ਪੰਜਾਬੀ ਦੀ ਕਿਸਾਨੀ ਤੇ ਹਮਦਰਦ ਹਾਅ ਦਾ ਨਾਅਰਾ

ਗੁਲਜ਼ਾਰ ਸਿੰਘ ਸੰਧੂ
ਡਾ. ਬਰਜਿੰਦਰ ਸਿੰਘ ਹਮਦਰਦ ਦੀ ਕਲਮ ਤੇ ਆਵਾਜ਼ ਇੱਕੋ ਜਿੰਨੀਆਂ ਪ੍ਰਭਾਵੀ ਹਨ। ਕਲਮ ਪੱਤਰਕਾਰੀ ਕਰਦੀ ਹੈ ਤੇ ਆਵਾਜ਼ ਸੰਗੀਤਕ ਐਲਬਮਾਂ ਰਚਦੀ ਹੈ। ਪਹਿਲੀ ਉਸ ਦੀ ਬੀਵੀ ਮਾਤਰ ਹੈ ਤੇ ਦੂਜੀ ਮਾਸ਼ੂਕਾ। ਕੁਦਰਤੀ ਹੈ ਕਿ ਮਾਸ਼ੂਕਾ ਨੇ ਬਹੁਤ ਦੇਰ ਪਿਛੋਂ ਉਸ ਦੇ ਮਨ ਵਿਚ ਪ੍ਰਵੇਸ਼ ਕਰਕੇ ਬੀਵੀ ਦੇ ਬਰਾਬਰ ਦੀ ਥਾਂ ਬਣਾ ਲਈ ਹੈ। ਸਿਰਫ 18 ਸਾਲ ਦੇ ਸਮੇਂ ਵਿਚ ਪੰਜਾਬ ਦੇ ਲੋਕ ਗੀਤਾਂ, ਸੂਫੀਆਨਾ ਕਲਾਮ ਤੇ ਆਪਣੇ ਮਿੱਤਰਾਂ ਦੀਆਂ ਗਜ਼ਲਾਂ ਨੂੰ ਆਪਣੀ ਸਹਿਜ ਤੇ ਸੁਰੀਲੀ ਆਵਾਜ਼ ਵਿਚ ਪਰੋ ਕੇ 14 ਸੀਡੀਆਂ ਪੰਜਾਬੀ ਜਗਤ ਦੀ ਝੋਲੀ ਪਾਉਣਾ ਇਸ ਦਾ ਸਬੂਤ ਹੈ।

ਸਿਜਦਾ, ਆਹਟ, ਖੁਸ਼ਬੂ, ਆਸਥਾ, ਦਰਦੇ ਦਿਲ, ਰੂਹਾਨੀ ਰਮਜ਼ਾਂ ਤੇ ਮਾਣ ਨਾ ਕੀਜੇ ਨਾਂਵਾਂ ਵਾਲੀਆਂ ਇਨ੍ਹਾਂ ਸੀਡੀਆਂ ਵਿਚ ਉਸ ਦੀ ਪਸੰਦ ਵੀ ਸ਼ਾਮਲ ਹੈ ਤੇ ਮਿੱਤਰਾਂ ਦੀ ਯਾਦ ਵੀ। ਖੂਬੀ ਇਹ ਕਿ ਬਰਜਿੰਦਰ ਸਿੰਘ ਸਮੇਂ ਦੀ ਨਬਜ਼ ਪਛਾਣਦਾ ਹੈ। ਨਵੀਨਤਮ ਐਲਬਮ ‘ਦੇਸ ਪੰਜਾਬ’ ਵਿਚ ਉਸ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਉਤਮਤਾ ਵੀ ਉਭਾਰੀ ਹੈ ਤੇ ਕਿਸਾਨੀ ਦਾ ਦਰਦ ਵੀ ਪਛਾਣਿਆ ਹੈ। ਅਜਿਹਾ ਕਰਨ ਲਈ ਉਸ ਨੇ ਬਾਬੂ ਫਿਰੋਜ਼ਦੀਨ ਸ਼ਰਫ, ਧਨੀ ਰਾਮ ਚਾਤ੍ਰਿਕ, ਸ਼ਾਹ ਮੁਹੰਮਦ ਤੇ ਬਾਂਕੇ ਦਿਆਲ ਵਰਗੇ ਉੱਚ ਦੁਮਾਲੜੇ ਪੰਜਾਬੀ ਕਵੀਆਂ ਦੀ ਟੇਕ ਲਈ ਹੈ।
