ਮੋਦੀ ਨੇ ਕਿਸਾਨਾਂ ਨੂੰ ਠਿੱਠ ਕੀਤਾ

ਗੈਰ-ਜ਼ਿੰਮੇਵਾਰਾਨਾ ਰਵੱਈਏ ਦੀ ਚੁਫੇਰਿਓਂ ਨਿੰਦਾ ਸ਼ੁਰੂ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰਪਤੀ ਦੇ ਭਾਸ਼ਣ ਬਾਰੇ ਧੰਨਵਾਦ ਮਤੇ `ਤੇ ਦਿੱਤੇ ਗੈਰ-ਜ਼ਿੰਮੇਵਾਰਾਨਾ ਅਤੇ ਅੜੀਅਲ ਰਵੱਈਏ ਵਾਲੇ ਭਾਸ਼ਣ ਦੀ ਚਰਚਾ ਜ਼ੋਰਾਂ ਉਤੇ ਹੈ। ਮੋਦੀ ਨੇ ਆਪਣੇ ਭਾਸ਼ਣ ਵਿਚ ਲੋਕਤੰਤਰੀ ਹੱਕਾਂ ਅਤੇ ਮਰਿਆਦਾ ਨੂੰ ਇਕ ਪਾਸੇ ਕਰਦਿਆਂ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਢਾਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਸੰਘਰਸ਼ ਉਤੇ ਹੀ ਸਵਾਲ ਖੜ੍ਹੇ ਕਰ ਦਿੱਤੇ।

ਗਣਤੰਤਰ ਦਿਵਸ ਮੌਕੇ ਅਤੇ ਬਾਅਦ ਵਿਚ ਵਾਪਰੀਆਂ ਘਟਨਾਵਾਂ, ਅੰਦੋਲਨ ਨੂੰ ਕੌਮਾਂਤਰੀ ਪੱਧਰ ਉਤੇ ਮਿਲੀ ਹਮਾਇਤ ਅਤੇ ਸੰਸਦ ਵਿਚ ਵਿਰੋਧੀ ਧਿਰਾਂ ਵੱਲੋਂ ਜਿਸ ਢੰਗ ਨਾਲ ਖੇਤੀ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਦੇ ਮੁੱਦੇ ਨੂੰ ਉਭਾਰਿਆ। ਇਸ ਕਰ ਕੇ ਉਮੀਦ ਕੀਤੀ ਜਾ ਰਹੀ ਸੀ ਕਿ ਲੋਕਤੰਤਰ ਦੇ ਹਾਮੀ ਮੁਲਕ ਦਾ ਪ੍ਰਧਾਨ ਮੰਤਰੀ ਇਸ ਮਸਲੇ ਦੀ ਗੰਭੀਰਤਾ ਨੂੰ ਸਮਝੇਗਾ ਪਰ ਮੋਦੀ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ‘ਅੰਦੋਲਨ-ਜੀਵੀ`, ਪਰਜੀਵੀ ਤੇ ‘ਆਦਤ ਤੋਂ ਮਜਬੂਰ` ਦਾ ਨਾਮ ਦੇ ਕੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ। ਇਸ ਤੋਂ ਪਹਿਲਾਂ ਸੰਸਦ ਵਿਚ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਵੀ ਸੰਘਰਸ਼ ਨੂੰ ਇਕ ਸੂਬੇ (ਪੰਜਾਬ) ਨਾਲ ਜੋੜ ਇਸ ਦੀ ਕੋਈ ਵੀ ਅਹਿਮੀਅਤ ਨਾ ਹੋਣ ਬਾਰੇ ਸਪਸ਼ਟ ਕਰ ਦਿੱਤਾ।
ਸਰਕਾਰ ਇਸ ਤਰ੍ਹਾਂ ਦਾ ਸਟੈਂਡ ਉਸ ਸਮੇਂ ਲੈ ਰਹੀ ਹੈ, ਜਦੋਂ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਧੱਕੇਸ਼ਾਹੀਆਂ ਦਾ ਮੁੱਦਾ ਕੌਮਾਂਤਰੀ ਪੱਧਰ ਉਤੇ ਛਾਇਆ ਹੋਇਆ ਹੈ। ਵੱਡੀ ਗਿਣਤੀ ਕੌਮਾਂਤਰੀ ਹਸਤੀਆਂ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਆ ਖੜ੍ਹੀਆਂ ਹਨ। ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਤੋਂ ਬਾਅਦ ਇਹ ਅੰਦੋਲਨ ਪੂਰੇ ਮੁਲਕ ਵਿਚ ਫੈਲ ਗਿਆ ਹੈ। ਸੰਸਦ ਵਿਚ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਨ੍ਹਾਂ ਕਾਨੂੰਨਾਂ ਦੇ ਇਕ-ਇਕ ਮਾਰੂ ਪ੍ਰਭਾਵ ਨੂੰ ਸੰਸਦ ਵਿਚ ਖੁੱਲ੍ਹ ਕੇ ਰੱਖਿਆ ਹੈ, ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਅੰਦੋਲਨ ਵਾਪਸ ਲੈਣ ਦੀ ਸਲਾਹ ਦੇ ਕੇ ਸਾਫ ਕਰ ਦਿੱਤਾ ਕਿ ਉਹ (ਕਿਸਾਨ) ਉਨ੍ਹਾਂ ਦੀ ਸਰਕਾਰ ਤੋਂ ਉਮੀਦ ਨਾ ਰੱਖਣ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਇਹ ਸਪਸ਼ਟ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਨੂੰ ਉਹ (ਸਰਕਾਰ) ਟੁਕੜੇ-ਟੁਕੜੇ ਗੈਂਗ, ਨਕਸਲੀ, ਦੇਸ਼-ਧ੍ਰੋਹੀ, ਦੇਸ਼ ਕੇ ਗੱਦਾਰ ਤੇ ਖਾਲਿਸਤਾਨੀ ਹੋਣ ਦਾ ‘ਰੁਤਬਾ` ਦੇਣ ਤੋਂ ਗੁਰੇਜ਼ ਨਹੀਂ ਕਰੇਗੀ।
ਯਾਦ ਰਹੇ ਕਿ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ, ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਣੇ ਹੋਰ ਮੰਗਾਂ ਨੂੰ ਲੈ ਕੇ ਲੱਖਾਂ ਦੀ ਗਿਣਤੀ ਵਿਚ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਮੱਲੀ ਬੈਠੇ ਹਨ। ਇਸ ਸੰਘਰਸ਼ ਵਿਚ 200 ਤੋਂ ਜ਼ਿਆਦਾ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ। ਹਜ਼ਾਰਾਂ ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਹੋਰਨਾਂ ਨੇ ਪੋਹ-ਮਾਘ ਦੀਆਂ ਸਰਦ ਰਾਤਾਂ ਸੜਕਾਂ `ਤੇ ਗੁਜ਼ਾਰੀਆਂ ਹਨ। 