ਅਕੀਰਾ ਦੀ ਫਿਲਮ ‘ਰਾਸ਼ੋਮੋਨ’: ਇੱਕ ਕਹਾਣੀ ਚਾਰ ਸੱਚ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਅਕੀਰਾ ਕੁਰੋਸਾਵਾ ਦੀ ਫਿਲਮ ‘ਰਾਸ਼ੋਮੋਨ` ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਨੇ ਸੰਸਾਰ ਲਈ ਜਪਾਨ ਦੀ ਇਕ ਵੱਖਰੀ ਖਿੜਕੀ ਖੋਲ੍ਹੀ ਅਤੇ ਦਰਸ਼ਕਾਂ ਨੂੰ ਅਚੰਭੇ ਵਿਚ ਪਾ ਦਿੱਤਾ।

ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਜਪਾਨੀ ਫਿਲਮਸਾਜ਼ ਅਕੀਰਾ ਕੁਰੋਸੋਵਾ ਦੀ ਇਸ ਫਿਲਮ ਬਾਰੇ ਸੰਸਾਰ ਪੱਧਰ ‘ਤੇ ਲਗਾਤਾਰ ਲਿਖਿਆ ਗਿਆ ਹੈ। ਇਸ ਫਿਲਮ ਨੂੰ ਫਿਲਮਾਂ ਦੇ ਇਤਿਹਾਸ ਨਾਲ ਸਬੰਧਿਤ ਅਦਾਰਿਆਂ ਅਤੇ ਸੰਸਥਾਵਾਂ ਨੇ ਵਾਰ-ਵਾਰ ਸਾਂਭਣ ਦੀ ਕੋਸ਼ਿਸ ਕੀਤੀ ਹੈ। ਇਸ ਫਿਲਮ ਨੇ ਉਸ ਪੱਧਰ ਤੱਕ ਮਕਬੂਲੀਅਤ ਹਾਸਲ ਕੀਤੀ ਹੈ ਜਿੱਥੇ ਸੱਚ ਨਾਲ ਸਬੰਧਿਤ ਬਹਿਸਾਂ ਵਿਚ ‘ਰਾਸ਼ੋਮੋਨ ਇਫੈਕਟ` ਦੀ ਵਰਤੋਂ ਦਲੀਲ ਵਾਂਗ ਕੀਤੀ ਜਾਂਦੀ ਹੈ ਅਤੇ ਸੰਸਾਰ ਦੇ ਸਾਰੇ ਵਧੀਆਂ ਫਿਲਮ ਸਕੂਲਾਂ ਵਿਚ ਇਹ ਫਿਲਮ ਸਬਕ ਦੇ ਤੌਰ ‘ਤੇ ਪੜ੍ਹਾਈ ਜਾਂਦੀ ਹੈ। ਇਸ ਸਭ ਦੇ ਬਾਵਜੂਦ ਇਹ ਫਿਲਮ ਦੇਖਣੀ ਔਖੀ ਹੈ। ਫਿਲਮ ਮਨੁੱਖੀ ਦਿਮਾਗ ਤੇ ਸੱਚ ਦੀ ਧਾਰਨਾ ਵਿਚਲੇ ਦਵੰਦ ਦੇ ਇਰਦ-ਗਿਰਦ ਘੁੰਮਦੀ ਹੈ। ਫਿਲਮ ਅਜਿਹੇ ਚਾਰ ਕਿਰਦਾਰਾਂ ਦੀ ਆਪਬੀਤੀ ਦੇ ਆਸ-ਪਾਸ ਬੁਣੀ ਗਈ ਹੈ ਜਿਹੜੇ ਜੰਗਲ ਵਿਚ ਵਾਪਰੀ ਘਟਨਾ ਦਾ ਬਿਰਤਾਂਤ ਅਦਾਲਤ ਅੱਗੇ ਪੇਸ਼ ਕਰਦੇ ਹਨ ਪਰ ਉਨ੍ਹਾਂ ਚਾਰਾਂ ਦੀ ਕਹਾਣੀ ਇੱਕ-ਦੂਜੇ ਨਾਲੋਂ ਬਿਲਕੁੱਲ ਵੱਖਰੀ ਹੈ। ਹਰ ਕਿਰਦਾਰ ਦੀ ਕਹਾਣੀ ਪੂਰੀ ਤਰ੍ਹਾਂ ਸੱਚੀ ਭਾਸਦੀ ਹੋਣ ਦੇ ਬਾਵਜੂਦ ਬਿਲਕੁੱਲ ਝੂਠੀ ਹੈ। ਫਿਲਮ ਦੇ ਅੰਤ ਤੱਕ ਪਹੁੰਚਦਿਆਂ ਦਰਸ਼ਕ, ਅਦਾਲਤ ਅਤੇ ਖੁਦ ਗਵਾਹਾਂ ਨੂੰ ਇਹ ਨਿਖੇੜਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਆਖਿਰ ਵਿਚ ਘਟਨਾ ਵਾਪਰੀ ਕਿਵੇਂ ਸੀ?