ਧਨੀ ਰਾਮ ਚਾਤ੍ਰਿਕ ਦੇ ਬੋਲ ਹੀ ਲੈ ਲਵੋ,
ਪੰਜਾਬ ਕਰਾਂ ਕੀ ਸਿਫਤ ਤੇਰੀ
ਸ਼ਾਨ ਦੇ ਸਭ ਸਾਮਾਨ ਤੇਰੇ।
ਜਲ ਪੌਣ ਤੇਰਾ ਹਰਿਆਵਲ ਤੇਰੀ
ਦਰਿਆ, ਪਰਬਤ, ਮੈਦਾਨ ਤੇਰੇ।
ਭਾਰਤ ਦੇ ਸਿਰ ’ਤੇ ਛਤਰ ਤੇਰੇ
ਤੇਰੇ ਸਿਰ ਛਤਰ ਹਿਮਾਲਾ ਦਾ।
ਮੋਢੇ ’ਤੇ ਚਾਦਰ ਬਰਫਾਂ ਦੀ
ਸੀਨੇ ਵਿਚ ਸੇਕ ਜੁਆਲਾ ਦਾ।
ਝੱਖੜ ਬੇਅੰਤ ਤੇਰੇ ਸਿਰ ’ਤੇ
ਆ ਆ ਕੇ ਮਿਟ ਮਿਟ ਜਾਂਦੇ ਰਹੇ।
ਫਰਜ਼ੰਦ ਤੇਰੇ ਚੜ੍ਹ ਚਰਖੜੀ ’ਤੇ
ਆਕਾਸ਼ ਤੇਰਾ ਚਮਕਾਂਦੇ ਰਹੇ।
ਜਾਗੇ ਕਈ ਦੇਸ਼ ਜਗਾਣ ਲਈ
ਸੱੁਤੇ ਸੌ ਗਏ ਸੁਲਤਾਨ ਕਈ।
ਸੀਸ ਤਲੀ ਧਰ ਖੇਡਾ ਵਾਹੰੁਦੇ
ਹੀਰੇ ਹੋ ਗਏ ਕੁਰਬਾਨ ਕਈ।
ਤੰੂ ਸੈਦ ਭੀ ਹੈਂ ਸਯਾਦ ਭੀ ਹੈ
ਸੀਰੀ ਵੀ ਹੈ, ਫਰਿਹਾਦ ਭੀ ਹੈ।
ਢਲ ਜਾਣ ਲਈ ਤੰੂ ਮੋਮ ਵੀ ਹੈ
ਲੋੜ ਪਿਆ ਫੌਲਾਦ ਵੀ ਹੈ।
ਸੋਹਣੇ ਦੇਸਾਂ ਵਿਚੋਂ ਦੇਸ ਪੰਜਾਬ ਵਿਚ ਫਿਰੋਜ ਦੀਨ ਸ਼ਰਫ ਦੇ ਹੇਠ ਲਿਖੇ ਬੋਲੇ ਉਸ ਸਾਂਝੇ ਪੰਜਾਬੀ ਦਾ ਗੁਣ ਗਾਇਨ ਕਰਦੇ ਹਨ, ਜਿਸ ਦਾ ਅੱਧਾ ਹਿੱਸਾ ਅੱਜ ਫਿਰ ਕੁਰਬਾਨੀ ਦੇਣ ਲਈ ਅੱਗੇ ਵਧਿਆ ਹੈ,
ਮੌਜ ਲਾਈ ਦਰਿਆਵਾਂ
ਸੋਹਣੇ ਬਾਗ ਜਮੀਨਾਂ ਫਲਦੇ।
ਸ਼ਰਫ ਪੰਜਾਬੀ ਧਰਤੀ ਉੱਤੇ
ਠੁਮਕ ਠੁਮਕ ਪਏ ਚਲਦੇ।
ਸਤਲੁਜ, ਰਾਵੀ, ਜਿਹਲਮ
ਅਟਕ, ਚਨਾਬ ਦੀ ਸਹੀਓ,
ਸੋਹਣੇ ਦੇਸਾਂ ਵਿਚੋਂ
ਦੇਸ ਪੰਜਾਬ ਨੀ ਸਹੀਓ।