26 ਜਨਵਰੀ ਗਣਤੰਤਰ ਦਿਵਸ ਮੌਕੇ ਵਾਪਰੀਆਂ ਘਟਨਾਵਾਂ ਕਾਰਨ ਲੱਗੇ ਝਟਕੇ ਪਿੱਛੋਂ ਹੋਰ ਤਕੜਾ ਹੋ ਕੇ ਉਠੇ ਅੰਦੋਲਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ‘ਇਕ ਕਾਲ ਦੀ ਦੂਰੀ` ਵਾਲੇ ਬਿਆਨ ਤੋਂ ਜਾਪ ਰਿਹਾ ਸੀ ਕਿ ਸਰਕਾਰ ਦੇ ਮਨ ਵਿਚ ਕੋਈ ਚੀਸ ਉਠੀ ਹੈ ਤੇ ਮਸਲਾ ਹੱਲ ਹੋ ਜਾਵੇਗਾ ਪਰ ਇਸ ਬਿਆਨ ਦੇ ਅਗਲੇ ਕੁਝ ਦਿਨਾਂ ਵਿਚ ਜੋ ਹੋਇਆ, ਉਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਅੰਦੋਲਨ ਵਾਲੀਆਂ ਥਾਵਾਂ ਉਤੇ ਵੱਡੀ ਗਿਣਤੀ ਫੋਰਸ ਦੀ ਤਾਇਨਾਤੀ, ਬਿਜਲੀ-ਪਾਣੀ ਸਣੇ ਹੋਰ ਬੁਨਿਆਦੀ ਲੋੜਾਂ ਨੂੰ ਕੱਟ, ਇੰਟਰਨੈਟ ਪਾਬੰਦੀ, ਬੈਰੀਕੇਡਾਂ ਅੱਗੇ ਲੋਹੇ ਦੇ ਤਿੱਖੇ ਕਿੱਲ ਲਾਉਣ ਸਣੇ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਉਤੇ ਕਰਵਾਈ ਪੱਥਰਬਾਜ਼ੀ ਪਿੱਛੋਂ ਸੰਘਰਸ਼ ਕੌਮਾਂਤਰੀ ਹਮਦਰਦੀ ਲੈ ਗਿਆ।
ਅਮਰੀਕੀ ਪੌਪ ਸਟਾਰ ਰਿਆਨਾ, ਸਾਫ-ਸੁਥਰੇ ਵਾਤਾਵਰਨ ਲਈ ਆਵਾਜ਼ ਬੁਲੰਦ ਕਰਨ ਵਾਲੀ ਕਿਸ਼ੋਰ ਕਾਰਕੁਨ ਗ੍ਰੇਟਾ ਥੁਨਬਰਗ, ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ, ਗਾਇਕਾ ਜੇਅ ਸੀਨ, ਡਾਕਟਰ ਜਿਊਸ, ਬਾਲਗ ਫਿਲਮਾਂ ਦੀ ਸਾਬਕਾ ਸਟਾਰ ਮੀਆ ਖਲੀਫਾ, ਹੌਲੀਵੁੱਡ ਸਟਾਰ ਜੌਹਨ ਕੁਸੈਕ ਸਮੇਤ ਹੋਰ ਕੌਮਾਂਤਰੀ ਹਸਤੀਆਂ ਨੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ `ਤੇ ਡਟੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਲਈ ਨਿੱਤਰ ਆਈਆਂ। ਤ੍ਰਾਸਦੀ ਇਹ ਹੈ ਕਿ ਮੋਦੀ ਸਰਕਾਰ ਨੇ ਇਸ ਹਮਦਰਦੀ ਨੂੰ ਮੁਲਕ ਦੇ ਅੰਦਰੂਨੀ ਮਾਮਲੇ ਵਿਚ ਦਖਲ ਨਾਲ ਜੋੜ ਕੇ ਇਨ੍ਹਾਂ ਦੇ ਟਾਕਰੇ ਲਈ ਬੌਲੀਵੁੱਡ, ਖੇਡ ਤੇ ਹੋਰ ਖੇਤਰਾਂ ਨਾਲ ਨਾਲ ਜੁੜੀਆਂ ਭਾਰਤੀ ਹਸਤੀਆਂ ਨੂੰ ਅੱਗੇ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਟਵੀਟਾਂ ਰਾਹੀਂ ਸਰਕਾਰ ਦੀ ਭਾਸ਼ਾ ਬੋਲੀ ਤੇ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕੁਝ ਲੋਕ ਭਾਰਤ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਹਾਲਾਂਕਿ ਟਵੀਟਾਂ ਵਿਚ ਵਰਤੀ ਗਈ ਇਕੋ ਜਹੀ ਸ਼ੈਲੀ ਤੇ ਭਾਜਪਾ ਆਗੂਆਂ ਨੂੰ ਕੀਤੇ ਟੈਗ ਨੇ ਇਨ੍ਹਾਂ ‘ਦੇਸ਼ ਭਗਤਾਂ` ਦੀ ਛੇਤੀ ਹੀ ਪੋਲ ਖੁੱਲ੍ਹ ਦਿੱਤੀ ਤੇ ਮਹਾਰਾਸ਼ਟਰ ਸਰਕਾਰ ਨੇ ਇਸ ਦੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਹਨ ਕਿ ਭਾਰਤੀ ਬੌਲੀਵੁੱਡ ਨੇ ਕਿਸ ਦੇ ਦਬਾਅ ਵਿਚ ਅੰਦੋਲਨ ਦੇ ਖਿਲਾਫ ਮੁਹਿੰਮ ਚਲਾਈ।
ਅਸਲ ਵਿਚ, ਸਰਕਾਰ ਸਾਰਾ ਜ਼ੋਰ ਇਹੀ ਸਾਬਤ ਕਰਨ ਉਤੇ ਲਾ ਰਹੀ ਹੈ ਕਿ ਉਹ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ ਤੇ ਇਸ ਲਈ 11 ਦੌਰ ਦੀ ਗੱਲਬਾਤ ਵੀ ਕਰ ਚੁੱਕੀ ਹੈ ਪਰ ਕਿਸਾਨ ਅੜੀ ਕਰੀ ਬੈਠੇ ਹਨ। ਹਾਲਾਂਕਿ ਸਰਕਾਰ ਦਾ ਰਵੱਈਆ ਇਹ ਹੈ ਕਿ ਇਹ ਇਕ ਪਾਸੇ ਕਾਨੂੰਨਾਂ ਵਿਚ ਸੋਧਾਂ ਦੀਆਂ ਗੱਲਾਂ ਕਰਦੀ ਹੈ, ਦੂਜੇ ਪਾਸੇ ਇਨ੍ਹਾਂ ਦੇ ਫਾਇਦੇ ਗਿਣਵਾਉਣ ਉਤੇ ਜ਼ੋਰ ਲੱਗਾ ਹੋਇਆ ਹੈ। ਖੇਤੀ ਮੰਤਰੀ ਦਾ ਇਹੀ ਰਵੱਈਆ ਸੰਸਦ ਵਿਚ ਦਿਖਾਈ ਦਿੱਤਾ। ਖੇਤੀ ਮੰਤਰੀ ਦਾਅਵਾ ਕਰ ਰਹੇ ਸਨ ਕਿ ਕਿਸਾਨ ਜਥੇਬੰਦੀਆਂ ਦੇ ਆਗੂ 11 ਦੌਰ ਦੀਆਂ ਮੀਟਿੰਗਾਂ ਵਿਚ ਕਾਨੂੰਨਾਂ ਦਾ ਇਕ ਵੀ ਨੁਕਸਾਨ ਨਹੀਂ ਗਿਣਵਾ ਸਕੇ ਤੇ ਇਹ ਸੰਘਰਸ਼ ਇਕ ਸੂਬੇ ਤੱਕ ਹੀ ਸੀਮਤ ਹੈ।
ਕੇਂਦਰੀ ਖੇਤੀ ਮੰਤਰੀ ਦੇ ਬਿਆਨ ਵਿਚ ਸਭ ਤੋਂ ਵੱਡਾ ਵਿਰੋਧਾਭਾਸ ਇਹ ਹੈ ਕਿ ਜੇਕਰ ਕਾਨੂੰਨਾਂ ਵਿਚ ਕੋਈ ਵੀ ਗਲਤੀ ਨਹੀਂ ਹੈ ਤਾਂ ਸਰਕਾਰ ਉਨ੍ਹਾਂ ਵਿਚ ਸੋਧਾਂ ਕਰਨੀਆਂ ਕਿਉਂ ਮੰਨ ਰਹੀ ਹੈ? ਖੇਤੀ ਮੰਡੀਆਂ ਬਾਰੇ ਕਾਨੂੰਨ ਵਿਚ ਸਭ ਨੂੰ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਇਹ ਕਾਨੂੰਨ ਸੂਬਿਆਂ ਦੀਆਂ ਸਰਕਾਰੀ ਖੇਤੀ ਮੰਡੀਆਂ ਨੂੰ ਖਤਮ ਕਰਨ ਵੱਲ ਸੇਧਿਤ ਹੈ। ਇਸੇ ਤਰ੍ਹਾਂ ਕਾਰਪੋਰੇਟ ਖੇਤੀ ਬਾਰੇ ਕਾਨੂੰਨ (2020) ਦੀ ਧਾਰਾ 