖ ਵੱਖ ਮੁਲਕਾਂ ਦੇ ਨਾਮਵਰ ਧਾਵੀ ਰੋਕੇ। ਸੰਨ 1991 ਤੋਂ 1996 ਤੱਕ 5 ਸਾਲ ਉਹ ਕਲੱਬ ਵਲੋਂ ਖੇਡਿਆ।
1994 ‘ਚ ਕੁਲਵੰਤ ਸਿੰਘ ਲੱਛਰ ਤੇ ਭਰਾਵਾਂ ਵਲੋਂ ਕਰਾਏ ਜਾਂਦੇ ਫਰਿਜ਼ਨੋ (ਕੈਲੀਫੋਰਨੀਆ) ‘ਚ ਤਕੜੇ ਧਾਵੀ ਗੁਰਦਾਸਪੁਰੀਏ ਸੱਬੇ ਨੂੰ ਰੋਕਿਆ। ਮਾਲਟਿਨ ਵਾਲਾ ਬਲਵੀਰ ਜਾਫੀ ਨਾਲ ਸੀ। ਜਰਮਨ ਨੇ ਸੱਬਾ ਰੋਕਿਆ ਤੇ ਬਲਵੀਰ ਨੇ ਫਿੱਡੂ ਡੱਕਿਆ ਸੀ। ਯਾਦਗਾਰੀ ਸੀ, ਉਹ ਮੈਚ। ਕਬੱਡੀ ਦੇ ਪ੍ਰਸਿੱਧ ਪ੍ਰੋਮੋਟਰ ਬਾਬਾ ਜੌਹਨ ਸਿੰਘ ਗਿੱਲ ਦੇ ਨਿੱਘੇ ਸੱਦੇ ‘ਤੇ ਉਹ ਕੈਲੀਫੋਰਨੀਆ ਖੇਡਣ ਗਏ ਸਨ। ਜੌਹਨ ਗਿੱਲ ਕਦੇ ਬੰਗਿਆਂ `ਚ ਘੁੰਮਦੇ ਸੋਹਣੇ ਸੁਨੱਖੇ ਮੁੰਡਿਆਂ `ਚੋਂ ਇਕ ਹੁੰਦਾ ਸੀ।
ਕਬੱਡੀ ਛੱਡਣ ਤੋਂ ਬਾਅਦ ਵੀ ਵੱਡਾ ਭਾਈ ਨਰਿੰਦਰ ਸਿੰਘ ਕਬੱਡੀ ਨਾਲ ਜੁੜਿਆ ਰਿਹਾ ਤੇ ਖੇਡਾਂ ‘ਚ ਸ਼ੌਕ ਰੱਖਣ ਵਾਲੇ ਹੋਰ ਸਾਥੀਆਂ ਨੂੰ ਸਹਿਯੋਗ ਦਿੰਦਾ ਰਿਹਾ। ਸਾਥੀਆਂ ਵਲੋਂ 2007 ਤੋਂ 2009 ਤੱਕ ‘ਓਂਟਾਰਿਓ ਕਬੱਡੀ ਫੈਡਰੇਸ਼ਨ` ਦੇ ਮੁੱਖ ਸੇਵਾਦਾਰ ਵਜੋਂ 2 ਸਾਲ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ। ਉਹ ਕਬੱਡੀ ਵਿਚੋਂ ਨਸ਼ੇ ਦਾ ਖਾਤਮਾ ਕਰਨਾ ਚਾਹੰੁਦਾ ਸੀ। ਕਬੱਡੀ ਨੂੰ ਨਸ਼ਾ-ਮੁਕਤ ਕਰਨ ਦੇ ਵਧੀਆ ਉਪਰਾਲੇ ਕੀਤੇ। ਕਾਫੀ ਹੱਦ ਤੱਕ ਉਹ ਕਾਮਯਾਬ ਹੋਇਆ ਵੀ।
ਉਨ੍ਹਾਂ ਦਾ ਛੋਟਾ ਭਰਾ ਨੇਕਾ ਵੀ ਸੋਹਣੀ ਕਬੱਡੀ ਖੇਡਦਾ ਰਿਹੈ। 1988 `ਚ ਸੱਜੀ ਬਾਂਹ `ਤੇ ਸੱਟ ਲੱਗਣ ਦੇ ਬਾਵਜੂਦ ਉਹ ਖੇਡਦਾ ਰਿਹੈ। ਟੋਰਾਂਟੋ ਆ ਕੇ ਵੀ ਖੇਡਿਆ। ਹੁਣ ਉਹ ਟੈਕਸੀ ਬਿਜਨਸ ਸੰਭਾਲ ਰਿਹੈ। ਜਰਮਨ ਟਰੱਕ ਚਲਾਉਣ ਦੇ ਨਾਲ ਨਾਲ ਛੋਟੇ ਭਾਈ ਨਾਲ ਟੈਕਸੀ ਬਿਜਨਸ ਵਿਚ ਵੀ ਹੱਥ ਵਟਾ ਰਿਹੈ।