ਇਥੋਂ ਤੱਕ ਕਿ ਬਰਜਿੰਦਰ ਹੁਰਾਂ ਕਿਸਾਨਾਂ ਦੇ ਅਜੋਕੇ ਦਰਦ ਨੂੰ ਉਭਾਰਨ ਲਈ ਇਤਿਹਾਸ ਦੇ ਪੰਨਿਆਂ ਵਿਚੋਂ ਸਾਹ ਮੁਹੰਮਦ ਦੀ ਉਗਲ ਫੜਨੋਂ ਵੀ ਸੰਕੋਚ ਨਹੀਂ ਕੀਤਾ,
ਕਈ ਮਾਂਵਾਂ ਦੇ ਪੱੁਤ ਨੇ ਮੋਏ ਓਥੇ,
ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੇ।
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੇ।
ਖੂਬੀ ਇਹ ਕਿ ਬਰਜਿੰਦਰ ਹੁਰਾਂ ਇਸ ਦਰਦ ਦੀ ਦਵਾ ਵੀ ਇੱਕ ਸਦੀ ਪਹਿਲਾਂ ਵਾਲੇ ਬਾਂਕੇ ਦਿਆਲ ਦੇ ਬੋਲਾਂ ਵਿਚ ਲੱਭ ਲਈ ਹੈ,
ਪਗੜੀ ਸੰਭਾਲ ਜੱਟਾ
ਪਗੜੀ ਸੰਭਾਲ ਓਏ।
ਲੁਟ ਲਿਆ ਤੇਰਾ ਮਾਲ ਜੱਟ
ਲੱੁਟ ਲਿਆ ਮਾਲ ਓਏ।
ਬਣ ਕੇ ਨੇ ਤੇਰੇ ਲੀਡਰ
ਰਾਜੇ ਤੇ ਖਾਨ ਬਹਾਦਰ,
ਤੈਨੂੰ ਹੀ ਖਾਵਣ ਖਾਤਿਰ
ਵਿਛਾਏ ਨੇ ਜਾਲ ਓਏ।
ਬਾਂਕੇ ਦਿਆਲ ਦੇ ਬੋਲਾਂ ਨੇ ਭਗਤ ਸਿੰਘ ਸ਼ਹੀਦ ਦੇ ਚਾਚਾ ਅਜੀਤ ਸਿੰਘ ਦੀ ਸੋਚ ਨੂੰ ਆਵਾਜ਼ ਦਿੱਤੀ ਸੀ, ਜਿਸ ਵਿਚ ਰਾਜਨੀਤੀ ਤੋਂ ਬਾਹਰੀ ਕਿਸਾਨੀ ਵੇਦਨਾ ਉਤੇ ਪਹਿਰਾ ਦਿੱਤਾ ਗਿਆ ਸੀ। ਬਰਜਿੰਦਰ ਸਿੰਘ ਦੀ ਆਵਾਜ਼ ਵੀ ਉਹ ਵਾਲੇ ਅੰਤਰ ਨੂੰ ਉਭਾਰਦੀ ਹੈ। ਐਲਬਮ ਦੀ ਰਚਨਾ ਜੱਟ ਨੂੰ ਜਿੱਤ ਕੇ ਮੇਲੇ ਜਾਂਦਾ ਦਿਖਾਉਂਦੀ ਹੈ। ਇੱਕ ਵਾਰ ਫਿਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਨਾਏ ਧਨੀ ਰਾਮ ਚਾਤ੍ਰਿਕ ਦੀ ਉਗਲੀ ਫੜ ਕੇ। ਇਸ ਲਈ ਕਿ ਦੁਸ਼ਮਣ ਤਾਕਤਾਂ ਅਜੋਕੇ ਕਿਸਾਨਾਂ ਨੂੰ ਗੁਮਰਾਹ ਕਰਨ ਵਿਚ ਸਫਲ ਨਾ ਹੋਣ।
