ਵਰਤਮਾਨ ਕਿਸਾਨ ਅੰਦੋਲਨ ਬਨਾਮ ਚੌਧਰੀ ਛੋਟੂ ਰਾਮ ਦੀ ਧਾਰਨਾ

ਗੁਲਜ਼ਾਰ ਸਿੰਘ ਸੰਧੂ
ਅਜੋਕੇ ਕਿਸਾਨ ਅੰਦੋਲਨ ਨੇ ਪੂਰੇ ਦੇਸ਼ ਵਿਚ ਨਵੀਂ ਜਾਗ੍ਰਿਤੀ ਨੂੰ ਜਨਮ ਦਿੱਤਾ ਹੈ। ਕਿਸਾਨਾਂ ਦੇ ਹੱਕ ਵਿਚ ਲਿਖੇ ਲੇਖਾਂ, ਕਵਿਤਾਵਾਂ, ਗੀਤ-ਸੰਗੀਤਾਂ ਤੇ ਸੰਗੀਤਕ ਐਲਬਮਾਂ ਦਾ ਹੜ੍ਹ ਆ ਗਿਆ ਹੈ। ਪੁਸਤਕਾਂ ਵੀ ਛਪ ਰਹੀਆਂ ਹਨ। ਇਕੱਲੇ ਲੋਕਗੀਤ ਪ੍ਰਕਾਸ਼ਨ ਨੇ ਪਗੜੀ ਸੰਭਾਲ ਜੱਟਾ (ਗੁਰਪ੍ਰੀਤ ਰਟੌਲ), ਕਿਸਾਨਾਂ ਦੇ ਦੁਖੜੇ (ਬ੍ਰਿਜ ਨਾਰਾਇਣ), ਖੇਤ ਮਜ਼ਦੂਰਾਂ ਸਿਰ ਕਰਜ਼ੇ ਅਤੇ ਗਰੀਬੀ ਦਾ ਅਧਿਐਨ (ਚੋਣਵੇਂ ਲੇਖ), ਪੰਜਾਬ ਦੀ ਪਰੰਪਰਾਗਤ ਖੇਤੀਬਾੜੀ (ਜਗਦੇਵ ਸਿੰਘ ਔਲਖ) ਤੇ ਵਿਚਾਰਾ ਕਿਸਾਨ (ਚੌਧਰੀ ਛੋਟੂ ਰਾਮ) ਤੋਂ ਬਿਨਾ ਦੋ ਪੁਸਤਕਾਂ ਅੰਗਰੇਜ਼ੀ ਭਾਸ਼ਾ ਵਿਚ ਵੀ ਪ੍ਰਕਾਸ਼ਿਤ ਕੀਤੀਆਂ ਹਨ।

ਛੋਟੂ ਰਾਮ ਦੀ ਪੁਸਤਕ ਦੀਆਂ ਸੈਂਕੜੇ ਕਾਪੀਆਂ ਸਿੰਧੂ ਬਾਰਡਰ `ਤੇ ਵੰਡੀਆਂ ਗਈਆਂ ਹਨ। ਇਨਾਂ ਰਚਨਾਵਾਂ ਤੇ ਭਾਸ਼ਣਾਂ ਰਾਹੀਂ ਬੰਦਾ ਬਹਾਦਰ ਨੂੰ ਵੀ ਚੇਤੇ ਕੀਤਾ ਗਿਆ ਹੈ, ਰਾਬਿੰਦਰ ਨਾਥ ਟੈਗੋਰ ਨੂੰ ਵੀ, ਭਗਤ ਸਿੰਘ ਸ਼ਹੀਦ ਦੇ ਚਾਚਾ ਅਜੀਤ ਸਿੰਘ ਨੂੰ ਵੀ ਅਤੇ ਸ਼ਾਹ ਮੁਹੰਮਦ ਦੇ ਪ੍ਰਮਾਣਤ ਬੋਲਾਂ ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ’ ਨੂੰ ਵੀ।
ਸਭ ਤੋਂ ਵਧ ਚਰਚਾ ਦਾ ਸੋਮਾ ਚੌਧਰੀ ਛੋਟੂ ਰਾਮ ਦੀ ਪੁਸਤਕ ‘ਵਿਚਾਰਾ ਕਿਸਾਨ’ ਬਣੀ, ਜਿਸ ਉੱਤੇ ਸਾਹਿਤ ਚਿੰਤਨ ਦੀ ਸੱਜਰੀ ਬੈਠਕ ਦੌਰਾਨ ਚੰਡੀਗੜ੍ਹ ਦੇ ਆਈ. ਐਮ. ਏ. ਹਾਲ ਵਿਚ ਭਰਪੂਰ ਚਰਚਾ ਹੋਈ। ਭਾਵੇਂ ਛੋਟੂ ਰਾਮ ਨੇ ਆਪਣੇ ਕਾਰਜ ਕਾਲ ਵਿਚ ਗੋਰੀ ਸਰਕਾਰ ਤੋਂ ਖੇਤੀਬਾੜੀ ਸਬੰਧੀ 22 ਕਾਨੂੰਨ ਪਾਸ ਕਰਵਾਏ, ਪਰ ਹਥਲੀ ਪੁਸਤਕ ਦੇ ਸੰਪਾਦਕ ਡਾ. ਕੇ. ਸੀ. ਯਾਦਵ ਨੇ ਛੋਟੂ ਰਾਮ ਰਚਿਤ ਡੇਢ ਦਰਜਨ ਉਹ ਲੇਖ ਹੀ ਛਾਪੇ ਹਨ, ਜਿਹੜੇ ਉਸ ਨੇ ਜਾਟ ਬਰਾਦਰੀ ਨੂੰ ਚੌਕਸ ਕਰਨ ਲਈ ਜਾਟ ਗਜ਼ਟ ਨਾਂ ਦੇ ਰਸਾਲੇ ਲਈ ਲਿਖੇ ਸਨ। ਮੂਲ ਮੰਤਵ ਕਿਸਾਨਾਂ ਨੂੰ ਧਰਮ ਨਾਂ ਦੀ ਸੌੜੀ ਸੋਚ ਤੋਂ ਬਾਹਰ ਕੱਢ ਕੇ ਮਿੱਟੀ ਨਾਲ ਮੋਹ ਪਾਉਣ ਲਈ ਪ੍ਰੇਰਨਾ ਸੀ। ਜਿਹੜਾ ਪੁਸਤਕ ਦੇ ਅਨੁਵਾਦਕ ਕੁਲਵਿੰਦਰ ਸਰਾਂ ਨੇ ਵੀ ਉਭਾਰਿਆ ਹੈ। ਛੋਟੂ ਰਾਮ ਦੇ ਸ਼ਬਦ ਨੋਟ ਕਰੋ:
“ਐ ਕਿਸਾਨ ਤੰੂ ਚੌਕਸ ਤੇ ਸਾਵਧਾਨ ਹੋ ਅਤੇ ਹੁਸ਼ਿਆਰੀ ਤੋਂ ਕੰਮ ਲੈ। ਇਹ ਦੁਨੀਆਂ ਠੱਗਾਂ ਦੀ ਬਸਤੀ ਹੈ। ਜਿਨ੍ਹਾਂ ਦਾ ਤੰੂ ਪਾਲਣਹਾਰ ਹੈਂ। ਉਹ ਵੀ ਤੇਰੇ ਖੂਨ ਦੇ ਪਿਆਸੇ ਨੇ। ਤੰੂ ਇਨ੍ਹਾਂ ਦਾ ਟਾਕਰਾ ਗੰੂਗਾ ਹੋ ਕੇ ਨਹੀਂ, ਬੋਲ ਕੇ ਕਰ ਸਕਦਾ ਹੈਂ। ਖਲੋ ਕੇ ਨਹੀਂ, ਗਤੀਸ਼ੀਲ ਹੋ ਕੇ, ਚਿੰਤਨ ਨਾਲ ਨਹੀਂ ਕਰਮ ਨਾਲ, ਬੇਬਸੀ ਨਾਲ ਨਹੀਂ ਅੰਦੋਲਨ ਨਾਲ। ਸਮਾਂ ਆ ਗਿਆ ਹੈ ਕਿ ਕਰਮ ਤੇ ਅੰਦੋਲਨ ਨੇ ਸ਼ਸਤਰ ਚੱੁਕ ਤੇ ਰਣ ਤੱਤੇ ਵਿਚ ਕੁੱਦ ਪੈ।”
