ਪੰਜਾਬ ਪੁਲਿਸ, ਅਕਾਲੀ ਆਗੂ ਤੇ ਖਾੜਕੂ

ਰਿਬੇਰੋ ਦੀ ਆਪਬੀਤੀ (5)
ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ ਉਪਰ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਕਿਉਂਕਿ ਸਟੇਟ ਅਫਸਰਾਂ ਵਲੋਂ ਲਿਖੀਆਂ ਗਈਆਂ, ਇਸ ਕਰ ਕੇ ਇਹ ਸਟੇਟ ਦਾ ਏਜੰਡਾ ਹਨ ਪਰ ਰਿਬੇਰੋ ਇਨ੍ਹਾਂ ਤਿੰਨਾਂ ਵਿਚੋਂ ਭਿੰਨ ਹੈ ਕਿਉਂਕਿ ਕਦੀ ਕਦਾਈਂ ਉਹ ਸਟੇਟ ਨਾਲ ਸਹਿਮਤ ਨਹੀਂ ਹੁੰਦਾ। ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਰਿਬੇਰੋ ਦੀ ਧਿਰ ਨਾਲ ਭਾਵੇਂ ਕਿਸੇ ਵੀ ਸੂਰਤ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਟੇਟ ਕੀ ਸੋਚਦੀ ਰਹੀ, ਕੀ ਕਰਦੀ ਰਹੀ, ਕਿਉਂ ਕਰਦੀ ਰਹੀ? ਰਿਬੇਰੋ ਵੱਲੋਂ ਲਿਖੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਕੁੱਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਉਘੇ ਲੇਖਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ ਜੋ ਅਸੀਂ ਕਿਸ਼ਤਵਾਰ ਛਾਪ ਰਹੇ ਹਾਂ। ਇਸ ਕਿਸ਼ਤ ਵਿਚ ਖਾੜਕੂਆਂ ਅੱਗੇ ਹੰਭੀ-ਹਫੀ ਪੰਜਾਬ ਪੁਲਿਸ ਵਿਚ ਨਵੀਂ ਰੂਹ ਫੂਕਣ ਬਾਰੇ ਰਿਬੇਰੋ ਦੇ ਵਿਚਾਰ ਹਨ ਅਤੇ 1986 ਵਿਚ ਖਾਲਿਸਤਾਨ ਦੇ ਐਲਾਨ ਤੋਂ ਬਾਅਦ ਦੇ ਹਾਲਾਤ ਦਾ ਜ਼ਿਕਰ ਹੈ। -ਸੰਪਾਦਕ

ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਪੰਨਾ 277: ਮੇਰੀ ਨਿਯੁਕਤੀ ਨਾਲ ਪੰਜਾਬ ਪੁਲਿਸ ਅਤੇ ਜਨਤਾ ਦਾ ਹੌਸਲਾ ਥਿਰ ਹੋਇਆ, ਮਾਨਸਿਕ ਤਬਦੀਲੀ ਹੋਈ। ਗਵਾਂਢੀ ਰਾਜਾਂ ਤੋਂ ਫੋਰਸ ਮੰਗਵਾਉਣ ਦੀ ਸਲਾਹ ਮਿਲੀ, ਪਰ ਮੇਰਾ ਫੈਸਲਾ ਸੀ-ਮੈਂ ਗਵਾਂਢੀ ਰਾਜਾਂ ਤੋਂ ਫੋਰਸ ਨਹੀਂ ਮੰਗਵਾਵਾਂਗਾ, ਮੈਂ ਪੰਜਾਬ ਪੁਲਿਸ ਨੂੰ ਦੱਸਣਾ ਸੀ, ਮੇਰਾ ਉਸ ਵਿਚ ਭਰੋਸਾ ਹੈ। ਚੰਡੀਗੜ੍ਹ ਰਵਾਨਾ ਹੋਣ ਤੋਂ ਪਹਿਲਾਂ ਰਾਜੀਵ ਗਾਂਧੀ ਨੇ ਮੈਨੂੰ ਕਿਹਾ ਸੀ ਕਿ ਆਪਣੀ ਨਿੱਜੀ ਸੁਰੱਖਿਆ ਵਾਸਤੇ ਨੈਸ਼ਨਲ ਸਕਿਉਰਿਟੀ ਗਾਰਡ ਦੇ ਬਲੈਕ ਕੈਟ ਲੈ ਜਾਵਾਂ। ਮੈਂ ਨਿਮਰਤਾ ਸਹਿਤ ਇਨਕਾਰ ਕਰਦਿਆਂ ਕਿਹਾ ਸੀ ਕਿ ਜੇ ਮੈਂ ਆਪਣੀ ਪੰਜਾਬ ਪੁਲਿਸ ‘ਤੇ ਇਤਬਾਰ ਨਾ ਕੀਤਾ, ਫਿਰ ਪੰਜਾਬ ਪੁਲਿਸ ਮੇਰਾ ਇਤਬਾਰ ਕਿਉਂ ਕਰੇਗੀ? ਜਿੰਨਾ ਚਿਰ ਮੈਂ ਪੰਜਾਬ ਵਿਚ ਰਿਹਾ, ਸਾਢੇ ਤਿੰਨ ਸਾਲ ਦਫਤਰ ਅਤੇ ਘਰ ਵਿਚ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਮੇਰੀ ਹਿਫਾਜ਼ਤ ਕੀਤੀ, ਜੱਟ ਸਿੱਖ ਸਨ। ਸਾਰੇ ਪੂਰਨ ਵਫਾਦਾਰ, ਚੁਸਤ ਸਨ ਅਤੇ ਅੱਜ ਤੱਕ ਮੇਰੇ ਦੋਸਤ ਹਨ।
ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਮੈਂ ਦੱਸਦਾ ਰਿਹਾ ਕਿ ਮੇਰਾ ਮਤਲਬ ਕੇਵਲ ਇੰਨਾ ਹੈ ਕਿ ਮੇਰੇ ਮੁਲਾਜ਼ਮ ਆਪਣੇ ਬਚਾਉ ਵਾਸਤੇ ਮੁਕਾਬਲਾ ਕਰਨ, ਵਿਅਰਥ ਜਾਨਾਂ ਨਾ ਗੁਆਈ ਜਾਣ। ਉਨ੍ਹਾਂ ਦਿਨਾਂ ਵਿਚ ਹਿੰਦੂ-ਸਿੱਖ ਸਮਾਜਾਂ ਵਿਚ ਪਾੜਾ ਪੈ ਚੁੱਕਾ ਸੀ। ਸਿੱਖਾਂ ਨੂੰ ਮੇਰੀ ਗੱਲ ਬੁਰੀ ਲੱਗੀ, ਹਿੰਦੂ ਖੁਸ਼ ਹੋਏ। ਮੈਂ ਵਿਚਕਾਰ ਫਸ ਗਿਆ। ਮੈਂ ਸਿੱਖਾਂ ਦਾ ਦੁਸ਼ਮਣ ਨਹੀਂ ਸਾਂ, ਉਹ ਮੈਨੂੰ ਉਨੇ ਹੀ ਪਿਆਰੇ ਸਨ ਜਿੰਨੇ ਬਾਕੀ ਲੋਕ, ਉਨ੍ਹਾਂ ਬਾਰੇ ਮੇਰੀ ਦੁਰਭਾਵਨਾ ਕਿਉਂ ਹੁੰਦੀ?