ਜਰਮਨ ਪੁਰਾਣੀ ਖੇਡ-ਜਿ਼ੰਦਗੀ ਨਹੀਂ ਭੁੱਲਦਾ। ਜਿਸ ਮਿੱਟੀ ਵਿਚ ਪਹਿਲਵਾਨੀ ਕੀਤੀ ਤੇ ਕਬੱਡੀ ਖੇਡੀ, ਉਸੇ ਪਿੰਡ ਦੀ ਮਿੱਟੀ ਨਾਲ ਹਮੇਸ਼ਾ ਜੁੜਿਆ ਰਹਿੰਦੈ। ਸੱਤਵੀਂ ਕਲਾਸ ‘ਚ ਪੜ੍ਹਦੇ ਨੇ 36 ਕਿਲੋਗ੍ਰਾਮ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਆਪਣੀ ਗੇਮ ਤੇ ਮਿਹਨਤ ਨਾਲ ਵੱਖੋ ਵੱਖ ਭਾਰ ਦੀਆਂ ਏ. ਬੀ. ਸੀ. ਤਿੰਨ-ਤਿੰਨ ਟੀਮਾਂ 62 ਤੇ 65 ਕਿਲੋਗ੍ਰਾਮ ਅਤੇ ਓਪਨ ਵਿਚ ਖੇਡਿਆ। ਰਹੀਮਪੁਰ, ਖੈਰਾ-ਮਾਝਾ, ਵਡਾਲਾ ਫਾਟਕ, ਪਾਸਲਾ, ਮੁਠੱਡਾ ਤੇ ਹੋਰ ਪਿੰਡਾਂ ‘ਚ ਮੈਚ ਖੇਡਦਾ ਰਿਹੈ।
1980 ‘ਚ ਗੁਆਂਢੀ ਪਿੰਡ ਨੌਗੱਜ਼ੇ ਟੂਰਨਾਮੈਂਟਾਂ ਵਿਚ ਪੱਤੜੀਏ ਬੋਲੇ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਜ਼ਬਰਦਸਤ ਖਿਡਾਰੀ ਹੋਣ ਕਰਕੇ ਬੋਲਾ ਨਾ ਰੁਕਿਆ। ਇਕ ਵਾਰ ਕਿਸੇ ਪਿੰਡ ਦੀ ਟੀਮ ਉਨ੍ਹਾਂ ਨੂੰ ਜਿੱਤ ਗਈ। ਵੱਡਾ ਭਾਈ ਨਰਿੰਦਰ ਸਿੰਘ ਵੀ ਜਦੋਂ ਨੂੰ ਕੈਨੇਡਾ ਤੋਂ ਵਾਪਸ ਆ ਗਿਆ ਸੀ। ਫਿਰ ਉਨ੍ਹਾਂ ਉਸੇ ਟੀਮ ਨੂੰ ਜਾ ਹਰਾਇਆ। ਇਹ ਗੱਲ 1988-89 ਦੀ ਹੈ। ਫਾਈਨਲ ਮੈਚ ਮੁਠੱਡਿਆਂ ਤੇ ਸੱਘਵਾਲ ਵਿਚਕਾਰ ਹੋਇਆ ਸੀ। ਜਰਮਨ ਦੇ ਨਾਲ ਲਹਿੰਬਰ ਲੰਬੜ (ਕੈਲੀਫੋਰਨੀਆ), ਨਰਿੰਦਰ, ਜੱਸਾ, ਜੱਗਾ ਨਿਊ ਯਾਰਕ, ਪੱਪੂ, ਬਲਵੀਰ ਸਿੰਘ ਵੀਰ੍ਹਾ ਯੂ. ਕੇ., ਨੇਕਾ, ਸਰਬਣ, ਨਿੱਬਾ ਤੇ ਕੀਪਾ ਪਿੰਡ ਦੇ ਖਿਡਾਰੀ ਹੁੰਦੇ ਸਨ। ਸ਼ਕਤੀਮਾਨ (ਪੱਪੂ ਦਾ ਬੇਟਾ) ਉਠ ਰਿਹਾ ਵਧੀਆ ਖਿਡਾਰੀ ਹੈ।