ਕਿਸਾਨਾਂ ਦੇ ਅਜੋਕੇ ਅੰਦੋਲਨ ਦੀਆਂ ਨੀਂਹਾਂ ਵਿਚ ਵੀ ਛੋਟੂ ਰਾਮ ਦੇ ਬੋਲ ਗੰੂਜਦੇ ਹਨ। ਉਸ ਨੇ ਆਪਣੇ ਸਮੇਂ ਦੀਆਂ ਕਾਂਗਰਸ, ਮੁਸਲਿਮ ਲੀਗ, ਅਕਾਲੀ ਦਲ, ਚੀਫ ਖਾਲਸਾ ਦੀਵਾਨ, ਹਿੰਦੂ ਮਹਾਸਭਾ ਆਦਿ ਸਿਆਸੀ ਪਾਰਟੀਆਂ ਨੂੰ ਸ਼ਹਿਰੀਆਂ ਦੇ ਚੋਚਲੇ ਗਰਦਾਨਦਿਆਂ। ਧਰਮਾਂ ਦੀ ਭਾਵਨਾ ਨੂੰ ਮਸਜਿਦ, ਮੰਦਿਰ ਤੇ ਗੁਰਦੁਆਰਿਆਂ ਵਿਚ ਬੰਦ ਕਰਕੇ ਮੌਲਵੀ, ਪੰਡਿਤ ਤੇ ਗਿਆਨੀਆਂ ਕੋਲੋਂ ਖਹਿੜਾ ਛੁਡਾਉਣ ਲਈ ਪ੍ਰੇਰਿਆ। ਅੱਜ ਦੇ ਅੰਦੋਲਨਕਾਰੀ ਵੀ ਫਿਰਕੂ ਤੇ ਸਿਆਸੀ ਆਗੂਆਂ ਨੂੰ ਨੇੜੇ ਨਹੀਂ ਲਗਣ ਦਿੰਦੇ। ਇਸੇ ਵਿਚ ਉਨ੍ਹਾਂ ਦੀ ਸ਼ਕਤੀ ਹੈ।
ਛੋਟੂ ਰਾਮ ਦੀ ਪੁਸਤਕ ਉੱਤੇ ਚਰਚਾ ਕਰਦਿਆਂ ਜੁਗਿੰਦਰ ਸਿੰਘ ਨੇ ਉਸ ਦੇ ਵਿਚਾਰਾਂ ਨੂੰ ਨਿਤਾਰ ਕੇ ਪੇਸ਼ ਕੀਤਾ। ਉਸ ਨੇ ਕਿਹਾ ਕਿ ਛੋਟੂ ਰਾਮ ਮਾਰਕਸ ਦਾ ਸ਼ਿਸ਼ ਤਾਂ ਨਹੀਂ ਸੀ, ਪਰ ਉਹ ਉਸ ਸਮਾਜ ਦੀ ਨਬਜ਼ ਪਛਾਣਦਾ ਸੀ, ਜਿਸ ਦਾ ਪ੍ਰਤੀਨਿਧ ਕਿਸਾਨ ਹੈ। ਉਸ ਨੇ ਆਪਣੇ ਭਾਸ਼ਣ ਵਿਚ ਬਰਤਾਨਵੀ ਰਾਜ ਦੀ ਕਿਸਾਨੀ ਪਹੰੁਚ ਨੂੰ ਮੁਗਲਾਂ ਦੀ ਧਾਰਨਾ ਤੋਂ ਨਿਖੇੜਦਿਆਂ 1763 ਤੋਂ 1900 ਵਿਚਕਾਰ ਦੇ ਅਰਸੇ ਵਿਚ ਹੋਈਆਂ 92 ਬਗਾਵਤਾਂ ਦਾ ਹਵਾਲਾ ਦੇ ਕੇ ਦੱਸਿਆ ਕਿ ਗੋਰਿਆਂ ਦੇ ਰਾਜ ਕਾਲ ਵਿਚ ਕਿੰਨੇ ਅਕਾਲ ਆਏ, ਜਿਹੜੇ ਜਾਨੀ ਤੇ ਮਾਲੀ ਨੁਕਸਾਨ ਦੇ ਜ਼ਿੰਮੇਵਾਰ ਸਿੱਧ ਹੋਏ। ਵਰਤਮਾਨ ਕਿਸਾਨ ਅੰਦੋਲਨ ਨੂੰ ਬਰਤਾਨਵੀ ਰਾਜ ਦੇ ਚੌਖਟੇ ਵਿਚ ਫਿੱਟ ਕਰਕੇ ਜੋਗਿੰਦਰ ਸਿੰਘ ਨੇ ਪੂੰਜੀ ਦੇ ਇਕਤਰੀਕਰਨ ਨੂੰ ਗਰੀਬੀ ਦੇ ਇਕਤਰੀਕਰਨ ਦੀ ਨੀਂਹ ਦੱਸਿਆ ਤੇ ਕਿਰਤੀ ਕਿਸਾਨ ਨੂੰ ਜ਼ਮੀਨ ਨਾਲੋਂ ਤੋੜਨ ਵਾਲੇ ਨਿਯਮਾਂ ਨੂੰ ਬੇਗਾਨਗੀ ਦਾ ਸਿਧਾਂਤ ਕਿਹਾ, ਜਿਹੜਾ ਬੰਦੇ ਨੂੰ ਮਲਕੀਅਤ ਦੇ ਅਧਿਕਾਰਾਂ ਤੋਂ ਵਾਂਝਾ ਕਰਦਾ ਹੈ। ਵਰਤਮਾਨ ਖੇਤੀ ਕਾਨੂੰਨਾਂ ਦੀ ਗੁਪਤ ਪਹੰੁਚ ਵਾਲਾ ਇਸ਼ਾਰਾ ਕਰਦਿਆਂ ਉਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਨ੍ਹਾਂ ਵਿਚ ਦਰਜ ਲਿਖਤੀ ਭਾਵਨਾਵਾਂ ਨਾਲੋਂ ਉਨ੍ਹਾਂ ਭਾਵਨਾਵਾਂ ਨੂੰ ਪੜ੍ਹਨਾ ਜ਼ਰੂਰੀ ਹੈ, ਜਿਹੜੀਆਂ ਲਿਖਤ ਵਿਚ ਤਾਂ ਨਹੀਂ ਮਿਲਦੀਆਂ, ਪਰ ਨਵੇਂ ਕਾਨੂੰਨਾਂ ਵਿਚ ਨਿਹਿੱਤ ਹਨ।
ਡਾ. ਹਜ਼ਾਰਾ ਸਿੰਘ ਚੀਮਾ ਤੇ ਅਭੈ ਸਿੰਘ ਨੇ ਅਜੋਕੇ ਕਿਸਾਨ ਅੰਦੋਲਨ ਨੂੰ ਚੌਧਰੀ ਛੋਟੂ ਰਾਮ ਦੀ ਭਾਵਨਾ ਦੇ ਸ਼ੀਸ਼ੇ ਰਾਹੀਂ ਪੇਸ਼ ਕਰਦਿਆਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦਾ ਘਾਣ ਦੱਸਿਆ। ਕਿਸਾਨਾਂ ਦੇ ਸਿਰ ਚੜ੍ਹੇ ਕਰਜ਼ੇ ਦਾ ਜ਼ਿਕਰ ਕਰਦਿਆਂ ਇਹ ਸਵਾਲ ਵੀ ਪੈਦਾ ਕੀਤਾ ਕਿ ਜੇ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮੁਆਫ ਕਰ ਸਕਦੀ ਹੈ ਤਾਂ ਕਿਸਾਨਾਂ ਦਾ ਕਿਉਂ ਨਹੀਂ? ਇਹ ਵੀ ਕਿ ਜੇ ਸ਼ਹਿਰਾਂ ਦਾ ਵਿਕਾਸ ਸਰਕਾਰੀ ਖਰਚੇ `ਤੇ ਕੀਤਾ ਜਾ ਸਕਦਾ ਹੈ, ਤਾਂ ਪਿੰਡਾਂ ਦਾ ਕਿਉਂ ਨਹੀਂ? ਪਰਮਿੰਦਰ ਸਿੰਘ ਗਿੱਲ ਨੇ ਵੀ ਏਸ ਧਾਰਨਾ `ਤੇ ਸਹੀ ਪਾਈ ਤੇ ਨਵੇਂ ਖੇਤੀ ਕਾਨੂੰਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਲਿਖੇ ਹੋਏ ਤੇ ਸਰਕਾਰ ਵਲੋਂ ਕਰੋਨਾ ਦੀ ਆੜ ਵਿਚ ਲਾਗੂ ਕੀਤੇ ਹੋਏ ਦੱਸਿਆ।