ਪੰਜਾਬੀ ਹਿੰਦੂ ਸਮਝਦੇ ਸਨ ਕਿ ਪੰਜਾਬ ਪੁਲਿਸ ਵਿਚ ਸਿੱਖਾਂ ਦੀ ਬਹੁਗਿਣਤੀ ਹੋਣ ਕਾਰਨ ਖਾੜਕੂਆਂ ਵਾਸਤੇ ਇਸ ਫੋਰਸ ਵਿਚ ਹਮਦਰਦੀ ਹੈ ਪਰ ਇਸ ਖਿਆਲ ਪਿਛੇ ਸਬੂਤ ਕੋਈ ਨਹੀਂ ਸੀ। ਹਰ ਜਥੇਬੰਦੀ ਵਿਚ, ਦੇਸ਼ ਹੋਵੇ ਜਾਂ ਪਰਦੇਸ, ਕੁਝ ਮਾੜੇ ਅਨਸਰ ਹੁੰਦੇ ਹਨ। ਹਾਂ, ਇਹ ਸੱਚ ਹੈ ਕਿ ਅਪਰਾਧੀਆਂ ਨਾਲ ਨਜਿੱਠਣ ਵਾਸਤੇ ਪ੍ਰਸਿੱਧ ਪੰਜਾਬ ਪੁਲਿਸ ਦਾ ਹੌਸਲਾ ਢੱਠਾ ਹੋਇਆ ਸੀ, ਕਿਉਂਕਿ ਖਾੜਕੂਵਾਦ ਉਨ੍ਹਾਂ ਵਾਸਤੇ ਨਵੀਂ ਤਰ੍ਹਾਂ ਦਾ ਗੋਰਖ ਧੰਦਾ ਸੀ। ਖਾੜਕੂਆਂ ਨੇ ਪੁਲਸੀਆਂ ਨੂੰ ਕਦੀ ਰਿਸ਼ਵਤ ਦੇਣ ਦਾ ਯਤਨ ਨਹੀਂ ਕੀਤਾ, ਪੁਲਿਸ ਹੋਵੇ ਜਾਂ ਕੋਈ ਹੋਰ ਵਿਰੋਧੀ, ਕੇਵਲ ਗੋਲੀਆਂ ਦੀ ਵਾਛੜ। ਸਿਆਸੀ ਅਤੇ ਪ੍ਰਸ਼ਾਸਕੀ ਢਾਂਚੇ ਨੂੰ ਅਜੀਬ ਡਰ ਕਾਰਨ ਲਕਵਾ ਮਾਰ ਗਿਆ ਸੀ। ਸਿਆਸਤਦਾਨ, ਸਿਵਲ ਤੇ ਪੁਲਿਸ ਅਫਸਰ ਜੱਜ, ਖਾੜਕੂਆਂ ਸਾਹਮਣੇ ਨਿੱਸਲ ਹੋ ਗਏ ਸਨ। ਭਾਰਤੀ ਸਟੇਟ ਦੀ ਵੈਧਤਾ ਨੂੰ ਰੱਦ ਕਰ ਕੇ ਖਾੜਕੂ ਬਿਨਾਂ ਕਿਸੇ ਉਤੇਜਨਾ ਦੇ ਕਿਤੇ ਵੀ ਫਾਇਰਿੰਗ ਖੋਲ੍ਹ ਸਕਦੇ ਸਨ।
ਚਾਰਜ ਲੈਣ ਤੋਂ ਬਾਅਦ ਮੇਰਾ ਪਹਿਲਾ ਕੰਮ ਪੁਲਿਸ ਦਾ ਹੌਸਲਾ ਬੁਲੰਦ ਕਰਨਾ ਸੀ। ਪੰਜਾਬ ਦਾ ਟੂਰ ਕਰ ਕੇ ਮੈਂ ਫੋਰਸ ਨਾਲ ਨਿੱਜੀ ਰਾਬਤਾ ਬਣਾਉਣਾ ਸੀ। ਫੈਸ਼ਨ ਵਜੋਂ ਮੈਂ ਅਫਸਰਾਂ ਦੀਆਂ ਬਦਲੀਆਂ ਕਰਨ ਵਿਰੁਧ ਹਾਂ। ਜਿਹੜੇ ਚੰਗਾ ਕੰਮ ਕਰਨਗੇ, ਉਨ੍ਹਾਂ ਨੂੰ ਥਾਪੀ ਦਿਆਂਗਾ; ਜਿਹੜੇ ਢਿੱਲੇ ਮੱਠੇ ਹਨ, ਉਨ੍ਹਾਂ ਨੂੰ ਚੁਸਤ ਕਰਾਂਗਾ।
ਪਹਿਲੀ ਅਪਰੈਲ 86 ਨੂੰ ਮੈਂ ਚੰਡੀਗੜ੍ਹ ਪੈਰਾਮਿਲਟਰੀ ਫੋਰਸ ਦੇ ਸਾਰੇ ਅਫਸਰਾਂ ਦੀ ਕਾਨਫਰੰਸ ਸੱਦੀ। ਮੈਂ ਉਨ੍ਹਾਂ ਨੂੰ ਪੁੱਛਣਾ ਸੀ, ਖਾੜਕੂਵਾਦ ਕੀ ਹੁੰਦਾ ਹੈ ਅਤੇ ਅਸੀਂ ਆਪਣੇ ਅਫਸਰਾਂ ਨੂੰ ਪ੍ਰੇਰਨਾ ਦੇ ਕੇ ਹਾਲਤ ਠੀਕ ਕਿਉਂ ਨਹੀਂ ਕਰ ਸਕਦੇ? ਹਾਲਤ ਅਫਸੋਸਜਨਕ ਸੀ, ਕਿਉਂਕਿ ਕੁਝ ਦਿਨ ਪਹਿਲਾਂ ਖਾੜਕੂਆਂ ਅਤੇ ਪਿਲਸ ਵਿਚਕਾਰ ਹਰੀਕੇ ਪੱਤਣ ਮੁਕਾਬਲਾ ਹੋਇਆ ਸੀ ਜਿਸ ਵਿਚ ਦੋ ਖਾੜਕੂ ਤੇ ਦੋ ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਪੰਜਾਬ ਦੇ ਖਰਾਬ ਹਾਲਾਤ ਵਿਰੁਧ ਦਿੱਲੀ ਵਿਚ ਵਿਆਪਕ ਹੜਤਾਲ ਹੋ ਗਈ ਸੀ। ਬਟਾਲੇ ਇਕ ਸਿੱਖ ਮੁੰਡੇ ਨੂੰ ਦੁਕਾਨਦਾਰਾਂ ਨੇ ਕੁੱਟ ਦਿੱਤਾ, ਫਿਰਕੂ ਤਣਾਉ ਘਟਾਉਣ ਲਈ ਕਰਫਿਊ ਲਾ ਦਿੱਤਾ। ਬਟਾਲੇ ਦੇ ਆਲੇ ਦੁਆਲੇ ਪਿੰਡਾਂ ਨੇ ਬਦਲਾ ਲੈਣ ਲਈ ਸ਼ਹਿਰ ਦਾ ਬਾਈਕਾਟ ਕਰ ਦਿੱਤਾ; ਯਾਨਿ ਦੁੱਧ, ਚਾਰਾ, ਸਬਜ਼ੀਆਂ, ਫਲ ਆਦਿ ਸ਼ਹਿਰ ਨਾ ਵੜਨ ਦਿੱਤੇ। ਪੇਂਡੂਆਂ ਨੇ ਸ਼ਹਿਰ ਦੁਆਲੇ ਘੇਰਾਬੰਦੀ ਕਰ ਲਈ ਸੀ। ਪੁਲਿਸ ਫੋਰਸ ਰਾਹੀਂ ਘੇਰਾਬੰਦੀ ਤੁੜਵਾਈ ਗਈ।
ਮਾਰਚ 1986 ਵਿਚ 104 ਕਤਲ ਹੋਏ ਜਿਨ੍ਹਾਂ ਵਿਚ ਵਧੀਕ ਹਿੰਦੂ ਸਨ। ਕੇਂਦਰ ਨੇ ਹੋਰ ਸੁਰੱਖਿਆ ਬਲ ਭੇਜ ਦਿੱਤੇ। ਗਵਰਨਰ ਸ਼ੰਕਰ ਦਿਆਲ ਸ਼ਰਮਾ ਨੂੰ ਬਦਲ ਕੇ ਸਿਧਾਰਥ ਸ਼ੰਕਰ ਰੇਅ ਨੂੰ ਲਾ ਦਿੱਤਾ ਜੋ ਬੰਗਾਲ ਦੇ ਮੁੱਖ ਮੰਤਰੀ ਰਹੇ ਸਨ। ਹਿੰਸਾ ਵਧਦੀ ਗਈ ਤਾਂ ਸ਼ਿਵ ਸੈਨਾ ਨੇ ਜਲੂਸ ਕੱਢਣੇ ਅਤੇ ਮੁੱਖ ਮੰਤਰੀ ਦੇ ਪੁਤਲੇ ਸਾੜਨੇ ਸ਼ੁਰੂ ਕਰ ਦਿੱਤੇ। ਸ਼ਿਵ ਸੈਨਾ ਨੇ ਗੜ੍ਹਸ਼ੰਕਰ ਠਾਣੇ ਉਪਰ ਦੇਸੀ ਬੰਬ ਸੁੱਟ ਕੇ ਡੀæਐਸ਼ਪੀæ ਜ਼ਖਮੀ ਕਰ ਦਿੱਤਾ। ਹਿੰਦੂਆਂ ਦੇ ਇਕ ਜਲੂਸ ਉਪਰ ਲਾਠੀ ਚਾਰਜ ਕਰਨਾ ਪਿਆ, ਉਹ ਸ਼ਿਵ ਸੈਨਾ ਵਰਕਰਾਂ ਦੀ ਰਿਹਾਈ ਮੰਗ ਰਹੇ ਸਨ।
ਬਰਨਾਲਾ ਸਰਕਾਰ ਦੀ ਡਿਗਦੀ ਜਾਂਦੀ ਸਾਖ ਬਚਾਉਣ ਵਾਸਤੇ ਕੇਂਦਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਦੋ ਕਮਿਸ਼ਨ ਬਿਠਾ ਦਿੱਤੇ। ਵਾਅਦੇ ਅਨੁਸਾਰ ਚੰਡੀਗੜ੍ਹ, ਪੰਜਾਬ ਨੂੰ 26 ਜਨਵਰੀ 1986 ਨੂੰ ਦੇਣਾ ਸੀ ਪਰ ਹਰਿਆਣਾ ਨੇ ਇਸ ਬਦਲੇ ਪੰਜਾਬ ਦੇ ਕੁੱਝ ਇਲਾਕਿਆਂ ‘ਤੇ ਹੱਕ ਜਤਾ ਕੇ ਵਿਉਂਤ ਸਿਰੇ ਨਾ ਚੜ੍ਹਨ ਦਿੱਤੀ।
ਪੰਨਾ 281: ਬੰਬੇ ਦੇ ਅਖਬਾਰ ‘ਡੇਲੀ’ ਨੇ 17 ਜੂਨ 1986 ਨੂੰ ਲੇਖ ਛਾਪਿਆ ਜਿਸ ਵਿਚ ਸਖਤ ਜਾਨ ਖਾੜਕੂਆਂ ਦੀ ਗਿਣਤੀ 300 ਤੋਂ 500 ਤੱਕ ਅਤੇ ਉਨ੍ਹਾਂ ਦੇ ਹਮਦਰਦਾਂ ਦੀ 3000 ਤੋਂ 4000 ਵਿਚਕਾਰ ਦੱਸੀ। ਇਸ ਗੱਲ ਕਰ ਕੇ ਸਰਕਾਰ ਦੀ ਆਲੋਚਨਾ ਹੋ ਰਹੀ ਸੀ ਕਿ ਬਹੁਤ ਸਾਰੇ ਖਾੜਕੂ ਫੜੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਗਿਣਤੀ ਵਧ ਰਹੀ ਹੈ। ਸੱਚ ਇਹ ਹੈ ਕਿ ਧਾਰਮਿਕ ਜਜ਼ਬੇ ਇੰਨੇ ਬਲਵਾਨ ਹੁੰਦੇ ਹਨ ਕਿ ਖਾੜਕੂਆਂ ਨੂੰ ਮਾਰਨ ਨਾਲ ਉਨ੍ਹਾਂ ਦੀ ਗਿਣਤੀ ਘਟਦੀ ਨਹੀਂ। ਮਾਰੇ ਗਿਆਂ ਦੀ ਥਾਂ ਹੋਰ ਆ ਜਾਂਦੇ ਹਨ, ਕੁਝ ਬੇਰੁਜ਼ਗਾਰ ਹਨ, ਕੁਝ ਅਪਰਾਧੀ ਹੁੰਦੇ ਹਨ, ਕੁਝ ਆਪਣੇ ਕਾਜ਼ ਪ੍ਰਤੀ ਵਚਨਬੱਧ ਹੁੰਦੇ ਹਨ। ਪ੍ਰੈਸ ਤੋਂ ਮੈਂ ਉਨ੍ਹਾਂ ਦੀ ਗਿਣਤੀ ਲੁਕਾਈ ਛੁਪਾਈ ਨਹੀਂ। ਉਨ੍ਹਾਂ ਨੇ ਤੰਬਾਕੂ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕਿਆਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਾਰਡਕੋਰ ਵਿਚ ਅਪਰਾਧੀ ਅਨਸਰ ਲੁੱਟਣ ਦੀ ਮਨਸ਼ਾ ਨਾਲ ਦਾਖਲ ਹੋ ਜਾਂਦਾ ਹੈ।
ਬਰਨਾਲਾ ਭਲਾਮਾਣਸ ਸੀ। ਉਹ ਰੱਬ ਤੋਂ ਡਰਨ ਵਾਲਾ ਸਿੱਖ ਸੀ, ਦੇਸ਼ ਦੀ ਅਖੰਡਤਾ ਬਣਾਈ ਰੱਖਣ ਦੇ ਹੱਕ ਵਿਚ ਸੀ। ਬਦਕਿਸਮਤੀਵਸ ਤੇ ਸਿਆਸੀ ਮਜਬੂਰੀ ਕਾਰਨ ਬੈਂਸ ਕਮੇਟੀ ਦੀ ਸਿਫਾਰਿਸ਼ ‘ਤੇ ਉਸ ਨੇ ਬਹੁਤ ਸਾਰੇ ਖਾੜਕੂ ਅਤੇ ਸਮਗਲਰ ਰਿਹਾ ਕਰ ਦਿੱਤੇ, ਹਰ ਕੇਸ ਵਿਚ ਬਰੀਕ ਛਾਣਬੀਣ ਨਹੀਂ ਕੀਤੀ।
ਪੰਨਾ 283: 25 ਜੁਲਾਈ ਨੂੰ ਸਵਖਤੇ ਚਾਰ ਖਾੜਕੂਆਂ ਨੇ ਫਰੀਦਕੋਟ ਤੋਂ ਮੁਕਤਸਰ ਜਾਂਦੀ ਬੱਸ ਦੇ ਡਰਾਈਵਰ ਨੂੰ ਰੋਕਣ ਲਈ ਕਿਹਾ। ਕੇਸਾਧਾਰੀ ਤੇ ਮੋਨੇ ਮੁਸਾਫਰ ਵੱਖ ਵੱਖ ਕਰ ਲਏ ਤੇ ਸਾਰੇ ਮੋਨੇ ਮਾਰ ਦਿੱਤੇ। ਪੰਦਰਾਂ ਥਾਂਏਂ ਮਾਰੇ ਗਏ ਤੇ ਸੱਤ ਗੰਭੀਰ ਜ਼ਖਮੀ ਹੋਏ। ਜਦੋਂ ਪੁਲਿਸ ਖਾੜਕੂਆਂ ਨੂੰ ਮਾਰਦੀ, ਤਦ ਬਦਲੇ ਵਿਚ ਉਹ ਸਿਵਿਲ ਹਿੰਦੂਆਂ ਉਪਰ ਹਮਲਾ ਕਰਦੇ।
ਜਲੰਧਰ ਨੇੜੇ ਮੰਡ ਇਲਾਕਾ ਦਲਦਲੀ ਜ਼ਮੀਨ ਹੈ। ਵਾਰਦਾਤ ਕਰ ਕੇ ਖਾੜਕੂ ਉਥੇ ਛੁਪ ਜਾਂਦੇ। ਇਸ ਥਾਂ ਵਾਸਤੇ ਅਸੀਂ ਆਰਮੀ ਤੋਂ ਹੈਲੀਕਾਪਟਰ ਮੰਗੇ। ਕੇæਪੀæਐਸ਼ ਗਿੱਲ ਨੂੰ ਸੀæਆਰæਪੀæਐਫ਼ ਦਾ ਆਈæਜੀæ ਲਾ ਦਿੱਤਾ। ਮੰਡ ਆਪ੍ਰੇਸ਼ਨ ਉਸ ਨੇ ਪਲੈਨ ਕੀਤਾ ਸੀ। ਪ੍ਰੈਸ ਵਿਚ ਸਾਡੀ ਆਲੋਚਨਾ ਹੋਈ, ਕਿਉਂਕਿ ਮੰਡ ਵਿਚੋ ਕੋਈ ਖਾੜਕੂ ਫੜਿਆ ਨਹੀਂ ਗਿਆ। ਮੈਂ ਅਖਬਾਰ-ਨਵੀਸਾਂ ਨੂੰ ਕਿਹਾ ਕਿ ਅਸੀਂ ਸਾਬਤ ਕਰਨਾ ਹੈ ਕਿ ਮੰਡ ਏਰੀਆ ਸਾਡੀ ਪਹੁੰਚ ਤੋਂ ਬਾਹਰ ਨਹੀਂ ਹੈ, ਜਦੋਂ ਚਾਹੀਏ ਛਾਣ ਦੇਈਏ।