ਪਹਿਲਵਾਨੀਂ ਲਈ ਉਹ ਆਪਣੇ ਪਿੰਡ ਦੇ ਪ੍ਰਸਿੱਧ ਪਹਿਲਵਾਨ ਤੇ ਕੋਚ ਜਗੀਰ ਸਿੰਘ ਅਤੇ ਉਹਦੇ ਪਹਿਲਵਾਨ ਭਰਾ ਮਹਿੰਦਰ ਸਿੰਘ ਮਿੰਦੀ ਦਾ ਆਸ਼ੀਰਵਾਦ ਤੇ ਥਾਪੜਾ ਸਮਝਦੈ। ਉਨ੍ਹਾਂ ਦੇ ਖੂਹ ‘ਤੇ ਬਣੇ ਅਖਾੜੇ `ਚ ਉਨ੍ਹਾਂ ਦੀ ਦੇਖ-ਰੇਖ ਹੇਠ ਪਹਿਲਵਾਨੀ ਸ਼ੁਰੂ ਕੀਤੀ। ਆਲੇ-ਦੁਆਲੇ ਪਿੰਡਾਂ ਦੇ ਹੋਰ ਵੀ ਕਈ ਪਹਿਲਵਾਨ ਜ਼ੋਰ ਕਰਨ ਆਉਂਦੇ ਸਨ। ਕੋਚ ਸਰਦੂਲ ਸਿੰਘ ਵੀ ਹਮੇਸ਼ਾ ਯਾਦ ਨੇ, ਜਿਨ੍ਹਾਂ ਕਬੱਡੀ ਤੇ ਪਹਿਲਵਾਨ ਬਣਾਉਣ `ਚ ਮੁੱਖ ਭੂਮਿਕਾ ਨਿਭਾਈ।
ਚੰਡੀਗੜ੍ਹ ਕੋਲ ਪੈਂਦੇ ਕਸਬੇ ਖਰੜ `ਚ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਘਰ ਦੇ ਹਾਲਾਤ ਦਰਮਿਆਨੇ ਹੋਣ ਕਰਕੇ ਪਰਿਵਾਰ ਵਾਲੇ ਨਹੀਂ ਸਨ ਚਾਹੁੰਦੇ, ਪਹਿਲਵਾਨੀਂ ਕਰੇ। ਫਿਰ ਉਹਦੀਆਂ ਪ੍ਰਾਪਤੀਆਂ ਵੇਖ ਪਿਤਾ ਨੇ ਇਕ ਹੋਰ ਮੱਝ ਕੀਲੇ ਲਿਆ ਬੰਨ੍ਹੀਂ। ਖੁਰਾਕ ਵੀ ਆਮ ਮੱਖਣ, ਦੁੱਧ, ਘਿਉ, ਕਦੇ ਮੀਟ। ਸ਼ਰਾਬ ਨੂੰ ਕਦੇ ਮੂੰਹ ਨਹੀਂ ਸੀ ਲਾਇਆ। ਨਸ਼ਿਆਂ ਤੋਂ ਸਦਾ ਦੂਰ ਰਿਹਾ।
ਉਹ ਦੋਆਬਾ ਕਾਲਜ ਪੜ੍ਹਿਆ। ਘਰਦਿਆਂ ਦੀ ਹੱਲਾਸ਼ੇਰੀ ਨਾਲ ਕਬੱਡੀ ਖੇਡਦਾ ਗਿਆ ਤੇ ਪਹਿਲਵਾਨੀ ਕਰਦਾ ਗਿਆ। ਗੋਗੀ ਤੇ ਜੱਗੀ ਕਬੱਡੀ ਦੇ ਪ੍ਰਸਿੱਧ ਕੋਚ ਤੇ ਦੋਵੇਂ ਦੋਸਤ ਹੋਣ ਕਰਕੇ ਜੱਗੀ ਉਹਨੂੰ ਦੋਆਬੇ ਕਾਲਜ ਤੋਂ ਗੜ੍ਹਦੀਵਾਲੇ ਕਾਲਜ ਲੈ ਗਿਆ। ਜਰਮਨ, ਲਹਿੰਬਰ ਲੰਬੜ, ਵੀਰਾ, ਜੱਸਾ ਤੇ ਦੇਵ ਖਿਡਾਰੀਆਂ ਨੇ ਪੜ੍ਹਾਈ ਕੀਤੀ ਤੇ ਕਾਲਜ ਵਲੋਂ ਮੈਚ ਖੇਡੇ। ਗੜ੍ਹਦੀਵਾਲੇ ਮੈਚਾਂ ‘ਚ ਵਿਰੋਧੀ ਟੀਮ ‘ਚ ਸੁਰਖਪੁਰੀਆ ਮੰਗੀ ਖੇਡਿਆ। ਕਬੱਡੀ ਵਿਚ ਮੰਗੀ ਦਾ ਉਸ ਵੇਲੇ ਪੂਰਾ ਨਾਂ ਸੀ। ਜਰਮਨ ਦੀ ਗੇਮ ਵੀ ਪੂਰੇ ਜੋਬਨ `ਤੇ ਸੀ। ਸਾਹ ਆਏ ਮੰਗੀ ਨੂੰ ਬੜੇ ਤਰੀਕੇ ਤੇ ਫੁਰਤੀ ਨਾਲ ਰੋਕਿਆ। ਤਕੜੇ ਖਿਡਾਰੀ ਨੂੰ ਰੋਕਣਾ ਵੱਡੀ ਗੱਲ ਸੀ। ਪਹਿਲੀ ਵਾਰ ਤਕੜੇ ਰੇਡਰ ਨੂੰ ਰੋਕਣ ਲਈ ਮਹਿਲ ਕਲਾਂ ਵਿਖੇ 100 ਰੁਪਏ ਦਾ ਇਨਾਮ ਮਿਲਿਆ ਸੀ। ਦੂਜੀ ਵਾਰ ਮੰਗੀ ਨੂੰ ਰੋਕਣ ਲਈ ਇਨਾਮ ਵਜੋਂ 100 ਰੁਪਏ ਮਿਲੇ ਸਨ। 100 ਰੁਪਏ ਦਾ ਇਨਾਮ ਉਨ੍ਹਾਂ ਵੇਲਿਆਂ `ਚ ਵੱਡੀ ਗੱਲ ਹੁੰਦੀ ਸੀ।
ਉਹ ਕੁਲਦੀਪ ਮੱਲ੍ਹੇ ਦੀ ਗੇਮ ਤੋਂ ਬੜਾ ਪ੍ਰਭਾਵਿਤ ਸੀ। ਉਸ ਨੂੰ ਤਕੜਾ ਖਿਡਾਰੀ ਤੇ ਵਧੀਆ ਇਨਸਾਨ ਮੰਨਿਆ। ਜਰਮਨ ਹੁਣੀਂ ਇਕ ਵਾਰ ਮੰਢਾਲੀ (ਫਗਵਾੜੇ ਲਾਗੇ) ਮੈਚ ਖੇਡ ਕੇ ਤਿੰਨ ਜਣੇ ਬੁਲੇਟ ਮੋਟਰ-ਸਾਇਕਲ ‘ਤੇ ਪਿੰਡ ਨੂੰ ਜਾ ਰਹੇ ਸਨ। ਤਿੰਨ ਬੈਠਣ ਕਰਕੇ ਉਨ੍ਹਾਂ ਨੂੰ ਫਗਵਾੜੇ ਪੁਲਿਸ ਨਾਕੇ ‘ਤੇ ਰੋਕ ਲਿਆ। ਪੁਲਿਸ ਵਾਲੇ ਛੱਡਣ ਨਾ ਕਿ ਤੁਸੀਂ ਕੌਣ ਓ…? ਕਿਥੋਂ ਆਏ ਓ…? ਤਰ੍ਹਾਂ ਤਰ੍ਹਾਂ ਦੇ ਕਈ ਸਵਾਲ ਕੀਤੇ। ਬਥੇਰਾ ਦੱਸਿਆ ਕਿ ਉਹ ਕਬੱਡੀ ਖਿਡਾਰੀ ਨੇ, ਮੰਢਾਲੀ ਤੋਂ ਮੈਚ ਖੇਡ ਕੇ ਆਏ ਨੇ, ਪਰ ਕਿਥੇ? ਅਚਾਨਕ ਜਦੋਂ ਨੂੰ ਕੁਲਦੀਪ ਮੱਲ੍ਹਾ ਕਿਤੋਂ ਆ ਗਿਆ। ਉਹਦੇ ਕਹਿਣ `ਤੇ ਫਿਰ ਉਨ੍ਹਾਂ ਦੀ ਖਲਾਸੀ ਹੋਈ।
