ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਅਕੀਰਾ ਕੁਰੋਸਾਵਾ ਦੀ ਫਿਲਮ ‘ਰਾਨ` ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਜੰਗ ਦੀ ਵਿਕਰਾਲਤਾ ਅਤੇ ਸ਼ਾਸਕਾਂ ਦੀ ਬੇਈਮਾਨੀ ਦੀ ਗੱਲ ਕੀਤੀ ਗਈ ਹੈ।
ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330
ਅਕੀਰਾ ਕੁਰੋਸਾਵਾ ਦੀ ਫਿਲਮ ‘ਰਾਨ` ਦਾ ਅਰਥ ਬਣਦਾ ਹੈ: ਹਫੜਾ-ਦਫੜੀ ਜੋ ਫਿਲਮ ਦੀ ਗਤੀ ਨੂੰ ਸੈੱਟ ਕਰਦੀ ਹੈ। ਫਿਲਮ ‘ਰਾਨ` ਦੀ ਕਹਾਣੀ ਦਾ ਧੁਰਾ ਸ਼ੇਕਸਪੀਅਰ ਦੇ ਡਰਾਮੇ ‘ਕਿੰਗ ਲੀਅਰ` ਦੇ ਆਲੇ-ਦੁਆਲੇ ਘੁੰਮਦਾ ਹੈ। ਇਸ ਡਰਾਮੇ ਦੀ ਕਹਾਣੀ ਬੇਹੱਦ ਦਿਲਚਸਪ ਹੈ। ਇਸ ਵਿਚ ਕਿੰਗ ਲੀਅਰ ਨਾਮ ਦਾ ਰਾਜਾ ਹਕੀਕਤ ਦੀ ਥਾਂ ਸੱਤਾ ਦੀ ਉਪਰਲੀ ਚਮਕ-ਦਮਕ ਦਾ ਆਦੀ ਹੋ ਜਾਂਦਾ ਹੈ। ਉਹ ਸੱਤਾ ਦੀ ਸਹਾਇਤਾ ਨਾਲ ਪ੍ਰਾਪਤ ਹੋਏ ਹਰ ਤਰ੍ਹਾਂ ਦਾ ਆਦਰਮਾਣ ਤੇ ਸੁੱਖ-ਸਹੂਲਤਾਂ ਤਾਂ ਭੋਗਣੀ ਚਾਹੁੰਦਾ ਹੈ ਪਰ ਜਨਤਾ ਪ੍ਰਤੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਨਹੀਂ। ਉਸ ਦੇ ਤਿੰਨੇ ਮੁੰਡੇ ਉਸ ਦੀ ਇਸ ਕਮਜ਼ੋਰੀ ਨੂੰ ਤਾੜ ਲੈਂਦੇ ਹਨ ਤੇ ਉਨ੍ਹਾਂ ਦਾ ਉਸ ਪ੍ਰਤੀ ਵਤੀਰਾ ਇੱਜ਼ਤ-ਮਾਣ ਦੀ ਥਾਂ ਨਿੰਦਾ ਤੇ ਭੰਡਣ ਵਾਲਾ ਹੋ ਜਾਂਦਾ ਹੈ। ਫਿਲਮ ਵਿਚ ਇਹ ਸਾਰਾ ਕੁਝ ਇੰਨੀ ਬਾਰੀਕੀ ਤੇ ਤਿੱਖੇ ਰੂਪ ਵਿਚ ਫਿਲਮਾਇਆ ਗਿਆ ਹੈ ਕਿ ਦਰਸ਼ਕ ਕਿੰਗ ਲੀਅਰ ਦੀ ਤਰਾਸਦੀ ਤੇ ਉਸ ਦੀ ਮਾਨਸਿਕ ਟੁੱਟ-ਭੱਜ ਦੇ ਅਮਲ ਨੂੰ ਨਜ਼ਦੀਕ ਤੋਂ ਦੇਖ ਸਮਝ ਸਕਦਾ ਹੈ।