ਇਸ ਫਿਲਮ ਦੀ ਪਟਕਥਾ ਅਤੇ ਖਾਸਾ ਫਿਓਦੋਰ ਦੋਸਤੋਵਸਕੀ ਦੇ ਸ਼ਾਹਕਾਰ ਨਾਵਲ ‘ਜੁਰਮ ਤੇ ਸਜ਼ਾ` ਨਾਲ ਮਿਲਦਾ-ਜੁਲਦਾ ਹੈ। ਇਸ ਫਿਲਮ ਅਤੇ ਦੋਸਤੋਵਸਕੀ ਦੇ ਨਾਵਲ ਦਾ ਧੁਰਾ ਮਨੁੱਖੀ ਹੋਂਦ ਦੇ ਸਵਾਲਾਂ ਅਤੇ ਮਨੁੱਖੀ ਕਮਜ਼ੋਰੀਆਂ ਦੇ ਆਸ-ਪਾਸ ਘੁੰਮਦਾ ਹੈ। ਦੁਨੀਆ ਦੀਆਂ ਨਜ਼ਰਾਂ ਵਿਚ ਸਦਾ ਹੀ ਨੈਤਿਕ ਤੇ ਸੱਚਾ ਬਣੇ ਰਹਿਣ ਦਾ ਦਬਾਉ, ਸਾਰਿਆਂ ਨਾਲ ਹੀ ਚੰਗਿਆਈ ਕਰਨ ਦੀ ਗੈਰ-ਕੁਦਰਤੀ ਜ਼ਿੱਦ ਦਾ ਪ੍ਰਵਚਨ, ਝੂਠ ਦਾ ਤਿਲਸਮੀ ਸੰਸਾਰ, ਸੱਚ ਦੇ ਸਾਰੇ ਘੇਰਿਆਂ ਨੂੰ ਨਾ ਸਮਝ ਸਕਣ ਦੀ ਮਨੁੱਖੀ ਕਮੀ ਤੇ ਦੁਨੀਆਦਾਰੀ ਦੇ ਪੇਚਾਂ ਵਿਚ ਉਲਝੇ ਕਿਰਦਾਰਾਂ ਦਾ ਇਸ ਫਿਲਮ ਵਿਚ ਸਟੀਕ ਵਰਨਣ ਕੀਤਾ ਗਿਆ ਹੈ ਜਿਹੜੇ ਸੱਚ ਦੀ ਤਲਾਸ਼ ਵਿਚ ਹਨ ਪਰ ਖੁਦ ਹੀ ਝੂਠੇ ਹਨ।
ਫਿਲਮ ਦੀ ਕਹਾਣੀ ਅਨੁਸਾਰ ਜੰਗਲ ਵਿਚ ਬਲਾਤਕਾਰ ਅਤੇ ਕਤਲ ਦੀ ਘਟਨਾ ਵਾਪਰੀ ਹੈ। ਘੁੱਗ ਵੱਸਦੇ ਰਾਸ਼ੋਮਾਨ ਸ਼ਹਿਰ ਲਈ ਜਿਵੇਂ ਇਹ ਅਣਹੋਣੀ ਅਤੇ ਅਣਕਿਆਸੀ ਘਟਨਾ ਹੈ। ਸਭ ਕੁਝ ਅਣਮਿੱਥਿਆ ਅਤੇ ਅਣਮਿਣੇ ਮੀਂਹ ਵਾਂਗ ਵਰਸ ਰਿਹਾ ਹੈ ਜਿਸ ਤੋਂ ਸ਼ਹਿਰ ਦਾ ਹਰ ਬਾਸ਼ਿੰਦਾ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਘਟਨਾ ਵਾਪਰਨ ਦਾ ਸਮਾਂ ਅਤੇ ਸਪੇਸ ਇੰਨਾ ਅਸੁਭਾਵਿਕ ਤੇ ਅਣਪਛਾਤਾ ਹੈ ਕਿ ਜਿਨ੍ਹਾਂ ਨਾਲ ਘਟਨਾ ਵਾਪਰੀ ਹੈ, ਉਹ ਵੀ ਇਸ ਦੀ ਸਹੀ-ਸਹੀ ਤਸਦੀਕ ਕਰਨ ਵਿਚ ਅਸਮਰੱਥ ਹਨ। ਅਦਾਲਤ ਅਤੇ ਇਨਸਾਫ ਦਾ ਪਹੀਆ ਗਿੜਨ ਲਈ ਜ਼ਰੂਰੀ ਹੈ ਕਿ ਸੱਚ ਨੂੰ ਇਸ ਸਾਰੇ ਹਾਲਾਤ ਵਿਚੋਂ ਨਿਤਾਰਿਆ ਜਾਵੇ ਤਾਂ ਕਿ ਸਮਾਜ ਆਪਣੀ ਨੈਤਕਿਤਾ ਅਤੇ ਸੱਚੇ ਹੋਣ ‘ਤੇ ਮੁਹਰ ਲਾ ਕੇ ਤਸੱਲੀ ਨਾਲ ਜੀਅ ਸਕੇ ਪਰ ਇਸ ਵਾਰ ਸਮਾਜ ਅੱਗੇ ਪੇਚੀਦਾ ਹਾਲਤ ਦਰਪੇਸ਼ ਹੈ। ਸੱਚ ਅੱਖਾਂ ਦੇ ਸਾਹਮਣੇ ਹੈ ਪਰ ਜਿਉਂ ਹੀ ਇਸ ਨੂੰ ਸ਼ਬਦਾਂ ਵਿਚ ਬਿਆਨ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ, ਹਰ ਅਗਲਾ ਕਿਰਦਾਰ ਝੂਠ ਬੋਲਦਾ ਜਾਪਦਾ ਹੈ। ਹਰ ਕੋਈ ਨਿਰਦੋਸ਼ ਸਾਬਿਤ ਹੁੰਦਾ ਹੈ ਪਰ ਕਤਲ ਅਤੇ ਬਲਾਤਕਾਰ ਤਾਂ ਵਾਪਰਿਆ ਹੈ। ਇਸ ਫਿਲਮ ਰਾਹੀਂ ਅਕੀਰਾ ਮਨੁੱਖੀ ਸਮਾਜਾਂ ਵਿਚ ਸੱਚ-ਝੂਠ, ਨੈਤਿਕ-ਅਨੈਤਿਕ, ਇਨਸਾਫ-ਬੇਇਨਸਾਫੀ ਤੇ ਕਹਾਣੀ ਦੇ ਆਦਿ-ਅੰਤ ਬਾਰੇ ਕਈ ਗੁੰਝਲਦਾਰ ਸਵਾਲ ਖੜ੍ਹਾ ਕਰਦਾ ਹੈ। ਅੰਤ ਵਿਚ ਉਹ ਦਰਸ਼ਕਾਂ ਨੂੰ ਹੀ ਸੱਚ ਦਾ ਨਿਤਾਰਾ ਕਰਨ ਲਈ ਆਖਦਾ ਹੈ।
ਇਸ ਫਿਲਮ ਦੀ ਕਹਾਣੀ ਬਾਰੇ ਇੱਕ ਦਿਲਚਸਪ ਕਿੱਸਾ ਮੌਜੂਦ ਹੈ। ਜਦੋਂ ਅਕੀਰਾ ਕੁਰੋਸਾਵਾ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਤਾਂ ਉਸ ਦੇ ਤਿੰਨ ਸਹਾਇਕ ਨਿਰਦੇਸ਼ਕਾਂ ਨੇ ਉਸ ਕੋਲ ਆ ਕੇ ਕਿਹਾ ਕਿ ਉਨ੍ਹਾਂ ਨੂੰ ਇਸ ਫਿਲਮ ਦੀ ਕਹਾਣੀ ਦੀ ਕੋਈ ਸਮਝ ਨਹੀਂ ਆ ਰਹੀ। ਕਈ ਸਾਲਾਂ ਬਾਅਦ ਆਪਣੀ ਆਤਮ-ਕਥਾ ਵਿਚ ਅਕੀਰਾ ਨੇ ਇਸ ਦਾ ਜਵਾਬ ਲਿਖਿਆ। ਇਸ ਕਹਾਣੀ ਵਿਚ ਇੱਕੋ ਘਟਨਾ ਦੇ ਚਾਰ ਵੱਖ-ਵੱਖ ਰੂਪ ਸਨ ਤੇ ਉਨ੍ਹਾਂ ਦਾ ਆਪਸੀ ਸਬੰਧ ਕਿਤੇ ਨਹੀਂ ਸੀ ਬਣ ਰਿਹਾ। ਇੱਕ ਅਜੀਬ ਕਿਸਮ ਦੀ ਉਲਝਣ ਅਤੇ ਬੇਚੈਨੀ ਵਿਚ ਇਸ ਫਿਲਮ ਦੀ ਸ਼ੂਟਿੰਗ ਚੱਲਦੀ ਰਹੀ। ਜਦੋਂ ਇਹ ਫਿਲਮ ਬਣ ਕੇ ਤਿਆਰ ਹੋ ਗਈ ਤਾਂ ਇਸ ਦੇ ਨਿਰਮਾਤਾ ਅਤੇ ਸਟੂਡੀਓ ਦੇ ਮਾਲਕ ਨੇ ਅਕੀਰਾ ਨੂੰ ਉਨ੍ਹਾਂ ਦੇ ਨਾਮ ਫਿਲਮ ਵਿਚ ਹਟਾਉਣ ਲਈ ਕਹਿ ਦਿੱਤਾ। ਫਿਰ ਫਿਲਮ ਨੇ ਵੀਨਸ ਫਿਲਮ ਫੈਸਟੀਵੈਲ ਵਿਚ ਗੋਲਡਨ ਲਾਇਨ ਜਿੱਤ ਲਿਆ। ਕੁਝ ਹੀ ਦਿਨਾਂ ਬਾਅਦ ਫਿਲਮ ਨੇ ਵਿਦੇਸ਼ੀ ਫਿਲਮਾਂ ਦੀ ਸ਼੍ਰੇਣੀ ਵਿਚ ਆਸਕਰ ਆਪਣੀ ਝੋਲੀ ਵਿਚ ਪੁਆ ਲਿਆ। ਹੁਣ ਜਾਪਾਨੀ ਸਮਾਜ ਅਤੇ ਸਟੇਟ ਲਈ ਇਹ ਜ਼ਰੂਰੀ ਹੋ ਗਿਆ ਕਿ ਉਹ ਇਸ ਫਿਲਮ ਨੂੰ ਸੰਜੀਦਗੀ ਨਾਲ ਲੈਣ। ਇਸ ਫਿਲਮ ਨੇ ਪਹਿਲੀ ਵਾਰ ਪੱਛਮੀ ਦਰਸ਼ਕਾਂ ਲਈ ਜਾਪਾਨੀ ਸਮਾਜ ਵੱਲ ਨਵੀਂ ਖਿੜਕੀ ਖੋਲ੍ਹ ਦਿੱਤੀ ਜਿਸ ਨਾਲ ਨਾ ਸਿਰਫ ਜਪਾਨ ਵਿਚ ਫਿਲਮਾਂ ਬਣਾਉਣ ਦੇ ਕੰਮ ਵਿਚ ਇਜ਼ਾਫਾ ਹੋਇਆ ਬਲਕਿ ਫਿਲਮਾਂ ਦੀ ਗੁਣਵੱਤਾ ਵਿਚ ਵੀ ਸੁਧਾਰ ਆਉਣਾ ਸ਼ੁਰੂ ਹੋ ਗਿਆ।
ਇਸ ਫਿਲਮ ਦੀ ਸਫਲਤਾ ਕਈ ਪੱਖਾਂ ਤੋਂ ਨਕਾਰਾਤਮਿਕ ਵੀ ਰਹੀ। ਜਪਾਨ ਅਤੇ ਪੱਛਮੀ ਕਲਾ ਸੰਸਾਰ ਨੇ ਅਜਿਹੀ ਕੋਈ ਕਥਾ ਪਹਿਲਾ ਸੁਣੀ ਹੀ ਨਹੀਂ ਸੀ। ਇਸ ਫਿਲਮ ਵਿਚ ਪਹਿਲੀ ਵਾਰ ਫਲੈਸ਼-ਬੈਕ ਤਕਨੀਕ ਦੀ ਵਰਤੋਂ ਵੱਖ-ਵੱਖ ਕਿਰਦਾਰਾਂ ਦੇ ਨਜ਼ਰੀਏ ਤੋਂ ਕਹਾਣੀ ਸੁਣਾਉਣ ਲਈ ਵਰਤੀ ਗਈ ਹੈ। ਫਿਲਮ ਬਣਾਉਣ ਪਿੱਛੇ ਕੰਮ ਕਰਦੀ ਸੋਚ ਨੂੰ ਪ੍ਰਗਟ ਕਰਦਿਆਂ ਆਪਣੇ ਅੰਤਲੇ ਦਿਨਾਂ ਵਿਚ ਅਕੀਰਾ ਨੇ ਆਪਣੀ ਆਤਮ-ਕਥਾ ਵਿਚ ਲਿਖਿਆ, “ਮਨੁੱਖ ਆਪਣੇ ਆਪ ਨਾਲ, ਆਪਣੇ ਆਪ ਬਾਰੇ ਵੀ ਇਮਾਨਦਾਰ ਨਹੀਂ ਹੋ ਸਕਦਾ। ਉਹ ਖੁਦ ਬਾਰੇ ਹਰ ਚੀਜ਼ ਅਤੇ ਪਹਿਲੂ ਨੂੰ ਵਧਾ-ਚੜ੍ਹਾ ਕੇ ਦੱਸਣ ਦਾ ਆਦੀ ਹੈ। ਆਪਣੇ ਬਾਰੇ ਉਹ ਲੱਗਭੱਗ ਹਰ ਸਮੇਂ ਹੀ ਸ਼ਬਦੀ ਜਾਲ ਬੁਣਨ ਤੇ ਹੇਰ-ਫੇਰ ਵਿਚ ਉਲਝੇ ਨਜ਼ਰ ਆਉਂਦੇ ਹਨ।”
ਫਿਲਮ ਦੇਖਦਿਆਂ ਸਭ ਤੋਂ ਕਸੂਤੀ ਹਾਲਤ ਵਿਚ ਦਰਸ਼ਕ ਫਸਦੇ ਹਨ। ਦਰਸ਼ਕ ਚਾਰ ਕਿਰਦਾਰਾਂ ਦੇ ਮੂੰਹੋਂ ਅਤੇ ਕੈਮਰੇ ਦੀ ਅੱਖ ਰਾਹੀ ਇੱਕ ਕਹਾਣੀ ਨੂੰ ਚਾਰ ਤਰ੍ਹਾਂ ਨਾਲ ਦੇਖਦਾ ਅਤੇ ਸੁਣਦਾ ਹੈ। ਉਹ ਸੱਚ ਦਾ ਨਿਤਾਰਾ ਕਿਵੇਂ ਕਰੇ? ਆਪਣੀਆਂ ਪਹਿਲਾਂ ਦੇਖੀਆਂ ਫਿਲਮਾਂ ਅਤੇ ਸੁਣੀਆਂ ਕਹਾਣੀਆਂ ਦੇ ਆਧਾਰ ‘ਤੇ ਉਸ ਨੂੰ ਵਹਿਮ ਹੋ ਜਾਂਦਾ ਹੈ ਕਿ ਅੰਤ ਤੱਕ ਪੁੱਜਦੇ-ਪੁੱਜਦੇ ਕਹਾਣੀ ਵਿਚ ਸੱਚ ਖੁਦ-ਬ-ਖੁਦ ਪ੍ਰਗਟ ਹੋ ਜਾਵੇਗਾ ਪਰ ਅਜਿਹਾ ਨਹੀਂ ਹੁੰਦਾ ਸਗੋਂ ਫਿਲਮ ਦੇ ਅੰਤ ਤੱਕ ਪਹੁੰਚਦਿਆਂ ਮਨੁੱਖ ਅਤੇ ਰੱਬ ਦੀ ਚੰਗਿਆਈ ‘ਤੇ ਵਿਸ਼ਵਾਸ ਕਰਨ ਵਾਲੇ ਇੱਕੋ-ਇੱਕ ਕਿਰਦਾਰ ਪ੍ਰੋਹਿਤ ਦਾ ਯਕੀਨ ਵੀ ਤਿੜਕ ਜਾਂਦਾ ਹੈ। ਦਰਸ਼ਕ ਨੂੰ ਫਿਲਮ ਦਾ ਅੰਤ ਦੇਖਦਿਆਂ ਇਹ ਵੀ ਸ਼ੱਕ ਹੋ ਸਕਦਾ ਹੈ ਕਿ ਹੋ ਸਕਦਾ ਹੈ, ਫਿਲਮ ਵਿਚ ਕੋਈ ਘਟਨਾ ਵਾਪਰੀ ਹੀ ਨਾ ਹੋਵੇ ਤੇ ਸਾਰੀਆਂ ਕਹਾਣੀਆਂ ਕਿਰਦਾਰਾਂ ਨੇ ਹੀ ਘੜੀਆਂ ਹੋਣ।
