ਨਾਨਕ ਸਿੰਘ ਨਾਵਲਿਸਟ

ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ)
ਫੋਨ: 510-516-5971
ਨਾਨਕ ਸਿੰਘ ਦਾ ਜਨਮ ਪਿੰਡ ਚੱਕ ਹਮੀਦ, ਤਹਿਸੀਲ ਪਿੰਡ ਦਾਦਨ ਖਾਂ, ਜ਼ਿਲ੍ਹਾ ਜਿਹਲਮ (ਹੁਣ ਪਾਕਿਸਤਾਨ) ਵਿਚ 4 ਜੁਲਾਈ, 1897 ਨੂੰ ਭਾਈ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਹੰਸ ਰਾਜ ਰੱਖਿਆ। ਉਨ੍ਹਾਂ ਦੇ ਪਿਤਾ ਪਿਸ਼ਾਵਰ ਵਿਚ ਕਰਿਆਨੇ ਦੀ ਦੁਕਾਨ ਕਰਦੇ ਸਨ। ਅੱਠ ਸਾਲ ਦੀ ਉਮਰ ਵਿਚ ਨਾਨਕ ਸਿੰਘ ਆਪਣੇ ਪਿਤਾ ਨਾਲ ਪਿਸ਼ਾਵਰ ਚਲੇ ਗਏ ਤੇ ਦੁਕਾਨਦਾਰੀ ਵਿਚ ਹੱਥ ਵਟਾਉਣ ਲੱਗ ਗਏ। ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਉਸ ਵੇਲੇ ਨਾਨਕ ਸਿੰਘ ਦੀ ਉਮਰ ਦਸਾਂ ਬਾਰਾਂ ਵਰ੍ਹਿਆਂ ਦੀ ਸੀ। ਪਰਿਵਾਰ ਦਾ ਸਾਰਾ ਬੋਝ ਉਨ੍ਹਾਂ ਦੇ ਸਿਰ ‘ਤੇ ਆ ਪਿਆ। ਆਪਣੀ ਮਾਤਾ ਨਾਲ ਰਲ ਕੇ ਦੁਕਾਨਦਾਰੀ ਚਲਾਈ। ਘਰ ਦੀ ਗੱਡੀ ਮਾੜੀ ਮੋਟੀ ਰਿੜ੍ਹਨ ਹੀ ਲੱਗੀ ਸੀ ਕਿ ਉਨ੍ਹਾਂ ਦੀ ਮਾਤਾ ਨਾਲ ਅਜਿਹੀ ਘਟਨਾ ਵਾਪਰੀ ਕਿ ਉਸ ਦੀਆਂ ਦੋਵੇਂ ਲੱਤਾਂ, ਗੋਡਿਆਂ ਹੇਠੋਂ ਕਟਣੀਆਂ ਪੈ ਗਈਆਂ। ਇਥੋਂ ਤੱਕ ਕਿ ਟੱਟੀ ਪਿਸ਼ਾਬ ਵੀ ਨਾਨਕ ਸਿੰਘ ਆਪਣੀ ਹੱਥੀਂ ਉਸ ਨੂੰ ਕਰਾਉਂਦਾ। ਨਾਨਕ ਸਿੰਘ ਨੇ ਮਾਤਾ ਦੀ ਜਿਉਂਦਿਆਂ ਬੜੀ ਸੇਵਾ ਕੀਤਾ। ਮਾਂ ਦੀਆਂ ਅਸੀਸਾਂ ਨਾਲ ਹੀ ਪੰਜ ਜਮਾਤਾਂ ਪੜ੍ਹਿਆ ਨਾਨਕ ਸਿੰਘ ਮਹਾਨ ਨਾਵਲਕਾਰ ਬਣ ਸਕਿਆ।
ਪਿਸ਼ਾਵਰ ਵਿਚ ਗਿਆਨੀ ਬਾਗ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਨਾਨਕ ਸਿੰਘ ਨੇ ਸਿੱਖ ਧਰਮ ਵਿਚ ਪ੍ਰਵੇਸ਼ ਕੀਤਾ ਅਤੇ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਪਿਸ਼ਾਵਰ ਰਹਿੰਦਿਆਂ ਹੀ ਉਨ੍ਹਾਂ ਗੀਤਾਂ ਦਾ ਛੋਟਾ ਜਿਹਾ ਗੁਟਕਾ ਛਾਪਿਆ ਜੋ ਬਾਅਦ ਵਿਚ ‘ਸਤਿਗੁਰ ਮਹਿਮਾ’ ਦੇ ਨਾਂ ਹੇਠ ਛਪਿਆ। ਇਹ ਗੁਟਕਾ ਬਹੁਤ ਮਕਬੂਲ ਹੋਇਆ। ਫਿਰ ਪਿਸ਼ਾਵਰ ਛੱਡ ਕੇ ਨਾਨਕ ਸਿੰਘ ਅੰਮ੍ਰਿਤਸਰ ਆ ਗਏ। ਉਸ ਵੇਲੇ ਅਕਾਲੀਆਂ ਨੇ ਗੁਰੂ ਕੇ ਬਾਗ ਦਾ ਮੋਰਚਾ ਲਾਇਆ ਹੋਇਆ ਸੀ। ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਪੰਜਵੇਂ ਜਾਂ ਛੇਵੇਂ ਦਿਨ ਜਥੇ ਵਿਚ ਗ੍ਰਿਫ਼ਤਾਰ ਹੋ ਕੇ ਲਾਹੌਰ ਬੋਰਸਟਲ ਜੇਲ੍ਹ ਜਾ ਪਹੁੰਚੇ ਜਿਥੇ ਲਗਭਗ ਦੋ ਹਜ਼ਾਰ ਕੈਦੀ ਸਨ। ਇਥੇ ਹੀ ਜਗਨ ਨਾਥ ਨਾਮ ਦੇ ਆਦਮੀ ਨਾਲ ਮੇਲ ਹੋਇਆ ਜਿਸ ਪਾਸੋਂ ਮਿਲੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹੇ। ਨਾਵਲ ਪੜ੍ਹ ਕੇ ਇਨ੍ਹਾਂ ਦੇ ਮਨ ਵਿਚ ਵੀ ਨਾਵਲ ਲਿਖਣ ਦਾ ਖਿਆਲ ਆਇਆ। ਕਾਗ਼ਜ਼ ਪੈਨਸਿਲ ਜੇਲ੍ਹ ਵਿਚ ਮਿਲਣੀ ਸੌਖੀ ਨਹੀਂ ਸੀ ਪਰ ਕਿਸੇ ਕਾਂਗਰਸੀ ਮਿੱਤਰ ਦੀ ਕਿਰਪਾ ਨਾਲ ਇਹ ਦੋਵੇਂ ਮੁਸ਼ਕਿਲਾਂ ਹੱਲ ਹੋ ਗਈਆਂ। ਜ਼ਿੰਦਗੀ ਦੇ ਅਨੁਭਵਾਂ ਦੇ ਆਧਾਰ ‘ਤੇ ਨਾਵਲ ਲਿਖਿਆ ਜਿਸ ਦਾ ਨਾਂ ਤਜਵੀਜ਼ ਕੀਤਾ ‘ਅਧਖਿੜੀ ਕਲੀ’, ਪਰ ਇਹ ਸਾਰੀ ਮਿਹਨਤ ਅਜਾਈਂ ਗਈ ਜਦ ਅਚਿੰਤੇ ਹੀ ਇਨ੍ਹਾਂ ਕੋਠੜੀਆਂ ਦੀ ਤਲਾਸ਼ੀ ਹੋਈ ਤਾਂ ਖਰੜੇ ਸਮੇਤ ਹੋਰ ਚੀਜ਼ਾਂ ਉਤੇ ਜੇਲ੍ਹ ਅਧਿਕਾਰੀਆਂ ਕਬਜ਼ਾ ਕਰ ਲਿਆ ਜੋ ਕਦੀ ਵੀ ਵਾਪਸ ਨਾ ਮਿਲਿਆ।
1933 ਦਾ ਜ਼ਿਕਰ ਹੈæææਨਾਨਕ ਸਿੰਘ ਦੇ ਉਸ ਵੇਲੇ ਤੱਕ ਅੱਧੀ ਕੁ ਦਰਜਨ ਨਾਵਲ ਤੇ ਕੁਝਾਂ ਕਹਾਣੀਆਂ ਲਿਖ ਲੈਣ ਕਰ ਕੇ ਗੁੰਮਨਾਮੀ ਦੇ ਹਨੇਰੇ ‘ਚੋਂ ਬਾਹਰ ਆ ਰਹੇ ਸੀ। ਗਰਮੀਆਂ ਦਾ ਮੌਸਮ ਸੀ। ਇਕ ਦਿਨ ਲਾਹੌਰ ‘ਫੁਲਵਾੜੀ’ ਦੇ ਦਫ਼ਤਰ ਵਿਚ ਬੈਠੇ ਸਨ ਤੇ ਗਿਆਨੀ ਹੀਰਾ ਸਿੰਘ ਦਰਦ ਨਾਲ ਗੱਲਾਂ ਕਰ ਰਹੇ ਸਨ। ਅਚਾਨਕ ਪੰਜਾਬੀ ਦੇ ਨਵੇਂ ਪਰਚੇ ‘ਪ੍ਰੀਤਲੜੀ’ ਉਤੇ ਨਜ਼ਰ ਪਈ ਜਿਸ ਦੇ ਟਾਈਟਲ ‘ਤੇ ਮਾਲਾ ਦੀ ਤਸਵੀਰ ਸੀ ਤੇ ਉਸ ਉਪਰ ਤੁਕਾਂ ਛਪੀਆਂ ਹੋਈਆਂ ਸਨ-ਕਿਸੇ ਦਿਲ ਸਾਂਝੇ ਦੀ ਧੜਕਣ, ਕਿਸੇ ਪ੍ਰੀਤ ਗੀਤ ਦੀ ਲੈਅ। ਪੱਤੇ ਪ੍ਰੀਤਲੜੀ ਦੇ ਦੱਸਣ, ਜਿਸ ਵਿਚ ਪ੍ਰੋਤੀ ਸਭੇ ਸ਼ੈਅ।
ਪਰਚਾ ਚੁੱਕ ਕੇ ਫੋਲਣਾ ਸ਼ੁਰੂ ਕੀਤਾ ਜਿਹੜਾ ਗੁਰਬਖ਼ਸ਼ ਸਿੰਘ ਦੇ ਸੰਪਾਦਨ ਥੱਲੇ ਨੌਸ਼ਹਿਰੇ (ਸਮਾਧ ਅਕਾਲੀ ਫੂਲਾ ਸਿੰਘ) ਤੋਂ ਪ੍ਰਕਾਸ਼ਿਤ ਹੋਇਆ ਸੀ। ਬੈਠਿਆਂ ਬੈਠਿਆਂ ਹੀ ਸਾਰਾ ਪੜ੍ਹ ਮੁਕਾਇਆ। ਨਾਲੋ ਨਾਲ ਸੋਚੀ ਜਾਂਦੇ ਸਨ ਕਿ ਇਹ ਘੜੇ ਜਿੱਡਾ ਮੋਤੀ ਕਿਹੜੀ ਸਿੱਪੀ ਵਿਚ ਲੁਕਿਆ ਰਿਹਾ ਸੀ ਅੱਜ ਤੀਕ? ਉਸ ਦਿਨ ਤੋਂ ਉਹ ਸ਼ ਗੁਰਬਖ਼ਸ਼ ਸਿੰਘ ਦੇ ਪ੍ਰਸੰæਸਕ ਬਣ ਗਏ ਤੇ ਬਾਅਦ ਵਿਚ ਜਦੋਂ ਗੁਰਬਖ਼ਸ਼ ਸਿੰਘ ਨੇ ਪ੍ਰੀਤ ਸੈਨਾ ਬਣਾਈ ਤਾਂ ਉਹ ਪ੍ਰੀਤ ਸੈਨਿਕ ਬਣ ਕੇ 7 ਜੂਨ 1938 ਨੂੰ ਪ੍ਰੀਤ ਨਗਰ (ਨੇੜੇ ਲੋਪੋਕੇ) ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜਾ ਵੱਸੇ।