ਇਸ ਫਿਲਮ ਦਾ ਥੀਮ ‘ਦੇਅਰ ਵਿਲ ਵੀ ਬਲੱਡ` ਹੈ। ਇਹ ਥੀਮ ਫਿਲਮ ਦੇ ਸੰਗੀਤ, ਇਸ ਦੀ ਗਤੀ, ਇਸ ਦੇ ਕਿਰਦਾਰਾਂ ਦੀ ਤਰਜ਼ੇ-ਜ਼ਿੰਦਗੀ, ਘਟਨਾਵਾਂ ਦੀ ਅਨਿਸ਼ਚਿਤਤਾ ਤੇ ਕਿੰਗ ਲੀਅਰ ਦੇ ਕਿਰਦਾਰ ਨੂੰ ਪਰਦੇ ‘ਤੇ ਪੇਸ਼ ਕਰ ਰਹੇ ਅਦਾਕਾਰ ਤਤਸੁਈਆ ਨਕਦੇਈ ਦੇ ਹਾਵਾਂ-ਭਾਵਾਂ ਰਾਹੀ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਇਹ ਫਿਲਮ ਲਿਖਣ ਤੇ ਫਿਰ ਇਸ ਲਈ ਫੰਡ ਇਕੱਠਾ ਕਰਨ ਲਈ ਅਕੀਰਾ ਕੁਰੋਸਾਵਾ ਨੇ ਦਸ ਸਾਲ ਲਗਾਤਾਰ ਇੰਤਜ਼ਾਰ ਕੀਤਾ। ਇਸ ਦੌਰਾਨ ਉਸ ਨੇ ਫਿਲਮਾਂਕਣ ਨਾਲ ਸਬੰਧਿਤ ਹਜ਼ਾਰਾਂ ਸਕੈਚ ਤੇ ਲੜਾਈ ਦੀਆਂ ਅਨੇਕਾਂ ਡਰਾਇੰਗਾਂ ਬਣਾਈਆਂ। ਇਨ੍ਹਾਂ ਰਾਹੀਂ ਉਸ ਨੇ ਆਪਣੇ ਅਤੀਤ ਤੇ ਜ਼ਿੰਦਗੀ ਦੀਆਂ ਘਟਨਾਵਾਂ ਦੀ ਇਸ ਫਿਲਮ ਦੇ ਨਿਰਮਾਣ ਵਿਚ ਵਰਤੋਂ ਨੂੰ ਵੀ ਚਿਤਰਿਆ। ਫਿਲਮ ਦੀ ਇੱਕ ਹੋਰ ਖਾਸੀਅਤ ਸਾਰੀ ਫਿਲਮ ਵਿਚ ਮੌਤ ਦਾ ਸੰਗੀਤ ਟੁਣਕਣ ਦੀ ਹੈ, ਅਰਥਾਤ ਪੂਰੀ ਫਿਲਮ ਵਿਚ ਜੰਗ ਤੇ ਮੌਤ ਹੀ ਕਿਰਦਾਰਾਂ ਦੀ ਹੋਣੀ ਤੈਅ ਕਰ ਰਹੇ ਹਨ, ਵਿਚਲਾ ਰਸਤਾ ਕੋਈ ਨਹੀਂ। ਫਿਲਮ ਮੌਤ ਤੇ ਜੰਗ ਦੇ ਇਸ ਚਿਤਰਨ ਦੌਰਾਨ ਬੁੱਧ ਧਰਮ ਦੇ ਚਿੰਨ੍ਹਾਂ ਤੇ ਸਿੱਖਿਆਵਾਂ ਦਾ ਜ਼ਬਰਦਸਤ ਪ੍ਰਯੋਗ ਕਰਦੀ ਹੈ। ਇਹ ਇਸ ਫਿਲਮ ਦੀ ਦਾਰਸ਼ਨਿਕ ਗਹਿਰਾਈ ਦਾ ਧੁਰਾ ਵੀ ਹੋ ਨਿਬੜਦਾ ਹੈ। ਕੀ ਸੱਤਾ ਤੇ ਹਿੰਸਾ ਨੂੰ ਇੱਕ-ਦੂਜੇ ਤੋਂ ਨਿਖੇੜ ਕੇ ਪੜ੍ਹਿਆ ਜਾ ਸਕਦਾ ਹੈ? ਕੀ ਸਟੇਟ ਜਾਂ ਰਾਜ ਆਪਣੇ-ਆਪ ਵਿਚ ਹੀ ਹਿੰਸਾਤਮਕ ਢਾਂਚਾ ਤਾਂ ਨਹੀਂ? ਕੀ ਹਿੰਸਾ ਹੀ ਸੱਤਾ ਪ੍ਰਾਪਤੀ ਤੇ ਉਸ ਨੂੰ ਬਣਾਈ ਰੱਖਣ ਦਾ ਇਕਲੌਤਾ ਸਾਧਨ ਤਾਂ ਨਹੀਂ?