ਬਰਜਿੰਦਰ ਸਿੰਘ ਹਮਦਰਦ ਦੀ ਉਪਰੋਕਤ ਭਾਵਨਾ ਵਾਲੀ ਸੰਗੀਤਕ ਐਲਬਮਾਂ ਦੀ ਥਾਹ ਪਾਉਣ ਲਈ ਸਾਨੂੰ ਪਿਛਲੀ ਸਦੀ ਦੇ ਸੱਤਰਵਿਆਂ ਵੱਲ ਝਾਤ ਮਾਰਨੀ ਪਵੇਗੀ, ਜਦੋਂ ਉਸ ਨੇ ਪੂਰੇ ਚਾਰ ਸਾਲ ‘ਅੰਨ ਦਾਤਾ’ ਨਾਂ ਦਾ ਮਾਸਕ ਰਸਾਲਾ ਏਸ ਭਾਵਨਾ ਹਿੱਤ ਚਲਾਇਆ ਸੀ। ਉਸ ਦੀ ਸੱਜਰੀ ਸੰਗੀਤਕ ਐਲਬਮ ‘ਦੇਸ ਪੰਜਾਬ’ ਉਚੇਚੇ ਸਵਾਗਤ ਦੀ ਮੰਗ ਕਰਦੀ ਹੈ।
ਦਿੱਲੀ ਪੁਲਿਸ ਉਦੋਂ ਤੇ ਹੁਣ: 1968 ਦੀ ਗੱਲ ਹੈ, ਪੰਜਾਬ ਦੇ ਕਿਸਾਨਾਂ ਵਲੋਂ ਲਿਆਂਦੀ ਹਰੀ ਕ੍ਰਾਂਤੀ ਦੇ ਦਿਨਾਂ ਦੀ। ਇੱਕ ਵਾਰੀ ਜਲੰਧਰ ਸ਼ਹਿਰ ਦੀ ਬੁੱਕਲ ਵਿਚ ਪੈਂਦੇ ਪਿੰਡ ਗੜਾ ਦੇ ਰਹਿਣ ਵਾਲੇ ਤੇ ਨੇਤਾ ਜੀ ਵਜੋਂ ਜਾਣੇ ਜਾਂਦੇ ਕਾਮਰੇਡ ਹਰਦਿਆਲ ਚੱਠਾ ਦਾ ਤੇ ਮੇਰਾ ਪਰਿਵਾਰ ਦਿੱਲੀ ਬਾਰਡਰ ਪਾਰ ਕਰਨ ਲੱਗੇ ਤਾਂ ਰਾਤ ਵੇਲੇ ਮੀਂਹ ਕਣੀ ਦੇ ਪ੍ਰਭਾਵ ਥੱਲੇ ਮੈਨੂੰ ਡਰਮ ਉੱਤੇ ਰੱਖੀ ਹੋਈ ਲਾਲਟਣ ਵਿਖਾਈ ਨਹੀਂ ਦਿੱਤੀ ਤੇ ਮੇਰੀ ਕਾਰ ਦੀ ਮਾਮੂਲੀ ਜਿਹੀ ਛੁਹ ਨਾਲ ਡਰੱਮ ਹਿੱਲ ਗਿਆ ਤੇ ਲਾਲਟਣ ਥੱਲੇ ਡਿੱਗ ਗਈ। ਪੁਲਿਸ ਦੇ ਸਿਪਾਹੀ ਨੇ ਮੇਰੇ ਸਾਹਮਣੇ ਹੋ ਕੇ ਮੈਨੂੰ ਕਿਹਾ ਕਿ ਸਾਨੂੰ ਸਰਕਾਰੀ ਮਾਲ ਟੱੁਟਣ ਦਾ ਹਰਜ਼ਾਨਾ ਭਰਨਾ ਪਵੇਗਾ। ਮੇਰੇ ਬਰਾਬਰ ਬੈਠਾ ਹਰਦਿਆਲ ਆਪਣੀ ਸੀਟ ਤੋਂ ਉੱਠਿਆ ਤੇ ਸਿਪਾਹੀ ਦੇ ਸਾਹਮਣੇ ਹੋ ਕੇ ਵਰਦੇ ਮੀਂਹ ਤੇ ਲਾਲਟਣ ਦੀ ਮੱਧਮ ਲੋਅ ਦਾ ਹਵਾਲਾ ਦੇ ਕੇ ਉਹਨੂੰ ਪੱੁਛਣ ਲਗਿਆ ਕਿ ਜੇ ਹਰਜਾਨਾ ਨਾ ਭਰੀਏ ਤਾਂ ਕੀ ਹੋ ਜੂ? ਉਹਦੇ ਮੰੂਹੋਂ ‘ਨਹੀਂ ਭਰੋਗੇ ਤਾਂ ਥਾਣੇ ਜਾਣਾ ਪਊ’ ਸੁਣ ਕੇ ਹਰਦਿਆਲ ਨੇ ਛਾਤੀ ਤਾਣ ਕੇ ਉੱਤਰ ਦਿੱਤਾ, “ਚੱਲ, ਤੇਰਾ ਵੀ ਥਾਣਾ ਵੇਖ ਲੈਂਦੇ ਹਾਂ, ਅਸੀਂ ਬੜੇ ਥਾਣੇ ਵੇਖੇ ਨੇ।” ਮੈਂ ਸਿਪਾਹੀ ਦੇ ਕੰਨ ਵਿਚ ਫੂਕ ਮਾਰੀ, ‘ਜਿਸ ਬੰਦੇ ਨੂੰ ਉਹ ਡਰਾਵੇ ਦੇ ਰਿਹਾ ਏ, ਕਮਿਊਨਿਸਟ ਨੇਤਾ ਹੈ।’ ਤੇ ਏਨਾ ਕਹਿ ਕੇ ਮੈਂ ਕਾਰ ਤੋਰ ਲਈ।
ਅੱਜ ਦੇ ਦਿਨ ਦਿੱਲੀ ਦੀ ਪੁਲਿਸ ਵਲੋਂ ਸੜਕਾਂ ਪੱੁਟ ਕੇ ਰਚਾਏ ਜਾਂਦੇ ਭਾਂਤ ਸੁਭਾਂਤੇ ਅਡੰਬਰਾਂ ਦੁਆਰਾ ਕੀਤੇ ਹਰਜਾਨੇ ਬਾਰੇ ਸੋਚਦਾ ਹਾਂ ਤਾਂ ਮੈਨੂੰ ਅੱਧੀ ਸਦੀ ਪਹਿਲਾਂ ਵਾਲੀ ਲਾਲਟਣ ਚੇਤੇ ਆ ਗਈ ਹੈ ਅਤੇ ਉਸ ਵੇਲੇ ਦੀ ਸਰਕਾਰ ਵੀ ਜਿਸ ਨੂੰ ਅਜੋਕੀ ਸਰਕਾਰ ਇਹ ਕਹਿ ਕੇ ਛੁਟਿਆਉਂਦੀ ਹੈ ਕਿ ਉਸ ਨੇ 70 ਸਾਲਾਂ ਵਿਚ ਓਨਾ ਕੰਮ ਨਹੀਂ ਕੀਤਾ, ਜਿੰਨਾ ਅਜੋਕੀ ਸਰਕਾਰ ਨੇ ਸੱਤ ਸਾਲਾਂ ਵਿਚ ਕਰ ਵਿਖਾਇਆ ਹੈ। ਉਹ ਵਾਲੀ ਲਾਲਟਣ ਤੇ ਅੱਜ ਵਾਲੀਆਂ ਬੈਰੀਕੇਡ ਕੰਧਾਂ ਤੇ ਟੋਏ ਦੇਖਦੇ ਜਾਓ! ਮੇਰੇ ਸਾਥੀਓ!!
ਅੰਤਿਕਾ: ਬਾਬੂ ਫਿਰੋਜ਼ਦੀਨ ਸ਼ਰਫ
ਵਾਰਿਸ ਸ਼ਾਹ ਤੇ ਬੁਲੇ ਦੇ ਰੰਗ ਅੰਦਰ
ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ।
ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ
ਸਦਾ ਖੈਰ ਪੰਜਾਬ ਦੀ ਮੰਗਦਾ ਹਾਂ।