ਨਾਨਕ ਸਿੰਘ ਦਾ ‘ਚਿੱਟਾ ਲਹੂ’ ਨਾਵਲ ਮੈਂ ਛੇਵੀਂ ਜਮਾਤ ਵਿਚ ਪੜ੍ਹ ਲਿਆ ਸੀ। ਮੈਂ ਦਸਵੀਂ ਜਮਾਤ ਪਾਸ ਕਰ ਕੇ ਪਹਿਲਾਂ ਪੁਲਿਸ ‘ਚ ਭਰਤੀ ਹੋ ਗਿਆ। ਮੇਰੀ ਬਦਲੀ ਫਾਜ਼ਿਲਕਾ ਦੇ ਨੇੜੇ ਭੈਣੀ ਦਲਾਵਰ ਚੌਕੀ ‘ਚ ਹੋ ਗਈ। ਅੱਜ ਕੱਲ੍ਹ ਇਸ ਦਾ ਨਾਂ ਮਹਾਰ ਜਮਸ਼ੇਰ ਰੱਖ ਦਿੱਤਾ ਗਿਆ ਹੈ। ਮੇਰੀ ਪਹਿਲੀ ਪੋਸਟਿੰਗ ਨਯਾ ਨੰਗਲ, ਮੌਜੋਵਾਲ ਕਾਲੋਨੀ ਸੀ ਜੋ ਬੜਾ ਵਧੀਆ ਇਲਾਕਾ ਸੀ। ਨਯਾ ਨੰਗਲ ਦੇ ਮੁਕਾਬਲੇ ਇਹ ਇਲਾਕਾ ਬਹੁਤ ਪਛੜਿਆ ਹੋਇਆ ਸੀ। ਇਹ ਚੌਕੀ ਦਰਿਆਓਂ ਪਾਰ ਸੀ। ਇਸ ਦੇ ਤਿੰਨ ਪਾਸੇ ਪਾਕਿਸਤਾਨ ਸੀ ਤੇ ਪਿੱਛੇ ਦਰਿਆ। ਕੋਈ ਰੌਣਕ ਆਦਿ ਨਾ ਹੋਣ ਕਰ ਕੇ ਮੇਰਾ ਉਥੇ ਜੀ ਉਦਾਸ ਰਹਿਣ ਲੱਗਾ।
ਮੈਂ ਨੌਕਰੀ ਛੱਡਣ ਦਾ ਮਨ ਬਣਾ ਲਿਆ। ਫਾਜ਼ਿਲਕਾ ਸੈਕਟਰ ਦੇ ਡੀæਐਸ਼ਪੀæ ਸਾਡੀ ਚੌਕੀ ਦਾ ਮੁਆਇਨਾ ਕਰਨ ਆਏ ਤਾਂ ਮੈਂ ਉਨ੍ਹਾਂ ਅੱਗੇ ਆਪਣਾ ਅਸਤੀਫਾ ਪੇਸ਼ ਕਰ ਦਿੱਤਾ। ਉਨ੍ਹਾਂ ਮੈਨੂੰ ਪੁੱਛਿਆ, “ਕਾਕਾ, ਤੂੰ ਨੌਕਰੀ ਕਿਉਂ ਛੱਡ ਰਿਹਾ ਹੈਂ?” ਮੈਂ ਕਿਹਾ, “ਸਰ, ਮੇਰਾ ਇਥੇ ਜੀ ਨਹੀਂ ਲੱਗਦਾ।” ਉਨ੍ਹਾਂ ਨੇ ਉਸੇ ਵੇਲੇ ਚੌਕੀ ਇੰਚਾਰਜ ਨੂੰ ਹੁਕਮ ਕੀਤਾ, “ਇਸ ਮੁੰਡੇ ਨੂੰ ਫਾਜ਼ਿਲਕਾ ਫਿਰ-ਤੁਰ ਆਉਣ ਦਿਆ ਕਰ।” ਮੈਂ ਫਾਜ਼ਿਲਕਾ ਜਾਣਾ ਤੇ ਫਿਰ-ਤੁਰ ਕੇ ਵਾਪਸ ਆ ਜਾਣਾ। ਇਕ ਦਿਨ ਮੈਂ ਬੱਸ ਅੱਡੇ ‘ਤੇ ਬੁੱਕ ਸਟਾਲ ਉਤੇ ਚਲਾ ਗਿਆ। ਉਥੋਂ ‘ਪ੍ਰੀਤ ਲੜੀ’ ਰਸਾਲਾ ਖਰੀਦ ਲਿਆ। ਚੌਕੀ ਆ ਕੇ ਮੈਂ ਸਾਰੀ ‘ਪ੍ਰੀਤ ਲੜੀ’ ਪੜ੍ਹੀ। ਇਸ ਵਿਚੋਂ ਮੈਨੂੰ ‘ਮੇਰੇ ਝਰੋਖੇ ਚੋਂ’ ਕਾਲਮ ਬਹੁਤ ਵਧੀਆ ਲਗਾ। ਗੁਰਬਖ਼ਸ਼ ਸਿੰਘ ‘ਪ੍ਰੀਤ ਲੜੀ’ ਦੇ ਜਾਣਕਾਰੀ ਭਰਪੂਰ ਲੇਖ ਮੈਨੂੰ ਬਹੁਤ ਵਧੀਆ ਲੱਗੇ। ਮੈਂ ‘ਪ੍ਰੀਤ ਲੜੀ’ ਦਾ ਪੱਕਾ ਪਾਠਕ ਬਣ ਗਿਆ। ਹਰ ਮਹੀਨੇ ਮੈਂ ‘ਪ੍ਰੀਤ ਲੜੀ’ ਨੂੰ ਬੜੀ ਬੇਸਬਰੀ ਨਾਲ ਉਡੀਕਦਾ। ਇਸ ਦੇ ਆਖਰੀ ਸਫ਼ੇ ‘ਤੇ ਗੁਰਬਖ਼ਸ਼ ਸਿੰਘ, ਨਾਨਕ ਸਿੰਘ, ਸੋਹਣ ਸਿੰਘ ਸੀਤਲ ਤੇ ਜਸਵੰਤ ਸਿੰਘ ਕੰਵਲ ਦੀਆਂ ਕਿਤਾਬਾਂ ਦੀ ਸੂਚੀ ਛਪੀ ਹੁੰਦੀ ਸੀ। ਮੈਂ ਉਨ੍ਹਾਂ ਵਿਚੋਂ ‘ਅਣਵਿਆਹੀ ਮਾਂ’, ‘ਚਿੱਟਾ ਲਹੂ’, ‘ਦੂਰ ਕਿਨਾਰਾ’, ‘ਪਵਿੱਤਰ ਪਾਪੀ’, ‘ਇਕ ਮਿਆਨ ਦੋ ਤਲਵਾਰਾਂ’, ‘ਕੋਈ ਹਰਿਆ ਬੂਟ, ਰਹਿਓ ਰੀ’, ‘ਆਸਤਕ ਨਾਸਤਕ’ ਕਿਤਾਬਾਂ ਪੜ੍ਹ ਲਈਆਂ। 