ਬਹਰਹਾਲ, ਇੱਥੇ ਫਿਲਮ ਦੀ ਕਹਾਣੀ ਬਾਰੇ ਗੱਲ ਕਰਨਾ ਜ਼ਰੂਰੀ ਹੈ। ਫਿਲਮ ਦੀ ਕਹਾਣੀ ਅਨੁਸਾਰ ਕਿਸੇ ਜੰਗਲ ਵਿਚ ਇੱਕ ਯੋਧਾ ਆਪਣੀ ਪਤਨੀ ਸਮੇਤ ਜਾ ਰਿਹਾ ਹੈ ਕਿ ਉਸ ਦਾ ਮੁਕਾਬਲਾ ਖਤਰਨਾਕ ਡਾਕੂ ਨਾਲ ਹੋ ਜਾਂਦਾ ਹੈ ਜਿਸ ਦੌਰਾਨ ਕਤਲ ਅਤੇ ਬਲਾਤਕਾਰ ਦੀ ਘਟਨਾ ਵਾਪਰ ਜਾਂਦੀ ਹੈ। ਇਸ ਘਟਨਾ ਤੋਂ ਕਈ ਦਿਨਾਂ ਬਾਅਦ ਇੱਕ ਸਰਾਂ ਵਿਚ ਲੱਕੜਹਾਰਾ, ਪ੍ਰੋਹਿਤ ਅਤੇ ਕੋਈ ਆਮ ਨਾਗਰਿਕ ਇਸ ਘਟਨਾ ਬਾਰੇ ਚਰਚਾ ਕਰ ਰਹੇ ਹਨ। ਉਨ੍ਹਾਂ ਨੇ ਅਦਾਲਤ ਵਿਚ ਇਸ ਘਟਨਾ ਦੀ ਸੁਣਵਾਈ ਦੇਖੀ ਹੈ। ਸਭ ਤੋਂ ਪਹਿਲਾਂ ਅਦਾਲਤ ਵਿਚ ਕਤਲ ਦੇ ਇਲਜ਼ਾਮ ਹੇਠ ਰੱਸੀਆਂ ਵਿਚ ਨੂੜਿਆਂ ਉਹ ਡਾਕੂ ਕਹਾਣੀ ਸੁਣਾਉਂਦਾ ਹੈ ਕਿ ਉਸ ਨੇ ਉਸ ਯੋਧੇ ਨੂੰ ਵਧੀਆ ਤਲਵਾਰਾਂ ਦਾ ਲਾਲਚ ਦੇ ਕੇ ਵਰਗਲਾ ਲਿਆ ਜਿਸ ਦੌਰਾਨ ਉਸ ਦੀ ਪਤਨੀ ਉਸ ਉਤੇ ਮੋਹਿਤ ਹੋ ਗਈ। ਉਸ ਨੇ ਬਲਾਤਕਾਰ ਨਹੀਂ ਕੀਤਾ ਸਗੋਂ ਸਾਰਾ ਕੁਝ ਉਸ ਔਰਤ ਦੀ ਮਰਜ਼ੀ ਨਾਲ ਵਾਪਰਿਆ। ਉਸ ਅਨੁਸਾਰ, ਉਸ ਔਰਤ ਨੇ ਹੀ ਉਸ ਨੂੰ ਆਪਣੇ ਪਤੀ ਨੂੰ ਮਾਰਨ ਲਈ ਕਿਹਾ ਤਾਂ ਕਿ ਉਹ ਆਤਮ-ਗਿਲਾਨੀ ਤੋਂ ਬਚ ਸਕੇ। ਇਸ ਤੋਂ ਬਾਅਦ ਉਹ ਔਰਤ ਉਥੋਂ ਦੌੜ ਗਈ। ਇਸ ਤੋਂ ਬਾਅਦ ਜੋ ਹੋਇਆ, ਉਹ ਉਸ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਰਿਹਾ।