4 ਪੜ੍ਹ ਕੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਕਾਨੂੰਨ ਖਰੀਦਦਾਰ (ਭਾਵ ਕਾਰਪੋਰੇਟ ਅਦਾਰੇ) ਦੇ ਹੱਕ ਵਿਚ ਹੈ, ਕਿਉਂਕਿ ਖਰੀਦਦਾਰ ਤੇ ਕਿਸਾਨ ਦੇ ਸਮਝੌਤੇ ਵਿਚਲੀਆਂ ਸਾਰੀਆਂ ਸ਼ਰਤਾਂ ਖਰੀਦਦਾਰ ਹੀ ਤੈਅ ਕਰੇਗਾ। ਖੇਤੀ ਮੰਤਰੀ ਜਿਸ ਨੇ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਵਿਚ ਅਗਵਾਈ ਕੀਤੀ ਹੈ, ਤੋਂ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਉਹ ਸਦਨ ਵਿਚ ਇਸ ਤਰ੍ਹਾਂ ਦਾ ਬਿਆਨ ਦੇਵੇ ਪਰ ਇਸ ਦੇ ਬਾਵਜੂਦ ਖੇਤੀ ਕਾਨੂੰਨਾਂ ਉਤੇ ਬਹਿਸ ਦੇ ਜਵਾਬ ਵਿਚ ਸਰਕਾਰ ਨੇ ਸਾਰਾ ਜ਼ੋਰ ਇਹ ਸਾਬਤ ਕਰਨ ਉਤੇ ਲਾ ਦਿੱਤਾ ਕਿ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ ਤੇ ਸੰਘਰਸ਼ ਸਿਰਫ ਕੁਝ ਸ਼ਰਾਰਤੀ ਲੋਕਾਂ ਤੱਕ ਸੀਮਤ ਹੈ। ਸਰਕਾਰ ਦੇ ਇਹ ਤਰਕ ਮਸਲੇ ਨੂੰ ਹੱਲ ਕਰਨ ਦੀ ਹੋਰ ਉਲਝਾ ਸਕਦੇ ਹਨ।
_______________________
‘ਕਿਸਾਨਾਂ ਨਾਲ ਲੜ ਕੇ ਨਾ ਕੋਈ ਜਿੱਤਿਆ, ਨਾ ਜਿੱਤੇਗਾ`
ਨਵੀਂ ਦਿੱਲੀ: ਰਾਜ ਸਭਾ `ਚ ਨੇਤਾ ਗੁਲਾਮ ਨਬੀ ਆਜ਼ਾਦ ਨੇ ‘ਪਗੜੀ ਸੰਭਾਲ ਜੱਟਾ’ ਗੀਤ ਦੀ ਯਾਦ ਦਿਵਾਉਂਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅੰਗਰੇਜ਼ਾਂ ਨੂੰ ਵੀ ਕਿਸਾਨਾਂ ਦੇ ਅੱਗੇ ਝੁਕਣਾ ਪਿਆ ਸੀ। ਕਿਸਾਨਾਂ ਨਾਲ ਲੜਾਈ ਕਰ ਕੇ ਨਾ ਕੋਈ ਜਿੱਤਿਆ, ਨਾ ਜਿੱਤੇਗਾ। ਆਜ਼ਾਦ ਨੇ ਕਿਸਾਨੀ ਸੰਘਰਸ਼ ਦੇ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ 1906 ਵਿਚ ਅੰਗਰੇਜ਼ ਹਕੂਮਤ ਨੇ ਕਿਸਾਨਾਂ ਖਿਲਾਫ ਤਿੰਨ ਕਾਨੂੰਨ ਬਣਾਏ ਸੀ ਤੇ ਉਨ੍ਹਾਂ ਦਾ ਮਾਲਕਾਨਾ ਹੱਕ ਲਿਆ ਸੀ, ਜਿਸ ਦੇ ਵਿਰੋਧ `ਚ 1907 ਵਿਚ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਦੀ ਅਗਵਾਈ ਵਿਚ ਪੰਜਾਬ `ਚ ਅੰਦੋਲਨ ਹੋਇਆ ਜਿਸ ਨੂੰ ਲਾਲਾ ਲਾਜਪਤ ਰਾਏ ਦਾ ਵੀ ਸਮਰਥਨ ਮਿਲਿਆ। ਅੰਤ ਸਰਕਾਰ ਨੂੰ ਝੁਕਣਾ ਪਿਆ ਸੀ।