ਇਨ੍ਹਾਂ ਸਵਾਲਾਂ ਦੇ ਜਵਾਬ ਫਿਲਮ ਦੀ ਪਟਕਥਾ ਦੇ ਨਾਲ-ਨਾਲ ਖੁੱਲ੍ਹਦੇ ਜਾਂਦੇ ਹਨ। ਫਿਲਮ ਵਿਚ ਅਹਿੰਸਾ ਤੇ ਹਿੰਸਾ ਬਾਰੇ ਤੁਲਨਾਤਮਿਕ ਬਿਰਤਾਂਤ ਲਗਾਤਾਰ ਚੱਲਦਾ ਰਹਿੰਦਾ ਹੈ। ਇਸ ਵਿਚ ਜਿਹੜੇ ਕਿਰਦਾਰ ਹਿੰਸਾ ਦੇ ਰਾਹ ‘ਤੇ ਚੱਲਦਿਆਂ ਬੁੱਧ ਦੇ ਫਲਸਫੇ ਤੋਂ ਦੂਰ ਹੁੰਦੇ ਜਾਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਵਿਚ ਹਾਲਾਤ ਨਰਕ ਵਾਂਗ ਬਣਦੇ ਜਾਂਦੇ ਹਨ ਤੇ ਹੌਲੀ-ਹੌਲੀ ਉਨ੍ਹਾਂ ਦੀ ਮਾਨਸਿਕ ਹਾਲਤ ਵਿਗੜਦੀ ਜਾਂਦੀ ਹੈ। ਉਸ ਦੀ ਇਸ ਹਾਲਤ ਨੂੰ ਦੋ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ ਇਹ ਕਿ ਇੱਕ ਪਰਿਵਾਰ ਵਿਚ ਸੱਤਾ ਤਬਦੀਲੀ ਦਾ ਅਮਲ ਵੀ ਕਿਸੇ ਰਾਜ ਦੀ ਸੱਤਾ ਤਬਦੀਲੀ ਵਾਂਗ ਹੀ ਹਿੰਸਕ ਤੇ ਖੂਨੀ ਹੋ ਸਕਦੀ ਹੈ। ਦੂਜਾ ਇਹ ਕਿ ਪਰਿਵਾਰਕ ਰਿਸ਼ਤਿਆਂ ਦੀ ਵਿਆਕਰਨ ਵੀ ਬਹੁਤ ਵਾਰ ਸਮਾਜਿਕ ਤੇ ਸਿਆਸੀ ਹਾਲਾਤ ਹੀ ਤੈ ਕਰਦੇ ਹਨ ਜਿਨ੍ਹਾਂ ਨਾਲ ਨਜਿੱਠੇ ਬਿਨਾਂ ਸ਼ਾਂਤੀ ਦੀ ਗੱਲ ਕਰਨੀ ਮੂਰਖਤਾ ਹੀ ਹੈ।
ਅਕੀਰਾ ਕੁਰੋਸਾਵਾ ਦੀ ਖਾਸੀਅਤ ਇਹ ਹੈ ਕਿ ਉਹ ਰੰਗਾਂ, ਸੰਗੀਤ ਅਤੇ ਲੰਮੇ ਤੇ ਨਜ਼ਦੀਕੀ ਦ੍ਰਿਸ਼ਾਂ ਦੁਆਰਾ ਇਸ ਤਰ੍ਹਾਂ ਦੀ ਕਹਾਣੀ ਸਿਰਜਦਾ ਹੈ ਕਿ ਇਹ ਕਿਸੇ ਕਲਪਨਾ ਲੋਕ ਦਾ ਹਿੱਸਾ ਹੀ ਲੱਗਦਾ ਹੈ। ਇਸ ਫਿਲਮ ਦੀ ਸਭ ਤੋਂ ਜ਼ਿਆਦਾ ਪ੍ਰਸੰਸਾ ਜੰਗ ਦੇ ਭਿਆਨਕ ਪਰ ਬਹੁਤ ਹੀ ਸ਼ਾਨਦਾਰ ਢੰਗਾਂ ਨਾਲ ਦਰਸਾਏ ਦ੍ਰਿਸ਼ਾਂ ਲਈ ਹੁੰਦੀ ਹੈ। ਜਦੋਂ ਇਸ ਵਿਚ ਇਸ ਤੱਥ ‘ਤੇ ਧਿਆਨ ਦਿੱਤਾ ਜਾਂਦਾ ਹੈ ਕਿ ਅਕੀਰਾ ਨੇ ਇਹ ਸਭ ਉਦੋਂ ਫਿਲਮਾਇਆਂ ਜਦੋਂ ਕਪਿਊਟਰ ਤੇ ਡਿਜ਼ੀਟਲ ਤਕਨੀਕਾਂ ਦਾ ਨਾਮੋ-ਨਿਸ਼ਾਨ ਨਹੀਂ ਸੀ ਤਾਂ ਉਸ ਦੀ ਕਲਪਨਾ ਤੇ ਨਿਰਦੇਸ਼ਨ ਅੱਗੇੇ ਸਿਰ ਝੁਕਦਾ ਹੈ।
ਫਿਲਮ ‘ਰਾਨ’ ਇਸ ਲਈ ਵੀ ਦੇਖਣੀ ਚਾਹੀਦੀ ਹੈ ਕਿ ਇਹ ਹਿੰਸਾ ਅਤੇ ਪਾਗਲਪਣ ਵਿਚਕਾਰ ਬਣਦੇ ਸਬੰਧਾਂ ‘ਤੇ ਕਰਾਰਾ ਵਿਅੰਗ ਹੈ। ਫਿਲਮ ਦੇਖਦਿਆਂ ਜਾਬਰ ਰਾਜੇ ਦੀ ਹੋਣੀ ਦੇ ਸਾਖਸ਼ਾਤ ਦਰਸ਼ਨ ਹੁੰਦੇ ਹਨ ਜੋ ਸਾਰੀ ਉਮਰ ਲੋਕਾਈ ਨੂੰ ਜੰਗ ਦੀ ਬਰਬਰਤਾ ਵਿਚ ਧੱਕਦਾ ਹੈ ਪਰ ਉਮਰ ਦੇ ਅੰਤਲੇ ਵਰ੍ਹਿਆਂ ਵਿਚ ਖੁਦ ਚੈਨ ਨਾਲ ਜਿਊਣਾ ਚਾਹੁੰਦਾ ਹੈ। ਅਕੀਰਾ ਅਨੁਸਾਰ ਅਜਿਹੇ ਸ਼ਖਸ ਦੀ ਤਰਾਸਦੀ ਦੁਨੀਆ ਦੀ ਸਭ ਤੋਂ ਵੱਡੀ ਤਰਾਸਦੀ ਹੈ ਜਿਸ ਨੂੰ ਜ਼ਿੰਦਗੀ ਦੀ ਸਮਝ ਮੌਤ ਦੁਆਰਾ ਦਰਵਾਜ਼ਾ ਖੜਕਾਉਣ ‘ਤੇ ਹੁੰਦੀ ਹੈ। ਫਿਲਮ ਸ਼ੇਕਸਪੀਅਰ ਦੇ ਡਰਾਮੇ ਦਾ ਜਪਾਨੀ ਪੁਨਰ-ਜਨਮ ਕਹੀ ਜਾ ਸਕਦੀ ਹੈ।