1962 ਦੇ ਜੂਨ ਮਹੀਨੇ ਮੈਂ ਨੌਕਰੀ ਛੱਡ ਦਿੱਤੀ ਅਤੇ ਪਿੰਡ ਆ ਕੇ ਜੇæਬੀæਟੀæ ਵਿਚ ਗੌਰਮਿੰਟ ਬੇਸਿਕ ਟ੍ਰੇਨਿੰਗ ਸਕੂਲ ਸਰਹਾਲੀ (ਅੰਮ੍ਰਿਤਸਰ) ਵਿਖੇ ਦਾਖ਼ਲ ਹੋ ਗਿਆ। ਇੱਥੇ ਮੇਰਾ ਮੇਲ ਕਹਾਣੀਕਾਰ ਵਰਿਆਮ ਸਿੰਘ ਸੰਧੂ (ਸੁਰ ਸਿੰਘ) ਨਾਲ ਹੋਇਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਅਮਰ ਸਿੰਘ ਦੋਸਾਂਝ ਦੇ ਅਖ਼ਬਾਰ ‘ਅਕਾਲੀ ਪਤ੍ਰਿਕਾ’ ਵਿਚ ਛਪੀਆਂ ਸਨ ਜੋ ਉਸ ਨੇ ਆਪਣੇ ਟਰੰਕ ਵਿਚ ਸਾਂਭ ਕੇ ਰੱਖੀਆਂ ਸਨ। ਇਕ ਇਕ ਕਰ ਕੇ ਪੜ੍ਹੀਆਂ।
ਜੇæਬੀæਟੀæ ਕਰਨ ਤੋਂ ਬਾਅਦ ਮੈਂ ਟੀਚਰ ਲੱਗ ਗਿਆ। ਫਿਰ ਇਨ੍ਹਾਂ ਦੋਹਾਂ ਲੇਖਕਾਂ ਨੂੰ ਮਿਲਣ ਲਈ ਮੈਂ ਪ੍ਰੀਤ ਨਗਰ ਜਾਣ ਦਾ ਪ੍ਰੋਗਰਾਮ ਬਣਾਇਆ। ਮੈਂ ਤੇ ਮੇਰੇ ਸਾਥੀ ਅਧਿਆਪਕ ਸਾਈਕਲਾਂ ‘ਤੇ ਪ੍ਰੀਤ ਨਗਰ ਗਏ। ਪਹਿਲਾਂ ਅਸੀਂ ਸ਼ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੀ ਕੋਠੀ ਗਏ। ਅਸੀਂ ਉਨ੍ਹਾਂ ਦੇ ਨੌਕਰ ਨੂੰ ਕਿਹਾ ਕਿ ਅਸੀਂ ਸ਼ ਗੁਰਬਖ਼ਸ਼ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਨੌਕਰ ਨੇ ਦਸਿਆ ਕਿ ਸਰਦਾਰ ਹੁਰੀਂ ਆਰਾਮ ਕਰ ਰਹੇ ਹਨ। ਸਾਡੇ ਖਲੋਤਿਆਂ ਹੀ ਕੁਝ ਬੰਦੇ ਕਾਰ ‘ਤੇ ਉਨ੍ਹਾਂ ਨੂੰ ਮਿਲਣ ਆ ਗਏ। ਕਾਰ ਦੀ ਆਵਾਜ਼ ਸੁਣ ਕੇ ਦਾਰ ਜੀ ਬਾਰੀ ਦੀਆਂ ਜਾਲੀਆਂ ‘ਚੋਂ ਵੇਖ ਕੇ ਬਾਹਰ ਆ ਗਏ। ਉਨ੍ਹਾਂ ਕਾਰ ਵਾਲਿਆਂ ਦਾ ਸਵਾਗਤ ਕੀਤਾ ਅਤੇ ਅੰਦਰ ਆਉਣ ਲਈ ਕਿਹਾ। ਅਸੀਂ ਉਨ੍ਹਾਂ ਨਾਲ ਦਾਰ ਜੀ ਦੇ ਡਰਾਇੰਗ ਰੂਮ ਵਿਚ ਚਲੇ ਗਏ। ਅਸੀਂ ਉਨ੍ਹਾਂ ਨੂੰ ਸਾਹਿਤ, ਪ੍ਰੀਤਲੜੀ ਅਤੇ ਸਿਆਸਤ ਬਾਰੇ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਨ੍ਹਾਂ ਬੜੇ ਢੁਕਵੇਂ ਸ਼ਬਦਾਂ ਵਿਚ ਦਿੱਤੇ।