ਜ਼ੋਰ ਜੁਆਨੀ ਦੇ ਦਿਨਾਂ `ਚ ਜਰਮਨ ਨੇ ਦੋ ਵਾਰ ਸੱਬਾ ਵੱਖੋ ਵੱਖਰੇ ਮੈਚਾਂ ‘ਚ ਬੜੇ ਜ਼ੋਰ ਨਾਲ ਰੋਕਿਆ। ਇਕ ਵਾਰ ਗੁਰਦਾਸਪੁਰ `ਚ ਬੱਬੇਹਾਲੀ ਤੇ ਦੂਜੀ ਵਾਰ 1994 ‘ਚ ਕੈਲੀਫੋਰਨੀਆ। ਗੜ੍ਹਦੀਵਾਲੇ ਸੁਰਖਪੁਰ ਵਾਲੇ ਮੰਗੀ ਨੂੰ ਰੋਕਣਾ ਤੇ ਖਰੜ ਤੋਂ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਜਿੱਤਣੀ ਉਹਦੇ ਖੇਡ-ਜੀਵਨ ਦਾ ਇਤਿਹਾਸਕ ਪੰਨਾ ਹੈ। ਗੜ੍ਹਦੀਵਾਲ ਟੂਰਨਾਮੈਂਟਾਂ `ਤੇ ਜੱਗੇ ਤੇ ਦੇਵ ਨੇ ਮੰਗੀ ਦੇ ਬਰਾਬਰ ਰੇਡਾਂ ਪਾਈਆਂ।
ਪਿਤਾ (ਸਵਰਗੀ) ਬਖਸ਼ੀਸ਼ ਸਿੰਘ ਤੇ ਮਾਤਾ ਗਿਆਨ ਕੌਰ ਦਾ ਬੀਬਾ ਕਮਾਊ ਖਿਡਾਰੀ ਪੁੱਤ ਅੱਜ ਕੱਲ੍ਹ ਟੋਰਾਂਟੋ `ਚ ਆਪਣਾ ਕੰਮਕਾਰ ਸੰਭਾਲ ਰਿਹੈ ਤੇ ਖੇਡ-ਮੇਲਿਆਂ ਦਾ ਅਨੰਦ ਮਾਣ ਰਿਹੈ। ਚੌਥਾ ਭਰਾ ਜਸਵੰਤ ਸਿੰਘ ਬਿੱਲਾ ਪਿੰਡ ਖੇਤੀਬਾੜੀ ਸੰਭਾਲ ਰਿਹੈ। ਜਰਮਨ ਪਿੰਡ ਦੀਆਂ ਖੇਡਾਂ ਜਾਂ ਹੋਰ ਵਿਕਾਸ ਕੰਮਾਂ `ਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਪਾਉਂਦੈ। ਪਿੰਡ ਤੇ ਇਲਾਕੇ ਨਾਲ ਬੜਾ ਮੋਹ ਰੱਖਦੈ। ਜਿਸ ਬੁਲੇਟ (ਮੋਟਰ-ਸਾਇਕਲ) ‘ਤੇ ਪਤਾ ਨਹੀਂ ਪੰਜਾਬ ਦੇ ਕਿੰਨੇ ਕੁ ਪਿੰਡ ਘੁੰਮੇ ਤੇ ਕਿੰਨੇ ਕੁ ਪਿੰਡਾਂ `ਚ ਮੈਚ ਖੇਡਣ ਜਾਂਦਾ ਰਿਹੈ, ਯਾਦਾਂ ਨਾਲ ਲਿਪਟਿਆ ਉਹ ਬੁਲੇਟ 1972 ਤੋਂ ਅੱਜ ਤੱਕ ਸਾਂਭ ਕੇ ਰੱਖਿਆ ਹੋਇਐ। ਜਦੋਂ ਵੀ ਪਿੰਡ ਗੇੜਾ ਵੱਜਦਾ, ਉਹਦੀ ਸਵਾਰੀ ਜਰੂਰ ਕਰਦੈ।
ਕੋਚਾਂ ਦੇ ਥਾਪੜੇ ਤੇ ਹੌਸਲੇ ਨਾਲ
ਜਰਮਨ `ਖਾੜਿਆਂ `ਚ ਜਾਣ ਲੱਗਾ।
ਕਬੱਡੀ ਵੀ ਖੇਡਦਾ ਰੂਹ ਨਾਲ
ਨਾਂ ਪਿੰਡ ਦਾ ਰੁਸ਼ਨਾਉਣ ਲੱਗਾ।
ਬਲਿਹਾਰੇ ਲਿਖਣ ਦੇ ‘ਇਕਬਾਲ ਸਿੰਹਾਂ`
ਗੂੜ੍ਹੀ ਪਛਾਣ ਪਿੰਡ ਦੀ ਬਣਾਉਣ ਲੱਗਾ।