ਪੰਨਾ 284: ਖਾੜਕੂਆਂ ਨੇ ਮੁੜ ਦਰਬਾਰ ਸਾਹਿਬ ਉਪਰ ਕਬਜ਼ਾ ਕਰ ਲਿਆ ਜਿਥੋਂ ਉਹ ਬਹੁਤ ਇਤਰਾਜ਼ਯੋਗ ਬਿਆਨ ਜਾਰੀ ਕਰਦੇ। ਮੇਰੇ ਪੰਜਾਬ ਆਉਣ ਤੋਂ ਪਹਿਲਾਂ ਵੀ ਸਰਕਾਰ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਫੋਰਸਾਂ ਤਾਇਨਾਤ ਕੀਤੀਆਂ ਹੋਈਆਂ ਸਨ ਜੋ ਖਾੜਕੂ ਗਤੀਵਿਧੀਆਂ ਦੀ ਨਜ਼ਰਸਾਨੀ ਕਰ ਰਹੀਆਂ ਸਨ। ਦਿੱਲੀ ਦੀ ਸਰਕਾਰ ਬਰਨਾਲਾ ਦੀ ਅਕਾਲੀ ਸਰਕਾਰ ਦੇ ਹੁਕਮ ਨਾਲ ਫੋਰਸ ਦਰਬਾਰ ਸਾਹਿਬ ਅੰਦਰ ਭੇਜ ਕੇ ਆਪਣਾ ਆਪ੍ਰੇਸ਼ਨ ਬਲੂਸਟਾਰ ਵਾਲਾ ਕਾਰਾ ਸਹੀ ਸਾਬਤ ਕਰਨਾ ਚਾਹੁੰਦੀ ਸੀ। ਬਰਨਾਲਾ ਸਾਹਿਬ ਉਪਰ ਦਬਾਉ ਪਾਇਆ ਗਿਆ ਕਿ ਖਾੜਕੂ ਬਾਹਰ ਕੱਢੋ।
ਪੰਨਾ 284: 28 ਅਪਰੈਲ ਨੂੰ ਖਾੜਕੂਆਂ ਨੇ ਦਰਬਾਰ ਸਾਹਿਬ ਵਿਚ ਖਾਲਿਸਤਾਨ ਦਾ ਝੰਡਾ ਝੁਲਾ ਦਿੱਤਾ। ਦਰਬਾਰ ਸਾਹਿਬ ਦੀ ਪਰਿਕਰਮਾ ਵਿਚੋਂ ਉਨ੍ਹਾਂ ਨੇ ਖਾਲਿਸਤਾਨ ਦੀ ਕਾਇਮੀ ਦਾ ਐਲਾਨ ਕਰ ਦਿੱਤਾ। ਇਹ ਸਾਰਾ ਕੁਝ ਬੇਮਤਲਬ ਸੀ, ਕਿਉਂਕਿ ਇਹੋ ਜਿਹੇ ਐਲਾਨ ਮਾਤਰ ਨਾਲ ਖਾਲਿਸਤਾਨ ਥੋੜ੍ਹਾ ਬਣਨਾ ਸੀ। ਕੇਂਦਰ ਸਰਕਾਰ ਨੇ ਇਸ ਐਲਾਨ ਦਾ ਫਾਇਦਾ ਉਠਾਇਆ।
29 ਅਪਰੈਲ: ਮੈਂ ਗੁਰਦਾਸਪੁਰ ਬੀæਐਸ਼ਐਫ਼ ਕੈਂਪ ਵਿਚ ਸੀ। ਅੱਧੀ ਰਾਤ ਹੈਡ ਕੁਆਰਟਰ ਤੋਂ ਮੈਨੂੰ ਸੁਨੇਹਾ ਮਿਲਿਆ ਕਿ ਅਰੁਣ ਸਿੰਘ, ਅਰਜਨ ਸਿੰਘ ਤੇ ਬਰਨਾਲਾ ਦਿੱਲੀ ਤੋਂ ਅ੍ਰੰਮਿਤਸਰ ਆ ਰਹੇ ਹਨ ਤੇ ਮੈਂ ਉਨ੍ਹਾਂ ਨੂੰ ਏਅਰਪੋਰਟ ‘ਤੇ ਰਿਸੀਵ ਕਰਾਂ। ਉਹ ਕਿਉਂਕਿ ਦਿੱਲੀ ਤੋਂ ਚੱਲ ਚੁੱਕੇ ਸਨ, ਸੋ ਮੈਨੂੰ ਸੜਕ ਰਸਤੇ ਅੰਮ੍ਰਿਤਸਰ ਜਲਦੀ ਪੁੱਜਣਾ ਪੈਣਾ ਸੀ। ਆਪਣੀ ਪਤਨੀ ਸਣੇ ਮੈਂ 30 ਅਪਰੈਲ ਸਵੇਰੇ 2 ਵਜੇ ਅੰਮ੍ਰਿਤਸਰ ਪੁੱਜ ਗਿਆ। ਅੰਮ੍ਰਿਤਸਰ ਦੇ ਐਸ਼ਐਸ਼ਪੀæ ਸਰਬਜੀਤ ਸਿੰਘ ਵਿਰਕ ਦੇ ਘਰ ਪਤਨੀ ਨੂੰ ਛੱਡ ਕੇ ਮਹਿਮਾਨਾਂ ਨੂੰ ਮਿਲਣ ਏਅਰਪੋਰਟ ਚਲਾ ਗਿਆ।