ਕੱੁਲ ਮਿਲਾ ਕੇ ਸਾਹਿਤ ਚਿੰਤਨ ਦੀ ਇਹ ਵਾਲੀ ਇਕੱਤਰਤਾ ਸਰਕਾਰ ਦੇ ਉਨ੍ਹਾਂ ਖੇਤੀ ਕਾਨੂੰਨਾਂ ਉੱਤੇ ਕੇਂਦਰਿਤ ਰਹੀ, ਜਿਨ੍ਹਾਂ ਨੂੰ ਰੱਦ ਕਰਨ ਦੀ ਮੰਗ ਦਿਨੋ ਦਿਨ ਜ਼ੋਰ ਫੜ ਰਹੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਅੰਦੋਲਨਕਾਰਾਂ ਨੂੰ ਅੰਦੋਲਨਜੀਵੀ ਤੇ ਪਰਜੀਵੀ ਕਹਿੰਦਾ ਹੈ ਤਾਂ ਇਹਦੇ ਵਿਚੋਂ ਵੀ ਉਸ ਦੀ ਕਿਸਾਨਾਂ ਪ੍ਰਤੀ ਬੇਰੁਖੀ ਤੇ ਦੁਰਭਾਵਨਾ ਉਜਾਗਰ ਹੰੁਦੀ ਹੈ।
ਅੱਜ ਦੇ ਦਿਨ ਨਰਿੰਦਰ ਮੋਦੀ ਨੂੰ ਚੌਧਰੀ ਛੋਟੂ ਰਾਮ ਦੇ ਸਨਮੁਖ ਖੜ੍ਹਾ ਕਰਕੇ ਮੋਦੀ ਦਾ ਕੱਦ ਛੋਟੇ ਤੋਂ ਛੋਟਾ ਹੰੁਦਾ ਦੇਖਿਆ ਜਾ ਰਿਹਾ ਹੈ। ਲੇਖਾਂ, ਕਵਿਤਾਵਾਂ ਤੇ ਗੀਤ-ਸੰਗੀਤ ਦੀ ਦੁਨੀਆਂ ਵਿਚ ਹੀ ਨਹੀਂ, ਕਿਸਾਨਾਂ ਦੇ ਸ਼ਾਂਤਮਈ ਵਰਤਾਰੇ ਤੇ ਪਿੰਡਾਂ ਵਿਚ ਜੁੜ ਰਹੀਆਂ ਖਾਪ ਪੰਚਾਇਤਾਂ ਵਿਚ ਵੀ। ਹਰ ਕੋਈ ਜਾਣਦਾ ਹੈ ਕਿ ਅੰਤਿਮ ਜਿੱਤ ਲੋਕਾਂ ਦੀ ਹੰੁਦੀ ਹੈ ਤੇ ਬੰਦ ਕਮਰਿਆਂ ਵਿਚ ਬਹਿ ਕੇ ਕਾਨੂੰਨ ਘੜਨ ਵਾਲਿਆਂ ਦੀ ਨਹੀਂ। ਜ਼ਿੰਦਾਬਾਦ!
ਅੰਤਿਕਾ: ਸਰ ਮੁਹੰਮਦ ਇਕਬਾਲ
ਚਮਨਜ਼ਾਰ-ਏ-ਸਿਆਸਤ ਮੇਂ ਖਾਮੋਸ਼ੀ ਮੌਤ ਹੈ, ਬੁਲਬੁਲ।
ਯਹਾਂ ਕੀ ਜ਼ਿੰਦਗੀ ਪਾਬੰਦੀ ਏ-ਰਸਮ-ਏ ਫੁਗਾਂ ਤੱਕ ਹੈ।