ਫਿਰ ਅਸੀਂ ਸ਼ ਨਾਨਕ ਸਿੰਘ ਨੂੰ ਮਿਲਣ ਗਏ। ਉਹ ਆਪਣੀ ਪ੍ਰੀਤ ਨਗਰ ਵਾਲੀ ਰਿਹਾਇਸ਼ ਦੀ ਬੈਠਕ ਵਿਚ ਮੰਜੇ ‘ਤੇ ਬਿਸਤਰੇ ਦੀ ਢੋਅ ਲਾ ਕੇ ਕੁਝ ਲਿਖ ਰਹੇ ਸਨ। ਸਾਨੂੰ ਦੇਖ ਕੇ ਬਾਹਰ ਆ ਕੇ ਸਾਡੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਆਪਣੀ ਬੈਠਕ ਵਿਚ ਲੈ ਗਏ। ਸਾਨੂੰ ਕੁਰਸੀਆਂ ‘ਤੇ ਬਿਠਾ ਲਿਆ ਤੇ ਆਪ ਮੰਜੇ ਉਤੇ ਬੈਠ ਗਏ। ਸਾਨੂੰ ਮਿਲ ਕੇ ਉਹ ਬੜੇ ਖੁਸ਼ ਹੋਏ ਤੇ ਕਿਹਾ, “ਜੇ ਤਕੱਲਫ ਨਾ ਮੰਨੋ ਤਾਂ ਕੱਪ ਕੱਪ ਚਾਹ ਹੋ ਜਾਏ।” ਅਸੀਂ ਕਿਹਾ, “ਨਹੀਂæææਅਸੀਂ ਤਾਂ ਤੁਹਾਡੇ ਦਰਸ਼ਨ ਕਰਨ ਆਏ ਹਾਂ ਅਤੇ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੇ ਹਾਂ।” ਉਨ੍ਹਾਂ ਕਿਹਾ ਕਿ ਜਿਹੜਾ ਤੁਹਾਡਾ ਲੀਡਰ ਹੈ, ਉਹ ਮੇਰੇ ਨੇੜੇ ਹੋ ਕੇ ਬੈਠ ਜਾਏ, ਕਿਉਂਕਿ ਕੁਝ ਉਚਾ ਸੁਣੀਂਦਾ ਹੈ। ਮੈਂ ਉਨ੍ਹਾਂ ਪਾਸ ਬੈਠ ਗਿਆ। ਮੈਂ ਪਹਿਲਾ ਸਵਾਲ ਕੀਤਾ, “ਤੁਸੀਂ ਹੰਸ ਰਾਜ ਤੋਂ ਨਾਨਕ ਸਿੰਘ ਬਣੇ, ਕੀ ਹੁਣ ਵੀ ਤੁਹਾਡਾ ਸਿੱਖ ਧਰਮ ਵਿਚ ਉਨਾ ਹੀ ਵਿਸ਼ਵਾਸ ਹੈ, ਜਿੰਨਾ ਸਿੰਘ ਸਜਣ ਵੇਲੇ ਸੀ?”
ਉਨ੍ਹਾਂ ਦਾ ਉਤਰ ਸੀ, “ਹਾਂ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜ ਬਾਣੀਆਂ ਦਾ ਪਾਠ ਕਰਦਾ ਆ ਰਿਹਾ ਹਾਂ। ਗਿਆਨੀ ਬਾਗ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਮੈਂ ਸਿੱਖ ਬਣਿਆ ਸਾਂ। ਉਨ੍ਹਾਂ ਦਿਨਾਂ ਵਿਚ ਆਰੀਆ ਸਮਾਜ ਅਤੇ ਸਿੰਘ ਸਭਾ ਲਹਿਰਾਂ ਆਪਣੀਆਂ ਆਪਣੀਆਂ ਸਟੇਜਾਂ ਤੋਂ ਇਕ ਦੂਜੇ ਦੇ ਧਾਰਮਿਕ ਨੇਤਾਵਾਂ ਖ਼ਿਲਾਫ਼ ਭੰਡੀ ਪ੍ਰਚਾਰ ਕਰਦੀਆਂ ਸਨ। ਮੇਰੇ ਵਿਚ ਵੀ ਕੱਟੜਤਾ ਆ ਗਈ। ਸਰਦੀ ਦੀ ਇਕ ਰਾਤ ਕਿਸੇ ਹਿੰਦੂ ਸੱਜਣ ਨੇ ਸਾਡੇ ਕਮਰੇ ਦਾ ਬੂਹਾ ਖੜਕਾਇਆ ਅਤੇ ਰਸਤਾ ਪੁੱਛਿਆ। ਅਸੀਂ ਆ ਦੇਖਿਆ ਨਾ ਤਾ; ਉਸ ਨੂੰ ਖੂਬ ਕੁਟਾਪਾ ਚਾੜ੍ਹਿਆ ਅਤੇ ‘ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।’ ਕੁਟਾਪਾ ਚਾੜ੍ਹਨ ਤੋਂ ਬਾਅਦ ਅਸੀਂ ਉਸ ਨੂੰ ਬਾਹਰ ਸੜਕ ‘ਤੇ ਸੁੱਟ ਦਿੱਤਾ ਤੇ ਆਪ ਸੌਂ ਗਏ। ਸਵੇਰੇ ਸਵਖਤੇ ਕਿਸੇ ਨੇ ਸਾਡਾ ਬੂਹਾ ਖੜਕਾਇਆ। ਅਸੀਂ ਸਮਝਿਆ ਪੁਲਿਸ ਹੋਵੇਗੀ। ਜਦ ਬੂਹਾ ਖੋ੍ਿਹਲਆ ਤਾਂ ਗਿਆਨੀ ਬਾਗ ਸਿੰਘ ਹੁਰਾਂ ਦਾ ਸੇਵਕ ਸੀ। ਉਸ ਨੇ ਕਿਹਾ, ‘ਤੁਹਾਨੂੰ ਗਿਆਨੀ ਹੁਰੀਂ ਬੁਲਾਉਂਦੇ ਨੇ।’ ਜਦ ਅਸੀਂ ਉਨ੍ਹਾਂ ਦੇ ਡੇਰੇ ਪਹੁੰਚੇ ਤਾਂ ਉਹੋ ਰਾਤ ਵਾਲਾ ਹਿੰਦੂ ਮੁਸਾਫਿਰ ਲੇਟਿਆ ਹੋਇਆ ਸੀ ਤੇ ਗਿਆਨੀ ਜੀ ਉਸ ਦੀ ਮਰਹਮ ਪੱਟੀ ਕਰ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਰਹੇ ਸਨ। ਮੈਨੂੰ ਯਾਦ ਆਇਆ ਕਿ ਜਦੋਂ ਗਿਆਨੀ ਜੀ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਸੀ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਅੱਥਰੂ ਤੱਕ ਨਹੀਂ ਸੀ ਡਿੱਗਾ। ਅੱਜ ਉਨ੍ਹਾਂ ਦੀਆਂ ਅੱਖਾਂ ਵਿਚੋਂ ਗੰਗਾ ਜਮਨਾ ਵਹਿ ਰਹੀ ਸੀ। ਉਸ ਦਿਨ ਤੋਂ ਮੈਨੂੰ ਅਸਲੀ ਸਿੱਖ ਧਰਮ ਦੀ ਪਛਾਣ ਹੋਈ। ਇਸ ਤੋਂ ਬਾਅਦ ਤੁਸੀਂ ਮੇਰੇ ਵਿਚਾਰ ਮੇਰੀਆਂ ਲਿਖਤਾਂ ਵਿਚ ਪੜ੍ਹ ਸਕਦੇ ਹੋ। ਮਿਰਚਾਂ ਵਾਲੇ ਕੂੰਡੇ ‘ਚੋਂ ਗੁੜ ਦੀ ਵਾਸ਼ਨਾ ਨਹੀਂ ਆ ਸਕਦੀ। ਗੁਰੂ ਨਾਨਕ ਦੀ ਸਿੱਖਿਆ ਉਹਦੇ ਸਿੱਖ ਵੀ ਨਹੀਂ ਸਮਝ ਸਕੇ। ਗੁਰੂ ਨਾਨਕ ਦਾ ਧਰਮ ਸਰਬੱਤ ਦੇ ਭਲੇ ਦਾ ਧਰਮ ਹੈ।”
1965 ਦੀ ਜੰਗ ਹੋ ਕੇ ਹਟੀ ਸੀ। ਲੋਕਾਂ ਵਿਚ ਅਫਵਾਹ ਸੀ ਕਿ ਲੜਾਈ ਫਿਰ ਲਗੇਗੀ। ਮੈਂ ਉਨ੍ਹਾਂ ਤੋਂ ਪੁੱਛਿਆ, “ਭਾਰਤ-ਪਾਕਿ ਜੰਗ ਫਿਰ ਛਿੜੇਗੀ?” ਉਤਰ ਸੀ, “ਨਹੀਂ। ਕਿਉਂਕਿ ਸਾਰੀ ਦੁਨੀਆਂ ਦਾ ਅਮਨ, ਦੁਨੀਆਂ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਇਸ ਤਰ੍ਹਾਂ ਜੁੜਿਆ ਹੋਇਆ ਹੈ ਜਿਸ ਤਰ੍ਹਾਂ ਮੰਜੇ ਦੀਆਂ ਰੱਸੀਆਂ। ਲੜਾਈਆਂ ਦਾ ਯੁਗ ਖ਼ਤਮ ਸਮਝੋ। ਅਮਨ ਵਿਚ ਹੀ ਮਨੁੱਖਤਾ ਦਾ ਭਲਾ ਹੈ।” ਇਸ ਤੋਂ ਬਾਅਦ ਮੈਂ ਫਿਰ ਜਦੋਂ ਉਨ੍ਹਾਂ ਨੂੰ ਮਿਲਣ ਗਿਆ ਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, “ਹੁਣ ਤਾਂ ਠੀਕ ਹੈ, ਪਰ ਪਿਛਲੇ ਸਾਲ ਮੇਰੇ ਨੱਕ ਰਾਹੀਂ ਬਹੁਤ ਸਾਰਾ ਖੂਨ ਵਹਿ ਗਿਆ। ਮੇਰੇ ਲੜਕੇ ਮੈਨੂੰ ਕਾਰ ਵਿਚ ਪਾ ਕੇ ਅੰਮ੍ਰਿਤਸਰ ਲੈ ਗਏ। ਇਲਾਜ ਨਾਲ ਮੈਂ ਠੀਕ ਹੋ ਗਿਆ। ਮੈਂ ਹੈਰਾਨ ਸਾਂ ਕਿ ਮੈਂ ਬਚ ਕਿਵੇਂ ਗਿਆ? ਫਿਰ ਮੈਂ ਸੋਚਿਆ, ਹੋ ਸਕਦਾ ਹੈ, ਕਿਸੇ ਹੋਰ ਨਾਨਕ ਸਿੰਘ ਦੇ ਭੁਲੇਖੇ ਯਮਾਂ ਨੇ ਮੈਨੂੰ ਹੱਥ ਪਾ ਲਿਆ ਹੋਵੇ, ਪਰ ਜਦੋਂ ਪਤਾ ਲੱਗਾ ਕਿ ਇਹ ਉਹ ਨਾਨਕ ਸਿੰਘ ਨਹੀਂ, ਜਿਸ ਨੂੰ ਅਸੀਂ ਲੈਣ ਆਏ ਸੀ, ਉਹ ਮੈਨੂੰ ਛੱਡ ਗਏ।” ਇਹ ਕਹਿ ਕੇ ਉਹ ਹੱਸ ਪਏ, ਤੇ ਮੇਰਾ ਵੀ ਹਾਸਾ ਨਿਕਲ ਗਿਆ। ਫਿਰ ਮੈਂ ਪੁੱਛਿਆ, “ਅੱਜਕੱਲ੍ਹ ਕੀ ਲਿਖ ਰਹੇ ਹੋ?”
“ਮੇਰੇ ਦਿਮਾਗ ਵਿਚ ਲਿਖਣ ਵਾਸਤੇ ਤਾਂ ਬਹੁਤ ਕੁਝ ਹੈ, ਪਰ ਜਦ ਲਿਖਣ ਲਗਦਾ ਹਾਂ, ਤਾਂ ਖਿਆਲ ਖਿੰਡ-ਪੁੰਡ ਜਾਂਦੇ ਹਨ। ਹੁਣ ਤਾਂ ਇਹ ਗੱਲ ਹੈ ਕਿ ਢਿਲਕ ਗਈ ਮੇਰੇ ਚਰਖੇ ਦੀ ਹੱਥੀ, ਮੈਥੋਂ ਕਤਿਆ ਮੂਲ ਨਾ ਜਾਵੇ।” ਕਹਾਣੀਕਾਰ ਮੁਖਤਾਰ ਗਿੱਲ ਪ੍ਰੀਤ ਨਗਰ ਵਿਚ ਰਹਿੰਦੇ ਹਨ। ਮੈਂ ਉਨ੍ਹਾਂ ਪਾਸ ਜਾਂਦਾ ਰਹਿੰਦਾ ਹਾਂ। ਉਨ੍ਹਾਂ ਦਾ ਵੀ ਨਾਨਕ ਸਿੰਘ ਨਾਲ ਬੜਾ ਪਿਆਰ ਸੀ। ਉਹ ਦੱਸਦੇ ਸਨ ਕਿ “ਮੈਂ ਦਾੜ੍ਹੀ ਕੱਟਦਾ ਸੀ। ਜਦ ਨਾਨਕ ਸਿੰਘ ਮੇਰੇ ਮਕਾਨ ਅੱਗਿਉਂ ਲੰਘਦੇ ਤਾਂ ਕਹਿੰਦੇ, ‘ਮੁਖਤਾਰ! ਦਾੜ੍ਹੀ ਤੋਂ ਦਫਾ ਚੁਤਾਲੀ ਕਦੋਂ ਚੁਕਣੀ ਆਂ।’ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਜੇ ਕੋਈ ਦੋਸਤ ਰੋਟੀ ਖਾ ਰਿਹਾ ਹੋਵੇ ਤਾਂ ਆਉਣ ਵਾਲੇ ਦੋਸਤ ਨੂੰ ਇਹ ਕਹਿਣਾ ਪਵੇ ਕਿ ਰੋਟੀ ਖਾ ਲਉ ਤਾਂ ਉਹ ਦੋਸਤ ਨਹੀਂ ਹੁੰਦਾ। ਦੋਸਤ ਤਾਂ ਉਹ ਹੁੰਦਾ ਹੈ ਜੋ ਬਿਨਾਂ ਪੁੱਛਿਆਂ ਹੀ ਰੋਟੀ ਖਾਣ ਲੱਗ ਪਏ। ਉਹ ਹਰ ਰੋਜ਼ ਸੈਰ ਜਾਣ ਵੇਲੇ ਆਪਣੇ ਕੋਲ ਮਿੱਠੀਆਂ ਗੋਲੀਆਂ ਤੇ ਟੌਫੀਆਂ ਰੱਖਦੇ ਸਨ। ਪ੍ਰੀਤ ਨਗਰ ਦਾ ਜਿਹੜਾ ਬੱਚਾ ਰਸਤੇ ਵਿਚ ਮਿਲਦਾ, ਉਹ ਉਹਨੂੰ ਟੌਫੀ ਜਾਂ ਮਿੱਠੀ ਗੋਲੀ ਦਿੰਦੇ ਸਨ। ਬੱਚੇ ਬੜੇ ਖੁਸ਼ ਹੁੰਦੇ ਅਤੇ ਉਨ੍ਹਾਂ ਦੀ ਸੈਰ ਦਾ ਸਮਾਂ ਉਡੀਕਦੇ ਰਹਿੰਦੇ।
ਪ੍ਰੀਤ ਨਗਰ ਵਿਚ ਗੋਬਿੰਦੀ ਨਾਮ ਦਾ ਆਦਮੀ ਰਹਿੰਦਾ ਸੀ। ਉਸ ਨੂੰ ਕੁਝ ਪੈਸਿਆਂ ਦੀ ਲੋੜ ਸੀ। ਉਹ ਨਾਨਕ ਸਿੰਘ ਪਾਸ ਗਿਆ। ਉਚੀ ਸੁਣਦਾ ਹੋਣ ਕਰ ਕੇ ਉਨ੍ਹਾਂ ਦੇ ਕੰਨ ਕੋਲ ਮੂੰਹ ਕਰ ਕੇ ਇਕ ਸੌ ਰੁਪਏ ਦੀ ਮੰਗ ਕੀਤੀ। ਨਾਨਕ ਸਿੰਘ ਨੇ ਕਿਹਾ, ‘ਮੇਰੇ ਦੂਜੇ ਕੰਨ ਵਿਚ ਦੱਸ।’ ਗੋਬਿੰਦੀ ਨੇ ਸਮਝਿਆ, ਕੰਮ ਬਣ ਗਿਆ ਹੈ। ਉਹਨੇ ਦੂਜੇ ਕੰਨ ਵਿਚ ਸੌ ਦੀ ਮੰਗ ਕਰ ਦਿੱਤੀ ਤਾਂ ਨਾਨਕ ਸਿੰਘ ਕਿਹਾ, “ਮੈਨੂੰ ਪਤਾ ਨਹੀਂ ਲੱਗਦਾ। ਮੇਰੇ ਇਕ ਕੰਨ ਵਿਚ ਸੌ ਸੌ ਸੁਣੀਂਦਾ ਹੈ ਤੇ ਦੂਜੇ ਵਿਚ ਦੋ ਦੋ ਸੌ।”