ਦਿੱਲੀ ਪੁਲਿਸ ਵੱਲੋਂ ਦੀਪ ਸਿੱਧੂ ਗ੍ਰਿਫਤਾਰ
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲੇ ਵਿਚ ਹੋਈ ਹਿੰਸਾ ਮਾਮਲੇ `ਚ ਸਭ ਤੋਂ ਵੱਧ ਚਰਚਾ ਵਿਚ ਰਹੇ ਅਦਾਕਾਰ ਦੀਪ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਇਹ ਗ੍ਰਿਫਤਾਰੀ ਕਿਥੋਂ ਤੇ ਕਿਵੇਂ ਹੋਈ, ਇਸ ਨੂੰ ਲੈ ਕੇ ਦਿੱਲੀ ਪੁਲਿਸ ਉਤੇ ਸਵਾਲ ਉਠ ਰਹੇ ਹਨ।
ਸ਼ੁਰੂ ਵਿਚ ਦਾਅਵਾ ਕੀਤਾ ਗਿਆ ਕਿ ਇਹ ਗ੍ਰਿਫਤਾਰੀ ਪੰਜਾਬ ਦੇ ਜ਼ੀਰਕਪੁਰ ਤੋਂ ਹੋਈ ਹੈ ਪਰ ਸ਼ਾਮ ਹੁੰਦੇ-ਹੁੰਦੇ ਆਖ ਦਿੱਤਾ ਗਿਆ ਸਿੱਧੂ ਨੂੰ ਕਰਨਾਲ ਤੋਂ ਕਾਬੂ ਕੀਤਾ ਹੈ। ਇਹ ਵੀ ਚਰਚਾ ਹੈ ਕਿ ਦੀਪ ਸਿੱਧੂ ਨੇ ਆਤਮ ਸਮਰਪਣ ਕੀਤਾ ਹੈ। ਯਾਦ ਰਹੇ ਕਿ ਲਾਲ ਕਿਲ੍ਹੇ ਦੀ ਹਿੰਸਾ ਤੋਂ ਬਾਅਦ ਦੀਪ ਸਿੱਧੂ ਖਿਲਾਫ ਕਾਰਵਾਈ ਨੂੰ ਲੈ ਕੇ ਪੁਲਿਸ ਉਤੇ ਸਵਾਲ ਉਠ ਰਹੇ ਹਨ। ਵੱਡੀ ਗਿਣਤੀ ਕਿਸਾਨ ਜਥੇਬੰਦੀਆਂ ਨੇ ਪਹਿਲੇ ਹੀ ਦਿਨ ਤੋਂ ਸਾਫ ਕਰ ਦਿੱਤਾ ਸੀ ਕਿ ਲਾਲ ਕਿਲ੍ਹੇ ਉਤੇ ਜੋ ਵੀ ਹੋਇਆ, ਉਹ ਦੀਪ ਸਿੱਧੂ ਨੇ ਸਰਕਾਰੀ ਇਸ਼ਾਰੇ ਉਤੇ ਕੀਤਾ। ਇਸ ਸਬੰਧੀ ਦੀਪ ਸਿੱਧੂ ਦੀਆਂ ਪ੍ਰਧਾਨ ਮੰਤਰੀ ਮੋਦੀ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਨਾਲ ਪੁਰਾਣੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਇਸ ਅਦਾਕਾਰ ਖਿਲਾਫ ਪੁਲਿਸ ਦੀ ਢਿੱਲੀ ਕਾਰਵਾਈ ਉਤੇ ਵੀ ਸਵਾਲ ਉਠੇ। ਚੁਫੇਰਿਉਂ ਦਬਾਅ ਤੋਂ ਬਾਅਦ ਆਖਰ ਪੁਲਿਸ ਨੂੰ ਦੀਪ ਸਿੱਧੂ ਨੂੰ ਗ੍ਰਿਫਤਾਰ ਕਰਨਾ ਪਿਆ ਹੈ। ਦੀਪ ਸਿੱਧੂ ਉਤੇ 26 ਜਨਵਰੀ ਨੂੰ ਦਿੱਲੀ `ਚ ਕਿਸਾਨਾਂ ਵੱਲੋਂ ਕੱਢੇ ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨੂੰ ਭੜਕਾਉਣ ਤੇ ਲਾਲ ਕਿਲੇ ਵਿਚ ਦਾਖਲ ਹੋ ਕੇ ਧਾਰਮਿਕ ਝੰਡਾ ਲਹਿਰਾਉਣ ਦਾ ਦੋਸ਼ ਹੈ।