ਮੁੱਖ ਮੰਤਰੀ ਨੇ ਮੈਨੂੰ ਦੱਸਿਆ ਕਿ ਖਾੜਕੂਆਂ ਦਾ ਸਫਾਇਆ ਕਰਨਾ ਪਵੇਗਾ ਤੇ ਕੱਲ੍ਹ ਰਾਤ ਇਹ ਕੰਮ ਸਿਰੇ ਚਾੜ੍ਹਨਾ ਹੈ। ਅਰੁਣ ਸਿੰਘ ਨੇ ਦੱਸਿਆ ਕਿ ਦਿਨ ਵਿਚ ਨੈਸ਼ਨਲ ਸੁਰੱਖਿਆ ਗਾਰਡ ਆ ਜਾਣਗੇ। ਮੈਂ ਉਨ੍ਹਾਂ ਨੂੰ ਦੱਸਿਆ ਕਿ ਖਾਲਿਸਤਾਨ ਦਾ ਐਲਾਨ ਕਰ ਕੇ ਖਾੜਕੂ ਤਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਨਾਲ ਲਗਦੇ ਮਕਾਨਾਂ ਥਾਣੀਂ ਖਿਸਕ ਚੁੱਕੇ ਹਨ। ਜਿਹੜੇ ਉਥੇ ਰਹਿ ਗਏ, ਉਹ ਵੀ ਫੋਰਸਾਂ ਪੁੱਜਣ ਕਾਰਨ ਡਰ ਜਾਣਗੇ। ਉਨ੍ਹਾਂ ਕਿਹਾ-ਸਾਨੂੰ ਇਸ ਗੱਲ ਦਾ ਪਤਾ ਹੈ, ਫਿਰ ਵੀ ਵੱਖਵਾਦੀਆਂ ਤੱਕ ਸੰਦੇਸ਼ ਪੁੱਜਣਾ ਚਾਹੀਦਾ ਹੈ ਤੇ ਇਹ ਤਦ ਸੰਭਵ ਹੋਵੇਗਾ ਜੇ ਦਰਬਾਰ ਸਾਹਿਬ ਛਾਣ ਦਿੱਤਾ ਜਾਵੇ, ਬੇਸ਼ਕ ਖਾੜਕੂ ਜਾ ਚੁੱਕੇ ਹੋਣ।
ਪੰਨਾ 285: ਮੈਂ ਕਿਹਾ, ਮੈਂ ਇਹ ਕਾਰਜ ਸਿਰੇ ਚਾੜ੍ਹਾਂਗਾ। ਮੈਂ ਡੀæਸੀæ ਅਤੇ ਐਸ਼ਐਸ਼ਪੀæ ਨੂੰ ਸੱਦ ਕੇ ਹਦਾਇਤਾਂ ਸਮਝਾ ਦਿੱਤੀਆਂ। ਡੀæਸੀæ ਨੇ ਮੁੱਖ ਮੰਤਰੀ ਨਾਲ ਖੁਦ ਗੱਲ ਕਰ ਕੇ ਖਬਰ ਦੀ ਤਸਦੀਕ ਕਰਵਾਈ। ਐਸ਼ਐਸ਼ਪੀæ ਪ੍ਰਬੰਧਾਂ ਵਿਚ ਲੱਗਾ ਰਿਹਾ ਅਤੇ ਐਨæਐਸ਼ਜੀæ ਦੇ ਮੇਜਰ ਜਨਰਲ ਦੀ ਸਲਾਹ ਲੈਂਦਾ ਰਿਹਾ ਜੋ ਇਸ ਸਾਰੇ ਆਪ੍ਰੇਸ਼ਨ ਦਾ ਮੁਖੀ ਸੀ। ਕੰਮ ਨੂੰ ਅੰਤਿਮ ਛੁਹਾਂ ਦੇਣ ਲਈ ਮੈਂ ਉਨ੍ਹਾਂ ਨੂੰ ਜਾ ਮਿਲਿਆ। ਅੱਧੀ ਰਾਤ ਆਪ੍ਰੇਸ਼ਨ ਸ਼ੁਰੂ ਹੋਇਆ। ਗੁਰਦੇਵ ਸਿੰਘ ਨਾਮ ਦੇ ਇਕ ਬੰਦੇ ਨੂੰ ਮਾਰਨ ਤੋਂ ਇਲਾਵਾ ਬਾਕੀ ਸਭ ਯੋਜਨਾ ਅਨੁਸਾਰ ਹੋਇਆ। ਫੋਰਸ ਦਾਖਲ ਹੋਣ ਤੋਂ ਪਹਿਲਾਂ ਬਿਜਲੀ ਕੱਟ ਦਿੱਤੀ ਸੀ, ਕੇਵਲ ਸਟੱਨਗੰਨਾਂ ਤੇ ਹੋਰ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ। ਸਟੱਨਗੰਨ ਮਾਰੂ ਹਥਿਆਰ ਨਹੀਂ। ਇਸ ਵਿਚਲਾ ਰਸਾਇਣ ਆਦਮੀ ਨੂੰ ਸੁੰਨ ਕਰ ਦਿੰਦਾ ਹੈ। ਜਿਸ ਬੰਦੇ ਨੂੰ ਗੋਲੀ ਮਾਰੀ ਗਈ, ਉਸ ਨੂੰ ਇਕੋ ਥਾਂ ਰੁਕੇ ਰਹਿਣ ਲਈ ਤੇ ਹੱਥ ਸਿਰ ਉਪਰ ਰੱਖਣ ਲਈ ਕਿਹਾ ਸੀ, ਪਰ ਉਸ ਨੇ ਹੁਕਮ ਨਹੀਂ ਮੰਨਿਆ ਤੇ ਤੁਰ ਪਿਆ। ਹਨੇਰੇ ਵਿਚ ਉਸ ਦਾ ਤੁਰਨਾ ਸ਼ੱਕੀ ਲੱਗਾ।