ਉਹ ਰੋਜ਼ ਸ਼ਾਮ ਨੂੰ ਸੈਰ ਕਰਨ ਜਾਂਦੇ ਅਤੇ ਵੈਰੋਕੇ ਪਿੰਡ ਵੱਲ ਨੂੰ ਨਿਕਲ ਜਾਂਦੇ। ਰਾਹ ਵਿਚ ਖੂਹ ਆਉਂਦਾ ਸੀ। ਉਸ ਖੂਹ ਦੀਆਂ ਟਿੰਡਾਂ ਚੋਂਦੀਆਂ ਸਨ। ਟਿੰਡਾਂ ਚੋਂਦੀਆਂ ਹੋਣ ਕਰ ਕੇ ਪੈਲੀਆਂ ਨੂੰ ਪਾਣੀ ਪੂਰਾ ਨਹੀਂ ਸੀ ਜਾਂਦਾ ਕਿਉਂਕਿ ਬਹੁਤਾ ਪਾਣੀ ਤਾਂ ਚੋ ਕੇ ਫਿਰ ਖੂਹ ਵਿਚ ਚਲਾ ਜਾਂਦਾ ਸੀ। ਨਾਨਕ ਸਿੰਘ ਨੇ ਕਿਸਾਨ ਨੂੰ ਕਿਹਾ, ‘ਤੇਰੀਆਂ ਸਾਰੀਆਂ ਟਿੰਡਾਂ ਚੋਂਦੀਆਂ ਹਨ।’ ਗਰੀਬ ਕਿਸਾਨ ਨੇ ਜਵਾਬ ਦਿੱਤਾ ਕਿ ‘ਮੇਰੇ ਪਾਸ ਨਵੀਂਆਂ ਟਿੰਡਾ ਖਰੀਦਣ ਵਾਸਤੇ ਪੈਸੇ ਨਹੀਂ। ਮੈਂ ਤਾਂ ਕਰਜ਼ਾਈ ਹਾਂ।’ ਨਾਨਕ ਸਿੰਘ ਨੇ ਨਵੀਂਆਂ ਟਿੰਡਾਂ ਵਾਸਤੇ ਉਸ ਗਰੀਬ ਕਿਸਾਨ ਨੂੰ ਪੈਸੇ ਦੇ ਦਿੱਤੇ।
28 ਦਸੰਬਰ 1971 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨਮਿਤ ਅਖੰਡਪਾਠ ਦਾ ਭੋਗ ਗਰੀਨ ਐਵਨਿਊ ‘ਚ ਅੰਮ੍ਰਿਤਸਰ ਪਿਆ। ਮੈਂ ਵੀ ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਇਆ। ਸ਼ ਗੁਰਬਖ਼ਸ਼ ਸਿੰਘ ਸਮੇਤ ਬਹੁਤ ਸਾਰੇ ਲੇਖਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਆਏ। ਕਹਾਣੀਕਾਰ ਸ਼ ਸੁਜਾਨ ਸਿੰਘ ਨੇ ਸ਼ ਨਾਨਕ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, “ਲੇਖਕ ਤਾਂ ਸਾਰੇ ਬਣ ਜਾਂਦੇ ਨੇ ਪਰ ਆਦਮੀ ਕੋਈ ਕੋਈ ਬਣਦਾ ਹੈ। ਸ਼ ਨਾਨਕ ਸਿੰਘ ਆਦਮੀ ਪਹਿਲਾਂ ਸਨ, ਲੇਖਕ ਬਾਅਦ ਵਿਚ।” ਮੈਨੂੰ ਉਨ੍ਹਾਂ ਦੀ ਕਹੀ ਹੋਈ ਗੱਲ ਅਜੇ ਤੱਕ ਨਹੀਂ ਭੁੱਲੀ। ਠੀਕ ਹੀ ਨਾਨਕ ਸਿੰਘ ਵਧੀਆ ਇਨਸਾਨ ਸਨ। ਉਨ੍ਹਾਂ ਦੀ ਕਹਿਣੀ ਤੇ ਕਰਨੀ ਇਕ ਸੀ। ਮੈਂ ਦਸੰਬਰ ਵਿਚ ਹਰ ਸਾਲ ਉਨ੍ਹਾਂ ਦੀ ਬਰਸੀ ‘ਤੇ ਜਾਂਦਾ ਰਿਹਾ ਹਾਂ। ਉਨ੍ਹਾਂ ਦਾ ਸਾਰਾ ਪਰਿਵਾਰ ਵੀ ਹਰ ਸਾਲ ਉਨ੍ਹਾਂ ਦੀ ਬਰਸੀ 28 ਦਸੰਬਰ ਨੂੰ ਮਨਾਉਂਦਾ ਹੈ। ਉਸ ਵਧੀਆ ਮਨੁੱਖ ਅਤੇ ਪੰਜਾਬੀ ਦੇ ਮਹਾਨ ਲੇਖਕ ਦੀ ਯਾਦ ਵਿਚ ਮੇਰਾ ਸਿਰ ਹਰ ਵੇਲੇ ਝੁਕਿਆ ਰਹਿੰਦਾ ਹੈ।

Be the first to comment

Leave a Reply

Your email address will not be published.