ਦੂਜੀ ਗਵਾਹੀ ਉਸ ਔਰਤ ਦੀ ਹੈ ਜਿਸ ਵਿਚ ਉਹ ਦੱਸਦੀ ਹੈ ਕਿ ਕਿਵੇਂ ਉਸ ਡਾਕੂ ਨੇ ਉਸ ਨਾਲ ਖੰਜਰ ਦੀ ਨੋਕ ‘ਤੇ ਬਲਾਤਕਾਰ ਕੀਤਾ ਅਤੇ ਉਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਨਾਲ ਨਫਰਤ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰਾ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਉਹ ਸਦਮੇ ਨਾਲ ਬੇਹੋਸ਼ ਹੋ ਗਈ ਅਤੇ ਹੋਸ਼ ਆਉਣ ‘ਤੇ ਉਸ ਨੇ ਪਤੀ ਨੂੰ ਮਰਿਆ ਹੋਇਆ ਦੇਖਿਆ। ਤੀਜੀ ਕਹਾਣੀ ਉਸ ਦੇ ਮਰੇ ਪਤੀ ਦੀ ਕਹਾਣੀ ਆਤਮਾਵਾਂ ਨਾਲ ਗੱਲ ਕਰਨ ਵਾਲੇ ਜੋਤਸ਼ੀ ਦੇ ਮੂੰਹੋਂ ਸੁਣਨ ਨੂੰ ਮਿਲਦੀ ਹੈ ਜੋ ਦੱਸਦਾ ਹੈ ਕਿ ਕਿਵੇਂ ਜਦੋਂ ਡਾਕੂ ਨੇ ਉਸ ਨੂੰ ਦਰਖੱਤ ਨਾਲ ਨੂੜ ਕੇ ਉਸ ਦੀ ਪਤਨੀ ਨਾਲ ਜ਼ਬਰਦਸਤੀ ਕੀਤੀ ਤਾਂ ਪਤਨੀ ਨੇ ਉਸ ਨੂੰ ਵੀ ਗੁੱਸੇ ਵਿਚ ਤਿਆਗ ਦਿੱਤਾ ਅਤੇ ਉਸ ਡਾਕੂ ਨਾਲ ਜਾਣ ਲਈ ਤਿਆਰ ਹੋ ਗਈ। ਉਸ ਨੇ ਡਾਕੂ ਨੂੰ ਉਸ (ਯੋਧੇ) ਨੂੰ ਮਾਰ ਦੇਣ ਲਈ ਵੀ ਕਿਹਾ ਤਾਂ ਕਿ ਸਮਾਜ ਵਿਚ ਉਸ ਨੂੰ ਨਮੋਸ਼ੀ ਨਾ ਹੋਵੇ। ਡਾਕੂ ਉਸ ਨੂੰ ਪਤਨੀ ਨੂੰ ਮੁਆਫ ਕਰਨ ਲਈ ਆਖਦਾ ਹੈ ਅਤੇ ਉਸ ਦੀ ਪਤਨੀ ਨਾਲ ਉੱਥੋਂ ਦੌੜ ਜਾਂਦਾ ਹੈ। ਉਸ ਯੋਧੇ ਅਨੁਸਾਰ, ਇਸ ਅਚਾਨਕ ਘਟਨਾ ਨੇ ਉਸ ਨੂੰ ਸੁੰਨ ਕਰ ਦਿੱਤਾ ਤੇ ਉਸ ਨੇ ਖੰਜਰ ਮਾਰ ਕੇ ਖੁਦਕੁਸ਼ੀ ਕਰ ਲਈ।
ਆਖਰੀ ਕਹਾਣੀ ਵਿਚ ਲੱਕੜਹਾਰਾ ਦੱਸਦਾ ਹੈ ਕਿ ਇਹ ਸਾਰੀਆਂ ਕਹਾਣੀਆਂ ਝੂਠੀਆਂ ਹਨ। ਉਸ ਅਨੁਸਾਰ ਅਸਲ ਵਿਚ ਸਾਰਾ ਕਸੂਰ ਉਸ ਔਰਤ ਦਾ ਹੈ। ਉਸ ਨੇ ਹੀ ਪਹਿਲਾਂ ਉਸ ਡਾਕੂ ਨੂੰ ਉਕਸਾਇਆ ਅਤੇ ਬਾਅਦ ਵਿਚ ਦੋਵਾਂ ਨੂੰ ਲੜਨ ਲਈ ਮਜਬੂਰ ਕਰ ਦਿੱਤਾ। ਜਦੋਂ ਡਾਕੂ ਨੇ ਉਸ ਦੇ ਪਤੀ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ ਤਾਂ ਉਹ ਔਰਤ ਉੱਥੋਂ ਭੱਜ ਗਈ। ਇਸ ਨਾਲ ਅਦਾਲਤ ਵਿਚ ਮੌਜੂਦ ਸਾਰੇ ਲੋਕ ਹੈਰਾਨ-ਪ੍ਰੇਸ਼ਾਨ ਹੋ ਜਾਂਦੇ ਹਨ। ਕਹਾਣੀ ਦਾ ਸਥਾਨ ਹੁਣ ਸਰਾਂ ਬਣਦੀ ਹੈ ਜਿੱਥੇ ਛੋਟਾ ਬੱਚਾ ਰੋ ਰਿਹਾ ਹੈ। ਲੱਕੜਹਾਰਾ ਉੱਥੇ ਮੌਜੂਦ ਆਮ ਨਾਗਰਿਕ ‘ਤੇ ਇਲਜ਼ਾਮ ਲਗਾਉਂਦਾ ਹੈ ਕਿ ਉਸ ਨੇ ਬੱਚੇ ਦਾ ਸਾਮਾਨ ਚੋਰੀ ਕਰ ਲਿਆ ਹੈ। ਆਮ ਨਾਗਰਿਕ ਉਸ ਨੂੰ ਤਾਹਨਾ ਦਿੰਦਿਆਂ ਆਖਦਾ ਹੈ ਕਿ ਮੈਂ ਤੇਰੀ ਵਾਂਗ ਝੂਠਾ ਨਹੀਂ ਕਿ ਮਹਿੰਗੇ ਖੰਜਰ ਦੀ ਖਾਤਿਰ ਅਦਾਲਤ ਵਿਚ ਝੂਠੀ ਕਹਾਣੀ ਸੁਣਾਵਾਂ। ਇਹ ਗੱਲ ਸੁਣ ਕੇ ਪ੍ਰੋਹਿਤ ਸੁੰਨ ਹੋ ਜਾਂਦਾ ਹੈ। ਉਹ ਕਿਸ ‘ਤੇ ਵਿਸ਼ਵਾਸ ਕਰੇ ਅਤੇ ਕਿਸ ਤੇ ਨਾ ਕਰੇ? ਲੱਕੜਹਾਰਾ ਉਸ ਨੂੰ ਆਖਦਾ ਹੈ ਕਿ ਉਹ ਉਸ ਬੱਚੇ ਨੂੰ ਪਾਲਣ ਲਈ ਉਸ ਦੀ ਝੋਲੀ ਪਾ ਦੇਵੇ, ਉਹ ਉਸ ਦੀ ਵਧੀਆ ਸੰਭਾਲ ਕਰੇਗਾ।
ਕੀ ਪ੍ਰੋਹਿਤ ਨੂੰ ਦੁਬਾਰਾ ਉਸ ‘ਤੇ ਭਰੋਸਾ ਕਰਨਾ ਚਾਹੀਦਾ ਹੈ? ਅਕੀਰਾ ਇਹ ਸਵਾਲ ਦਰਸ਼ਕਾਂ ਲਈ ਖੁੱਲ੍ਹਾ ਛੱਡ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਫਿਲਮ ਖਤਮ ਹੋ ਜਾਂਦੀ ਹੈ।
ਇਸ ਫਿਲਮ ਦਾ ਪਹਿਲਾ ਡਾਇਲਾਗ ਹੈ: “ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ”। ਇਹੀ ਇਸ ਫਿਲਮ ਦੀ ਆਖਰੀ ਸਤਰ ਵੀ ਹੈ।