ਪੁਲਿਸ ਐਕਸ਼ਨ ਦੀ ਇਸ ਕਰ ਕੇ ਨਿੰਦਿਆ ਹੋਈ ਕਿ ਪੰਜ ਮੈਂਬਰੀ ਪੰਥਕ ਕਮੇਟੀ ਦਾ ਇਕ ਮੈਂਬਰ ਵੀ ਫੜਿਆ ਨਹੀਂ ਗਿਆ। ਅਸੀਂ ਪੱਤਰਕਾਰਾਂ ਨੂੰ ਦੱਸਿਆ, ਸਾਨੂੰ ਪਤਾ ਸੀ ਇਹ ਭੱਜ ਗਏ ਹਨ, ਸਾਡਾ ਮਨੋਰਥ ਗੋਲਡਨ ਟੈਂਪਲ ਅਸਲੀ ਮਾਲਕਾਂ ਨੂੰ ਸੌਂਪਣਾ ਸੀ, ਉਹ ਸ਼੍ਰੋਮਣੀ ਕਮੇਟੀ ਹੈ, ਖਾੜਕੂਆਂ ਨੇ ਕਮੇਟੀ ਨੂੰ ਨਿੱਸਲ ਕਰ ਰੱਖਿਆ ਸੀ। ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪੂਰਨ ਸਿੰਘ ਨੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਆਤਮ ਸਮਰਪਣ ਲਈ ਮਨਾਇਆ ਜੋ ਖਾੜਕੂਆਂ ਦਾ ਪ੍ਰਤੀਨਿਧ ਸੀ। ਕੁਝ ਹਥਿਆਰ ਮਿਲੇ, ਮਿਲਣੇ ਹੀ ਸਨ। ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਖਾੜਕੂਆਂ ਨੇ ਅਕਾਲ ਤਖਤ ਦਾ ਜਥੇਦਾਰ ਲੁਆਇਆ ਸੀ ਤੇ ਉਸ ਦੀ ਬਦੌਲਤ ਹਥਿਆਰਬੰਦ ਹੋ ਕੇ ਉਹ ਅੰਦਰ ਟਿਕ ਗਏ। ਕੁਝ ਸਮੇਂ ਲਈ ਤਾਂ ਉਨ੍ਹਾਂ ਬਾਹਰ ਆਉਣ ਤੋਂ ਇਨਕਾਰ ਕੀਤਾ ਪਰ ਡੀæਸੀæ ਅਤੇ ਐਸ਼ਐਸ਼ਪੀæ ਦੇ ਦਖਲ ਨਾਲ ਆਖਰ ਸਮਰਪਣ ਕਰਨਾ ਮੰਨ ਗਏ। ਸਵੇਰ ਦੇ 7 ਵਜੇ ਸਨ, ਉਨ੍ਹਾਂ ਦੇ ਨਿਤਨੇਮ ਦਾ ਸਮਾਂ। ਇਸ ਨਾਲ ਦਾ ਐਕਸ਼ਨ ਇਤਿਹਾਸਕ ਗੁਰਦੁਆਰਾ ਬਾਬਾ ਦੀਪ ਸਿੰਘ ਅਤੇ ਗੁਰਦੁਆਰਾ ਤਰਨਤਾਰਨ ਸਾਹਿਬ ਹੋਇਆ। ਫੋਰਸ ਦੀਆਂ ਪੱਚੀ ਕੰਪਨੀਆਂ ਨਾਲ 300 ਐਨæਐਸ਼ਜੀæ ਕਮਾਂਡੋ ਸਨ। ਅਰਧ ਸੈਨਿਕ ਬਲਾਂ ਨੇ ਗੁਰਦੁਆਰੇ ਘੇਰ ਲਏ ਤੇ ਕਮਾਂਡੋਆਂ ਨੇ ਅੰਦਰ ਕਾਰਵਾਈ ਕੀਤੀ।
ਇਹ ਆਪ੍ਰੇਸ਼ਨ ਪੂਰਾ ਕਰ ਕੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਨੂੰ ਸੌਪ ਦਿੱਤੇ, ਪਰ ਹਥਿਆਰਬੰਦ ਪੰਜਾਬ ਪੁਲਿਸ ਅੰਦਰ ਤਾਇਨਾਤ ਰਹੀ ਤਾਂ ਕਿ ਖਾੜਕੂ ਮੁੜ ਕਬਜ਼ਾ ਕਰਨ ਦਾ ਯਤਨ ਨਾ ਕਰਨ। ਇਹ ਹਥਿਆਰਬੰਦ ਪੁਲਸੀਏ ਸਾਰੇ ਸਾਬਤ ਸੂਰਤ ਸਿੱਖ ਸਿਵਲ ਕੱਪੜਿਆਂ ਵਿਚ ਸਨ ਤੇ ਅੰਦਰ ਨੰਗੇ ਪੈਰੀਂ ਡਿਊਟੀ ਦੇਣ ਦਾ ਹੁਕਮ ਸੀ। ਇਹ ਮੁਲਾਜ਼ਮ ਇਸ ਡਿਊਟੀ ਤੋਂ ਖੁਸ਼ ਨਹੀਂ ਸਨ, ਕਿਉਂਕਿ ਸ਼ਰਧਾਲੂਆਂ ਨੂੰ ਬੁਰੇ ਲਗਦੇ ਸਨ ਤੇ ਸੰਗਤ ਦੇ ਗੁੱਸੇ ਦਾ ਸ਼ਿਕਾਰ ਹੋ ਸਕਦੇ ਸਨ; ਪਰ ਖਾੜਕੂਆਂ ਨੂੰ ਮੁੜ ਅੰਦਰ ਆਉਣੋਂ ਰੋਕਣ ਦਾ ਹੋਰ ਰਸਤਾ ਨਹੀਂ ਸੀ। ਆਖਰ ਜਦੋਂ ਦੇਖਿਆ ਕਿ ਪੁਲਿਸ ਨਫਰੀ ਸਿੱਖਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਈ ਹੈ ਤਾਂ ਦੋ ਮਹੀਨਿਆਂ ਬਾਅਦ ਇਨ੍ਹਾਂ ਨੂੰ ਹਟਾ ਕੇ ਰਿਟਾਇਰਡ ਆਰਮੀ ਸਿੱਖ ਬ੍ਰਿਗੇਡੀਅਰ ਵੱਲੋਂ ਸ਼੍ਰੋਮਣੀ ਕਮੇਟੀ ਲਈ ਹਥਿਆਰਬੰਦ ਜੁਆਨਾਂ ਦੀ ਭਰਤੀ ਕੀਤੀ ਗਈ ਜਿਨ੍ਹਾਂ ਨੇ ਪੁਲਿਸ ਪਾਸੋਂ ਸੁਰੱਖਿਆ ਦਾ ਚਾਰਜ ਲੈ ਲਿਆ।
ਬਰਨਾਲਾ ਸਰਕਾਰ ਦੀ ਇਹ ਕਾਰਵਾਈ ਅਕਾਲੀ ਦਲ ਵਿਚ ਬੈਠੇ ਉਸ ਦੇ ਵਿਰੋਧੀਆਂ ਨੂੰ ਠੀਕ ਬੈਠੀ, ਕਿਉਂਕਿ ਇਸ ਨਾਲ ਸਿਆਸੀ ਮੁਸ਼ਕਿਲ ਖੜ੍ਹੀ ਹੋ ਸਕਦੀ ਸੀ। ਪ੍ਰਕਾਸ਼ ਸਿੰਘ ਬਾਦਲ ਅਤੇ ਮਹਾਰਾਜਾ ਅਮਰਿੰਦਰ ਸਿੰਘ ਨੇ ਪਾਰਟੀ ਤੋਂ ਅਸਤੀਫੇ ਦੇ ਦਿੱਤੇ। ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ ਬਾਦਲ ਸੀ, ਪਰ ਬੈਠ ਬਰਨਾਲਾ ਗਿਆ। ਕਿਉਂਕਿ ਅਸੈਂਬਲੀ ਵਿਚ ਬਾਦਲ ਦੇ ਕਾਫੀ ਵਿਧਾਇਕ ਸਨ ਤੇ ਪਿੰਡਾਂ ਵਿਚ ਵਰਕਰਾਂ ਦਾ ਮਜ਼ਬੂਤ ਕਾਡਰ ਸੀ, ਬਰਨਾਲਾ ਸਰਕਾਰ ਨੂੰ ਝਟਕਾ ਵੱਜਾ।
ਗੁਰਚਰਨ ਸਿੰਘ ਟੌਹੜਾ ਦੇ ਧੜੇ ਨੇ ਵੀ ਅਸਤੀਫੇ ਦੇ ਦਿੱਤੇ। ਆਮ ਸਿੱਖ ਸੰਗਤ ਖਾਮੋਸ਼ ਰਹੀ, ਕਿਉਂਕਿ ਸਭ ਦੀ ਇੱਛਾ ਸੀ ਸਮਾਜ ਵਿਰੋਧੀ ਤੱਤ ਦਰਬਾਰ ਸਾਹਿਬ ਵਿਚੋਂ ਬਾਹਰ ਆਉਣ। ਬਾਗੀਆਂ ਨੂੰ ਤਾਂ ਬਰਨਾਲਾ ਸਰਕਾਰ ਡੇਗਣ ਵਾਸਤੇ ਬਹਾਨਾ ਚਾਹੀਦਾ ਸੀ। ਵਿਰੋਧੀ ਪਾਰਟੀ ਕਾਂਗਰਸ ਨੇ ਬਰਨਾਲਾ ਸਰਕਾਰ ਨੂੰ ਡਿਗਣੋਂ ਬਚਾਉਣ ਲਈ ਬਾਹਰੋਂ ਸਮਰਥਨ ਦੇ ਦਿੱਤਾ। ਪੁਲਿਸ ਐਕਸ਼ਨ ਕਾਰਨ ਅਕਾਲੀ ਸਿਆਸਤ ਵਿਚ ਹਲਚਲ ਹੋਣੀ ਹੀ ਹੋਣੀ ਸੀ। ਬਾਦਲ ਅਤੇ ਅਮਰਿੰਦਰ ਸਿੰਘ ਖਾੜਕੂਆਂ ਦੇ ਹਮਦਰਦ ਨਹੀਂ ਸਨ, ਉਨ੍ਹਾਂ ਨੂੰ ਆਪੋ ਆਪਣੇ ਭਵਿੱਖ ਦਾ ਫਿਕਰ ਸੀ।
(ਚਲਦਾ)

Be the first to comment

Leave a Reply

Your email address will not be published.